Granth 09 Likhat 099: 4 Jeth 2017 Bikarmi Angrej Singh Mangal Singh de Ghar Nayi Basti Jammu

੪ ਜੇਠ ੨੦੧੭ ਬਿਕ੍ਰਮੀ ਅੰਗਰੇਜ਼ ਸਿੰਘ ਮੰਗਲ ਸਿੰਘ ਦੇ ਘਰ ਨਈ ਬਸਤੀ ਜੰਮੂ

ਭਗਤ ਉਧਾਰਨ ਆਪ ਪ੍ਰਭ, ਹਰੀ ਹਰਿ ਰੂਪ ਵਟਾਇੰਦਾ। ਜੁਗਾ ਜੁਗੰਤਰ ਮੇਲ ਮਿਲਾਏ ਲੱਭ, ਲੱਖ ਚੁਰਾਸੀ ਫੋਲ ਫੁਲਾਇੰਦਾ। ਅੰਮ੍ਰਿਤ ਜਾਮ ਪਿਆਏ ਮਦਿ, ਨਾਮ ਖ਼ੁਮਾਰੀ ਇਕ ਚੜ੍ਹਾਇੰਦਾ। ਉਲਟੀ ਕਰੇ ਕਵਲ ਨੱਭ, ਨਿਝਰ ਝਿਰਨਾ ਆਪ ਵਖਾਇੰਦਾ। ਪੰਚ ਵਿਕਾਰਾ ਦੇਵੇ ਦੱਬ, ਮਾਇਆ ਮਮਤਾ ਮੋਹ ਮਿਟਾਇੰਦਾ। ਨੌ ਦੁਆਰੇ ਕਰਾਏ ਪਾਰ ਹੱਦ, ਜੂਠਾ ਝੂਠਾ ਨੇਹੋਂ ਮੁਕਾਇੰਦਾ। ਇਕ ਉਪਜਾਏ ਸਾਚੀ ਯਦ, ਵਿਸ਼ਨੂੰ ਵੰਸੀ ਖੇਲ ਖਿਲਾਇੰਦਾ। ਸਬਦ ਵਜਾਏ ਅਨਹਦ ਨਦ, ਰਾਗ ਤਰਾਨਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਵਛਲ ਹਰਿ ਮੀਤ ਮੁਰਾਰਾ, ਖੇਲੇ ਖੇਲ ਵਿਚ ਸੰਸਾਰਾ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਭਗਤ ਵਛਲ ਹਰਿ ਗਿਰਧਾਰ, ਏਕਾ ਧਾਮ ਵਡ ਵਡਿਆਈਆ। ਜੁਗਾ ਜੁਗੰਤਰ ਪਾਵੇ ਸਾਰ, ਦਇਆਵਾਨ ਬੇਪਰਵਾਹੀਆ। ਗ਼ਰੀਬ ਨਿਮਾਣੇ ਵੇਖੇ ਮਾਰ ਧਿਆਨ, ਸਿਰ ਆਪਣਾ ਹੱਥ ਰਖਾਈਆ। ਬਖਸ਼ਿਸ਼ ਕਰੇ ਨਾਮ ਦਾਨ, ਆਤਮ ਭਿਛਿਆ ਏਕਾ ਪਾਈਆ। ਅੰਤਰ ਮੰਤਰ ਬ੍ਰਹਮ ਗਿਆਨ, ਨਿਰਗੁਣ ਸ਼ਬਦ ਕਰੇ ਪੜ੍ਹਾਈਆ। ਏਕਾ ਰਾਗ ਸੁਣਾਏ ਕਾਨ, ਕਾਗਦ ਕਲਮ ਨਾ ਲਿਖੇ ਸ਼ਾਹੀਆ। ਦੋ ਜਹਾਨਾਂ ਪਾਏ ਸਾਚੀ ਆਣ, ਸਾਖਿਯਾਤ ਰੂਪ ਦਰਸਾਈਆ। ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਤੀਰ ਆਪ ਚਲਾਈਆ। ਘਟ ਘਟ ਹੋਏ ਜਾਣੀ ਜਾਣ, ਹਰ ਘਟ ਬੈਠਾ ਸਹਿਜ ਸੁਭਾਈਆ। ਆਦਿ ਜੁਗਾਦੀ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਹਰਿ ਹਰਿ ਜਾਣਿਆ, ਹਰਿ ਮੇਲਾ ਸਹਿਜ ਸੁਭਾਏ। ਹਰਿਜਨ ਵੇਖੇ ਗੁਣ ਨਿਧਾਨਿਆਂ, ਗੁਣਵੰਤਾ ਰੰਗ ਰੰਗਾਏ। ਆਪ ਚਲਾਏ ਆਪਣੇ ਭਾਣਿਆ, ਏਕਾ ਅੱਖਰ ਬੂਝ ਬੁਝਾਏ। ਆਪ ਬਣਾਏ ਚਤੁਰ ਸੁਘੜ ਸਿਆਣਿਆ, ਮੂਰਖ ਮੂੜ੍ਹੇ ਲਏ ਤਰਾਏ। ਏਕਾ ਸੁਣਾਏ ਅਕਥ ਕਹਾਣੀਆਂ, ਅਕਥ ਕਥ ਆਪ ਅਲ੍ਹਾਏ। ਆਪੇ ਜਾਣੇ ਆਪਣੀ ਬਾਣੀਆਂ, ਆਪ ਆਪਣਾ ਹੁਕਮ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਵਿਚ ਸੰਸਾਰ, ਆਪ ਕਰਾਏ। ਏਕਓਅੰਕਾਰ, ਹਰਿਜਨ ਸਾਚੇ ਕਰ ਪਛਾਣ। ਹਰਿਜਨ ਹਰਿ ਹਰਿ ਏਕ ਹੈ, ਏਕਾ ਰੰਗ ਸਮਾਇਆ। ਪੁਰਖ ਅਬਿਨਾਸ਼ੀ ਕਰੇ ਬੁੱਧ ਬਬੇਕ ਹੈ, ਆਤਮ ਅੰਤਰ ਵੇਖ ਵਖਾਇਆ। ਤ੍ਰੈਗੁਣ ਮਾਇਆ ਨਾ ਲਾਏ ਸੇਕ ਹੈ, ਪੰਚਮ ਤਤ ਨਾ ਤਤ ਜਲਾਇਆ। ਸਤਿ ਸਰੂਪੀ ਲਾਏ ਮੇਖ ਹੈ, ਨਾ ਕੋਈ ਸਕੇ ਮਾਤ ਉਖੜਾਇਆ। ਏਕਾ ਰੰਗ ਰੰਗਾਏ ਧਾਰੀ ਕੇਸ ਹੈ, ਮੂੰਡ ਮੁੰਡਾਏ ਗੋਦ ਬਹਾਇਆ। ਲੇਖਾ ਜਾਣੇ ਧੁਰ ਦਾ ਲੇਖ ਹੈ, ਲਿਖਣਹਾਰ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਵੰਤ ਆਦਿ ਅੰਤ ਹਰਿਜਨ ਸਾਚੇ ਲਏ ਉਠਾਇਆ, ਹਰਿਜਨ ਸਾਚਾ ਸੋਭਾਵੰਤ, ਹਰਿ ਸਤਿਗੁਰ ਪੁਰਖ ਮਨਾਇੰਦਾ। ਮੇਲ ਮਿਲਾਵਾ ਹਰਿ ਹਰਿ ਕੰਤ, ਘਰ ਸਾਚੀ ਸੇਜ ਹੰਢਾਇੰਦਾ। ਮਾਨਸ ਜਨਮ ਬਣਾਈ ਬਣਤ, ਮਨ ਮਨੂਆ ਆਪ ਸਮਝਾਇੰਦਾ। ਤੋੜੇ ਗੜ੍ਹ ਹਉਂਮੇ ਹੰਗਤ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਨਾਤਾ ਤੋੜੇ ਭੁੱਖ ਨੰਗਤ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਪੂਰੀ ਕਰੇ ਆਸਾ, ਚਰਨ ਕਵਲ ਬਖ਼ਸ਼ੇ ਸਚ ਭਰਵਾਸਾ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਗੁਣ ਵਿਚਾਰ, ਹਰਿ ਸਾਚੇ ਸਚ ਪੜ੍ਹਾਈਆ। ਏਕਾ ਅੱਖਰ ਏਕੰਕਾਰ, ਏਕਓਅੰਕਾਰ ਰੂਪ ਜਣਾਈਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਆਦਿ ਜੁਗਾਦਿ ਰਿਹਾ ਸਮਾਈਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਇਕ ਇਕੱਲਾ ਬੇਪਰਵਾਹੀਆ। ਆਦਿ ਨਿਰੰਜਣ ਹੋ ਉਜਿਆਰ, ਜੋਤ ਨਿਰੰਜਣ ਸਰਬ ਜਗਾਈਆ। ਸ੍ਰੀ ਭਗਵਾਨ ਠਾਂਡਾ ਠਾਰ, ਸਾਂਤਕ ਸਤਿ ਦਏ ਵਰਤਾਈਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਘਰ ਘਰ ਆਪਣਾ ਵੇਸ ਵਟਾਈਆ। ਪਾਰਬ੍ਰਹਮ ਵਸੇ ਧਾਮ ਨਿਆਰ, ਬ੍ਰਹਮ ਆਪਣਾ ਰੂਪ ਦਰਸਾਈਆ। ਈਸ਼ ਜੀਵ ਏਕਾ ਧਾਰ, ਜਗਤ ਜਗਦੀਸ਼ ਵੇਖ ਵਖਾਈਆ। ਸੀਸ ਧੜ ਨਾ ਹੋਏ ਉਜਿਆਰ, ਪੀਸਣ ਪੀਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਅੰਦਰ ਆਪੇ ਵਸੇ, ਆਪ ਆਪਣਾ ਧਾਮ ਸੁਹਾਈਆ। ਭਗਤਨ ਅੰਦਰ ਵਸਿਆ, ਨਿਰਗੁਣ ਰੂਪ ਅਪਾਰ। ਸਾਚਾ ਮਾਰਗ ਏਕਾ ਦੱਸਿਆ, ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ। ਕਰੇ ਪਰਕਾਸ਼ ਕੋਟਨ ਕੋਟ ਰਵ ਸੱਸਿਆ, ਰਵ ਸਸ ਹੋਏ ਸ਼ਰਮਸ਼ਾਰ। ਜੁਗਾ ਜੁਗੰਤਰ ਫਿਰੇ ਨੱਸਿਆ, ਲੋਆਂ ਪੁਰੀਆਂ ਦਏ ਹੁਲਾਰ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਤੀਰ ਨਿਰਾਲਾ ਏਕਾ ਕਸਿਆ, ਦੋ ਜਹਾਨਾਂ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚਾ ਉਠਿਆ, ਲੋਕਮਾਤ ਲਏ ਅੰਗੜਾਈਆ। ਸੋ ਪੁਰਖ ਨਿਰੰਜਣ ਸੁੱਤਾ ਉਠਿਆ, ਏਕਾ ਰੂਪ ਅਨੂਪ ਦਰਸਾਈਆ। ਜਾਮ ਪਿਆਏ ਅੰਮ੍ਰਿਤ ਘੁੱਟਿਆ, ਨੇਤਰ ਨੈਣ ਇਕ ਖੁਲ੍ਹਾਈਆ। ਨਾਤਾ ਤੋੜੇ ਜੂਠ ਝੂਠਿਆ, ਸਚ ਸੁੱਚ ਵਣਜ ਵਿਖਾਈਆ। ਮੇਲ ਮਿਲਾਏ ਅਬਿਨਾਸ਼ੀ ਅਚੁਤਿਆ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਆਪ ਸੁਹਾਏ ਸਾਚੀ ਰੁਤਿਆ, ਬਸੰਤ ਬਹਾਰ ਆਪ ਵਖਾਈਆ। ਆਪੇ ਦਰਸ ਦਿਖਾਏ ਹਰਿਜਨ ਸੁਤਿਆਂ, ਆਲਸ ਨਿੰਦਰਾ ਦਏ ਮਿਟਾਈਆ। ਪੰਚ ਵਿਕਾਰਾ ਫੜ ਫੜ ਕੁੱਟਿਆ, ਜਗਤ ਸ਼ੈਤਾਨ ਨੇੜ ਨਾ ਆਈਆ। ਹਰਿ ਭਗਤ ਨਾ ਜਾਏ ਕਦੇ ਲੁੱਟਿਆ, ਨਾਮ ਖ਼ਜ਼ਾਨਾ ਮਿਲਿਆ ਬੇਪਰਵਾਹੀਆ। ਆਵਣ ਜਾਵਣ ਛੁਟਿਆ, ਲੱਖ ਚੁਰਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਹਰਿ ਹਰਿ ਤਾਰਿਆ, ਕਰ ਕਿਰਪਾ ਹਰਿ ਨਿਰੰਕਾਰ। ਜੁਗ ਜੁਗ ਖੇਲੇ ਖੇਲ ਵਿਚ ਸੰਸਾਰਿਆ, ਨਿਰਗੁਣ ਸਰਗੁਣ ਹੋ ਉਜਿਆਰ। ਭਗਤ ਭਗਵੰਤ ਭਗਤੀ ਏਕਾ ਮਾਰਗ ਲਾ ਰਿਹਾ, ਜਗਤ ਜੁਗਤ ਜੋਗ ਸਚ ਵਿਹਾਰ, ਸਾਚੀ ਸ਼ਕਤੀ ਆਪ ਧਰਾ ਰਿਹਾ। ਆਦਿ ਸ਼ਕਤ ਅਗੰਮ ਅਪਾਰ, ਏਕਾ ਜੋਤੀ ਨੂਰ ਡਗਮਗਾ ਰਿਹਾ। ਜੋਤ ਸਰੂਪੀ ਜੋਤ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲਾਏ ਦਰ, ਦਰ ਦੁਆਰ ਇਕ ਸੁਹਾ ਲਿਆ। ਦਰ ਦੁਆਰਾ ਹਰਿ ਭਗਵੰਤ, ਏਕਾ ਏਕ ਸੁਹਾਇੰਦਾ। ਸਚਖੰਡ ਦੁਆਰ ਬਣਾਏ ਬਣਤ, ਆਪਣਾ ਘਾੜਣ ਆਪ ਘੜਾਇੰਦਾ। ਗੁਰਮੁਖ ਵਿਰਲਾ ਵੇਖੇ ਸੰਤ, ਜਿਸ ਜਨ ਸਾਚੇ ਪੌੜੇ ਆਪ ਚੜ੍ਹਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣੇ ਲੜ ਬੰਧਾਇੰਦਾ। ਹਰਿਜਨ ਹਰਿ ਹਰਿ ਮੀਤੜਾ, ਪਾਰਬ੍ਰਹਮ ਗੁਰ ਕਰਤਾਰ। ਕਾਇਆ ਚੋਲੀ ਰੰਗੇ ਚੀਥੜਾ, ਦੁਰਮਤ ਮੈਲ ਦਏ ਉਤਾਰ। ਨਾਮ ਜਣਾਏ ਇਕ ਅਨਡੀਠੜਾ, ਸਾਚੇ ਮੰਦਰ ਖੋਲ੍ਹ ਕਿਵਾੜ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਪੀ ਲਏ ਉਧਾਰ। ਆਪੇ ਜਾਣੇ ਆਪਣੀ ਰੀਤੜਾ, ਜੁਗਾ ਜੁਗੰਤਰ ਲਏ ਅਵਤਾਰ। ਸਤਿ ਪੁਰਖ ਨਿਰੰਜਣ ਠਾਂਡਾ ਸੀਤੜਾ, ਸਤਿ ਸਤਿਵਾਦੀ ਖੇਲ ਨਿਆਰ। ਏਕਾ ਗਾਏ ਸੁਹਾਗੀ ਗੀਤੜਾ, ਸੋਹੰ ਸ਼ਬਦ ਅਗੰਮ ਅਪਾਰ। ਮਾਨਸ ਜਨਮ ਹਰਿਜਨ ਜੀਤੜਾ, ਲੱਖ ਚੁਰਾਸੀ ਨਾ ਹੋਏ ਖ਼ੁਆਰ। ਏਕਾ ਰੰਗ ਵਖਾਏ ਹਸਤ ਕੀਟੜਾ, ਚਾਰ ਵਰਨ ਸੋਹਨ ਇਕ ਦੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਭਰੇ ਭੰਡਾਰ। ਸਚ ਭੰਡਾਰਾ ਨਾਮ ਵੰਡ, ਹਰਿ ਸਤਿਗੁਰ ਆਪ ਵੰਡਾਇੰਦਾ। ਵਸਣਹਾਰਾ ਵਿਚ ਬ੍ਰਹਿਮੰਡ, ਜੇਰਜ ਅੰਡ ਫੋਲ ਫੁਲਾਇੰਦਾ। ਆਦਿ ਜੁਗਾਦੀ ਕਦੇ ਨਾ ਦੇਵੇ ਕੰਡ, ਜੋ ਜਨ ਰਸਨਾ ਹਰਿ ਹਰਿ ਗਾਇੰਦਾ। ਮਨਮੁੱਖ ਜੀਵ ਨਾਰ ਦੁਹਾਗਣ ਰੰਡ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਹਰਿਜਨ ਢਾਏ ਦੂਈ ਦਵੈਤੀ ਕੰਧ, ਭਾਂਡਾ ਭਰਮ ਭੌ ਆਪ ਭੰਨਾਇੰਦਾ। ਆਪ ਮੁਕਾਏ ਝੂਠਾ ਪੰਧ, ਸਾਚੇ ਪੌੜੇ ਆਪ ਚੜ੍ਹਾਇੰਦਾ। ਇਕ ਵਖਾਏ ਪਰਮਾਨੰਦ, ਨਿਜ ਆਤਮ ਰਸ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਸੋਹਿਆ, ਘਰ ਮੰਦਰ ਬੰਕ ਦੁਆਰ। ਏਕਾ ਬੀਜ ਸਾਚਾ ਬੋਇਆ, ਲੋਕਮਾਤ ਖਿੜੀ ਗੁਲਜ਼ਾਰ। ਦਰਗਹਿ ਸਾਚੀ ਮਿਲੇ ਢੋਆ, ਢੋਲਾ ਗਾਏ ਏਕਓਅੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦੇਵੇ ਨਾਮ ਅਧਾਰ। ਹਰਿ ਹਰਿ ਨਾਮ ਅਨਮੋਲ, ਸਤਿਗੁਰ ਸਾਚੇ ਹੱਟ ਵਿਕਾਇੰਦਾ। ਜਗਤ ਤੱਕੜ ਸਕੇ ਨਾ ਕੋਈ ਤੋਲ, ਨੌ ਖੰਡ ਪ੍ਰਿਥਮੀ ਮੁਖ ਸ਼ਰਮਾਇੰਦਾ। ਆਪਣੀ ਵਸਤ ਹਰਿ ਆਪੇ ਰੱਖੇ ਕੋਲ, ਆਪਣੀ ਕੀਮਤ ਆਪੇ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਵਿਰੋਲ, ਹਰਿਜਨ ਸਾਚੇ ਮੇਲ ਮਿਲਾਇੰਦਾ। ਸ਼ਬਦ ਅਨਾਦ ਵਜਾਏ ਢੋਲ, ਅਨਹਦ ਮਰਦੰਗਾ ਆਪ ਉਠਾਇੰਦਾ। ਸਾਚੇ ਮੰਦਰ ਆਪੇ ਬੋਲ, ਆਪਣਾ ਨਾਅਰਾ ਆਪੇ ਲਾਇੰਦਾ। ਸਚਖੰਡ ਦੁਆਰਾ ਏਕਾ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵਸਤ ਇਕ ਰਖਾਇੰਦਾ। ਸਾਚੀ ਵਸਤ ਹਰਿ ਹਰਿ ਨਾਮ, ਹਰਿ ਸਤਿਗੁਰ ਆਪ ਉਪਾਇਆ। ਆਪੇ ਰੱਖੇ ਕਾਇਆ ਮੰਦਰ ਗਰਾਮ, ਘਰ ਘਰ ਵਿਚ ਦਏ ਟਿਕਾਇਆ। ਕੋਇ ਨਾ ਲਾਏ ਹਰਿ ਜੂ ਦਾਮ, ਕੀਮਤ ਕੋਇ ਨਾ ਸਕੇ ਚੁਕਾਇਆ। ਜਿਸ ਜਨ ਹੋਏ ਆਪ ਮਿਹਰਵਾਨ, ਤਿਸ ਦੇਵੇ ਆਪ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚਾ ਜਾਗਿਆ, ਨੇਤਰ ਨੈਣ ਖੋਲ੍ਹ ਕਿਵਾੜ। ਮਨ ਤਨ ਉਪਜੇ ਇਕ ਵੈਰਾਗਿਆ, ਵਾਓ ਲੱਗੇ ਨਾ ਤੱਤੀ ਹਾੜ। ਤ੍ਰੈਗੁਣ ਮਾਇਆ ਬੁਝੇ ਆਗਿਆ, ਪੰਜ ਵਿਕਾਰ ਨਾ ਸਕੇ ਸਾੜ। ਦੁਰਮਤ ਮੈਲ ਧੋਵੇ ਦਾਗਿਆ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਫੜ ਫੜ ਹੰਸ ਬਣਾਏ ਕਾਗਿਆ, ਸਰ ਸਰੋਵਰ ਦਏ ਨੁਹਾਲ। ਘਰ ਦੀਪਕ ਜੋਤ ਜਗੇ ਚਰਾਗਿਆ, ਮੇਟ ਮਿਟਾਏ ਅੰਧ ਅੰਧਿਆਰ। ਮੇਲ ਮਿਲਾਵਾ ਕੰਤ ਸੁਹਾਗਿਆ, ਧੰਨ ਸੁਲੱਖਣੀ ਸੋਭਾਵੰਤੀ ਨਾਰ। ਚਰਨ ਧੂੜ ਮਜਨ ਕਰਾਏ ਮਾਘਿਆ, ਹਰਿ ਸੱਜਣ ਮੀਤ ਮੁਰਾਰ। ਜੋ ਜਨ ਸਰਨਾਈ ਲਾਗਿਆ, ਆਵਣ ਜਾਵਣ ਉਤਰੇ ਪਾਰ। ਲੱਖ ਚੁਰਾਸੀ ਵਿਚੋਂ ਕਾfਢਆ, ਰਾਏ ਧਰਮ ਨਾ ਕਰੇ ਖ਼ੁਆਰ। ਸਚਖੰਡ ਨਿਵਾਸੀ ਕਰੇ ਲਾਡਿਆ, ਸਿਰ ਰੱਖ ਹੱਥ ਸਮਰਥ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਏ ਸਾਰ। ਸਾਰ ਸਮਾਲੀਅਨ ਸਾਖਿਆਤ, ਸਰਬ ਕਲਾ ਭਰਪੂਰਿਆ। ਗੁਰਸਿਖ ਬਣਾਏ ਪਾਰ ਜ਼ਾਤ, ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰਿਆ। ਹਰਿ ਭਗਤ ਬੰਧਾਏ ਚਰਨ ਨਾਤ, ਜ਼ਾਤ ਪਾਤ ਨਾ ਕੋਇ ਵਖਾ ਰਿਹਾ। ਇਕ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਖੇਲ ਖਿਲਾ ਰਿਹਾ। ਏਕਾ ਮੰਤਰ ਪੂਜਾ ਪਾਠ, ਅੱਖਰ ਵੱਖਰ ਆਪ ਪੜ੍ਹਾ ਰਿਹਾ। ਏਕਾ ਅੰਮ੍ਰਿਤ ਸਰੋਵਰ ਮਾਰੇ ਠਾਠ, ਕਾਇਆ ਜਲ ਆਪ ਟਿਕਾ ਰਿਹਾ। ਚੌਦਾਂ ਲੋਕ ਵਖਾਏ ਏਕਾ ਹਾਟ, ਵਣਜ ਵਣਜਾਰਾ ਰੂਪ ਧਰਾ ਰਿਹਾ। ਏਕਾ ਸੋਇਆ ਸਾਚੀ ਖਾਟ, ਆਤਮ ਸੇਜਾ ਆਸਣ ਲਾ ਲਿਆ। ਏਕਾ ਜਾਣੇ ਨੇੜੇ ਵਾਟ, ਦੂਰ ਦੁਰਾਡਾ ਪੰਧ ਮੁਕਾ ਲਿਆ। ਏਕਾ ਪੂਰੀ ਕਰੇ ਘਾਟ, ਸਵੱਛ ਸਰੂਪੀ ਦਰਸ ਦਖਾ ਲਿਆ। ਇਕ ਨੁਹਾਏ ਤੀਰਥ ਤਾਟ, ਅਠਸਠ ਏਕਾ ਧਾਰ ਬੰਧਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਦੂਈ ਦਵੈਤੀ ਮੋਹ ਮਿਟਾ ਲਿਆ। ਦੂਈ ਦਵੈਤੀ ਦੇਵੇ ਤੋੜ, ਗੁਰ ਸਤਿਗੁਰ ਹੱਥ ਵਡਿਆਈਆ। ਸ਼ਬਦ ਚੜ੍ਹਾਏ ਸਾਚੇ ਘੋੜ, ਤੁਰੀਆ ਰਾਗ ਆਪ ਸੁਣਾਈਆ। ਜਗਤ ਵਿਕਾਰਾ ਦੇਵੇ ਹੋੜ, ਦਰ ਦੁਆਰ ਰਹਿਣ ਨਾ ਪਾਈਆ। ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਆਤਮ ਆਪ ਚੁਆਈਆ। ਏਥੇ ਓਥੇ ਜਾਏ ਬਹੁੜ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਜਿਸ ਜਨ ਹੋਏ ਦਿਆਲ, ਸੋ ਜਨ ਪਾਰ ਉਤਾਰਿਆ। ਨੇੜ ਨਾ ਆਏ ਕਾਲ ਮਹਾਂਕਾਲ, ਗੁਰ ਸਤਿਗੁਰ ਦਏ ਸਹਾਰਿਆ। ਤੋੜ ਤੁੜਾਏ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾ ਰਿਹਾ। ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ੀਨਾ ਆਪ ਵਖਾ ਰਿਹਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਮਾਣਕ ਮੋਤੀ ਹੀਰੇ ਲਾਲ ਜੜਤ ਜੁੜਾ ਰਿਹਾ। ਗਗਨ ਮਸਤਕ ਵੇਖੇ ਸਾਚਾ ਥਾਲ, ਰਵ ਸਸ ਸੀਸ ਝੁਕਾ ਰਿਹਾ। ਆਦਿ ਨਿਰੰਜਣ ਦੀਪਕ ਆਪੇ ਬਾਲ, ਅੰਧ ਅੰਧੇਰਾ ਸਰਬ ਮਿਟਾ ਲਿਆ। ਅਨਹਦ ਸ਼ਬਦ ਵਜਾਏ ਤਾਲ, ਪੰਚਮ ਆਪਣਾ ਰਾਗ ਸੁਣਾ ਲਿਆ। ਸੁਰਤ ਸਵਾਣੀ ਕਰੇ ਸੰਭਾਲ, ਸਾਚਾ ਹਾਣੀ ਸ਼ਬਦ ਮਿਲਾ ਲਿਆ। ਆਤਮ ਸੇਜਾ ਕਰ ਪਰਵਾਨ, ਆਪ ਆਪਣੇ ਅੰਗ ਲਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਘਰ ਸਾਚੇ ਸਗਨ ਵਖਾ ਲਿਆ। ਹਰਿਜਨ ਵਰਿਆ ਕਿਰਪਾ ਕਰ, ਗੁਰ ਸਤਿਗੁਰ ਗਹਿਰ ਗੰਭੀਰ। ਲੇਖਾ ਜਾਣੇ ਨਰਾਇਣ ਨਾਰੀ ਨਰ, ਆਦਿ ਜੁਗਾਦਿ ਸ਼ਾਹ ਸੁਲਤਾਨ ਪੀਰਨ ਪੀਰ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਰਨੇਹਾਰ ਬੰਨ੍ਹੇ ਬੀੜ। ਕਲਜੁਗ ਚੁਕਾਏ ਝੂਠਾ ਡਰ, ਗੁਰਮੁਖ ਚੋਟੀ ਚਾੜ੍ਹੇ ਫੜ ਅਖੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਬੰਧਾਏ ਏਕਾ ਲੜ, ਗੁਰਮੁਖ ਵੇਖੇ ਆਪੇ ਖੜ, ਹਰਿ ਸੰਤਨ ਲਾਏ ਸਾਚੀ ਜੜ੍ਹ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਧਨ ਸਰਧਨ ਸਰਧਨ ਨਿਰਧਨ ਨਿਰਾਕਾਰ ਨਿਰਾਧਾਰ ਨਿਰਵੈਰ ਏਕਾ ਸ਼ਬਦ ਵਖਾਏ ਸਾਚੀ ਧੀਰ।