੨੦ ਕੱਤਕ ੨੦੧੭ ਬਿਕ੍ਰਮੀ ਸੰਤ ਭਗਵਾਨ ਸਿੰਘ ਦੇ ਘਰ ਪਿੰਡ ਸੈਦ ਪੁਰ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਸਚ ਸੁਲਤਾਨ, ਸਤਿਗੁਰ ਦਾਤਾ ਇਕ ਅਖਵਾਇੰਦਾ। ਨਿਰਗੁਣ ਰੂਪ ਜੋਤ ਮਹਾਨ, ਅਨਭਵ ਆਪਣੀ ਧਾਰ ਬੰਧਾਇੰਦਾ। ਇਕ ਇਕੱਲਾ ਸ੍ਰੀ ਭਗਵਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਅਗੰਮ ਅਗੰਮੜਾ ਦੇਵੇ ਦਾਨ, ਦੇਵਣਹਾਰਾ ਇਕ ਅਖਵਾਇੰਦਾ। ਜੁਗਾ ਜੁਗੰਤਰ ਹੋ ਪਰਧਾਨ, ਆਪਣੀ ਕਲ ਆਪ ਧਰਾਇੰਦਾ। ਪੁਰੀਆਂ ਲੋਆਂ ਬ੍ਰਹਿਮੰਡ ਖੰਡ ਵਖਾਏ ਇਕ ਨਿਸ਼ਾਨ, ਸਤਿ ਨਿਸ਼ਾਨਾ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਗਿਆਨ, ਅੰਤਰ ਆਪਣਾ ਨਾਮ ਦ੍ਰਿੜਾਇੰਦਾ। ਤ੍ਰੈਗੁਣ ਮਾਇਆ ਬਖ਼ਸ਼ੇ ਮਾਣ, ਪੰਚਮ ਡੋਰੀ ਹੱਥ ਰਖਾਇੰਦਾ। ਘਾੜਤ ਘੜੇ ਦੋ ਜਹਾਨ, ਘੜਨ ਭੰਨਣਹਾਰ ਸਮਰਥ ਪੁਰਖ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਸਾਚਾ ਧਾਮ ਸੁਹਾਇੰਦਾ । ਸਾਚਾ ਦਾਨੀ ਦੇਵੇ ਦਾਨ, ਦੇਵਣਹਾਰ ਇਕ ਅਖਵਾਇੰਦਾ। ਆਪਣੀ ਕਰੇ ਆਪ ਪਛਾਣ, ਹਰਿ ਆਪੇ ਵੇਖ ਵਖਾਇੰਦਾ। ਆਪੇ ਵਸੇ ਆਪਣੇ ਸਚ ਮਕਾਨ, ਧੁਰ ਦਰਬਾਰਾ ਆਪ ਸੁਹਾਇੰਦਾ। ਆਦਿ ਜੁਗਾਦੀ ਬਣ ਜਾਣੀ ਜਾਣ, ਜੁਗਾ ਜੁਗੰਤਰ ਵੇਸ ਵਟਾਇੰਦਾ। ਲੱਖ ਚੁਰਾਸੀ ਬਣੇ ਸਾਚਾ ਕਾਹਨ, ਘਟ ਘਟ ਮੰਡਲ ਰਾਸ ਰਚਾਇੰਦਾ। ਏਕਾ ਗਾਏ ਆਪਣਾ ਗਾਣ, ਨਾਦ ਅਨਾਦੀ ਧੁਨ ਉਪਜਾਇੰਦਾ। ਅੰਮ੍ਰਿਤ ਅਮਿਉਂ ਰਸ ਪੀਣ ਖਾਣ, ਸਰ ਸਰੋਵਰ ਇਕ ਸੁਹਾਇੰਦਾ। ਜੋਤ ਨਿਰੰਜਣ ਨਿਰਗੁਣ ਭਾਨ, ਘਟ ਭੀਤਰ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਹੱਥ ਰਖਾਇੰਦਾ। ਸਾਚੀ ਵਸਤ ਨਾਮ ਅਨਮੁਲ, ਭਗਵਨ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਨਾ ਜਾਏ ਤੁਲ, ਤੋਲਣਹਾਰਾ ਦਿਸ ਕੋਇ ਨਾ ਆਇੰਦਾ। ਆਪਣੀ ਕੀਮਤ ਕਰਤਾ ਆਪ ਚੁਕਾਏ ਮੁਲ, ਸਚ ਵਣਜਾਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਰਖਾਇੰਦਾ। ਸਾਚੀ ਵਸਤ ਨਾਮ ਭੰਡਾਰਾ, ਸੋ ਪੁਰਖ ਨਿਰੰਜਣ ਆਪ ਵਰਤਾਇੰਦਾ। ਹਰਿ ਪੁਰਖ ਨਿਰੰਜਣ ਖੇਲ ਅਪਾਰਾ, ਏਕੰਕਾਰਾ ਕਲ ਧਰਾਇੰਦਾ। ਆਦਿ ਨਿਰੰਜਣ ਠਾਂਡਾ ਦਰਬਾਰਾ, ਸੀਤਲ ਧਾਰਾ ਪਰਕਾਸ਼ ਵਖਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਬਣੇ ਭਿਖਾਰਾ, ਨਿਰਗੁਣ ਅੱਗੇ ਨਿਰਗੁਣ ਸੀਸ ਝੁਕਾਇੰਦਾ। ਸਤਿਗੁਰ ਸੱਚਾ ਸ਼ਹਿਨਸ਼ਾਹ ਸੱਚੀ ਸਰਕਾਰਾ, ਸ਼ਾਹ ਸੁਲਤਾਨ ਆਪਣਾ ਹੁਕਮ ਆਪ ਸੁਣਾਇੰਦਾ। ਦੇਵਣਹਾਰਾ ਅਤੁਟ ਭੰਡਾਰਾ, ਸ਼ਬਦ ਵਣਜਾਰਾ ਇਕ ਵਖਾਇੰਦਾ। ਆਪਣੇ ਨਾਮ ਦਏ ਆਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਖ਼ਜ਼ੀਨਾ ਬੇਪਰਵਾਹ, ਪਾਰਬ੍ਰਹਮ ਪ੍ਰਭ ਆਪਣੇ ਹੱਥ ਉਠਾ, ਆਪਣਾ ਮਾਰਗ ਵੇਖ ਵਖਾਇੰਦਾ। ਸਚ ਖ਼ਜ਼ੀਨਾ ਹਰਿ ਕਾ ਨਾਉਂ, ਸਤਿ ਪੁਰਖ ਨਿਰੰਜਣ ਆਪ ਉਪਾਇਆ। ਆਪੇ ਰੱਖੇ ਆਪਣੇ ਥਾਉਂ, ਨਗਰ ਖੇੜਾ ਨਾ ਕੋਇ ਵਸਾਇਆ। ਆਪੇ ਦੇਵੇ ਫੜ ਫੜ ਬਾਹੋਂ, ਆਪਣੀ ਇਛਿਆ ਭਿਛਿਆ ਝੋਲੀ ਆਪ ਭਰਾਇਆ। ਆਪੇ ਲੇਖਾ ਜਾਣੇ ਪਿਤਾ ਮਾਉਂ, ਪੂਤ ਸਪੂਤਾ ਆਪੇ ਜਾਇਆ। ਆਪੇ ਲੇਖਾ ਜਾਣੇ ਹੰਸ ਕਾਉਂ, ਆਪੇ ਹੰਸ ਕਾਗਾਂ ਡਾਰ ਉਡਾਇਆ। ਆਪੇ ਦੇਵਣਹਾਰਾ ਠੰਡੀ ਛਾਓ, ਸਮਰਥ ਪੁਰਖ ਸਦਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਦਾਨੀ ਦਾਨ, ਆਦਿ ਜੁਗਾਦੀ ਸਚ ਨਿਸ਼ਾਨ, ਨਾ ਮਰੇ ਨਾ ਜਾਇਆ। ਸਾਚਾ ਦਾਨ ਸ੍ਰੀ ਭਗਵੰਤ, ਦਰ ਘਰ ਸਾਚੇ ਆਪ ਵਰਤਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਆਪਣੀ ਧਾਰ ਬੰਧਾਇੰਦਾ। ਏਕਾ ਨਾਮ ਜਣਾਏ ਮੰਤ, ਮੰਤਰ ਨਾਮ ਆਪ ਦ੍ਰਿੜਾਇੰਦਾ। ਕਰੇ ਖੇਲ ਨਾਰੀ ਕੰਤ, ਵਾਹ ਵਾ ਸਤਿਗੁਰ ਭੇਵ ਨਾ ਆਇੰਦਾ। ਤ੍ਰੈਗੁਣ ਧਾਰੀ ਮਾਇਆ ਬੇਅੰਤ, ਤ੍ਰੈਗੁਣ ਵੇਸਾ ਵੇਸ ਵਟਾਇੰਦਾ। ਲੱਖ ਚੁਰਾਸੀ ਜੀਵ ਜੰਤ, ਘਾੜਨ ਘੜ ਘਟ ਘਟ ਅੰਦਰ ਆਪਣਾ ਰੂਪ ਪਰਗਟਾਇੰਦਾ। ਆਦਿ ਜੁਗਾਦਿ ਨਾ ਹੋਏ ਭਸਮੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਆਪ ਵਰਤਾਇੰਦਾ। ਸਚ ਨਾਮ ਪਾਰਬ੍ਰਹਮ ਪ੍ਰਭ ਇਛਿਆ, ਦੂਸਰ ਵਸਤ ਨਾ ਕੋਇ ਜਣਾਈਆ। ਜੁਗ ਜੁਗ ਦੇਵਣਹਾਰਾ ਆਪਣੀ ਭਿਛਿਆ, ਬ੍ਰਹਿਮੰਡ ਖੰਡ ਲੋਆਂ ਪੁਰੀਆਂ ਜੇਰਜ ਅੰਡ ਲੱਖ ਚੁਰਾਸੀ ਵੇਖੇ ਸਰਬ ਲੋਕਾਈਆ। ਨਿਰਗੁਣ ਨਿਰਵੈਰ ਨਿਰਾਕਾਰ, ਜਨ ਭਗਤਾਂ ਦੇਵੇ ਸਾਚੀ ਸਿਖ਼ਿਆ, ਏਕਾ ਆਤਮ ਬ੍ਰਹਮ ਕਰੇ ਪੜ੍ਹਾਈਆ। ਚੌਦਾਂ ਲੋਕ ਚੌਦਾਂ ਵਿਦਿਆ ਲੇਖ ਕਿਸੇ ਨਾ ਲਿਖਿਆ, ਬ੍ਰਹਮਾ ਚਾਰੇ ਵੇਦ ਲਿਖ ਲਿਖ ਨੇਤਰ ਨੈਣ ਗਿਆ ਸ਼ਰਮਾਈਆ। ਹਰਿ ਕਾ ਨਾਉਂ ਕਿਸੇ ਨਾ ਦਿਸਿਆ, ਹੱਥ ਫੜ ਲੋਚਣ ਨੈਣ ਨਾ ਕੋਇ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਵਸਤ ਅਮੋਲਕ ਆਪੇ ਰੱਖੇ ਆਪਣੀ ਗੋਲਕ, ਦੂਸਰ ਹੱਥ ਨਾ ਦਏ ਵਡਿਆਈਆ। ਹਰਿ ਕਾ ਨਾਉਂ ਅਗੰਮ ਅਥਾਹ, ਹਰਿ ਆਪਣੇ ਹੱਥ ਰਖਾਇੰਦਾ। ਜੁਗਾ ਜੁਗੰਤਰ ਬੇਪਰਵਾਹ, ਆਪਣੀ ਖੇਲ ਖਿਲਾਇੰਦਾ। ਪੰਜ ਤਤ ਮੇਲਾ ਮੇਲ ਮਿਲਾ, ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਆਪਣੀ ਦਇਆ ਆਪ ਕਮਾ, ਆਪਣਾ ਲੇਖਾ ਬਹਿ ਸਮਝਾਇੰਦਾ। ਸੰਤ ਭਗਵੰਤ ਲਏ ਉਪਜਾ, ਸਾਚਾ ਕੰਤ ਵੇਖ ਵਖਾਇੰਦਾ। ਆਦਿ ਅੰਤ ਆਪਣਾ ਗੁਣ ਜਣਾ, ਅਵਗੁਣ ਲੇਖਾ ਸਰਬ ਮੁਕਾਇੰਦਾ। ਅਨਹਦ ਰਾਗ ਧੁਨ ਵਜਾ, ਧੁਨੀ ਧੁਨ ਆਪ ਉਪਾਇੰਦਾ। ਸੁੰਨ ਮੁਨ ਦਏ ਤੁੜਾ, ਚੁਣ ਚੁਣ ਆਪਣੇ ਲੇਖੇ ਪਾਇੰਦਾ। ਪੁਣ ਛਾਣ ਕਰੇ ਸਭਨੀ ਥਾਂ, ਘਟ ਭਾਂਡਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਨਾਮ ਅਤੁਟ, ਏਕੰਕਾਰਾ ਆਪ ਵਰਤਾਇੰਦਾ। ਹਰਿ ਕਾ ਨਾਉਂ ਹਰਿ ਕਾ ਰੰਗ, ਹਰਿ ਬਿਨ ਅਵਰ ਨਾ ਕੋਇ ਚੜ੍ਹਾਈਆ। ਹਰਿ ਦਾਤਾ ਸੂਰਾ ਸਰਬੰਗ, ਸਤਿਗੁਰ ਆਪਣਾ ਭੇਵ ਜਣਾਈਆ। ਹਰਿ ਸ਼ਬਦ ਹਰਿ ਮਰਦੰਗ, ਹਰਿ ਤਾਲ ਤਲਵਾੜਾ ਰਿਹਾ ਵਜਾਈਆ। ਹਰਿ ਸੇਜਾ ਹਰਿ ਪਲੰਘ, ਹਰਿ ਬੈਠਾ ਆਸਣ ਲਾਈਆ। ਹਰਿ ਭਿਖਾਰੀ ਮੰਗੇ ਮੰਗ, ਹਰਿ ਭਿਛਿਆ ਝੋਲੀ ਪਾਈਆ। ਹਰਿ ਭੁੱਖ ਹਰਿ ਨੰਗ, ਹਰਿ ਤ੍ਰਿਸ਼ਨਾ ਤ੍ਰਿਪਤ ਕਰਾਈਆ। ਹਰਿ ਲੇਖਾ ਜਾਣੇ ਕਾਇਆ ਮਾਟੀ ਕਾਚੀ ਵੰਗ, ਹਰਿ ਕਾਇਆ ਗੜ੍ਹ ਸੁਹਾਈਆ। ਹਰਿ ਹਰਿ ਮੰਦਰ ਵੇਖੇ ਆਪੇ ਲੰਘ, ਬੰਦ ਕਿਵਾੜਾ ਆਪ ਖੁਲ੍ਹਾਈਆ। ਹਰਿ ਸੰਤਨ ਵਸਿਆ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਹਰਿ ਕਾ ਨਾਮ ਪੂਰੀ ਕਰੇ ਉਮੰਗ, ਅਮਕਾ ਮੂਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਨਾਉਂ, ਨੇਹਚਲ ਵਖਾਏ ਏਕਾ ਥਾਉਂ, ਮਹੱਲ ਅਟੱਲ ਮਿਨਾਰ ਥਿਰ ਦਰਬਾਰਾ ਸੋਭਾ ਪਾਈਆ। ਹਰਿ ਕਾ ਨਾਮ ਨਿਰਗੁਣ ਧਾਰ, ਰੂਪ ਰੰਗ ਰੇਖ ਨਾ ਕੋਈ ਜਣਾਇੰਦਾ। ਆਪਣੇ ਵਿਚੋਂ ਆਪੇ ਲਏ ਉਭਾਰ, ਵੇਖਣਹਾਰਾ ਆਪ ਹੋ ਜਾਇੰਦਾ। ਨਾ ਕੋਈ ਸਾਰਿੰਗ ਨਾ ਸਤਾਰ, ਹੱਥ ਸਮਰਥ ਨਾ ਕੋਈ ਰਖਾਇੰਦਾ। ਨਾ ਕੋਈ ਗਜ ਖਿਚੇ ਆਪਣੀ ਵਾਰ, ਤੰਬੂਰ ਕੰਧ ਨਾ ਕੋਈ ਲਟਕਾਇੰਦਾ। ਕਰੇ ਖੇਲ ਅਗੰਮ ਅਪਾਰ, ਆਪਣੀ ਧੁਨ ਆਪਣੇ ਵਿਚੋਂ ਆਪ ਉਪਜਾਇੰਦਾ। ਸਾਚੇ ਸੰਤਾਂ ਕਰ ਪਿਆਰ, ਲੋਕਮਾਤ ਆਪ ਸੁਣਾਇੰਦਾ। ਇਕ ਵਖਾਏ ਸਾਚੀ ਕਾਰ, ਸਾਚੀ ਕਾਰੇ ਆਪੇ ਲਾਇੰਦਾ। ਨਾਤਾ ਤੋੜ ਕਾਮ ਕ੍ਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਪਿਆਰ, ਪੂਜਾ ਪਾਠ ਨਾ ਕੋਈ ਬਣਾਇੰਦਾ। ਅੰਦਰ ਮੰਦਰ ਡੂੰਘੀ ਕੰਦਰ, ਆਪ ਸੁਣਾਏ ਸੱਚੀ ਗੁਫਤਾਰ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਅੱਠੇ ਪਹਿਰ ਡਗਮਗਾਇੰਦਾ। ਬਿਨ ਤੇਲ ਬਾਤੀ ਕਰੇ ਖੇਲ ਖੇਲਣਹਾਰ, ਮਹੱਲ ਅਟੱਲ ਸੋਭਾ ਪਾਇੰਦਾ। ਆਪੇ ਸਖ਼ੀ ਸੁਲਤਾਨ ਮਿਲੇ ਸਾਚਾ ਯਾਰ, ਸੁਹੰਜਣੀ ਸੇਜ ਆਪ ਸੁਹਾਇੰਦਾ। ਆਪੇ ਗਾਏ ਮੰਗਲਾਚਾਰ, ਆਪਣਾ ਗੀਤ ਆਪ ਅਲਾਇੰਦਾ। ਆਪੇ ਮੇਲਾ ਮੇਲ ਮਿਲਾਏ ਮੇਲਣਹਾਰ, ਏਕੰਕਾਰ ਆਪਣੀ ਕਲ ਆਪ ਧਰਾਇੰਦਾ। ਏਕਾ ਸ਼ਬਦ ਸੱਚਾ ਵਰਤਾਰ, ਹਰਿ ਆਪਣਾ ਨਾਉਂ ਆਪ ਆਪਣੇ ਹੱਥ ਰਖਾਇੰਦਾ। ਨਾਨਕ ਕਬੀਰ ਕਹਿ ਕਹਿ ਗਏ ਪੁਕਾਰ, ਹਰਿ ਹੱਥ ਕਿਸੇ ਨਾ ਆਇੰਦਾ। ਘੜੇ ਭੰਨੇ ਘੜਨ ਭੰਨਣਹਾਰ, ਵਿਸ਼ਨ ਬ੍ਰਹਮਾ ਸ਼ਿਵ ਤ੍ਰਲੋਕੀ ਨਾਥ ਕੋਟਨ ਕੋਟ ਸੀਸ ਝੁਕਾਇੰਦਾ। ਬਿਨ ਹਰਿ ਨਾਮੇ ਨਾ ਕੋਈ ਉਤਰੇ ਪਾਰ, ਆਦਿ ਜੁਗਾਦਿ ਜੁਗਾ ਜੁਗੰਤਰ ਲੱਗੀ ਬਸੰਤਰ ਨਾ ਕੋਈ ਬੁਝਾਇੰਦਾ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਜਨਮ ਜਨਮ ਦੇ ਰੋਗ ਗਵਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਵੇਦ ਸ਼ਾਸਤਰ ਸਿਮਰਤ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਚਾਰ ਜੁਗ ਗੁਰ ਪੀਰ ਅਵਤਾਰ ਸਾਧ ਸੰਤ ਸਭ ਹਰਿ ਕਾ ਜਸ ਗਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਅਪਾਰ, ਏਕਾ ਨਾਮ ਵਸਤ ਅਪਾਰ, ਆਪਣੇ ਹੱਥ ਰੱਖੇ ਕਰਤਾਰ, ਸਭ ਦੀ ਝੋਲੀ ਪਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਬੈਠਾ ਰਹੇ ਇਕ ਦਰਬਾਰ, ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਸਤਿਗੁਰ ਪੂਰਾ ਕੋਟਨ ਕੋਟ ਬ੍ਰਹਿਮੰਡਾਂ ਕਰੇ ਇਕ ਪਿਆਰ, ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਦਏ ਅਧਾਰ, ਕੋਟਨ ਕੋਟ ਗੁਰ ਪੀਰ ਅਵਤਾਰ ਆਪਣੀ ਕੁਖੋਂ ਲਏ ਉਭਾਰ, ਕੋਟਨ ਕੋਟ ਏਕਾ ਸ਼ਬਦ ਨਾਮ ਦ੍ਰਿੜਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਜੁਗਾ ਜੁਗੰਤਰ ਕਰੇ ਵਿਚ ਸੰਸਾਰ, ਲੋਕਮਾਤ ਵੇਸ ਵਟਾਇੰਦਾ। ਬਿਨ ਹਰਿ ਭਗਤ ਦੂਸਰ ਜਾਏ ਨਾ ਕਿਸੇ ਦੁਵਾਰ, ਗੁਰ ਦਰ ਮੰਦਰ ਮਸਜਿਦ ਮਠ, ਸਤਿਗੁਰ ਪੂਰਾ ਕਦੇ ਨਾ ਆਸਣ ਲਾਇੰਦਾ। ਕਿਸੇ ਨਾ ਹੋਵੇ ਬੰਦ ਕਿਵਾੜ, ਸਤਿ ਸਤਿ ਗੰਢੀ ਗੰਢ ਨਾ ਕੋਈ ਰਖਾਇੰਦਾ। ਕਿਸੇ ਨਾ ਸਿਰ ਰੱਖੇ ਆਪਣਾ ਭਾਰ, ਸੀਸ ਚੁੱਕ ਚਾਰੋਂ ਕੁੰਟ ਨਾ ਕੋਈ ਫਿਰਾਇੰਦਾ। ਗੁਰਮੁਖ ਗੁਰਸਿਖ ਹਰਿਭਗਤ ਹਰਿਸੰਤ ਆਪਣੀ ਗੋਦੀ ਲਏ ਆਪ ਉਠਾਲ, ਸ਼ਾਹ ਕੰਗਾਲ ਆਪਣੇ ਲੇਖੇ ਪਾਇੰਦਾ। ਏਕਾ ਬਣਿਆ ਰਹੇ ਦਲਾਲ, ਨੇੜ ਨਾ ਆਏ ਕਾਲ ਮਹਾਂਕਾਲ, ਗੁਰ ਸ਼ਬਦੀ ਸੇਵ ਕਮਾਇੰਦਾ। ਸਤਿਗੁਰ ਪੂਰਾ ਕੋਈ ਨਾ ਬੰਨ੍ਹ ਕੇ ਰੱਖੇ ਵਿਚ ਰੁਮਾਲ, ਅਲਮਾਰੀ ਵਿਚ ਨਾ ਕੋਈ ਰਖਾਇੰਦਾ। ਦੀਨ ਮਜ਼੍ਹਬ ਵਰਨ ਗੋਤ ਸਤਿਗੁਰ ਪੂਰੇ ਪਵੇ ਨਾ ਕੋਈ ਜੰਜਾਲ, ਦਾੜੀ ਮੁਛ ਕੇਸ ਮੂੰਡ ਨਾ ਮੁੰਡਾਏ ਨਿਰਗੁਣ ਆਪਣਾ ਰੂਪ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਸਾਹਿਬ ਪੁਰਖ ਸਮਰਥ, ਆਪਣੀ ਮਹਿਮਾ ਜਾਣੇ ਅਕਥਨਾ ਅਕਥ, ਵੇਦ ਕਤੇਬ ਸਰਬ ਜਸ ਗਾਇੰਦਾ। ਗਾ ਗਾ ਥੱਕੇ ਹਰਿ ਕਾ ਜਸ, ਚਾਰ ਵਰਨ ਵੱਡੀ ਵਡਿਆਈਆ। ਅਠਸਠ ਤੀਰਥ ਰਹੇ ਨੱਸ, ਆਪਣਾ ਪੰਧ ਨਾ ਸਕੇ ਕੋਈ ਮੁਕਾਈਆ। ਪੜ੍ਹ ਪੜ੍ਹ ਪੁਸਤਕ ਜਗਤ ਮਾਰਗ ਰਹੇ ਦੱਸ, ਆਪਣਾ ਮਾਰਗ ਹੱਥ ਕਿਸੇ ਨਾ ਆਈਆ। ਕਰ ਕਿਰਪਾ ਜਿਸ ਹਿਰਦੇ ਗਿਆ ਵਸ, ਦੂਜੇ ਘਰ ਨਾ ਮੰਗਣ ਜਾਈਆ। ਅੰਦਰੇ ਅੰਦਰ ਮੇਲਾ ਮੇਲੇ ਹੱਸ ਹੱਸ, ਘਰ ਸਾਚੇ ਵੱਜੇ ਵਧਾਈਆ। ਗੁਰਸਿਖ ਆਪਣਾ ਸੱਥਰ ਤੇਰੇ ਮੰਦਰ ਬੈਠਾ ਘਤ, ਤੇਰੀ ਤ੍ਰੈਗੁਣ ਸੂਲਾ ਸੇਜ ਰਿਹਾ ਹੰਢਾਈਆ। ਮਾਇਆ ਮਮਤਾ ਮੋਹ ਅੰਤ ਕਾਲ ਨਾ ਡੱਸੇ ਡਸਨੀ ਡੱਸ, ਜਗਤ ਨਾਗਨੀ ਨੇੜ ਨਾ ਆਈਆ। ਏਕਾ ਤੀਰ ਨਿਰਾਲਾ ਮਾਰੇ ਕਸ, ਸ਼ਬਦ ਕਮਾਨ ਆਪ ਉਠਾਈਆ। ਨੌਂ ਗਿਰਾਂ ਨੌਂ ਖੰਡ ਨੌਂ ਦਵਾਰ ਨੌਂ ਕਾਲ ਚਰਨ ਡਿਗਣ ਢੱਠ, ਢਹਿ ਢਹਿ ਢੇਰੀ ਆਪ ਬਣਾਈਆ। ਹਰਿ ਕਾ ਨਾਮ ਸਦਾ ਰੱਖੇ ਪਤ, ਜਿਸ ਸਿਰ ਸਤਿਗੁਰ ਪੂਰਾ ਹੱਥ ਟਿਕਾਈਆ। ਗੁਰਮੁਖਾਂ ਅੰਤਮ ਸਾਂਭਣ ਆਇਆ ਵੱਤ, ਆਪਣਾ ਬੀਜ ਆਪਣੀ ਹੱਥੀਂ ਦੇਵੇ ਪਾਈਆ। ਆਪਣੀ ਫਸਲ ਆਪੇ ਲਏ ਕੱਟ, ਦੂਜਾ ਵਾਢਾ ਵੱਢਣ ਕੋਈ ਨਾ ਆਈਆ। ਆਪਣੇ ਖਾਤੇ ਲਏ ਘਤ, ਸਚਖੰਡ ਦਵਾਰ ਖੁਲ੍ਹਾਈਆ। ਆਪਣੀ ਹੱਥੀਂ ਲੱਖ ਚੁਰਾਸੀ ਛੱਟਣ ਰਿਹਾ ਛਟ, ਨਾਮ ਹੁਲਾਰਾ ਇਕ ਲਗਾਈਆ। ਆਪਣਾ ਰੂਪ ਵਿਚਕਾਰ ਰਖਾਈ ਵਟ, ਲੱਖ ਚੁਰਾਸੀ ਦਿਸ ਕਿਸੇ ਨਾ ਆਈਆ। ਏਕਾ ਤੋਲਾ ਤੋਲ ਤੁਲਾਏ ਘਟ ਘਟ, ਆਪਣਾ ਖੰਡਾ ਆਪਣੇ ਹੱਥ ਰਖਾਈਆ। ਚੌਥੇ ਜੁਗ ਚਾਰ ਜੁਗ ਦੇ ਵਿਛੜੇ ਗੁਰਸਿਖ ਮੇਲੇ ਨੱਠ ਨੱਠ, ਜਗਤ ਚੌਕੜੀ ਦਏ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਆਪਣਾ ਦਾਨ, ਸਖੀ ਮਿਲੇ ਸਾਚਾ ਕਾਹਨ, ਆਤਮ ਬ੍ਰਹਮ ਪਾਰਬ੍ਰਹਮ ਏਕਾ ਘਰ ਲਏ ਮਿਲਾਈਆ।
