Granth 09 Likhat 218: 21 Kattak 2017 Bikarmi Mohan Singh de Ghar Pind Sakian Wali Jila Amritsar

੨੧ ਕੱਤਕ ੨੦੧੭ ਬਿਕ੍ਰਮੀ ਮੋਹਣ ਸਿੰਘ ਦੇ ਘਰ ਪਿੰਡ ਸਕਿਆਂ ਵਾਲੀ ਜ਼ਿਲਾ ਅੰਮ੍ਰਿਤਸਰ

ਸਤਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਆਦਿ ਜੁਗਾਦਿ ਸਮਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਇਕ ਇਕੱਲਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਅਗੰਮ ਅਥਾਹ, ਰੂਪ ਰੰਗ ਨਾ ਕੋਇ ਰਖਾਇੰਦਾ। ਏਕੰਕਾਰਾ ਆਪਣਾ ਨਾਉਂ ਪਰਗਟਾ, ਆਪ ਆਪਣੀ ਧਾਰ ਬੰਧਾਇੰਦਾ। ਆਦਿ ਨਿਰੰਜਣ ਜੋਤ ਜਗਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਅਲੱਖ ਜਗਾ, ਅਲੱਖ ਅਲੱਖਣਾ ਭੇਵ ਖੁਲਾਇੰਦਾ। ਸ੍ਰੀ ਭਗਵਾਨ ਸਾਚਾ ਮੰਦਰ ਰਿਹਾ ਸੁਹਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਪਾਰਬ੍ਰਹਮ ਆਪੇ ਵੇਖੇ ਆਪਣਾ ਥਾਂ, ਥਿਰ ਘਰ ਸਾਚੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪਣੀ ਖੇਲ ਆਪ ਖਲਾਇੰਦਾ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਏਕਾ ਵਸੇ ਧਾਮ ਨਿਆਰਾ, ਸਚਖੰਡ ਦਵਾਰ ਵਡ ਵਡਿਆਈਆ। ਨੂਰ ਨੁਰਾਨਾ ਜੋਤ ਉਜਿਆਰਾ, ਸ਼ਹਿਨਸ਼ਾਹ ਬੇਪਰਵਾਹੀਆ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਇਕ ਅਖਵਾਈਆ। ਕਰਨੀ ਕਰੇ ਕਰਨੇਹਾਰਾ, ਕਰਤਾ ਪੁਰਖ ਬੇਐਬ ਨਾਮ ਖ਼ੁਦਾਈਆ। ਨੂਰ ਜ਼ਹੂਰ ਅਗੰਮ ਅਪਾਰਾ, ਅਲੱਖ ਅਗੋਚਰ ਆਪ ਪਰਗਟਾਈਆ। ਸਚ ਮਹੱਲਾ ਉਚ ਅਟੱਲਾ ਕਰ ਤਿਆਰਾ, ਨੇਹਚਲ ਧਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜਾਤਾ ਹਰਿ ਭਗਵਾਨਾ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਨਿਰਵੈਰ ਸਚ ਸੁਲਤਾਨਾ, ਸ਼ਾਹੋ ਭੂਪ ਵਡ ਵਡਿਆਈਆ। ਸਾਚੇ ਤਖ਼ਤ ਬੈਠੇ ਜੋਧਾ ਸੂਰਬੀਰ ਬਲੀ ਬਲਵਾਨਾ, ਅਨਭਵ ਆਪਣੀ ਧਾਰ ਬੰਧਾਈਆ। ਏਕਾ ਜੋਤੀ ਨੂਰ ਨੂਰ ਨੁਰਾਨਾ, ਸੁਤੇ ਪਰਕਾਸ਼ ਡਗਮਗਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਹਰਿ ਪੁਰਖ ਨਿਰੰਜਣ ਲਏ ਉਠਾਈਆ। ਏਕੰਕਾਰਾ ਦੇਵੇ ਦਾਨਾ, ਆਦਿ ਨਿਰੰਜਣ ਨੇਤਰ ਨੈਣ ਖੁਲ੍ਹਾਈਆ। ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਆਪੇ ਵਸੇ ਸਚ ਮਕਾਨਾ, ਸਚ ਦਵਾਰੇ ਸੋਭਾ ਪਾਈਆ । ਪਾਰਬ੍ਰਹਮ ਪ੍ਰਭ ਗੁਣ ਨਿਧਾਨਾ, ਗੁਣਵੰਤਾ ਕਹਿਣ ਨਾ ਜਾਈਆ। ਆਦਿ ਜੁਗਾਦੀ ਖੇਲ ਮਹਾਨਾ, ਖੇਲੇ ਖੇਲ ਬੇਪਰਵਾਹੀਆ। ਸ਼ਾਹੋ ਭੂਪ ਬਣ ਸਾਚਾ ਰਾਣਾ, ਆਪਣੀ ਕਲ ਆਪ ਉਪਾਈਆ। ਆਪੇ ਦੇਵੇ ਧੁਰ ਫ਼ਰਮਾਣਾ, ਧੁਰ ਦੀ ਧਾਰਾ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਇੰਦਾ। ਆਪੇ ਨਾਰੀ ਆਪੇ ਕੰਤ, ਨਰ ਨਰਾਇਣ ਵੇਸ ਵਟਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਜਣਾਇੰਦਾ। ਆਪੇ ਮਣੀਆ ਆਪੇ ਮੰਤ, ਆਪੇ ਆਪਣਾ ਨਾਉਂ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਨੂਰ ਉਜਾਲਾ, ਆਦਿ ਪੁਰਖ ਦੀਨ ਦਿਆਲਾ, ਦਇਆਨਿਧ ਇਕ ਅਖਵਾਇੰਦਾ। ਦਇਆਨਿਧ ਸਾਹਿਬ ਸੁਲਤਾਨਾ, ਪਾਰਬ੍ਰਹਮ ਪ੍ਰਭ ਆਪ ਅਖਵਾਇੰਦਾ। ਸ੍ਰੀ ਭਗਵਾਨਾ ਬਣ ਰਾਜ ਰਾਜਾਨਾ, ਹੁਕਮ ਆਪਣਾ ਆਪ ਵਰਤਾਇੰਦਾ। ਅਬਿਨਾਸ਼ੀ ਕਰਤਾ ਵੇਖੇ ਸਚ ਮਕਾਨਾ, ਥਿਰ ਦਰਬਾਰੇ ਡੇਰਾ ਲਾਇੰਦਾ। ਆਦਿ ਨਿਰੰਜਣ ਜੋਤੀ ਨੂਰ ਜਗਾਏ ਮਹਾਨਾ, ਪਰਕਾਸ਼ ਪਰਕਾਸ਼ ਵਿਚ ਰਖਾਇੰਦਾ। ਏਕੰਕਾਰਾ ਆਪੇ ਜਾਣੇ ਆਪਣਾ ਭਾਣਾ, ਸਦ ਭਾਣੇ ਵਿਚ ਸਮਾਇੰਦਾ। ਹਰਿ ਪੁਰਖ ਨਿਰੰਜਣ ਚਤਰ ਸੁਘੜ ਸਿਆਣਾ, ਇਕ ਇਕੱਲਾ ਵੇਸ ਵਟਾਇੰਦਾ। ਸੋ ਪੁਰਖ ਨਿਰੰਜਣ ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਦਿਸ ਨਾ ਆਇੰਦਾ। ਸਾਚੇ ਤਖ਼ਤ ਬੈਠ ਸੱਚਾ ਸੁਲਤਾਨਾ, ਨਿਰਗੁਣ ਆਪਣਾ ਹੁਕਮ ਆਪ ਵਰਤਾਇੰਦਾ। ਨਾ ਕੋਈ ਚੋਬਦਾਰ ਦਿਸੇ ਦਰ ਦਰਬਾਨਾ, ਸੀਸ ਜਗਦੀਸ ਨਾ ਕੋਇ ਝੁਕਾਇੰਦਾ। ਨਾ ਕੋਈ ਰਾਗ ਨਾ ਕੋਈ ਗਾਨਾ, ਤਾਰ ਸਤਾਰ ਨਾ ਕੋਇ ਵਜਾਇੰਦਾ । ਨਾ ਕੋਈ ਪਵਣ ਨਾ ਮਸਾਣਾ, ਅਗਨੀ ਤਤ ਨਾ ਕੋਇ ਬਣਾਇੰਦਾ। ਨਾ ਕੋਇ ਵਿਸ਼ਨ ਬ੍ਰਹਮਾ ਸ਼ਿਵ ਵਖਾਏ ਪਦ ਨਿਰਬਾਣਾ, ਰੂਪ ਰੰਗ ਰੇਖ ਨਾ ਕੋਇ ਬਣਾਇੰਦਾ। ਨਾ ਕੋਇ ਜ਼ਿਮੀ ਨਾ ਅਸਮਾਨਾ, ਗਗਨ ਮੰਡਲ ਬ੍ਰਹਿਮੰਡ ਖੰਡ ਰਚਨ ਨਾ ਕੋਇ ਰਚਾਇੰਦਾ। ਨਾ ਕੋਇ ਧਰਤ ਧਵਲ ਨਾ ਕੋਈ ਜਲ ਬਿੰਬ ਨਾ ਕੋਈ ਖੇਲੇ ਖੇਲ ਦੋ ਜਹਾਨਾ, ਲੋਕ ਪਰਲੋਕ ਨਾ ਕੋਇ ਸੁਹਾਇੰਦਾ। ਨਾ ਕੋਇ ਚੌਦਾਂ ਲੋਕ ਬੰਨ੍ਹੇ ਗਾਨਾਂ, ਚੌਦਾਂ ਤਬਕ ਨਾ ਵੰਡ ਵੰਡਾਇੰਦਾ। ਨਾ ਕੋਈ ਤ੍ਰੈਗੁਣ ਮਾਇਆ ਦੇਵੇ ਦਾਨਾ, ਰਜੋ ਤਮੋ ਸਤੋ ਨਾ ਰੰਗ ਰੰਗਾਇੰਦਾ। ਨਾ ਕੋਇ ਸੂਰਜ ਚੰਨ ਨਾ ਦਿਸੇ ਨਿਸ਼ਾਨਾ, ਮੰਡਲ ਮੰਡਪ ਨਾ ਕੋਇ ਸੁਹਾਇੰਦਾ। ਸਚਖੰਡ ਦਵਾਰ ਵਸੇ ਏਕਾ ਸ੍ਰੀ ਭਗਵਾਨਾ, ਸਾਚੇ ਤਖ਼ਤ ਸੋਭਾ ਪਾਇੰਦਾ। ਆਪੇ ਵਰਤੇ ਆਪਣਾ ਭਾਣਾ, ਭਾਣੇ ਵਿਚ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਦਰਬਾਰਾ ਆਪ ਸੁਹਾਇੰਦਾ। ਦਰ ਦਰਬਾਰਾ ਠਾਂਡਾ ਘਰ, ਸਤਿ ਪੁਰਖ ਨਿਰੰਜਣ ਆਪ ਸੁਹਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਦੇਵਣਹਾਰਾ ਵਰ, ਸਤਿ ਸਰੂਪ ਝੋਲੀ ਸਤਿ ਭਰਾਇੰਦਾ। ਆਪੇ ਮੰਗੇ ਦਰ ਦਰਵੇਸ਼ ਅੱਗੇ ਖੜ, ਨਰ ਨਰੇਸ਼ ਆਪ ਹੋ ਜਾਇੰਦਾ। ਆਪ ਫੜਾਏ ਆਪਣਾ ਲੜ, ਆਪੇ ਪੱਲੂ ਗੰਢ ਦਵਾਇੰਦਾ। ਆਪਣਾ ਘਾੜਨ ਆਪੇ ਘੜ, ਘੜਨ ਭੰਨਣਹਾਰ ਸਮਰਥ ਆਪਣਾ ਨਾਉਂ ਧਰਾਇੰਦਾ। ਸਚਖੰਡ ਦਵਾਰੇ ਬੈਠਾ ਵੜ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਇੰਦਾ। ਨਾ ਜਨਮੇ ਨਾ ਜਾਏ ਮਰ, ਜੂਨੀ ਰਹਿਤ ਵੇਸ ਵਟਾਇੰਦਾ। ਮੂਰਤ ਅਕਾਲ ਆਪੇ ਧਰ, ਆਪਣਾ ਪਰਕਾਸ਼ ਆਪੇ ਡਗਮਗਾਇੰਦਾ। ਨਿਰਭੌ ਆਪਣੇ ਦਵਾਰੇ ਆਪੇ ਖੜ, ਭੈ ਹੋਰ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਨਾ ਜਾਏ ਹਰ, ਆਪਣਾ ਬਲ ਆਪ ਧਰਾਇੰਦਾ। ਆਪਣੀ ਸਰਨੀ ਆਪੇ ਪੜ, ਆਪੇ ਸੀਸ ਝੁਕਾਇੰਦਾ। ਆਪੇ ਸ਼ਾਹੋ ਭੂਪ ਬਣ ਸਿਕਦਾਰ, ਆਪੇ ਰੱਯਤ ਨਾਉਂ ਰਖਾਇੰਦਾ। ਆਪੇ ਧੁਰ ਫ਼ਰਮਾਣਾ ਦੇਵੇ ਭੰਡਾਰਾ ਭਰ, ਆਪਣੀ ਹੱਥੀਂ ਆਪ ਵਰਤਾਇੰਦਾ। ਆਪੇ ਥਿਰ ਘਰ ਵੇਖੇ ਸਾਚਾ ਨਰ, ਨਰ ਨਰਾਇਣ ਰੂਪ ਪਰਗਟਾਇੰਦਾ। ਆਪਣੀ ਨਾਰੀ ਆਪੇ ਲਏ ਵਰ, ਕੰਤ ਸੁਹਾਗ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਆਪ ਆਪਣਾ ਕਰ ਪਸਾਰ, ਆਪੇ ਹੋਏ ਵੇਖਣਹਾਰ, ਦੂਜਾ ਸੰਗ ਨਾ ਕੋਇ ਰਖਾਇੰਦਾ। ਏਕੰਕਾਰਾ ਕਰ ਪਸਾਰਾ, ਆਪੇ ਵੇਖ ਵਖਾਈਆ। ਵਸਣਹਾਰਾ ਸਚਖੰਡ ਦਵਾਰਾ, ਥਿਰ ਘਰ ਸਾਚੇ ਦਏ ਵਡਿਆਈਆ। ਨਿਰਗੁਣ ਰੂਪ ਅਗੰਮ ਅਪਾਰਾ, ਅਲੱਖ ਅਗੋਚਰ ਬੇਪਰਵਾਹੀਆ। ਕਰੇ ਖੇਲ ਸਚ ਦਰਬਾਰਾ, ਠਾਂਡਾ ਘਰ ਵੱਜੇ ਵਧਾਈਆ। ਆਪੇ ਪੁਰਖ ਆਪੇ ਨਾਰਾ, ਨਾਰੀ ਕੰਤ ਆਪ ਹੋ ਜਾਈਆ। ਆਪੇ ਸੇਜਾ ਸੁਤਾ ਪੈਰ ਪਸਾਰਾ, ਆਪੇ ਲਏ ਹਰਿ ਅੰਗੜਾਈਆ। ਆਪੇ ਅੰਦਰ ਆਪੇ ਬਾਹਰ ਆਪੇ ਗੁਪਤ ਜ਼ਾਹਰਾ, ਆਪੇ ਵੇਖੇ ਥਾਉਂ ਥਾਈਆ। ਆਪੇ ਸੁਤ ਆਪ ਦੁਲਾਰਾ, ਆਪੇ ਹੋਏ ਬਖ਼ਸ਼ੰਦੀ ਮਾਹੀਆ। ਆਪੇ ਰਾਖੇ ਰਾਖਣਹਾਰਾ, ਆਪੇ ਆਪਣਾ ਸੀਸ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਸਾਚਾ ਘਰ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਸੋ ਪੁਰਖ ਨਿਰੰਜਣ ਘਰ ਸੁਹਾਇੰਦਾ, ਸਚਖੰਡ ਵੱਜੇ ਵਧਾਈਆ। ਹਰਿ ਪੁਰਖ ਨਿਰੰਜਣ ਆਸਣ ਲਾਇੰਦਾ, ਏਕੰਕਾਰਾ ਪੇਖੇ ਚਾਈਂ ਚਾਈਆ। ਆਦਿ ਨਿਰੰਜਣ ਡਗਮਗਾਇੰਦਾ, ਅਬਿਨਾਸ਼ੀ ਕਰਤਾ ਪਕੜੇ ਬਾਹੀਂਆ। ਸ੍ਰੀ ਭਗਵਾਨ ਖ਼ੁਸ਼ੀ ਮਨਾਇੰਦਾ, ਪਾਰਬ੍ਰਹਮ ਆਪਣੀ ਚਲੇ ਆਪ ਰਜ਼ਾਈਆ। ਧੁਰ ਦਰਬਾਰਾ ਆਪ ਸੁਹਾਇੰਦਾ, ਆਪੇ ਬਖ਼ਸ਼ੇ ਆਪਣੀ ਸਚ ਸਰਨਾਈਆ। ਆਪਣਾ ਰੰਗ ਆਪ ਰੰਗਾਇੰਦਾ, ਰੰਗ ਰੰਗੀਲਾ ਸਾਚਾ ਮਾਹੀਆ। ਛੈਲ ਛਬੀਲਾ ਆਪ ਅਖਵਾਇੰਦਾ, ਰੂਪ ਅਨੂਪ ਸੱਚਾ ਸ਼ਹਿਨਸ਼ਾਹੀਆ। ਆਪਣਾ ਸੀਸ ਜਗਦੀਸ ਆਪ ਸੁਹਾਇੰਦਾ, ਆਪੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪੇ ਕਰੇ ਸਚ ਨਿਆਈਂਆ। ਸਚ ਨਿਆਈਂ ਕਰਨੇਹਾਰਾ, ਏਕਾ ਏਕ ਅਖਵਾਇਆ। ਜੁਗਾ ਜੁਗੰਤਰ ਹੋ ਉਜਿਆਰਾ, ਨਾਉਂ ਨਿਰੰਕਾਰਾ ਆਪਣਾ ਨਾਉਂ ਰਖਾਇਆ । ਆਪੇ ਪਿਤਾ ਆਪੇ ਮਾਈ, ਆਪੇ ਬਾਲ ਸੁਤ ਦੁਲਾਰਾ ਜਾਇਆ। ਆਪੇ ਦੇਵਣਹਾਰਾ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇਆ। ਆਪੇ ਥਿਰ ਘਰ ਬੈਠਾ ਕੁੰਡਾ ਲਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਵਾਰਾ ਏਕਾ ਘਰ, ਘਰ ਸੁਹੰਜਣਾ ਆਦਿ ਨਿਰੰਜਣਾ, ਏਕਾ ਦੀਪਕ ਰਿਹਾ ਜਗਾਇਆ। ਏਕਾ ਦੀਪਕ ਹੋਏ ਪਰਕਾਸ਼, ਪਾਰਬ੍ਰਹਮ ਪ੍ਰਭ ਆਪ ਕਰਾਇੰਦਾ। ਅਬਿਨਾਸ਼ੀ ਕਰਤਾ ਨਾ ਜਾਏ ਵਿਨਾਸ, ਬਿਸਮਲ ਆਪਣਾ ਰੂਪ ਵਟਾਇੰਦਾ। ਸ੍ਰੀ ਭਗਵਾਨ ਦਾਸੀ ਦਾਸ, ਆਪਣੀ ਸੇਵਾ ਆਪ ਕਮਾਇੰਦਾ। ਆਦਿ ਨਿਰੰਜਣ ਆਪੇ ਕਰੇ ਪੂਰੀ ਆਸ, ਇਛਿਆ ਭਿਛਿਆ ਝੋਲੀ ਪਾਇੰਦਾ। ਏਕੰਕਾਰਾ ਸਾਚੇ ਘਰ ਕਰ ਨਿਵਾਸ, ਇਕ ਇਕੱਲਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹੋ ਸ਼ਾਬਾਸ, ਤਖ਼ਤ ਨਿਵਾਸੀ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣਤਾਸ, ਆਪਣਾ ਰੰਗ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਦਰਵਾਜ਼ਾ ਇਕ ਵਡਿਆਇੰਦਾ। ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ, ਆਪਣਾ ਆਪ ਖੁਲ੍ਹਾਇੰਦਾ। ਪਰਵਰਦਿਗਾਰਾ ਸਾਜਣ ਸਾਜਾ, ਨੂਰ ਇਲਾਹੀ ਡਗਮਗਾਇੰਦਾ। ਨਿਰਵੈਰ ਰਚਿਆ ਆਪਣਾ ਕਾਜਾ, ਨਿਰਗੁਣ ਨਿਰਾਕਾਰ ਵੇਖ ਵਖਾਇੰਦਾ। ਆਪੇ ਬਣਿਆ ਸ਼ਾਹੋ ਭੂਪ ਵਡ ਰਾਜਨ ਰਾਜਾ, ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ। ਆਪੇ ਸ਼ਬਦ ਅਗੰਮੀ ਮਾਰੇ ਵਾਜਾ, ਚੋਬਦਾਰ ਨਾ ਕੋਇ ਰਖਾਇੰਦਾ। ਆਪਣੇ ਮੰਦਰ ਚਾਰ ਕੁੰਟ ਦਹਿ ਦਿਸ਼ਾਂ ਆਪੇ ਫਿਰੇ ਭਾਜਾ, ਆਪਣਾ ਪੰਧ ਆਪ ਮੁਕਾਇੰਦਾ। ਆਪੇ ਸ਼ਾਹ ਆਪੇ ਨਵਾਬਾ, ਆਪੇ ਨੌਬਤ ਨਾਮ ਵਜਾਇੰਦਾ। ਆਪੇ ਰੱਖੇ ਮੁਖ ਨਕਾਬਾ, ਆਪਣਾ ਪਰਦਾ ਆਪੇ ਲਾਹਿੰਦਾ। ਆਪੇ ਆਪਣੇ ਹੱਥ ਰਖਾਏ ਆਬੇਹਯਾਤਾ, ਆਪੇ ਅੰਮ੍ਰਿਤ ਜਾਮ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੇ ਸਾਚੇ ਘਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਸੁਹੰਜਣਾ, ਸਤਿ ਪੁਰਖ ਨਿਰੰਜਣ ਆਪ ਸੁਹਾਇਆ। ਜੋਤ ਜਗਾਏ ਆਦਿ ਨਿਰੰਜਣਾ, ਬਿਮਲ ਰੂਪ ਡਗਮਗਾਇਆ। ਆਦਿ ਜੁਗਾਦੀ ਸਾਚਾ ਸੱਜਣਾ, ਏਕੰਕਾਰਾ ਖੇਲ ਖਿਲਾਇਆ। ਨਾ ਘੜਿਆ ਨਾ ਭੱਜਣਾ, ਨਾ ਕੋਈ ਬਣਤ ਵਖਾਇਆ। ਨਾ ਕੋਈ ਧੂੜ ਨਾ ਕੋਈ ਮਜਨਾ, ਸਰੋਵਰ ਨਹਾਵਣ ਨਾ ਕੋਇ ਨਹਾਇਆ। ਆਪਣਾ ਆਪ ਚਲਾਏ ਜਹਾਜ਼ਨਾ, ਸਚਖੰਡ ਬੈਠਾ ਜੋਤ ਜਗਾਇਆ। ਸ਼ਬਦ ਅਗੰਮੀ ਚੜ੍ਹੇ ਤਾਜਣਾ, ਅਸਵ ਆਪਣਾ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਪੁਰਖ ਅਕਾਲ, ਕਰੇ ਖੇਲ ਦੀਨ ਦਿਆਲ, ਸਚਖੰਡ ਵਸੇ ਸੱਚੀ ਧਰਮਸਾਲ, ਦਰ ਦਰਵਾਜ਼ਾ ਨਾ ਕੋਇ ਵਖਾਇਆ। ਸਚਖੰਡ ਸੱਚੀ ਧਰਮਸਾਲਾ, ਸੋ ਪੁਰਖ ਨਿਰੰਜਣ ਆਪ ਉਪਾਈਆ। ਹਰਿ ਪੁਰਖ ਨਿਰੰਜਣ ਵੜਿਆ ਦੀਨ ਦਿਆਲਾ, ਨਿਜ ਘਰ ਆਪਣਾ ਆਪ ਸੁਹਾਈਆ। ਏਕੰਕਾਰਾ ਆਪਣੀ ਆਪ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਵਡ ਵਡਿਆਈਆ। ਆਦਿ ਨਿਰੰਜਣ ਜੋਤ ਉਜਾਲਾ, ਨੂਰੋ ਨੂਰ ਨੂਰ ਸਮਾਈਆ। ਸ੍ਰੀ ਭਗਵਾਨ ਖੇਲ ਨਿਰਾਲਾ, ਕਾਲ ਮਹਾਂਕਾਲ ਰਿਹਾ ਦਬਾਈਆ। ਅਬਿਨਾਸ਼ੀ ਕਰਤਾ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਜਣਾਈਆ। ਪਾਰਬ੍ਰਹਮ ਆਪਣੀ ਘਾਲਨ ਆਪੇ ਰਿਹਾ ਘਾਲਾ, ਘਾਲੀ ਘਾਲ ਲੇਖੇ ਪਾਈਆ। ਆਪਣਾ ਮਾਰਗ ਇਕ ਸੁਖ਼ਾਲਾ, ਸਤਿ ਪੁਰਖ ਨਿਰੰਜਣ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਘਾੜਨ ਆਪਣਾ ਘੜ, ਆਪਣੇ ਮੰਦਰ ਬੈਠਾ ਵੜ, ਮਹੱਲ ਅਟੱਲ ਉਚ ਮੁਨਾਰ, ਆਪ ਸੁਹਾਏ ਹਰਿ ਨਿਰੰਕਾਰ, ਦੂਸਰ ਸੰਗ ਨਾ ਕੋਇ ਰਖਾਈਆ। ਦੂਸਰ ਨਾ ਕੋਈ ਦੀਸੇ ਸੰਗ, ਇਕ ਇਕੱਲਾ ਖੇਲ ਖਿਲਾਇੰਦਾ। ਸਚਖੰਡ ਦਵਾਰ ਵਜਾਏ ਮਰਦੰਗ, ਧੁਨ ਨਾਦ ਨਾ ਕੋਇ ਵਖਾਇੰਦਾ। ਆਪਣੇ ਮੰਦਰ ਆਪੇ ਲੰਘ, ਆਪੇ ਵੇਖ ਵਖਾਇੰਦਾ। ਆਪੇ ਸੂਰਾ ਸਾਹਿਬ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਨਾਉਂ ਵਡਿਆਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਨਿਰਗੁਣ ਜੋਤ ਡਗਮਗਾਇੰਦਾ। ਚਾਰ ਦੀਵਾਰ ਨਾ ਦੀਸੇ ਕੰਧ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਾ ਕੋਈ ਗਾਏ ਸੁਹਾਗੀ ਛੰਦ, ਰਸਨਾ ਜੇਹਵਾ ਨਾ ਕੋਏ ਹਲਾਇੰਦਾ। ਨਾ ਕੋਈ ਗੁਰ ਪੀਰ ਅਵਤਾਰ ਮੰਗੇ ਮੰਗ, ਸਾਧ ਸੰਤ ਨਾ ਸੀਸ ਝੁਕਾਇੰਦਾ। ਇਕ ਇਕੱਲਾ ਹਰੀ ਹਰਿ ਗੋਬਿੰਦ, ਆਪਣਾ ਦਰ ਆਪ ਵਡਿਆਇੰਦਾ। ਆਪੇ ਜਾਣੇ ਆਪਣਾ ਪੰਧ, ਸਾਚਾ ਪਾਂਧੀ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਹਰਿ ਵਸਨੀਕ, ਇਕ ਇਕੱਲਾ ਲਾਸ਼ਰੀਕ, ਵਾਹਦ ਆਪਣਾ ਨੂਰ ਪਰਗਟਾਇੰਦਾ। ਨੂਰ ਨੁਰਾਨਾ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਇੰਦਾ। ਆਦਿ ਜੁਗਾਦੀ ਏਕਾ ਯਾਰ, ਮੁਕਾਮੇ ਹੱਕ ਇਕ ਵਖਾਇੰਦਾ। ਲਾਸ਼ਰੀਕ ਮੀਤ ਮੁਰਾਰ, ਆਪਣਾ ਅਹਿਬਾਬ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਦਰ, ਦਰ ਦਵਾਰਾ ਆਪ ਸੁਹਾਇੰਦਾ। ਦਰ ਦਵਾਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਆਪਣੀ ਇਛਿਆ ਆਪ ਉਪਾਇਆ, ਆਪੇ ਵੇਖੇ ਮਾਰ ਧਿਆਨ। ਆਪਣੀ ਭਿਛਿਆ ਵੰਡ ਵੰਡਾਇਆ, ਦਾਤਾ ਦਾਨੀ ਦੇਵੇ ਦਾਨ। ਸੁਤ ਦੁਲਾਰਾ ਆਪ ਉਠਾਇਆ, ਸ਼ਬਦੀ ਜੋਧਾ ਸੂਰਬੀਰ ਬਲਵਾਨ। ਧੁਰ ਫ਼ਰਮਾਣਾ ਆਪ ਸੁਣਾਇਆ, ਧੁਰ ਦੀ ਬਾਣੀ ਲਾਇਆ ਬਾਣ। ਏਕਾ ਮਾਰਗ ਦਏ ਜਣਾਇਆ, ਸਤਿ ਵਖਾਏ ਇਕ ਨਿਸ਼ਾਨ। ਸ਼ਾਹੋ ਭੂਪ ਹੱਥ ਉਠਾਇਆ, ਤਖ਼ਤ ਨਿਵਾਸੀ ਰਾਜ ਰਾਜਾਨ। ਸੀਸ ਆਪਣੇ ਤਾਜ ਟਿਕਾਇਆ, ਪੰਚਮ ਮੁਖ ਦੇਵੇ ਗਿਆਨ। ਸੋ ਪੁਰਖ ਨਿਰੰਜਣ ਆਪਣਾ ਨਾਉਂ ਪਰਗਟਾਇਆ, ਸ਼ਬਦੀ ਪਾਏ ਏਕਾ ਆਣ। ਏਕਾ ਦੋਆ ਦੋਆ ਏਕਾ ਰੰਗ ਸਮਾਇਆ, ਮੇਲ ਮਿਲਾਵਾ ਹਾਣੀਆਂ ਹਾਣ। ਸਚਖੰਡ ਦਵਾਰਾ ਇਕ ਖੁਲ੍ਹਾਇਆ, ਅਬਿਨਾਸ਼ੀ ਕਰਤਾ ਕਰੇ ਪਛਾਣ। ਸੁਤ ਦੁਲਾਰਾ ਏਕਾ ਜਾਇਆ, ਜਨਨੀ ਬਣੇ ਸ੍ਰੀ ਭਗਵਾਨ। ਦਾਈ ਦਾਇਆ ਆਪ ਅਖਵਾਇਆ, ਕਰੇ ਖੇਲ ਖੇਲ ਮਹਾਨ। ਆਪਣਾ ਪਰਦਾ ਆਪੇ ਲਾਹਿਆ, ਆਪੇ ਵਸਿਆ ਲਾਮਕਾਮ। ਸਿਫ਼ਤ ਸਾਲਾਹੀ ਆਪ ਖ਼ੁਦਾਇਆ, ਆਪਣੀ ਰਹਿਮਤ ਕਰੇ ਆਪ ਰਹਿਮਾਨ। ਆਪਣਾ ਰੂਪ ਆਪ ਪਰਗਟਾਇਆ, ਏਕਾ ਅੱਖਰ ਗੁਣ ਨਿਧਾਨ। ਸੋਹੰ ਸਾਚੀ ਧਾਰ ਜਣਾਇਆ, ਨਾ ਕੋਈ ਲਿਖ ਲਿਖ ਕਰੇ ਬਿਆਨ। ਸ਼ਬਦ ਦੁਲਾਰਾ ਉਠ ਉਠ ਧਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰਗਹਿ ਸਾਚੀ ਧੁਰ ਫ਼ਰਮਾਣ। ਸ਼ਬਦ ਦੁਲਾਰਾ ਸੀਸ ਝੁਕਾਇੰਦਾ, ਦੋਏ ਜੋੜ ਕਰੇ ਪਰਨਾਮ। ਪ੍ਰਭ ਤੇਰਾ ਹੁਕਮ ਸੀਸ ਟਿਕਾਇੰਦਾ, ਮਿਲਿਆ ਧੁਰ ਫ਼ਰਮਾਣ। ਤੇਰੀ ਰਚਨਾ ਰਚ ਵਖਾਇੰਦਾ, ਵਿਸ਼ਨੂੰ ਤੇਰਾ ਧਰੇ ਧਿਆਨ। ਅੰਤਰ ਆਤਮ ਕਵਲ ਭਰਾਇੰਦਾ, ਨਾਭੀ ਪਰਗਟ ਕਰੇ ਗੁਣ ਨਿਧਾਨ। ਬ੍ਰਹਮ ਤੇਰੀ ਧਾਰ ਬੰਧਾਇੰਦਾ, ਪਾਰਬ੍ਰਹਮ ਏਕਾ ਦਾਨ। ਸ਼ੰਕਰ ਸੁੰਨ ਅਗੰਮ ਸਮਾਇੰਦਾ, ਧੂਆਂਧਾਰ ਕਰੇ ਪਛਾਣ। ਤਿੰਨਾਂ ਏਕਾ ਰੰਗ ਰੰਗਾਇੰਦਾ, ਏਕਾ ਵੇਖਣਹਾਰਾ ਕਰੇ ਪਛਾਣ। ਰੂਪ ਅਨੂਪ ਆਪ ਦਰਸਾਇੰਦਾ, ਮਹਿਮਾ ਅਨੂਪ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪੇ ਦੇਵੇ ਸਾਚਾ ਦਾਨ। ਹਰਿ ਸਾਚਾ ਦਾਨ ਵਰਤਾਇੰਦਾ, ਵਡ ਦਾਤਾ ਗੁਣੀ ਗਹੀਰ। ਸੁਤ ਦੁਲਾਰਾ ਝੋਲੀ ਪਾਇੰਦਾ, ਮੰਗੀ ਮੰਗ ਇਕ ਅਖ਼ੀਰ। ਬੇਪਰਵਾਹ ਸਿਰ ਹੱਥ ਰਖਾਇੰਦਾ, ਸ਼ਾਹੋ ਭੂਪ ਵਡ ਪੀਰਨ ਪੀਰ। ਮਸਤਕ ਤਿਲਕ ਇਕ ਲਗਾਇੰਦਾ, ਏਕਾ ਬੰਨ੍ਹੇ ਸਾਚਾ ਚੀਰ। ਤੇਰੀ ਖੇਲ ਆਪ ਖਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਆਪੇ ਬੰਨ੍ਹਣਹਾਰ ਬੀੜ। ਹਰਿ ਸ਼ਬਦੀ ਬੇੜਾ ਬੰਨ੍ਹਿਆ, ਕਰ ਕਿਰਪਾ ਸਾਹਿਬ ਸੁਲਤਾਨ। ਵਿਸ਼ਨ ਬ੍ਰਹਮਾ ਸ਼ਿਵ ਆਪੇ ਜਣਿਆ, ਨਿਰਗੁਣ ਨਿਰਗੁਣ ਦੇਵੇ ਮਾਣ। ਏਕਾ ਰਾਗ ਸੁਣਾਏ ਕੰਨਿਆ, ਵਡ ਦਾਤਾ ਹੋ ਮਿਹਰਵਾਨ। ਆਪਣਾ ਭਾਂਡਾ ਆਪੇ ਭੰਨਿਆ, ਭੰਨਣਹਾਰ ਸ੍ਰੀ ਭਗਵਾਨ। ਸ਼ਬਦ ਸੁਤ ਦੁਲਾਰਾ ਮੰਨਿਆ, ਤਿੰਨਾਂ ਲੇਖਾ ਲਿਖੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹੱਥ ਵਖੌਣਾ ਸਚ ਨਿਸ਼ਾਨ। ਸੁਤ ਦੁਲਾਰਾ ਮੰਗਦਾ, ਦੋਏ ਜੋੜ ਕਰੇ ਨਿਮਸਕਾਰਾ। ਵਿਸ਼ਨ ਬ੍ਰਹਮਾ ਸ਼ਿਵ ਖੇਲ ਸੂਰੇ ਸਰਬੰਗ ਦਾ, ਨਾ ਕੋਈ ਜਾਣੇ ਪਾਰ ਕਿਨਾਰਾ। ਵੇਖੇ ਖੇਲ ਪਰਮਾਨੰਦ ਦਾ, ਘਰ ਮੰਦਰ ਹੋਏ ਉਜਿਆਰਾ। ਆਪਣਾ ਬੰਨ੍ਹਣ ਕਿਵੇਂ ਬੰਨ੍ਹਦਾ, ਆਪਣੇ ਹੱਥ ਡੋਰ ਰੱਖੇ ਕਰਤਾਰਾ। ਕਰੇ ਖੇਲ ਸੂਰੇ ਸਰਬੰਗ ਦਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰਾ। ਆਪਣੀ ਡੋਰੀ ਆਪੇ ਗੰਢਦਾ, ਦਿਸ ਨਾ ਆਏ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਹੁਲਾਰਾ। ਸਚ ਹੁਲਾਰਾ ਆਪ ਦੁਵਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਲਏ ਅੰਗੜਾਈਆ। ਸ਼ਬਦ ਦੁਲਾਰਾ ਵਿਚ ਰਖਾਇੰਦਾ, ਵਚੋਲਾ ਬਣਿਆ ਬੇਪਰਵਾਹੀਆ। ਧੁਰ ਫ਼ਰਮਾਣਾ ਇਕ ਸੁਣਾਇੰਦਾ, ਕਾਗਦ ਕਲਮ ਨਾ ਲਿਖੇ ਸ਼ਾਹੀਆ। ਸਚ ਗੁਫ਼ਤਾਰ ਆਪ ਰਖਾਇੰਦਾ, ਰਸਨਾ ਜਿਹਵਾ ਨਾ ਕੋਇ ਹਲਾਈਆ। ਜੋਤ ਪਰਕਾਸ਼ ਇਕ ਕਰਾਇੰਦਾ, ਨੂਰੋ ਨੂਰ ਡਗਮਗਾਈਆ। ਸ਼ਬਦ ਧੁਨ ਇਕ ਉਪਜਾਇੰਦਾ, ਬੋਧ ਅਗਾਧ ਦਏ ਵਡਿਆਈਆ। ਚਰਨ ਧਿਆਨ ਇਕ ਰਖਾਇੰਦਾ, ਚਰਨ ਕਵਲ ਸੱਚੀ ਸਰਨਾਈਆ। ਹਰਨ ਫਰਨ ਆਪ ਖੁਲਾਇੰਦਾ, ਆਪਣੀ ਬੂਝ ਆਪ ਬੁਝਾਈਆ। ਨਿਰਵੈਰ ਨਿਰਾਕਾਰ ਨਿਰਗੁਣ ਏਕਾ ਵਾਰ ਬ੍ਰਹਮੇ ਵਿਸ਼ਨ ਸ਼ਿਵ ਦਰਸ ਦਿਖਾਇੰਦਾ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਪੰਚਮ ਮੁਖ ਤਾਜ ਆਪ ਟਿਕਾਇੰਦਾ, ਆਪੇ ਆਪਣੀ ਕਰ ਵਿਚਾਰ। ਆਪਣੀ ਧਾਰ ਸ਼ਬਦ ਬਣਾਇੰਦਾ, ਪਹਿਲਾਂ ਆਪਣੀ ਕਰੇ ਕਾਰ। ਇਕ ਭੰਡਾਰਾ ਨਾਮ ਵਰਤਾਇੰਦਾ, ਵਿਸ਼ਨੂੰ ਵਿਸ਼ਵ ਕਰੇ ਪਿਆਰ। ਸਚ ਵਰਤਾਰਾ ਆਪ ਅਖਵਾਇੰਦਾ, ਦੇਵਣਹਾਰ ਨਿਰੰਕਾਰ। ਬ੍ਰਹਮਾ ਬ੍ਰਹਮ ਦਰਸਨ ਪਾਇੰਦਾ, ਨੇਤਰ ਨੈਣ ਉਘਾੜ। ਚਾਰੇ ਮੁਖ ਮੁਖ ਵਖਾਇੰਦਾ, ਪੰਚਮ ਮੁਖ ਸੀਸ ਦਸਤਾਰ। ਆਪਣੀ ਵੰਡ ਤੇਰੀ ਝੋਲੀ ਪਾਇੰਦਾ, ਦੇਵੇ ਵਸਤ ਅਪਰ ਅਪਾਰ। ਆਪਣਾ ਰਾਗ ਨਾਦ ਅਲਾਇੰਦਾ, ਧੁਨ ਵਜਾਏ ਸੱਚੀ ਧੁਨਕਾਰ। ਸ਼ੰਕਰ ਏਕਾ ਭੇਵ ਖੁਲ੍ਹਾਇੰਦਾ, ਆਪਣਾ ਖੋਲ੍ਹੇ ਬੰਦ ਕਿਵਾੜ। ਸਵਛ ਸਰੂਪ ਨਜ਼ਰੀ ਆਇੰਦਾ, ਅੰਧ ਅੰਧੇਰ ਨਾ ਕੋਇ ਅੰਧਿਆਰ। ਤਿੰਨਾਂ ਏਕਾ ਸੰਗ ਵਖਾਇੰਦਾ, ਸ਼ਾਹ ਪਾਤਸ਼ਾਹ ਬਣ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਵਖਾਏ ਆਪਣਾ ਦਰ, ਆਪਣਾ ਰੂਪ ਅਨੂਪ ਆਪ ਪਰਗਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰਸਨ ਪਾਇਆ, ਦੋਏ ਜੋੜ ਕਰਨ ਨਿਮਸਕਾਰਾ। ਪਾਰਬ੍ਰਹਮ ਵੱਡੀ ਵਡਿਆਇਆ, ਸਤਿ ਸਤਿਵਾਦੀ ਤੇਰਾ ਸਤਿ ਦਵਾਰਾ। ਹਉਂ ਸੇਵਕ ਬਣ ਕੇ ਦਰ ਤੇ ਆਇਆ, ਮੰਗਣ ਆਏ ਮੰਗ ਭਿਖਾਰਾ। ਚਰਨ ਕਵਲ ਕਵਲ ਚਰਨ ਬੈਠੇ ਧਿਆਨ ਲਗਾਇਆ, ਤੇਰਾ ਨੂਰ ਜ਼ਹੂਰ ਅਗੰਮ ਅਪਾਰਾ। ਨਿਰਗੁਣ ਸਰਗੁਣ ਖੇਲ ਖਿਲਾਇਆ, ਕਰਿਆ ਖੇਲ ਆਪਣੀ ਧਾਰਾ। ਤੇਰਾ ਦਰਸ ਕਵਣ ਦਵਾਰੇ ਦੂਜੀ ਵਾਰ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਇਆ। ਸਚ ਸੰਦੇਸ਼ਾ ਦਏ ਸ੍ਰੀ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਭੁੱਲ ਨਾ ਜਾਈਆ। ਤੇਰੀ ਖੋਲ੍ਹਾਂ ਇਕ ਦੁਕਾਨ, ਬ੍ਰਹਿਮੰਡ ਖੰਡ ਰਚਨ ਰਚਾਈਆ । ਲੋਆਂ ਪੁਰੀਆਂ ਵੇਖਾਂ ਮਾਰ ਧਿਆਨ, ਮੰਡਲ ਮੰਡਪ ਆਪ ਸੁਹਾਈਆ। ਤ੍ਰੈਗੁਣ ਮਾਇਆ ਦੇਵਾਂ ਦਾਨ, ਪੰਜ ਤਤ ਕਰਾਂ ਕੁੜਮਾਈਆ। ਲੱਖ ਚੁਰਾਸੀ ਰੂਪ ਪਰਗਟਾਏ ਵਿਚ ਜਹਾਨ, ਲੋਕਮਾਤ ਮਿਲੇ ਵਡਿਆਈਆ। ਜੀਵ ਜੰਤ ਹਰਿ ਭਗਵੰਤ ਵੇਖਣਹਾਰਾ ਸਾਚਾ ਕਾਹਨ, ਆਤਮ ਬ੍ਰਹਮ ਏਕਾ ਰੰਗ ਸਮਾਈਆ। ਈਸ਼ ਜੀਵ ਕਰੇ ਪਛਾਣ, ਜਗਦੀਸ਼ ਭੇਵ ਨਾ ਰਾਈਆ। ਪੰਜ ਤਤ ਦੇਵੇ ਮਾਣ, ਪੰਚਮ ਵਿਕਾਰ ਕਰੇ ਕੁੜਮਾਈਆ। ਪੰਚਮ ਸ਼ਬਦ ਇਕ ਗਿਆਨ, ਏਕਾ ਧੁਨ ਵਜਾਈਆ। ਘਰ ਵਿਚ ਘਰ ਸਚ ਮਕਾਨ, ਕਾਇਆ ਬੰਕ ਦਏ ਵਡਿਆਈਆ। ਆਦਿ ਨਿਰੰਜਣ ਨੂਰ ਮਹਾਨ, ਜੋਤ ਨਿਰੰਜਣ ਦਏ ਜਗਾਈਆ। ਅੰਮ੍ਰਿਤ ਆਤਮ ਪੀਣ ਖਾਣ, ਕਵਲ ਨਾਭ ਆਪ ਭਰਾਈਆ। ਆਤਮ ਸੇਜਾ ਹੋ ਪਰਧਾਨ, ਸਾਚੀ ਸੇਜ ਹੰਢਾਈਆ। ਸ਼ਬਦ ਅਨਾਦ ਸੱਚੀ ਧੁਨਕਾਨ, ਗ੍ਰਹਿ ਮੰਦਰ ਕਰੇ ਸ਼ਨਵਾਈਆ। ਸਖ਼ੀ ਮਿਲੇ ਸਾਚਾ ਕਾਹਨ, ਬ੍ਰਹਮ ਪਾਰਬ੍ਰਹਮ ਸਮਾਈਆ। ਚਾਰੇ ਖਾਣੀ ਇਕ ਨਿਸ਼ਾਨ, ਅੰਡਜ ਜੇਰਜ ਉਤਭੁਜ ਸੇਤਜ ਮਾਣ ਵਖਾਈਆ। ਚਾਰੇ ਬਾਣੀ ਇਕ ਗਿਆਨ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਵੇਦ ਹੋਣ ਕੁਰਬਾਨ, ਚਾਰੇ ਜੁਗ ਵੰਡ ਵੰਡਾਈਆ। ਚਾਰ ਵਰਨ ਬਣਨ ਨਾਦਾਨ, ਅਠਾਰਾਂ ਬਰਨ ਵੇਖੇ ਥਾਉਂ ਥਾਈਆ। ਲੇਖਾ ਜਾਣੇ ਜ਼ਿਮੀ ਅਸਮਾਨ, ਏਕਾ ਏਕ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਧੁਰ ਫ਼ਰਮਾਣ, ਜੁਗਾ ਜੁਗੰਤਰ ਆਪ ਸੁਣਾਈਆ। ਮਾਣਸ ਮਾਨੁਖ ਕਰ ਪਰਧਾਨ, ਜੀਵ ਆਤਮ ਦਏ ਵਡਿਆਈਆ। ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਸੰਤ ਭਗਤ ਆਪ ਆਪਣਾ ਰੰਗ ਆਪੇ ਮਾਣ, ਆਪੇ ਮੇਲੇ ਸਹਿਜ ਸੁਭਾਈਆ। ਜੁਗਾ ਜੁਗੰਤਰ ਖੇਲੇ ਖੇਲ ਸੱਚਾ ਸ਼ਹਿਨਸ਼ਾਹ ਸੁਲਤਾਨ, ਸੁਰਤੀ ਸ਼ਬਦ ਵੱਜੇ ਵਧਾਈਆ। ਲੱਖ ਚੁਰਾਸੀ ਗੇੜ ਬਣਾਏ ਜੀਵ ਜਹਾਨ, ਕਰਮ ਕੁਕਰਮਾਂ ਬੰਧਨ ਪਾਈਆ। ਚੌਦਾਂ ਵਿਦਿਆ ਕਰ ਪਰਧਾਨ, ਨੌ ਖੰਡ ਪ੍ਰਿਥਮੀ ਆਪ ਸੁਣਾਈਆ। ਸੱਤਾਂ ਦੀਪਾਂ ਕਰੇ ਪਛਾਣ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਸ਼ਬਦ ਅਨਾਦੀ ਨਾਦ ਸੁਣਾਈਆ। ਸ਼ਬਦ ਅਨਾਦੀ ਬੋਲਿਆ, ਕਰ ਕਿਰਪਾ ਹਰਿ ਕਰਤਾਰ। ਏਕਾ ਕੰਡੇ ਹਰਿ ਜੂ ਤੋਲਿਆ, ਤ੍ਰੈਗੁਣ ਮਾਇਆ ਤਤ ਭੰਡਾਰ। ਸਚਖੰਡ ਦਵਾਰਾ ਆਪੇ ਫੋਲਿਆ, ਨਿਰਗੁਣ ਨਿਰਗੁਣ ਪਾਵੇ ਸਾਰ। ਆਦਿ ਜੁਗਾਦਿ ਰਹੇ ਅਡੋਲਿਆ, ਡੋਲ ਜਾਏ ਨਾ ਵਿਚ ਸੰਸਾਰ। ਸਾਚੀ ਵਸਤ ਰੱਖੇ ਕੋਲਿਆ, ਜੁਗਾ ਜੁਗੰਤਰ ਬਣੇ ਵਰਤਾਰ। ਆਪਣੀ ਸ੍ਰਿਸ਼ਟੀ ਆਪੇ ਮੌਲਿਆ, ਮੌਲਾ ਰੂਪ ਸਿਰਜਣਹਾਰ। ਆਪੇ ਪਰਗਟੇ ਉਪਰ ਧੌਲਿਆ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਭੁੱਲ ਨਾ ਜਾਏ ਅਭੁੱਲ ਗੁਰ ਅਵਤਾਰ। ਭੁੱਲਣਹਾਰ ਅਭੁੱਲ ਕਦੇ ਨਾ ਭੁੱਲਿਆ, ਆਦਿ ਜੁਗਾਦਿ ਸਮਾਏ। ਜੁਗਾ ਜੁਗੰਤਰ ਪਾਏ ਮੁੱਲਿਆ, ਕਰਤਾ ਕੀਮਤ ਆਪ ਚੁਕਾਏ। ਲੱਖ ਚੁਰਾਸੀ ਫੁਲ ਫਲਵਾੜੀ ਮੌਲਿਆ, ਪਤ ਟਹਿਣੀ ਆਪ ਮਹਿਕਾਏ। ਆਪੇ ਭੌਰਾ ਗੂੰਜੇ ਬਣ ਬਣ ਉਪਰ ਧੌਲਿਆ, ਹਰਿਜਨ ਸਾਚੇ ਲਏ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਨੀ ਰਹਿਤ ਪੁਰਖ ਅਕਾਲਾ, ਆਪੇ ਜਾਣੇ ਆਪਣੀ ਚਾਲਾ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਏ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸਮਝਾਇੰਦਾ, ਸ਼ਬਦ ਨਿਸ਼ਅੱਖਰ ਏਕਾ ਬੋਲ। ਤਿੰਨਾਂ ਸੇਵਾ ਏਕਾ ਲਾਇੰਦਾ, ਸਾਚੀ ਵਸਤ ਭੰਡਾਰਾ ਦੇਵੇ ਖੋਲ੍ਹ। ਲੱਖ ਚੁਰਾਸੀ ਜੀਵ ਉਪਾਇੰਦਾ, ਘਟ ਘਟ ਅੰਦਰ ਜਾਏ ਮੌਲ। ਸੰਤ ਭਗਤ ਭਗਵੰਤ ਆਪ ਜਗਾਇੰਦਾ, ਲੇਖਾ ਜਾਣੇ ਧਰਨੀ ਧਰਤ ਧੌਲ। ਆਪਣਾ ਕੌਲ ਆਪ ਨਿਭਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਦੇਵੇ ਵਰ, ਸ਼ਿਵ ਆਪਣੇ ਹੁਕਮ ਚਲਾਇੰਦਾ। ਬ੍ਰਹਮੇ ਤੇਰਾ ਜਗਤ ਵਿਹਾਰਾ, ਪਾਰਬ੍ਰਹਮ ਬ੍ਰਹਮ ਸਮਝਾਇਆ। ਲੱਖ ਚੁਰਾਸੀ ਕਰ ਪਿਆਰਾ, ਤ੍ਰੈਗੁਣ ਬੰਧਨ ਪਾਇਆ। ਵਿਸ਼ਨੂੰ ਤੇਰਾ ਵਸਤ ਭੰਡਾਰਾ, ਏਕਾ ਵਾਰ ਵਰਤਾਇਆ। ਸ਼ੰਕਰ ਤੇਰਾ ਜਗਤ ਅਖਾੜਾ, ਥਿਰ ਕੋਇ ਰਹਿਣ ਨਾ ਪਾਇਆ। ਜੋ ਉਪਜੇ ਸੋ ਬਿਨਸੇ ਅੰਤਮ ਵਾਰਾ, ਪੁਰਖ ਅਬਿਨਾਸ਼ੀ ਰਚਨ ਰਚਾਇਆ। ਤਿੰਨਾਂ ਵਚੋਲਾ ਬਣੇ ਸੁਤ ਦੁਲਾਰਾ, ਜਗਤ ਵਿਹਾਰਾ ਰਿਹਾ ਵਖਾਇਆ। ਸਤਿਜੁਗ ਸਾਚਾ ਕਰ ਪਸਾਰਾ, ਏਕਾ ਮੰਤਰ ਨਾਮ ਦ੍ਰਿੜਾਇਆ। ਸੋ ਪੁਰਖ ਨਿਰੰਜਣ ਹੋ ਤਿਆਰਾ, ਨਿਰਗੁਣ ਆਪਣਾ ਰੰਗ ਰੰਗਾਇਆ। ਹੰ ਬ੍ਰਹਮ ਦਏ ਆਧਾਰਾ, ਸ੍ਵੈਮ ਰੂਪ ਸੋ ਪੁਰਖ ਨਿਰੰਜਣ ਸੋਹੰ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਰਿਹਾ ਖੁਲਾਇਆ। ਹਰਿ ਆਪਣਾ ਭੇਵ ਖਲਾਇੰਦਾ, ਆਦਿ ਪੁਰਖ ਅਗੰਮ ਅਪਾਰ। ਤਿੰਨਾਂ ਏਕਾ ਗੁਰ ਸਮਝਾਇੰਦਾ, ਕਰ ਕਿਰਪਾ ਨਿਰਾਕਾਰ। ਨੌਂ ਸੌ ਚੁਰਾਨਵੇ ਚੌਕੜੀ ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ, ਜੁਗ ਚੌਕੜੀ ਆਵੇ ਵਾਰੋ ਵਾਰ। ਸਤਿਜੁਗ ਤ੍ਰੇਤਾ ਦੁਆਪਰ ਰੂਪ ਪਰਗਟਾਇੰਦਾ, ਕਲਜੁਗ ਵੇਖੇ ਕਾਲੀ ਧਾਰ। ਨੌਂ ਨੌਂ ਗੇੜਾ ਆਪਣੇ ਹੱਥ ਰਖਾਇੰਦਾ, ਹਰਿ ਕਾ ਭੇਵ ਨਾ ਜਾਣੇ ਕੋਈ ਗੁਰ ਪੀਰ ਅਵਤਾਰ। ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ, ਬੇਅੰਤ ਸੱਚੀ ਸਰਕਾਰ। ਜੁਗ ਕਰਤਾ ਆਪਣਾ ਰੂਪ ਪਰਗਟਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਸਤਿਜੁਗ ਧਰਤ ਮਾਤ ਦੀ ਗੋਦ ਸੁਹਾਇੰਦਾ, ਸਿਰ ਰੱਖ  ਹੱਥ ਸਮਰਥ ਕਰਤਾਰ। ਸਾਚਾ ਮਾਰਗ ਇਕ ਵਖਾਇੰਦਾ, ਏਕਾ ਬ੍ਰਹਮ ਕਰ ਪਸਾਰ। ਆਤਮ ਬ੍ਰਹਮ ਭੇਵ ਚੁਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਸਾਚੀ ਕਾਰ ਬ੍ਰਹਮਾ ਸੁਤ ਲਏ ਉਭਾਰ। ਬਰਾਹ ਰੂਪ ਪਰਗਟਾਏ ਨਿਰੰਕਾਰ, ਯਗੇ ਪੁਰਸ਼ ਦਏ ਅਧਾਰ, ਹਾਵ ਗਰੀਵ ਹੋਏ ਉਜਿਆਰ, ਨਰ ਨਰਾਇਣ ਵਡ ਵਡਿਆਈਆ। ਕਪਲ ਮੁਨ ਪਾਏ ਸਾਰ, ਦਤਾ ਤ੍ਰੈ ਦਏ ਅਧਾਰ, ਰਿਖਭ ਬਖ਼ਸ਼ੇ ਚਰਨ ਪਿਆਰ, ਪ੍ਰਿਥੂ ਮੰਗੇ ਬਣ ਭਿਖਾਰ, ਮਤਸਯ ਵਸੇ ਜਲ ਧਾਰ, ਕਛਪ ਆਪਣਾ ਰੂਪ ਪਰਗਟਾਈਆ। ਵੈਦ ਧਨੰਤਰ ਰਿਹਾ ਵਿਚਾਰ, ਬਾਵਨ ਰੂਪ ਅਗੰਮ ਅਪਾਰ, ਹੰਸਾ ਬੋਲੇ ਹੰਸਾ ਡਾਰ, ਹਰੀ ਹਰਨਾਕਸ਼ ਆਪੇ ਮਾਰ, ਆਪਣਾ ਬਲ ਆਪ ਧਰਾਈਆ। ਆਪੇ ਨਰ ਨਰਾਇਣ ਬਣੇ ਕਰਤਾਰ, ਬੇੜਾ ਗਜ ਲਾਏ ਪਾਰ, ਬਾਲਕ ਧਰੂ ਲਏ ਉਭਾਰ, ਆਪਣਾ ਰੂਪ ਆਪ ਧਰਾਈਆ। ਸਤਿਜੁਗ ਆਏ ਅਠਾਰਾਂ ਵਾਰ, ਨਿਰਗੁਣ ਸਰਗੁਣ ਲੈ ਅਵਤਾਰ, ਨਿਤ ਨਵਿਤ ਖੇਲ ਖਿਲਾਈਆ। ਤ੍ਰੇਤਾ ਰੂਪ ਅਪਰ ਅਪਾਰ, ਕਰੇ ਖੇਲ ਸੱਚੀ ਸਰਕਾਰ, ਏਕਾ ਕਲ ਦੋਏ ਵਿਚਾਰ, ਬ੍ਰਹਿਮਣ ਸੁਤ ਲਾਏ ਪਾਰ, ਪਰਸ ਪਾਰਸ ਰੂਪ ਪਰਗਟਾਈਆ। ਰਾਮ ਰਾਮਾ ਹੋ ਉਜਿਆਰ, ਦਸਰਥ ਬੇਟਾ ਹੋਏ ਖ਼ਬਰਦਾਰ, ਜਨਕ ਸਪੁਤ੍ਰੀ ਕਰੇ ਪਿਆਰ, ਸਾਚਾ ਚਿਲਾ ਆਪੇ ਚਾੜ੍ਹ, ਆਪਣਾ ਬਲ ਆਪ ਧਰਾਈਆ। ਆਪੇ ਫਿਰੇ ਜੰਗਲ ਵਿਚ ਪਹਾੜ, ਆਪੇ ਸੀਤਾ ਸਵਾਣੀ ਕਰੇ ਖ਼ੁਵਾਰ, ਆਪੇ ਰਾਵਣ ਦੇਵੇ ਗੜ੍ਹ ਹੰਕਾਰ, ਆਪੇ ਬਾਨਰ ਗਲੇ ਲਗਾਈਆ। ਆਪੇ ਮਾਰਨਹਾਰਾ ਮਾਰ, ਆਪੇ ਡੁੱਬਦੇ ਜਾਏ ਤਾਰ, ਤੀਰ ਕਮਾਨ ਆਪਣੇ ਹੱਥ ਰਖਾਈਆ। ਆਪੇ ਗ਼ਰੀਬ ਨਿਮਾਣਿਆਂ ਪਾਵੇ ਸਾਰ, ਆਪੇ ਫੂਲਨ ਕਰੇ ਤਨ ਸ਼ੰਗਾਰ, ਜੂਠੇ ਬੇਰਾਂ ਆਪੇ ਭੋਗ ਲਗਾਈਆ। ਆਪੇ ਉਤਰੇ ਆਪਣੇ ਪਾਰ ਕਿਨਾਰ, ਤ੍ਰੇਤੇ ਵੇਖੇ ਦੋਏ ਦੋਏ ਵਾਰ, ਭੇਵ ਅਭੇਦਾ ਭੇਵ ਛੁਪਾਈਆ। ਆਪੇ ਤ੍ਰੇਤਾ ਲਏ ਸੰਘਾਰ, ਆਪੇ ਦੁਆਪਰ ਕਰੇ ਪਸਾਰ, ਆਪੇ ਕੁਵਾਰੀ ਕੰਨਿਆ ਅੰਦਰ ਬੰਨੇ ਆਪਣੀ ਧਾਰ, ਵੇਦ ਵਿਆਸਾ ਆਪੇ ਰੂਪ ਪਰਗਟਾਈਆ। ਆਪੇ ਪੁਰਾਨ ਅਠਾਰਾਂ ਗਾਏ ਆਪਣੀ ਵਾਰ, ਚਾਰ ਲੱਖ ਹਜਾਰ ਸਤਾਰਾਂ ਸਲੋਕ ਗਣਾਈਆ। ਆਪੇ ਨਾਰਦ ਦਏ ਅਧਾਰ, ਆਪੇ ਸੁਰਸਤੀ ਮਾਰੇ ਵਾਜ ਏਕਾ ਵਾਰ, ਛੱਤੀ ਰਾਗ ਮੁਖ ਸਲਾਹੀਆ। ਆਪ ਮੁਕੰਦ ਮਨੋਹਰ ਲਖ਼ਮੀ ਨਰਾਇਣ ਹੋਏ ਉਜਿਆਰ, ਆਪੇ ਬੰਸਰੀ ਨਾਮ ਵਜਾਈਆ। ਆਪੇ ਸਖ਼ੀਆਂ ਮੰਗਲਚਾਰ, ਆਪੇ ਗੋਕਲ ਮਥਰਾ ਬਿੰਦਰਾਬਨ ਕਰੇ ਆਪਣਾ ਵਿਹਾਰ, ਆਪੇ ਗਵਾਲਾ ਬਣ ਬਣ ਵੇਸ ਵਟਾਈਆ। ਆਪੇ ਬਿਦਰ ਸੁਦਾਮਾ ਲਾਏ ਪਾਰ, ਆਪੇ ਦ੍ਰੋਪਤ ਸੁਤ ਲੱਜਿਆ ਰੱਖੇ ਵਿਚ ਸੰਸਾਰ, ਆਪੇ ਗੀਤਾ ਅਰਜਨ ਆਪ ਦ੍ਰਿੜਾਈਆ। ਆਪੇ ਪੰਜੇ ਪਾਂਡੋਂ ਬਣਾਏ ਚਰਨ ਭਿਖਾਰ, ਆਪੇ ਤੋੜੇ ਗੜ੍ਹ ਹੰਕਾਰ, ਦੁਸ਼ਟ ਦਰਯੋਧਨ ਆਪ ਖਪਾਈਆ । ਆਪੇ ਰਥ ਰਥਵਾਹੀ ਬਣੇ ਸੱਚੀ ਸਰਕਾਰ, ਕਰੇ ਕਰਾਏ ਆਪਣੀ ਕਾਰ, ਮਹਾਂਸਾਰਥੀ ਨਾਉਂ ਧਰਾਈਆ। ਆਪੇ ਦੁਆਪਰ ਕਰੇ ਖ਼ਵਾਰ, ਆਪੇ ਕਲਜੁਗ ਸਾਚਾ ਲਏ ਉਸਾਰ, ਲੋਕਮਾਤ ਧਰਤ ਮਾਤ ਰੰਗ ਰੰਗਾਈਆ। ਕਲਜੁਗ ਜਗਤ ਕਰ ਪਸਾਰ, ਹਰਿ ਹਰਿ ਖੇਲ ਖਿਲਾਈਆ। ਵੇਖਣਹਾਰਾ ਹਰਿ ਨਿਰੰਕਾਰ, ਆਪਣਾ ਰੂਪ ਪਰਗਟਾਈਆ। ਏਕਾ ਹੁਕਮ ਸੱਚੀ ਸਰਕਾਰ, ਕਰੇ ਕਰਾਏ ਕਰਨੇਹਾਰ, ਧੁਰ ਦੀ ਬਾਣੀ ਬਾਣ ਲਗਾਈਆ। ਮਨ ਮਤ ਬੁਧ ਭਰੇ ਹੰਕਾਰ, ਕਾਮ ਕ੍ਰੋਧ ਲੋਭ ਮੋਹ ਹਲਕਾਈਆ। ਆਸਾ ਤ੍ਰਿਸ਼ਨਾ ਕਰੇ ਸ਼ੰਗਾਰ, ਹਉਮੇ ਹੰਗਤਾ ਗੜ੍ਹ ਬਣਾਈਆ। ਬੁਧ ਬਿਬੇਕੀ ਇਕ ਉਜਿਆਰ, ਬੋਧ ਗਿਆਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਅਵੱਲਾ, ਕਰੇ ਕਰਾਏ ਏਕਾ ਅੱਲਾ, ਆਲਮ ਭੇਵ ਕਿਸੇ ਨਾ ਆਈਆ। ਇਕ ਅਲਾਹੀ ਅੱਲਾ ਨੂਰ, ਆਪਣਾ ਖੇਲ ਆਪ ਖਲਾਇੰਦਾ। ਏਕਾ ਕਲਮਾ ਸਚ ਤੰਬੂਰ, ਚੌਦਾਂ ਤਬਕਾਂ ਆਪ ਸੁਣਾਇੰਦਾ। ਏਕਾ ਜੋਤੀ ਨੂਰ ਜ਼ਹੂਰ, ਲੋਕਮਾਤ ਪਰਗਟਾਇੰਦਾ। ਈਸਾ ਮੂਸਾ ਆਸਾ ਮਨਸਾ ਪੂਰ, ਮਨ ਮਨਸਾ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਸਾਚਾ ਹਰਿ, ਆਪਣਾ ਖੇਲ ਖਿਲਾਇੰਦਾ। ਆਪੇ ਕਲਮਾ ਕਾਇਨਾਤ, ਆਲਮ ਉਲਮਾ ਆਪ ਪੜ੍ਹਾਈਆ। ਆਪੇ ਵੇਖੇ ਮਾਰ ਝਾਤ, ਬ੍ਰਹਮ ਆਪਣਾ ਨਾਉਂ ਰਖਾਈਆ। ਆਪੇ ਖ਼ਲਕ ਖ਼ੁਦਾਈ ਵੇਖੇ ਇਕ ਇਕਾਂਤ, ਮੁਕਾਮੇ ਹੱਕ ਸੋਭਾ ਪਾਈਆ। ਆਪੇ ਦੇਵਣਹਾਰਾ ਨਿਜਾਤ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਸਦਾ ਪੁਛੇ ਵਾਤ, ਆਪ ਆਪਣਾ ਨੂਰ ਦਰਸਾਈਆ। ਆਪੇ ਚਾਰ ਯਾਰੀ ਬਣੇ ਸੱਜਣ ਸਾਕ, ਸਾਲਸ ਆਪਣਾ ਖੇਲ ਖਿਲਾਈਆ। ਆਪੇ ਹੋਇਆ ਪਾਕੀ ਪਾਕ, ਪਤਿਤ ਪਵਿਤ ਵਡ ਵਡਿਆਈਆ। ਆਪੇ ਚੜ੍ਹਿਆ ਸਾਚੇ ਰਾਕ, ਸ਼ਾਹ ਪਾਤਸ਼ਾਹ ਨਾਉਂ ਧਰਾਈਆ। ਆਪੇ ਮਾਰੇ ਇਕ ਪਲਾਕ, ਦੋ ਜਹਾਨਾਂ ਚਰਨ ਪਾਰ ਕਰਾਈਆ। ਆਪੇ ਲੱਖ ਚੁਰਾਸੀ ਕਰੇ ਖ਼ਾਕ, ਉਮਤ ਉਮਤੀ ਵੇਖ ਵਖਾਈਆ। ਆਪੇ ਉਤਰੇ ਆਪਣੇ ਘਾਟ, ਖੇਵਟ ਖੇਟਾ ਭੇਵ ਨਾ ਰਾਈਆ। ਆਪੇ ਵਿਕੇ ਆਪਣੇ ਹਾਟ, ਦੂਸਰ ਕੀਮਤ ਕੋਇ ਨਾ ਪਾਈਆ। ਆਪੇ ਸੁਤਾ ਆਪਣੀ ਖਾਟ, ਪਲੰਘ ਰੰਗੀਲਾ ਇਕ ਹੰਢਾਈਆ। ਆਪੇ ਜਾਣੇ ਆਪਣੀ ਵਾਟ, ਆਪਣਾ ਪੰਧ ਆਪ ਮੁਕਾਈਆ। ਆਪੇ ਜਾਣੇ ਆਪਣੀ ਬਾਤਨ ਬਾਤ, ਗੁਫ਼ਤਾਰ ਗੁਫ਼ਤਾਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਅਨਕ ਕਲ ਇਕ ਰਘਰਾਈਆ। ਇਕ ਅਕੱਲਾ ਕਲ ਆਪੇ ਧਾਰ, ਨਿਰਗੁਣ ਸਰਗੁਣ ਰੂਪ ਵਟਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਭੇਵ ਅਭੇਦਾ ਭੇਵ ਦਰਸਾਇਆ। ਪੰਜ ਤਤ ਕਰ ਪਿਆਰ, ਕਾਇਆ ਚੋਲਾ ਇਕ ਹੰਢਾਇਆ। ਨਾਨਕ ਨਿਰਗੁਣ ਨਿਰਾਕਾਰ ਹੋ ਉਜਿਆਰ, ਲੋਕਮਾਤ ਵੇਸ ਵਟਾਇਆ। ਧਰਨੀ ਧਰਤ ਧਵਲ ਹੌਲਾ ਕਰੇ ਭਾਰ, ਸੀਸ ਆਪਣੇ ਭਾਰ ਉਠਾਇਆ। ਮੰਗੀ ਮੰਗ ਇਕ ਦੁਵਾਰ, ਦੂਜੇ ਦਰ ਨਾ ਮੰਗਣ ਜਾਇਆ। ਪੁਰਖ ਅਬਿਨਾਸ਼ੀ ਭਰ ਭੰਡਾਰ, ਸਤਿ ਨਾਮ ਮੰਤਰ ਇਕ ਦ੍ਰਿੜਾਇਆ। ਚਾਰ ਵਰਨਾਂ ਕਰਾਏ ਵਣਜ ਵਾਪਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਪੁਰਖ ਅਕਾਲ ਇਕ ਵਡਿਆਇਆ। ਉਚੀ ਕੂਕ ਕੂਕ ਗਿਆ ਪੁਕਾਰ, ਕਲਜੁਗ ਜੀਵਾਂ ਆਪ ਸਮਝਾਇਆ। ਮਹਾਂਬਲੀ ਉਤਰੇ ਨਿਹਕਲੰਕ ਨਰਾਇਣ ਨਰ ਅਵਤਾਰ, ਮਾਤ ਪਿਤ ਨਾ ਕੋਈ ਜਾਇਆ। ਸਾਕ ਸੱਜਣ ਦਿਸੇ ਨਾ ਕੋਈ ਸੰਸਾਰ, ਜਗਤ ਨਾਰੀ ਨਾ ਕੰਤ ਪਰਨਾਇਆ। ਨਿਰਗੁਣ ਜੋਤ ਹੋਏ ਉਜਿਆਰ, ਸ਼ਬਦ ਗੁਰ ਡੰਕਾ ਹੱਥ ਉਠਾਇਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਬ੍ਰਹਿਮੰਡ ਖੰਡ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਲਏ ਉਠਾਲ, ਸੋਇਆ ਕੋਇ ਰਹਿਣ ਨਾ ਪਾਇਆ। ਕ੍ਰੋੜ ਤੇਤੀਸਾ ਕਰੇ ਬੇਹਾਲ, ਸੁਰਪਤ ਰਾਜਾ ਇੰਦ ਦਏ ਦੁਹਾਇਆ। ਕਿਨਰ ਯਛਪ ਨਾ ਗਾਇਣ ਆਪਣਾ ਗਾਣ, ਮਰਦੰਗ ਅੰਗ ਨਾ ਕੋਈ ਲਗਾਇਆ। ਭੁੱਖ ਨੰਗ ਕੱਟੇ ਸਰਬ ਜਹਾਨ, ਸੂਰਾ ਸਰਬੰਗ ਦਇਆ ਕਮਾਇਆ। ਕਿਸੇ ਕੋਲੋਂ ਮੰਗਣ ਨਾ ਜਾਏ ਕੋਈ ਦਾਨ, ਪੁਰਖ ਅਕਾਲ ਦੇਵਣਹਾਰ ਆਪ ਅਖਵਾਇਆ। ਜਨ ਭਗਤਾਂ ਤੋੜੇ ਜਗਤ ਜੰਜਾਲ, ਲੱਖ ਚੁਰਾਸੀ ਦਏ ਕਟਾਇਆ। ਦੀਪਕ ਮਸਤਕ ਵਖਾਏ ਸਾਚਾ ਥਾਲ, ਰਵ ਸਸ ਰਹੇ ਸ਼ਰਮਾਇਆ। ਨਾਮ ਵਸਤ ਦੇਵੇ ਸੱਚਾ ਧਨ ਮਾਲ, ਚੋਰ ਯਾਰ ਲੁਟ ਕੋਇ ਨਾ ਜਾਇਆ। ਗੁਰ ਨਾਨਕ ਸਿਖ਼ਿਆ ਗਿਆ ਸਿਖ਼ਾਲ, ਬਿਨ ਸ਼ਬਦ ਗੁਰ ਅਵਰ ਨਾ ਕੋਇ ਜਣਾਇਆ। ਕਾਇਆ ਮੰਦਰ ਵੇਖਣਾ ਸੱਚੀ ਧਰਮਸਾਲ, ਅੱਠੇ ਪਹਿਰ ਰਿਹਾ ਧੁਨ ਗਾਇਆ। ਬਹੱਤਰ ਤਾਲ ਤਲਵਾੜਾ ਵੱਜੇ ਏਕਾ ਤਾਲ, ਭੇਵ ਕਿਸੇ ਨਾ ਪਾਇਆ। ਗੁਰਸਿਖ ਗੁਰ ਚਰਨ ਪ੍ਰੀਤੀ ਰੀਤੀ ਘਾਲਣ ਲੈਣੀ ਘਾਲ, ਸਾਚਾ ਮਾਰਗ ਇਕ ਦਰਸਾਇਆ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾ ਜੁਗੰਤਰ ਚਲੇ ਨਾਲ ਨਾਲ, ਨਾ ਮਰੇ ਨਾ ਜਾਇਆ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਜਨ ਸਤਿਗੁਰ ਪੂਰੇ ਦਰਸਨ ਪਾਇਆ। ਲਾੜੀ ਮੌਤ ਹੋਏ ਬੇਹਾਲ, ਨੇਤਰ ਨੈਣ ਨਾ ਕਿਸੇ ਉਠਾਇਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਆਪ ਆਪਣਾ ਬਲ ਧਰਾਇਆ। ਸ੍ਰਿਸ਼ਟ ਸਬਾਈ ਪਾਏ ਏਕਾ ਆਣ, ਚਾਰ ਵਰਨ ਕਰੇ ਸਰਨਾਇਆ। ਏਕਾ ਹੁਕਮ ਧੁਰ ਫ਼ਰਮਾਣ, ਨੌਂ ਖੰਡ ਪ੍ਰਿਥਮੀ ਦਏ ਸੁਣਾਇਆ। ਭਗਤ ਭਗਵੰਤ ਲਏ ਪਛਾਣ, ਲੱਖ ਚੁਰਾਸੀ ਵਿਚੋਂ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਜੁਗ ਜੁਗ ਆਪਣਾ ਵੇਸ ਵਟਾਇਆ। ਨਾਨਕ ਜੋਤ ਅਗੰਮ ਅਪਾਰ, ਪੁਰਖ ਅਕਾਲ ਆਪ ਜਗਾਈਆ। ਅੰਗਦ ਕਰਿਆ ਅੰਗੀਕਾਰ, ਅੰਗ ਲਾਇਆ ਬੇਪਰਵਾਹੀਆ। ਵਖਾਇਆ ਘਰ ਸੱਚੀ ਧਰਮਸਾਲ, ਗ੍ਰਹਿ ਮੰਦਰ ਵੱਜੀ ਵਧਾਈਆ। ਚਰਨ ਪ੍ਰੀਤੀ ਨਿਭੀ ਨਾਲ, ਨਾ ਕੋਈ ਤੋੜੇ ਤੋੜ ਤੁੜਾਈਆ। ਬਿਰਧ ਅਵਸਥਾ ਅੰਮ੍ਰਿਤ ਆਤਮ ਮਾਰਿਆ ਇਕ ਉਛਾਲ, ਅਮਰੂ ਅੰਮ੍ਰਿਤ ਰਸ ਚਖਾਈਆ। ਅਮਰਦਾਸ ਹੋ ਕ੍ਰਿਪਾਲ, ਰਾਮਦਾਸ ਜੋਤ ਕਰੇ ਰੁਸ਼ਨਾਈਆ। ਰਾਮਦਾਸ ਮੇਲਾ ਇਕ ਅਕਾਲ, ਅਰਜਨ ਸ਼ਬਦ ਧੁਨ ਸ਼ਨਵਾਈਆ। ਕਰੇ ਖੇਲ ਦੋ ਜਹਾਨ, ਸ਼ਾਹ ਪਾਤਸ਼ਾਹ ਸੱਚੀ ਵਡਿਆਈਆ। ਸੰਤ ਭਗਤ ਭਗਵੰਤ ਆਪੇ ਭਾਲ, ਗੁਰਮੁਖ ਗੁਰਸਿਖ ਸੱਜਣ ਏਕਾ ਥਾਂ ਬਹਾਈਆ। ਗੁਰੂ ਗ੍ਰੰਥ ਤ੍ਰੈਗੁਣ ਮਾਇਆ ਪੰਜ ਤਤ ਲੱਖ ਚੁਰਾਸੀ ਫਲ ਲਗਾਇਆ ਡਾਲ੍ਹ, ਅੰਮ੍ਰਿਤ ਰਸ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਸ਼ਟ ਇਕ ਗੁਰਦੇਵ, ਏਕਾ ਸ਼ਬਦ ਆਦਿ ਜੁਗਾਦਿ ਕਰੇ ਸੇਵ, ਗੁਰ ਸ਼ਬਦ ਵੱਡੀ ਵਡਿਆਈਆ। ਗੁਰ ਸ਼ਬਦ ਭੇਵ ਨਿਆਰਾ, ਹਰਿ ਗੋਬਿੰਦ ਖੇਲ ਖਿਲਾਇੰਦਾ। ਖੜਗ ਖੰਡਾ ਤੇਜ ਕਟਾਰਾ, ਦੋਏ ਧਾਰਾ ਰੂਪ ਪਰਗਟਾਇੰਦਾ। ਸ਼ਬਦ ਗੁਰ ਵਸੇ ਨਿਆਰਾ, ਗੁਰੂ ਗ੍ਰੰਥ ਵੰਡ ਵੰਡਾਇੰਦਾ। ਜੋਤ ਦੇਹ ਕਰ ਪਸਾਰਾ, ਹਰਿ ਗੋਬਿੰਦ ਘੋੜੇ ਆਪ ਚੜ੍ਹਾਇੰਦਾ। ਕਰੇ ਖੇਲ ਸੱਚੀ ਸਰਕਾਰਾ, ਹਰਿ ਹਰਿ ਹਰਰਾਏ ਰੂਪ ਸਮਾਇੰਦਾ। ਬਾਲ ਅਵਸਥਾ ਪਾਰ ਕਿਨਾਰਾ, ਹਰਕ੍ਰਿਸ਼ਨ ਭੇਵ ਨਾ ਆਇੰਦਾ। ਗੁਰ ਤੇਗ ਬਹਾਦਰ ਠਾਂਡਾ ਦਰਬਾਰਾ, ਤਿਖੀ ਧਾਰ ਨਾਲ ਬੰਧਾਇੰਦਾ। ਪੁਰਖ ਅਕਾਲ ਆਪਣਾ ਏਕਾ ਸੁਤ ਦੁਲਾਰਾ, ਗੁਰ ਗੋਬਿੰਦ ਨਾਉਂ ਰਖਾਇੰਦਾ। ਸਿੰਘ ਸੂਰਬੀਰ ਬਲਕਾਰਾ, ਸਿੰਘ ਆਪਣਾ ਵੇਸ ਵਟਾਇੰਦਾ। ਏਕਾ ਸ਼ਬਦ ਬੋਲ ਜੈਕਾਰਾ, ਵਾਹ ਵਾਹ ਗੁਰੂ ਫ਼ਤਿਹ ਗਜਾਇੰਦਾ। ਵਾਹਿਗੁਰੂ ਸ਼ਬਦ ਅਪਾਰਾ, ਵਾਸਤਕ ਏਕਾ ਧਾਮ ਸੁਹਾਇੰਦਾ। ਪੀਆ ਪ੍ਰੀਤਮ ਮਿਲਿਆ ਸਾਚਾ ਯਾਰਾ, ਦਰ ਘਰ ਸਾਚੇ ਵੇਖ ਵਖਾਇੰਦਾ। ਏਕਾ ਮੰਗੇ ਮੰਗ ਭਿਖਾਰਾ, ਨੈਣ ਨੈਣਾਂ ਆਪ ਉਠਾਇੰਦਾ। ਹਵਨੀ ਹਵਨ ਪਾਰ ਕਿਨਾਰਾ, ਜੋਤੀ ਜੋਤ ਡਗਮਗਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ ਏਕਾ ਬਖ਼ਸ਼ੇ ਖੰਡਾ ਦੋ ਧਾਰਾ, ਲੁਹਾਰ ਤਰਖਾਣ ਨਾ ਕੋਈ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਅਜੂਨੀ ਰਹਿਤ ਪੁਰਖ ਅਕਾਲ ਵਰਤੇ ਵਰਤਾਰਾ, ਆਪਣੀ ਕਾਰ ਕਮਾਇੰਦਾ। ਨਿਰਗੁਣ ਰੂਪ ਪੁਰਖ ਅਕਾਲ, ਗੁਰ ਗੋਬਿੰਦ ਅੰਗ ਲਗਾਇੰਦਾ। ਸਾਚੇ ਘਰ ਸੱਚੀ ਧਰਮਸਾਲ, ਏਕਾ ਵਸਤ ਝੋਲੀ ਪਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਅੰਮ੍ਰਿਤ ਭੰਡਾਰਾ ਹੱਥ ਫੜਾਇੰਦਾ। ਨਿਰਾਕਾਰ ਬਣ ਦਲਾਲ, ਲੋਕਮਾਤ ਵੇਖ ਵਖਾਇੰਦਾ। ਗ਼ਰੀਬ ਨਿਮਾਣਿਆਂ ਕਰ ਪਿਆਰ, ਚਾਰ ਵਰਨ ਮੇਟ ਮਿਟਾਇੰਦਾ। ਵਰਨ ਅਵਰਨੀ ਹੋ ਤਿਆਰ, ਸਾਚੀ ਖੇਲ ਆਪ ਖਲਾਇੰਦਾ। ਕਰੇ ਖੇਲ ਸਤਿ ਕਰਤਾਰ, ਊਚਾਂ ਨੀਚਾਂ ਏਕਾ ਧਾਮ ਬਹਾਇੰਦਾ। ਰਾਓ ਰੰਕ ਇਕ ਪਿਆਰ, ਦੀਨਾ ਨਾਥ ਅਨਾਥ ਅਨਾਥਾਂ ਗਲੇ ਲਗਾਇੰਦਾ। ਆਪ ਆਪਣਾ ਬੰਨ੍ਹੇ ਹਾਰ, ਸਗਲਾ ਸਾਥ ਆਪ ਰਖਾਇੰਦਾ। ਆਪਣੀ ਰਚਨਾ ਆਪ ਵਿਚਾਰ, ਅੰਮ੍ਰਿਤ ਤਾਲ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤਰ, ਲੋਕਮਾਤ ਲੱਗੀ ਬਸੰਤਰ ਆਪ ਬੁਝਾਇੰਦਾ। ਲੱਗੀ ਬਸੰਤਰ ਲੋਕਮਾਤ, ਜੀਵ ਜੰਤ ਰਹੇ ਕੁਰਲਾਈਆ। ਪਾਰਬ੍ਰਹਮ ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਆਪਣਾ ਆਸਣ ਲਾਈਆ। ਆਪਣਾ ਜਾਣੇ ਜਣਾਏ ਆਪੇ ਮੰਤਰ, ਗੁਰ ਮੰਤਰ ਦਏ ਵਡਿਆਈਆ। ਗੁਰ ਗੋਬਿੰਦ ਬਣਾਏ ਬਣਤਰ, ਅੰਮ੍ਰਿਤ ਆਤਮ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਭੰਡਾਰਾ ਇਕ ਵਰਤਾਈਆ। ਸਚ ਭੰਡਾਰਾ ਅੰਮ੍ਰਿਤ ਰਸ, ਗੁਰ ਸਤਿਗੁਰ ਆਪ ਬਣਾਇਆ। ਖੰਡਾ ਫੇਰੇ ਹੱਸ ਹੱਸ, ਪੰਚਮ ਰੂਪ ਆਪ ਧਰਾਇਆ। ਬਾਣੀ ਬਾਣ ਮਾਰੇ ਕਸ, ਜਪ ਜੀ ਜਾਪ ਜਪਤ ਵਿਚ ਰਾਇਆ। ਆਪਣਾ ਮਾਰਗ ਆਪੇ ਦੱਸ, ਗੁਰਮੁਖ ਤੇਰਾ ਸਚ ਪਿਆਰ ਮਿੱਠਾ ਰਸ ਇਕ ਜਣਾਇਆ। ਧੁਰ ਦਰਗਾਹੀ ਆਇਆ ਨੱਸ, ਔਦਾਂ ਜਾਂਦਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਰੂਪ ਰਿਹਾ ਦਰਸਾਇਆ। ਏਕਾ ਰੂਪ ਹਰਿ ਦਰਸਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ। ਘਟ ਘਟ ਅੰਦਰ ਗੋਬਿੰਦ ਨਜ਼ਰੀ ਆਇੰਦਾ, ਚਾਰ ਵਰਨ ਨਾ ਕੋਈ ਵਿਚਾਰ। ਊਚ ਨੀਚ ਅੰਦਰ ਆਸਣ ਲਾਇੰਦਾ, ਪਾਰਬ੍ਰਹਮ ਸੱਚੀ ਸਰਕਾਰ। ਗੁਰ ਗੋਬਿੰਦ ਮੇਲ ਮਿਲਾਇੰਦਾ, ਫੜ ਫੜ ਮੇਲੇ ਵਿਛੜੇ ਯਾਰ। ਸਤਿਜੁਗ ਤ੍ਰੇਤਾ ਦੁਆਪਰ ਖੇਲ ਖਿਲਾਇੰਦਾ, ਕਲਜੁਗ ਆਈ ਅੰਤਮ ਵਾਰ। ਸਚ ਕਟਾਰਾ ਹੱਥ ਉਠਾਇੰਦਾ, ਦਾਮਨੀ ਦਮਕੇ ਚਮਕੇ ਏਕਾ ਵਾਰ। ਉਚੀ ਕੂਕ ਆਪ ਸੁਣਾਇੰਦਾ, ਗੁਰਮੁਖ ਆਏ ਚਲ ਦਵਾਰ। ਮੇਰਾ ਖੰਡਾ ਮੁਖ ਤਰਸਾਇੰਦਾ, ਰਤ ਪੀਵੇ ਕਰ ਪਿਆਰ। ਬ੍ਰਹਮ ਮਤ ਇਕ ਜਣਾਇੰਦਾ, ਗੁਰ ਮਤ ਦਏ ਅਧਾਰ। ਸਿੰਘ ਸੂਰਾ ਆਪ ਉਠਾਇੰਦਾ, ਸਿੰਘ ਦਇਆ ਕਰ ਪਿਆਰ। ਗੋਬਿੰਦ ਆਪਣੀ ਚਾਲੀ ਆਪ ਚਲਾਇੰਦਾ, ਪਹਿਲੋਂ ਆਪਣੇ ਉਪਰ ਕਰਿਆ ਵਾਰ। ਸੀਸ ਧੜ ਧੜ ਸੀਸ ਨਾ ਕੋਈ ਰਖਾਇੰਦਾ, ਜਗਤ ਜਗਦੀਸ ਸੱਚੀ ਸਰਕਾਰ। ਪੰਜ ਪਿਆਰੇ ਲੇਖੇ ਲਾਇੰਦਾ, ਲੇਖਾ ਜਾਣੇ ਨਾ ਕੋਇ ਜੀਵ ਗਵਾਰ। ਸਾਚਾ ਮੰਤਰ ਇਕ ਦ੍ਰਿੜਾਇੰਦਾ, ਏਕਾ ਇਸ਼ਟ ਪੁਰਖ ਅਕਾਲ। ਆਦਿ ਜੁਗਾਦਿ ਵੇਸ ਵਟਾਇੰਦਾ, ਗੁਰ ਪੀਰ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਹਰਿ, ਹਰਿ ਸਾਚਾ ਮੇਲ ਮਿਲਾਇੰਦਾ। ਗੋਬਿੰਦ ਮੇਲ ਮਿਲਾਨਿਆ, ਪਾਇਆ ਪਾਰਬ੍ਰਹਮ ਕਰਤਾਰ। ਹੱਥ ਫੜਾਏ ਤੀਰ ਕਮਾਨਿਆ, ਨੀਲੇ ਚੜ੍ਹਿਆ ਸ਼ਾਹ ਅਸਵਾਰ। ਜੋਧਾ ਸੂਰਬੀਰ ਬਲੀ ਬਲਵਾਨਿਆ, ਖੰਡਾ ਫੜੇ ਇਕ ਦੋ ਧਾਰ। ਲੇਖਾ ਜਾਣੇ ਦੋ ਜਹਾਨਿਆ, ਆਪ ਪਛਾਣੇ ਆਪਣੀ ਵਾਰ। ਪਿਤਾ ਪੂਤ ਕਰੇ ਕੁਰਬਾਨਿਆ, ਸੁਤ ਦੁਲਾਰੇ ਆਪੇ ਵਾਰ। ਸੂਲਾਂ ਸੱਥਰ ਸੇਜ ਆਪ ਹੰਢਾਨਿਆ, ਆਪੇ ਰਾਹ ਤੱਕੇ ਸਾਚੇ ਯਾਰ। ਸਾਚਾ ਭੰਡਾਰਾ ਇਕ ਰਖਾਨਿਆ, ਨਾ ਕੋਈ ਲਿਖੇ ਲਿਖਣਹਾਰ। ਪੁਰਖ ਅਕਾਲ ਹੋਇਆ ਮਿਹਰਵਾਨਿਆ, ਗੋਬਿੰਦ ਮਿਲਿਆ ਆਪੇ ਆਣ। ਲੇਖਾ ਮੁਕੇ ਦੋ ਜਹਾਨਿਆ, ਪਾਰਬ੍ਰਹਮ ਦੇਵੇ ਸਚ ਫ਼ਰਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਰੂਪ ਸ੍ਰੀ ਭਗਵਾਨ। ਸਚ ਸੰਦੇਸ਼ਾ ਹਰਿ ਨਰੇਸ਼ਾ, ਗੁਰ ਗੋਬਿੰਦ ਆਪ ਜਣਾਈਆ। ਕਲਜੁਗ ਅੰਤਮ ਚੁੱਕੇ ਲੇਖਾ, ਨੌਂ ਸੌ ਚੁਰਾਨਵੇਂ ਜੁਗ ਦੇਣ ਦੁਹਾਈਆ। ਰਾਹ ਤੱਕਣ ਤੇਰਾ ਬ੍ਰਹਮਾ ਵਿਸ਼ਨ ਮਹੇਸ਼ਾ, ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਰਿਹਾ ਸੁਣਾਈਆ। ਏਕਾ ਹੁਕਮ ਧੁਰ ਫ਼ਰਮਾਣਾ, ਪੁਰਖ ਅਕਾਲ ਆਪ ਜਣਾਇਆ। ਕਲਜੁਗ ਵਰਤੇ ਏਕਾ ਭਾਣਾ, ਹਰਿ ਭਾਣਾ ਵਡ ਵਡਿਆਇਆ। ਨਿਹਕਲੰਕ ਹਰਿ ਪਹਿਰੇ ਬਾਣਾ, ਰੂਪ ਰੇਖ ਨਾ ਕੋਈ ਵਖਾਇਆ। ਤੇਰਾ ਸੰਗ ਇਕ ਨਿਭਾਣਾ, ਸ਼ਬਦੀ ਤੇਰਾ ਨਾਉਂ ਪਰਗਟਾਇਆ। ਸੰਬਲ ਵਸੇ ਇਕ ਮਕਾਨਾ, ਲੁਹਾਰ ਤਰਖਾਣ ਨਾ ਕੋਈ ਬਣਾਇਆ। ਸਾਢੇ ਤਿੰਨ ਹੱਥ ਦੇਵੇ ਦਾਨਾ, ਘਰ ਘਰ ਵਿਚ ਲਏ ਬਹਾਇਆ। ਨਾ ਕੋਈ ਪੀਣਾ ਨਾ ਕੋਈ ਖਾਣਾ, ਆਸਾ ਤ੍ਰਿਸਨਾ ਨਾ ਕੋਈ ਵਖਾਇਆ। ਨਾ ਕੋਈ ਰਾਗ ਨਾ ਕੋਈ ਗਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਸਚ ਸਨੇਹੜਾ ਆਪ ਜਣਾਇਆ। ਗੁਰ ਗੋਬਿੰਦ ਸੁਣਿਆ ਹਰਿ ਸੰਦੇਸ਼, ਘਰ ਸਾਚੇ ਵੱਜੀ ਵਧਾਈਆ। ਪੁਰਖ ਅਕਾਲ ਇਕ ਨਰੇਸ਼, ਸਾਚੇ ਤਖ਼ਤ ਬੈਠਾ ਸੱਚਾ ਪਾਤਸ਼ਾਹੀਆ। ਆਦਿ ਜੁਗਾਦਿ ਇਕ ਆਦੇਸ, ਜੁਗਾ ਜੁਗੰਤਰ ਵਡ ਵਡਿਆਈਆ। ਕਲਜੁਗ ਅੰਤਮ ਲਏ ਵੇਖ, ਨਿਰਗੁਣ ਨਿਰਵੈਰ ਪੁਰਖ ਅਕਾਲ ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਗੁਰ ਪਰਗਟੇ ਦਸ ਦਸਮੇਸ, ਗੁਰ ਨਾਨਕ ਮਾਰਗ ਇਕ ਵਖਾਈਆ। ਸਤਿਗੁਰ ਪੂਰਾ ਨਾ ਕੋਈ ਮੁਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਲੇਖਾ ਲਏ ਵੇਖ, ਆਦਿ ਆਦਿ ਜੋ ਗਿਆ ਸਮਝਾਈਆ। ਚੌਥੇ ਜੁਗ ਕਿਸੇ ਨਾ ਚਲੇ ਕੋਈ ਪੇਸ਼, ਚਾਰੇ ਵੇਦ ਦੇਣ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਜੋਤ ਹਰਿ ਨਿਰੰਕਾਰਾ, ਕਲਜੁਗ ਅੰਤਮ ਵੇਸ ਵਟਾਇੰਦਾ। ਨਾਉਂ ਰੱਖ ਨਿਹਕਲੰਕ ਨਰ ਅਵਤਾਰਾ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਪਾਰ ਕਿਨਾਰਾ, ਤ੍ਰੈਭਵਣ ਏਕਾ ਡੰਕ ਵਜਾਇੰਦਾ। ਚੌਦਾਂ ਲੋਕ ਲਗਾਏ ਇਕ ਅਖਾੜਾ, ਨਿਰਗੁਣ ਆਪਣਾ ਨਾਚ ਨਚਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਫੋਲ ਫੁਲਾਇੰਦਾ। ਸੱਤਾਂ ਦੀਪਾਂ ਲਾਏ ਏਕਾ ਨਾਅਰਾ, ਸੋ ਪੁਰਖ ਨਿਰੰਜਣ ਏਕਾ ਢੋਲਾ ਗਾਇੰਦਾ। ਚਾਰ ਵਰਨਾਂ ਕਰੇ ਖ਼ਵਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਏਕਾ ਘਰ ਵਖਾਏ ਸੱਚਾ ਦਰਬਾਰਾ, ਥਿਰ ਘਰ ਵਾਸੀ ਆਪ ਖੁਲ੍ਹਾਇੰਦਾ। ਨਿਰਗੁਣ ਜੋਤ ਕਰੇ ਉਜਿਆਰਾ, ਘਟ ਘਟ ਦੀਵਾ ਬਾਤੀ ਆਪ ਜਗਾਇੰਦਾ। ਕਮਲਾਪਾਤੀ ਮੀਤ ਮੁਰਾਰਾ, ਪੀਆ ਪ੍ਰੀਤਮ ਸੰਗ ਨਿਭਾਇੰਦਾ। ਆਲਸ ਨਿੰਦਰਾ ਵਸੇ ਬਾਹਰਾ, ਸੁਫ਼ਨ ਸਖ਼ੋਪਤ ਜਾਗਰਤ ਤੁਰੀਆ ਆਪਣਾ ਨਾਦ ਵਜਾਇੰਦਾ। ਆਪੇ ਵਸੇ ਸਾਚੀ ਪੁਰੀਆ, ਪੁਰੀ ਅਨੰਦ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕ ਸ਼ਬਦ ਦਮਾਮਾ, ਆਪ ਵਜਾਏ ਰਮੱਯਾ ਰਾਮਾ, ਲੇਖਾ ਜਾਣੇ ਘਨੱਯਾ ਸ਼ਾਮਾ, ਸਾਚੀ ਖੇਲ ਆਪ ਖਲਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕ ਬਲੀ ਬਲਵਾਨ। ਸ਼ਾਹ ਸੁਲਤਾਨਾ ਰਿਹਾ ਜਗਾਇਆ, ਭੁੱਲਾ ਰਹੇ ਨਾ ਕੋਇ ਨਾਦਾਨ। ਸੰਮਤ ਵੀਹ ਸੌ ਸਤਾਰਾਂ ਬਿਕ੍ਰਮੀ ਦਏ ਦੁਹਾਇਆ, ਪਰਗਟ ਹੋਏ ਵਾਲੀ ਦੋ ਜਹਾਨ। ਨੌਂ ਖੰਡ ਪ੍ਰਿਥਮੀ ਏਕਾ ਚੱਕਰ ਦਏ ਫਿਰਾਇਆ, ਲੇਖਾ ਜਾਣੇ ਜ਼ਿਮੀ ਅਸਮਾਨ। ਵਾਲੀ ਹਿੰਦ ਦਏ ਉਠਾਇਆ, ਹੁਕਮੀ ਹੁਕਮ ਦੇਵੇ ਧੁਰ ਫ਼ਰਮਾਣ। ਤਖ਼ਤ ਤਾਜ ਰਹਿਣ ਨਾ ਪਾਇਆ, ਕਲਜੁਗ ਝੂਠਾ ਮਿਟੇ ਨਿਸ਼ਾਨ। ਨੌਂ ਖੰਡ ਪ੍ਰਿਥਮੀ ਜਗਤ ਅਖਾੜਾ ਦਏ ਵਖਾਇਆ, ਖ਼ਾਲੀ ਹੱਥ ਫਿਰੇ ਬਲਵਾਨ। ਸੀਸ ਆਪਣੇ ਤਾਜ ਟਿਕਾਇਆ, ਦੂਜੀ ਮੰਨੇ ਨਾ ਕਿਸੇ ਦੀ ਆਣ। ਵੀਹ ਸੌ ਅਠਾਰਾਂ ਬਿਕ੍ਰਮੀ ਏਕਾ ਡੰਕਾ ਦਏ ਸੁਣਾਇਆ, ਧੁਨ ਉਪਜਾਏ ਸ੍ਰੀ ਭਗਵਾਨ। ਉਨੀ ਉਨੀਸਾ ਮੂਲ ਚੁਕਾਇਆ, ਮੁਖ ਨਕਾਬ ਉਠਾਏ ਨੌਜਵਾਨ। ਬੀਸ ਬੀਸਾ ਰਾਹ ਤਕਾਇਆ, ਨਾਤਾ ਤੁਟੇ ਪੰਜ ਸ਼ੈਤਾਨ। ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇਆ, ਦੀਨ ਮਜ਼੍ਹਬ ਨਾ ਦੇਵੇ ਕੋਇ ਗਿਆਨ। ਰਾਮ ਕ੍ਰਿਸ਼ਨ ਓਮ ਸਤਿ ਬ੍ਰਹਮ ਮਤ ਕਲਮਾ ਕਾਇਨਾਤ ਇਕ ਅਮਾਮ ਜਣਾਇਆ, ਸਜਦਾ ਸੀਸ ਨਾ ਕੋਇ ਝੁਕਾਈਆ। ਨਾਮ ਸਤਿ ਵਾਹਿਗੁਰੂ ਫ਼ਤਹਿ ਏਕਾ ਰੰਗ ਰੰਗਾਇਆ, ਏਕਾ ਰੂਪ ਸਰਬ ਦਰਸਾਈਆ। ਏਕਾ ਇਸ਼ਟ ਏਕਾ ਸ੍ਰਿਸ਼ਟ ਏਕਾ ਦ੍ਰਿਸ਼ਟ ਦਏ ਖੁਲ੍ਹਾਇਆ, ਦੂਈ ਦਵੈਤੀ ਪਰਦਾ ਆਪ ਚੁਕਾਈਆ। ਸਚ ਬਹਿਸ਼ਤ ਦਏ ਸਮਝਾਇਆ, ਸਤਿਗੁਰ ਚਰਨ ਸੱਚੀ ਸਰਨਾਈਆ। ਸਚ ਸਵਰਗ ਦਏ ਵਖਾਇਆ, ਸਤਿਗੁਰ ਪੂਰਾ ਏਕਾ ਨਜ਼ਰੀ ਆਈਆ। ਨੂਰੋ ਨੂਰ ਨੂਰ ਡਗਮਗਾਇਆ, ਅੰਧ ਅੰਧੇਰ ਦਏ ਗਵਾਈਆ। ਬਣ ਕੇ ਸਾਕੀ ਸਾਚਾ ਜਾਮ ਦਏ ਪਿਆਇਆ, ਧੁਰ ਦਰਗਾਹੀ ਲੈ ਕੇ ਆਇਆ ਸਚ ਸੁਰਾਹੀਆ। ਸਤਿਜੁਗ ਬੂਟਾ ਦਏ ਲਗਾਇਆ, ਨਾ ਕੋਈ ਸਕੇ ਮਾਤ ਉਖੜਾਈਆ। ਨੌਂ ਖੰਡ ਪ੍ਰਿਥਮੀ ਵਿਚੋਂ ਯਾਰਾਂ ਲੱਖ ਲਏ ਬਚਾਇਆ, ਬਾਕੀ ਰਾਏ ਧਰਮ ਦੀ ਝੋਲੀ ਪਾਈਆ। ਬਿਨ ਹਰਿ ਅੰਤ ਵੇਲੇ ਨਾ ਹੋਏ ਕੋਇ ਸਹਾਇਆ, ਨਾਨਕ ਗੋਬਿੰਦ ਦਏ ਗਵਾਹੀਆ। ਗੁਰੂ ਗ੍ਰੰਥ ਨਾ ਕਿਸੇ ਮਨਾਇਆ, ਮਨ ਦੀ ਮੈਲ ਨਾ ਕੋਇ ਧੁਵਾਈਆ। ਦੂਈ ਦਵੈਤੀ ਪਰਦਾ ਨਾ ਕਿਸੇ ਉਠਾਇਆ, ਘਰ ਘਰ ਪਈ ਲੜਾਈਆ। ਗੁਰ ਗੋਬਿੰਦ ਸੂਰਬੀਰ ਨਜ਼ਰ ਕਿਸੇ ਨਾ ਆਇਆ, ਜਗਤ ਸਿਖ ਰੋਵਣ ਮਾਰਨ ਧਾਹੀਆ। ਗੁਰਮੁਖ ਵਿਰਲੇ ਦਰਸਨ ਪਾਇਆ, ਜਿਸ ਕਿਰਪਾ ਕਰੀ ਸੱਚੇ ਸ਼ਹਿਨਸ਼ਾਹੀਆ। ਕੋਟ ਕੋਟ ਜਨਮ ਦੇ ਪਾਪ ਗਵਾਇਆ, ਅੰਮ੍ਰਿਤ ਜਾਮ ਇਕ ਪਿਆਈਆ। ਕਲਜੁਗ ਜੀਵ ਆਹਲਨਿਉਂ ਡਿਗੇ ਬੋਟ ਆਪ ਉਠਾਇਆ, ਪੂਰਬ ਲਹਿਣਾ ਝੋਲੀ ਪਾਈਆ। ਸਾਚਾ ਕਿਲਾ ਕੋਟ ਆਪ ਬਣਾਇਆ, ਸੰਬਲ ਨਗਰ ਧਾਮ ਵਸਾਈਆ। ਸ਼ਬਦ ਨਗਾਰੇ ਚੋਟ ਲਗਾਇਆ, ਰਣਜੀਤ ਨਗਾਰਾ ਵਜਾਏ ਬੇਪਰਵਾਹੀਆ। ਵਰਨ ਗੋਤ ਨਾ ਕੋਇ ਬਣਾਇਆ, ਆਤਮ ਬ੍ਰਹਮ ਕਰੇ ਪੜ੍ਹਾਈਆ। ਪਾਰਬ੍ਰਹਮ ਸਰਬ ਦਏ ਵਖਾਇਆ, ਜੋ ਚਲ ਆਏ ਸਰਨਾਈਆ। ਕਰਮ ਕੁਕਰਮਾਂ ਦਏ ਕਟਾਇਆ, ਜਮ ਕੀ ਫ਼ਾਸੀ ਦਏ ਤੁੜਾਈਆ। ਘਨਕ ਪੁਰ ਵਾਸੀ ਜੋਤ ਜਗਾਇਆ, ਅਕਲ ਕਲ ਆਪ ਹੋ ਜਾਈਆ। ਗੁਰ ਦਰ ਮੰਦਰ ਮਸਜਿਦ ਮਠ ਬੰਦ ਨਾ ਕਿਸੇ ਰਖਾਇਆ, ਸ਼ਿਵਦਵਾਲੇ ਪਾ ਨਾ ਬੈਠਾ ਕੋਇ ਫਾਹੀਆ। ਘਟ ਘਟ ਅੰਦਰ ਆਪਣਾ ਡੇਰਾ ਲਾਇਆ, ਸਵਾਂਗੀ ਬੈਠਾ ਸਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਘਾੜਨ ਘੜ, ਆਪੇ ਭੰਨ ਵਖਾਈਆ। ਬ੍ਰਹਮੇ ਤੇਰਾ ਘਾੜਨ ਘੜਿਆ, ਹਰਿ ਹਰਿ ਵੇਖ ਵਖਾਇੰਦਾ। ਵਿਸ਼ਨੂੰ ਤੇਰਾ ਭੰਡਾਰ ਅਪਰਿਆ, ਲੱਖ ਚੁਰਾਸੀ ਕਵਣ ਵਰਤਾਇੰਦਾ। ਸ਼ੰਕਰ ਤੇਰਾ ਤ੍ਰਸੂਲ ਫੜਿਆ, ਵੇਲਾ ਅੰਤ ਸਰਬ ਸਮਝਾਇੰਦਾ। ਨਰ ਨਰਾਇਣ ਏਕਾ ਹਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਕਲਜੁਗ ਅੰਤਮ ਵੇਖੇ ਜਗਤ ਤਮਾਸ਼ਾ, ਤ੍ਰੈਗੁਣ ਅਤੀਤਾ ਭਗਤਨ ਮੀਤਾ, ਠਾਂਡਾ ਸੀਤਾ ਇਕ ਅਖਵਾਇੰਦਾ। ਠਾਂਡਾ ਸੀਤਾ ਸਤਿਗੁਰ ਧਾਰ, ਗੁਰ ਸ਼ਬਦੀ ਨਾਉਂ ਰਖਾਇੰਦਾ। ਸੰਤ ਭਗਤ ਭਗਵੰਤ ਲਏ ਉਭਾਰ, ਗੁਰਮੁਖ ਆਪਣੇ ਲੇਖੇ ਪਾਇੰਦਾ। ਗੁਰਸਿਖਾਂ ਕਰੇ ਸਚ ਪਿਆਰ, ਸਚ ਸੁਹੰਜਣੀ ਸੇਜ ਸੁਹਾਇੰਦਾ। ਨੌਂ ਦਵਾਰੇ ਪਾਰ ਕਿਨਾਰ, ਡੂੰਘੀ ਭਵਰੀ ਕਵਰੀ ਫੋਲ ਫੁਲਾਇੰਦਾ। ਸੁਖ਼ਮਨ ਨਾੜੀ ਟੇਢੀ ਬੰਕ ਦਏ ਆਧਾਰ, ਈੜਾ ਪਿੰਗਲ ਪੰਧ ਮੁਕਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਅੰਧ ਅੰਧੇਰ ਗਵਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰ, ਭਰ ਪਿਆਲਾ ਜਾਮ ਪਿਆਇੰਦਾ। ਬਜਰ ਕਪਾਟੀ ਤੋੜ ਕਿਵਾੜ, ਸਚ ਸਿੰਘਾਸਣ ਇਕ ਸੁਹਾਇੰਦਾ। ਆਤਮ ਸੇਜਾ ਕਰ ਪਿਆਰ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸਾਚਾ ਮੰਦਰ ਹਰਿ ਨਿਰੰਕਾਰ, ਆਪਣਾ ਖੇਲ ਖਿਲਾਇੰਦਾ। ਭਗਤ ਵਛਲ ਭਗਤਨ ਦਏ ਆਧਾਰ, ਭਗਤੀ ਮਾਰਗ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਉਜਾੜੇ ਖੇੜਾ, ਸ੍ਰਿਸ਼ਟ ਸਬਾਈ ਭੇੜ ਭੇੜਾ, ਧਰਤ ਮਾਤ ਦਾ ਖੁਲ੍ਹਾ ਵੇਹੜਾ, ਆਪ ਕਰਾਈਆ। ਧਰਤ ਮਾਤ ਤੇਰੀ ਸੁਣ ਪੁਕਾਰ, ਨਿਰਗੁਣ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਚਵੀਆਂ ਲੈ ਅਵਤਾਰ, ਨਿਹਕਲੰਕ ਨਾਉਂ ਰਖਾਇੰਦਾ। ਦਹਿ ਦਿਸ਼ਾਂ ਪਾਵੇ ਸਾਰ, ਚਾਰ ਕੁੰਟ ਵੇਸ ਵਟਾਇੰਦਾ। ਗੁਰਮੁਖ ਕਰੇ ਸਚ ਪਿਆਰ, ਸਾਚੀ ਸਿਖ਼ਿਆ ਇਕ ਸੁਣਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਆਦਿ ਅੰਤ ਹੋਏ ਕਿਰਪਾਲਾ, ਕਿਰਪਾਨਿਧ ਗਹਿਰ ਗੁਣ ਠਾਕਰ, ਸਰਬ ਸਵਾਮੀ ਸਦਾ ਨੇਹਕਾਮੀ, ਅੰਤਮਜਾਮੀ ਆਪਣੀ ਗਤ ਆਪ ਜਣਾਇੰਦਾ। ਗਤ ਮਿਤ ਜਣਾਏ ਜਾਨਣ ਯੋਗ, ਗੁਰਮੁਖਾਂ ਦਏ ਵਡ ਵਡਿਆਈਆ। ਏਕਾ ਰਸ ਏਕਾ ਭੋਗ, ਏਕਾ ਆਤਮ ਸੁਖ ਸਮਝਾਈਆ। ਏਕਾ ਮੁਕਤ ਏਕਾ ਮੋਖ, ਗੁਰਸਿਖ ਤੇਰੇ ਚਰਨਾਂ ਹੇਠ ਦਬਾਈਆ। ਸਤਿ ਸਤਿਵਾਦੀ ਬਖ਼ਸ਼ੇ ਸਾਚੀ ਓਟ, ਸਤਿ ਪੁਰਖ ਨਿਰੰਜਣ ਬੇਪਰਵਾਹੀਆ। ਮਨਮੁਖਾਂ ਜੀਵਾਂ ਮਾਇਆ ਮਮਤਾ ਭਰੀ ਨਾ ਅਜੇ ਪੋਟ, ਜੇਹਵਾ ਕਾਗ ਵਾਂਗ ਕੁਰਲਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕੱਢੇ ਵਾਸਨਾ ਖੋਟ, ਦੁਰਮਤ ਮੈਲ ਨਾ ਕੋਇ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਆਪਣੀ ਗੋਦ ਉਠਾਈਆ। ਗੁਰਸਿਖ ਗੋਦ ਉਠਾਇੰਦਾ, ਗੁਰ ਸਤਿਗੁਰ ਵਡ ਮਿਹਰਵਾਨ। ਬੋਧ ਅਗਾਧ ਜਣਾਇੰਦਾ, ਧੁਰ ਦੀ ਬਾਣੀ ਬ੍ਰਹਮ ਗਿਆਨ। ਹੰਕਾਰੀ ਕਿਲਾ ਕੋਟ ਆਪੇ ਢਾਇੰਦਾ, ਸ਼ਬਦ ਅਗੰਮੀ ਮਾਰੇ ਬਾਣ। ਜਗਤ ਵਾਸਨਾ ਮੂਲ ਚੁਕਾਇੰਦਾ, ਬਖ਼ਸ਼ੇ ਚਰਨ ਕਵਲ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਜੀਆ ਦਾਨ। ਜੀਆ ਦਾਨ ਦੇਵਣਹਾਰ ਦਾਤਾਰਾ, ਤ੍ਰੈਗੁਣ ਵਿਚ ਕਦੇ ਨਾ ਆਇਆ। ਸਵਛ ਸਰੂਪੀ ਭਰ ਭੰਡਾਰਾ, ਅਨਭਵ ਰੂਪ ਹੋਏ ਸਹਾਇਆ। ਏਕਾ ਏਕ ਏਕੰਕਾਰਾ, ਆਪਣੀ ਕਲ ਆਪ ਵਖਾਇਆ। ਕਲ ਮੇਟਣਹਾਰਾ ਧੁੰਦੂਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਏਕਾ ਦਾਨ, ਨਾਮ ਅਮੋਲਕ ਕਾਇਆ ਗੋਲਕ, ਗੁਰਸਿਖ ਝੋਲੀ ਆਪ ਭਰਾਇਆ।