੧੪ ਚੇਤਰ ੨੦੧੭ ਬਿਕ੍ਰਮੀ ਮੋਹਣ ਸਿੰਘ ਦੇ ਘਰ ਪਿੰਡ ਤਾਰਾ ਚੱਕ ਜ਼ਿਲਾ ਗੁਰਦਾਸ ਪੁਰ
ਹਰਿ ਸ਼ਬਦ ਵਿਚੋਲਾ ਲੋਕਮਾਤ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਮੇਟੇ ਰੈਣ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਚਰਨ ਪ੍ਰੀਤੀ ਬਖ਼ਸ਼ੇ ਏਕਾ ਦਾਤ, ਸਿਰ ਆਪਣਾ ਹੱਥ ਰਖਾਈਆ। ਦਰਸ ਦਿਖਾਏ ਇਕ ਇਕਾਂਤ, ਨੂਰ ਨੁਰਾਨਾ ਬੇਪਰਵਾਹੀਆ। ਉਤਮ ਰੱਖੇ ਗੁਰਸਿਖ ਜ਼ਾਤ, ਬ੍ਰਹਮ ਪਾਰਬ੍ਰਹਮ ਵਖਾਈਆ। ਨਾਮ ਜਣਾਏ ਆਪਣੀ ਗਾਥ, ਸਾਚੀ ਸਿਖਿਆ ਸਿਖ ਸਮਝਾਈਆ। ਆਦਿ ਜੁਗਾਦਿ ਰੱਖੇ ਸਾਥ, ਵਿਛੜ ਕਦੇ ਨਾ ਜਾਈਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਕਲਜੁਗ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪ ਗਣਾਈਆ। ਲੇਖਾ ਲਿਖਣਹਾਰ ਗੋਪਾਲਾ, ਪੁਰਖ ਅਬਿਨਾਸ਼ੀ ਆਪ ਰਖਾਇੰਦਾ। ਕਾਇਆ ਮੰਦਰ ਵੇਖੇ ਸਚ ਸੱਚੀ ਧਰਮਸਾਲਾ, ਘਰ ਮੰਦਰ ਸੋਭਾ ਪਾਇੰਦਾ। ਸ਼ਬਦ ਵਜਾਏ ਸਾਚਾ ਤਾਲਾ, ਤਾਲ ਤਲਵਾੜਾ ਨਾ ਕੋਇ ਵਖਾਇੰਦਾ। ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਫਲ ਲਗਾਏ ਸਾਚੇ ਡਾਲਾ, ਅੰਮ੍ਰਿਤ ਮੇਵਾ ਆਪ ਖੁਆਇੰਦਾ। ਲੱਖ ਚੁਰਾਸੀ ਤੋੜ ਜੰਜਾਲਾ, ਜਨਮ ਮਰਨ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਸਮਾਇੰਦਾ। ਸਾਚਾ ਰੰਗ ਸਮਾਇਆ ਹਰਿਜਨ ਪੂਤ, ਸਤਿਗੁਰ ਸਾਚਾ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਇਕ ਵਖਾਇੰਦਾ। ਆਪ ਸੁਹਾਏ ਆਪਣੀ ਰੁੱਤ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਪੇਖਿਆ, ਪੇਖਣਹਾਰ ਕਰਤਾਰ। ਤ੍ਰੈਗੁਣ ਮਾਇਆ ਵੇਖੇ ਭੇਖਿਆ, ਪੰਜ ਤਤ ਪਾਵੇ ਸਾਰ। ਲੱਖ ਚੁਰਾਸੀ ਲਿਖੇ ਲੇਖਿਆ, ਲੇਖ ਲਿਖਾਵਣਹਾਰ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚਾ ਸਚ ਘਰ, ਹਰਿ ਸਾਚਾ ਸਚ ਬਹਾਇੰਦਾ। ਸਤਿਗੁਰ ਪੂਰਾ ਏਕਾ ਵਰ, ਗੁਰ ਝੋਲੀ ਨਾਮ ਭਰਾਇੰਦਾ। ਆਵਣ ਜਾਵਣ ਚੁੱਕੇ ਡਰ, ਜਮ ਕਾ ਦੰਡ ਨਾ ਕੋਇ ਵਖਾਇੰਦਾ। ਆਪਣੇ ਮੰਦਰ ਆਪੇ ਚੜ੍ਹ, ਗੁਰਸਿਖ ਸਾਚੇ ਆਪ ਜਗਾਇੰਦਾ। ਸ਼ਬਦ ਫੜਾਏ ਸਾਚਾ ਲੜ, ਏਕਾ ਪੱਲੂ ਗੰਢ ਦੁਆਇੰਦਾ। ਕਾਇਆ ਮੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਲਏ ਫੜ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਿਲਾ ਕੋਟ ਹੰਕਾਰੀ ਗੜ੍ਹ, ਹਉਮੇ ਬੁਰਜ ਆਪੇ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚ ਸਾਲਾਹਿੰਦਾ। ਹਰਿਜਨ ਸਚ ਸਾਲਾਹਿਆ, ਹਰਿ ਸਤਿਗੁਰ ਪੁਰਖ ਸੁਜਾਣ। ਕਰ ਕਿਰਪਾ ਦਰਸ ਦਿਖਾਇਆ, ਵਡ ਦਾਤਾ ਵਡ ਮਿਹਰਵਾਨ। ਘਰ ਮੰਦਰ ਵੇਖ ਵਖਾਇਆ, ਲੇਖਾ ਚੁੱਕੇ ਸੁੰਞ ਮਸਾਣ। ਹਰਿ ਮੰਦਰ ਜੋਤ ਜਗਾਇਆ, ਜੋਤੀ ਨੂਰੋ ਨੂਰ ਨੁਰਾਨ। ਅੰਮ੍ਰਿਤ ਧਾਰਾ ਇਕ ਵਹਾਇਆ, ਜਲ ਭਰ ਸ੍ਰੀ ਭਗਵਾਨ। ਸਾਚਾ ਸ਼ਬਦੀ ਨਾਦ ਵਜਾਇਆ, ਅਨਹਦ ਵਜਾਏ ਸੱਚੀ ਧੁਨਕਾਨ। ਦਰ ਘਰ ਸਾਚੇ ਬਹਿ ਬਹਿ ਮੰਗਲ ਗਾਇਆ, ਰਾਗ ਨਾਦ ਹੋਏ ਹੈਰਾਨ। ਆਤਮ ਸੇਜਾ ਤਖ਼ਤ ਸੁਹਾਇਆ, ਤਖਤ ਨਿਵਾਸੀ ਸਾਚਾ ਕਾਹਨ। ਸੁਰਤ ਸੁਆਣੀ ਮੇਲ ਮਿਲਾਇਆ, ਸ਼ਬਦ ਮਿਲਾਵਾ ਹਾਣੀ ਹਾਣ। ਏਕਾ ਧਾਮ ਦਏ ਵਸਾਇਆ, ਘਰ ਮੰਦਰ ਸਚ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੀ ਨਾਰੀ ਕਰ ਪਰਵਾਨ। ਗੁਰਮੁਖ ਨਾਰੀ ਨਰ ਨਰਾਇਣ ਹਰਿ ਪਾਇਆ, ਘਰ ਸਾਚੇ ਵੱਜੀ ਵਧਾਈਆ। ਕੰਤ ਕੰਤੂਹਲਾ ਵੇਖਣ ਆਇਆ, ਨਿਰਗੁਣ ਰੂਪ ਬੇਪਰਵਾਹੀਆ। ਨਾਮ ਰਸਾਲੂ ਰੰਗ ਰੰਗਾਇਆ, ਵੇਸ ਅਵੱਲੜਾ ਆਪ ਕਰਾਈਆ। ਦੀਨ ਦਿਆਲੂ ਭੇਵ ਖੁਲ੍ਹਾਇਆ। ਆਪਣਾ ਪਰਦਾ ਦਏ ਚੁਕਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਪਰਨਾਈਆ। ਹਰਿਜਨ ਸਾਚਾ ਨਾਰ ਸੁਹਾਗਣ, ਘਰ ਕੰਤ ਸੁਹਾਗੀ ਪਾਇਆ। ਜਨਮ ਜਨਮ ਦਾ ਧੋਇਆ ਦਾਗਣ, ਦੁਰਮਤ ਮੈਲ ਗੁਆਇਆ। ਹੰਸ ਬਣਿਆ ਘਰ ਸਾਚੇ ਕਾਗਣ, ਸਰ ਸਰੋਵਰ ਏਕਾ ਨੁਹਾਇਆ। ਦੀਪਕ ਜੋਤ ਜਗੇ ਚਰਾਗਣ, ਅੰਧ ਅੰਧੇਰ ਮਿਟਾਇਆ। ਉਪਜੇ ਸ਼ਬਦ ਮਨ ਬੈਰਾਗਣ, ਮਨ ਮਨਸਾ ਦਏ ਮਿਟਾਇਆ। ਸਤਿਗੁਰ ਪੂਰੇ ਜੋ ਜਨ ਸਰਨਾਈ ਲਾਗਣ, ਸੰਸਾ ਰੋਗ ਦਏ ਮਿਟਾਇਆ। ਜਗਤ ਤ੍ਰਿਸ਼ਨਾ ਬੁਝਾਏ ਆਗਣ, ਤਤਵ ਤਤ ਨਾ ਕੋਇ ਸਤਾਇਆ। ਮਾਇਆ ਡੱਸੇ ਨਾ ਡੱਸਣੀ ਨਾਗਣ, ਵਿਕਾਰ ਹੰਕਾਰਾ ਨੇੜ ਨਾ ਆਇਆ। ਗੁਰਮੁਖ ਵਿਰਲੇ ਸੋਏ ਜਾਗਣ, ਜਿਸ ਜਨ ਹਰਿ ਹਰਿ ਆਪ ਜਗਾਇਆ। ਚਰਨ ਧੂੜ ਕਰਾਏ ਸੱਚਾ ਮਾਘਣ, ਅੰਮ੍ਰਿਤ ਜਲ ਆਪ ਭਰਾਇਆ। ਗੁਰ ਕੀ ਮਹਿਮਾ ਗਾਏ ਰਾਗਣੀ ਰਾਗਣ, ਵੇਦ ਪੁਰਾਨ ਰਹੇ ਜਸ ਗਾਇਆ। ਜਿਸ ਜਨ ਹਰਿ ਹਰਿ ਕੰਤ ਪਾਇਆ ਸੋ ਸੁਭਾਗਣ, ਘਰ ਮੰਦਰ ਦਏ ਸੁਹਾਇਆ। ਸਚ ਸੁਆਮੀ ਸ਼ਬਦ ਅਗੰਮੀ ਮਾਰੇ ਵਾਜਣ, ਆਪ ਆਪਣਾ ਹੁਕਮ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਇਆ। ਸਹਿਜ ਸੁਭਾਉ ਮੇਲ ਹਰਿ, ਗ਼ਰੀਬ ਨਿਮਾਣੇ ਲਏ ਤਰਾਈਆ। ਇਕ ਵਖਾਏ ਸਾਚਾ ਦਰ, ਦਰਬਾਰ ਸਾਚੇ ਸੋਭਾ ਪਾਈਆ। ਨਾ ਪੁਰਖ ਨਾ ਦਿਸੇ ਨਾਰ, ਨਿਰਗੁਣ ਦਾਤਾ ਬੇਪਰਵਾਹੀਆ। ਆਪਣੀ ਕਰਨੀ ਰਿਹਾ ਕਰ, ਆਦਿ ਜੁਗਾਦਿ ਵੇਸ ਵਟਾਈਆ। ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਨਿਰਭੈ ਰੂਪ ਨਾ ਜਾਏ ਡਰ, ਭੈ ਭਿਆਨਕ ਨਾ ਕੋਇ ਵਖਾਈਆ। ਪੁਰਖ ਅਕਾਲ ਆਪਣੀ ਕਰਨੀ ਕਰਤਾ ਕਰ, ਦੂਸਰ ਲਏ ਨਾ ਕੋਇ ਸਲਾਹੀਆ। ਜੋ ਜਨ ਸਰਨਾਈ ਜਾਏ ਪੜ, ਸਰਨਗਤ ਇਕ ਵਖਾਈਆ। ਆਪਣੀ ਕਿਰਪਾ ਆਪੇ ਕਰ, ਕਰਮ ਕੁਕਰਮਾਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਇਆ ਬੰਧਨ ਦੇਵੇ ਤੋੜ, ਸੁਰਤੀ ਸ਼ਬਦੀ ਦੇਵੇ ਜੋੜ, ਨਾਮ ਚੜ੍ਹਾਏ ਸਾਚੇ ਘੋੜ, ਬਾਂਕੀ ਚਾਲ ਇਕ ਰਖਾਈਆ। ਸ਼ਬਦ ਘੋੜ ਸ਼ਾਹ ਸਵਾਰਾ, ਹਰਿ ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਗੁਰਮੁਖ ਮਿਲਾਏ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਖਿਚੀ ਆਏ ਵਾਰੋ ਵਾਰਾ, ਦਿਵਸ ਰੈਣ ਸੇਵ ਕਮਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਰ ਘਰ ਮੰਦਰ ਖੋਜ ਖੁਜਾਇੰਦਾ। ਹਰਿਜਨ ਆਪਣੀ ਹੱਥੀਂ ਕੱਢੇ ਆਪੇ ਬਾਹਿਰਾ, ਸਾਚਾ ਨਾਅਰਾ ਇਕ ਸੁਣਾਇੰਦਾ। ਸਾਚਾ ਵਣਜ ਕਰਾਏ ਨਾਮ ਵਣਜਾਰਾ, ਕਲਜੁਗ ਏਕਾ ਹੱਟ ਖੁਲ੍ਹਾਇੰਦਾ। ਚਾਰ ਵਰਨਾਂ ਸਚ ਪਿਆਰਾ, ਊਚਾਂ ਨੀਚਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਇਕ ਦੁਆਰਾ, ਚਰਨ ਸਰਨ ਸਰਨ ਚਰਨ ਸਾਚਾ ਧਾਮ ਵਖਾਇੰਦਾ।
