Granth 08 Likhat 059: 19 Chet 2016 Bikarmi Mohan Singh de Ghar Pind Chambal Jila Amritsar

੧੯ ਚੇਤ ੨੦੧੬ ਬਿਕ੍ਰਮੀ ਮੋਹਣ ਸਿੰਘ ਦੇ ਘਰ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਦਵਾਰਾ ਸਾਚਾ ਹੱਟ, ਪੁਰਖ ਅਕਾਲ ਖੁਲ੍ਹਾਇੰਦਾ। ਨਾਮ ਵਣਜਾਰਾ ਲਾਹਾ ਲਏ ਖੱਟ, ਦੂਸਰ ਕਿਸੇ ਹੱਥ ਨਾ ਆਇੰਦਾ। ਤਨ ਲਪੇਟੇ ਏਕਾ ਪਟ, ਸਚ ਬਸਤਰ ਆਪ ਪਹਿਨਾਇੰਦਾ। ਅਗਿਆਨ ਅੰਧੇਰਾ ਦੇਵੇ ਕੱਟ, ਗਿਆਨ ਗੁਰ ਉਪਜਾਇੰਦਾ। ਦੂਈ ਦਵੈਤੀ ਮੇਟੇ ਫੱਟ, ਮਾਇਆ ਮਮਤਾ ਮੋਹ ਚੁਕਾਇੰਦਾ। ਗੜ੍ਹ ਹੰਕਾਰੀ ਜਾਏ ਢੱਠ, ਏਕਾ ਦਰ ਵਖਾਇੰਦਾ। ਅੰਮ੍ਰਿਤ ਆਤਮ ਦੇਵੇ ਝੱਟ, ਸੀਰ ਨੀਰ ਪਿਆਇੰਦਾ। ਜਗਤ ਸਾਗਰ ਡੂੰਘਾ ਘਾਟ, ਗੁਰ ਸਤਿਗੁਰ ਪਾਰ ਕਰਾਇੰਦਾ। ਲਹਿਣਾ ਦੇਣਾ ਚੁਕੇ ਆਨ ਬਾਟ, ਆਵਣ ਜਾਵਣ ਲੇਖੇ ਲਾਇੰਦਾ। ਪੂਰੀ ਕਰੇ ਚੁਰਾਸੀ ਵਾਟ, ਸਵਾਸੀ ਸਵਾਸ ਤਰਾਇੰਦਾ। ਜੋਤ ਜਗਾਏ ਕਾਇਆ ਮਾਟ, ਮਾਣ ਮੋਹ ਮਿਟਾਇੰਦਾ । ਝੂਠਾ ਬਸਤਰ ਜਾਏ ਪਾਟ, ਥਿਰ ਨਾ ਕੋਇ ਦਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਰਨ ਧੂੜੀ ਸਚ ਸਰੋਵਰ ਇਕ ਅਸ਼ਨਾਨ ਕਰਾਇੰਦਾ। ਸਤਿਗੁਰ ਪੂਰਾ ਸੀਸ ਤਾਜ, ਸਤਿ ਸਤਿ ਰਖਾਈਆ। ਭਗਤ ਭਗਤੀ ਕਰੇ ਕਾਜ, ਕਾਜ ਕਰਤਾ ਆਪ ਅਖਵਾਈਆ। ਦਰਗਹਿ ਸਾਚੀ ਦੇਵੇ ਏਕਾ ਦਾਜ, ਨਾਮ ਪੱਲੇ ਗੰਢ ਬੰਧਾਈਆ। ਸਤਿ ਸੰਤੋਖੀ ਚਲਾਏ ਜਹਾਜ਼, ਸਤਿ ਸਤਿਵਾਦੀ ਚੱਪੂ ਲਾਈਆ। ਜੁਗਾ ਜੁਗੰਤਰ ਰੱਖੇ ਲਾਜ, ਜੁਗਤ ਜਗਤ ਆਪ ਜਣਾਈਆ। ਆਪੇ ਸਾਜਣ ਰਿਹਾ ਸਾਜ, ਆਪੇ ਵੇਖੇ ਬੇਪਰਵਾਹੀਆ। ਕਲਜੁਗ ਅੰਤਮ ਭਾਗ ਲਗਾ ਦੇਸ ਮਾਝ, ਦੇਸ ਦਸੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਡੇਰਾ ਲਾਈਆ। ਮੰਦਰ ਸਚ ਸਹਾਵਾ ਤਾਲ, ਅੰਮ੍ਰਿਤ ਰਸ ਭਰਾਇਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਏਕਾ ਥਾਨ ਬਹਾਇਆ। ਏਕਾ ਫਲ ਲਗਾਏ ਡਾਲ੍ਹ, ਏਕਾ ਮੇਵਾ ਰਿਹਾ ਖਵਾਇਆ। ਇਕ ਸੁਹਾਏ ਗਗਨ ਮਸਤਕ ਥਾਲ, ਏਕਾ ਦੀਪ ਕਰੇ ਰੁਸ਼ਨਾਇਆ। ਇਕ ਸਰੋਵਰ ਮਾਰੇ ਉਛਾਲ, ਏਕਾ ਕੌਸਤਕ ਬਾਹਰ ਕਢਾਇਆ। ਏਕਾ ਘਾਲਨ ਰਿਹਾ ਘਾਲ, ਗੁਰਮੁਖ ਸਾਜਨ ਵੇਖ ਵਖਾਇਆ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਫੇਰਾ ਪਾਇਆ। ਕਰੇ ਕਰਾਏ ਸਦਾ ਪ੍ਰਿਤਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਖਾ ਸਖਾਈ ਨਾਉਂ ਧਰਾਇਆ। ਸਖਾ ਸਖਾਈ ਹਰਿ ਗੋਬਿੰਦ, ਹਰਿਜਨ ਵੇਖ ਵਖਾਇੰਦਾ। ਜਗਤ ਮਿਟਾਏ ਸਗਲੀ ਚਿੰਦ, ਚਾਤਰਕ ਤ੍ਰਿਖਾ ਬੁਝਾਇੰਦਾ। ਸਤਿਗੁਰ ਪੂਰਾ ਗੁਣੀ ਗਹਿੰਦ, ਜਗਤ ਸਾਗਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਨਰ ਨਰ ਹਰਿ ਘਰ ਦਰ ਦਰ ਘਰ ਦਰਵੇਸ ਸ਼ੇਸ਼ ਅਲਖ ਜਗਾਇੰਦਾ।