੨੨ ਕੱਤਕ ੨੦੧੭ ਬਿਕ੍ਰਮੀ ਗਿਆਨ ਸਿੰਘ ਦੇ ਘਰ ਪਿੰਡ ਭੋਰਛੀ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਠਾਂਡਾ ਦਰਬਾਰਾ, ਆਦਿ ਜੁਗਾਦੀ ਆਪ ਉਪਾਇੰਦਾ। ਸੋ ਪੁਰਖ ਨਿਰੰਜਣ ਕਰ ਪਸਾਰਾ, ਮਹੱਲ ਮੁਨਾਰਾ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਏਕੰਕਾਰਾ ਅਗੰਮ ਅਪਾਰਾ, ਰੂਪ ਰੇਖ ਰੰਗ ਨਾ ਕੋਇ ਜਣਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੂਨੀ ਰਹਿਤ ਡਗਮਗਾਇੰਦਾ। ਪੁਰਖ ਅਬਿਨਾਸ਼ੀ ਭੇਵ ਨਿਆਰਾ, ਅਲੱਖ ਅਗੋਚਰ ਅਗੰਮ ਅਥਾਹ ਆਪ ਅਖਵਾਇੰਦਾ। ਸ੍ਰੀ ਭਗਵਾਨ ਸੱਚੀ ਸਰਕਾਰਾ, ਸ਼ਾਹੋ ਭੂਪ ਸਚ ਸੁਲਤਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਬਣ ਭਿਖਾਰਾ, ਨਿਰਗੁਣ ਨਿਰਗੁਣ ਅਗੇ ਕਰੇ ਨਿਮਸਕਾਰਾ, ਸੀਸ ਜਗਦੀਸ ਆਪ ਝੁਕਾਇੰਦਾ। ਸਚਖੰਡ ਦਵਾਰਾ ਇਕ ਕਿਵਾੜਾ, ਆਪਣਾ ਆਪ ਉਪਾਇੰਦਾ। ਘਰ ਵਿਚ ਘਰ ਖੇਲ ਨਿਆਰਾ, ਕਰੇ ਕਰਾਏ ਕਰਨੇਹਾਰਾ, ਥਿਰ ਦਰਬਾਰਾ ਵਡ ਵਡਿਆਇੰਦਾ। ਜੋਤੀ ਜਾਤਾ ਹੋ ਉਜਿਆਰਾ, ਸਤਿ ਸਰੂਪ ਸ਼ਾਹ ਦਾਰਾ, ਆਪਣੀ ਕਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਨੇਹਚਲ ਧਾਮ ਆਪ ਉਪਾਇੰਦਾ। ਸਤਿ ਪੁਰਖ ਨਿਰੰਜਣ ਸਰਬ ਗੁਣਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਆਦਿ ਅੰਤ, ਅਨਭਵ ਪਰਕਾਸ਼ ਸਮਾਈਆ। ਹਰਿ ਪੁਰਖ ਨਿਰੰਜਣ ਮਹਿਮਾ ਬੇਅੰਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਏਕੰਕਾਰਾ ਨਾਰੀ ਕੰਤ, ਸਚ ਸੁਹੰਜਣੀ ਸੇਜ ਸੁਹਾਈਆ। ਆਦਿ ਨਿਰੰਜਣ ਬਣਾਏ ਬਣਤ, ਆਪਣੀ ਰਚਨਾ ਆਪ ਰਚਾਈਆ। ਅਬਿਨਾਸ਼ੀ ਕਰਤਾ ਆਪਣਾ ਲੇਖਾ ਜਾਣੇ ਅਗਣਤ, ਲਿਖਣਹਾਰਾ ਦਿਸ ਨਾ ਆਈਆ। ਸ੍ਰੀ ਭਗਵਾਨ ਸਚ ਸੁਹੰਜਣਾ ਧਾਮ ਸੁਹੰਤ, ਸਤਿ ਸਰੂਪ ਸਹਿਜ ਸੁਖਦਾਈਆ। ਪਾਰਬ੍ਰਹਮ ਪ੍ਰਭ ਬਣੇ ਮੰਗਤ, ਦਰ ਦਰਬਾਰ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਕਰੇ ਖੇਲ ਅਪਰ ਅਪਾਰਾ, ਆਦਿ ਆਦਿ ਆਪਣੀ ਖੇਲ ਆਪ ਖਲਾਈਆ। ਸਤਿ ਪੁਰਖ ਨਿਰੰਜਣ ਆਦੀ ਆਦਿ, ਆਦਿ ਪੁਰਖ ਆਪਣਾ ਨਾਉਂ ਧਰਾਇੰਦਾ। ਨਾ ਕੋਈ ਬ੍ਰਹਮ ਨਾ ਬ੍ਰਹਿਮਾਦਿ, ਸ਼ਬਦ ਨਾਦ ਨਾ ਕੋਇ ਵਜਾਇੰਦਾ। ਨਾ ਕੋਈ ਸੰਤ ਨਾ ਕੋਈ ਸਾਧ, ਗੁਰ ਪੀਰ ਅਵਤਾਰ ਨਾ ਕੋਇ ਅਖਵਾਇੰਦਾ। ਤ੍ਰੈਗੁਣ ਮਾਇਆ ਵਸਤ ਨਾ ਲਏ ਕੋਇ ਲਾਧ, ਪੰਜ ਤਤ ਨਾ ਕੋਇ ਉਪਾਇੰਦਾ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਸੋਭਾ ਕੋਈ ਨਾ ਪਾਇੰਦਾ। ਰਵ ਸਸ ਨਾ ਕੋਇ ਪਰਕਾਸ਼, ਧਰਨੀ ਧਰਤ ਧਵਲ ਜਲ ਬਿੰਬ ਨਾ ਕੋਇ ਟਿਕਾਇੰਦਾ। ਨਾ ਕੋਈ ਮੰਡਲ ਨਾ ਕੋਈ ਰਾਸ, ਗੋਪੀ ਕਾਹਨ ਨਾ ਕੋਇ ਨਚਾਇੰਦਾ। ਨਾ ਕੋਈ ਸੇਵਕ ਨਾ ਕੋਈ ਦਾਸੀ ਦਾਸ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਨਾ ਕੋਈ ਅੰਦਰ ਮੰਦਰ ਬਹਿ ਬਹਿ ਕਰੇ ਵਾਸ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਕੋਇ ਨਾ ਪਾਇੰਦਾ। ਨਾ ਕੋਈ ਮਾਤ ਗਰਭ ਵਸੇ ਦਸ ਦਸ ਮਾਸ, ਨੌਂ ਅਠਾਰਾਂ ਖੇਲ ਨਾ ਕੋਇ ਕਰਾਇੰਦਾ। ਨਾ ਕੋਈ ਵਿਸ਼ਨ ਬ੍ਰਹਮਾ ਸ਼ਿਵ ਪੂਰੀ ਕਰੇ ਆਸ, ਕਰੋੜ ਤੇਤੀਸਾ ਗਣ ਗੰਧਰਬ ਨਾਚ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਆਪੇ ਵਸੇ ਸਚ ਮੁਨਾਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਹਰਿ ਪਸਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਨਾ ਕੋਈ ਸੁਤ ਨਾ ਦੁਲਾਰਾ, ਮਾਤ ਪਿਤ ਨਾ ਕੋਇ ਅਖਵਾਈਆ। ਨਾ ਕੋਈ ਵਸਤ ਨਾ ਭੰਡਾਰਾ, ਨਾ ਕੋਈ ਝੋਲੀ ਰਿਹਾ ਭਰਾਈਆ। ਨਾ ਕੋਈ ਵਣਜ ਨਾ ਵਣਜਾਰਾ, ਚੌਦਾਂ ਹੱਟ ਨਾ ਕੋਇ ਖੁਲਾਈਆ। ਤ੍ਰੈਗੁਣ ਨਾ ਕੋਇ ਪਸਾਰਾ, ਅਵਣ ਗਵਣ ਨਾ ਕੋਇ ਵਡਿਆਈਆ। ਨਾ ਕੋਈ ਤੀਰਥ ਤਟ ਕਿਨਾਰਾ, ਜਲ ਧਾਰਾ ਨਾ ਕੋਇ ਵਹਾਈਆ। ਨਾ ਕੋਈ ਪਵਣ ਨਾ ਸਵਾਰਾ, ਪਵਣ ਪਾਣੀ ਨਾ ਕੋਇ ਬਣਾਈਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਾ ਕੋਈ ਸੇਜ ਰਿਹਾ ਹੰਢਾਈਆ। ਨਾ ਕੋਈ ਵਿਦਿਆ ਦੂਤ ਕਰੇ ਪੁਕਾਰਾ, ਸਲੋਕ ਗੀਤ ਨਾ ਕੋਇ ਗਾਈਆ। ਨਾ ਕੋਈ ਵੇਖੇ ਵੇਖਣਹਾਰਾ, ਲੱਖ ਚੁਰਾਸੀ ਘਾੜਨ ਨਾ ਕੋਇ ਘੜਾਈਆ। ਨਾ ਕੋਈ ਅੰਡਜ ਜੇਰਜ ਉਤਭੁਜ ਸੇਤਜ ਦਏ ਹੁਲਾਰਾ, ਖਾਣੀ ਬਾਣੀ ਨਾ ਕੋਇ ਸੁਣਾਈਆ। ਨਾ ਕੋਈ ਵੇਦ ਸ਼ਸਤਰ ਕਰੇ ਪੁਕਾਰਾ, ਰਸਨਾ ਜਿਹਵਾ ਨਾ ਕੋਇ ਹਲਾਈਆ। ਇਕ ਇਕੱਲਾ ਏਕੰਕਾਰਾ, ਵਸਣਹਾਰਾ ਸਚ ਦਰਬਾਰਾ, ਸਚਖੰਡ ਦਵਾਰਾ ਇਕ ਵਡਿਆਈਆ। ਸਚਖੰਡ ਦਵਾਰ ਸੁਹਾਇੰਦਾ, ਕਰ ਕਿਰਪਾ ਗੁਣ ਨਿਧਾਨ। ਦੂਸਰ ਸੰਗ ਨਾ ਕੋਇ ਰਖਾਇੰਦਾ, ਨਾ ਕੋਈ ਸ਼ਾਹੋ ਭੂਪ ਰਾਜ ਰਾਜਾਨ। ਜਗਤ ਮਰਦੰਗ ਨਾ ਕੋਇ ਵਜਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨਾ ਕਰੇ ਕੋਇ ਧਿਆਨ। ਇਕ ਇਕੱਲਾ ਖੇਲ ਖਿਲਾਇੰਦਾ, ਆਦਿ ਜੁਗਾਦੀ ਸ੍ਰੀ ਭਗਵਾਨ। ਸਾਚੇ ਤਖ਼ਤ ਸੋਭਾ ਪਾਇੰਦਾ, ਪਾਰਬ੍ਰਹਮ ਸੱਚਾ ਸੁਲਤਾਨ। ਹੁਕਮੀ ਹੁਕਮ ਆਪ ਵਰਤਾਇੰਦਾ, ਦੇਵਣਹਾਰਾ ਧੁਰ ਫ਼ਰਮਾਣ। ਦਰ ਦਰਬਾਨ ਨਾ ਕੋਇ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪਰਕਾਸਾ ਖੇਲ ਤਮਾਸਾ, ਪੁਰਖ ਅਬਿਨਾਸ਼ਾ ਆਦਿ ਨਿਰੰਜਣ ਦਰਦ ਦੁਖ ਭੈ ਭੰਜਣ, ਸਚਖੰਡ ਦਵਾਰੇ ਨਿਰਗੁਣ ਜੋਤੀ ਕਰ ਉਜਿਆਰੇ, ਨਿਰਵੈਰ ਆਪਣੀ ਖੇਲ ਖਿਲਾਇੰਦਾ। ਨਿਰਾਕਾਰ ਨਿਰਵੈਰ ਪੁਰਖ ਅਕਾਲ, ਇਕ ਅਖਵਾਇੰਦਾ। ਆਦਿ ਜੁਗਾਦੀ ਦੀਨ ਦਿਆਲ, ਜਾਗਰਤ ਜੋਤ ਡਗਮਗਾਇੰਦਾ। ਸਚਖੰਡ ਦਵਾਰ ਵਸੇ ਸੱਚੀ ਧਰਮਸਾਲ, ਥਿਰ ਘਰ ਆਪਣਾ ਬੰਕ ਵਡਿਆਇੰਦਾ। ਆਪੇ ਸ਼ਾਹ ਆਪੇ ਕੰਗਾਲ, ਆਪਣਾ ਵੇਸ ਆਪ ਧਰਾਇੰਦਾ। ਆਪਣੀ ਆਪ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚ ਦਰਵਾਜ਼ਾ ਗ਼ਰੀਬ ਨਿਵਾਜਾ, ਆਪਣਾ ਰਚੇ ਆਪੇ ਕਾਜਾ, ਰਚਨਹਾਰ ਭੇਵ ਨਾ ਆਇੰਦਾ। ਹਰਿ ਹਰਿ ਕਾਜ ਰਚਾਇੰਦਾ, ਸਚਖੰਡ ਦਵਾਰਾ ਖੋਲ੍ਹ। ਆਪਣੀ ਬਣਤ ਆਪ ਬਣਾਇੰਦਾ, ਆਪੇ ਤੋਲਣਹਾਰਾ ਤੋਲ। ਨਿਰਗੁਣ ਨਿਰਗੁਣ ਵੇਖ ਵਖਾਇੰਦਾ, ਆਦਿ ਜੁਗਾਦਿ ਵਸੇ ਕੋਲ। ਏਕਾ ਮੰਦਰ ਫੋਲ ਫੁਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਹਰਿ, ਨਿਰਗੁਣ ਏਕਾ ਰੂਪ ਪਰਗਟਾਇੰਦਾ। ਨਿਰਗੁਣ ਸ਼ਾਹ ਸੁਲਤਾਨ, ਸ਼ਾਹ ਸੱਚਾ ਪਾਤਸ਼ਾਹੀਆ। ਨਿਰਗੁਣ ਰਾਜਾ ਰਾਜ ਰਾਜਾਨ, ਨਿਰਾਕਾਰ ਇਕ ਅਖਵਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਉਪਾਈਆ। ਨਾ ਕੋਈ ਤੀਰ ਨਾ ਕਮਾਨ, ਚਿਲਾ ਹੱਥ ਨਾ ਕੋਇ ਉਠਾਈਆ। ਨਾ ਕੋਈ ਗਾਤਰਾ ਰੱਖੇ ਮਿਆਨ, ਹੱਥ ਕਟਾਰ ਨਾ ਕੋਇ ਉਠਾਈਆ। ਕਰੇ ਖੇਲ ਵਾਲੀ ਦੋ ਜਹਾਨ, ਆਪਣੀ ਕਲ ਆਪ ਵਰਤਾਈਆ। ਹੁਕਮੀ ਹੁਕਮ ਇਕ ਫ਼ਰਮਾਣ, ਆਪਣਾ ਆਪੇ ਦਏ ਸੁਣਾਈਆ। ਸਚਖੰਡ ਦਵਾਰੇ ਹੋ ਮਿਹਰਵਾਨ, ਸ਼ਾਹੋ ਭੂਪ ਸਚ ਰਾਜਨ ਰਾਜ ਕਰੇ ਸਚ ਸੱਚੀ ਸ਼ਹਿਨਸ਼ਾਹੀਆ। ਸਾਚੇ ਤਖ਼ਤ ਸੁਹਾਇੰਦਾ, ਸੋ ਪੁਰਖ ਨਿਰੰਜਣ ਆਦਿ ਅੰਤ। ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ, ਲੇਖਾ ਜਾਣੇ ਆਪਣੀ ਬਣਤ। ਏਕੰਕਾਰਾ ਵੇਖ ਵਖਾਇੰਦਾ, ਆਦਿ ਨਿਰੰਜਣ ਹੋਏ ਸੋਭਾਵੰਤ। ਅਬਿਨਾਸ਼ੀ ਕਰਤਾ ਧੁਰ ਫ਼ਰਮਾਣਾ ਆਪ ਅਲਾਇੰਦਾ, ਸ੍ਰੀ ਭਗਵਾਨ ਮੰਨੇ ਮੰਤ। ਪਾਰਬ੍ਰਹਮ ਆਪਣੀ ਝੋਲੀ ਆਪੇ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧੁਰ ਧੁਰ ਫ਼ਰਮਾਣਾ, ਦੇਵਣਹਾਰਾ ਹਰਿ ਹਰਿ ਰਾਣਾ, ਆਪਣਾ ਹੁਕਮ ਆਪ ਵਰਤਾਇੰਦਾ। ਸੱਚਾ ਹੁਕਮ ਸੱਚਾ ਕਰਤਾਰ, ਸਚ ਸਾਚਾ ਆਪ ਵਰਤਾਈਆ। ਤਖ਼ਤ ਨਿਵਾਸੀ ਹੋ ਉਜਿਆਰ, ਆਪਣੀ ਇਛਿਆ ਆਪਣੇ ਵਿਚੋਂ ਬਾਹਰ ਕਢਾਈਆ। ਆਪਣੀ ਦੇਵੇ ਆਪੇ ਸਿਖ਼ਿਆ, ਆਪਣੀ ਕਰੇ ਆਪ ਪੜ੍ਹਾਈਆ। ਆਪਣਾ ਲੇਖ ਆਪੇ ਲਿਖਿਆ, ਨਾ ਕੋਈ ਰੱਖੇ ਕਲਮ ਸ਼ਾਹੀਆ। ਆਦਿ ਜੁਗਾਦਿ ਨਾ ਹੋਏ ਮਿਥਿਆ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਹਰਿ ਏਕਾ ਹੁਕਮ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਆਪਣਾ ਮੇਲ ਆਪ ਮਿਲਾਇੰਦਾ, ਨਿਰਗੁਣ ਨਿਰਗੁਣ ਦੇਵੇ ਦਾਨ। ਨਿਰਗੁਣ ਨਿਰਗੁਣ ਸੰਗ ਨਿਭਾਇੰਦਾ, ਇਕ ਇਕੱਲਾ ਕਰ ਪਛਾਣ। ਸਚਖੰਡ ਦਵਾਰੇ ਸੋਭਾ ਪਾਇੰਦਾ, ਦੂਸਰ ਅਵਰ ਨਾ ਕੋਇ ਮਕਾਨ। ਚਾਰ ਦੀਵਾਰ ਨਾ ਕੋਇ ਵਖਾਇੰਦਾ, ਛੱਪਰ ਛੰਨ ਨਾ ਰੱਖੇ ਕੋਇ ਪਛਾਣ। ਅਨਭਵ ਆਪਣੀ ਧਾਰ ਬੰਧਾਇੰਦਾ, ਜੋਤੀ ਨੂਰ ਨੂਰ ਮਹਾਨ। ਆਪਣਾ ਵੇਸ ਆਪ ਵਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕਾ ਘਰ, ਨਰ ਹਰਿ ਆਪਣਾ ਰੰਗ ਰੰਗਾਇੰਦਾ। ਸਚਖੰਡ ਦਵਾਰਾ ਹਰਿ ਨਿਰੰਕਾਰਾ, ਆਪਣਾ ਖੇਲ ਖਿਲਾਈਆ। ਰੂਪ ਵਟਾਏ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਸਤਿ ਸਤਿਵਾਦੀ ਹੋ ਤਿਆਰਾ, ਨਿਰਾਕਾਰਾ ਆਪਣੇ ਹੱਥ ਰੱਖੇ ਵਡਿਆਈਆ। ਆਪੇ ਨਾਰੀ ਆਪੇ ਨਾਰਾ, ਨਾਰੀ ਕੰਤ ਆਪ ਹੋ ਜਾਈਆ। ਆਪੇ ਸੇਜਾ ਸੁਤਾ ਬਣ ਭਤਾਰਾ, ਆਪੇ ਖੇਲੇ ਖੇਲ ਬੇਪਰਵਾਹੀਆ। ਆਪੇ ਅੰਦਰ ਆਪੇ ਬਾਹਰਾ, ਆਪੇ ਨਿਰਗੁਣ ਮਾਤ ਪਿਤ ਬਣੇ ਸੁਤ ਦੁਲਾਰਾ, ਦਾਈ ਦਾਇਆ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਾਚਾ ਘਰ, ਹਰਿ ਜੂ ਅੰਦਰ ਬੈਠਾ ਵੜ, ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਆਪਣਾ ਰੂਪ ਆਪ ਪਰਗਟਾਈਆ। ਨਿਰਗੁਣ ਅੰਦਰ ਨਿਰਗੁਣ ਧਾਰ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਅੰਗ ਸਮਾਇੰਦਾ। ਏਕੰਕਾਰਾ ਕਰ ਪਿਆਰ, ਆਦਿ ਨਿਰੰਜਣ ਵੇਖ ਵਖਾਇੰਦਾ। ਸ੍ਰੀ ਭਗਵਾਨ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਅਬਿਨਾਸ਼ੀ ਕਰਤਾ ਠਾਂਡਾ ਦਰਬਾਰ, ਸਚ ਦਵਾਰਾ ਇਕ ਵਖਾਇੰਦਾ। ਪਾਰਬ੍ਰਹਮ ਪ੍ਰਭ ਦਏ ਆਧਾਰ, ਆਪਣਾ ਆਧਾਰ ਆਪ ਹੋ ਜਾਇੰਦਾ। ਸ਼ਬਦ ਬਣਾਇਆ ਸੁਤ ਦੁਲਾਰ, ਗੋਦੀ ਗੋਦ ਜਣਾਇੰਦਾ। ਏਕਾ ਦੇਵੇ ਧੁਰ ਫ਼ਰਮਾਣ, ਆਪਣਾ ਹੁਕਮ ਆਪ ਸੁਣਾਇੰਦਾ। ਬ੍ਰਹਿਮੰਡ ਖੰਡ ਕਰ ਤਿਆਰ, ਤੇਰੀ ਸੇਵਾ ਸਚ ਵਖਾਇੰਦਾ। ਈਸ਼ਵਰ ਅੰਦਰ ਵਿਸ਼ਵ ਧਾਰ, ਵਿਸ਼ਨ ਏਕਾ ਰੂਪ ਪਰਗਟਾਇੰਦਾ। ਏਕਾ ਅੰਮ੍ਰਿਤ ਭਰ ਭੰਡਾਰ, ਕਵਲ ਕਵਲਾ ਆਪ ਪਰਗਟਾਇੰਦਾ। ਆਪੇ ਅੰਦਰ ਆਪੇ ਬਾਹਰ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਸੁੰਨ ਅਗੰਮ ਹੋ ਉਜਿਆਰ, ਨੂਰ ਨੂਰ ਨੂਰ ਦਰਸਾਇੰਦਾ। ਸ਼ੰਕਰ ਮੀਤਾ ਏਕੰਕਾਰ, ਸਾਚੀ ਰਚਨਾ ਆਪ ਰਚਾਇੰਦਾ। ਤਿੰਨਾਂ ਵਿਚੋਲਾ ਬਣ ਸ਼ਬਦ ਦੁਲਾਰ, ਸਾਚਾ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਆਪੇ ਪਿਤਾ ਆਪੇ ਮਾਤਾ, ਜਨਨੀH ਜਨ ਆਪ ਅਖਵਾਇੰਦਾ। ਆਪੇ ਜਨਨੀ ਜਨ ਜਾਇਆ, ਸੁਤ ਦੁਲਾਰਾ ਸਾਚਾ ਸੁਤ। ਹਰਿ ਜੂ ਹਰਿ ਹਰਿ ਖੇਲ ਖਿਲਾਇਆ, ਵੇਸ ਵਟਾਇਆ ਅਬਿਨਾਸ਼ੀ ਅਚੁਤ। ਪੁਰਖ ਅਕਾਲ ਦਇਆ ਕਮਾਇਆ, ਆਪ ਸੁਹਾਈ ਆਪਣੀ ਰੁਤ। ਜੂਨੀ ਰਹਿਤ ਵੇਸ ਵਟਾਇਆ, ਆਪਣਾ ਨੂਰ ਕੀਆ ਉਤਪਤ। ਪਤ ਡਾਲ੍ਹੀ ਆਪ ਮਹਿਕਾਇਆ, ਆਪ ਸੁਹਾਏ ਸਾਚੀ ਰੁਤ। ਬ੍ਰਹਮਾ ਵਿਸ਼ਨ ਸ਼ਿਵ ਆਪ ਧਰਾਇਆ, ਸ਼ਬਦ ਨਾਲ ਰਲਾਇਆ ਜੇਠਾ ਪੁਤ। ਪੁਰਖ ਅਬਿਨਾਸ਼ੀ ਆਪਣਾ ਮਾਰਗ ਆਪੇ ਲਾਇਆ, ਲੇਖਾ ਜਾਣੇ ਦਹਿ ਦਿਸ਼ਾ ਚਾਰ ਕੁੰਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਏਕਾ ਹਰਿ, ਏਕਾ ਨਰ ਨਰ ਨਰਾਇਣ ਆਪ ਹੋ ਜਾਇਆ। ਨਰ ਨਰਾਇਣ ਸਰਬ ਸੁਖ ਦਾਤਾ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਇਕ ਗਿਆਤਾ, ਗਿਆਨ ਗਿਆਨ ਵਿਚ ਰਖਾਈਆ। ਜੁਗਾ ਜੁਗੰਤਰ ਬਨ੍ਹੇ ਨਾਤਾ, ਨਾਤਾ ਬਿਧਾਤਾ ਜੋੜ ਜੁੜਾਈਆ। ਵਿਸ਼ਨ ਸ਼ਿਵ ਬ੍ਰਹਮਾ ਪੁਛੇ ਵਾਤਾ, ਵਾਸਤਕ ਏਕਾ ਰੂਪ ਦਰਸਾਈਆ। ਆਪਣੀ ਸੁਣਾਏ ਆਪੇ ਗਾਥਾ, ਬੋਧ ਅਗਾਧ ਕਰੇ ਪੜ੍ਹਾਈਆ। ਏਕਾ ਜੋਤ ਜੋਤ ਲਲਾਟਾ, ਨੂਰ ਨੂਰ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਏਕਾ ਇਛਿਆ ਪੂਰੀ ਆਪ ਕਰਾਈਆ। ਹਰਿ ਇਛਿਆ ਪੂਰ ਕਰਾਇੰਦਾ, ਆਦਿ ਜੁਗਾਦੀ ਗਹਿਰ ਗੰਭੀਰ। ਸਾਚੀ ਸਿਖ਼ਿਆ ਇਕ ਸਮਝਾਇੰਦਾ, ਸ਼ਬਦ ਅਨਾਦੀ ਦੇਵੇ ਧੀਰ। ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ, ਨਾਮ ਅਗੰਮੀ ਪਾਏ ਜ਼ੰਜ਼ੀਰ। ਚੇਲਾ ਰੂਪ ਸਰਬ ਪਰਗਟਾਇੰਦਾ, ਸਚਖੰਡ ਦਵਾਰੇ ਬੰਨ੍ਹੇ ਬੀੜ। ਧੁਰ ਫ਼ਰਮਾਣਾ ਧੁਰ ਦੀ ਬਾਣ ਲਗਾਇੰਦਾ, ਚਰਨ ਚਰਨੋਦਕ ਬਖ਼ਸ਼ੇ ਅੰਮ੍ਰਿਤ ਸੀਰ। ਨੇਤਰ ਨੈਣਾਂ ਦਰਸ ਵਖਾਇੰਦਾ, ਸਚ ਮਹੱਲੇ ਚੜ੍ਹ ਅਖ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਡ ਦਾਤਾ ਗੁਣੀ ਗਹੀਰ। ਗੁਣੀ ਗਹੀਰ ਗਹਿਰ ਗੁਣ ਸਾਗਰ, ਹਰਿ ਵੱਡਾ ਵਡ ਵਡਿਆਈਆ। ਵਿਸ਼ਨੂੰ ਦੇਵੇ ਏਕਾ ਆਦਰ, ਸਾਚੀ ਵਸਤ ਇਕ ਵਖਾਈਆ। ਬ੍ਰਹਮੇ ਤੇਰਾ ਬ੍ਰਹਮ ਰੂਪ ਲੋਕਮਾਤ ਹੋਏ ਉਜਾਗਰ, ਲੱਖ ਚੁਰਾਸੀ ਘਾੜਨ ਲਏ ਘੜਾਈਆ । ਸ਼ੰਕਰ ਬਣੇ ਅੰਤ ਸੌਦਾਗਰ, ਜੋ ਘੜਿਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਵਚੋਲਾ ਆਪੇ ਬਣ, ਤਤ ਰਿਹਾ ਸਮਝਾਈਆ । ਏਕਾ ਤਤ ਹਰਿ ਨਿਰੰਕਾਰ, ਆਤਮ ਬ੍ਰਹਮ ਜਣਾਇੰਦਾ। ਅੰਤਰ ਅੰਤਰ ਕਰ ਪਿਆਰ, ਏਕਾ ਰੂਪ ਦਰਸਾਇੰਦਾ। ਸਾਚੇ ਮੰਦਰ ਹੋ ਉਜਿਆਰ, ਨਿਰਗੁਣ ਨਿਰਵੈਰ ਡਗਮਗਾਇੰਦਾ । ਬੂੰਦ ਸਵਾਂਤੀ ਠੰਡੀ ਠਾਰ, ਚਰਨ ਚਰਨੋਦਕ ਮੁਖ ਚੁਵਾਇੰਦਾ। ਇਕ ਇਕਾਂਤੀ ਸਾਚਾ ਯਾਰ, ਸਗਲਾ ਸੰਗ ਆਪ ਨਿਭਾਇੰਦਾ। ਕਮਲਾਪਾਤੀ ਹੋ ਤਿਆਰ, ਤਿੰਨਾਂ ਏਕਾ ਰੰਗ ਵਖਾਇੰਦਾ। ਮਹਾਂਸਾਰਥੀ ਹੋਏ ਉਜਿਆਰ, ਰਥ ਰਥਵਾਹੀ ਰਥ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਾਰੇ ਆਪੇ ਲਾਇੰਦਾ। ਸਾਚੀ ਕਾਰ ਕਮਾਵਣੀ, ਹਰਿ ਸਚ ਸੰਦੇਸ਼ ਸੁਣਾਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਪੂਰੀ ਕਰੇ ਭਾਵਨੀ, ਜਿਸ ਤੇਰੀ ਬਣਤ ਬਣਾਇਆ। ਜੁਗ ਜੁਗ ਪਕੜਾਏ ਦਾਮਨੀ, ਦਾਮਨਗੀਰ ਆਪ ਹੋ ਜਾਇਆ। ਲੋਕਮਾਤ ਦੇਵੇ ਜ਼ਾਮਨੀ, ਵੇਲੇ ਅੰਤ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਪੁਕਾਰ, ਦੋਏ ਜੋੜ ਚਰਨ ਸਰਨ ਨਿਮਸਕਾਰਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਵਣ ਰੂਪ ਆਵੇ ਵਿਚ ਸੰਸਾਰ, ਪਾਵੇ ਸਾਡੀ ਸਾਰਾ। ਲੱਖ ਚੁਰਾਸੀ ਤੇਰਾ ਵਰਤਾਰ, ਹਉਂ ਸੇਵਕ ਸੇਵਾਦਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਸੋ ਵੇਲਾ ਕਵਣ ਵਕਤ, ਨਿਰਗੁਣ ਦਰਸ ਹੋਏ ਤੁਹਾਰਾ। ਨਿਰਗੁਣ ਦਇਆ ਕਮਾਇੰਦਾ, ਪਾਰਬ੍ਰਹਮ ਕਰਤਾਰ। ਵਿਸ਼ਨੂੰ ਬ੍ਰਹਮਾ ਸ਼ਿਵ ਸਮਝਾਇੰਦਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਤ੍ਰੈਗੁਣ ਤੇਰਾ ਸੰਗ ਨਿਭਾਇੰਦਾ, ਪੰਜ ਤਤ ਦਏ ਆਧਾਰ। ਮਨ ਮਤ ਬੁਧ ਤੇਰੀ ਝੋਲੀ ਪਾਇੰਦਾ, ਆਤਮ ਬ੍ਰਹਮ ਨਿਰਾਕਾਰ। ਈਸ਼ ਜੀਵ ਖੇਲ ਖਿਲਾਇੰਦਾ, ਲੱਖ ਚੁਰਾਸੀ ਵਰਤੇ ਵਰਤਾਰ। ਜੁਗ ਜੁਗ ਆਪਣਾ ਵੇਸ ਧਰਾਇੰਦਾ, ਮਾਣਸ ਮਾਨੁਖ ਕਰ ਪਿਆਰ। ਆਪਣਾ ਨਾਉਂ ਵਿਚ ਟਿਕਾਇੰਦਾ, ਨਾਮ ਦਮਾਮਾ ਵੱਜੇ ਵਿਚ ਸੰਸਾਰ। ਗੁਰ ਪੀਰ ਆਪ ਹੋ ਆਇੰਦਾ, ਸਾਧ ਸੰਤ ਦਏ ਆਧਾਰ। ਚਾਰੇ ਵੇਦ ਵੇਦ ਸਮਝਾਇੰਦਾ, ਚਾਰੇ ਮੁਖ ਲਏ ਉਘਾੜ। ਪੁਰਾਨ ਅਠਾਰਾਂ ਆਪ ਗਣਾਇੰਦਾ, ਸ਼ਾਸਤਰ ਸਿਮਰਤ ਲਏ ਉਭਾਰ। ਗੀਤਾ ਗਿਆਨ ਆਪ ਦ੍ਰਿੜਾਇੰਦਾ, ਏਕਾ ਭਗਤਨ ਕਰੇ ਪਿਆਰ। ਅੰਜੀਲ ਕੁਰਾਨਾ ਆਪੇ ਗਾਇੰਦਾ, ਤੀਸ ਬਤੀਸਾ ਹੋਏ ਸਹਾਰ। ਖਾਣੀ ਬਾਣੀ ਆਪ ਸੁਣਾਇੰਦਾ, ਧੁਰ ਦੀ ਬਾਣੀ ਮਾਰੇ ਬਾਣ। ਚਾਰ ਜੁਗ ਚੌਕੜੀ ਇਕ ਬਣਾਇੰਦਾ, ਗੇੜਾ ਦੇਵੇ ਵਾਰੋ ਵਾਰ। ਲੱਖ ਲੱਖ ਗੇੜਾ ਆਪ ਦੁਵਾਇੰਦਾ, ਪੁਰਖ ਅਬਿਨਾਸ਼ ਸੱਚੀ ਸਰਕਾਰ। ਹੁਕਮ ਅੰਦਰ ਸਰਬ ਰਖਾਇੰਦਾ, ਚੰਦ ਸੂਰਜ ਫਿਰ ਫਿਰ ਥੱਕੇ ਆਪਣੀ ਵਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬ੍ਰਹਮੇ ਵਿਸ਼ਨ ਸ਼ਿਵ ਤੇਰੀ ਸੇਵਾ ਲਾਇੰਦਾ, ਜਗਤ ਮਨਵੰਤਰ ਕਰ ਖ਼ੁਵਾਰ। ਆਪਣਾ ਵੇਲਾ ਆਪ ਸੁਹਾਇੰਦਾ, ਨੌਂ ਨੌਂ ਚਾਰ ਉਤਰੇ ਪਾਰ। ਵੇਦ ਵਿਆਸ ਗਵਾਹ ਰਖਾਇੰਦਾ, ਲੇਖਾ ਲਿਖੇ ਆਪਣੀ ਵਾਰ। ਨਾਨਕ ਨਿਰਗੁਣ ਕੂਕ ਜਣਾਇੰਦਾ, ਨਿਹਕਲੰਕ ਉਤਰੇ ਮਹਾਂ ਬਲੀ ਅਵਤਾਰ। ਗੋਬਿੰਦ ਸਾਚਾ ਮਾਰਗ ਇਕ ਸੁਹਾਇੰਦਾ, ਸ੍ਰਿਸ਼ਟ ਸਬਾਈ ਪਾਵੇ ਸਾਰ। ਵਰਨਾ ਬਰਨਾ ਪੰਧ ਮੁਕਾਇੰਦਾ, ਚਾਰ ਵਰਨਾਂ ਦੱਸੇ ਏਕਾ ਧਾਰ। ਅੰਮ੍ਰਿਤ ਜਾਮ ਇਕ ਪਿਆਇੰਦਾ, ਦੂਈ ਦਵੈਤੀ ਹਉਮੇ ਹੰਗਤਾ ਕਰ ਖ਼ਵਾਰ। ਸਾਚਾ ਤਾਜ ਸੀਸ ਟਿਕਾਇੰਦਾ, ਸ਼ਾਹੋ ਭੂਪ ਬਣ ਸਿਕਦਾਰ। ਪੁਰਖ ਅਕਾਲ ਇਕ ਮਨਾਇੰਦਾ, ਦੋਏ ਜੋੜ ਕਰੇ ਨਿਮਸਕਾਰ। ਲੱਖ ਚੁਰਾਸੀ ਆਪ ਸਮਝਾਇੰਦਾ, ਕਲਜੁਗ ਆਏ ਅੰਤਮ ਵਾਰ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਨਿਹਕਲੰਕ ਜਾਮਾ ਪਾਇੰਦਾ, ਗੋਬਿੰਦ ਸੂਰਾ ਹੋ ਕਿਰਪਾਲ। ਸਤਿਗੁਰ ਸੱਚਾ ਸੰਗ ਨਿਭਾਇੰਦਾ, ਜਗਤ ਜੁਗ ਜਾਗਰਤ ਜੋਤ ਚਲੇ ਅਵੱਲੜੀ ਚਾਲ। ਵੇਦ ਕਤੇਬ ਭੇਵ ਨਾ ਆਇੰਦਾ, ਬ੍ਰਹਮਾ ਵਿਸ਼ਨ ਸ਼ਿਵ ਤੇਰੀ ਸੁਰਤ ਲਏ ਸੰਭਾਲ। ਕੀਤਾ ਕੌਲ ਭੁੱਲ ਨਾ ਜਾਇੰਦਾ, ਬ੍ਰਹਮਾ ਬ੍ਰਹਮ ਪੁਰੀ ਵਿਚੋਂ ਲਏ ਉਠਾਲ, ਜੋਤੀ ਜੋਤ ਮੇਲ ਮਿਲਾਇੰਦਾ। ਸ਼ੰਕਰ ਤੇਰਾ ਬਣੇ ਨਾ ਕੋਈ ਦਲਾਲ, ਹੱਥ ਤ੍ਰਸੂਲ ਆਪ ਸੁਟਾਇੰਦਾ। ਸੁਰਪਤ ਰਾਜਾ ਇੰਦ ਆਪਣੀ ਘਾਲਣ ਜਾਏ ਘਾਲ, ਕ੍ਰੋੜ ਤੇਤੀਸਾ ਸੰਗ ਨਾ ਕੋਈ ਰਖਾਇੰਦਾ। ਵਿਸ਼ਨੂੰ ਬਣੇ ਅੰਤ ਦਲਾਲ, ਵਿਸ਼ਵ ਆਪਣਾ ਰੂਪ ਪਰਗਟਾਇੰਦਾ। ਨਾਲ ਰਖਾਏ ਕਾਲ ਮਹਾਂਕਾਲ, ਦੋ ਜਹਾਨਾਂ ਫੇਰੀ ਪਾਇੰਦਾ। ਗੁਰਮੁਖ ਸੱਜਣ ਮੀਤ ਮੁਰਾਰ, ਹਰਿ ਨਿਰੰਕਾਰ ਸੱਚੀ ਸਰਕਾਰ, ਜੁਗਾਂ ਜੁਗੰਤਰ ਲਏ ਭਾਲ, ਲੱਖ ਚੁਰਾਸੀ ਵਿਚੋਂ ਫੋਲ ਫੁਲਾਇੰਦਾ। ਲੇਖਾ ਤੋੜੇ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਆਪ ਉਠਾਇੰਦਾ। ਆਤਮ ਅੰਤਰ ਦੀਪਕ ਜੋਤੀ ਦੇਵੇ ਬਾਲ, ਅਗਿਯਾਨ ਅੰਧੇਰ ਗਵਾਇੰਦਾ। ਅੰਮ੍ਰਿਤ ਆਤਮ ਰਸ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਆਦਿ ਜੁਗਾਦੀ ਇਕ ਅਵਤਾਰ, ਨਿਰਭੌ ਰੂਪ ਸੱਚੀ ਸਰਕਾਰ, ਭੈ ਸੀਸ ਨਾ ਕੋਈ ਰਖਾਇੰਦਾ। ਨਾ ਕੋਈ ਭੈ ਭੌ ਰੱਖੇ ਸੀਸ, ਭਿਆਨਕ ਰੂਪ ਆਪ ਨਿਰੰਕਾਰਾ। ਕਰੇ ਖੇਲ ਜਗਤ ਜਗਦੀਸ਼, ਕਲਜੁਗ ਅੰਤਮ ਹੋ ਉਜਿਆਰਾ। ਲੇਖਾ ਜਾਣੇ ਬੀਸ ਇਕੀਸ, ਨੌਂ ਖੰਡ ਪ੍ਰਿਥਮੀ ਲਾਵੇ ਏਕਾ ਨਾਅਰਾ। ਛਤਰ ਝੁਲਾਏ ਸਾਚੇ ਸੀਸ, ਲੇਖਾ ਜਾਣੇ ਧੁਰ ਦਰਬਾਰਾ। ਕੂੜੀ ਕਿਰਿਆ ਜਾਏ ਪੀਸ, ਨਾਤਾ ਤੁਟੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਸ਼ਾਹ ਸੁਲਤਾਨਾਂ ਕਰੇ ਖ਼ਾਲੀ ਖ਼ੀਸ, ਦਰ ਦਰਬਾਨ ਨਾ ਕੋਈ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਹਰਿ ਜੂ ਹਰਿ, ਹਰੀ ਹਰਿ ਮੰਦਰ ਬੈਠਾ ਵੜ, ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਜੋਤ ਨੂਰ ਉਜਿਆਰਾ। ਨੂਰ ਉਜਾਲਾ ਹਰਿ ਗੋਪਾਲਾ, ਇਕ ਇਕੱਲਾ ਖੇਲ ਖਿਲਾਇੰਦਾ। ਕਲਜੁਗ ਅੰਤਮ ਵੇਖ ਵਖਾਏ ਸ਼ਾਹ ਕੰਗਾਲਾ, ਜਗਤ ਜੁਗਤ ਵੇਸ ਵਟਾਇੰਦਾ। ਲੇਖਾ ਜਾਣੇ ਕਾਲ ਮਹਾਂਕਾਲਾ, ਆਪਣਾ ਮਰਦੰਗ ਸੂਰਾ ਸਰਬੰਗ ਏਕਾ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਦਾਤਾ ਇਕ ਅਖਵਾਇੰਦਾ। ਹਰਿਜਨ ਸਾਚਾ ਹਰਿ ਧਰਾਨਾ, ਵਰਨ ਗੋਤ ਨਾ ਕੋਈ ਜਣਾਇੰਦਾ। ਆਪੇ ਖੋਲ੍ਹੇ ਹਰਨਾ ਫਰਨਾ, ਨੇਤਰ ਨੈਣਾ ਦਰਸ ਦਿਖਾਇੰਦਾ। ਨਾਤਾ ਤੋੜੇ ਮਰਨਾ ਡਰਨਾ, ਲੱਖ ਚੁਰਾਸੀ ਫੰਦ ਕਟਾਇੰਦਾ। ਰਾਏ ਧਰਮ ਅੰਤ ਨਾ ਫੜਨਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਗੁਰਮੁਖ ਸਾਚੇ ਸ਼ਬਦ ਘੋੜੇ ਏਕਾ ਚੜ੍ਹਨਾ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਵੇਲੇ ਅੰਤ ਕੰਤ ਸੰਤ ਭਗਵੰਤ ਇਕ ਦਵਾਰੇ ਵੜਨਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖਾਂ ਬਖ਼ਸ਼ੇ ਸਾਚੀ ਸਰਨਾ, ਸਰਨ ਸਰਨਾਈ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸ਼ਟ ਦੇਵ ਦੇਵ ਗੁਰ ਦਾਤਾ, ਸਰਬ ਜੀਆਂ ਜੀਆਂ ਪਿਤ ਮਾਤਾ, ਮਾਤ ਪਿਤ ਪਿਤ ਪੂਤ ਏਕਾ ਰੰਗ ਰੰਗਾਇੰਦਾ। ਏਕਾ ਰੰਗ ਰੰਗਾਵਣਹਾਰਾ, ਰੰਗ ਰੰਗੀਲਾ ਇਕ ਚੜ੍ਹਾਈਆ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰ ਰੁਸ਼ਨਾਈਆ । ਕਾਗਦ ਕਲਮ ਨਾ ਲਿਖਣਹਾਰਾ, ਸੱਤ ਸਮੁੰਦਰ ਸਾਗਰ ਮਸ ਰੋਵੇ ਸ਼ਾਹੀਆ। ਬਸੁਧਾ ਕਾਗਦ ਨਾ ਕੋਇ ਪਸਾਰਾ, ਬਨਾਸਪਤ ਨਾ ਸੇਵ ਕਮਾਈਆ। ਅਠਾਰਾਂ ਭਾਰ ਤੁਲੇ ਆਪਣੀ ਵਾਰਾ, ਏਕਾ ਤੋਲਾ ਸ਼ਹਿਨਸ਼ਾਹੀਆ। ਹਰਿ ਕਾ ਗੁਣ ਨਾ ਕਿਸੇ ਵਿਚਾਰਾ, ਬੇਅੰਤ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਗਹਿਰ ਗੰਭੀਰ, ਲੇਖਾ ਜਾਣੇ ਆਦਿ ਅੰਤ ਅਖ਼ੀਰ, ਮਧ ਆਪਣੀ ਖੇਲ ਖਿਲਾਈਆ। ਹਰਿ ਸਾਚੀ ਖੇਲ ਖਿਲਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਆ। ਆਪਣਾ ਭੇਵ ਨਾ ਕਿਸੇ ਜਣਾਇੰਦਾ, ਸੰਤ ਸਾਜਣ ਜੁਗਾ ਜੁਗੰਤਰ ਰਹੇ ਗਾ। ਆਪਣਾ ਮਾਰਗ ਆਪੇ ਲਾਇੰਦਾ, ਆਪੇ ਬਣੇ ਜਗਤ ਮਲਾਹ। ਆਪਣਾ ਨਾਮ ਆਪ ਦ੍ਰਿੜਾਇੰਦਾ, ਰਾਮ ਕ੍ਰਿਸ਼ਨ ਨਾਨਕ ਗੋਬਿੰਦ ਆਪੇ ਜੋਤ ਜਗਾ। ਆਪਣਾ ਅੱਖਰ ਆਪ ਪੜ੍ਹਾਇੰਦਾ, ਨਿਸ਼ਅੱਖਰ ਰੂਪ ਵਟਾ। ਪੈਂਤੀਸ ਅੱਖਰ ਰੰਗ ਰੰਗਾਇੰਦਾ, ਸਤਾਰਾਂ ਅੱਖਰ ਬੈਠਾ ਆਪਣੇ ਵਿਚ ਟਿਕਾ। ਬਾਵਨ ਅੱਖਰੀ ਆਪ ਪੜ੍ਹਾਇੰਦਾ, ਜਿਸ ਗੁਰਮੁਖ ਦੂਈ ਦਵੈਤੀ ਪਰਦਾ ਦਏ ਚੁੱਕਾ। ਚਾਰੇ ਕੁੰਟ ਦਹਿ ਦਿਸ਼ਾਂ ਨੌਂ ਖੰਡ ਪ੍ਰਿਥਮੀ ਸਤ ਦੀਪ ਚੌਦਾਂ ਲੋਕ ਚੌਦਾਂ ਤਬਕ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਆਕਾਸ਼ ਪਰਕਾਸ਼ ਗਗਨ ਮੰਡਲ ਧਰਤ ਧਵਲ ਜ਼ਿਮੀ ਅਸਮਾਨ ਦੋ ਜਹਾਨ ਏਕਾ ਰੂਪ ਦਰਸਾਇੰਦਾ, ਨਿਰਗੁਣ ਦਾਤਾ ਪਕੜੇ ਬਾਂਹ। ਮੂਰਤ ਅਕਾਲ ਸਰਬ ਪ੍ਰਿਤਪਾਲ ਘਟ ਘਟ ਵਸੇ ਸਭਨੀ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਗੁਰਸਿਖਾਂ ਬਣੇ ਪਿਤਾ ਮਾਂ, ਬਾਲ ਅਞਾਣੇ ਗੋਦ ਉਠਾਇੰਦਾ। ਫੜ ਫੜ ਹੰਸ ਬਣਾਏ ਕਾਂ, ਮਾਣਕ ਮੋਤੀ ਸੋਹੰ ਸੋ ਚੋਗ ਚੁਗਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਤਿਜੁਗ ਸਾਚਾ ਰਾਹ ਵਖਾਇੰਦਾ। ਅੰਤਮ ਕਲਜੁਗ ਕਰੇ ਇਕ ਨਿਆਂ, ਸਾਲਸ ਕੋਇ ਨਾ ਨਾਲ ਲਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਹਰਿ ਨਿਰੰਕਾਰਾ, ਕਰੇ ਕਰਾਏ ਸਾਚੀ ਕਾਰਾ, ਕਰਤਾ ਪੁਰਖ ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁਖ ਨਾ ਕੋਇ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤ ਨਾ ਸਕੇ ਕੋਈ ਪਰਖ, ਜਗਤ ਸੁਨਿਆਰ ਕਸਵਟੀ ਹੱਥ ਨਾ ਕੋਇ ਰਖਾਇੰਦਾ। ਗੁਰਮੁਖ ਵਿਰਲਾ ਕਰੇ ਦੀਦਾਰ, ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਨਿਰਧਨ ਸਰਧਨ ਸਰਧਨ ਨਿਰਧਨ ਆਪਣੇ ਰੰਗ ਰੰਗਾਇੰਦਾ।
