Granth 09 Likhat 176: 20 Bhadro 2017 Bikarmi Surain Singh de Greh Pind Nidha Wali Jila Ferozepur

੨੦ ਭਾਦਰੋਂ ੨੦੧੭ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਪਿੰਡ ਨਿਧਾਂ ਵਾਲੀ ਜ਼ਿਲਾ ਫਿਰੋਜਪੁਰ

ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਅਗੰਮ ਅਗੰਮੜੀ ਕਾਰ ਕਰਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਇਕ ਇਕੱਲਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਵਾਲੀ ਦੋ ਜਹਾਨ, ਜੂਨੀ ਰਹਿਤ ਵੇਸ ਵਟਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਧਾਰੀ ਆਪ ਅਖਵਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਧੁਰ ਫ਼ਰਮਾਣ, ਹੁਕਮੀ ਹੁਕਮ ਆਪ ਵਰਤਾਇੰਦਾ। ਸ੍ਰੀ ਭਗਵਾਨ ਦਰ ਦਰਵੇਸ਼ ਬਣ ਦਰਬਾਨ, ਦਰ ਘਰ ਸਾਚੇ ਅਲੱਖ ਜਗਾਇੰਦਾ। ਪਾਰਬ੍ਰਹਮ ਆਪ ਆਪਣਾ ਕਰ ਪਰਵਾਨ, ਆਪਣਾ ਲੇਖਾ ਆਪੇ ਲਾਇੰਦਾ। ਵਸਣਹਾਰਾ ਨਿਰਗੁਣ ਸਚ ਮਕਾਨ, ਸਚਖੰਡ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪਣਾ ਨਾਉਂ ਧਰਾਇੰਦਾ। ਸਤਿ ਪੁਰਖ ਨਿਰੰਜਣ ਉਚ ਅਗੰਮ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਨਾ ਮਰੇ ਨਾ ਪਏ ਜੰਮ, ਜੂਨੀ ਜੂਨ ਨਾ ਕੋਇ ਭਵਾਇੰਦਾ। ਸੋ ਪੁਰਖ ਨਿਰੰਜਣ ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਖ਼ੁਸ਼ੀ ਗ਼ਮ ਨਾ ਕੋਇ ਵਖਾਇੰਦਾ। ਏਕੰਕਾਰਾ ਆਦਿ ਜੁਗਾਦਿ ਜਾਣੇ ਆਪਣਾ ਕੰਮ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਆਦਿ ਨਿਰੰਜਣ ਆਪਣਾ ਕਰ ਆਪ ਪਰਕਾਸ਼ ਨਾ ਕੋਈ ਵਖਾਏ ਸੂਰਜ ਚੰਨ, ਨੂਰੋ ਨੂਰ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬੇੜਾ ਬੰਨ੍ਹ, ਸਚ ਮਲਾਹ ਆਪ ਹੋ ਜਾਇੰਦਾ। ਸ੍ਰੀ ਭਗਵਾਨ ਆਪਣਾ ਹੁਕਮ ਆਪੇ ਮੰਨ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਪਾਰਬ੍ਰਹਮ ਕਿਸੇ ਜਨਨੀ ਨਾ ਜਣਿਆ ਜਨ, ਮਾਤ ਪਿਤ ਨਾ ਕੋਇ ਬਣਾਇੰਦਾ। ਨਾ ਕੋਈ ਰਾਗ ਨਾਦ ਸੁਣੇ ਕੰਨ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਨਾ ਕੋਈ ਮਾਲ ਦੌਲਤ ਦਿਸੇ ਧਨ, ਜਗਤ ਖਜ਼ੀਨਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਤਿ ਪੁਰਖ ਨਿਰੰਜਣ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਵਸਣਹਾਰਾ ਧਾਮ ਨਿਆਰਾ, ਉਚ ਮਹੱਲ ਅਟੱਲ ਆਪ ਸੁਹਾਇੰਦਾ। ਆਦਿ ਨਿਰੰਜਣ ਆਪਣਾ ਰੂਪ ਕਰੇ ਨਿਆਰਾ, ਰੂਪ ਅਨੂਪ ਆਪ ਹੋ ਜਾਇੰਦਾ। ਸ੍ਰੀ ਭਗਵਾਨ ਬਣ ਸ਼ਾਹ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਸੋਹੇ ਦਰ ਦਰਬਾਰਾ, ਦਰ ਦਰਵਾਜ਼ਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਸੇਵਾਦਾਰਾ, ਯਾਚਕ ਸੇਵਾ ਆਪ ਕਮਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜਾ, ਨਿਰਗੁਣ ਧਾਰਾ ਆਪਣੀ ਆਪ ਚਲਾਇੰਦਾ। ਘਰ ਵਿਚ ਘਰ ਕਰ ਤਿਆਰਾ, ਥਿਰ ਘਰ ਬੈਠੇ ਸੱਚੀ ਸਰਕਾਰਾ, ਸ਼ਾਹ ਸੁਲਤਾਨ ਆਪਣਾ ਨਾਉਂ ਧਰਾਇੰਦਾ। ਆਪੇ ਨਾਰੀ ਕੰਤ ਭਤਾਰਾ, ਸਚ ਸੁਹੰਜਣੀ ਸੇਜ ਆਪ ਸੁਹਾਇੰਦਾ। ਆਪੇ ਕਰੇ ਅਗੰਮੀ ਕਾਰਾ, ਅਗੰਮ ਅਗੰਮੜਾ ਵੇਖ ਵਖਾਇੰਦਾ। ਸੁਤ ਉਪਜਾਏ ਸ਼ਬਦ ਦੁਲਾਰਾ, ਮਾਤ ਪਿਤ ਸਾਚਾ ਹਿਤ ਆਪ ਕਰਾਇੰਦਾ। ਚਰਨ ਕਵਲ ਅੰਮ੍ਰਿਤ ਬਖਸ਼ੇ ਠੰਡੀ ਠਾਰਾ, ਸਾਂਤਕ ਸਤਿ ਸਤਿ ਵਰਤਾਇੰਦਾ। ਦੂਸਰ ਅਵਰ ਨਾ ਕੋਇ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਹਰਿ ਜੂ ਬੈਠਾ ਏਕਾ ਕੰਤ, ਕੰਤ ਕੰਤੂਲ ਸਾਚਾ ਧਾਮ ਸੁਹਾਈਆ। ਸਾਚਾ ਧਾਮ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਆਪਣੇ ਦਰ ਆਪੇ ਕਰੇ ਮਜਨਾ, ਆਪਣਾ ਸਰੋਵਰ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਆਪੇ ਰੱਖੇ ਆਪਣੀ ਲਜਣਾ, ਆਪਣਾ ਪਰਦਾ ਆਪੇ ਪਾਇੰਦਾ। ਏਕੰਕਾਰਾ ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ ਪੁਰਖ ਸਮਰਥ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਣ ਸਾਚੇ ਮੰਦਰ ਆਪਣੇ ਦੀਪਕ ਆਪੇ ਜਗਣਾ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਸ੍ਰੀ ਭਗਵਾਨ ਸਾਚਾ ਸੱਜਣਾ, ਆਦਿ ਜੁਗਾਦਿ ਜੁਗਾ ਜੁਗੰਤਰ ਸਗਲਾ ਸੰਗ ਨਿਭਾਇੰਦਾ। ਸ੍ਰੀ ਭਗਵਾਨ ਸਾਚੇ ਮੰਦਰ ਆਪੇ ਵਸਣਾ, ਹਰਿ ਮੰਦਰ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਨਿਰਗੁਣ ਨਿਰਗੁਣ ਮਿਲ ਮਿਲ ਹੱਸਣਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਆਪ ਸੁਹਾਏ, ਨਿਰਗੁਣ ਨਿਰਵੈਰ ਜੋਤ ਜਗਾਏ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਰੂਪ ਰੰਗ ਨਾ ਕੋਇ ਰੇਖਾ, ਵੇਸ ਅਵੱਲੜਾ ਆਪ ਕਰਾਈਆ। ਸੋ ਪੁਰਖ ਨਿਰੰਜਣ ਨਰ ਨਰੇਸ਼ਾ, ਨਰ ਨਰਾਇਣ ਬੈਠਾ ਆਸਣ ਲਾਈਆ। ਹਰਿ ਪੁਰਖ ਨਿਰੰਜਣ ਆਪਣੇ ਨੇਤਰ ਆਪੇ ਪੇਖਾ, ਦੋਏ ਲੋਚਣ ਨਾ ਕੋਇ ਖੁਲ੍ਹਾਈਆ। ਏਕੰਕਾਰਾ ਨਾ ਕੋਈ ਮੁੱਛ ਦਾੜ੍ਹੀ ਦਿਸੇ ਕੇਸਾ, ਸੀਸ ਜਗਦੀਸ ਨਾ ਮੂੰਡ ਮੁੰਡਾਈਆ। ਆਦਿ ਨਿਰੰਜਣ ਕਰਿਆ ਵੇਸਾ, ਨਿਰਾਕਾਰ ਆਪਣੀ ਕਲ ਧਰਾਈਆ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਲੇਖਾ, ਲੇਖਾ ਆਪਣੇ ਹੱਥ ਰਖਾਈਆ। ਅਬਿਨਾਸ਼ੀ ਕਰਤਾ ਆਪਣੇ ਜੋਤ ਆਪ ਪਰਵੇਸਾ, ਤਤਵ ਤਤ ਨਾ ਕੋਇ ਬਣਾਈਆ। ਪਾਰਬ੍ਰਹਮ ਪ੍ਰਭ ਕਰੇ ਆਦੇਸਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ, ਨਿਰਗੁਣ ਨਿਰਵੈਰ ਦੇਵੇ ਸਚ ਸੰਦੇਸ਼ਾ, ਸ਼ਬਦ ਅਨਾਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚੇ ਦਏ ਵਡਿਆਈਆ। ਦਰ ਘਰ ਸਾਚੇ ਵਡ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਨਿਰਵੈਰ ਬੈਠਾ ਜੋਤ ਜਗਾਈ, ਅਲੱਖ ਨਿਰੰਜਣ ਆਪਣੀ ਅਲੱਖ ਆਪ ਜਗਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ ਥਾਉਂ ਥਾਈ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਸਤਿ ਪੁਰਖ ਨਿਰੰਜਣ ਖੇਲੇ ਖੇਲ ਬੇਪਰਵਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਜੋਤ ਉਜਾਲਾ, ਪਾਰਬ੍ਰਹਮ ਪ੍ਰਭ ਵਸੇ ਸਚਖੰਡ ਸੱਚੀ ਧਰਮਸਾਲਾ, ਦੂਸਰ ਦਰ ਨਾ ਕੋਇ ਵਖਾਇੰਦਾ। ਸਚਖੰਡ ਦਵਾਰੇ ਵਸਿਆ, ਏਕਾ ਰੰਗ ਸਮਾਏ। ਆਪਣੇ ਮੰਦਰ ਬਹਿ ਬਹਿ ਆਪੇ ਹੱਸਿਆ, ਆਪ ਆਪਣਾ ਸਗਨ ਮਨਾਏ। ਆਪਣੀ ਜੋਤ ਆਪੇ ਕਰੇ ਪਰਕਾਸਿਆ, ਪਰਕਾਸ਼ ਪਰਕਾਸ਼ ਵਿਚ ਟਿਕਾਏ। ਆਪਣਾ ਨਾਉਂ ਧਰਾਏ ਪੁਰਖ ਅਬਿਨਾਸਿਆ, ਨਾ ਮਰੇ ਨਾ ਜਾਏ। ਜੁਗਾ ਜੁਗੰਤਰ ਹੋਏ ਦਾਸੀ ਦਾਸਿਆ, ਸੇਵਕ ਸੇਵਾ ਸੇਵ ਕਮਾਏ। ਲੇਖਾ ਰੱਖੇ ਨਾ ਪ੍ਰਿਥਮੀ ਆਕਾਸਿਆ, ਮੰਡਲ ਮੰਡਪ ਨਾ ਕੋਇ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰਾ, ਕਰੇ ਖੇਲ ਅਗੰਮ ਅਪਾਰਾ, ਸਚਖੰਡ ਦਵਾਰ ਆਪ ਸੁਹਾਏ। ਸਚਖੰਡ ਦਵਾਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਜੋਤ ਜਗਾਏ ਇਕ ਨਿਰੰਜਣਾ, ਨੂਰੋ ਨੂਰ ਡਗਮਗਾਇੰਦਾ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਨਾ ਘੜਿਆ ਨਾ ਭੱਜਣਾ, ਰੂਪ ਅਨੂਪ ਆਪ ਪਰਗਟਾਇੰਦਾ। ਥਿਰ ਘਰ ਮੇਲਾ ਆਪ ਮਿਲਾਏ ਆਪਣੇ ਸੱਜਣਾ, ਸੱਜਣ ਮੀਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਥਿਰ ਘਰ ਸਾਚਾ ਆਪ ਸੁਹਾਇੰਦਾ। ਥਿਰ ਘਰ ਸਚ ਸੁਹਾਵਣਾ, ਪਾਰਬ੍ਰਹਮ ਸੁਹਾਈਆ। ਆਪਣਾ ਗੀਤ ਆਪੇ ਗਾਵਣਾ, ਆਪਣੀ ਇਛਿਆ ਪੂਰ ਕਰਾਈਆ। ਆਪਣਾ ਕੰਤ ਆਪ ਹੰਢਾਵਣਾ, ਆਪ ਆਪਣੀ ਸੇਜ ਸੁਹਾਈਆ। ਆਪਣੀ ਬਣਤ ਆਪ ਬਣਾਵਣਾ, ਆਪੇ ਵੇਖੇ ਚਾਈਂ ਚਾਈਆ। ਆਪਣਾ ਰੰਗ ਆਪ ਰੰਗਾਵਣਾ, ਰੰਗ ਰੰਗੀਲਾ ਸਾਚਾ ਮਾਹੀਆ। ਆਪਣਾ ਕਬੀਲਾ ਆਪ ਉਪਜਾਵਣਾ, ਪੂਤ ਸਪੂਤਾ ਆਪੇ ਜਾਈਆ। ਸੁਤ ਦੁਲਾਰਾ ਨਾਉਂ ਧਰਾਵਣਾ, ਸ਼ਬਦੀ ਸ਼ਬਦ ਸ਼ਬਦ ਸਲਾਹੀਆ। ਏਕਾ ਅੱਖਰ ਆਪ ਪੜ੍ਹਾਵਣਾ, ਦੂਜੀ ਵਿਦਿਆ ਨਾ ਕੋਇ ਪੜ੍ਹਾਈਆ। ਏਕਾ ਸੱਥਰ ਆਪ ਵਿਛਾਵਣਾ, ਆਪਣੀਆਂ ਭੁਜਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਅਲੱਖ ਅਗੰਮ ਅਥਾਹ ਆਪਣੀ ਦਇਆ ਆਪ ਕਮਾਈਆ। ਦਇਆ ਕਰ ਕਰੇ ਉਤਪਤ, ਸ਼ਬਦੀ ਸੁਤ ਦੁਲਾਰਾ ਜਾਇਆ। ਹੱਡ ਮਾਸ ਨਾੜੀ ਨਾ ਦਿਸੇ ਰਤ, ਰਕਤ ਬੂੰਦ ਨਾ ਮੇਲ ਮਿਲਾਇਆ। ਰੂਪ ਪਰਗਟਾਏ ਨਾ ਕੋਈ ਪੰਜ ਤਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾ ਰੰਗ ਰੰਗਾਇਆ। ਤ੍ਰੈਗੁਣ ਮਾਇਆ ਨਾ ਰੰਗੇ ਰਤ, ਮਨ ਮਤ ਬੁਧ ਨਾ ਕੋਇ ਧਰਾਇਆ। ਕਰੇ ਖੇਲ ਹਰਿ ਕਮਲਾਪਤ, ਆਪ ਆਪਣੀ ਰਚਨ ਰਚਾਇਆ। ਵੇਸ ਅਨੇਕਾ ਕਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਆਪਣੇ ਹੱਥ ਰੱਖੇ ਵਡਿਆਈਆ। ਦੇਵੇ ਮਾਣ ਸਾਚੇ ਸੁੱਤ, ਧੰਨ ਧੰਨ ਜਣੇਂਦੀ ਮਾਇਆ। ਆਪ ਸੁਹਾਏ ਆਪਣੀ ਰੁੱਤ, ਸਚਖੰਡ ਦਵਾਰੇ ਸੋਭਾ ਪਾਇਆ। ਆਪਣੀ ਗੋਦੀ ਆਪੇ ਚੁੱਕ, ਆਪੇ ਰਿਹਾ ਖਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਏ, ਜੋਤੀ ਜੋਤ ਆਪ ਜਗਾਇਆ। ਜੋਤੀ ਜਾਤਾ ਹਰਿ ਨਿਰੰਕਾਰ, ਆਪਣੀ ਕਲ ਆਪ ਵਰਤਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰੋ ਨੂਰ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਾਚਾ ਹੁਕਮ ਆਪ ਚਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨ ਆਪਣਾ ਨਾਉਂ ਧਰਾਇੰਦਾ। ਸੀਸ ਬੰਨ੍ਹ ਸੱਚੀ ਦਸਤਾਰ, ਸਾਚਾ ਤਾਜ ਆਪ ਟਿਕਾਇੰਦਾ। ਪੰਚਮ ਮੁਖ ਮੁਖ ਕਰ ਤਿਆਰ, ਸ਼ਬਦ ਨਾਦ ਧੁਨ ਵਜਾਇੰਦਾ। ਤੁਰਯਾ ਰਾਗ ਅਪਰ ਅਪਾਰ, ਪਾਰਬ੍ਰਹਮ ਆਪਣਾ ਆਪੇ ਗਾਇੰਦਾ। ਬੋਧ ਅਗਾਧੀ ਏਕਾ ਕਾਰ, ਹਰਿ ਜੂ ਹਰਿ ਹਰਿ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਹਰਿ ਵਡਿਆਇੰਦਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਸਾਚੇ ਸੁਤ ਦਇਆ ਕਮਾਇੰਦਾ, ਏਕਾ ਹੁਕਮ ਰਿਹਾ ਸਮਝਾਈਆ। ਆਪਣਾ ਵੇਲਾ ਵਕਤ ਆਪਣੇ ਹੱਥ ਰਖਾਇੰਦਾ, ਥਿਤ ਵਾਰ ਨਾ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੇ ਵਰ, ਧੁਰ ਫ਼ਰਮਾਣਾ ਇਕ ਜਣਾਈਆ। ਧੁਰ ਫ਼ਰਮਾਣਾ ਹਰਿ ਭਗਵਾਨ, ਆਪਣਾ ਆਪ ਸੁਹਾਇੰਦਾ। ਸਾਚੇ ਤਖ਼ਤ ਬੈਠ ਸੁਲਤਾਨਾ, ਆਦਲ ਅਦਲ ਕਮਾਇੰਦਾ। ਏਕਾ ਮੰਦਰ ਇਕ ਟਿਕਾਣਾ, ਇਕ ਬਬਾਣਾ ਆਪ ਉਡਾਇੰਦਾ। ਏਕਾ ਰਾਜ ਇਕ ਰਾਜਾਨਾ, ਏਕਾ ਰਯੱਤ ਵੇਖ ਵਖਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਧੁਨ ਸੁਣਾਇੰਦਾ। ਏਕਾ ਵਰਤੇ ਆਪਣਾ ਭਾਣਾ, ਆਪਣੇ ਭਾਣੇ ਸਦ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦੇਵੇ ਵਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਨਾਮ ਆਧਾਰ, ਆਪਣੀ ਝੋਲੀ ਆਪ ਭਰਾਈਆ। ਏਕਾ ਹੁਕਮ ਵਰਤੇ ਵਰਤਾਰ, ਹੁਕਮੀ ਹੁਕਮ ਸਰਬ ਫਿਰਾਈਆ। ਸਤਿ ਵਣਜਾਰੇ ਕਰਨਾ ਸਾਚਾ ਵਣਜ ਵਪਾਰ, ਭੁੱਲ ਰਹੇ ਨਾ ਰਾਈਆ। ਕਿਰਪਾ ਕਰੇ ਆਪ ਕਰਤਾਰ, ਤੇਰੀ ਸੇਵਾ ਸਚ ਲਗਾਈਆ। ਲੋਅ ਪੁਰੀ ਬ੍ਰਹਿਮੰਡ ਖੰਡ ਮਹੱਲ ਉਸਾਰ, ਬ੍ਰਹਮਾ ਵਿਸ਼ਨ ਸ਼ਿਵ ਤੇਰੀ ਅੰਸ ਉਪਜਾਈਆ। ਤ੍ਰੈਗੁਣ ਤੇਰਾ ਤਤ ਭੰਡਾਰ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਿਛਿਆ ਰਿਹਾ ਵਰਤਾਈਆ। ਏਕਾ ਭਿਛਿਆ ਨਾਮ ਅਨਮੋਲ, ਆਪਣੀ ਝੋਲੀ ਆਪ ਭਰਾਇੰਦਾ। ਸਚਖੰਡ ਨਵਾਸੀ ਬੋਲੇ ਸਾਚਾ ਬੋਲ, ਆਪਣਾ ਹੁਕਮ ਆਪ ਜਣਾਇੰਦਾ। ਇਕ ਇਕੱਲਾ ਨਿਰਗੁਣ ਨਿਰਵੈਰ ਬੈਠਾ ਤੋਲੇ ਤੋਲ, ਤੋਲਣਹਾਰਾ ਦਿਸ ਨਾ ਆਇੰਦਾ। ਆਦਿ ਜੁਗਾਦਿ ਰਹੇ ਅਡੋਲ, ਅਡੁਲ ਆਪਣੀ ਕਾਰ ਕਰਾਇੰਦਾ। ਆਪੇ ਵਸੇ ਆਪਣੇ ਕੋਲ, ਆਪਣਾ ਪਰਦਾ ਆਪੇ ਲਾਹਿੰਦਾ। ਆਪੇ ਮਰਦੰਗ ਨਾਮ ਢੋਲ, ਆਪੇ ਧੁਨ ਨਾਦ ਸੁਣਾਇੰਦਾ। ਆਪੇ ਸ਼ਬਦੀ ਸ਼ਬਦ ਰਿਹਾ ਮੌਲ, ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਏਕਾ ਘਰ, ਘਰ ਸਾਚਾ ਇਕ ਉਪਾਇੰਦਾ। ਏਕਾ ਘਰ ਏਕਾ ਹਰਿ, ਏਕਾ ਮੰਦਰ ਸੋਭਾ ਪਾਈਆ। ਏਕਾ ਨਾਰੀ ਏਕਾ ਨਰ, ਨਰ ਨਰਾਇਣ ਇਕ ਅਖਵਾਈਆ। ਇਕ ਦਵਾਰ ਇਕ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਇਕ ਸਰੋਵਰ ਇਕ ਸਰ, ਏਕਾ ਰਿਹਾ ਨੁਹਾਈਆ। ਏਕਾ ਘਾੜਨ ਏਕਾ ਰਿਹਾ ਘੜ, ਏਕਾ ਭੰਨ ਵਖਾਈਆ। ਏਕਾ ਅੰਦਰ ਇਕ ਧਰ, ਇਕ ਇਕ ਨਾਮ ਜੋੜ ਜੁੜਾਈਆ। ਵਿਸ਼ਵ ਰੂਪ ਆਪੇ ਕਰ, ਵਿਸ਼ਨ ਆਪਣਾ ਬੰਸ ਸੁਹਾਈਆ। ਵਿਸ਼ਨ ਅੰਦਰ ਆਪੇ ਵੜ, ਕਵਲ ਨਾਭੀ ਫੁੱਲ ਖਿਲਾਈਆ। ਕਵਲਾ ਅੰਮ੍ਰਿਤ ਵੇਖੇ ਸਰ, ਨਾਭੀ ਧਾਰਾ ਆਪ ਚਲਾਈਆ। ਆਪੇ ਆਪਣਾ ਪਰਕਾਸ਼ ਕਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦੇਵੇ ਸਾਚਾ ਵਰ, ਸਾਚੀ ਵੰਡ ਆਪ ਵੰਡਾਈਆ। ਆਪੇ ਵਿਸ਼ਨ ਆਪੇ ਅੰਤਰ, ਆਪੇ ਬਾਹਰ ਸਮਾਇੰਦਾ। ਆਪੇ ਸ਼ਬਦ ਆਪੇ ਗੁਰ ਮੰਤਰ ਇਸ਼ਟ ਰੂਪ ਪਰਗਟਾਇੰਦਾ। ਆਪ ਬਣਾਏ ਆਪਣੀ ਬਣਤਰ, ਆਪੇ ਕਵਲਾ ਕਵਲ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣਾ ਰੰਗ ਆਪ ਚੜ੍ਹਾਇੰਦਾ। ਆਪਣਾ ਰੰਗ ਆਪੇ ਰੰਗ, ਆਪੇ ਵੇਖ ਵਖਾਈਆ। ਅਬਿਨਾਸ਼ੀ ਕਰਤਾ ਸੂਰਾ ਸਰਬੰਗ, ਘਰ ਬੈਠਾ ਸੋਭਾ ਪਾਈਆ। ਵਿਸ਼ਨੂੰ ਦਵਾਰੇ ਆਪੇ ਲੰਘ, ਪਾਰਬ੍ਰਹਮ ਰੂਪ ਪਰਗਟਾਈਆ। ਬ੍ਰਹਮ ਬ੍ਰਹਮ ਵੱਜੇ ਮਰਦੰਗ, ਕਵਲ ਕਵਲ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਧਾਰ ਵਿਚੋਂ ਪਰਗਟਾਈਆ। ਧਾਰ ਵਿਚੋਂ ਧਾਰ ਕੱਢ, ਹਰਿ ਸਾਚਾ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਲਡਾਏ ਲਡ, ਆਪ ਆਪਣਾ ਮੇਲ ਮਿਲਾਇੰਦਾ। ਨਿਰਗੁਣ ਨਿਰਗੁਣ ਕਰਿਆ ਅੱਡ, ਆਪਣੀ ਵੰਡ ਆਪਣੇ ਹੱਥ ਰਖਾਇੰਦਾ। ਵੇਖਣਹਾਰ ਹਰਿ ਬ੍ਰਹਿਮੰਡ, ਬ੍ਰਹਮ ਜੋਤੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਲਾਇੰਦਾ। ਖੇਲ ਖਲੰਦੜਾ ਵਡ ਖਲਾਰੀ, ਏਕਾ ਏਕੰਕਾਰਿਆ। ਪਾਰਬ੍ਰਹਮ ਬ੍ਰਹਮ ਕਰ ਪਸਾਰੀ, ਵਿਸ਼ਨ ਦੇਵੇ ਇਕ ਆਧਾਰਿਆ। ਏਕਾ ਜੋਤ ਜੋਤ ਨਿਰਾਕਾਰੀ, ਆਪਣਾ ਦੀਪਕ ਆਪ ਜਗਾ ਰਿਹਾ। ਏਕਾ ਸ਼ਬਦ ਸ਼ਬਦ ਧੁਨਕਾਰੀ, ਨਾਦ ਅਨਾਦੀ ਆਪ ਸੁਣਾ ਰਿਹਾ। ਏਕਾ ਰੂਪ ਅਗੰਮ ਅਪਾਰੀ, ਅਗੰਮ ਅਗੰਮੜਾ ਆਪ ਵਖਾ ਰਿਹਾ। ਇਕ ਮਹੱਲ ਇਕ ਅਟਾਰੀ, ਨੇਹਚਲ ਧਾਮ ਆਪ ਸੁਹਾ ਰਿਹਾ। ਏਕਾ ਸ਼ਾਹੋ ਭੂਪ ਸੱਚਾ ਸਿਕਦਾਰੀ, ਤਖ਼ਤ ਤਾਜ ਇਕ ਜਣਾ ਰਿਹਾ। ਏਕਾ ਹੁਕਮ ਇਕ ਵਰਤਾਰੀ, ਏਕਾ ਭਾਣਾ ਸਦ ਰਖਾ ਰਿਹਾ। ਏਕਾ ਸੁਤ ਇਕ ਦੁਲਾਰੀ, ਏਕਾ ਮਾਤ ਪਿਤ ਰੂਪ ਪਰਗਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਖੇਲੇ ਖੇਲ ਤਮਾਸ਼ਾ, ਆਪਣੇ ਮੰਡਲ ਆਪਣੀ ਰਾਸ ਆਪ ਰਚਾ ਰਿਹਾ। ਵਿਸ਼ਨ ਬ੍ਰਹਮਾ ਕਰ ਤਿਆਰ, ਸ਼ੰਕਰ ਸੰਗ ਨਿਭਾਇਆ। ਤਿੰਨਾਂ ਵਿਚੋਲਾ ਸਿਰਜਣਹਾਰ, ਦਿਸ ਕਿਸੇ ਨਾ ਆਇਆ। ਸ਼ਬਦ ਸੋਹਲਾ ਏਕੰਕਾਰ, ਆਪ ਆਪਣਾ ਆਪੇ ਗਾਇਆ। ਜਾਣੇ ਢੋਲਾ ਆਪਣੀ ਵਾਰ, ਆਪਣਾ ਬੋਲਾ ਆਪ ਜਣਾਇਆ। ਬਣਿਆ ਤੋਲਾ ਪਾਵੇ ਸਾਰ, ਏਕਾ ਕੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਆਪ ਸੁਹਾਇਆ। ਸਚਖੰਡ ਦਵਾਰੇ ਹਰਿ ਨਿਰੰਕਾਰਾ, ਆਪਣਾ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਹੋ ਤਿਆਰਾ, ਅੰਦਰ ਬਾਹਰ ਗੁਪਤ ਜ਼ਾਹਰ ਆਪਣੀ ਕਲ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤਨ ਕਰ ਸ਼ੰਗਾਰਾ, ਬ੍ਰਹਮ ਬ੍ਰਹਮ ਬ੍ਰਹਮ ਮੇਲ ਮਿਲਾਇੰਦਾ। ਨਾ ਕੋਈ ਦੂਸਰ ਦੇਵੇ ਹੋਰ ਸਹਾਰਾ, ਤ੍ਰਿਸ਼ਨਾ ਭੁੱਖ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਾਚਾ ਮੰਦਰ ਆਪ ਸੁਹਾਇੰਦਾ। ਸਚਖੰਡ ਖੇਲ ਰਚਾਈ, ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ। ਸਾਚੇ ਸ਼ਬਦ ਕਰੇ ਕੁੜਮਾਈ, ਸ਼ਬਦ ਸੁਤ ਜਾਏ ਬਲਹਾਰ। ਸੇਵਕ ਸੇਵਾ ਇਕ ਸਮਝਾਈ, ਤਿੰਨਾਂ ਵਿਚੋਲਾ ਇਕ ਨਿਰੰਕਾਰ। ਵਿਛੜ ਕਦੇ ਨਾ ਜਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਰ। ਸ਼ਬਦੀ ਹੁਕਮ ਵਰਤਾਇੰਦਾ, ਪਾਰਬ੍ਰਹਮ ਗੁਰ ਕਰਤਾਰ। ਬ੍ਰਹਮਾ ਵਿਸ਼ਨ ਸ਼ਿਵ ਸਮਝਾਇੰਦਾ, ਤਿੰਨਾਂ ਮੇਲਾ ਏਕਾ ਵਾਰ। ਏਕਾ ਮਾਈ ਗੋਦ ਬਹਾਇੰਦਾ, ਏਕਾ ਪਿਤਾ ਕਰੇ ਪਿਆਰ। ਏਕਾ ਕੰਗਣ ਆਪ ਸੁਹਾਇੰਦਾ, ਏਕਾ ਕਰੇ ਸਚ ਸ਼ੰਗਾਰ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਏਕਾ ਖਾਣ ਪੀਣ ਦਏ ਅਹਾਰ। ਏਕਾ ਮੰਦਰ ਆਪ ਸੁਹਾਇੰਦਾ, ਰਵ ਸਸ ਨਾ ਕੋਈ ਉਜਿਆਰ। ਏਕਾ ਗੀਤ ਅਨਾਦੀ ਗਾਇੰਦਾ, ਸਾਰਿੰਗ ਸਾਰੰਗੀ ਵੱਜੇ ਨਾ ਕੋਈ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰ ਹਰਿ ਹਰਿ ਖੇਲ, ਸਚਖੰਡ ਦਵਾਰੇ ਰਿਹਾ ਕਰਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਗੁਰ ਚੇਲਾ ਏਕਾ ਅੰਕ ਸਮਾਈਆ। ਆਪੇ ਵਸੇ ਧਾਮ ਨਵੇਲ, ਧਾਮ ਅਵੱਲੜਾ ਇਕ ਵਡਿਆਈਆ। ਅਚਰਜ ਪਾਰਬ੍ਰਹਮ ਪ੍ਰਭ ਖੇਲ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਸਮਝਾਈਆ। ਆਦਿ ਨਿਰੰਜਣ ਚਾੜ੍ਹੇ ਤੇਲ, ਘਰ ਸਾਚੇ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰਾ ਇਕ ਸੁਹਾਈਆ। ਬ੍ਰਹਮਾ ਵਿਸ਼ਨ ਸ਼ਿਵ ਚਰਨ ਦਵਾਰ, ਸੋ ਪੁਰਖ ਨਿਰੰਜਣ ਆਪ ਬਹਾਇੰਦਾ। ਹਰਿ ਪੁਰਖ ਨਿਰੰਜਣ ਕਰ ਪਿਆਰ, ਨਿਰਗੁਣ ਆਪਣਾ ਦਰਸ ਦਿਖਾਇੰਦਾ। ਏਕੰਕਾਰਾ ਦਏ ਅਧਾਰ, ਧੀਰਜ ਧੀਰ ਧੀਰ ਧਰਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਨੂਰੋ ਨੂਰ ਇਕ ਚਮਕਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਸਿਰ ਆਪਣਾ ਹੱਥ ਧਰਾਇੰਦਾ। ਸ੍ਰੀ ਭਗਵਾਨ ਸਾਂਝਾ ਯਾਰ, ਤਿੰਨਾਂ ਏਕਾ ਮਾਰਗ ਲਾਇੰਦਾ। ਪਾਰਬ੍ਰਹਮ ਪ੍ਰਭ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ । ਸ਼ਬਦ ਅਨਾਦੀ ਸਚ ਜੈਕਾਰ, ਧੁਰ ਦਰਬਾਰ ਆਪ ਸੁਣਾਇੰਦਾ । ਕਰੇ ਖੇਲ ਹਰਿ ਕਰਤਾਰ, ਦੂਸਰ ਸੰਗ ਨਾ ਕੋਈ ਨਿਭਾਇੰਦਾ। ਸ਼ਬਦੀ ਸ਼ਬਦ ਵਰਤੇ ਕਰਤਾਰ, ਵਰਤਾਵਣਹਾਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖ ਵਖਾਇੰਦਾ। ਧੁਰ ਦਾ ਲੇਖਾ ਅਗੰਮ ਅਪਾਰਾ, ਬ੍ਰਹਮੇ ਵਿਸ਼ਨ ਸ਼ਿਵ ਵਖਾਈਆ। ਸ਼ਬਦੀ ਕਰੇ ਸ਼ਬਦ ਪਿਆਰਾ, ਦੋਹਾਂ ਵਿਚੋਲਾ ਬੇਪਰਵਾਹੀਆ। ਆਦਿ ਜੁਗਾਦੀ ਵਸੇ ਕੋਲਾ, ਦੂਰ ਨੇੜੇ ਨਾ ਪੰਧ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਤੇਰੀ ਅੰਸ ਆਪ ਸੁਹਾਈਆ। ਸਾਚੇ ਸੁਤ ਤੇਰੀ ਸਾਚੀ ਅੰਸ, ਬ੍ਰਹਮਾ ਵਿਸ਼ਨ ਸ਼ਿਵ ਉਪਾਇਆ। ਪ੍ਰਭ ਆਪਣਾ ਵੇਖੇ ਆਪੇ ਬੰਸ, ਬੰਸ ਸਰਬੰਸਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਏਕਾ ਰੰਗ ਰੰਗਾਇਆ। ਬ੍ਰਹਮਾ ਵਿਸ਼ਨ ਸ਼ਿਵ ਸ਼ਬਦ ਸਚ ਮੀਤ, ਏਕਾ ਧਾਰ ਵਖਾਈਆ। ਸਚ ਦਵਾਰਾ ਠਾਂਡਾ ਸੀਤ, ਪਾਰਬ੍ਰਹਮ ਸੱਚੀ ਸਰਨਾਈਆ। ਕਵਣ ਜਣਾਏ ਆਪਣੀ ਰੀਤ, ਕਵਣ ਮਾਰਗ ਦਏ ਵਖਾਈਆ। ਕਵਣ ਪਰਗਟਾਏ ਸਚ ਪ੍ਰੀਤ, ਚਰਨ ਦਵਾਰ ਕਵਣ ਬਹਾਈਆ। ਕਵਣ ਸੁਣਾਏ ਏਕਾ ਗੀਤ, ਦੂਸਰ ਦਰ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਅਭੇਦਾ ਦਏ ਖੁਲਾਈਆ। ਤਿੰਨਾਂ ਮੇਲਾ ਏਕਾ ਧਾਰ, ਸ਼ਬਦੀ ਸੰਗ ਨਿਭਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਵਿਚਾਰ, ਗੁਰ ਗੁਰ ਰਿਹਾ ਧਿਆਇਆ। ਕਵਣ ਬੰਨ੍ਹੇ ਸਾਡਾ ਭਾਰ, ਕਵਣ ਬੇੜਾ ਲਏ ਤਰਾਇਆ। ਕਵਣ ਲੇਖਾ ਜਾਣੇ ਆਰ ਪਾਰ, ਕਵਣ ਮਧ ਵੇਸ ਵਟਾਇਆ। ਕਵਣ ਰੂਪ ਹੋਏ ਕਰਤਾਰ, ਨਿਰਗੁਣ ਆਪਣਾ ਦਰਸ ਦਿਖਾਇਆ। ਕਵਣ ਸ਼ਬਦ ਮਿਲੇ ਭੰਡਾਰ, ਕਵਣ ਵਸਤ ਦਏ ਵਰਤਾਇਆ। ਕਵਣ ਖੰਡਾ ਤੇਜ ਕਟਾਰ, ਕਵਣ ਸ਼ਸਤਰ ਲਏ ਚਮਕਾਇਆ। ਕਵਣ ਹੋਏ ਸ਼ਾਹ ਅਸਵਾਰ, ਕਵਣ ਰੂਪ ਅਨੂਪ ਪਰਗਟਾਇਆ। ਕਵਣ ਸਾਚੇ ਤਖ਼ਤ ਬਣੇ ਸਿਕਦਾਰ, ਕਵਣ ਹੁਕਮੀ ਹੁਕਮ ਸੁਣਾਇਆ। ਤੇਰਾ ਰੂਪ ਅਗੰਮ ਅਪਾਰ, ਨਿਰਗੁਣ ਦਿਸ ਕਿਸੇ ਨਾ ਆਇਆ। ਨਾ ਕੋਈ ਦਿਸੇ ਜਗਤ ਪਸਾਰ, ਲੱਖ ਚੁਰਾਸੀ ਰਚਨ ਨਾ ਕੋਈ ਰਚਾਇਆ। ਤ੍ਰੈਗੁਣ ਮਾਇਆ ਭਰੇ ਨਾ ਕੋਈ ਭੰਡਾਰ, ਪੰਜ ਤਤ ਨਾ ਕੋਈ ਰਖਾਇਆ। ਜੰਗਲ ਜੂਹ ਨਾ ਉਜਾੜ ਪਹਾੜ, ਸਮੁੰਦ ਸਾਗਰ ਨੀਰ ਨਾ ਕੋਇ ਵਹਾਇਆ । ਗੁਰ ਪੀਰ ਨਾ ਕੋਇ ਅਵਤਾਰ, ਸਾਧ ਸੰਤ ਦਿਸ ਨਾ ਆਇਆ। ਸੂਰਜ ਚੰਨ ਨਾ ਕੋਈ ਉਜਿਆਰ, ਮੰਡਲ ਮੰਡਪ ਨਾ ਕੋਈ ਸੁਹਾਇਆ। ਨਾਮ ਸ਼ਬਦ ਨਾ ਕੋਈ ਜੈਕਾਰ, ਇਸ਼ਟ ਦੇਵ ਨਾ ਕੋਈ ਬਣਾਇਆ। ਬ੍ਰਹਮਾ ਵਿਸ਼ਨ ਸ਼ਿਵ ਦੋਏ ਜੋੜ ਜੋੜ ਕਰਨ ਨਿਮਸਕਾਰ, ਦਰ ਬੈਠੇ ਸੀਸ ਝੁਕਾਇਆ। ਸ਼ਬਦ ਵਿਚੋਲਾ ਉਚੀ ਕਰੇ ਪੁਕਾਰ, ਆਪਣਾ ਢੋਲਾ ਰਿਹਾ ਸੁਣਾਇਆ। ਪਾਰਬ੍ਰਹਮ ਹਰਿ ਕਰੇ ਕਰਾਏ ਕਰਨੇਹਾਰ, ਆਪਣੀ ਕਲ ਆਪ ਵਰਤਾਇਆ। ਜੁਗਾ ਜੁਗੰਤਰ ਪਾਵੇ ਸਾਰ, ਭੁੱਲ ਕਦੇ ਨਾ ਜਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਖ਼ਤ ਰਿਹਾ ਸੁਹਾਇਆ। ਬ੍ਰਹਮਾ ਵਿਸ਼ਨ ਸ਼ਿਵ ਮੰਗਣ ਮੰਗ, ਅਗੇ ਆਪਣੀ ਝੋਲੀ ਡਾਹੀਆ। ਸਦਾ ਨਿਭਾਉਣਾ ਆਪਣਾ ਸੰਗ, ਹਉਂ ਭਿਖਕ ਭਿਖਾਰੀ ਦਰ ਆਈਆ। ਇਕ ਚੜ੍ਹੌਣਾ, ਆਪਣਾ ਰੰਗ, ਉਤਰ ਕਦੇ ਨਾ ਜਾਈਆ। ਤੇਰੇ ਮੰਦਰ ਤੇਰੇ ਦੁਆਰ ਤੇਰੇ ਘਰ ਹਰਿ ਜੂ ਆਏ ਲੰਘ, ਚਰਨ ਦਵਾਰ ਬੈਠੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਸਤਿਗੁਰ ਪੂਰਾ ਦੀਨ ਦਿਆਲਾ, ਪੁਰਖ ਅਕਾਲ ਅਖਵਾਇੰਦਾ। ਸਚਖੰਡ ਵਸਾਏ ਸੱਚੀ ਧਰਮਸਾਲਾ, ਸਾਚੀ ਦਰਗਾਹਿ ਆਸਣ ਲਾਇੰਦਾ। ਸੁਤ ਦੁਲਾਰਾ ਵੇਖੇ ਬਾਲਾ, ਬਾਲ ਨਿਧਾਨਾ ਰਾਹ ਤਕਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਹੋਏ ਕੰਗਾਲਾ, ਵਸਤ ਹੱਥ ਨਾ  ਕੋਇ ਰਖਾਇੰਦਾ। ਹਰਿ ਜੀ ਹਰਿ ਹਰਿ ਹੋਏ ਆਪ ਕਿਰਪਾਲਾ, ਕਿਰਪਾਨਿਧ ਆਪਣੀ ਦਇਆ ਆਪ ਕਮਾਇੰਦਾ। ਏਕਾ ਫਲ ਲਗਾਏ ਤਿੰਨਾਂ ਡਾਲ੍ਹਾ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਮਾਰਗ ਦੱਸੇ ਇਕ ਸੁਖ਼ਾਲਾ, ਚਰਨ ਕਵਲ ਧਿਆਨ ਸਮਝਾਇੰਦਾ। ਪ੍ਰਭ ਚਲੇ ਅਵੱਲੜੀ ਚਾਲਾ, ਲੇਖਾ ਲਿਖਤ ਵਿਚ ਨਾ ਆਇੰਦਾ। ਲੋਕਮਾਤ ਬਣੇ ਦਲਾਲਾ, ਸਾਚੀ ਵੰਡਣ ਵੰਡ ਵੰਡਾਇੰਦਾ। ਤ੍ਰੈਗੁਣ ਮਾਇਆ ਜਗਤ ਦੋਸ਼ਾਲਾ, ਇਕ ਇਕ ਨਾਲ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਇਕ ਸਿਖਾਇੰਦਾ। ਸਾਚੀ ਸਿਖ਼ਿਆ ਸਿਖਾਵਣਹਾਰਾ, ਏਕਾ ਹੁਕਮ ਸੁਣਾਇੰਦਾ। ਪਾਰਬ੍ਰਹਮ ਵਰਤੇ ਵਰਤਾਰਾ, ਭੇਵ ਕੋਈ ਨਾ ਪਾਇੰਦਾ। ਵਿਸ਼ਨ ਸ਼ਿਵ ਤੇਰਾ ਭਰੇ ਭੰਡਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਭਾਂਡਾ ਕਰ ਤਿਆਰਾ, ਘਟ ਘਟ ਆਪਣੀ ਜੋਤ ਜਗਾਇੰਦਾ। ਕਰੇ ਖੇਲ ਅਪਰ ਅਪਾਰਾ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਝੋਲੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਰ ਬਣ ਭਿਖਾਰ ਦਰ ਬੈਠੇ ਸੀਸ ਝੁਕਾਈ, ਪਾਰਬ੍ਰਹਮ ਅਬਿਨਾਸ਼ੀ ਕਰਤੇ ਤੇਰੀ ਸਚ ਸਰਨਾਇਆ। ਜਗਤ ਜਗਦੀਸ਼ ਤੇਰੇ ਹੱਥ ਵਡਿਆਈ, ਹਉਂ ਯਾਚਕ ਸੇਵਕ ਸੇਵ ਕਮਾਇਆ। ਤੇਰੇ ਹੁਕਮ ਰਹੇ ਰਜ਼ਾਈ, ਤੇਰਾ ਹੁਕਮ ਇਕ ਭਾਇਆ। ਪ੍ਰਭ ਲੇਖਾ ਲਿਖਣ ਨਾ ਜਾਈ, ਆਦਿ ਆਦਿ ਆਪਣੀ ਖੇਲ ਖਿਲਾਇਆ। ਬ੍ਰਹਮ ਬ੍ਰਹਿਮਾਦਿ ਵੱਜੀ ਵਧਾਈ, ਸਾਚੀ ਦਾਦ ਝੋਲੀ ਪਾਇਆ। ਨਾਮ ਨਾਮਾ ਸਾਚੇ ਸ਼ਹਿਨਸ਼ਾਹੀ, ਬੋਧ ਅਗਾਧ ਸ਼ਬਦ ਸੁਣਾਇਆ। ਆਪਣੀ ਕਰੇ ਆਪ ਪੜ੍ਹਾਈ, ਵਿਸ਼ਨ ਆਪਣੇ ਰੰਗ ਰੰਗਾਇਆ। ਏਕਾ ਤਤ ਰਿਹਾ ਸਮਝਾਈ, ਜੀਅ ਦਾਤਾ ਦਇਆ ਕਮਾਇਆ। ਸਚ ਭੰਡਾਰ ਦਏ ਵਰਤਾਈ, ਬ੍ਰਹਮ ਆਪਣਾ ਨਾਮ ਸੁਹਾਇਆ। ਨਿਸ਼ਅੱਖਰ ਕਰੇ ਪੜ੍ਹਾਈ, ਸਾਚਾ ਢੋਲਾ ਆਪੇ ਗਾਇਆ। ਚਾਰੇ ਵੇਦਾਂ ਦਏ ਲਿਖਾਈ, ਵਿਸ਼ਨੂੰ ਤੇਰੇ ਸਿਰ ਹੱਥ ਟਿਕਾਇਆ। ਬ੍ਰਹਮਾ ਮੇਲਾ ਸਹਿਜ ਸੁਭਾਈ, ਸ਼ੰਕਰ ਤੇਰਾ ਮਾਣ ਵਧਾਇਆ। ਜੋ ਘੜਿਆ ਭੰਨ ਵਿਖਾਈ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਰਚਨਹਾਰਾ ਦਿਸ ਨਾ ਆਈ, ਸੁਤ ਦੁਲਾਰਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਸਲਾਹ, ਢਹਿ ਢਹਿ ਪਏ ਸਰਨਾਈਆ। ਪੁਰਖ ਅਬਿਨਾਸ਼ੀ ਲੋਕਮਾਤ ਕਵਣ ਰੂਪ ਬਣੇ ਮਲਾਹ, ਜੁਗ ਜੁਗ ਬੇੜਾ ਬੰਨ ਤਰਾਈਆ। ਕਵਣ ਨਾਮ ਦਏ ਸਲਾਹ, ਸਿਫ਼ਤੀ ਸਿਫ਼ਤ ਸਾਲਾਹੀਆ। ਕਵਣ ਖੇੜਾ ਦਏ ਵਸਾ, ਕਵਣ ਨਗਰ ਸੋਭਾ ਪਾਈਆ। ਕਵਣ ਝੇੜਾ ਦਏ ਮੁਕਾ, ਅੰਤਮ ਆਪਣਾ ਪੰਧ ਮੁਕਾਈਆ। ਕਵਣ ਰੂਪ ਜੋਤੀ ਜੋਤ ਲਏ ਮਿਲਾ, ਬ੍ਰਹਮਾ ਵਿਸ਼ਨ ਸ਼ਿਵ ਏਕਾ ਮੰਗ ਮੰਗਾਈਆ। ਸ਼ਬਦ ਸੁਤ ਆਪਣਾ ਬੋਲਾ ਦਏ ਸੁਣਾ, ਭੇਵ ਅਭੇਦਾ ਆਪ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਸੋਭਾ ਪਾਈਆ। ਵਿਸ਼ਨ ਬ੍ਰਹਮੇ ਸ਼ਿਵ ਹਰਿ ਜਣਾਇੰਦਾ, ਕਿਰਪਾ ਕਰ ਅਗੰਮ ਅਪਾਰ। ਲੱਖ ਚੁਰਾਸੀ ਸੇਵਾ ਲਾਇੰਦਾ, ਘਾੜਨ ਘੜ ਬਣ ਠਠਿਆਰ। ਚਾਰ ਜੁਗ ਵੰਡ ਵੰਡਾਇੰਦਾ, ਚਾਰੇ ਵੇਦਾਂ ਬਣ ਲਿਖਾਰ। ਚਾਰੇ ਬਾਣੀ ਆਪ ਪੜ੍ਹਾਇੰਦਾ, ਚਾਰੇ ਖਾਣੀ ਕਰ ਤਿਆਰ। ਚਾਰ ਵਰਨਾਂ ਰੰਗ ਰੰਗਾਇੰਦਾ, ਚਾਰ ਯਾਰੀ ਦਏ ਅਧਾਰ। ਚਾਰ ਚਾਰ ਵੇਸ ਵਟਾਇੰਦਾ, ਚਾਰ ਕੁੰਟ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਚਾਰ ਜੁਗ ਇਕ ਚੌਕੜ, ਲੋਕਮਾਤ ਵੰਡ ਵੰਡਾਈਆ। ਆਪਣੇ ਅੱਖਰ ਥੱਲੇ ਲਾਏ ਏਕਾ ਔਂਕੜ, ਲਕੀਰ ਤਕਦੀਰ ਆਪ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਏਕਾ ਚੌਕੜੀ ਨੌਂ ਨੌਂ ਚਾਰ, ਨੌਂ ਸਤ ਰਹਿਣ ਨਾ ਪਾਈਆ। ਇਕ ਚਵੀ ਅਵਤਾਰ ਗੁਰ ਗੁਰ ਆਪਣਾ ਰੂਪ ਧਰਾਈਆ। ਸੰਤ ਭਗਵੰਤ ਜਗਤ ਕਰੇ ਪਿਆਰ, ਗੁਰਮੁਖ ਗੁਰਸਿਖ ਲਏ ਜਗਾਈਆ। ਮੂਰਖ ਮੁਗਧ ਅਞਾਨ ਮਨਮੁਖ ਮਾਰੇ ਮਾਰ, ਦੂਤੀ ਦੁਸ਼ਟ ਦਏ ਖਪਾਈਆ । ਏਕਾ ਮੰਤਰ ਕਰ ਉਜਿਆਰ, ਜੁਗਾ ਜੁਗੰਤਰ ਕਰੇ ਮਾਤ ਪੜ੍ਹਾਈਆ। ਲੱਖ ਚੁਰਾਸੀ ਵੇਖੇ ਵੇਖਣਹਾਰ, ਨਿਰਗੁਣ ਸਰਗੁਣ ਥਾਉਂ ਥਾਈਂਆ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਇਕ ਪਿਆਰ, ਪੁਰਖ ਅਬਿਨਾਸ਼ੀ ਆਪ ਨਿਭਾਈਆ। ਘਟ ਘਟ ਅੰਦਰ ਕਰ ਪਸਾਰ, ਤੇਰਾ ਮੰਦਰ ਦਏ ਸੁਹਾਈਆ। ਨੌਂ ਨੌਂ ਚਾਰ ਅੰਤਮ ਉਤਰੇ ਪਾਰ, ਚੌਕੜੀ ਜੁਗ ਰਹਿਣ ਨਾ ਪਾਈਆ। ਕਲਜੁਗ ਹੋਏ ਰੈਣ ਅੰਧੇਰੀ ਅੰਧ ਅੰਧਿਆਰ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਲੱਖ ਚੁਰਾਸੀ ਹੋਏ ਵਿਭਚਾਰ, ਨਾਰ ਕੰਤ ਨਾ ਕੋਇ ਹੰਢਾਈਆ। ਲੇਖਾ ਚੁੱਕੇ ਗੁਰ ਪੀਰ ਅਵਤਾਰ, ਸਾਧ ਸੰਤ ਨਾ ਕੋਇ ਸਹਾਈਆ। ਧੁਰ ਦੀ ਬਾਣੀ ਮਾਰੇ ਬਾਣ ਅਪਾਰ, ਧੁਰ ਫ਼ਰਮਾਣਾ ਸ਼ਬਦ ਜਣਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਹੁਕਮ ਅਟੱਲ ਆਪ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹੋ ਤਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਲੋਕਮਾਤ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਸਮਝਾਈਆ। ਬ੍ਰਹਮੇ ਵਿਸ਼ਨ ਸ਼ਿਵ ਸੁਣ ਕਰ ਧਿਆਨ, ਪਾਰਬ੍ਰਹਮ ਪ੍ਰਭ ਆਪ ਸਮਝਾਇੰਦਾ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਲੋਕਮਾਤ ਵੇਸ ਵਟਾਇੰਦਾ। ਨਿਹਕਲੰਕ ਪਰਗਟ ਹੋਏ ਬਲੀ ਬਲਵਾਨ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਸਤਿ ਨਿਸ਼ਾਨਾ ਦੇਵੇ ਚਾੜ੍ਹ, ਸਚਖੰਡ ਦਵਾਰੇ ਸੋਭਾ ਪਾਇੰਦਾ। ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਚੁਕਾਏ ਕਾਨ, ਜੇਰਜ ਅੰਡ ਫੋਲ ਫੁਲਾਇੰਦਾ। ਨਾਤਾ ਤੋੜ ਜੀਵ ਸ਼ੈਤਾਨ, ਸ਼ਬਦ ਕਮਾਨ ਹੱਥ ਉਠਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਏਕਾ ਅੱਖਰ ਨਾਮ ਪੜ੍ਹਾਇੰਦਾ। ਕਲਜੁਗ ਅੰਤਮ ਵੇਖੇ ਆਣ, ਰੂਪ ਅਨੂਪ ਆਪ ਧਰਾਇੰਦਾ। ਵਿਸ਼ਨੂੰ ਕਰੇ ਆਪ ਪਰਵਾਨ, ਆਪ ਆਪਣਾ ਮੇਲ ਮਿਲਾਇੰਦਾ। ਬ੍ਰਹਮੇ ਤੇਰੀ ਚੁੱਕੇ ਕਾਣ, ਬ੍ਰਹਮ ਆਪਣੀ ਅੰਸ ਬਣਾਇੰਦਾ। ਸ਼ੰਕਰ ਚੁੱਕੇ ਪੀਣ ਖਾਣ, ਲਹਿਣਾ ਦੇਣਾ ਅੰਤ ਨਾ ਕੋਈ ਵਖਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਨਿਹਕਲੰਕ ਨਾਉਂ ਧਰਾਇੰਦਾ। ਡੰਕਾ ਵੱਜੇ ਵਿਚ ਜਹਾਨ, ਹਰਿ ਸਾਚਾ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੋਏ ਦੋਏ ਜੋੜ, ਚਰਨ ਕਵਲ ਧਿਆਨ ਲਗਾਈਆ। ਪਾਰਬ੍ਰਹਮ ਕਵਣ ਕੂਟੇ ਆਏ ਦੌੜ, ਕਵਣ ਰੁਤੜੀ ਮਾਤ ਸੁਹਾਈਆ। ਕਵਣ ਲਗਾਏ ਦੋ ਜਹਾਨ ਪੌੜ, ਕਵਣ ਡੰਡਾ ਹੱਥ ਰਖਾਈਆ। ਕਵਣ ਰੂਪ ਵੇਖੇ ਲੱਖ ਚੁਰਾਸੀ ਫਲ ਮਿਠਾ ਕੌੜ, ਕਵਣ ਰੀਠੇ ਭੰਨ ਵਖਾਈਆ। ਕਵਣ ਰੂਪ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਮੇਘ ਬਰਸਾਈਆ। ਕਵਣ ਰੂਪ ਲੱਖ ਚੁਰਾਸੀ ਤ੍ਰਿਸ਼ਨਾ ਦੇਵੇ ਹੋੜ, ਭਾਂਡੇ ਘੜ ਨਾ ਕੋਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਯਾਚਕ ਢਹਿ ਪਏ ਸਰਨਾਈਆ। ਸਤਿਗੁਰ ਸਾਚਾ ਆਪ ਸੁਣਾਏ, ਪੁਰਖ ਅਕਾਲ ਦਇਆ ਕਮਾਇੰਦਾ। ਕਲਜੁਗ ਵੇਲਾ ਅੰਤਮ ਆਏ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਆਪ ਦਵਾਇੰਦਾ। ਪੰਜ ਤਤ ਗੁਰ ਨਾ ਕੋਈ ਅਖਵਾਏ, ਸ਼ਬਦ ਗੁਰ ਇਕ ਧਰਾਇੰਦਾ। ਜੋਤੀ ਜੋਤ ਡਗਮਗਾਏ, ਅਜੂਨੀ ਰਹਿਤ ਵੇਸ ਵਟਾਇੰਦਾ। ਸਰਗੁਣ ਵੇਖੇ ਥਾਉਂ ਥਾਏਂ, ਨੌਂ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਸੱਤਾਂ ਦੀਪਾਂ ਫੇਰਾ ਪਾਏ, ਔਦਾਂ ਜਾਂਦਾ ਦਿਸ ਨਾ ਆਇੰਦਾ। ਲੋਆਂ ਪੁਰੀਆਂ ਦਏ ਹਿਲਾਏ, ਕ੍ਰੋੜ ਤੇਤੀਸਾ ਸਰਬ ਕੁਰਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਏ ਜਗਾਏ, ਆਪ ਆਪਣਾ ਹੁਕਮ ਸੁਣਾਇੰਦਾ। ਚਾਰੇ ਮੁਖ ਚਾਰੇ ਬਾਣੀ ਵੇਖੇ ਥਾਉਂ ਥਾਏਂ, ਚਾਰੇ ਵੇਦਾਂ ਖੋਜ ਖੁਜਾਇੰਦਾ। ਸ਼ਾਸਤਰ ਸਿਮਰਤ ਫੋਲ ਫੁਲਾਏ, ਅੰਜੀਲ ਕੁਰਾਨਾਂ ਪਰਦਾ ਲਾਹਿੰਦਾ। ਗੀਤਾ ਗਿਆਨ ਵੇਖੇ ਅਠਾਰਾਂ ਧਿਆਏ, ਧੁਰ ਦੀ ਧਾਰ ਆਪ ਜਣਾਇੰਦਾ। ਕਲਜੁਗ ਅੰਤਮ ਕਰੇ ਰੁਸ਼ਨਾਏ, ਨਿਰਗੁਣ ਰੂਪ ਡਗਮਗਾਇੰਦਾ। ਸੋ ਪੁਰਖ ਨਿਰੰਜਣ ਰੂਪ ਪਰਗਟਾਏ, ਆਪਣਾ ਬਲ ਆਪ ਵਖਾਇੰਦਾ। ਨਿਹਕਲੰਕਾ ਕਲ ਵਰਤਾਏ, ਕਲ ਕਲਕੀ ਆਪ ਅਖਵਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਮਿਲਾਏ, ਤ੍ਰੈ ਚੇਲੇ ਏਕਾ ਮਾਤਾ ਗੋਦ ਬਹਾਇੰਦਾ। ਲੱਖ ਚੁਰਾਸੀ ਭਾਂਡੇ ਭੰਨ ਵਖਾਏ, ਥਿਰ ਕੋਇ ਰਹਿਣ ਨਾ ਪਾਇੰਦਾ। ਆਪਣੀ ਸਾਜਣ ਹਰਿ ਆਪੇ ਸਾਜ ਵਖਾਏ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਪਰਗਟਾਇੰਦਾ। ਇਕ ਚੌਕੜੀ ਚਾਰ ਜੁਗ ਉਤਰੇ ਪਾਰ, ਨੌਂ ਨੌਂ ਚਾਰ ਗੇੜਾ ਆਪ ਦਵਾਈਆ। ਪਰਗਟ ਹੋਏ ਨਿਹਕਲੰਕ ਹਰਿ ਅਵਤਾਰ, ਨਿਰਗੁਣ ਆਪਣਾ ਰੂਪ ਪਰਗਟਾਈਆ। ਕਲਗੀ ਤੋੜਾ ਸੀਸ ਦਸਤਾਰ, ਸ਼ਬਦੀ ਜੋੜਾ ਜੋਤੀ ਜੋਤ ਹੋਏ ਕੁੜਮਾਈਆ। ਅਗੰਮੀ ਘੋੜਾ ਹਰਿ ਨਿਰੰਕਾਰ, ਦੋ ਜਹਾਨਾ ਆਪ ਭਵਾਈਆ। ਦਰਗਹਿ ਸਾਚੀ ਲਾਇਆ ਏਕਾ ਪੌੜਾ, ਸੋਹੰ ਸ਼ਬਦ ਕਰੇ ਪੜ੍ਹਾਈਆ। ਬ੍ਰਹਮ ਪਾਰਬ੍ਰਹਮ ਪ੍ਰਭ ਆਪੇ ਬੌਹੜਾ, ਨਿਰਗੁਣ ਸਰਗੁਣ ਲੇਖਾ ਥਾਉਂ ਥਾਈਂਆ। ਕਲਜੁਗ ਭੰਨੇ ਰੀਠਾ ਕੌੜਾ, ਨਾਮ ਖੰਡਾ ਹੱਥ ਉਠਾਈਆ। ਰੂਪ ਪਰਗਟਾਏ ਬ੍ਰਹਿਮਣ ਗੌੜਾ, ਵਰਨ ਗੋਤ ਨਾ ਕੋਈ ਜਣਾਈਆ। ਉਚੇ ਟਿੱਲੇ ਪਰਬਤ ਆਪੇ ਚੜ੍ਹਿਆ ਗਹਿਰ ਗਵਰਾ, ਗਹਿਰ ਗੰਭੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਕਲਜੁਗ ਮੇਟੇ ਅੰਧੇਰੀ ਰਾਤਾ, ਕਾਲੀ ਧਾਰ ਰਹਿਣ ਨਾ ਪਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਅਗੰਮ ਅਗੰਮੜੀ ਕਾਰ ਕਮਾਇੰਦਾ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲ, ਦੋ ਜਹਾਨਾ ਫੇਰੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਏ ਉਠਾਲ, ਕਲਜੁਗ ਵੇਲਾ ਅੰਤਮ ਆਇੰਦਾ। ਲੱਖ ਚੁਰਾਸੀ ਵੇਖੇ ਘਾਲੀ ਘਾਲ, ਘਟ ਘਟ ਅੰਦਰ ਆਪ ਫੋਲਾਇੰਦਾ। ਸ਼ਬਦ ਅਨਾਦੀ ਵੱਜੇ ਤਾਲ, ਛੱਤੀ ਰਾਗ ਭੇਵ ਨਾ ਆਇੰਦਾ। ਸ੍ਰਿਸ਼ਟ ਸਬਾਈ ਵੇਖੇ ਪਤ ਡਾਲ੍ਹ, ਫੁਲ ਫਲਵਾੜੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਅਕੱਲਾ ਵਸਣਹਾਰਾ ਸਚ ਮਹੱਲਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਦਰਗਹਿ ਸਾਚੀ ਧਾਮ ਸੁਹਾਇਆ, ਪੁਰਖ ਅਬਿਨਾਸ਼ੀ ਡੇਰਾ ਲਾ। ਕਲਜੁਗ ਅੰਤਮ ਖੇਲ ਖਿਲਾਇਆ, ਨਿਰਗੁਣ ਨਿਰਗੁਣ ਰੂਪ ਧਰਾ। ਸਰਗੁਣ ਜੋਤੀ ਜੋਤ ਜਗਾਇਆ, ਨੂਰ ਨੁਰਾਨਾ ਡਗਮਗਾ। ਕਾਇਆ ਕੋਟ ਕਿਲਾ ਵਸਾਇਆ, ਸੰਬਲ ਨਗਰ ਨਾਉਂ ਧਰਾ। ਗੋਬਿੰਦ ਲੇਖਾ ਦਏ ਚੁਕਾਇਆ, ਲਿਖਿਆ ਲੇਖ ਨਾ ਕੋਇ ਮਿਟਾ। ਗੁਰਸਿਖਾਂ ਦੇਵੇ ਠੰਡੀ ਛਾਇਆ, ਸਿਰ ਆਪਣਾ ਹੱਥ ਰਖਾ। ਬਾਲ ਨਿਮਾਣੇ ਲਏ ਉਠਾਇਆ, ਆਪਣੀ ਗੋਦ ਲਾਡ ਲਡਾਏ ਜਿਉਂ ਪਿਤਾ ਮਾਂ। ਮਾਤ ਪਿਤ ਆਪ ਹੋ ਜਾਇਆ, ਫੜ ਫੜ ਹੰਸ ਬਣਾਏ ਕਾਂ। ਜੋ ਜਨ ਸਰਨਾਈ ਆਇਆ, ਲੱਖ ਚੁਰਾਸੀ ਫੰਦ ਦਏ ਤੁੜਾ। ਰਾਏ ਧਰਮ ਨਾ ਦਏ ਸਜ਼ਾਇਆ, ਚੌਥੇ ਪੌੜੇ ਦਏ ਚੜ੍ਹਾ। ਚੌਥਾ ਪਦ ਆਪ ਵਖਾਇਆ, ਤੀਜਾ ਨੇਤਰ ਦਏ ਖੁਲ੍ਹਾ। ਰਾਤੀ ਸੁਤਿਆਂ ਦਰਸ ਦਿਖਾਇਆ, ਦੋਏ ਦੋਏ ਅੱਖਰ ਜਾਪ ਜਪਾ। ਸੋਹੰ ਮੰਤਰ ਇਕ ਦ੍ਰਿੜਾਇਆ, ਇਕ ਇਕੱਲਾ ਫੇਰੀ ਪਾ। ਸ੍ਰਿਸ਼ਟ ਸਬਾਈ ਰਿਹਾ ਹਲਾਇਆ, ਗੁਰਮੁਖਾਂ ਬਣੇ ਅੰਤ ਮਲਾਹ। ਕਲਜੁਗ ਬੇੜਾ ਲਏ ਤਰਾਇਆ, ਏਕਾ ਦੇਵੇ ਸਚ ਸਲਾਹ। ਸਤਿਗੁਰ ਚਰਨ ਸੱਚੀ ਸਰਨਾਇਆ, ਨਥਾਵਿਆਂ ਦੇਵਣਹਾਰਾ ਸਾਚਾ ਥਾਂ। ਦਰਗਹਿ ਸਾਚੀ ਧਾਮ ਸੁਹਾਇਆ, ਫੜ ਫੜ ਪਾਰ ਕਰਾਏ ਬਾਂਹ । ਭਵ ਸਾਗਰ ਨਾ ਕੋਇ ਰੁੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਖੇਲ ਖਿਲਾਇਆ। ਨਿਰਗੁਣ ਦਾਤਾ ਸੂਰਬੀਰ, ਜੋਧਾ ਬਲੀ ਬਲਵਾਨ ਬਲਕਾਰਿਆ। ਸ਼ਬਦ ਨਿਸ਼ਾਨਾ ਮਾਰੇ ਏਕਾ ਤੀਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਪਾਰ ਕਿਨਾਰਿਆ। ਤ੍ਰੈਗੁਣ ਮਾਇਆ ਘੱਤੀ ਜਾਏ ਵਹੀਰ, ਪੰਜ ਤਤ ਰੋਵੇ ਜ਼ਾਰੋ ਜ਼ਾਰਿਆ। ਲੱਖ ਚੁਰਾਸੀ ਲੱਥੇ ਚੀਰ, ਚਾਰੋਂ ਕੁੰਟ ਹਾਹਾਕਾਰਿਆ। ਨਾ ਕੋਈ ਸਹਾਈ ਪੀਰ ਫ਼ਕੀਰ ਦਸਤਗੀਰ, ਮੁਲਾਂ ਸ਼ੇਖ਼ ਮਸਾਇਕ ਮੁਖ ਸ਼ਰਮਾ ਰਿਹਾ। ਪੰਡਤ ਪਾਂਧਾ ਕੱਟੇ ਨਾ ਕੋਇ ਜ਼ੰਜ਼ੀਰ, ਅੰਮ੍ਰਿਤ ਆਤਮ ਸੀਰ ਨਾ ਕੋਇ ਪਿਆ ਰਿਹਾ। ਬਿਨ ਸਤਿਗੁਰ ਪੂਰੇ ਚੋਟੀ ਚੜ੍ਹੇ ਨਾ ਕੋਇ ਅਖ਼ੀਰ, ਗ੍ਰੰਥੀ ਪੜ੍ਹ ਪੜ੍ਹ ਰਸਨਾ ਜਿਹਵਾ ਸਰਬ ਹਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾ ਰਿਹਾ। ਲੱਖ ਚੁਰਾਸੀ ਵੇਖਣ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਗੁਰਮੁਖ ਸਾਚੇ ਪਰਖਣ ਆਇਆ, ਗੁਰ ਗੋਬਿੰਦ ਕਰ ਪਿਆਰ। ਲੱਖ ਚੁਰਾਸੀ ਵਿਚੋਂ ਰੱਖਣ ਆਇਆ, ਨਿਹਕਲੰਕੀ ਜਾਮਾ ਧਾਰ। ਸਤਿਜੁਗ ਸਾਚਾ ਮਾਰਗ ਦੱਸਣ ਆਇਆ, ਸੋਹੰ ਸ਼ਬਦ ਸੱਚਾ ਜੈਕਾਰ। ਲੱਸੀ ਵਿਚੋਂ ਮੱਖਣ ਵਰੋਲਣ ਆਇਆ, ਨਾਮ ਮਧਾਣਾ ਏਕਾ ਡਾਰ। ਘਰ ਘਰ ਅੰਦਰ ਡੂੰਘੀ ਕੰਦਰ ਫੋਲਣ ਆਇਆ, ਕਾਇਆ ਕੱਪੜ ਖੋਲ੍ਹ ਬੰਦ ਕਿਵਾੜ। ਗੁਰਮੁਖਾਂ ਅੰਦਰ ਆਪੇ ਬਹਿ ਬਹਿ ਬੋਲਣ ਆਇਆ, ਨਾਦ ਸੁਣਾਏ ਸੱਚੀ ਧੁਨਕਾਰ। ਧੁਰ ਦੀ ਪ੍ਰੀਤ ਗੁਰਮੁਖਾਂ ਉਤੋਂ ਘੋਲ ਘੋਲੀ ਘੋਲਣ ਆਇਆ, ਨਿਰਗੁਣ ਸਰਗੁਣ ਕਰ ਪਿਆਰ। ਕਾਇਆ ਚੋਲੀ ਆਪ ਬਦਲਾਵਣ ਆਇਆ, ਰੰਗ ਰੰਗੀਲਾ ਦੇਵੇ ਚਾੜ੍ਹ। ਗੁਰਮੁਖ ਜੁਗ ਜੁਗ ਵਿਛੜੇ ਮੇਲ ਮਿਲਾਵਣਾ ਆਇਆ, ਕਲ ਕਲਕੀ ਲੈ ਅਵਤਾਰ। ਸੰਮਤ ਸਤਾਰਾਂ ਏਕਾ ਢੋਲਾ ਗਾਵਣ ਆਇਆ, ਉਚੀ ਕੂਕ ਕਰੇ ਪੁਕਾਰ। ਚਾਰ ਵਰਨਾਂ ਲੋਕਮਾਤ ਵਰੋਲਣ ਆਇਆ, ਖ਼ਾਕੀ ਖ਼ਾਕ ਪਾਵੇ ਸਾਰ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਕੰਡੇ ਤੋਲਣ ਆਇਆ, ਊਚ ਨੀਚ ਕਰੇ ਵਿਚਾਰ। ਰਾਜ ਰਾਜਾਨ ਸ਼ਾਹ ਸੁਲਤਾਨ ਜਗਤ ਖ਼ਜ਼ੀਨਾ ਫੋਲਣ ਆਇਆ, ਮਾਇਆ ਰਾਣੀ ਆਏ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਕਰੇ ਖ਼ਵਾਰ। ਕਲਜੁਗ ਅੰਤਮ ਖ਼ਵਾਰਿਆ, ਚਾਰੋਂ ਕੁੰਟ ਹਾਹਾਕਾਰ। ਨਾਤਾ ਤੁੱਟੇ ਚਾਰ ਯਾਰਿਆ, ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ। ਸੰਗ ਮੁਹੰਮਦ ਨਾ ਕਰੇ ਪਿਆਰਿਆ, ਐਨਲਹਕ ਨਾ ਕੋਇ ਵਿਚਾਰ। ਮੁਕਾਮੇ ਹੱਕ ਨਾ ਕੋਇ ਨਾਅਰਿਆ, ਮਿਲੇ ਮੇਲ ਨਾ ਬੇਐਬ ਪਰਵਰਦਿਗਾਰ। ਨਾਤਾ ਤੁਟੇ ਜੀਵ ਗਵਾਰਿਆ, ਏਕਾ ਭੁੱਲਿਆ ਸਾਂਝਾ ਯਾਰ। ਚਾਰੋਂ ਕੁੰਟ ਪਾਸਾ ਹਾਰਿਆ, ਹਰਿ ਜੂ ਮਾਰੇ ਸ਼ਬਦੀ ਮਾਰ। ਖੇਲੇ ਖੇਲ ਜਗਤ ਜਵਾਰੀਆ, ਸਾਰ ਪਾਸ਼ਾ ਕਰ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਕਿਰਿਆ ਦਏ ਨਵਾਰ। ਕਲਜੁਗ ਕੂੜਾ ਨਾਤਾ ਤੁਟਣਾ, ਅੰਤ ਰਹਿਣ ਨਾ ਪਾਈਆ। ਜੂਠਾ ਝੂਠਾ ਪੰਧ ਮੁਕਣਾ, ਦੂਰ ਦੁਰਾਡਾ ਪੰਧ ਮੁਕਾਈਆ। ਲੱਖ ਚੁਰਾਸੀ ਬੂਟਾ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਈਆ। ਸਿੰਘ ਸ਼ੇਰ ਦਲੇਰ ਏਕਾ ਬੁੱਕਣਾ, ਕਲਜੁਗ ਝੱਲ ਕੂਕ ਕੂਕ ਸੁਣਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਤਖ਼ਤ ਛੱਡ ਛੱਡ ਲੁਕਣਾ, ਸੀਸ ਤਾਜ ਨਾ ਕੋਇ ਟਿਕਾਈਆ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਗੋਬਿੰਦ ਲੇਖਾ ਗਿਆ ਲਿਖਾਈਆ। ਗੁਰਮੁਖ ਵਿਰਲੇ ਸਤਿਗੁਰੂ ਦਵਾਰੇ ਆ ਕੇ ਝੁਕਣਾ, ਜਿਸ ਸਿਰ ਉਪਰ ਹੱਥ ਟਿਕਾਈਆ। ਦਾਣਾ ਪਾਣੀ ਸਭ ਦਾ ਮੁੱਕਣਾ, ਵਿਸ਼ਨੂੰ ਦੇਵੇ ਨਾ ਰਿਜ਼ਕ ਸਬਾਈਆ। ਬ੍ਰਹਮਾ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸੁਖਦਾ ਰਿਹਾ ਸੁਖਣਾ, ਕਵਣ ਵੇਲਾ ਪ੍ਰਭ ਸਾਚੇ ਸਚ ਮਿਲੇ ਸਰਨਾਈਆ । ਸ਼ੰਕਰ ਹੱਥ ਤ੍ਰਸ਼ੂਲ ਨਾ ਕੋਇ ਰੱਖਣਾ, ਬਾਸ਼ਕ ਤਸ਼ਕਾ ਨਾ ਗਲ ਲਟਕਾਈਆ। ਗੁਰਮੁਖ ਵਿਰਲਾ ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣੀ ਸਰਨ ਰੱਖਣਾ, ਸਰਨਗਤ ਇਕ ਵਡਿਆਈਆ। ਲੱਖ ਕਰੋੜੀ ਕਰੇ ਕੱਖਣਾ, ਕਰਤਾ ਕੀਮਤ ਕੋਇ ਨਾ ਪਾਈਆ। ਨੌਂ ਖੰਡ ਪ੍ਰਿਥਮੀ ਹੋਵੇ ਘਰ ਸੱਖਣਾ, ਦੀਵਾ ਬਾਤੀ ਨਾ ਕੋਈ ਜਗਾਈਆ। ਕਰੇ ਖੇਲ ਪ੍ਰਭ ਅਲੱਖ ਅਲੱਖਣਾ, ਅਲੱਖ ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਸਤਿ ਸਤਿਵਾਦੀ ਸਾਚਾ ਮਾਰਗ ਸ਼ਾਹ ਪਾਤਸ਼ਾਹ ਏਕਾ ਦੱਸਣਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਉਠਾਏ ਚਾਰ ਵਰਨ, ਸੋਇਆ ਕੋਇ ਰਹਿਣ ਨਾ ਪਾਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੇਤਰ ਨੂਰ ਰੁਸ਼ਨਾਈਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਦਇਆ ਕਮਾਈਆ। ਆਪੇ ਹੋਏ ਤਰਨੀ ਤਰਨ, ਗੁਰਸਿਖ ਸਾਚੇ ਲਏ ਤਰਾਈਆ। ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਨਾ ਕੋਇ ਭਵਾਈਆ। ਬਖ਼ਸ਼ੇ ਟੇਕ ਧੁਰ ਦਰਗਾਹੀ ਏਕਾ ਚਰਨ, ਚਰਨ ਕਵਲ ਕਵਲ ਫੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਆਪਣੇ ਰੰਗ ਸਮਾਈਆ। ਗੁਰਮੁਖ ਅੰਗੀਕਾਰ ਕਰ ਕਰ, ਆਪਣਾ ਭੇਵ ਜਣਾਇੰਦਾ। ਆਤਮ ਜੋਤੀ ਨੂਰ ਧਰ ਧਰ, ਅਗਿਆਨ ਅੰਧੇਰ ਮਿਟਾਇੰਦਾ। ਚਰਨ ਧੂੜ ਨੁਹਾ ਸਰ ਸਰ, ਦੁਰਮਤ ਮੈਲ ਗਵਾਇੰਦਾ। ਨਾਮ ਭੰਡਾਰਾ ਆਪੇ ਭਰ ਭਰ, ਪੂਜਾ ਪਾਠ ਨਾ ਕੋਇ ਕਰਾਇੰਦਾ। ਦਰਸ ਦਿਖਾਏ ਘਰ ਘਰ, ਰੂਪ ਅਨੂਪ ਆਪ ਵਟਾਇੰਦਾ। ਚਾਰ ਜੁਗ ਦੇ ਵਿਛੜੇ ਫੜ ਫੜ, ਕਲਜੁਗ ਅੰਤਮ ਮੇਲ ਮਿਲਾਇੰਦਾ। ਆਪ ਬੰਧਾਏ ਆਪਣੇ ਲੜ ਲੜ, ਏਕਾ ਪੱਲੂ ਨਾਮ ਉਠਾਇੰਦਾ। ਦਰਸ ਦਿਖਾਏ ਅਗੇ ਖੜ ਖੜ, ਜੋਤੀ ਜੋਤ ਜੋਤ ਡਗਮਗਾਇੰਦਾ। ਸਾਚੀ ਵਸਤੂ ਅਗੇ ਧਰ ਧਰ, ਤ੍ਰੈ ਵਸਤੂ ਮੂਲ ਚੁਕਾਇੰਦਾ। ਲੇਖਾ ਚੁੱਕੇ ਨਾਰੀ ਨਰ ਨਰ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਕਲਜੁਗ ਅੰਤਮ ਆਪਣੀ ਕਿਰਪਾ ਆਪੇ ਕਰ, ਪੂਰਬ ਲਹਿਣਾ ਝੋਲੀ ਪਾਇੰਦਾ। ਪਾਰਬ੍ਰਹਮ ਪਤ ਪਰਮੇਸ਼ਵਰ ਸਵਾਸੀ ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਨਾ ਕੋਇ ਵਖਾਇੰਦਾ। ਗੁਰਸਿਖਾਂ ਅੰਦਰ ਜਾਏ ਵੜ, ਔਦਾਂ ਜਾਂਦਾ ਦਿਸ ਨਾ ਆਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਮਾਇਆ ਮਮਤਾ ਮੋਹ ਚੁਕਾਇੰਦਾ। ਪੰਚ ਵਿਕਾਰਾ ਮਾਰੇ ਮਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਆਤਮ ਸੇਜਾ ਚਰਨ ਧਰ, ਸੁਹੰਜਣੀ ਸੇਜ ਆਪ ਸੁਹਾਇੰਦਾ। ਬ੍ਰਹਮ ਪਾਰਬ੍ਰਹਮ ਪ੍ਰਭ ਲਏ ਫੜ, ਆਪ ਆਪਣੇ ਅੰਗ ਲਗਾਇੰਦਾ। ਜੋਤ ਅੰਦਰ ਜੋਤੀ ਧਰ, ਜੋਤੀ ਜੋਤ ਵਿਚ ਸਮਾਇੰਦਾ। ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਕਲਜੁਗ ਕੂੜਾ ਚੁੱਕੇ ਡਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਪਾਰ ਲੰਘਾਇੰਦਾ। ਗੁਰਸਿਖ ਉਤਰੇ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਸਤਿਗੁਰ ਸਾਹਿਬ ਸੁਲਤਾਨ ਇਸ਼ਟ ਦ੍ਰਿਸ਼ਟ ਦੇਵੇ ਇਕ ਸਹਾਰਾ, ਨਾਮ ਨਿਧਾਨ ਝੋਲੀ ਪਾਈਆ। ਈਸ਼ ਜੀਵ ਆਤਮ ਪਰਮਾਤਮ ਨਿਜ ਘਰ ਕਰ ਪਿਆਰਾ, ਪਿੰਡ ਬ੍ਰਹਿਮੰਡ ਖੋਜ ਖੁਜਾਈਆ। ਸ਼ਬਦ ਨਾਦ ਧੁਨ ਅਗੰਮ ਜੈਕਾਰਾ, ਅਨਹਦ ਰਾਗ ਅਵੱਲੜਾ ਆਪ ਸੁਣਾਈਆ। ਅੰਮ੍ਰਿਤ ਆਤਮ ਸਰੋਵਰ ਠੰਡਾ ਜਲ ਨਿਝਰ ਧਾਰਾ, ਸਚ ਪਿਆਲਾ ਦੀਨ ਦਿਆਲਾ ਨਾਮ ਪਿਆਈਆ। ਪਰਗਟ ਹੋ ਗੁਰ ਕਰਤਾਰਾ, ਪਾਵੇ ਸਾਰ ਨਿਰੰਕਾਰ ਨਿਰਾਕਾਰਾ, ਨਿਰਵੈਰ ਮੂਰਤ ਅਕਾਲ ਵਡ ਵਡਿਆਈਆ। ਗੁਰਸਿਖ ਸੋਹਿਣ ਸਚ ਦਵਾਰਾ, ਸਤਿਗੁਰ ਪੂਰਾ ਪਾਵੇ ਸਾਰਾ, ਏਥੇ ਉਥੇ ਦੋ ਜਹਾਨ ਵੇਖਣਹਾਰਾ, ਵੇਖੇ ਮਾਰ ਧਿਆਨ, ਇਕ ਜਣਾਏ ਸਚ ਨਿਸ਼ਾਨ, ਨਾਮ ਨਿਸ਼ਾਨਾ ਹੱਥ ਉਠਾਈਆ। ਗੁਰਮੁਖ ਗੋਪੀ ਮੇਲਾ ਕਾਹਨ, ਸੀਤਾ ਸੁਰਤੀ ਪਾਏ ਰਾਮ, ਸਵਾਣੀ ਗੋਬਿੰਦ ਕਰੇ ਪਰਨਾਮ, ਸਾਚਾ ਹਾਣੀ ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਮੇਲੇ ਆਪਣੇ ਘਰ, ਗੁਰ ਚੇਲੇ ਏਕਾ ਆਪਣੇ ਰੰਗ ਰੰਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਇਕੱਲਾ ਅਨਭਵ ਰੂਪ ਪਰਕਾਸ਼ ਪਰਕਾਸ਼ ਵਿਚ ਰਖਾਈਆ।