੨੬ ਕੱਤਕ ੨੦੧੭ ਬਿਕ੍ਰਮੀ ਗੁਰਨਾਮ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਥਿਰ ਘਰ ਠਾਂਡਾ ਸਾਚਾ ਦਰ, ਸੋ ਪੁਰਖ ਨਿਰੰਜਣ ਆਪ ਉਪਾਇਆ। ਨਿਰਗੁਣ ਨਿਰਵੈਰ ਅੰਦਰ ਵੜ, ਹਰਿ ਪੁਰਖ ਨਿਰੰਜਣ ਆਸਣ ਲਾਇਆ। ਏਕੰਕਾਰਾ ਆਪਣੀ ਕਿਰਪਾ ਆਪੇ ਕਰ, ਸਾਚਾ ਮੰਦਰ ਆਪ ਸੁਹਾਇਆ। ਆਦਿ ਨਿਰੰਜਣ ਦੀਪ ਉਜਾਲਾ ਏਕਾ ਕਰ, ਨੂਰ ਨੁਰਾਨਾ ਡਗਮਗਾਇਆ। ਸ੍ਰੀ ਭਗਵਾਨ ਸਚ ਦਵਾਰੇ ਆਪੇ ਖੜ, ਰੂਪ ਅਨੂਪ ਆਪ ਪਰਗਟਾਇਆ। ਅਬਿਨਾਸ਼ੀ ਕਰਤਾ ਦੇਵਣਹਾਰਾ ਵਰ, ਆਦਿ ਜੁਗਾਦਿ ਆਪਣੀ ਖੇਲ ਖਿਲਾਇਆ। ਪਾਰਬ੍ਰਹਮ ਸਰਨ ਸਰਨਾਈ ਜਾਏ ਪੜ, ਆਪਣੀ ਭਿਖਿਆ ਮੰਗ ਮੰਗਾਇਆ। ਸਤਿ ਪੁਰਖ ਨਿਰੰਜਣ ਸਤਿ ਦਵਾਰੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਖੇਲ ਕਰੇ ਹਰਿ, ਭੇਵ ਅਭੇਦਾ ਆਪ ਖੁ੍ਹਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਡੇਰਾ ਲਾਇਆ। ਸਚਖੰਡ ਅੰਦਰ ਥਿਰ ਦਰਬਾਰਾ, ਪੁਰਖ ਅਬਿਨਾਸ਼ੀ ਆਪ ਉਪਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਨਾ ਕੋਈ ਦੀਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਰਵ ਸਸ ਨਾ ਕੋਇ ਉਜਿਆਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਗਗਨ ਗਗਨੰਤਰ ਨਾ ਕੋਇ ਅਖਾੜਾ, ਲੋਆਂ ਪੁਰੀਆਂ ਨਾ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਾ ਲਾਏ ਕੋਇ ਨਾਅਰਾ, ਤ੍ਰੈਗੁਣ ਮਾਇਆ ਨਾ ਵੰਡ ਵੰਡਾਇੰਦਾ। ਨਾ ਕੋਈ ਕਰੇ ਪਾਰਾ, ਸਾਧ ਸੰਤ ਗੁਰ ਪੀਰ ਅਵਤਾਰ ਜੀਵ ਜੰਤ ਨਾ ਕੋਇ ਪਰਗਟਾਇੰਦਾ। ਕਰੇ ਖੇਲ ਪ੍ਰਭ ਕਰਨੇਹਾਰਾ, ਕਰਤਾ ਪੁਰਖ ਆਪਣਾ ਖੇਲ ਆਪ ਖਲਾਇੰਦਾ। ਜੂਨੀ ਰਹਿਤ ਵਸੇ ਸਭ ਤੋਂ ਨਿਆਰਾ ਅਨਭਵ ਪਰਕਾਸ਼ ਆਪਣੀ ਧਾਰ ਚਲਾਇੰਦਾ। ਘਰ ਮੰਦਰ ਸੋਹੇ ਇਕ ਦਵਾਰਾ, ਮਹੱਲ ਅਟੱਲ ਉਚ ਮੁਨਾਰਾ, ਆਪ ਆਪਣਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦਵਾਰਾ ਆਪੇ ਖੋਲ੍ਹ, ਆਦਿ ਜੁਗਾਦੀ ਬੈਠਾ ਰਹੇ ਅਡੋਲ, ਅਡੁਲ ਆਪਣਾ ਨਾਉਂ ਧਰਾਇੰਦਾ। ਥਿਰ ਘਰ ਵਾਸਾ ਪੁਰਖ ਅਬਿਨਾਸ਼ਾ, ਮਹਿਮਾ ਅਕਥ ਕਥੀ ਨਾ ਜਾਈਆ। ਕਰੇ ਖੇਲ ਸ਼ਾਹੋ ਸ਼ਾਬਾਸਾ, ਸ਼ਹਿਨਸ਼ਾਹ ਵੱਡੀ ਵਡਿਆਈਆ। ਆਪੇ ਹੋਏ ਤਖ਼ਤ ਨਿਵਾਸਾ, ਤਖ਼ਤ ਤਾਜ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਘਰ, ਘਰ ਸੁਹੰਜਣਾ ਨਿਰਗੁਣ ਜੋਤ, ਇਕ ਰੁਸ਼ਨਾਈਆ। ਥਿਰ ਘਰ ਸਾਚਾ ਹਰਿ ਭਗਵੰਤ, ਆਦਿ ਜੁਗਾਦਿ ਸੁਹਾਇੰਦਾ। ਇਕ ਇਕੱਲਾ ਸਾਚਾ ਕੰਤ, ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਂਡਾ ਦਰ ਸੱਚਾ ਦਰਬਾਰਾ, ਥਿਰ ਘਰ ਖੋਲ੍ਹੇ ਆਪ ਕਿਵਾੜਾ, ਆਪਣਾ ਮੰਦਰ ਵੇਖ ਵਖਾਇੰਦਾ। ਸਾਚੇ ਮੰਦਰ ਖੋਲ੍ਹ ਕਿਵਾੜ, ਆਪਣੀ ਦਇਆ ਆਪ ਕਮਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰ, ਨਿਰਗੁਣ ਦਾਤਾ ਪੁਰਖ ਬਿਧਾਤਾ ਏਕਾ ਜੋਤ ਕਰੇ ਰੁਸ਼ਨਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਭੇਵ ਨਾ ਰਾਈਆ। ਉਤਮ ਰੱਖੇ ਆਪਣੀ ਜ਼ਾਤਾ, ਜੋਤੀ ਜਾਤਾ ਬੇਪਰਵਾਹੀਆ। ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਵੱਡੀ ਵਡਿਆਈਆ। ਆਪੇ ਦੇਵਣਹਾਰਾ ਦਾਤਾ, ਸਾਚੀ ਇਛਿਆ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਘਰ, ਘਰ ਵੱਡਾ ਵਡ ਵਡਿਆਈਆ। ਘਰ ਵੱਡਾ ਹਰਿ ਸਾਲਾਹਿੰਦਾ, ਏਕਾ ਏਕੰਕਾਰ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਨਿਰਗੁਣ ਰੂਪ ਅਗੰਮ ਅਪਾਰ। ਪਾਰਬ੍ਰਹਮ ਭੇਵ ਨਾ ਆਇੰਦਾ, ਸ੍ਰੀ ਭਗਵਾਨ ਖੇਲੇ ਖੇਲ ਖੇਲਣਹਾਰ। ਸੋ ਪੁਰਖ ਨਿਰੰਜਣ ਆਪਣਾ ਪਰਦਾ ਆਪੇ ਲਾਹਿੰਦਾ, ਹਰਿ ਪੁਰਖ ਨਿਰੰਜਣ ਮੇਲਾ ਅਪਰ ਅਪਾਰ। ਆਦਿ ਨਿਰੰਜਣ ਰੂਪ ਪਰਗਟਾਇੰਦਾ, ਜੋਤੀ ਜੋਤ ਕਰ ਉਜਿਆਰ। ਸਾਚੇ ਤਖ਼ਤ ਸੋਭਾ ਪਾਇੰਦਾ, ਤਖ਼ਤ ਨਿਵਾਸੀ ਬੈਠ ਸੱਚੀ ਸਰਕਾਰ। ਥਿਰ ਘਰ ਸਾਚਾ ਇਕ ਵਡਿਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਰਤਾਰ। ਹਰਿ ਕਰਤਾ ਖੇਲ ਖਿਲਾਇੰਦਾ, ਸਚਖੰਡ ਦਵਾਰਾ ਖੋਲ੍ਹ। ਘਰ ਵਿਚ ਘਰ ਆਪ ਬਣਾਇੰਦਾ, ਥਿਰ ਮੰਦਰ ਇਕ ਅਡੋਲ। ਥਿਰ ਘਰ ਸਾਚੇ ਆਸਣ ਲਾਇੰਦਾ, ਪੁਰਖ ਅਬਿਨਾਸ਼ਨ ਆਪਣਾ ਕੰਡਾ ਆਪੇ ਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਹਰਿ, ਆਪਣਾ ਭੇਵ ਅਲੱਖ ਅਲੱਖਣਾ ਆਪ ਖੋਲ੍ਹ। ਠਾਂਡਾ ਦਰ ਧੁਰ ਦਰਬਾਰਾ, ਹਰਿ ਸਾਚੇ ਸਚ ਖੁਲ੍ਹਾਇਆ। ਆਦਿ ਜੁਗਾਦੀ ਵੇਖੇ ਵੇਖਣਹਾਰਾ, ਜੁਗ ਜੁਗ ਆਪਣਾ ਰੂਪ ਪਰਗਟਾਇਆ। ਸਾਚਾ ਨਾਦ ਸੱਚੀ ਧੁਨਕਾਰਾ, ਗ੍ਰਹਿ ਮੰਦਰ ਆਪ ਵਜਾਇਆ। ਏਕਾ ਸ਼ਬਦ ਬੋਲ ਜੈਕਾਰਾ, ਆਪਣਾ ਅੱਖਰ ਨਾਮ ਪੜ੍ਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਸੁਹਾਇਆ। ਸਾਚਾ ਮੰਦਰ ਸੁਹਾਇੰਦਾ, ਨਿਰਗੁਣ ਦਾਤਾ ਬੇਪਰਵਾਹ। ਜੁਗਾ ਜੁਗੰਤਰ ਵੇਸ ਵਟਾਇੰਦਾ, ਸ਼ਬਦ ਗੁਰ ਬਣ ਮਲਾਹ। ਲੋਕਮਾਤ ਵੇਖ ਵਖਾਇੰਦਾ, ਲੱਖ ਚੁਰਾਸੀ ਥਾਉਂ ਥਾਂ। ਗੁਰਮੁਖ ਸਾਚੇ ਆਪ ਉਠਾਇੰਦਾ, ਆਪ ਦ੍ਰਿੜਾਏ ਆਪਣਾ ਨਾਂ। ਹਰਿਜਨ ਸਾਚੇ ਮੇਲ ਮਿਲਾਇੰਦਾ, ਲੇਖਾ ਜਾਣੇ ਪਿਤਾ ਮਾਂ। ਹਰਿ ਸੰਤਨ ਸਾਚਾ ਰੰਗ ਰੰਗਾਇੰਦਾ, ਰੰਗ ਮਜੀਠੀ ਇਕ ਚੜ੍ਹਾ। ਭਗਤ ਭਗਤੀ ਮਾਰਗ ਲਾਇੰਦਾ, ਆਤਮ ਬ੍ਰਹਮ ਗਿਆਨ ਦ੍ਰਿੜਾ। ਰੂਪ ਅਨੂਪ ਆਪ ਦਰਸਾਇੰਦਾ, ਆਤਮ ਦਰਸੀ ਦਰਸ ਕਰਾ। ਆਪਣਾ ਭੇਵ ਆਪ ਖੁਲ੍ਹਾਇੰਦਾ, ਦੂਈ ਦਵੈਤੀ ਪਰਦਾ ਲਾਹ। ਸਾਚੇ ਮੰਦਰ ਸੋਭਾ ਪਾਇੰਦਾ, ਪਾਰਬ੍ਰਹਮ ਅਗੰਮ ਅਥਾਹ। ਏਕਾ ਜੋਤੀ ਜੋਤ ਜਗਾਇੰਦਾ, ਨੂਰ ਨੁਰਾਨਾ ਕਰ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਦਰਬਾਰਾ ਇਕ ਸੁਹਾ। ਥਿਰ ਦਰਬਾਰਾ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਗੁਰਮੁਖਾਂ ਮਿਟਾਏ ਪੰਚਮ ਧਾੜਾ, ਝੂਠਾ ਨਾਤਾ ਤੋੜ ਤੁੜਾਇੰਦਾ। ਗੁਰਮੁਖਾਂ ਦੇਵੇ ਇਕ ਅਧਾਰਾ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸ੍ਰਿਸ਼ਟ ਸਬਾਈ ਸਾਚਾ ਨਾਅਰਾ, ਨਾਦ ਅਨਾਦੀ ਧੁਨ ਸੁਣਾਇੰਦਾ। ਭਗਤਾਂ ਸੁਹਾਏ ਸਚ ਮੁਨਾਰਾ, ਘਰ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਠਾਂਡਾ ਦਰ, ਦਰ ਠਾਂਡਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ, ਏਕਾ ਏਕ ਖੁਲ੍ਹਾਈਆ। ਗੁਰਮੁਖਾਂ ਮਾਰੇ ਨਿਤ ਨਵਿਤ ਅਵਾਜ਼ਾ, ਦਿਵਸ ਰੈਣ ਸੇਵ ਕਮਾਈਆ। ਗੁਰਮੁਖਾਂ ਦਰ ਫਿਰੇ ਭਾਜਾ, ਸਤਿਗੁਰ ਪੂਰਾ ਵਡ ਵਡਿਆਈਆ। ਸੰਤਨ ਰੱਖੇ ਸਾਚੀ ਲਾਜਾ, ਲਾਜਾਵੰਤ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਰਚੇ ਆਪੇ ਕਾਜਾ, ਕਰਤਾ ਪੁਰਖ ਦਇਆ ਕਮਾਈਆ। ਹੱਥ ਰਖਾਏ ਅਨਹਦ ਵਾਜਾ, ਘਟ ਘਟ ਆਪ ਵਜਾਈਆ। ਅਸਵ ਘੋੜੇ ਚੜ੍ਹੇ ਤਾਜਾ, ਸ਼ਬਦ ਸ਼ਬਦੀ ਰਿਹਾ ਦੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪੇ ਖੋਲ੍ਹ, ਥਿਰ ਘਰ ਸਾਚੇ ਰਿਹਾ ਬੋਲ, ਬੋਲ ਬੋਲਾ ਭੇਵ ਨਾ ਕੋਈ ਜਣਾਈਆ । ਸਾਚਾ ਸ਼ਬਦ ਬੋਲ ਜੈਕਾਰਾ, ਪੁਰਖ ਨਿਰੰਜਣ ਆਪ ਅਲਾਇੰਦਾ। ਰਸਨਾ ਜਿਹਵਾ ਨਾ ਕੋਇ ਸਹਾਰਾ, ਬੱਤੀ ਦੰਦ ਨਾ ਕੋਇ ਹਲਾਇੰਦਾ। ਤ੍ਰੈਗੁਣ ਤਤ ਨਾ ਕੋਇ ਵਣਜਾਰਾ, ਪੰਜ ਤਤ ਨਾ ਕੋਇ ਹੰਢਾਇੰਦਾ। ਰਕਤ ਬੂੰਦ ਨਾ ਲਾਏ ਕੋਇ ਗਾਰਾ, ਪੁਰਖ ਅਬਿਨਾਸ਼ੀ ਆਪਣਾ ਰੂਪ ਆਪੇ ਆਪ ਧਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਘਰ ਸਾਚਾ ਇਕ ਵਖਾਇੰਦਾ। ਥਿਰ ਘਰ ਸਾਚਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਬੈਠਾ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਆਪਣਾ ਦੀਪਕ ਆਪੇ ਬੱਲਾ, ਜੋਤੀ ਜੋਤ ਡਗਮਗਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਸ਼ਬਦ ਸ਼ਬਦੀ ਤਾਲ ਵਜਾਇੰਦਾ। ਲੋਕਮਾਤ ਮਾਰ ਝਾਤ, ਪੰਜ ਤਤ ਆਤਮ ਬ੍ਰਹਮ ਪਾਰਬ੍ਰਹਮ ਫੜਾਏ ਪੱਲਾ, ਸਗਲਾ ਸੰਗ ਨਿਭਾਇੰਦਾ। ਵਸਣਹਾਰਾ ਜਲਾ ਥਲਾ, ਜਲ ਥਲ ਮਹੀਅਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਦਰਬਾਰਾ ਆਪ ਖੁਲਾਇੰਦਾ। ਥਿਰ ਦਰਬਾਰਾ ਅਪਰ ਅਪਾਰ, ਸਤਿਗੁਰ ਪੂਰਾ ਆਪ ਖੁਲ੍ਹਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਜੁਗਾ ਜੁਗੰਤਰ ਲੱਖ ਚੁਰਾਸੀ ਸੁਤੀ ਰਹੇ ਪੈਰ ਪਸਾਰ, ਹਰਿ ਕਾ ਰੂਪ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲੇ ਥਿਰ ਘਰ, ਥਿਰ ਵੱਜਦੀ ਰਹੇ ਵਧਾਈਆ। ਸਤਿਗੁਰ ਪੂਰਾ ਆਪਣੀ ਕਿਰਪਾ ਕਰ, ਕਰ ਕਿਰਪਾ ਹੋਏ ਸਹਾਈਆ। ਆਵਣ ਜਾਵਣ ਚੁਕਾਏ ਡਰ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਨਾ ਮਾਰੇ ਮਾਰ, ਵੇਲੇ ਅੰਤ ਨਾ ਦਏ ਸਜ਼ਾਈਆ। ਨਰਕ ਨਿਵਾਸ ਨਾ ਵੇਖੇ ਘਰ, ਗਰਭ ਵਾਸ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਸਾਚਾ ਘਰ ਵਖਾਈਆ। ਸਾਚਾ ਘਰ ਸਚ ਦਰਬਾਰਾ, ਹਰਿ ਸੰਤਨ ਵੰਡ ਵੰਡਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਏਥੇ ਉਥੇ ਦਏ ਸਹਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਪਾਰ ਕਿਨਾਰਾ, ਜੇਰਜ ਅੰਡਾਂ ਉਤਭੁਜ ਸੇਤਜ ਪੰਧ ਮੁਕਾਇੰਦਾ। ਏਕਾ ਬਖ਼ਸ਼ੇ ਚਰਨ ਦਵਾਰਾ, ਚਰਨ ਚਰਨੋਦਕ ਮੁਖ ਚੁਵਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਚਾਰੇ ਵੇਦ ਮੁਖ ਸ਼ਰਮਾਇੰਦਾ। ਅਠਾਰਾਂ ਪੁਰਾਨ ਕਰਨ ਪੁਕਾਰਾ, ਸ਼ਾਸਤਰ ਸਿਮਰਤ ਸਰਬ ਕੁਰਲਾਇੰਦਾ। ਗੀਤਾ ਗਿਆਨ ਨਾ ਕੋਇ ਸਹਾਰਾ, ਅਠਾਰਾਂ ਧਿਆਏ ਏਕਾ ਏਕ ਏਕਾ ਰੰਗ ਰੰਗਾਇੰਦਾ। ਤੀਸ ਬਤੀਸ ਜਗਤ ਨਾਅਰਾ, ਜਗਤ ਹਦੀਸ ਅੰਜੀਲ ਕੁਰਾਨ ਪੜ੍ਹਾਇੰਦਾ। ਬਾਣੀ ਬਾਣ ਗੁਰ ਏਕਾ ਮਾਰਾ, ਆਰ ਪਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਜੁਗਾ ਜੁਗੰਤਰ ਵੇਸ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚੇ ਥਿਰ ਘਰ ਵੜਨਾ, ਸਤਿਗੁਰ ਪੂਰਾ ਆਪ ਬਹਾਈਆ। ਆਤਮ ਅੰਤਰ ਚੌਥੇ ਪੌੜੇ ਆਪੇ ਚੜ੍ਹਨਾ, ਚੌਥਾ ਪਦ ਇਕ ਵਖਾਈਆ। ਤ੍ਰੈਗੁਣ ਅਗਨੀ ਕਦੇ ਨਾ ਸੜਨਾ, ਮਾਇਆ ਮਮਤਾ ਮੋਹ ਮਿਟਾਈਆ। ਦੋਏ ਦੋਏ ਲੋਚਣ ਦਰਸਣ ਕਰਨਾ, ਨੇਤਰ ਨੈਣ ਇਕ ਸਮਝਾਈਆ । ਏਕੰਕਾਰਾ ਹਰਿ ਨਿਰੰਕਾਰਾ ਕੰਤ ਭਤਾਰਾ ਏਕਾ ਦਾਤਾ ਵਰਨਾ, ਸੁਹੰਜਣੀ ਸੇਜ ਸਚ ਹੰਢਾਈਆ। ਪੰਚਮ ਮੀਤਾ ਇਕ ਅਤੀਤਾ ਦਰ ਦਵਾਰੇ ਦਰਸਨ ਕਰਨਾ, ਆਸਾ ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਘਰ, ਕਮਲਾਪਾਤੀ ਦੀਵਾ ਬਾਤੀ ਇਕ ਜਗਾਈਆ। ਘਰ ਦੀਆ ਘਰ ਬਾਤੀ, ਘਰ ਕਵਲ ਕਵਲ ਪਰਕਾਸਿਆ। ਘਰ ਮੇਲਾ ਹਰਿ ਹਰਿ ਕਮਲਾਪਾਤੀ, ਘਰ ਮੰਡਲ ਸਾਚੀ ਰਾਸਿਆ। ਘਰ ਦੇਵੇ ਅੰਮ੍ਰਿਤ ਬੂੰਦ ਸਵਾਂਤੀ, ਘਰ ਪੂਰੀ ਕਰੇ ਆਸਿਆ। ਘਰ ਦਰਸ ਦਿਖਾਏ ਇਕ ਇਕਾਂਤੀ, ਗੁਰਸਿਖ ਹੋਏ ਨਾ ਕੋਇ ਨਿਰਾਸਿਆ। ਘਰ ਖੋਲ੍ਹੇ ਬੰਦ ਤਾਕੀ, ਅੰਧ ਅੰਧੇਰ ਆਪ ਮਿਟਾਸਿਆ। ਘਰ ਜੋਤ ਨਿਰੰਜਣ ਇਕ ਪਰਕਾਸੀ, ਘਰ ਮੇਲਾ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਜਨ ਭਗਤਾਂ ਬੁਝਾਏ ਲੱਗੀ ਬਸੰਤਰ, ਲੇਖਾ ਚੁਕਾਏ ਦਸ ਦਸ ਮਾਸਿਆ। ਦਸ ਦਸ ਮਾਸ ਲੇਖ ਚੁਕੌਣਾ, ਗੁਰਮੁਖਾਂ ਗੁਰ ਗੁਰ ਦਇਆ ਕਮਾਇੰਦਾ। ਸਾਚਾ ਮੰਦਰ ਇਕ ਵਖੌਣਾ, ਡੂੰਘੀ ਕੰਦਰ ਫੋਲ ਫੁਲਾਇੰਦਾ। ਤ੍ਰੈਗੁਣ ਮਾਇਆ ਜੰਦਰ ਆਪ ਤੁੜੌਣਾ, ਨਾਮ ਖੰਡਾ ਹੱਥ ਚਮਕਾਇੰਦਾ। ਉਚੇ ਟਿੱਲੇ ਪਰਬਤ ਆਪ ਚੜ੍ਹੌਣਾ, ਬਜਰ ਕਪਾਟੀ ਪਾਰ ਕਰਾਇੰਦਾ। ਅਨਹਦ ਸਾਚਾ ਰਾਗ ਸੁਣੌਣਾ, ਘਰ ਧੁਨ ਨਾਦ ਵਜਾਇੰਦਾ। ਬ੍ਰਹਮ ਬ੍ਰਹਿਮਾਦਿ ਖੋਜ ਖੁਜੌਣਾ, ਆਤਮ ਦਰਸੀ ਖੇਲ ਖਿਲਾਇੰਦਾ। ਅੰਮ੍ਰਿਤ ਆਤਮ ਜਾਮ ਪਿਔਣਾ, ਨਿਝਰ ਝਿਰਨਾ ਸਤਿ ਝਿਰਾਇੰਦਾ। ਆਤਮ ਸੇਜਾ ਆਪ ਸੁਹੌਣਾ, ਬੰਕ ਦਵਾਰੀ ਡੇਰਾ ਲਾਇੰਦਾ। ਸੁਰਤੀ ਸ਼ਬਦੀ ਮੇਲ ਮਿਲੌਣਾ, ਜਗਤ ਵਿਛੋੜਾ ਪੰਧ ਕਟਾਇੰਦਾ। ਸਾਚੇ ਮੰਦਰ ਸੋਭਾ ਪੌਣਾ, ਨਿਰਗੁਣ ਜੋਤੀ ਜੋਤ ਰੂਪ ਪਰਗਟਾਇੰਦਾ। ਥਿਰ ਘਰ ਸਾਚਾ ਇਕ ਵਸੌਣਾ, ਗੁਰਮੁਖ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦੇਵੇ ਵਰ, ਏਕਾ ਤਤ ਆਪ ਸਮਝਾਇੰਦਾ। ਥਿਰ ਘਰ ਬੈਠਣ ਬੈਠਣ ਯੋਗ, ਦੂਸਰ ਅਵਰ ਨਾ ਕੋਇ ਚਤਰਾਈਆ। ਭਗਤਨ ਮੇਲਾ ਧੁਰ ਸੰਜੋਗ, ਸਤਿ ਪੁਰਖ ਨਿਰੰਜਣ ਲਏ ਮਿਲਾਈਆ। ਮਾਇਆ ਮਮਤਾ ਹਉਮੇ ਹੰਗਤਾ ਦੂਈ ਦਵੈਤੀ ਕੱਟੇ ਰੋਗ, ਏਕਾ ਅੱਖਰ ਦਏ ਪੜ੍ਹਾਈਆ। ਹਰਿ ਕਾ ਨਾਉਂ ਚੁਗਾਏ ਸਾਚੀ ਚੋਗ, ਰਸ ਫੀਕਾ ਸਰਬ ਲੋਕਾਈਆ। ਅਗੰਮ ਅਗੰਮੜਾ ਬੋਲੇ ਇਕ ਸਲੋਕ, ਨਿਸ਼ਅੱਖਰ ਕਰੇ ਪੜ੍ਹਾਈਆ। ਲੇਖਾ ਜਾਣੇ ਲੋਕ ਪਰਲੋਕ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਥਿਰ ਦਰਬਾਰਾ ਆਪ ਸੁਹਾਈਆ। ਥਿਰ ਦਰਬਾਰਾ ਸਚ ਦਵਾਰ, ਹਰਿ ਸਾਚਾ ਸਚ ਸਮਝਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਮੇਲ ਮਿਲਾਏ ਏਕਾ ਵਾਰ, ਮਿਲਿਆ ਮੇਲ ਵਿਛੜ ਨਾ ਜਾਇੰਦਾ। ਸਤਿਗੁਰ ਪੂਰਾ ਕਾਰਜ ਦਏ ਸੁਆਰ, ਪੰਜ ਦੂਤ ਨੇੜ ਕੋਇ ਨਾ ਆਇੰਦਾ। ਗ੍ਰਹਿ ਮੰਦਰ ਕਰ ਉਜਿਆਰ, ਘਰ ਦੀਪਕ ਡਗਮਗਾਇੰਦਾ। ਏਕਾ ਬਖ਼ਸ਼ੇ ਅੰਮ੍ਰਿਤ ਠੰਡਾ ਠਾਰ, ਆਸਾ ਤ੍ਰਿਸ਼ਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਹਾਏ ਸਾਚੇ ਘਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਤਖ਼ਤ ਸੁਹਾਵਾ, ਸਤਿਗੁਰ ਪੂਰਾ ਆਪ ਉਪਾਇੰਦਾ। ਨਾ ਕੋਈ ਚੂਲ ਨਾ ਕੋਈ ਪਾਵਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਨਾ ਕੋਈ ਰੂਪ ਰੰਗ ਰੇਖ ਦਿਸੇ ਨਾਵਾਂ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਨਾ ਕੋਈ ਨਗਰ ਖੇੜਾ ਦਿਸੇ ਗਰਾਵਾਂ, ਗ੍ਰਹਿ ਮੰਦਰ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵੜ, ਨਾ ਕੋਈ ਸੀਸ ਨਾ ਕੋਈ ਧੜ, ਸਾਚੇ ਤਖ਼ਤ ਬੈਠਾ ਚੜ੍ਹ, ਗੁਰਮੁਖਾਂ ਫੜਾਏ ਏਕਾ ਲੜ, ਸ਼ਬਦੀ ਡੋਰ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਦੇਵੇ ਵਰ, ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਹਰਿ ਨਿਰੰਕਾਰਾ, ਕਲਜੁਗ ਅੰਤਮ ਲੈ ਅਵਤਾਰਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਕਲਜੁਗ ਅੰਤਮ ਹਰਿ ਅਵਤਾਰ, ਨਿਰਗੁਣ ਜੋਤੀ ਜੋਤ ਜਗਾਈਆ। ਵਸਣਹਾਰਾ ਸਚਖੰਡ ਦਵਾਰ, ਲੋਕਮਾਤ ਕਰੇ ਰੁਸ਼ਨਾਈਆ। ਠਾਂਡਾ ਰੱਖੇ ਇਕ ਦਰਬਾਰ, ਥਿਰ ਘਰ ਬੈਠਾ ਸੇਜ ਸੁਹਾਈਆ। ਡੰਕਾ ਵਜਾਏ ਅਪਰ ਅਪਾਰ, ਸ਼ਬਦ ਸ਼ਬਦੀ ਨਾਉਂ ਪਰਗਟਾਈਆ। ਜੁਗ ਜੁਗ ਵਿਛੜੇ ਮੇਲੇ ਯਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੰਤਮ ਵੇਖ ਵਖਾਈਆ। ਪੂਰਬ ਲਹਿਣਾ ਕਰਮ ਵਿਚਾਰ, ਕਰਮ ਕੁਕਰਮਾਂ ਡੇਰਾ ਢਾਹੀਆ। ਨਾਤਾ ਜੋੜੇ ਆਪ ਕਰਤਾਰ, ਜੋੜਨਹਾਰਾ ਦਿਸ ਨਾ ਆਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਆਤਮ ਅੰਤਰ ਕਰੇ ਪਿਆਰ, ਬ੍ਰਹਮ ਪਾਰਬ੍ਰਹਮ ਮਿਲਾਈਆ। ਰਸਨਾ ਬੋਲੇ ਨਾ ਕੋਇ ਜੈਕਾਰ, ਬੱਤੀ ਦੰਦ ਨਾ ਕੋਇ ਸੁਣਾਈਆ। ਨਿਰਗੁਣ ਨਿਰਗੁਣ ਨਿਰਗੁਣ ਨਾਲ ਕਰੇ ਗੁਫ਼ਤਾਰ, ਬੇਐਬ ਸੱਚਾ ਮਾਹੀਆ। ਭਗਤ ਭਗਵੰਤ ਵਸੇ ਇਕ ਦਰਬਾਰ, ਸਚ ਦਰਬਾਰਾ ਆਪ ਸੁਹਾਈਆ। ਸਤਿਗੁਰ ਪੂਰਾ ਕਰੇ ਪਿਆਰ, ਹਰਿ ਸੱਜਣ ਲਏ ਮਿਲਾਈਆ। ਮਾਣਸ ਜਨਮ ਪੈਜ ਜਾਏ ਸੁਆਰ, ਆਪਣੇ ਲੇਖੇ ਆਪੇ ਪਾਈਆ। ਗ਼ਰੀਬ ਨਿਮਾਣਿਆਂ ਦਏ ਆਧਾਰ, ਜਿਸ ਬਖ਼ਸ਼ੇ ਸਚ ਸਰਨਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਬਾਹਰ, ਚੌਦਾਂ ਲੋਕ ਚਰਨਾਂ ਹੇਠ ਦਬਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰਮੁਖ ਸਾਚੇ ਤੇਰੇ ਚਰਨ ਕਰਨ ਨਿਮਸਕਾਰ, ਅਧਵਿਚਕਾਰ ਬੈਠੇ ਨਿਉਂ ਨਿਉਂ ਸੀਸ ਝੁਕਾਈਆ। ਜਿਸ ਜਨ ਸਤਿਗੁਰ ਮਿਲਿਆ ਮੀਤ ਮੁਰਾਰ, ਸੰਸਾ ਰੋਗ ਰਹੇ ਨਾ ਰਾਈਆ। ਸੁੰਨ ਅਗੰਮੀ ਕਰੇ ਪਾਰ, ਧੂਆਂਧਾਰ ਨਾ ਕੋਇ ਵਡਿਆਈਆ। ਥਿਰ ਘਰ ਦਰਬਾਰਾ ਖੋਲ੍ਹ ਕਿਵਾੜ, ਆਪਣੀ ਹੱਥੀਂ ਸੇਵ ਕਮਾਈਆ। ਗੁਰਸਿਖ ਸਾਚੇ ਅੰਦਰ ਵਾੜ, ਆਪੇ ਵੇਖੇ ਥਾਉਂ ਥਾਈਆ। ਬਣਿਆ ਰਹੇ ਚੋਬਦਾਰ, ਸੇਵਕ ਸੇਵਾ ਸਚ ਕਮਾਈਆ। ਆਦਿ ਜੁਗਾਦੀ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਮਰੇ ਨਾ ਜੰਮੇ ਵਿਚ ਸੰਸਾਰ, ਮੜੀ ਗੋਰ ਨਾ ਕੋਇ ਦਬਾਈਆ। ਚੌਦਾਂ ਵਿਦਿਆ ਨਾ ਕਰੇ ਕੋਇ ਵਿਚਾਰ, ਲੇਖਾ ਜਾਣੇ ਜਗਤ ਪੜ੍ਹਾਈਆ। ਆਪੇ ਵਸੇ ਸਭ ਤੋਂ ਬਾਹਰ, ਨਿਰਗੁਣ ਦਾਤਾ ਬੇਪਰਵਾਹੀਆ । ਆਪੇ ਘਟ ਘਟ ਰਿਹਾ ਪਸਾਰ, ਲੱਖ ਚੁਰਾਸੀ ਆਸਣ ਸਿੰਘਾਸਣ ਆਤਮ ਸੇਜਾ ਆਪ ਸੁਹਾਈਆ। ਕਲਜੁਗ ਤੇਰੀ ਅੰਤਮ ਵਾਰ, ਨਿਰਗੁਣ ਨਿਰਵੈਰ ਪੁਰਖ ਅਕਾਲ ਜੂਨੀ ਰਹਿਤ ਦੀਨ ਦਿਆਲ, ਜੋਤੀ ਜਾਮਾ ਭੇਖ ਵਟਾਈਆ। ਨਿਹਕਲੰਕਾ ਲੈ ਅਵਤਾਰ, ਸ਼ਬਦ ਡੰਕਾ ਵਜਾਏ ਵਿਚ ਸੰਸਾਰ, ਸਮੁੰਦ ਸਾਗਰ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਈਆ। ਗੁਰਸਿਖਾਂ ਕਰੇ ਇਕ ਪਿਆਰ, ਮਤ ਗੁਰਮਤ ਦੇਵੇ ਇਕ ਆਧਾਰ, ਏਕਾ ਇਸ਼ਟ ਪੁਰਖ ਅਕਾਲ, ਅੰਤਰ ਦ੍ਰਿਸ਼ਟ ਦਏ ਖੁਲ੍ਹਾਈਆ। ਸੁਰਤੀ ਸੁਰਤ ਨਾ ਹੋਏ ਬੇਹਾਲ, ਮੂਰਤ ਅਕਾਲ ਹੋਏ ਦਿਆਲ, ਗੁਰਮੁਖ ਵੇਖੇ ਸਾਚੇ ਲਾਲ, ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਅਨਭਵ ਧਾਰ, ਖੇਲ ਅਪਾਰ, ਹਰਿਜਨ ਹਰਿ ਜੂ ਹਰਿ ਮੰਦਰ ਲਏ ਮਿਲਾਈਆ। ਕਿਰਪਾ ਕਰ ਗੁਣ ਨਿਧਾਨ, ਸ਼ਬਦ ਰਖਾਏ ਇਕ ਨਿਸ਼ਾਨ, ਚਰਨ ਕਵਲ ਕਵਲ ਚਰਨ ਬਖ਼ਸ਼ੇ ਭਗਤ ਧਿਆਨ, ਭਗਤ ਭਗਵੰਤ ਨਾਰੀ ਕੰਤ ਸਾਜਣ ਮੀਤ ਮੁਰਾਰ ਹਰਿ ਕਰਤਾਰ, ਜਗਤ ਵਿਛੋੜਾ ਦੇਵੇ ਕੱਟ, ਥਿਰ ਘਰ ਵਖਾਏ ਏਕਾ ਹੱਟ, ਗੁਰਮੁਖ ਸੱਜਣ ਬਹੇ ਡਟ, ਤੀਰਥ ਤਟ ਜਗਤ ਕਿਨਾਰ ਗੁੁਰਮੁਖ ਨਹਾਵਣ ਕਦੇ ਨਾ ਜਾਈਆ। ਜਿਸ ਜਨ ਮਿਲਿਆ ਸਤਿਗੁਰ ਸਮਰਥ, ਮਹਿਮਾ ਆਪਣੀ ਆਪ ਜਣਾਏ ਅਕਥਨਾ ਅਕਥ, ਨਾਮ ਚੜ੍ਹਾਏ ਸਾਚੇ ਰਥ, ਸਤਿ ਸਰੂਪੀ ਦੇਵੇ ਵੱਥ, ਹਉਮੇ ਹੰਗਤਾ ਹੰਕਾਰੀ ਬੁਰਜ ਜਾਏ ਢੱਠ, ਮਨ ਮਨੂਆ ਗੇੜੇ ਉਲਟੀ ਲੱਠ, ਅੰਤਰ ਜੋਤ ਜਗਾਏ ਲਟ ਲਟ, ਦੂਈ ਦਵੈਤੀ ਮੇਟੇ ਫਟ, ਅੰਮ੍ਰਿਤ ਆਤਮ ਸਤਿ ਪਿਆਲਾ ਏਕਾ ਜਾਮ ਏਕਾ ਵਾਰ ਏਕਾ ਦੇਵੇ ਘਤ, ਲੇਖਾ ਜਾਣੇ ਹੱਡ ਮਾਸ ਨਾੜੀ ਰਤ, ਮੇਲ ਮਿਲਾਵਾ ਕਮਲਾਪਤ, ਤ੍ਰੈਗੁਣ ਤਤ ਨਾ ਅਗਨ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਮੇਲੇ ਸਾਚਾ ਹਰਿ, ਗੁਰਮੁਖ ਸੱਜਣ ਏਕਾ ਕਰਨ ਮਜਨ, ਦੁਰਮਤ ਮੈਲ ਰਹੇ ਨਾ ਰਾਈਆ ।
