੨੬ ਕੱਤਕ ੨੦੧੭ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ
ਜਗਤ ਵਿਕਾਰਾ ਗਹਿਰਾ ਸਾਗਰ, ਕੂੜੀ ਕਿਰਿਆ ਤਾਲ ਵਜਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਨਾਮ ਰਤੀ ਰਤਨਾਗਰ, ਰਤੀ ਰਤਨਾਗਰ ਲੇਖੇ ਪਾਇੰਦਾ। ਸਾਚੇ ਨਾਮ ਕਰੇ ਸੌਦਾਗਰ, ਸਾਚਾ ਵਣਜ ਇਕ ਕਰਾਇੰਦਾ। ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਆਤਮ ਧਾਰ ਚੁਵਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਆਦਰ, ਜੁਗ ਜੁਗ ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਕਰੇ ਖੇਲ ਹਰਿ ਕਰਤਾ ਕਾਦਰ, ਬੇਐਬ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਨਾਤਾ ਤੋੜੇ ਕੂੜੋ ਕੂੜ, ਏਕਾ ਬਖ਼ਸ਼ੇ ਚਰਨ ਧੂੜ, ਚਰਨ ਚਰਨੋਦਕ ਮਸਤਕ ਤਿਲਕ ਇਕ ਲਗਾਇੰਦਾ। ਚਰਨ ਧੂੜੀ ਸਾਚੀ ਵਸਤ ਅਨਮੋਲ, ਗੁਰਸਿਖ ਹਰਿ ਹਰਿ ਝੋਲੀ ਪਾਇੰਦਾ। ਸਦਾ ਸੁਹੇਲਾ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਪੂਰਾ ਕਰੇ ਕੀਤਾ ਕੌਲ, ਕਵਲ ਆਪਣਾ ਆਪ ਉਲਟਾਇੰਦਾ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਆਪਣਾ ਰੂਪ ਪਰਗਟਾਇੰਦਾ। ਕਾਇਆ ਕੂੜਾ ਜਗਤ ਨਾਤਾ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਚਾਰੋਂ ਕੁੰਟ ਅੰਧੇਰੀ ਰਾਤਾ, ਨਿਰਗੁਣ ਰੂਪ ਨਾ ਕੋਇ ਦਰਸਾਈਆ। ਗ਼ਰੀਬ ਨਿਮਾਣਿਆਂ ਪੁੱਛੇ ਨਾ ਕੋਈ ਵਾਤਾ, ਗ੍ਰਹਿ ਮੰਦਰ ਅੰਦਰ ਡੂੰਘੀ ਕੰਦਰ ਪੰਜ ਤਤ ਕਰੇ ਲੜਾਈਆ। ਮਾਇਆ ਮਮਤਾ ਫਿਰੇ ਨਾਰ ਕਮਜ਼ਾਤਾ, ਜਗਤ ਦੁਹਾਗਣ ਦੇਵੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਦੀਨਾਂ ਨਾਥ ਦਰਦ ਦੁਖ ਭੈ ਭੰਜਨ, ਹਰਿਜਨ ਪਾਏ ਨੇਤਰ ਅੰਜਨ, ਅਗਿਆਨ ਅੰਧੇਰਾ ਦਏ ਮਿਟਾਈਆ। ਅਗਿਆਨ ਅੰਧੇਰਾ ਦੇਵੇ ਕੱਟ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਦੂਈ ਦਵੈਤੀ ਮੇਟੇ ਫਟ, ਏਕਾ ਨਿਰਗੁਣ ਰੰਗ ਰੰਗਾਇੰਦਾ। ਸਾਚੀ ਵਸਤ ਵਕਾਏ ਸਾਚੇ ਹੱਟ, ਜਗਤ ਦਵਾਰ ਨਾ ਕੋਇ ਫਿਰਾਇੰਦਾ। ਦੇਵਣਹਾਰਾ ਬ੍ਰਹਮ ਮਤ, ਤਤਵ ਤਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖੇ ਆਪੇ ਵੜ, ਲੇਖਾ ਲੇਖੇ ਆਪੇ ਪਾਇੰਦਾ। ਪੰਜ ਤਤ ਜਗਤ ਬੰਧਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ । ਤ੍ਰੈਗੁਣ ਮਾਇਆ ਬੱਧਾ ਤੰਦਨ, ਮਨ ਮਤ ਬੁਧ ਵੇਸ ਵਟਾਇੰਦਾ। ਗੁਰਮੁਖ ਵਿਰਲਾ ਜਾਣੇ ਪਰਮਾਨੰਦਨ, ਜਿਸ ਜਨ ਆਤਮ ਅੰਤਰ ਮੇਲ ਮਿਲਾਇੰਦਾ। ਧੁਨ ਅਨਾਦੀ ਨਾਦ ਗਾਏ ਸੁਹਾਗੀ ਛੰਦਨ, ਅਜਪਾ ਜਾਪ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਵਡ ਪਰਤਾਪ, ਮੇਟਣਹਾਰਾ ਤੀਨੋਂ ਤਾਪ, ਜਗਤ ਸੰਤਾਪ ਆਪ ਗਵਾਇੰਦਾ। ਜਗਤ ਸੰਤਾਪ ਮਿਟੇ ਦੁੱਖ, ਕਾਇਆ ਰੋਗ ਰਹੇ ਨਾ ਰਾਈਆ। ਉਜਲ ਕਰੇ ਭਗਤ ਮੁਖ, ਮੁਖ ਮੁਖੜਾ ਆਪ ਸਾਲਾਹੀਆ। ਸਫਲ ਕਰੇ ਮਾਤ ਕੁੱਖ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਇਕ ਲੱਖ ਅਸੀ ਹਜ਼ਾਰ ਅੰਦਰ ਬਹੇ ਨਾ ਕੋਇ ਲੁਕ, ਪਸੂ ਪਰੇਤ ਭੂਤ ਚਕਰ ਜਿਨ ਖ਼ਬੀਸ ਦਏ ਖਪਾਈਆ। ਸਯਦ ਮੁਲਾਂ ਸ਼ੇਖ਼ ਪੀਰ ਮਸਾਇਕ ਕੋਇ ਨਾ ਮਾਰੇੇ ਆਏ ਚੱਕਰ, ਦਰ ਦਵਾਰੇ ਦਏ ਦੁਰਕਾਈਆ। ਮੜੀ ਮਸਾਣਾ ਲਾਹੇ ਸੱਥਰ, ਸ਼ਬਦ ਖੰਡਾ ਇਕ ਚਮਕਾਈਆ। ਕੂੜੀ ਕਿਰਿਆ ਕਰੇ ਵੱਖਰ, ਸਾਚੀ ਵਸਤ ਅਮੋਲਕ ਏਕਾ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਰੀਬ ਨਿਮਾਣੇ ਜਾਏ ਤਾਰ, ਤਾਰਨਹਾਰ ਇਕ ਸੱਚਾ ਸ਼ਹਿਨਸ਼ਾਹੀਆ। ਤਾਰਨਹਾਰਾ ਆ ਗਿਆ, ਨਿਰਗੁਣ ਜੋਤੀ ਜਾਮਾ ਧਾਰ। ਗ਼ਰੀਬ ਨਿਮਾਣੇ ਗਲੇ ਲਗਾ ਰਿਹਾ, ਹਰਖ ਸੋਗ ਤੋਂ ਵਸਿਆ ਬਾਹਰ। ਊਚ ਨੀਚ ਨਾ ਕੋਇ ਜਣਾ ਰਿਹਾ, ਏਕਾ ਸਰਨ ਬਖ਼ਸ਼ੇ ਸੱਚੀ ਸਰਨਾਰ। ਅੰਮ੍ਰਿਤ ਜਾਮ ਪਿਆਲਾ ਸਾਚੀ ਮਦਿ ਆਪ ਪਿਆ ਰਿਹਾ, ਅੱਠੇ ਪਹਿਰ ਰਹੇ ਖ਼ੁਮਾਰ। ਬ੍ਰਹਮ ਨਦ ਇਕ ਵਜਾ ਰਿਹਾ, ਸਦ ਵੱਜਦੀ ਰਹੇ ਸਤਾਰ ਲੱਖ ਚੁਰਾਸੀ ਵਿਚੋਂ ਕੱਢ ਹਰਿ ਸੰਗਤ ਮੇਲ ਮਿਲਾ ਲਿਆ, ਨਾਤਾ ਤੋੜ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਬਖ਼ਸ਼ੇ ਇਕ ਇਕੱਲਾ ਬਖ਼ਸ਼ਣਹਾਰ।
