੨੬ ਕੱਤਕ ੨੦੧੭ ਬਿਕ੍ਰਮੀ ਕਰਤਾਰ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਹਰਿ ਸਮਰਥ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਜੁਗਾਦਿ ਚਲਾਏ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਲੋਕਮਾਤ ਹੋ ਪਰਗਟ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਵਥ, ਵਸਤ ਅਮੋਲਕ ਝੋਲੀ ਪਾਇੰਦਾ। ਲਹਿਣਾ ਜਾਣੇ ਮਸਤਕ ਮਥ, ਧੁਰ ਮਸਤਕ ਵੇਖ ਵਖਾਇੰਦਾ। ਜਗਤ ਵਿਕਾਰਾ ਪਾਏ ਨੱਥ, ਸ਼ਬਦ ਡੋਰੀ ਹੱਥ ਉਠਾਇੰਦਾ। ਦੁਰਮਤ ਮੈਲ ਦੇਵੇ ਕੱਟ, ਮਾਇਆ ਮਮਤਾ ਮੋਹ ਚੁਕਾਇੰਦਾ । ਚਰਨ ਦਵਾਰ ਵਖਾਏ ਸਾਚਾ ਹੱਟ, ਸਚ ਸਦਾ ਇਕ ਖੁਲ੍ਹਾਇੰਦਾ। ਲੇਖਾ ਜਾਣੇ ਤੀਰਥ ਤਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਰੰਗ ਸਮਾਇਆ। ਜੁਗਾ ਜੁਗੰਤਰ ਖੇਲ ਮਹਾਨ, ਸ੍ਰੀ ਭਗਵਾਨ ਆਪ ਕਰਾਇਆ। ਸ਼ਬਦ ਸਰੂਪੀ ਸਤਿ ਨਿਸ਼ਾਨ, ਤ੍ਰੈਗੁਣ ਅਤੀਤਾ ਆਪ ਝੁਲਾਇਆ। ਲੋਕਮਾਤ ਹੋਏ ਪਰਧਾਨ, ਨਿਰਗੁਣ ਸਰਗੁਣ ਵੇਸ ਧਰਾਇਆ। ਸਾਚੇ ਸੰਤ ਕਰੇ ਪਰਵਾਨ, ਪਾਰਬ੍ਰਹਮ ਵੱਡੀ ਵਡਿਆਇਆ। ਏਕਾ ਦੇਵੇ ਨਾਮ ਨਿਧਾਨ, ਲਿਖਣ ਪੜ੍ਹਣ ਵਿਚ ਨਾ ਆਇਆ। ਆਤਮ ਅੰਤਰ ਬ੍ਰਹਮ ਗਿਆਨ, ਦੂਈ ਦਵੈਤੀ ਪਰਦਾ ਲਾਹਿਆ। ਸਚ ਵਖਾਏ ਇਕ ਮਕਾਨ, ਹਰਿ ਜੂ ਹਰਿ ਮੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਾਹਿਬ, ਹਰਿ ਸਤਿ ਪੁਰਖ ਨਿਰੰਜਣ ਆਪ ਅਖਵਾਇਆ। ਸਤਿਗੁਰ ਪੂਰਾ ਸਾਚਾ ਹਰਿ, ਹਰਿ ਬਿਨ ਅਵਰ ਨਾ ਕੋਇ ਜਣਾਈਆ। ਜਨ ਭਗਤਾਂ ਵਖਾਏ ਏਕਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਤਮ ਅੰਤਰ ਆਪਣਾ ਘਾੜਨ ਆਪੇ ਘੜ, ਘਾੜਨ ਘੜੇ ਸਰਬ ਲੋਕਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪੇ ਫੜ, ਸੇਵਕ ਸੇਵਾ ਸਾਚੀ ਸਚ ਸਮਝਾਈਆ। ਲੱਖ ਚੁਰਾਸੀ ਨਾਰੀ ਨਰ, ਨਰ ਨਰਾਇਣ ਰੂਪ ਪਰਗਟਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਈਆ। ਸੰਤ ਸਾਜਣ ਲਏ ਵਰ, ਹਰਿ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਪਾਤਸ਼ਾਹ, ਪਾਰਬ੍ਰਹਮ ਪ੍ਰਭ ਬੇਪਰਵਾਹ, ਆਦਿ ਜੁਗਾਦਿ ਸਮਾਈਆ। ਸਤਿਗੁਰ ਪੂਰਾ ਦੀਨ ਦਿਆਲਾ, ਪੁਰਖ ਅਕਾਲ ਇਕ ਅਖਵਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਵਛਲ, ਦੀਨਨ ਬਣੇ ਕਿਰਪਾਲਾ, ਕਿਰਪਾਨਿਧ ਆਪਣਾ ਨਾਉਂ ਧਰਾਇੰਦਾ। ਚਲੇ ਚਲਾਏ ਅਵੱਲੜੀ ਚਾਲਾ, ਆਪਣਾ ਮਾਰਗ ਆਪਣਾ ਪੰਥ ਆਪੇ ਲਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖ਼ਾਲਾ, ਚਰਨ ਕਵਲ ਧਿਆਨ ਜਣਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਪਤ ਡਾਲ੍ਹਾ, ਬ੍ਰਹਮ ਫੁਲਵਾੜੀ ਵੇਖ ਵਖਾਇੰਦਾ। ਸੇਵ ਲਗਾਏ ਕਾਲ ਮਹਾਂਕਾਲਾ, ਕਾਲ ਦਿਆਲ ਰੂਪ ਵਟਾਇੰਦਾ। ਆਪੇ ਪਾਵਣਹਾਰਾ ਤ੍ਰੈਗੁਣ ਮਾਇਆ, ਜਗਤ ਜੰਜਾਲਾ, ਪੰਚਮ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਾਹਿਬ ਸੁਲਤਾਨ, ਲੇਖਾ ਜਾਣੇ ਦੋ ਜਹਾਨ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਭਗਤ ਉਧਾਰਨ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦਿ ਆਏ ਪੈਜ ਸੁਆਰਨ, ਲੋਕਮਾਤ ਦਏ ਵਡਿਆਈਆ। ਸ਼ਬਦ ਅਗੰਮੀ ਦੱਸੇ ਏਕਾ ਧਾਰਨ, ਧਰਨੀ ਧਰਤ ਧਵਲ ਸਮਾਈਆ। ਆਪੇ ਜਾਣੇ ਆਪਣਾ ਕਾਰਨ, ਜਗਤ ਕਿਰਿਆ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਸਤਿਗੁਰ ਪੂਰਾ ਬੇਪਰਵਾਹੀਆ। ਸਤਿਗੁਰ ਪੂਰਾ ਬੇਪਰਵਾਹ, ਏਕੰਕਾਰਾ ਖੇਲ ਖਿਲਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਨਾਉਂ ਨਿਰੰਕਾਰਾ ਆਪਣਾ ਨਾਉਂ ਪਰਗਟਾ, ਦੋ ਜਹਾਨਾਂ ਵੇਖ ਵਖਾਇੰਦਾ। ਭਗਤ ਭਗਵੰਤ ਲਏ ਉਠਾ, ਸਾਚੀ ਭਗਤੀ ਇਕ ਸਮਝਾਇੰਦਾ। ਆਦਿ ਅੰਤ ਆਪਣਾ ਲੇਖਾ ਦਏ ਜਣਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਾਚੇ ਮਾਰਗ ਆਪੇ ਲਾ, ਸਾਚੀ ਸਿਖ਼ਿਆ ਸਿੱਖ ਸਮਝਾਇੰਦਾ। ਨਥਾਵਿਆਂ ਦੇਵਣਹਾਰਾ ਥਾਂ, ਸਿਰ ਸਮਰਥ ਹੱਥ ਟਿਕਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾ, ਗ਼ਰੀਬ ਨਿਵਾਜ਼ ਆਪਣਾ ਨਾਉਂ ਧਰਾਇੰਦਾ। ਸਦਾ ਸਦਾ ਸਦ ਰੱਖੇ ਠੰਡੀ ਛਾਂ, ਅਗਨੀ ਤਤ ਆਪ ਬੁਝਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਅੰਮ੍ਰਿਤ ਆਤਮ ਜਾਮ ਦਏ ਪਿਆ, ਨਿਝਰ ਝਿਰਨਾ ਇਕ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਸਤਿਗੁਰ ਪੂਰਾ ਆਪਣਾ ਰੂਪ ਆਪ ਪਰਗਟਾਇੰਦਾ। ਜੁਗ ਜੁਗ ਰੂਪ ਪਰਗਟਾਇੰਦਾ, ਹਰਿ ਸਤਿਗੁਰ ਦੀਨ ਦਿਆਲ। ਭਗਤ ਭਗਵੰਤ ਵੇਖ ਵਖਾਇੰਦਾ, ਜਗਤ ਜੁਗ ਅਵੱਲੜੀ ਚਾਲ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਲੇਖਾ ਜਾਣੇ ਸਚਖੰਡ ਬੈਠ ਸੱਚੀ ਧਰਮਸਾਲ। ਕਲਜੁਗ ਵੇਲਾ ਅੰਤਮ ਆਇੰਦਾ, ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਹੋਏ ਬੇਹਾਲ। ਬ੍ਰਹਮਾ ਵਿਸ਼ਨ ਸ਼ਿਵ ਸਰਬ ਕੁਰਲਾਇੰਦਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਲਾਏ ਨਾਲ। ਰਾਜ ਰਾਜਾਨ ਸ਼ਾਹ ਸੁਲਤਾਨ ਧੀਰਜ ਧੀਰ ਨਾ ਕੋਇ ਧਰਾਇੰਦਾ, ਦਰ ਦਰ ਘਰ ਘਰ ਮੰਗਦੇ ਫਿਰਦੇ ਬਣ ਕੰਗਾਲ। ਜੂਠ ਝੂਠ ਚਾਰੋਂ ਕੁੰਟ ਡੰਕ ਵਜਾਇੰਦਾ, ਸਚ ਸੁੱਚ ਕਿਸੇ ਦਿਸੇ ਨਾ ਧਰਮਸਾਲ। ਮਾਇਆ ਮਮਤਾ ਮੋਹ ਸਰਬ ਕੁਰਲਾਇੰਦਾ, ਆਸਾ ਤ੍ਰਿਸ਼ਨਾ ਪਿਆ ਜੀਵ ਜੰਤ ਜੰਜਾਲ। ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ, ਮੰਦਰ ਮਸਜਿਦ ਮਠ ਸ਼ਿਵਦਵਾਲੇ ਰਹੇ ਭਾਲ। ਪੁਰਖ ਸਮਰਥ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕਾ ਜਾਮਾ ਪਾਇੰਦਾ, ਰੂਪ ਰੰਗ ਰੇਖ ਵਸਿਆ ਬਾਹਰ, ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ। ਆਪੇ ਹੋਇਆ ਜਾਣੀ ਜਾਣ, ਨੂਰ ਨੁਰਾਨਾ ਡਗਮਗਾਇੰਦਾ। ਲੇਖਾ ਜਾਣੇ ਹੱਡ ਮਾਸ ਨਾੜੀ ਮਾਟੀ ਖ਼ਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਬਣੇ ਮਾਤ ਦਲਾਲ। ਸਤਿਗੁਰ ਪੂਰਾ ਬਣ ਦਲਾਲ, ਜੁਗਾਂ ਜੁਗੰਤਰ ਸੇਵ ਕਮਾਈਆ। ਹਰਿ ਭਗਤ ਸਾਚੇ ਲਏ ਉਠਾਲ, ਲੱਖ ਚੁਰਾਸੀ ਫੋਲ ਫੁਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕਾ ਮਾਰਗ ਦੱਸੇ ਸੁਖ਼ਾਲ, ਆਪਣਾ ਮੰਤਰ ਆਪ ਪੜ੍ਹਾਈਆ। ਅੰਮ੍ਰਿਤ ਆਤਮ ਸਰੋਵਰ ਮਾਰੇ ਉਛਾਲ, ਅਠਸਠ ਬੈਠੇ ਮੁਖ ਸ਼ਰਮਾਈਆ। ਏਕਾ ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਰਖਾਈਆ। ਨਾਤਾ ਤੋੜੇ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਦਵਾਰ ਵਖਾਏ ਸੱਚੀ ਧਰਮਸਾਲ, ਸਚਖੰਡ ਦਵਾਰੇ ਸੋਭਾ ਪਾਈਆ। ਗੁਰਮੁਖਾਂ ਕਾਰਜ ਦਏ ਸੁਆਰ, ਸਤਿਗੁਰ ਪੂਰਾ ਸੋ ਅਖਵਾਈਆ। ਡੁੱਬਦੇ ਪਾਥਰ ਜਾਏ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਸੁਰਤੀ ਸ਼ਬਦ ਡੋਰ ਬੰਧਾਈਆ। ਸੁਰਤ ਸ਼ਬਦੀ ਬੰਨ੍ਹੇ ਡੋਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖ ਵਖਾਇੰਦਾ। ਵਸਣਹਾਰਾ ਅੰਧ ਘੋਰ, ਸੁਖ਼ਮਨ ਟੇਢੀ ਬੰਕ ਪਾਰ ਕਰਾਇੰਦਾ। ਪੰਚ ਵਿਕਾਰਾ ਦੇਵੇ ਹੋੜ, ਨੌ ਦਵਾਰੇ ਪੰਧ ਮੁਕਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸ਼ਾਹ ਸਵਾਰਾ ਦਇਆ ਕਮਾਇੰਦਾ। ਸ਼ਬਦ ਅਨਾਦ ਧੁਨ ਇਕ ਸੁਣਾਏ ਅਨਹਦ ਘਨਘੋਰ, ਛੱਤੀ ਰਾਗ ਭੇਵ ਨਾ ਆਇੰਦਾ। ਏਕਾ ਨਾਤਾ ਏਕਾ ਵਰ ਲਏ ਜੋੜ, ਜੁੜਿਆ ਜੋੜ ਨਾ ਕੋਇ ਤੁੜਾਇੰਦਾ। ਆਤਮ ਸੇਜਾ ਜਾਏ ਬੌਹੜ, ਭਰ ਪਿਆਲਾ ਜਾਮ ਪਿਆਇੰਦਾ। ਬਜਰ ਕਪਾਟੀ ਦੇਵੇ ਤੋੜ, ਤ੍ਰੈਗੁਣ ਡੇਰਾ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਸਰਬ ਗੁਣ ਮੀਤ, ਮੀਤ ਮੁਰਾਰਾ ਇਕ ਅਖਵਾਈਆ। ਆਦਿ ਜੁਗਾਦਿ ਚਲਾਏ ਆਪਣੀ ਰੀਤ, ਦੂਸਰ ਸੰਗ ਨਾ ਕੋਇ ਰਖਾਈਆ। ਗੁਰਮੁਖਾਂ ਸੁਣਾਏ ਸੁਹਾਗੀ ਗੀਤ, ਘਰ ਮੰਦਰ ਵੱਜਦੀ ਰਹੇ ਵਧਾਈਆ। ਕਾਇਆ ਕਰੇ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਈਆ। ਏਕਾ ਵਸੇ ਹਰਿ ਹਰਿ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਧਾਮ ਵਖਾਏ ਇਕ ਅਨਡੀਠ, ਘਰ ਵਿਚ ਘਰ ਸਮਝਾਈਆ। ਨਾ ਕੋਈ ਮੰਦਰ ਨਾ ਮਸੀਤ, ਚਾਰ ਦੀਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਹਰਿ, ਗੁਰਮੁਖ ਮੇਲੇ ਸਹਿਜ ਸੁਭਾਈਆ। ਗੁਰਮੁਖ ਮੇਲ ਮਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਗ੍ਰਹਿ ਮੰਦਰ ਖੋਜ ਖੁਜਾਇੰਦਾ, ਘਟ ਭੀਤਰ ਹੋ ਉਜਿਆਰ। ਦਰ ਦਰਵਾਜ਼ਾ ਇਕ ਖੁਲ੍ਹਾਇੰਦਾ, ਆਪ ਆਪਣੀ ਕਿਰਪਾ ਧਾਰ। ਘਰ ਘਰ ਵਿਚ ਨਜ਼ਰੀ ਆਇੰਦਾ, ਨੇਤਰ ਨੈਣ ਦਏ ਉਘਾੜ। ਬੰਕ ਦਵਾਰ ਇਕ ਸੁਹਾਇੰਦਾ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਬ੍ਰਹਮ ਪਾਰਬ੍ਰਹਮ ਮਿਲਾਇੰਦਾ, ਮੇਲ ਮਿਲਾਵਾ ਏਕਾ ਵਾਰ। ਜੋਤੀ ਜੋਤ ਜੋਤ ਸਮਾਇੰਦਾ, ਜੋਤੀ ਜਾਤਾ ਆਪ ਨਿਰੰਕਾਰ। ਸਾਚੀ ਜੋਤੀ ਆਪ ਚੜ੍ਹਾਇੰਦਾ, ਗੁਰਮੁਖ ਸੱਜਣ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਤਿਗੁਰ ਇਕ ਮਲਾਹ, ਏਕਾ ਸ਼ਬਦੀ ਦੇਵੇ ਸਤਿ ਸਲਾਹ, ਗੁਰ ਗੁਰ ਹਰਿ ਹਰਿ ਸ਼ਬਦੀ ਸ਼ਬਦ ਨਾਉਂ ਧਰਾਈਆ। ਸ਼ਬਦ ਗੁਰਦੇਵ ਸਰਬ ਜਗ ਪਿਤ ਮਾਤਾ, ਸਤਿ ਪੁਰਖ ਨਿਰੰਜਣ ਆਪ ਉਪਾਇਆ। ਆਦਿ ਜੁਗਾਦਿ ਚਲਾਏ ਆਪਣੀ ਗਾਥਾ, ਅੱਖਰ ਵੱਖਰ ਆਪ ਪੜ੍ਹਾਇਆ। ਭਗਤ ਭਗਵੰਤ ਦੇਵਣਹਾਰਾ ਦਾਤਾ, ਭੁੱਲ ਕਦੇ ਨਾ ਜਾਇਆ। ਕਲਜੁਗ ਅੰਤਮ ਵੇਖੇ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਇਆ। ਨਿਰਗੁਣ ਭੁੱਲਿਆ ਤੇਰਾ ਪੂਜਾ ਪਾਠਾ, ਸਰਗੁਣ ਬੈਠੇ ਇਸ਼ਟ ਮਨਾਇਆ। ਪੁਰਖ ਅਬਿਨਾਸ਼ੀ ਸਚਖੰਡ ਦਵਾਰ ਬੈਠਾ ਵੇਖੇ ਤਮਾਸ਼ਾ, ਚਾਰ ਵਰਨ ਅਠਾਰਾਂ ਬਰਨ ਘਰ ਘਰ ਦਰ ਦਰ ਦੇਣ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਸੱਚਾ ਸ਼ਾਹ ਪਾਤਸ਼ਾਹ, ਇਕ ਇਕੱਲਾ ਬਣ ਮਲਾਹ, ਜਨ ਭਗਤਾਂ ਦੇਵੇ ਨਾਮ ਸਲਾਹ, ਸਤਿਜੁਗ ਸਾਚਾ ਬੇੜਾ ਹੱਥ ਵਖਾਇਆ।
