੨੫ ਕਤਕ ੨੦੧੭ ਬਿਕ੍ਰਮੀ ਹਰੀ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਸਾਹਿਬ ਸੱਚਾ ਸੁਲਤਾਨ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਸਤਿ ਨਿਸ਼ਾਨ, ਸਤਿ ਦਵਾਰੇ ਆਪ ਝੁਲਾਈਆ। ਜੁਗਾਂ ਜੁਗੰਤਰ ਧੁਰ ਫ਼ਰਮਾਣ, ਸ਼ਬਦ ਅਨਾਦੀ ਨਾਦ ਸੁਣਾਈਆ। ਲੇਖਾ ਜਾਣੇ ਦੋ ਜਹਾਨ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਪਾਏ ਆਣ, ਹੁਕਮੀ ਹੁਕਮ ਆਪ ਫਿਰਾਈਆ। ਲੱਖ ਚੁਰਾਸੀ ਹੋਏ ਜਾਣੀ ਜਾਣ, ਘਟ ਘਟ ਆਪਣੀ ਜੋਤ ਜਗਾਈਆ। ਗੁਰਮੁਖ ਵੇਖੇ ਚਤਰ ਸੁਜਾਨ, ਚਾਤਰਕ ਆਪਣੀ ਤ੍ਰਿਖਾ ਬੁਝਾਈਆ। ਲੱਖ ਚੁਰਾਸੀ ਵਿਚੋਂ ਕੱਢ ਪਛਾਣ, ਆਪ ਆਪਣਾ ਮੇਲ ਮਿਲਾਈਆ। ਏਕਾ ਦੇਵੇ ਬ੍ਰਹਮ ਗਿਆਨ, ਆਤਮ ਬ੍ਰਹਮ ਨੂਰ ਦਰਸਾਈਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਅਮਿਉਂ ਰਸ ਝਿਰਨਾ ਆਪ ਝਿਰਾਈਆ। ਚਰਨ ਕਵਲ ਵਖਾਏ ਸਚ ਮਕਾਨ, ਸਚ ਦਵਾਰਾ ਇਕ ਸਮਝਾਈਆ। ਰਾਗ ਸੁਣਾਏ ਅਗੰਮੀ ਕਾਨ, ਨਿਰਵੈਰ ਆਪ ਅਲਾਈਆ। ਚਾਰ ਵਰਨ ਬਖ਼ਸ਼ੇ ਮਾਣ, ਊਚ ਨੀਚ ਰਾਓ ਰੰਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੀਨ ਦਿਆਲਾ, ਲੇਖਾ ਜਾਣੇ ਕਾਲ ਮਹਾਂਕਾਲਾ, ਦਰ ਘਰ ਸਾਚਾ ਇਕ ਸਮਝਾਈਆ। ਸਤਿਗੁਰ ਪੂਰਾ ਸਰਬ ਗੁਣਵੰਤ, ਏਕਾ ਰੰਗ ਰੰਗਾਇਆ। ਆਦਿ ਜੁਗਾਦੀ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਰਾਇਆ। ਲੇਖਾ ਜਾਣੇ ਸਾਚੇ ਸੰਤ, ਭਗਤ ਭਗਵੰਤ ਹੋਏ ਸਹਾਇਆ। ਨਾਮ ਨਿਧਾਨਾ ਦੇਵੇ ਮਣੀਆਂ ਮੰਤ, ਮਨ ਪੰਖੀ ਉਡ ਉਡ ਦਹਿ ਦਿਸ਼ ਨਾ ਕੋਇ ਧਾਇਆ। ਲੇਖਾ ਜਾਣੇ ਨਾਰੀ ਕੰਤ, ਵਿਭਚਾਰ ਰੂਪ ਨਾ ਕੋਇ ਵਟਾਇਆ। ਦੇਵੇ ਮਾਣ ਵਿਚ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਇਆ। ਗੜ੍ਹ ਤੋੜੇ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਸਮਝਾਇਆ। ਮੇਲ ਮਿਲਾਵਾ ਸਾਚੀ ਸੰਗਤ, ਨਾਤਾ ਬਿਧਾਤਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਹਰਿ ਨਿਰੰਕਾਰਾ, ਲੇਖਾ ਜਾਣੇ ਦਰ ਦਰਬਾਰਾ, ਧੁਰ ਦੀ ਕਾਰ ਆਪ ਕਰਾਇੰਦਾ। ਸਤਿਗੁਰ ਪੂਰਾ ਅਗੰਮ ਅਥਾਹ, ਆਦਿ ਜੁਗਾਦਿ ਸਮਾਇੰਦਾ। ਜੁਗਾ ਜੁਗੰਤਰ ਚਲਾਏ ਆਪਣਾ ਰਾਹ, ਸਾਚਾ ਮਾਰਗ ਆਪ ਵਖਾਇੰਦਾ। ਗੁਰਮੁਖ ਸਾਜਣ ਹਰਿਜਨ ਸਾਚੇ ਲਏ ਉਠਾ, ਆਲਸ ਨਿੰਦਰਾ ਮੂਲ ਚੁਕਾਇੰਦਾ। ਏਕਾ ਅੱਖਰ ਵੱਖਰ ਦਏ ਪੜ੍ਹਾ, ਕਾਗਦ ਕਲਮ ਭੇਵ ਨਾ ਆਇੰਦਾ। ਸਾਚੇ ਪੌੜੇ ਆਪ ਚੜ੍ਹਾ, ਘਰ ਮੰਦਰ ਸੋਭਾ ਪਾਇੰਦਾ। ਲੇਖਾ ਜਾਣੇ ਧੁਰ ਦਰਗਾਹ, ਗ੍ਰਹਿ ਆਪਣਾ ਖੋਜ ਖੁਜਾਇੰਦਾ। ਕਮਲਾਪਾਤੀ ਮੇਲ ਮਿਲਾਏ ਸਹਿਜ ਸੁਭਾ, ਬੂੰਦ ਸਵਾਂਤੀ ਜਾਮ ਪਿਆਇੰਦਾ। ਮੇਟੇ ਅੰਧੇਰੀ ਰਾਤੀ ਲੇਖਾ ਜਾਣੇ ਥਾਉਂ ਥਾਂ, ਅਭੁੱਲ ਗੁਰ ਭੁੱਲ ਕਦੇ ਨਾ ਜਾਇੰਦਾ। ਗੁਰਸਿਖ ਬਾਲ ਅਞਾਣੇ ਆਪਣੀ ਗੋਦ ਉਠਾਏ ਜਿਉਂ ਬਾਲਕ ਮਾਂ, ਅੰਮ੍ਰਿਤ ਸਾਚਾ ਸੀਰ ਪਿਆਇੰਦਾ। ਸਖ਼ਾ ਸਹੇਲਾ ਇਕ ਇਕੇਲਾ ਸਮਰਥ ਸਿਰ ਰੱਖੇ ਠੰਡੀ ਛਾਂ, ਦੋ ਜਹਾਨਾਂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਸਤਿਗੁਰ ਸੱਚਾ ਸ਼ਾਹੋ ਭੂਪ, ਰਾਜਨ ਰਾਜ ਇਕ ਅਖਵਾਇੰਦਾ। ਵੇਖਣਹਾਰਾ ਚਾਰੋਂ ਕੂਟ, ਉਤਰ ਪੂਰਬ ਪੱਛਮ ਦੱਖਣ ਫੇਰੀ ਪਾਇੰਦਾ। ਏਕਾ ਨਾਮ ਏਕਾ ਤਾਗਾ ਏਕਾ ਸੂਤ, ਏਕਾ ਵਟ ਆਪ ਚੜ੍ਹਾਇੰਦਾ। ਏਕਾ ਵਰਖ ਏਕਾ ਮਾਸ ਏਕਾ ਰੁੱਤ, ਥਿਤ ਵਾਰ ਆਪਣੇ ਹੱਥ ਰਖ। ਕਰੇ ਖੇਲ ਅਬਿਨਾਸ਼ੀ ਅਚੁਤ, ਅਲੱਖ ਅਲੱਖਣਾ ਦਿਸ ਕਿਸੇ ਨਾ ਆਇੰਦਾ। ਗੁਰਮੁਖ ਉਪਜਾਏ ਸਾਚੇ ਸੁਤ, ਨਾਦੀ ਬਿੰਦ ਨਾਉਂ ਧਰਾਇੰਦਾ। ਲੇਖਾ ਜਾਣੇ ਹਰਿ ਜੂ ਹਰਿ ਹਰਿ ਪਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਅਲੱਖ ਨਿਰੰਜਣ, ਏਕਾ ਨੇਤਰ ਪਾਏ ਨਾਮ ਅੰਜਣ, ਅਗਿਆਨ ਅੰਧੇਰ ਮਿਟਾਇੰਦਾ। ਸਤਿਗੁਰ ਸਾਹਿਬ ਗਹਿਰ ਗੰਭੀਰ ਗੁਣਨਿਧ ਦਾਤਾ, ਅਲੱਖ ਅਲੱਖਣਾ ਇਕ ਅਖਵਾਈਆ। ਆਪਣੀ ਰੱਖੇ ਉਤਮ ਜ਼ਾਤਾ, ਜ਼ਾਤ ਪਾਤ ਨਾ ਕੋਇ ਵਡਿਆਈਆ। ਜਨ ਭਗਤਾਂ ਲੇਖਾ ਜਾਣੇ ਮਸਤਕ ਮਾਥਾ, ਪੂਰਬ ਕਰਮਾਂ ਵੇਖ ਵਖਾਈਆ। ਲੱਖ ਚੁਰਾਸੀ ਪੂਰਾ ਕਰੇ ਘਾਟਾ, ਨਾਮ ਦਾਤ ਝੋਲੀ ਪਾਈਆ। ਏਥੇ ਉਥੇ ਦੋ ਜਹਾਨ ਨਿਭਾਏ ਸਗਲਾ ਸਾਥਾ, ਸਗਲਾ ਸੰਗ ਨਿਭਾਈਆ। ਸਗਲ ਵਿਸੂਰਾ ਗੁਰਮੁਖ ਵਿਰਲੇ ਲਾਥਾ, ਜਿਸ ਜਨ ਆਤਮ ਅੰਤਰ ਬੂਝ ਬੁਝਾਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਦੀਨ ਦਿਆਲ ਦਇਆਨਿਧ ਠਾਕਰ ਆਪਣੀ ਇਛਿਆ ਪਾਏ ਭਿਛਿਆ, ਇਸ਼ਟ ਦੇਵ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹੋਏ ਸਹਾਈਆ। ਦੀਨਾ ਨਾਥਾ ਨਾਥ ਅਨਾਥਾ ਗਲੇ ਲਗਾਈਆ। ਨਾਥ ਅਨਾਥਾ ਸਤਿਗੁਰ ਦੇਵ, ਸਰਬ ਕਲ ਆਪ ਸਮਾਇਆ। ਲੇਖਾ ਜਾਣੇ ਅਲੱਖ ਅਭੇਵ, ਅਗੰਮ ਅਥਾਹ ਬੇਪਰਵਾਹ ਰੂਪ ਰੰਗ ਰੇਖ ਨਾ ਕੋਈ ਜਣਾਇਆ । ਜਨ ਸੰਤਾਂ ਜੁਗਾ ਜੁਗੰਤਰ ਜਾਣੇ ਸਾਚੀ ਸੇਵਾ, ਸੇਵਕ ਆਪਣਾ ਰੂਪ ਪਰਗਟਾਇਆ। ਭੇਵ ਚੁਕਾਏ ਦੇਵੀ ਦੇਵ, ਦੇਵ ਆਤਮਾ ਵਾਸਤਕ ਆਪਣਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚਾ ਆਪ ਜਗਾਇੰਦਾ, ਕਰ ਕਿਰਪਾ ਗੁਣ ਨਿਧਾਨ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਅੰਤਰ ਆਤਮ ਸੱਚੀ ਧੁਨਕਾਨ। ਦੀਵਾ ਬਾਤੀ ਡਗਮਗਾਇੰਦਾ, ਲੇਖਾ ਚੁੱਕੇ ਰਵ ਸਸ ਸੂਰਜ ਚੰਦ ਭਾਨ। ਆਤਮ ਅੰਤਰ ਅੰਮ੍ਰਿਤ ਜਾਮ ਪਿਆਇੰਦਾ, ਅਠਸਠ ਲੇਖਾ ਮੁੱਕੇ ਜਗਤ ਅਸ਼ਨਾਨ। ਕਾਇਆ ਕੰਚਨ ਆਪ ਵਖਾਇੰਦਾ, ਪੰਜ ਤਤ ਮਾਟੀ ਕਰ ਪਰਵਾਨ। ਸੁਰਤੀ ਸ਼ਬਦ ਡੋਰ ਬੰਧਾਇੰਦਾ, ਲਹਿਣਾ ਚੁੱਕੇ ਪੰਜ ਸ਼ੈਤਾਨ। ਏਕਾ ਆਪਣੇ ਰੰਗ ਰੰਗਾਇੰਦਾ, ਰੰਗ ਰੰਗੀਲਾ ਸ੍ਰੀ ਭਗਵਾਨ। ਸਾਚੀ ਸੇਜ ਆਪ ਸੁਹਾਇੰਦਾ, ਆਤਮ ਬ੍ਰਹਮ ਕਰ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹਾਜ਼ਰ ਹਜ਼ੂਰਾ, ਲੇਖਾ ਜਾਣੇ ਨੇੜੇ ਦੂਰਾ, ਦੂਰ ਨੇੜੇ ਨਾ ਕੋਈ ਰਖਾਇੰਦਾ। ਸਤਿਗੁਰ ਪੂਰਾ ਸਚ ਦਵਾਰ, ਏਕਾ ਏਕ ਸੁਹਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਗੁਰਮੁਖ ਸਜਨ ਮੇਲ ਮਿਲਾਇੰਦਾ। ਲੱਖ ਚੁਰਾਸੀ ਕਰ ਖ਼ੁਵਾਰ, ਜੂਨ ਅਜੂਨੀ ਸਰਬ ਭਵਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਇੰਦਾ। ਹੁਕਮ ਹਾਕਮ ਧੁਰ ਫ਼ਰਮਾਣ, ਆਦਿ ਜੁਗਾਦਿ ਸੁਣਾਇੰਦਾ। ਏਕਾ ਅੱਖਰ ਕਰ ਪਰਵਾਨ, ਨਿਸ਼ਅੱਖਰ ਆਪ ਪੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣਹਾਰਾ, ਏਕਾ ਏਕੰਕਾਰਿਆ। ਸਚਖੰਡ ਵਸੇ ਸਚ ਦਵਾਰਾ, ਮਹੱਲ ਅਟੱਲ ਉਚ ਮੁਨਾਰਿਆ। ਦੀਪਕ ਜੋਤੀ ਕਰ ਉਜਿਆਰਾ, ਨਿਰਗੁਣ ਨੂਰੋ ਨੂਰ ਡਗਮਗਾ ਰਿਹਾ। ਪੁਰਖ ਅਬਿਨਾਸ਼ੀ ਹੋ ਤਿਆਰਾ, ਅਜੂਨੀ ਰਹਿਤ ਵੇਸ ਵਟਾ ਰਿਹਾ। ਜੋਤੀ ਜਾਮਾ ਭੇਖ ਨਿਆਰਾ, ਅਨਭਵ ਪਰਕਾਸ਼ ਕਰਾ ਰਿਹਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਬ੍ਰਹਮ ਬ੍ਰਹਿਮਾਦਿ ਆਪ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾ ਰਿਹਾ। ਆਪਣਾ ਨਾਉਂ ਆਪੇ ਰੱਖ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਸਰਗੁਣ ਹੋ ਪਰਤੱਖ, ਲੋਕਮਾਤ ਵੇਖ ਵਖਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਮਾਰਗ ਆਪੇ ਦੱਸ, ਆਪੇ ਵੇਖੇ ਥਾਉਂ ਥਾਈਆ। ਦੋ ਜਹਾਨਾਂ ਲੋਆਂ ਪੁਰੀਆਂ ਨੌਂ ਸਤ ਪੰਧ ਮੁਕਾਏ ਨੱਸ ਨੱਸ, ਰਵ ਸਸ ਮੁਖ ਮੁਖ ਸ਼ਰਮਾਈਆ। ਗੁਰਮੁਖਾਂ ਦਰਸ ਦਿਖਾਏ ਹੱਸ ਹੱਸ, ਹਸਤ ਕੀਟ ਏਕਾ ਰੰਗ ਰੰਗਾਈਆ। ਹਿਰਦੇ ਅੰਦਰ ਵਸ ਵਸ, ਵਸਤ ਅਮੋਲਕ ਏਕਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਆਪੇ ਵੜ, ਸਤਿਗੁਰ ਪੂਰਾ ਸੋਭਾ ਪਾਈਆ । ਸਾਚਾ ਮੰਦਰ ਗੁਰਮੁਖ ਦਵਾਰਾ, ਗੁਰ ਕਰਤਾ ਕੀਮਤ ਆਪੇ ਪਾਇੰਦਾ। ਅੰਦਰ ਮੰਦਰ ਗੁਪਤ ਜ਼ਾਹਰਾ, ਸ਼ਬਦ ਨਾਅਰਾ ਇਕ ਲਗਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਦੀਪਕ ਦੀਆ ਇਕ ਜਗਾਇੰਦਾ। ਸਾਢੇ ਤਿੰਨ ਹੱਥ ਮਹੱਲ ਅਟੱਲ ਉਚ ਮੁਨਾਰਾ, ਘਰ ਘਰ ਵਿਚ ਸੋਭਾ ਪਾਇੰਦਾ। ਦੀਨ ਦਿਆਲ ਦਇਆ ਕਮਾਏ ਇਕ ਵਖਾਏ ਠਾਂਡਾ ਦਰਬਾਰਾ, ਨਿਰਗੁਣ ਤਤ ਨਾ ਕੋਈ ਜਲਾਇੰਦਾ। ਏਕਾ ਗੁਰ ਇਕ ਦਵਾਰਾ, ਏਕਾ ਘਰ ਸਚ ਘਰ ਬਾਰਾ, ਏਕਾ ਕਮਲਾਪਾਤੀ ਮੀਤ ਮੁਰਾਰ ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਨਾਉਂ ਨਿਰੰਕਾਰ, ਆਦਿ ਜੁਗਾਦੀ ਕਰੇ ਖੇਲ ਅਗੰਮ ਅਪਾਰ, ਰੂਪ ਅਨੂਪ ਆਪ ਪਰਗਟਾਇੰਦਾ। ਰੂਪ ਅਨੂਪਾ ਹਰਿ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਇਕ ਅਖਵਾਈਆ। ਕਲਜੁਗ ਅੰਤਮ ਮਾਇਆ ਪਾਏ ਬੇਅੰਤ, ਤ੍ਰੈਗੁਣ ਕੱਪੜ ਹੱਥ ਉਠਾਈਆ। ਭਰਮੇ ਭੁੱਲਾ ਜੀਵ ਜੰਤ, ਸਾਧ ਸੰਤ ਨਾ ਕੋਇ ਚਤਰਾਈਆ। ਨਾਤਾ ਤੁਟਾ ਨਾਰੀ ਕੰਤ, ਸਚ ਸੁਹੰਜਣੀ ਸੇਜ ਨਾ ਕੋਈ ਹੰਢਾਈਆ। ਗੁਰਮੁਖ ਵਿਰਲਾ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਜਿਸ ਜਨ ਸਤਿਗੁਰ ਪੂਰਾ ਆਪ ਚੜ੍ਹਾਈਆ। ਦੂਜੇ ਦਰ ਨਾ ਜਾਏ ਮੰਗਤ, ਜਿਸ ਮਿਲਿਆ ਬੇਪਰਵਾਹੀਆ। ਮਾਨਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਫੰਦ ਕਟਾਈਆ। ਮੇਲ ਮਿਲਾਏ ਸਾਚੀ ਸੰਗਤ, ਹਰਿ ਕੇ ਪੌੜੇ ਆਪ ਚੜਾਈਆ। ਲਹਿਣਾ ਦੇਣਾ ਚੁੱਕੇ ਭੁੱਖ ਨੰਗਤ, ਨਾਮ ਨਿਧਾਨਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦੇਵਣਹਾਰਾ ਵਰ, ਜੁਗ ਜੁਗ ਸਾਚੀ ਸੇਵ ਕਮਾਈਆ। ਜਨ ਭਗਤਾਂ ਸੇਵ ਕਮਾਇੰਦਾ, ਪਾਰਬ੍ਰਹਮ ਹਰਿ ਕਰਤਾਰ। ਜੁਗਾ ਜੁਗੰਤਰ ਵੇਸ ਵਟਾਇੰਦਾ, ਲੋਕਮਾਤ ਲਏ ਅਵਤਾਰ। ਮੂਰਖ ਮੂੜੇ ਝੂਠੇ ਧੰਦੇ ਲਾਇੰਦਾ, ਨਾਤਾ ਜੋੜ ਕਾਮ ਕ੍ਰੋਧ ਲੋਭ ਮੋਹ ਹੰਕਾਰ। ਆਸਾ ਤ੍ਰਿਸਨਾ ਰੰਗ ਚੜ੍ਹਾਇੰਦਾ, ਹਉਮੇਂ ਹੰਗਤਾ ਕਰੇ ਖ਼ਵਾਰ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਡੁੱਬਦੇ ਪਾਥਰ ਜਾਏ ਤਾਰ। ਚਰਨ ਕਵਲ ਕਵਲ ਚਰਨ ਇਕ ਟਿਕਾਇੰਦਾ, ਕਾਇਆ ਮੰਦਰ ਅੰਦਰ ਡੂੰਘੀ ਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰੀ ਹਰਿ ਸੱਚਾ ਕਰਤਾਰ। ਕਰਤਾ ਪੁਰਖ ਹਰਿ ਕਰਨੇਯੋਗ, ਜੁਗ ਜੁਗ ਵੱਡੀ ਵਡਿਆਈਆ। ਆਤਮ ਰਸੀਆ ਭੋਗੇ ਏਕਾ ਭੋਗ, ਜੁਗਾ ਜੁਗੰਤਰ ਖੇਲ ਖਿਲਾਈਆ। ਹਰਿਜਨ ਮੇਲੇ ਧੁਰ ਸੰਜੋਗ, ਜਗਤ ਵਿਜੋਗ ਰਹੇ ਨਾ ਰਾਈਆ। ਸ਼ਬਦ ਜਣਾਏ ਸਚ ਸਲੋਕ, ਸਹਿੰਸਾ ਰੋਗ ਦਏ ਗਵਾਈਆ। ਪਾਰ ਕਰਾਏ ਚੌਦਾਂ ਲੋਕ, ਲੋਕ ਪਰਲੋਕ ਦਏ ਵਡਿਆਈਆ। ਚਰਨ ਦਾਸੀ ਬਣਾਏ ਮੁਕਤ ਮੋਖ, ਪਾਰਬ੍ਰਹਮ ਵੱਡੀ ਵਡਿਆਈਆ। ਨਾਤਾ ਤੋੜੇ ਹਰਖ ਸੋਗ, ਚਿੰਤਾ ਦੁੱਖ ਰਹੇ ਨਾ ਰਾਈਆ। ਜਿਸ ਜਨ ਆਪਣਾ ਦਰਸ ਦਿਖਾਏ ਅਮੋਘ, ਕੋਟਨ ਕੋਟ ਜਨਮ ਦੇ ਪਾਪ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਨਾਉਂ ਧਰਾਈਆ। ਸਤਿਗੁਰ ਪੂਰਾ ਇਕ ਇਕੱਲਾ ਏਕੰਕਾਰਾ, ਜਨ ਭਗਤਾਂ ਉਪਰ ਤੁਠਿਆ। ਦੇਵੇ ਨਾਮ ਸ਼ਬਦ ਭੰਡਾਰਾ, ਗੁਰਮੁਖ ਰਹੇ ਨਾ ਦਰ ਤੇ ਰੁਠਿਆ। ਮੇਲ ਮਿਲਾਏ ਪੀਆ ਪ੍ਰੀਤਮ ਸਾਚੇ ਯਾਰਾ, ਹਰਿ ਕਾ ਨਾਮ ਕਦੇ ਨਾ ਜਾਏ ਲੁੱਟਿਆ। ਕਿਸੇ ਹੱਥ ਨਾ ਆਏ ਠੱਗ ਚੋਰ ਯਾਰਾ, ਕਲਜੁਗ ਜੀਵਾਂ ਭਾਗ ਨਿਖੁਟਿਆ। ਏਕਾ ਭੁੱਲਿਆ ਧੁਰ ਦਰਬਾਰਾ, ਆਹਲਣਿਉਂ ਡਿਗੇ ਥੱਲੇ ਬੋਟਿਆ। ਨਾ ਕੋਈ ਸਕੇ ਫਿਰ ਉਠਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਸ਼ਾਹ ਕੰਗਾਲ। ਸ਼ਾਹ ਕੰਗਾਲਾਂ ਸੁਰਤ ਸੰਭਾਲਦਾ, ਆਦਿ ਜੁਗਾਦਿ ਸਮਾਇਆ। ਲੇਖਾ ਜਾਣੇ ਸਚਖੰਡ ਸੱਚੀ ਧਰਮਸਾਲ ਦਾ, ਧਰਮ ਦਵਾਰੇ ਸੋਭਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਆਪੇ ਪ੍ਰਿਤਪਾਲਦਾ, ਕ੍ਰੋੜ ਤੇਤੀਸਾ ਹੋਏ ਸਹਾਇਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਨਿਰਗੁਣ ਜੋਤ ਖੇਲ ਅਕਾਲ ਦਾ, ਘਟ ਘਟ ਆਪਣਾ ਦੀਪ ਜਗਾਇਆ। ਬਣੇ ਵਾਲੀ ਦੋ ਜਹਾਨ ਦਾ, ਸ਼ਾਹ ਸੁਲਤਾਨ ਸੱਚਾ ਸ਼ਹਿਨਸ਼ਾਹਿਆ। ਖ਼ਜ਼ਾਨਾ ਦਏ ਸੱਚੇ ਧਨ ਮਾਲ ਦਾ, ਅਤੋਟ ਅਤੁਟ ਆਪ ਭਰਾਇਆ। ਜੁਗਾ ਜੁਗੰਤਰ ਗੁਰਮੁਖ ਸਾਚੇ ਆਪੇ ਭਾਲਦਾ, ਦਰ ਦਰਵੇਸ਼ ਦਰ ਦਰ ਫੇਰਾ ਪਾਇਆ। ਨਾਤਾ ਤੋੜ ਕਾਲ ਮਹਾਂਕਾਲ ਦਾ, ਸਗਲਾ ਸੰਗ ਆਪ ਰਖਾਇਆ। ਅੰਮ੍ਰਿਤ ਆਤਮ ਇਕ ਉਛਾਲਦਾ, ਹੰਸ ਕਾਗ ਰੂਪ ਵਟਾਇਆ। ਲੇਖਾ ਜਾਣੇ ਪਤ ਡਾਲ੍ਹ ਦਾ, ਫੁਲ ਫਲਵਾੜੀ ਮਾਤ ਮਹਿਕਾਇਆ। ਕਲਜੁਗ ਵੇਲਾ ਅੰਤਮ ਹੋਇਆ ਬੇਹਾਲ ਦਾ, ਹਾਲ ਮੁਰੀਦਾ ਸੁਣਨ ਕੋਈ ਨਾ ਆਇਆ। ਕਰੇ ਖੇਲ ਅਵੱਲੜੀ ਚਾਲ ਦਾ, ਵੇਦ ਕਤੇਬ ਭੇਵ ਨਾ ਰਾਇਆ। ਗੁਰਸਿਖ ਦਵਾਰੇ ਆਪਣੀ ਘਾਲ ਆਪੇ ਘਾਲਦਾ, ਹਰਿਜਨ ਹਰਿ ਜੂ ਭਗਤੀ ਆਪ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਲਗਾਏ ਆਪਣੇ ਲੜ, ਏਕਾ ਪੱਲੂ ਹੱਥ ਰਖਾਇੰਦਾ। ਸਾਚਾ ਪੱਲੂ ਹਰਿ ਨਿਰੰਕਾਰ, ਸ਼ਬਦ ਡੋਰੀ ਹੱਥ ਰਖਾਈਆ। ਵੇਖੇ ਵਿਗਸੇ ਸਰਬ ਸੰਸਾਰ, ਵੇਖਣਹਾਰਾ ਦਿਸ ਨਾ ਆਈਆ। ਭਗਤ ਭਗਵੰਤ ਸੁਰਤ ਸੰਭਾਲ, ਸੰਤ ਕੰਤ ਮੇਲ ਮਿਲਾਈਆ। ਗੁਰਮੁਖਾਂ ਸੁਣਾਏ ਸਾਚਾ ਤਾਲ, ਨਾਦ ਅਨਾਦੀ ਤਲਵਾੜਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਤਿਗੁਰ ਸੱਚਾ ਏਕ, ਹਰਿ ਸਤਿ ਸਤਿਵਾਦੀ ਖੇਲ ਖਿਲਾਈਆ। ਸਤਿ ਸਤਿਵਾਦੀ ਹਰਿ ਨਿਰੰਕਾਰਾ, ਹਰਿ ਮੰਦਰ ਬੈਠਾ ਸੋਭਾ ਪਾਇੰਦਾ। ਤਖ਼ਤ ਨਿਵਾਸੀ ਬੇਐਬ ਪਰਵਰਦਿਗਾਰਾ, ਨੂਰ ਨਰਾਨਾ ਡਗਮਗਾਇੰਦਾ। ਗਹਿਰ ਗੰਭੀਰ ਗੁਪਤ ਜ਼ਾਹਰਾ, ਰੂਪ ਅਨੂਪ ਸ਼ਾਹੋ ਭੂਪ, ਜੋਤ ਆਪ ਪਰਗਟਾਇੰਦਾ। ਏਕਾ ਏਕ ਲਗਾਏ ਸਾਚਾ ਨਾਅਰਾ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਹੰ ਬ੍ਰਹਮ ਦਏ ਅਧਾਰਾ, ਪਾਰਬ੍ਰਹਮ ਆਪਣੀ ਖੇਲ ਖਿਲਾਇੰਦਾ। ਸੋਹੰ ਸ਼ਬਦ ਸਤਿ ਜੈਕਾਰਾ, ਸਤਿਜੁਗ ਸਾਚੇ ਆਪ ਵਖਾਇੰਦਾ। ਕਲਜੁਗ ਭੁੱਲਾ ਜੀਵ ਗਵਾਰਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਬਨਵਾਰੀ ਕਰੇ ਖੇਲ ਅਗੰਮ ਅਪਾਰੀ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਸਰਬ ਗੁਣ ਦਾਤਾ, ਪੁਰਖ ਬਿਧਾਤਾ ਗੁਰਮੁਖਾਂ ਕਰੇ ਉਤਮ ਜ਼ਾਤਾ, ਵਰਨ ਗੋਤ ਨਾ ਕੋਈ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਕੋਟਨ ਕੋਟ, ਕੋਟਨ ਕੋਟੀ ਆਪਣੀ ਖੇਲ ਖਿਲਾਇੰਦਾ।
