Granth 06 Likhat 139: 2 Maghar 2014 Bikarmi Mohan Singh de Greh Pind Tara Chakk Jila Gurdaspur

੨ ਮੱਘਰ ੨੦੧੪ ਮੋਹਣ ਸਿੰਘ ਦੇ ਗ੍ਰਹਿ ਪਿੰਡ ਤਾਰਾ ਚੱਕ ਜ਼ਿਲਾ ਗੁਰਦਾਸ ਪੁਰ

ਤਨ ਹਰਿ ਰੰਗ ਰੱਤੜਾ, ਦਿਵਸ ਰੈਣ ਪਰਭਾਤ। ਆਪੇ ਦੇ ਸਮਝਾਵੇ ਮਤੜਾ, ਸ਼ਬਦ ਜਣਾਏ ਬੋਧ ਅਗਾਧ। ਧਾਮ ਅਵੱਲਾ ਇਕ ਵਖੰਦੜਾ, ਧੁਨ ਉਪਜਾਏ ਸਾਚਾ ਨਾਦ। ਜੋਤ ਜਗਾਏ ਹਰਿ ਅਗੰਮੜਾ, ਵੇਖ ਵਖਾਏ ਬ੍ਰਹਮ ਬ੍ਰਹਿਮਾਦ। ਸੰਤ ਦਵਾਰਾ ਆਪੇ ਮਲੜਾ, ਖੇਲੇ ਖੇਲ ਆਦਿ ਜੁਗਾਦਿ। ਅਬਿਨਾਸ਼ੀ ਕਰਤਾ ਇਕ ਇਕੱਲੜਾ, ਸੁਣੇ ਸੁਣਾਏ ਸਦ ਫਰਿਆਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਮੇਲਾ ਸਚ ਦਰ, ਦਰ ਦਰਵੇਸ਼ ਆਪੇ ਖਲੜਾ, ਦੇਵੇ ਦਰਸ ਸਤਿ ਸਤਿਵਾਦ। ਦਰ ਦਰਵੇਸ਼ ਹਰਿ ਨਿਰੰਕਾਰ, ਸੰਤਨ ਦਰ ਸੁਹਾਈਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਦੇਵੇ ਨਾਮ ਆਤਮ ਅੰਤਰ ਕਰ ਪਿਆਰ, ਨਿਰਗੁਣ ਮੇਲ ਮਿਲਾਈਆ। ਸਰਗੁਣ ਮੇਲਾ ਵਿਚ ਸੰਸਾਰ, ਆਪੇ ਖੋਲ੍ਹੇ ਬੰਦ ਕਿਵਾੜ, ਅੰਦਰ ਮੰਦਰ ਕੁੰਡਾ ਲਾਹੀਆ। ਮੇਟ ਮਿਟਾਏ ਪੰਚਮ ਧਾੜ, ਤਨ ਰਹਿਣ ਨਾ ਪਾਈਆ। ਸਾਚੇ ਪੌੜੇ ਦੇਵੇ ਚਾੜ੍ਹ, ਏਕਾ ਡੰਡਾ ਨਾਮ ਫੜਾਈਆ। ਆਪੇ ਹੋਏ ਪਿੱਛੇ ਅਗਾੜ, ਬ੍ਰਹਿਮੰਡਾਂ ਵੇਖ ਵਖਾਈਆ। ਮੇਲ ਮਿਲਾਏ ਪੁਰਖਾ ਨਾਰ, ਨਾਰੀ ਪੁਰਖ ਰੂਪ ਸਮਾਈਆ। ਅੱਠੇ ਪਹਿਰ ਨੇਤਰ ਨੈਣ ਰਿਹਾ ਉਘਾੜ, ਹਰਿ ਸੰਤਨ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਫੇਰਾ ਪਾਈਆ। ਗੁਰਮੁਖ ਸਾਚੇ ਸੰਤ ਦੁਲਾਰ, ਹਰਿਜਨ ਮੇਲ ਮਿਲਾਇੰਦਾ। ਸਾਚਾ ਮੇਲਾ ਕੰਤ ਭਤਾਰ, ਨਾਰੀ ਕੰਤਾ ਰੂਪ ਵਟਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ ਜੀਵਾਂ ਜੰਤਾਂ ਹਉਮੇ ਹੰਗਤਾ ਲਾਇਆ ਬੰਦ ਕਿਵਾੜ, ਨਾ ਕੋਈ ਖੋਲ੍ਹ ਖੁਲ੍ਹਾਇੰਦਾ। ਅਗੰਮ ਅਗੰਮੜੀ ਧਾਰ ਸੰਤ ਸੁਹੇਲੇ ਆਪ ਬਣਾਏ ਜੋਤ ਜਗਾਏ ਨਾੜ ਨਾੜ, ਬਹੱਤਰ ਨਾੜ ਤਾਲ ਵਜਾਇੰਦਾ। ਤ੍ਰੈਗੁਣ ਮਾਇਆ ਅਗਨੀ ਦੇਵੇ ਸਾੜ, ਪੰਜ ਤਤ ਆਕਾਸ਼ ਪਰਕਾਸ਼ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਵਸੇ ਸਾਚੇ ਘਰ, ਦਾਸੀ ਦਾਸ ਆਪ ਹੋ ਜਾਇੰਦਾ। ਦਰਸੀ ਦਰਸ ਹਰਿ ਨਰ ਨਰਾਇਣ, ਨਿਰਗੁਣ ਰੂਪ ਸਮਾਈਆ। ਸੰਤ ਸੁਹੇਲਾ ਵੇਖੇ ਤੀਜੇ ਨੈਣ, ਦੋਏ ਲੋਚਨ ਬੰਦ ਕਰਾਈਆ। ਏਕਾ ਸੇਜਾ ਸੁੱਤੇ ਇਕੱਠੇ ਰਹਿਣ, ਨਾ ਕੋਈ ਵੇਖ ਵਖਾਈਆ। ਨਾਤਾ ਤੁੱਟੇ ਮਾਤ ਪਿਤ ਭਾਈ ਭੈਣ, ਸਾਕ ਸੈਣ ਨਾ ਕੋਈ ਬਣਾਈਆ। ਮਾਇਆ ਮਮਤਾ ਨਾ ਵਹਾਏ ਡੂੰਘੇ ਵਹਿਣ, ਕਾਮ ਕਰੋਧ ਨੇੜ ਨਾ ਆਈਆ। ਦਾਤਾ ਦਾਨੀ ਮਿਲੇ ਸਾਕ ਸੱਜਣ ਸੈਣ, ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਚ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਗਰੀਬ ਨਿਵਾਜਾ, ਏਕਾ ਏਕ ਰਖਾਇਆ। ਆਪੇ ਖੋਲ੍ਹੇ ਬੰਦ ਦਰਵਾਜ਼ਾ, ਆਪੇ ਬੰਦ ਕਰਾਇਆ। ਆਪੇ ਮਾਰਨਹਾਰਾ ਆਵਾਜਾ, ਆਪੇ ਬੈਠਾ ਮੁਖ ਛੁਪਾਇਆ। ਆਪੇ ਰੱਖੇ ਅਸਤਰ ਸ਼ਸਤਰ ਆਪੇ ਕਰੇ ਕਰਾਏ ਮੱਕਾ ਕਾਅਬਾ, ਸਾਚਾ ਹਾਜੀ ਹਾਜਾ ਹੱਕ ਨਵਾਬ ਆਪ ਹੋ ਆਇਆ। ਆਪੇ ਜਾਣੇ ਪੁੰਨ ਸਵਾਬਾ, ਸਵਾਬ ਪੁੰਨ ਨਾ ਕੋਈ ਰਖਾਇਆ। ਜਨ ਭਗਤਾਂ ਅੰਦਰ ਮੰਦਰ ਆਪ ਵਜਾਏ ਅਨਹਦ ਵਾਜਾ, ਆਪਣਾ ਤਾਲ ਸੁਹਾਇਆ। ਦਸਮ ਦਵਾਰੀ ਰਚਿਆ ਕਾਜਾ, ਅੰਮ੍ਰਿਤ ਆਤਮ ਤਾਲ ਸੁਹਾਇਆ। ਧੁਰ ਦਰਗਾਹੀ ਆਇਆ ਭਾਜਾ, ਜਨ ਭਗਤਾਂ ਮੇਲ ਮਿਲਾਇਆ। ਆਪੇ ਰਚਣਹਾਰ ਕਾਜਾ, ਸੁਰਤ ਸਵਾਣੀ ਲਏ ਪਰਨਾਇਆ। ਜਿਸ ਜਨ ਦੇਵੇ ਸੋਹੰ ਸੋ ਸੱਚਾ ਦਾਜਾ, ਨਾਰ ਦੁਹਾਗਣ ਨਾ ਕੋਈ ਅਖਵਾਇਆ। ਕਲਜੁਗ ਅੰਤਮ ਪਰਗਟ ਜੋਤ ਦੇਸ ਮਾਝਾ, ਗੋਬਿੰਦ ਤੇਰੀ ਰੱਖੇ ਲਾਜਾ, ਲਾਜਾਵੰਤ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਚ ਘਰ, ਘਰ ਸਾਚਾ ਬੰਕ ਸੁਹਾਇਆ। ਬੰਕ ਦਵਾਰ ਸਚ ਘਰ, ਹਰਿ ਸਾਚੇ ਜੋਤ ਜਗਾਈਆ। ਗੁਰਮੁਖ ਸਾਜਣ ਦੇਵੇ ਵਰ, ਆਪ ਆਪਣੀ ਬਣਤ ਬਣਾਈਆ। ਏਕਾ ਰੰਗ ਰੰਗਾਏ ਨਾਰੀ ਨਰ, ਨਰ ਨਰਾਇਣ ਵੇਖ ਵਖਾਈਆ। ਹਰਿਜਨ ਸਾਚਾ ਸਾਚੀ ਤਰਨੀ ਰਿਹਾ ਤਰ, ਸਰ ਸਰੋਵਰ ਇਕ ਨੁਹਾਈਆ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਫੰਦ ਕਟਾਈਆ। ਰਾਏ ਧਰਮ ਦਾ ਚੁੱਕੇ ਡਰ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਆਏ ਕਰ ਹਾਰ ਸ਼ਿੰਗਾਰ, ਵੇਸ ਅਵੇਸ ਨਾ ਕੋਈ ਵਟਾਈਆ। ਕਾਲ ਮਹਾਂਕਾਲ ਗੁਰਮੁਖ ਤੇਰੇ ਰੋਵਣ ਦਰ, ਦੂਰ ਦੁਰਾਡੇ ਬੈਠੇ ਰਾਹ ਤਕਾਈਆ। ਪਾਰਬ੍ਰਹਮ ਪ੍ਰਭ ਮਿਲਿਆ ਸਾਚਾ ਵਰ, ਕੰਤ ਕੰਤੂਹਲ ਇਕ ਸੁਹਾਈਆ। ਇਕ ਵਖਾਏ ਥਿਰ ਘਰ, ਏਕਾ ਦੂਜਾ ਭੌ ਚੁਕਾਈਆ। ਤਿੰਨਾਂ ਲੋਕਾਂ ਚੁੱਕੇ ਡਰ, ਘਰ ਚੌਥੇ ਆਪ ਬਹਾਈਆ। ਪੰਚਮ ਮੇਲਾ ਹਰੀ ਹਰਿ, ਹਰਿਜਨ ਸਾਚੇ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਸਚੇ ਘਰ, ਘਰ ਸੁਹੰਜਣਾ ਇਕ ਸੁਹਾਈਆ। ਘਰ ਸੁਹੰਜਣਾ ਹਰਿ ਕਰਤਾਰ, ਏਕਾ ਏਕ ਰਖਾਇਆ। ਜੋਤ ਜਗਾਏ ਆਦਿ ਨਿਰੰਜਣ ਅਪਰ ਅਪਾਰ, ਅੰਧ ਅੰਧੇਰ ਮਿਟਾਇਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਇਆ। ਗੁਰ ਦਰ ਮੰਦਰ ਮਸਜਿਦ ਨਾ ਦਿਸੇ ਹੱਟ ਪਸਾਰ, ਲੋਆਂ ਪੁਰੀਆਂ ਨਾ ਵੇਖ ਵਖਾਇਆ। ਗੁਰ ਪੀਰ ਸਾਧ ਸੰਤ ਨਾ ਪਾਵੇ ਸਾਰ, ਨਾਮ ਨਿਧਾਨਾ ਨਾ ਕੋਈ ਝੋਲੀ ਪਾਇਆ। ਨਾ ਕੋਈ ਵੇਖੇ ਕਿਸੇ ਕਰੇ ਵਿਚਾਰ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਰਖਾਇਆ। ਕਰੋੜ ਤੇਤੀਸਾ ਨਾ ਕਰੇ ਪੁਕਾਰ, ਸੁਰਪਤ ਰਾਜਾ ਇੰਦ ਨਾ ਨਾਲ ਰਲਾਇਆ। ਲੱਖ ਚੁਰਾਸੀ ਨਾ ਹੋਈ ਤਿਆਰ, ਪੰਜ ਤਤ ਨਾ ਕੋਈ ਪਸਾਰ, ਪੰਚਮ ਮੇਲ ਨਾ ਕੋਈ ਮਿਲਾਇਆ। ਪੁਰਖ ਅਗੰਮਾ ਆਪੇ ਜਾਣੇ ਅਗੰਮੜੀ ਕਾਰ, ਆਪ ਆਪਣੇ ਘਰ ਸੁਹਾਇਆ। ਹੱਡ ਮਾਸ ਨਾੜੀ ਚੰਮੜਾ ਨਾ ਕੋਈ ਆਕਾਰ, ਲੋਚਨ ਨੈਣ ਨਾ ਕੋਈ ਰਖਾਇਆ। ਆਪ ਆਪਣੀ ਜਾਣੇ ਧਾਰ, ਆਪ ਆਪਣੇ ਵਿਚ ਸਮਾਇਆ। ਆਪ ਆਪਣੀ ਕਰ ਵਿਚਾਰ, ਆਪ ਆਪਣਾ ਨਾਉਂ ਧਰਾਇਆ। ਸੋ ਪੁਰਖ ਨਿਰੰਜਣ ਖੇਲੇ ਖੇਲ ਅਪਾਰ, ਖੇਲਣਹਾਰ ਆਪ ਅਖਵਾਇਆ। ਨਿਹਕਲੰਕ ਨਰਾਇਣ ਨਰ ਨਾਉਂ ਇਕ ਉਚਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਬੰਨ੍ਹੇ ਮਾਤ ਧਾਰ, ਜੁਗ ਜੁਗ ਆਵੇ ਜਾਵੇ ਖੇਲੇ ਖੇਲ ਭਗਵਨ ਭਗਵੰਤ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਸ਼ਿਵ ਦੇਵਤ ਸੁਰ ਸੇਵਕ ਸੇਵਾ ਕਰ ਪਰਵਾਨ, ਪ੍ਰਭ ਸਾਚੀ ਦਇਆ ਕਮਾਇਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਈਸਾ ਮੂਸਾ ਖ਼ਾਕ ਰਲਾਇੰਦਾ। ਸੰਗ ਮੁਹੰਮਦ ਚਾਰ ਯਾਰ ਹੋਏ ਹੈਰਾਨ, ਨਾ ਕੋਈ ਸੰਗ ਨਿਭਾਇੰਦਾ। ਨਾਨਕ ਗੋਬਿੰਦ ਲਿਖਿਆ ਲੇਖ ਅਪਾਰ, ਪ੍ਰਭ ਲੇਖਾ ਪੂਰ ਕਰਾਇੰਦਾ। ਪਰਗਟ ਹੋ ਵਿਚ ਸੰਸਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾਇੰਦਾ। ਸਾਚੇ ਘਰ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਸਾਧਾਂ ਸੰਤਾਂ ਰਿਹਾ ਉਠਾ, ਆਤਮ ਤਾਰ ਸਿਤਾਰ ਹਿਲਾਈਆ। ਭੇਖ ਪਖੰਡਾ ਦਏ ਮਿਟਾ, ਗ੍ਰੰਥ ਪੰਥ ਨਾ ਕੋਇ ਪੜ੍ਹਾਈਆ। ਵੇਦ ਪੁਰਾਨਾਂ ਅੰਤ ਕਰਾ, ਪੰਡਤ ਪਾਂਧੇ ਰਿਹਾ ਸਮਝਾਈਆ। ਅੰਜੀਲ ਕੁਰਾਨਾ ਰਹਿਣਾ ਨਾ, ਮੁੱਲਾ ਸ਼ੇਖਾਂ ਰਿਹਾ ਸੁਣਾਈਆ। ਅਹਿਨਲ ਹੱਕ ਨਾ ਕੋਈ ਦੇਵੇ ਨਾਅਰਾ ਲਾ, ਹੱਕ ਹਕੀਕਤ ਵੇਖ ਵਖਾਈਆ। ਲਾਸ਼ਰੀਕ ਇਕ ਖ਼ੁਦਾ, ਵਾਹਿਦ ਹਰਿ ਰਘੁਰਾਈਆ। ਪੰਡਤ ਪਾਂਧੇ ਕਰੇ ਜੁਦਾ, ਨਾ ਕੋਈ ਸੰਗ ਨਿਭਾਈਆ। ਸਾਧ ਸੰਤ ਨਾ ਸਕੇ ਭੇਵ ਗਣਾ, ਘਰ ਘਰ ਬੈਠੇ ਧੂਣੀਆਂ ਤਾਈਆ। ਕਿਸੇ ਨਾ ਦੱਸਣਾ ਸਾਚਾ ਰਾਹ, ਕਲਜੁਗ ਰੈਣ ਅੰਧੇਰੀ ਛਾਈਆ। ਬਿਨ ਹਰਿ ਸ਼ਬਦ ਨਾ ਹੋਏ ਕੋਈ ਸਹਾ, ਨਾ ਕੋਈ ਸਕੇ ਬਚਾਈਆ। ਸਤਿਜੁਗ ਸਾਚਾ ਆਪ ਲਗਾ, ਨਿਹਕਲੰਕ ਕਰੇ ਰੁਸ਼ਨਾਈਆ। ਰਾਜ ਰਾਜਾਨਾ ਦਏ ਮਿਟਾ, ਕੋਈ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਲਿਆਏ ਇਕ ਸਰਨਾ, ਦੂਸਰ ਕੋਈ ਰਹਿਣ ਨਾ ਪਾਈਆ। ਏਕਾ ਅੱਖਰ ਦਏ ਪੜ੍ਹਾ, ਜਗਤ ਵਿਦਿਆ ਰਹਿਣ ਨਾ ਪਾਈਆ। ਆਪ ਨਿਭਾਏ ਸਗਲਾ ਸਾਥ, ਸੰਗੀ ਸਾਥ ਆਪ ਹੋ ਜਾਈਆ। ਪਰਗਟ ਹੋਏ ਜਿਉਂ ਰਾਮਾ ਰਾਮ ਘਰ ਦਸਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਈਆ। ਗੁਰਮੁਖ ਮੰਗ ਅਪਾਰ, ਪ੍ਰਭ ਸਾਚੇ ਚਰਨ ਦਵਾਰਿਆ। ਦੇਵੇ ਨਾਮ ਅਧਾਰ, ਅੱਠੇ ਪਹਿਰ ਖ਼ੁਮਾਰਿਆ। ਸੋਹੰ ਸ਼ਬਦ ਜੈ ਜੈ ਜੈਕਾਰ, ਅਨਹਦ ਸੇਵਾ ਸਾਚੀ ਲਾ ਰਿਹਾ। ਆਪ ਸੁਣਾਏ ਆਪਣੀ ਧੁਨ ਸੱਚੀ ਧੁਨਕਾਰ, ਸੁਨ ਮੁਨ ਤੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਗੁਣ ਅਵਗੁਣ ਨਾ ਵੇਖ ਵਖਾ ਰਿਹਾ। ਮੰਗੇ ਮੰਗ ਬਣ ਭਿਖਾਰ, ਹਰਿ ਨਾਮੇ ਚਿਤ ਲਾਇਆ। ਦੇਵਣਹਾਰਾ ਹਰਿ ਦਾਤਾਰ, ਜੁਗ ਜੁਗ ਦੇਂਦਾ ਆਇਆ। ਕਲਜੁਗ ਤੇਰੀ ਅੰਤਮ ਵਾਰ, ਲਹਿਣਾ ਦੇਣਾ ਰਿਹਾ ਚੁਕਾਇਆ। ਸ਼ਬਦ ਗਹਿਣਾ ਕਰੇ ਤਨ ਸ਼ਿੰਗਾਰ, ਸਾਚਾ ਬਸਤਰ ਇਕ ਬਣਾਇਆ। ਨੇਤਰ ਨੈਣਾਂ ਦਰਸ ਅਪਾਰ, ਧੁਰ ਸੰਜੋਗੀ ਮੇਲ ਮਿਲਾਇਆ। ਦੋ ਜਹਾਨਾ ਉਤਰੇ ਪਾਰ, ਪ੍ਰਭ ਬੇੜਾ ਬੰਨੇ ਲਾਇਆ। ਆਪੇ ਖੜ੍ਹਾ ਅੱਧਵਿਚਕਾਰ, ਦਸਮ ਦਵਾਰੀ ਡੇਰਾ ਲਾਇਆ। ਇਕ ਇਕੱਲਾ ਏਕੰਕਾਰ, ਨਿਰਗੁਣ ਖੇਲ ਖਿਲਾਇਆ। ਗੁਰਮੁਖ ਸਾਚੇ ਕਰ ਪਿਆਰ, ਗੁਰ ਸ਼ਬਦੀ ਸ਼ਬਦ ਜਣਾਇਆ। ਸ਼ਬਦ ਗੁਰ ਅਪਰ ਅਪਾਰ, ਦੀਪਕ ਜੋਤੀ ਦਏ ਜਗਾਇਆ। ਦੀਪਕ ਜੋਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇਆ। ਏਕਾ ਏਕ ਸਚ ਦਵਾਰ, ਗੁਰ ਚਰਨੀ ਚਿਤ ਲਾਇਆ। ਚਰਨ ਕਵਲ ਸੋਹੇ ਬੰਕ ਦਵਾਰ, ਮਰੇ ਨਾ ਜਨਮੇ ਵਾਰ ਵਾਰ, ਆਵਣ ਜਾਵਣ ਫੰਦ ਕਟਾਇਆ। ਜੋ ਜਨ ਮੰਗੇ ਦਰਸ ਅਪਾਰ, ਹਰਿ ਦਰਸੀ ਦਰਸ ਦਿਖਾਇਆ। ਗੁਰਮੁਖ ਸਾਚੇ ਰਸਨ ਸਵਾਸ, ਏਕਾ ਸ਼ਬਦ ਜਣਾਇਆ। ਪੁਰਖ ਅਗੰਮਾ ਵਸੇ ਪਾਸ, ਅੰਦਰ ਮੰਦਰ ਡੇਰਾ ਲਾਇਆ। ਆਦਿ ਅੰਤ ਨਾ ਹੋਏ ਵਿਨਾਸ, ਜੁਗ ਜੁਗ ਖੇਲੇ ਖੇਲ ਖੇਲਣਹਾਰ ਆਪ ਅਖਵਾਇਆ। ਸਗਲਾ ਸੁਹੇਲਾ ਦੇਵੇ ਸਾਥ, ਸੰਗੀ ਸਾਥੀ ਆਪ ਹੋ ਜਾਇਆ। ਜਿਉਂ ਅਰਜਨ ਮੇਲਾ ਤ੍ਰੈਲੋਕੀ ਨਾਥ, ਕਾਹਨਾ ਕ੍ਰਿਸ਼ਨਾ ਰੂਪ ਦਰਸਾਇਆ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਏਕਾ ਓਟ ਤਕਾਇਆ। ਨਾਮ ਜਣਾਈ ਅਕਥਨਾ ਅਕੱਥ, ਅਕੱਥ ਕਥਾ ਇਕ ਸੁਣਾਇਆ। ਸਰਬ ਕਲਾ ਹਰਿ ਆਪ ਸਮਰਥ, ਦੇਵੇ ਗੁਰਮੁਖ ਮਾਤ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਵਾਸੇ ਲੇਖੇ ਲਏ ਲਾਇਆ। ਰਸਨਾ ਜਿਹਵਾ ਸ਼ਬਦ ਸਵਾਸ, ਪਵਣੀ ਪਵਣ ਮਿਲਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਵੇਖਣਹਾਰ ਦਿਸ ਨਾ ਆਇਆ। ਗੁਰਮੁਖ ਕਾਇਆ ਮੰਡਲ ਤੇਰੀ ਪਾਏ ਰਾਸ, ਗੋਪੀ ਕਾਹਨਾ ਆਪ ਹੋ ਆਇਆ। ਨਿਜ ਘਰ ਆਤਮ ਰੱਖੇ ਵਾਸ, ਨਿਜਾਨੰਦ ਸਮਾਇਆ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸ਼, ਸਹਿੰਸਾ ਰੋਗ ਰਹੇ ਨਾ ਰਾਇਆ। ਬਿਰਥਾ ਜਾਏ ਨਾ ਇਕ ਸਵਾਸ, ਲੇਖੇ ਲਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਜਗਤ ਵਰ, ਜੁਗ ਜੁਗ ਦੇਂਦਾ ਆਇਆ। ਜੋਗ ਜੁਗਤ ਜਗ ਹੱਥ, ਜਨ ਭਗਤ ਵਡਿਆਈਆ। ਭਗਤ ਸੁਹੇਲੇ ਲਏ ਰੱਖ, ਸਿਰ ਹੱਥ ਸਮਰਥ ਰਖਾਈਆ। ਧੁਰ ਦਰਗਾਹੀ ਦੇਵੇ ਨਾਮ ਵੱਥ, ਅਮੋਲ ਅਮੁਲ ਵਖਾਈਆ। ਪੰਚ ਵਿਕਾਰਾ ਪਾਏ ਨੱਥ, ਸ਼ਬਦੀ ਸ਼ਬਦ ਬੰਧਾਈਆ। ਕਾਇਆ ਬੁਰਜ ਸ੍ਰਿਸ਼ਟ ਸਬਾਈ ਰਿਹਾ ਢੱਠ, ਥਿਰ ਕੋਈ ਰਹਿਣ ਨਾ ਪਾਈਆ। ਗੁਰ ਸ਼ਬਦ ਦਵਾਰੇ ਇਕ ਇਕੱਠ, ਗੁਰਮੁਖਾਂ ਮੇਲ ਮਿਲਾਈਆ। ਲੇਖਾ ਚੁੱਕੇ ਤੀਰਥ ਅੱਠ ਸੱਠ, ਚਰਨ ਧੂੜ ਜੋ ਜਨ ਗੁਰ ਪੂਰੇ ਦਰ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਰਥ, ਜੁਗ ਜੁਗ ਆਪ ਆਪਣਾ ਮੇਲ ਮਿਲਾਈਆ। ਭਗਤ ਵਛਲ ਗਿਰਧਾਰ, ਨਰ ਨਰਾਇਣ ਅਖਵਾਇਆ। ਅਛਲ ਅਛੱਲ ਵਿਚ ਸੰਸਾਰ, ਜੁਗ ਜੁਗ ਕਰਦਾ ਆਇਆ। ਨਾਮ ਅਟੱਲ ਅਪਰ ਅਪਾਰ, ਆਪ ਆਪਣਾ ਰਿਹਾ ਚਲਾਇਆ। ਜਲ ਥਲ ਡੂੰਘੀ ਕੰਦਰ ਪਾਵੇ ਸਾਰ, ਉਚੇ ਟਿੱਲੇ ਪਰਬਤ ਫੋਲ ਫੁਲਾਇਆ। ਬ੍ਰਹਿਮੰਡ ਖੰਡ ਵੇਖਣਹਾਰ, ਜੇਰਜ ਅੰਡ ਭੇਵ ਨਾ ਰਾਇਆ। ਵੰਡੇ ਵੰਡ ਨਰ ਨਿਰੰਕਾਰ, ਨੌਂ ਖੰਡ ਵੇਖ ਵਖਾਇਆ। ਦੀਪਾਂ ਲੋਆਂ ਇਕ ਅਕਾਲ, ਕਰਤਾ ਪੁਰਖ ਆਪ ਅਖਵਾਇਆ। ਸਰ ਸਰੋਵਰ ਦਏ ਉਛਾਲ, ਅੰਮ੍ਰਿਤ ਤਾਲ ਇਕ ਸੁਹਾਇਆ। ਹਰਿਜਨ ਉਪਾਏ ਸਾਚੇ ਲਾਲ, ਆਪ ਆਪਣੀ ਗੋਦ ਉਠਾਇਆ। ਦਿਵਸ ਰੈਣ ਕਰੇ ਸੰਭਾਲ, ਸੇਵਕ ਸੇਵਾ ਸਚ ਕਮਾਇਆ। ਕਾਇਆ ਮੰਦਰ ਵਖਾਏ ਸਚ ਸੱਚੀ ਧਰਮਸਾਲ, ਸਾਚਾ ਮੰਦਰ ਇਕ ਸੁਹਾਇਆ। ਜੋਤੀ ਨੂਰ ਪੁਰਖ ਅਕਾਲ, ਆਪ ਆਪਣਾ ਰਿਹਾ ਕਰਾਇਆ। ਦੀਪਕ ਮਸਤਕ ਸਾਚੇ ਥਾਲ, ਗਗਨ ਗਗਨੰਤਰ ਵੇਖ ਵਖਾਇਆ। ਰਵ ਸਸ ਕਰਨ ਭਾਲ, ਮੰਡਲ ਮੰਡਪ ਵੇਖ ਵਖਾਇਆ। ਧੁਨ ਅਨਾਦੀ ਵਜਾਏ ਸਾਚਾ ਤਾਲ, ਅਨਹਦ ਏਕਾ ਰਾਗ ਅਲਾਇਆ। ਭਾਗ ਲਗਾਏ ਕਾਇਆ ਮਾਟੀ ਸਾਚੀ ਖਾਲ, ਜਿਸ ਜਨ ਆਪਣੀ ਦਇਆ ਕਮਾਇਆ। ਚਲੇ ਚਲਾਏ ਜੁਗ ਜੁਗ ਅਵਲੱੜੀ ਚਾਲ, ਭੇਵ ਕੋਈ ਨਾ ਪਾਇਆ। ਲੱਖ ਚੁਰਾਸੀ ਹਾਲ ਬੇਹਾਲ, ਚਾਰੋਂ ਕੁੰਟ ਰਹੀ ਕੁਰਲਾਇਆ। ਰਾਏ ਧਰਮ ਦਵਾਰੇ ਹੋਈ ਦਾਸੀ ਖਾਏ ਕਾਲ ਮਹਾਂਕਾਲ, ਕਲਜੁਗ ਚੋਟ ਨਗਾਰੇ ਲਾਇਆ। ਸੰਤ ਸੁਹੇਲੇ ਗੁਰਮੁਖ ਸਾਚੇ ਸੱਜਣ ਪੁਰਖ ਅਬਿਨਾਸ਼ੀ ਆਪ ਆਪਣੇ ਭਾਲ, ਜੋਤੀ ਸ਼ਬਦੀ ਮੇਲ ਮਿਲਾਇਆ। ਸੋਹੰ ਸ਼ਬਦ ਇਕ ਦਲਾਲ, ਸੋ ਪੁਰਖ ਨਿਰੰਜਣ ਮਾਤ ਧਰਾਇਆ। ਏਕਾ ਚਾੜ੍ਹੇ ਕਾਇਆ ਚੋਲੀ ਰੰਗ ਗੁਲਾਲ, ਕੰਚਨ ਗੜ੍ਹ ਸੁਹਾਇਆ। ਸੂਹਾ ਵੇਸ ਸੁਰਤ ਸੰਭਾਲ, ਚਿੱਟੀ ਧਾਰੀ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਮੇਲ ਮਿਲਾਇਆ। ਗੁਰਮੁਖ ਸਾਜਣ ਸਾਚਾ ਮੀਤ, ਹਰਿ ਸ਼ਬਦ ਕਰੀ ਕੁੜਮਾਈਆ। ਨਾ ਕੋਈ ਗੁਰੂਦਵਾਰਾ ਮੰਦਰ ਮਸੀਤ, ਕਾਇਆ ਕੱਪੜ ਇਕ ਸੁਹਾਈਆ। ਜਗਤ ਅਵਲੱੜੀ ਚਲੇ ਰੀਤ, ਚਾਲ ਨਿਰਾਲੀ ਰਿਹਾ ਚਲਾਈਆ। ਥਿਰ ਘਰ ਬੈਠ ਹਰਿ ਅਤੀਤ, ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਮਾ ਵੇਤਾ ਗਾਏ ਏਕਾ ਗੀਤ, ਚਾਰੇ ਵੇਦਾਂ ਲੇਖ ਲਿਖਾਈਆ। ਵੇਦ ਵਿਆਸਾ ਕਾਇਆ ਸੀਤ, ਵੇਦ ਵਿਆਸਾ ਇਕ ਪੜ੍ਹਾਈਆ। ਰਾਮ ਰਾਮਾ ਵਸਿਆ ਚੀਤ, ਲੰਕਾ ਗੜ੍ਹ ਦਹਿਸਰ ਤੁੜਾਈਆ। ਕਾਹਨਾ ਕ੍ਰਿਸ਼ਨਾ ਪਰਖੇ ਨੀਤ, ਦੁਸ਼ਟ ਹੰਕਾਰੀ ਰਹਿਣ ਨਾ ਪਾਈਆ। ਕਲਜੁਗ ਵੇਖੇ ਹਸਤ ਕੀਟ, ਊਚਾਂ ਨੀਚਾਂ ਮਾਤ ਲੜਾਈਆ। ਪੁਰਖ ਅਬਿਨਾਸ਼ੀ ਖੇਲ ਅਨਡੀਠ, ਨੇਤਰ ਨੈਣ ਨਾ ਕੋਈ ਦਰਸਾਈਆ। ਮਨਮੁਖ ਜੀਵ ਹੋਏ ਕੌੜੇ ਰੀਠ, ਅੰਮ੍ਰਿਤ ਫਲ ਨਾ ਕੋਈ ਖਵਾਈਆ। ਗੁਰ ਸਤਿਗੁਰ ਪੂਰਾ ਸੁੱਤਾ ਦੇ ਕਰ ਪੀਠ, ਦਿਵਸ ਰੈਣ ਨਾ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਸਾਚਾ ਮੇਲਾ ਸਚ ਸੁਲਤਾਨ, ਕਾਇਆ ਚੋਲੀ ਰੰਗ ਚਲੂਲਿਆ। ਮਿਲੇ ਮੇਲ ਸ੍ਰੀ ਭਗਵਾਨ, ਖੇਲੇ ਖੇਲ ਕੰਤ ਕੰਤੂਹਲਿਆ। ਆਤਮ ਜੋਤੀ ਦੇਵੇ ਬ੍ਰਹਮ ਗਿਆਨ, ਆਪ ਚੁਕਾਏ ਲਹਿਣਾ ਦੇਣਾ ਪਿਛਲਾ ਮੂਲਿਆ। ਨਾਮ ਭਗਤੀ ਸਾਚਾ ਦਾਨ, ਲੋਕਮਾਤ ਫਲ ਫੁਲਵਾੜੀ ਏਕਾ ਫੁਲ ਅੰਤਮ ਫੂਲਿਆ। ਚਰਨ ਧੂੜ ਸੱਚਾ ਇਸ਼ਨਾਨ, ਦੁਰਮਤ ਮੈਲ ਗਵਾਏ ਦੂਲੋ ਦੂਲਿਆ। ਅੰਮ੍ਰਿਤ ਆਤਮ ਪੀਣ ਖਾਣ, ਉਲਟਾ ਕਰੇ ਨਾਭ ਕੌਲਿਆ। ਏਕਾ ਮੰਦਰ ਏਕਾ ਅੰਦਰ ਏਕਾ ਰਾਗ ਅਨਾਦੀ ਗਾਣ, ਪੰਚਮ ਮੇਲਾ ਸਖਾ ਸੁਹੇਲਿਆ। ਲੱਖ ਚੁਰਾਸੀ ਪੁਣ ਛਾਣ, ਸ਼ਬਦ ਸਰੂਪੀ ਬੈਠ ਬਿਬਾਨ, ਲੋਆਂ ਪੁਰੀਆਂ ਮਾਰ ਧਿਆਨ, ਹਰਿਜਨ ਸਾਚਾ ਇਕ ਵਰੋਲਿਆ। ਦਾਤਾ ਦਾਨੀ ਹਰਿ ਦਇਆਵਾਨ, ਦਇਆ ਨਿਧ ਵਿਚ ਜਹਾਨ, ਗੁਰਮੁਖ ਤੋਲੇ ਸਾਚਾ ਤੋਲਿਆ। ਪਾਰਬ੍ਰਹਮ ਬ੍ਰਹਮ ਸੁਲਤਾਨ, ਅੱਠੇ ਪਹਿਰ ਨਿਗਹਬਾਨ, ਆਦਿ ਅੰਤ ਕਦੇ ਨਾ ਡੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਹਰ ਘਟ ਅੰਦਰ ਰਿਹਾ ਬੋਲਿਆ । ਹਰ ਘਟ ਅੰਦਰ ਆਪੇ ਬੋਲ, ਆਪਣੀ ਰਚਨ ਰਚਾਈਆ । ਜਨ ਭਗਤਾਂ ਪੜਦਾ ਦੇਵੇ ਖੋਲ੍ਹ, ਦੂਈ ਦਵੈਤੀ ਮੇਟ ਮਿਟਾਈਆ। ਕਾਇਆ ਧਰਤੀ ਜਾਏ ਮੌਲ, ਰੁੱਤ ਬਸੰਤ ਇਕ ਸੁਹਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਨੇਤਰ ਨੈਣ ਦਰਸ ਪਰਸ ਬਿਗਸਾਈਆ। ਦਰਸ਼ਨ ਪੇਖਤ ਨੈਨਨ ਨੈਣਾਂ, ਨਿਜ ਘਰ ਆਤਮ ਵਸਿਆ। ਇਕ ਵਖਾਏ ਚਰਨ ਪ੍ਰੀਤ, ਰਾਹ ਸਾਚਾ ਏਕਾ ਦੱਸਿਆ। ਸ਼ਬਦ ਸੁਣਾਏ ਸੁਹਾਗੀ ਗੀਤ, ਕੋਟਨ ਕੋਟ ਕਰੇ ਪਰਕਾਸ਼ ਰਵ ਸੱਸਿਆ। ਅੱਠੇ ਪਹਿਰ ਦਿਵਸ ਰੈਣ ਪਰਖਣਹਾਰਾ ਨੀਤ, ਕਲਜੁਗ ਮੇਟ ਮਿਟਾਏ ਰੈਣ ਅੰਧੇਰੀ ਮੱਸਿਆ। ਹਰਿਜਨ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਆਤਮ ਅੰਤਰ ਗੁਰ ਪੂਰਾ ਸਾਚਾ ਵਸਿਆ। ਹਰਿ ਕਾ ਸ਼ਬਦ ਹਰਿਜਨ ਲੱਗੇ ਮੀਠ, ਬੇਮੁਖ ਜਾਏ ਦਰ ਤੋਂ ਨੱਸਿਆ। ਪੁਰਖ ਅਬਿਨਾਸ਼ੀ ਇਕ ਇਕੱਲਾ ਸਦਾ ਅਨਡੀਠ, ਗੁਰਮੁਖਾਂ ਅੰਦਰ ਮੰਦਰ ਵਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੁਹਾਏ ਇਕ ਘਰ, ਘਰ ਸਾਚੇ ਆਪੇ ਵਸਿਆ। ਸਾਚਾ ਘਰ ਉਚਾ ਮੰਦਰ, ਹਰਿ ਸਾਚੇ ਜੋਤ ਜਗਾਈਆ। ਭਾਗ ਲਗਾਏ ਡੂੰਘੀ ਕੰਦਰ, ਨਿਰਮਲ ਬਾਤੀ ਇਕ ਵਖਾਈਆ। ਬਜਰ ਕਪਾਟੀ ਤੋੜੇ ਜੰਦਰ, ਏਕਾ ਖੰਡਾ ਸ਼ਬਦ ਲਗਾਈਆ। ਚਾਰੋਂ ਕੁੰਟ ਜੀਵ ਜੰਤ ਸਾਧ ਸੰਤ ਭੌਂਦੇ ਬੰਦਰ, ਥਿਰ ਘਰ ਨਾ ਕੋਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਇਕ ਦਵਾਰ, ਦਵਾਰ ਬੰਕਾ ਇਕ ਵਖਾਈਆ। ਦਵਾਰ ਬੰਕ ਹਰਿ ਭਗਵੰਤ, ਏਕਾ ਏਕ ਰਖਾਇਆ। ਆਪ ਉਧਾਰੇ ਜੀਵ ਜੰਤ, ਸਾਧ ਸੰਤ ਹੋਏ ਸਹਾਇਆ। ਜੁਗ ਜੁਗ ਬਣਾਏ ਸਾਚੀ ਬਣਤ, ਬੇੜਾ ਅਪਣੇ ਹੱਥ ਰਖਾਇਆ । ਆਪੇ ਹੋਏ ਪਤ ਪਤਵੰਤ, ਪਤਿਪਰਮੇਸ਼ਵਰ ਆਪ ਅਖਵਾਇਆ। ਜੁਗ ਜੁਗ ਮਹਿੰਮਾ ਗਣਤ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇਆ। ਗੁਰਮੁਖ ਨਾਰੀ ਪੁਰਖ ਅਬਿਨਾਸ਼ੀ ਮਿਲਿਆ ਸਾਚਾ ਕੰਤ, ਕੰਤ ਸੁਹਾਗ ਇਕ ਹੰਢਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਮਜੀਠ ਇਕ ਰੰਗਾਇਆ। ਦਾਤਾ ਦਾਨੀ ਧੰਨ ਧੰਨਿਆ ਵਡ ਧਨਵੰਤ, ਨਾਮ ਖ਼ਜਾਨਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਤਮ ਅੰਤਰ ਰਿਹਾ ਭਰ, ਸਾਚੀ ਝੋਲੀ ਨਾਮ ਭਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੇਵਕ ਸੇਵਾ ਰਿਹਾ ਕਰਾਇਆ। ਆਦਿ ਅੰਤ ਜੋਤੀ ਨੂਰ, ਹਰਿ ਆਪਣਾ ਆਪ ਕਰਾਈਆ। ਸ਼ਬਦ ਨਾਦ ਸਾਚੀ ਤੂਰ, ਆਦਿ ਜੁਗਾਦਿ ਰਿਹਾ ਸੁਣਾਈਆ। ਆਪੇ ਵਸੇ ਨੇੜੇ ਦੂਰ, ਹਰ ਘਟ ਬੈਠਾ ਆਸਣ ਲਾਈਆ। ਜਨ ਭਗਤਾਂ ਸਦਾ ਹਾਜ਼ਰ ਹਜ਼ੂਰ, ਨੇਤਰ ਨੈਣਾ ਦਰਸ ਦਿਖਾਈਆ। ਨਾਤਾ ਤੁੱਟੇ ਕੂੜੋ ਕੂੜ, ਸਚ ਸੁੱਚ ਸਮਾਈਆ। ਚਰਨ ਬਖ਼ਸ਼ੇ ਸਾਚੀ ਧੂੜ, ਮੂਰਖ ਮੂੜ੍ਹ ਦਏ ਵਡਿਆਈਆ। ਏਕਾ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਚੇਲਾ ਆਪ ਉਪਾਈਆ। ਏਕਾ ਗੁਰ ਹਰਿ ਕਰਤਾਰ, ਜੁਗ ਜੁਗ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੱਖ ਚੁਰਾਸੀ ਬਣਤ ਬਣਾਇੰਦਾ। ਸਾਧ ਸੰਤ ਲਏ ਉਭਾਰ, ਆਪ ਆਪਣਾ ਕਰਮ ਕਮਾਇੰਦਾ। ਏਕਾ ਦੇਵੇ ਨਾਮ ਅਧਾਰ, ਸਚ ਵਸਤ ਝੋਲੀ ਪਾਇੰਦਾ। ਪੂਰਬ ਕਰਮਾਂ ਰਿਹਾ ਵਿਚਾਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਸਾਚੇ ਨੈਣਾਂ ਦਰਸ ਅਪਾਰ, ਨਿਰਗੁਣ ਰੂਪ ਸਮਾਇੰਦਾ। ਸਰਗੁਣ ਮੇਲਾ ਵਿਚ ਸੰਸਾਰ, ਸਤਿ ਸੰਤੋਖੀ ਜਾਮ ਪਿਆਇੰਦਾ। ਜਨ ਭਗਤਾਂ ਉਠਾਏ ਭਾਰ, ਆਪ ਆਪਣੇ ਕੰਧ ਰਖਾਇੰਦਾ । ਸ਼ਬਦ ਪਹਿਨਾਏ ਸਾਚਾ ਹਾਰ, ਤਨ ਸ਼ਿੰਗਾਰ ਵਖਾਇੰਦਾ। ਲੋਕਮਾਤ ਕਰ ਪਿਆਰ, ਪਾਰਬ੍ਰਹਮ ਹਰਿ ਦਇਆ ਕਮਾਇੰਦਾ। ਚੇਲਾ ਮੇਲਾ ਅਪਰ ਅਪਾਰ, ਦਵਾਰ ਬੰਕਾ ਆਪ ਸੁਹਾਇੰਦਾ। ਖੇਲੇ ਖੇਲ ਖੇਲਣਹਾਰ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੇਲਾ ਚੇਤਨ ਰੂਪ ਰਖਾਇੰਦਾ। ਸਾਚਾ ਚੇਲਾ ਹਰਿ ਬਣਾ, ਆਪਣਾ ਰੰਗ ਰੰਗਾਇੰਦਾ। ਏਕਾ ਸ਼ਬਦ ਦਏ ਜਣਾ, ਏਕਾ ਧੁਨ ਉਪਜਾਇੰਦਾ। ਏਕਾ ਗੁਣ ਦਏ ਵਖਾ, ਅਵਗੁਣ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚੇਲਾ ਦਰ ਸੁਹਾਇੰਦਾ। ਗੁਰ ਗੋਬਿੰਦਾ ਸਾਚਾ ਚੇਲਾ, ਏਕਾ ਏਕ ਅਖਵਾਇਆ। ਪੁਰਖ ਅਬਿਨਾਸ਼ੀ ਕਰਿਆ ਮੇਲਾ, ਵਿਚ ਵਿਚੋਲਾ ਨਾਮ ਧਰਾਇਆ। ਕਲਜੁਗ ਅੰਤਮ ਖੇਲੇ ਹੋਲਾ, ਲਾਲ ਗੁਲਾਲਾ ਰੰਗ ਲਗਾਇਆ। ਏਕਾ ਸ਼ਬਦ ਸੁਣਾਏ ਸਾਚਾ ਢੋਲਾ, ਨੌਂ ਖੰਡ ਪ੍ਰਿਥਮੀ ਆਪ ਜਣਾਇਆ। ਸੱਤਾਂ ਦੀਪਾਂ ਏਕਾ ਬੋਲਾ, ਏਕਾ ਨਾਅਰਾ ਲਾਇਆ। ਜਨ ਭਗਤਾਂ ਰੰਗੇ ਕਾਇਆ ਚੋਲਾ, ਰੰਗਣਹਾਰ ਆਪ ਅਖਵਾਇਆ। ਕਲਜੁਗ ਅੰਤਮ ਬਣਿਆ ਤੋਲਾ, ਨਿਹਕਲੰਕੀ ਜਾਮਾ ਪਾਇਆ। ਲੱਖ ਚੁਰਾਸੀ ਤੇਰਾ ਕਾਇਆ ਮੰਦਰ ਹਰਿ ਹਰਿ ਆਪੇ ਫੋਲਾ, ਲੇਖਾ ਕੋਈ ਰਹਿਣ ਨਾ ਪਾਇਆ। ਸਾਧਾਂ ਸੰਤਾਂ ਰਹਿਣ ਨਾ ਦੇਵੇ ਪੜਦਾ ਉਹਲਾ, ਨਾ ਕੋਈ ਸਕੇ ਭੇਵ ਛੁਪਾਇਆ। ਜਨ ਭਗਤਾਂ ਦੇਵੇ ਨਾਮ ਅਨਮੋਲਾ, ਮੁੱਲ ਕੋਈ ਨਾ ਲਾਇਆ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਏ ਰੌਲਾ, ਚਾਰੋਂ ਕੁੰਟਾਂ ਹੋਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਚੇਲਾ ਇਕ ਬਣਾਇਆ। ਗੋਬਿੰਦ ਚੇਲਾ ਸੁਣ ਪੁਕਾਰ, ਪ੍ਰਭ ਵੇਖ ਵੇਖ ਵਖਾਇੰਦਾ। ਵੇਖੇ ਖੇਲ ਵੇਖਣਹਾਰ, ਲੋਆਂ ਪੁਰੀਆਂ ਭਰਮ ਭੁਲਾਇੰਦਾ। ਧਰਤ ਮਾਤ ਰਹੀ ਪੁਕਾਰ, ਨਾ ਕੋਈ ਧੀਰਜ ਧੀਰ ਧਰਾਇੰਦਾ। ਮਨਮੁਖ ਜੀਵ ਹੋਏ ਵਿਭਚਾਰ, ਨਾਰ ਦੁਹਾਗਣ ਕੰਤ ਸੰਤ ਨਾ ਕੋਈ ਹੰਢਾਇੰਦਾ। ਮਦਿਰਾ ਮਾਸ ਕਰਨ ਆਹਾਰ, ਤਨ ਸ਼ਿੰਗਾਰ ਨਾ ਕੋਈ ਵਖਾਇੰਦਾ। ਫਿਰ ਫਿਰ ਥੱਕੇ ਨੌਂ ਦਵਾਰ, ਸਾਚਾ ਘਰ ਨਾ ਕੋਈ ਸੁਹਾਇੰਦਾ । ਗੋਬਿੰਦ ਚੇਲਾ ਕਰੇ ਪਿਆਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਪੁਰੀ ਅਨੰਦ ਨਾ ਕੋਈ ਦਵਾਰ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਬੰਦ ਬੰਦ ਨਾ ਤਨ ਕੋਈ ਕਟਾਰ, ਬਸਤਰ ਸ਼ਸਤਰ ਨਾ ਕੋਈ ਸਜਾਇੰਦਾ। ਇਕ ਇਕੱਲਾ ਵੇਖੇ ਪਿਆ ਦਵਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਸਚ ਮਹੱਲਾ ਅੰਤਮ ਦਏ ਉਸਾਰ, ਪ੍ਰਭ ਆਪਣੀ ਦਇਆ ਕਮਾਇੰਦਾ। ਸੰਬਲ ਨਗਰ ਕਰ ਉਜਿਆਰ, ਜੋਤੀ ਨੂਰ ਜਗਾਇੰਦਾ। ਸੋਹੰ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਰਖਾਇੰਦਾ। ਚਿੱਟੇ ਅਸਵ ਹੋ ਅਸਵਾਰ, ਦੋ ਜਹਾਨਾਂ ਫੇਰਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੇ ਖ਼ਬਰਦਾਰ, ਏਕਾ ਡੰਕਾ ਆਪ ਵਜਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਲਲਕਾਰ, ਰਾਓ ਰੰਕਾਂ ਆਪ ਜਗਾਇੰਦਾ। ਵਾਸੀ ਪੁਰੀ ਘਨਕਾ, ਭਗਤ ਉਧਾਰੇ ਜਿਉਂ ਜਨਕਾ, ਆਪ ਆਪਣੀ ਦਇਆ ਕਮਾਇੰਦਾ। ਚਾਰ ਵਰਨ ਚਾਰ ਕੁੰਟ ਦਹਿ ਦਿਸ਼ਾ ਵਜਾਏ ਏਕਾ ਡੰਕਾ, ਏਕਾ ਤਾਲ ਤਲਵਾੜਾ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚੇਲਾ ਆਪ ਰਖਾਇੰਦਾ। ਸਾਚਾ ਚੇਲਾ ਕਰ ਪਰਵਾਨ, ਪ੍ਰਭ ਸਾਚਾ ਖ਼ੁਸ਼ੀ ਮਨਾਈਆ। ਏਕਾ ਦੇਵੇ ਸੋਹੰ ਗਿਆਨ, ਸੋਹੰ ਸੋ ਸਚ ਪੜ੍ਹਾਈਆ। ਰਸਨਾ ਚਿੱਲਾ ਤੀਰ ਕਮਾਨ, ਸਾਚਾ ਖੰਡਾ ਹੱਥ ਫੜਾਈਆ। ਨੌਂ ਖੰਡ ਪ੍ਰਿਥਮੀ ਏਕਾ ਆਣ, ਸੱਤਾਂ ਦੀਪਾਂ ਕਰੇ ਜਣਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸਰਬ ਮਿਟ ਜਾਣ, ਥਿਰ ਕੋਈ ਰਹਿਣ ਨਾ ਪਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਪ੍ਰਭ ਪਕੜ ਉਠਾਏ ਫੜ ਫੜ ਬਾਂਹੀਂਆ। ਸ਼ਬਦ ਬਿਠਾਏ ਇਕ ਬਿਬਾਨ, ਆਪ ਆਪਣਾ ਰਿਹਾ ਉਡਾਈਆ। ਆਵਣ ਜਾਵਣ ਚੁੱਕੇ ਕਾਨ, ਜੋ ਜਨ ਰਹੇ ਸਰਨਾਈਆ। ਦੋ ਜਹਾਨੀ ਦੇਵੇ ਮਾਣ, ਥਿਰ ਘਰ ਸਾਚਾ ਇਕ ਸੁਹਾਈਆ। ਏਕਾ ਰਾਗ ਸੁਣਾਏ ਕਾਨ, ਸਾਚਾ ਤਾਲ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਚੇਲਾ ਇਕ ਵਖਾਈਆ। ਚੇਲਾ ਗੁਰ ਹਰਿ ਗੋਬਿੰਦ, ਗੋਬਿੰਦ ਰੂਪ ਸਮਾਇਆ। ਆਪ ਮਿਟਾਏ ਆਪਣੀ ਚਿੰਦ, ਆਪਣਾ ਭਰਮ ਮਿਟਾਇਆ। ਸ੍ਰਿਸ਼ਟ ਸ਼ਬਾਈ ਲਾਈ ਨਿੰਦ, ਮਾਨਸ ਜਨਮ ਨਾ ਵੇਖ ਵਖਾਇਆ। ਦਾਤਾ ਜੋਧਾ ਸੂਰਾ ਵਡ ਮਰਗਿੰਦ, ਗੁਣੀ ਗਹਿੰਦ ਆਪ ਹੋ ਆਇਆ। ਅੰਮ੍ਰਿਤ ਆਤਮ ਧਾਰ ਵਹਾਏ ਸਿੰਧ, ਸਾਚਾ ਸਾਗਰ ਇਕ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬੰਦ ਚੇਲਾ ਦਰ ਸੁਹਾਇਆ। ਗੋਬਿੰਦ ਨਾਮ ਏਕਾ ਦੁੜਾ, ਏਕਾ ਬੂਝ ਬੁਝਾਈਆ। ਏਕਾ ਪੌੜੇ ਰਿਹਾ ਚੜ੍ਹਾ, ਏਕਾ ਡੰਡਾ ਰਿਹਾ ਵਖਾਈਆ। ਬ੍ਰਹਿਮਣ ਗੌੜਾ ਆਪ ਅਖਵਾ, ਪੂਤ ਸਪੂਤਾ ਆਪ ਅਖਵਾਈਆ। ਉਚਾ ਟਿੱਲਾ ਵੇਖ ਵਖਾ, ਸਾਚੇ ਮੰਦਰ ਡੇਰਾ ਲਾਈਆ । ਸਾਚੀ ਸਿਲਾ ਅੱਗੇ ਟਿਕਾ, ਆਪੇ ਬੰਦ ਰਖਾਈਆ। ਲੇਖਾ ਨਾ ਸਕੇ ਕੋਈ ਲਿਖਾ, ਵੇਦ ਪੁਰਾਨ ਭੇਵ ਨਾ ਰਾਈਆ। ਖਾਣੀ ਬਾਣੀ ਰਹੇ ਗਾ, ਗੁਣਵੰਤਾ ਦਿਸ ਨਾ ਆਈਆ। ਅੰਜੀਲ ਕੁਰਾਨ ਰਹੇ ਕੁਰਲਾ, ਅੱਲਾ ਹੂ ਹੂ ਨਾਅਰਾ ਲਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਵੇਖ ਵਖਾਣੇ ਹਰ ਘਟ ਥਾਈਂਆ। ਕਲਜੁਗ ਅੰਤਮ ਲਹਿਣਾ ਦੇਣਾ ਦਏ ਚੁੱਕਾ, ਪੂਰਬ ਲਹਿਣਾ ਝੋਲੀ ਪਾਈਆ। ਭਾਣਾ ਸਹਿਣਾ ਰਿਹਾ ਸੁਣਾ, ਚਾਰ ਯਾਰਾਂ ਵੇਖ ਵਖਾਈਆ। ਅੱਲਾ ਰਾਣੀ ਮਾਰੇ ਧਾਹ, ਨੇਤਰ ਰੋ ਰੋ ਨੀਰ ਵਹਾਈਆ। ਈਸਾ ਮੂਸਾ ਵੇਖ ਖ਼ੁਦਾ, ਖ਼ੁਦੀ ਖ਼ੁਦਾਈ ਰਿਹਾ ਜਣਾਈਆ। ਅੰਤਮ ਹੋਣਾ ਪਿਆ ਜੁਦਾ, ਜਗਤ ਵਿਛੋੜਾ ਆਪ ਕਰਾਈਆ। ਪੁਰਖ ਅਬਿਨਾਸ਼ੀ ਇਕ ਘੋੜਾ ਦੁੜਾ, ਵਾਗ ਆਪਣੇ ਹੱਥ ਰਖਾਈਆ। ਸੰਬਲ ਨਗਰੀ ਰਿਹਾ ਸੁਹਾ, ਸਾਢੇ ਤਿੰਨ ਹੱਥ ਲੰਬਾ ਚੌੜਾ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਰਿਹਾ ਸਖਾਈਆ। ਏਕਾ ਅੱਖਰ ਹਰਿ ਭਗਵਾਨ, ਕਲ ਅੰਤਮ ਵੇਖ ਵਖਾਨਿਆ। ਧੁਰ ਦਰਗਾਹੀ ਧੁਰ ਫ਼ਰਮਾਣ, ਆਪ ਜਣਾਏ ਦੋ ਜਹਾਨਿਆ। ਰਸਨਾ ਜਿਹਵਾ ਗੀਤ ਸੁਹਾਗੀ ਏਕਾ ਗਾਣ, ਪਾਇਣ ਪਦ ਨਿਰਬਾਨਿਆ। ਸੋ ਪੁਰਖ ਨਿਰੰਜਣ ਮਿਹਰਵਾਨ, ਵਡ ਦਾਤਾ ਦਾਨੀ ਦਾਨਿਆ। ਏਕਾ ਸ਼ਬਦ ਇਕ ਧਿਆਨ, ਏਕਾ ਰਾਗ ਅਲ੍ਹਾਨਿਆ। ਏਕਾ ਜੋਤੀ ਨੂਰ ਮਹਾਨ, ਅੰਧ ਅੰਧੇਰ ਮਿਟਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਬਖ਼ਸ਼ੇ ਸਚ ਗਿਆਨਿਆ। ਚਾਰ ਵਰਨ ਹਰਿ ਸ਼ਬਦ ਜਣਾਈ, ਏਕਾ ਏਕ ਜੈ ਜੈਕਾਰਾ। ਸੋਹੰ ਸੋ ਸਚ ਪੜ੍ਹਾਈ, ਲੋਆਂ ਪੁਰੀਆਂ ਕਰੇ ਪਸਾਰਾ। ਅੰਤ ਤ੍ਰੈਗੁਣ ਮਾਇਆ ਕਰੇ ਲੜਾਈ, ਕਲਜੁਗ ਅੰਤਮ ਵਾਰਾ। ਪਕੜ ਉਠਾਏ ਫੜ ਫੜ ਬਾਂਹੀ, ਰਾਜ ਰਾਜਾਨਾ ਸ਼ਾਹ ਸੁਲਤਾਨਾ ਵਡ ਸਿਕਦਾਰਾ। ਖੇਲੇ ਖੇਲ ਹਰਿ ਰਘੁਰਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਸ਼ਬਦ ਮਹੱਲਾ ਜਲਾਂ ਥਲਾਂ ਫੇਰਾ ਪਾਈਆ। ਏਕਾ ਸ਼ਬਦ ਹਰਿ ਜਣਾ, ਏਕਾ ਰਾਗ ਅਲਾਇੰਦਾ। ਚਾਰ ਵਰਨਾਂ ਇਕ ਸਰਨਾ, ਸਚ ਸਰਨਾਈ ਹਰਿ ਵਖਾਇੰਦਾ। ਊਚਾਂ ਨੀਚਾਂ ਭੇਵ ਮਿਟਾ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਗਊ ਗਰੀਬ ਨਿਮਾਣੇ ਗਲੇ ਲਗਾਇੰਦਾ। ਸੰਮਤ ਚੌਦਾਂ ਲੇਖ ਰਿਹਾ ਲਿਖਾ, ਲੇਖਾ ਆਪਣੇ ਹੱਥ ਰਖਾਇੰਦਾ। ਚੌਦਾਂ ਲੋਕਾਂ ਰਿਹਾ ਹਿਲਾ, ਇਕ ਹੁਲਾਰਾ ਆਪ ਲਗਾਇੰਦਾ। ਬ੍ਰਹਮਾ ਰੋਵੇ ਮਾਰੇ ਧਾਹ, ਅੱਠੇ ਨੇਤਰ ਨੀਰ ਵਹਾਇੰਦਾ। ਪੁਰੀ ਬ੍ਰਹਮ ਨਾ ਮਿਲੇ ਥਾਂ, ਵੇਲਾ ਅੰਤਮ ਆਇੰਦਾ। ਪੁਰਖ ਅਬਿਨਾਸ਼ੀ ਇਕ ਸੁਹਾਏ ਸਾਚਾ ਥਾਂ, ਵੇਲਾ ਅੰਤਮ ਆਇੰਦਾ । ਪੁਰਖ ਅਬਿਨਾਸ਼ੀ ਇਕ ਸੁਣਾਏ ਸਾਚਾ ਨਾਂ, ਸਾਚਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਵੇਖ ਵਖਾਇੰਦਾ। ਸਾਚਾ ਸ਼ਬਦ ਸੁਤ ਬਲਵਾਨਾ, ਹਰਿ ਸਾਚਾ ਮਾਤ ਉਪਾਇੰਦਾ। ਨਾਮ ਸ਼ਸਤਰ ਤੀਰ ਕਮਾਨਾ, ਸਾਚੇ ਚਿੱਲੇ ਆਪ ਚੜ੍ਹਾਇੰਦਾ। ਵੇਖੇ ਖੇਲ ਜੋਧਾ ਸੂਰ ਬਲੀ ਬਲਵਾਨਾ, ਦੋ ਜਹਾਨਾਂ ਪਾਰ ਫੇਰਾ ਪਾਇੰਦਾ। ਨੌਂ ਖੰਡ ਪ੍ਰਿਥਮੀ ਤੇਰਾ ਇਕ ਨਿਸ਼ਾਨਾ, ਲੱਖ ਚੁਰਾਸੀ ਪਾਰ ਕਰਾਇੰਦਾ। ਰਾਏ ਧਰਮ ਬੰਨ੍ਹੇ ਗਾਨਾ, ਪ੍ਰਭ ਸਾਚੀ ਸੇਵਾ ਲਾਇੰਦਾ। ਲਾੜੀ ਮੌਤ ਹੋ ਪਰਧਾਨਾ, ਘਰ ਘਰ ਨਾਚ ਵਖਾਇੰਦਾ। ਝੂਠ ਜੂਠ ਕਲ ਮਿਟੇ ਨਿਸ਼ਾਨਾ, ਅੰਤਮ ਰਹਿਣ ਨਾ ਪਾਇੰਦਾ। ਸਚ ਸੁੱਚ ਇਕ ਵਰਤਾਨਾ, ਏਕਾ ਰਾਹ ਚਲਾਇੰਦਾ। ਪਰਗਟ ਹੋਏ ਹਰਿ ਮਰਦ ਮਰਦਾਨਾ, ਆਪ ਆਪਣੀ ਜੋਤ ਜਗਾਇੰਦਾ। ਸੱਤਾਂ ਦੀਪਾਂ ਬ੍ਰਹਮ ਗਿਆਨਾ, ਇਕ ਸ਼ਬਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਸ੍ਰਿਸ਼ਟ ਸਬਾਈ ਵਖਾਇੰਦਾ। ਸ੍ਰਿਸ਼ਟ ਸਬਾਈ ਕਰ ਧਿਆਨ, ਹਰਿ ਸਾਚੇ ਜੋਤ ਜਗਾਈਆ। ਵਰਨਾ ਬਰਨਾ ਇਕ ਗਿਆਨ, ਏਕਾ ਦੂਜਾ ਭੌ ਮਿਟਾਈਆ। ਤੀਜੇ ਦਰਸ ਹਰਿ ਭਗਵਾਨ, ਚੌਥੇ ਪਦ ਸਮਾਈਆ। ਪੰਚਮ ਬਹਿ ਬਹਿ ਸਾਰੇ ਗਾਣ, ਆਤਮ ਘਰ ਵੱਜੇ ਵਧਾਈਆ। ਛੇਵੇਂ ਛੱਪਰ ਛੰਨ ਨਾ ਕੋਈ ਮਕਾਨ, ਹਰਿ ਬੈਠਾ ਜੋਤ ਜਗਾਈਆ। ਸਤਿ ਪੁਰਖ ਨਿਰੰਜਣ ਹਰਿ ਮਿਹਰਵਾਨ, ਏਕਾ ਅਲਖ ਜਗਾਈਆ। ਅੱਠ ਤਤ ਨਾ ਦਰ ਪਰਵਾਨ, ਮਨ ਮਤ ਬੁਧ ਪਈ ਲੜਾਈਆ। ਨੌਂ ਦਰ ਤੇਰੀ ਝੂਠ ਦੁਕਾਨ, ਕਲਜੁਗ ਕੂੜਾ ਰਿਹਾ ਚਲਾਈਆ। ਮਾਇਆ ਮਮਤਾ ਪੀਣ ਖਾਣ, ਹਉਮੇ ਤ੍ਰਿਸ਼ਨਾ ਰੋਗ ਗਵਾਈਆ। ਮਿਲੇ ਨਾਮ ਨਾ ਸਚ ਨਿਸ਼ਾਨ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਗੁਰ ਦਰ ਮੰਦਰ ਮਸਜਿਦ ਹੋਏ ਵੈਰਾਨ, ਰਸਨਾ ਜਿਹਵਾ ਸਰਬ ਹਲਕਾਈਆ। ਅੰਦਰ ਬਹਿ ਬਹਿ ਸਾਰੇ ਗਾਣ, ਗੋਬਿੰਦ ਗੁਰ ਨਾ ਕੋਈ ਮਿਲਾਈਆ। ਨਾਤਾ ਤੁਟਾ ਪੀਣ ਖਾਣ, ਮਦਿਰਾ ਜਾਮ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦੇਵੇ ਫਾਸੀ, ਰਾਏ ਧਰਮ ਹੱਥ ਫੜਾਈਆ। ਰਾਏ ਧਰਮ ਰਿਹਾ ਲਲਕਾਰ, ਲੋਕਮਾਤ ਲਏ ਅੰਗੜਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਵੇਲਾ ਅੰਤਮ ਆਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਨਾਨਕ ਗੋਬਿੰਦ ਬਣ ਲਿਖਾਰ, ਲੇਖਾ ਗਿਆ ਲਿਖਾਈਆ। ਵੇਦ ਵਿਆਸਾ ਹੋ ਤਿਆਰ, ਆਪਣੀ ਕਲਮ ਰਿਹਾ ਚਲਾਈਆ। ਬ੍ਰਹਿਮਣ ਗੌੜਾ ਪੂਤ ਸਪੂਤਾ ਹੋਏ ਉਜਿਆਰ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਨਿਹਕਲੰਕਾ ਲਏ ਅਵਤਾਰ, ਏਕਾ ਡੰਕਾ ਨਾਮ ਵਜਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਖੇਲ ਖਿਲਾਈਆ। ਇਕ ਇਕੱਲਾ ਹਰਿ ਗੋਬਿੰਦਾ, ਅਕਲ ਕਲਾ ਸਮਾਇਆ। ਗੁਰਮੁਖ ਉਪਾਏ ਸਾਚੀ ਬਿੰਦਾ, ਆਪ ਆਪਣੀ ਦਇਆ ਕਮਾਇਆ। ਅੰਦਰ ਮੰਦਰ ਬਜਰ ਕਪਾਟੀ ਤੋੜੇ ਜਿੰਦਾ, ਏਕਾ ਖੰਡਾ ਹੱਥ ਉਠਾਇਆ। ਮਨਮੁਖ ਜੀਵ ਆਪ ਲਗਾਏ ਆਪਣੀ ਨਿੰਦਾ, ਮੁਖ ਨਿੰਦਿਆ ਇਕ ਰਖਾਇਆ। ਜਨ ਭਗਤਾਂ ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧਾ, ਸਰ ਸਰੋਵਰ ਇਕ ਵਖਾਇਆ। ਪਰਗਟ ਹੋਏ ਨਰ ਹਰਿ ਹਰਿ ਵਡ ਮਰਗਿੰਦਾ, ਜੋਧਾ ਸੂਰਬੀਰ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਸਾਚਾ ਨਾਉਂ ਆਪ ਚਲਾਏ ਅਗੰਮ ਅਥਾਹੋ, ਬੇਪਰਵਾਹ ਫੇਰਾ ਪਾਇਆ। ਬੇਪਰਵਾਹ ਬੇਐਬ, ਹਰਿ ਏਕਾ ਏਕ ਅਖਵਾਇੰਦਾ। ਸ੍ਰਿਸ਼ਟ ਸਬਾਈ ਸਾਚਾ ਨਾਇਕ, ਸਾਚੀ ਸਿਖਿਆ ਆਪ ਸਮਝਾਇੰਦਾ। ਨਾ ਕੋਈ ਸ਼ਰਅ ਨਾ ਸ਼ਰਾਇਤ, ਹੱਕ ਹਕੀਕਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਰੰਗ ਰੰਗਾਇੰਦਾ। ਸੰਮਤ ਚੌਦਾਂ ਲੇਖ ਲਿਖਾ, ਈਸਾ ਮੂਸਾ ਰਿਹਾ ਉਠਾ, ਅੰਜੀਲ ਕੁਰਾਨ ਕਰੇ ਕੁੜਮਾਈਆ। ਮੱਕਾ ਮਦੀਨਾ ਲਾਏ ਢਾਹ, ਅੰਤ ਰਹਿਣ ਨਾ ਪਾਈਆ। ਸੰਗ ਮੁਹੰਮਦ ਚਾਰ ਯਾਰ ਰਿਹਾ ਸੁਣਾ, ਵੇਲਾ ਅੰਤਮ ਪਾਈਆ। ਦੂਸਰ ਨਾ ਕੋਈ ਜਾਣੇ ਨਾ ਸਕੇ  ਭੇਵ ਜਣਾ, ਭੇਵ ਕੋਈ ਨਾ ਪਾਈਆ। ਗੁਰ ਗੋਬਿੰਦਾ ਵੇਖੇ ਥਾਉਂ ਥਾਂ, ਨਾਲ ਰਲਾਇਆ ਬੇਪਰਵਾਹੀਆ। ਗੁਰਮੁਖ ਉਧਾਰੇ ਜਿਉਂ ਜਨ ਜਨਕਾ, ਆਪ ਆਪਣੀ ਗੋਦ ਉਠਾਈਆ। ਚਾਰੋਂ ਕੁੰਟ ਸ਼ਬਦ ਜੈਕਾਰਾ ਏਕਾ ਲਾ, ਏਕਾ ਰਾਹ ਚਲਾਈਆ। ਨਾਮ ਨਿਰੰਜਣ ਨੇਤਰ ਪਾ, ਗੁਰਮੁਖ ਦਇਆ ਕਮਾਈਆ। ਦੂਈ ਦਵੈਤੀ ਪੜਦਾ ਲਾਹ, ਏਕਾ ਜੋਤ ਕਰੇ ਰੁਸ਼ਨਾਈਆ। ਸਾਚਾ ਸ਼ਬਦ ਇਕ ਸੁਣਾ, ਅਨਹਦ ਤਾਲ ਵਜਾਈਆ। ਆਤਮ ਸੇਜਾ ਦਏ ਸੁਹਾ, ਪ੍ਰਭ ਫੂਲਨ ਬਰਖਾ ਲਾਈਆ। ਜੋਤ ਨਿਰੰਜਣ ਸੰਗ ਰਲਾ, ਮੇਲ ਮਿਲਾਏ ਬੇਪਰਵਾਹੀਆ। ਆਪ ਆਪਣੇ ਅੰਗਣ ਲਏ ਉਠਾ, ਕਰ ਕਰ ਲੰਮੀਆਂ ਬਾਂਹੀਆ। ਇਕ ਮਰਦੰਗਾ ਰਿਹਾ ਵਜਾ, ਆਪ ਸੁਣਾਏ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਸਾਚੇ ਵਰ, ਦਰ ਮੇਲਾ ਸਹਿਜ ਸੁਭਾਈਆ। ਗੁਰਮੁਖ ਬਾਲ ਨਿਧਾਨ, ਗੁਰ ਪੂਰੇ ਹੱਥ ਵਡਿਆਈਆ। ਦੇਵੇ ਨਾਮ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਇਕ ਵਖਾਏ ਸਚ ਮਕਾਨ, ਥਿਰ ਘਰ ਨਾਉਂ ਉਪਾਈਆ। ਚੌਦਾਂ ਹੱਟਾਂ ਇਕ ਦੁਕਾਨ, ਕਾਇਆ ਮੰਦਰ ਇਕ ਟਿਕਾਈਆ। ਆਪੇ ਬੈਠੇ ਸ਼ਾਹ ਸੁਲਤਾਨ, ਸਾਚੇ ਕੰਡੇ ਤੋਲ ਤੁਲਾਈਆ। ਸਾਚਾ ਕੰਡਾ ਬ੍ਰਹਮ ਗਿਆਨ, ਆਪ ਆਪਣੇ ਹੱਥ ਰਖਾਈਆ। ਜਨ ਭਗਤਾਂ ਵੇਖੇ ਮਾਰ ਧਿਆਨ, ਅੱਠੇ ਪਹਿਰ ਸੇਵ ਕਮਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਤੀਰ ਨਿਰਾਲਾ ਮਾਰੇ ਬਾਣ, ਸਾਚੀ ਮੁਖੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚੀ ਸੇਵ ਲਗਾਈਆ। ਗੁਰਮੁਖ ਸਾਚਾ ਜਗਤ ਨਿਧਾਨ, ਗੁਰ ਪੂਰੇ ਵਡ ਵਡਿਆਈਆ। ਏਕਾ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਏਕਾ ਰਾਗ ਸੁਣਾਏ ਕਾਨ, ਛੱਤੀ ਰਾਗ ਭੇਵ ਨਾ ਰਾਈਆ। ਕਾਇਆ ਮੰਦਰ ਸਚ ਮਕਾਨ, ਗੁਰ ਬੈਠਾ ਆਸਣ ਲਾਈਆ । ਹਰਿਜਨ ਸਾਚੇ ਕਰ ਪਛਾਨ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਮੇਲ ਮਿਲਾਈਆ। ਗੁਰਮੁਖ ਸਾਜਨ ਮੇਲ ਮਿਲਾ, ਆਪਣੀ ਦਇਆ ਕਮਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਆਪ ਆਪਣਾ ਕਰਮ ਕਮਾਇੰਦਾ। ਹਰਿਜਨ ਬੈਠੇ ਥਾਉਂ ਥਾਂ, ਸ੍ਰਿਸ਼ਟ ਸਬਾਈ ਖੋਜ ਖੁਜਾਇੰਦਾ। ਫੜ ਫੜ ਹੰਸ ਬਣਾਏ ਕਾਂ, ਏਕਾ ਸਾਚੀ ਚੋਗ ਚੁਗਾਇੰਦਾ। ਆਦਿਨ ਅੰਤਾ ਦੇਵੇ ਠੰਡੀ ਛਾਂ, ਏਕਾ ਪੜਦਾ ਨਾਮ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਮੇਲ ਮਿਲਾਇੰਦਾ। ਹਰਿ ਸੱਜਣ ਮੇਲਾ ਸ਼ਾਹ ਸ਼ਾਬਾਸ਼, ਦਰ ਮੰਦਰ ਇਕ ਸੁਹਾਇਆ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਡੂੰਘੀ ਕੰਦਰ ਫੇਰਾ ਪਾਇਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਰਿਹਾ ਗਾਇਆ। ਕਾਇਆ ਮੰਡਲ ਪਾਵੇ ਰਾਸ, ਆਪ ਆਪਣਾ ਰੂਪ ਵਟਾਇਆ। ਹਰਿਜਨ ਹੋਏ ਦਾਸੀ ਦਾਸ, ਦਿਵਸ ਰੈਣ ਸੇਵ ਕਮਾਇਆ। ਆਦਿ ਅੰਤ ਨਾ ਹੋਏ ਵਿਨਾਸ, ਜੁਗ ਜੁਗ ਲੇਖਾ ਲੇਖ ਵਟਾਇਆ। ਜਨ ਭਗਤਾਂ ਹਿਰਦੇ ਅੰਦਰ ਰੱਖੇ ਵਾਸ, ਨਿਜ ਘਰ ਆਤਮ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵਿਛੜੇ ਜਗ ਮੇਲ ਕਰ, ਕਲ ਲਹਿਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲਾ ਮੇਲ ਮਿਲਾਇਆ। ਸਾਚਾ ਮੇਲਾ ਹਰਿ ਭਗਵੰਤਾ, ਭਗਵਨ ਰੂਪ ਸਮਾਇਆ। ਗੁਰਮੁਖ ਉਧਾਰੇ ਸਾਚੇ ਸੰਤਾਂ, ਸਤਿਗੁਰ ਦਇਆ ਕਮਾਇਆ। ਜੁਗ ਜੁਗ ਬਣਾਏ ਬਣਤਾ, ਬੇੜਾ ਬੰਨ੍ਹਣਹਾਰ ਆਪ ਅਖਵਾਇਆ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤਾ, ਨਾ ਕੋਈ ਸਕੇ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਦਰ, ਦਰ ਦਰਵੇਸ਼ਾ ਫੇਰੀ ਪਾਇਆ। ਹਰਿ ਸ਼ਬਦ ਨਗਾਰਾ ਵੱਜਿਆ, ਮਨਮੁਖ ਰਹੇ ਡੋਲ। ਕਾਲ ਦਵਾਰੇ ਫਿਰੇ ਭੱਜਿਆ, ਗੁਰਦਰ ਮੰਦਰ ਰਿਹਾ ਫੋਲ। ਅੰਤ ਪੜਦਾ ਕਿਸੇ ਨਾ ਕੱਜਿਆ, ਭੁਲਿਆ ਧੁਰ ਦਰਗਾਹੀ ਕੀਤਾ ਕੌਲ। ਗੁਰਮੁਖ ਵਿਰਲਾ ਗੁਰ ਚਰਨ ਦਵਾਰੇ ਬਹਿ ਬਹਿ ਸਜਿਆ, ਕਾਇਆ ਧਰਤੀ ਰਹੀ ਮੌਲ। ਲੱਖ ਚੁਰਾਸੀ ਜੋ ਘੜਿਆ ਸੋ ਭੱਜਿਆ, ਪ੍ਰਭ ਤੋਲਣਹਾਰਾ ਪੂਰੇ ਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਵਜਾਏ ਮਰਦੰਗਾ ਸਾਚਾ ਢੋਲ। ਨਾਮ ਮਰਦੰਗ ਹਰਿ ਵਜਾ, ਲੋਆਂ ਪੁਰੀਆਂ ਰਿਹਾ ਸੁਣਾਈਆ। ਮਨ ਮੁਗਧ ਗੂੜ੍ਹੀ ਨੀਂਦ ਰਹੇ ਸਵਾ, ਉਪਰ ਮਾਇਆ ਪੜਦਾ ਪਾਈਆ। ਗੁਰਮੁਖ ਸਾਚੇ ਲਏ ਜਗਾ, ਆਤਮ ਬ੍ਰਹਮ ਜਣਾਈਆ। ਜੋਤ ਨਿਰੰਜਣ ਇਕ ਟਿਕਾ, ਦੀਪਕ ਦੀਪ ਕਰੇ ਰੁਸ਼ਨਾਈਆ। ਨੇਤਰ ਨੈਣਾਂ ਵੇਖ ਵਖਾ, ਸਾਕ ਸੈਣ ਭੈਣਾ ਭਾਈਆ। ਸਾਚਾ ਗਹਿਣਾ ਤਨ ਪਹਿਨਾ, ਹਾਰ ਸ਼ਿੰਗਾਰ ਆਪ ਕਰਾਈਆ। ਦਰ ਘਰ ਸਾਚੇ ਬਹਿਣਾ ਇਕ ਸਿਖਾ, ਸਿੱਖੀ ਸਿਖਿਆ ਰਿਹਾ ਸਮਝਾਈਆ। ਗੋਬਿੰਦ ਮੇਲਾ ਦਏ ਮਿਲਾ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਕਲਗੀ ਤੋੜਾ ਦਏ ਦਿਖਾ, ਸੀਸ ਜਗਦੀਸ ਆਪ ਟਿਕਾਈਆ। ਸਾਚੇ ਘੋੜੇ ਦਏ ਚੜ੍ਹਾ, ਸੋਲਾਂ ਕਲੀਆਂ ਆਸਣ ਲਾਈਆ। ਪਹਿਲਾ ਪੌੜਾ ਆਪ ਵਖਾ, ਪਦ ਚੌਥੇ ਜਨ ਸਮਾਈਆ। ਮਿੱਠਾ ਕੌੜਾ ਵੇਖ ਵਖਾ, ਕਲਜੁਗ ਅੰਤਮ ਦਏ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਡੰਕ ਨਾਮ ਨਗਾਰਾ, ਚਾਰ ਕੁੰਟ ਰਿਹਾ ਵਜਾਈਆ। ਨਾਮ ਨਗਾਰਾ ਅਨਹਦ ਢੋਲ, ਅਨਾਦੀ ਪੁਰਖ ਵਜਾਇਆ। ਨੌਂ ਖੰਡ ਪ੍ਰਿਥਮੀ ਤੇਰਾ ਰਚਿਆ ਘੋਲ, ਸੱਤਾਂ ਦੀਪਾਂ ਅਖਾੜਾ ਇਕ ਬਣਾਇਆ। ਸੰਮਤ ਪੰਦਰਾਂ ਹੱਲਾ ਰਿਹਾ ਬੋਲ, ਅਲਖ ਨਿਰੰਜਣ ਏਕਾ ਅਲਖ ਜਗਾਇਆ। ਕਾਇਆ ਗਠੜੀ ਸਭ ਦੀ ਰਿਹਾ ਫੋਲ, ਨਾਮ ਵਸਤ ਕੋਈ ਨਾ ਕੋਲ ਰਖਾਇਆ। ਕਲਜੁਗ ਵਿਕਾਰਾ ਅੰਦਰੇ ਅੰਦਰ ਰਿਹਾ ਬੋਲ, ਪੰਜ ਤਤ ਰਿਹਾ ਸ਼ਰਮਾਇਆ। ਮਨਮੁਖ ਜੀਵ ਰਹੇ ਅਨਭੋਲ, ਕਲਜੁਗ ਵੇਲਾ ਅੰਤਮ ਆਇਆ। ਪੁਰਖ ਅਬਿਨਾਸ਼ੀ ਸਚ ਦਵਾਰਾ ਏਕਾ ਖੋਲ੍ਹ, ਏਕਾ ਰਿਹਾ ਵਣਜ ਕਰਾਇਆ। ਅੰਮ੍ਰਿਤ ਆਤਮ ਦੇਵੇ ਸਾਚੀ ਪੌਹਲ, ਏਕਾ ਸਾਚਾ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਮਰਦੰਗਾ ਹੱਥ ਫੜ, ਤ੍ਰੈ ਲੋਕਾਂ ਰਿਹਾ ਸੁਣਾਇਆ। ਤ੍ਰੈ ਲੋਕਾਂ ਹਰਿ ਜਣਾਈ, ਅਵਣ ਗਵਣ ਮਿਟਾਇਆ। ਚੌਦਾਂ ਲੋਕਾਂ ਰਿਹਾ ਉਠਾਈ, ਆਪ ਆਪਣਾ ਵੇਖ ਵਖਾਇਆ। ਚੌਦਾਂ ਤਬਕਾਂ ਰਿਹਾ ਹਿਲਾਈ, ਚਾਰ ਯਾਰ ਸੰਗ ਮੁਹੰਮਦ ਦਏ ਦੁਹਾਇਆ। ਲੋਕਮਾਤ ਲਏ ਅੰਗੜਾਈ, ਗੁਰ ਗੋਬਿੰਦ ਵੇਖ ਵਖਾਇਆ । ਨਾਨਕ ਸ਼ਬਦ ਕਰੀ ਕੁੜਮਾਈ, ਜੋਤ ਨਿਰੰਜਣ ਤੇਲ ਚੜ੍ਹਾਇਆ। ਪੰਚਮ ਸਖੀਆਂ ਗਾਇਣ ਚਾਈਂ ਚਾਈਂ, ਸਾਚੇ ਮੰਦਰ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਾਓ ਰੰਕਾਂ ਰਿਹਾ ਸੁਣਾਇਆ। ਏਕ ਡੰਕ ਸ਼ਬਦ ਜੈਕਾਰਾ, ਹਰਿ ਸਾਚਾ ਆਪ ਸੁਣਾਇੰਦਾ। ਮਾਨਸ ਮਾਨੁਖ ਗਏ ਹਾਰਾ, ਲੇਖਾ ਕੋਇ ਨਾ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਕਰ ਕਰ ਵੇਸ ਪੰਜ ਤਤ ਕਰੇ ਸ਼ਿੰਗਾਰਾ, ਅੱਠ ਤਤ ਰਹਿਣ ਨਾ ਪਾਇੰਦਾ। ਨੌਂ ਦਰ ਤੇਰਾ ਜਗਤ ਦਵਾਰਾ, ਮਨ ਮਤ ਘਰ ਸੁਹਾਇੰਦਾ। ਗੁਰਮੁਖ ਸੋਹੇ ਸਚ ਦਵਾਰਾ, ਨਰ ਨਿਰੰਕਾਰਾ ਵੇਖ ਵਖਾਇੰਦਾ। ਮਿਲੇ ਮੇਲ ਅਗੰਮ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਸੋਹੰ ਸ਼ਬਦ ਤੇਰਾ ਸਚ ਨਗਾਰਾ, ਸੋ ਪੁਰਖ ਆਪ ਵਜਾਇੰਦਾ। ਹੰ ਹੰਗਤਾ ਰੋਗ ਨਿਵਾਰਾ, ਸਾਚੀ ਸੰਗਤਾ ਮੇਲ ਮਿਲਾਇੰਦਾ। ਜੋ ਜਨ ਢਹਿ ਪਏ ਦਵਾਰਾ, ਕਾਲ ਮਹਾਂਕਾਲ ਨੇੜ ਨਾ ਆਇੰਦਾ। ਭਵ ਸਾਗਰ ਕਰਾਏ ਪਾਰ ਕਿਨਾਰਾ, ਕਾਇਆ ਗਾਗਰ ਵੇਖ ਵਖਾਇੰਦਾ। ਏਕਾ ਦੇਵੇ ਸ਼ਬਦ ਹੁਲਾਰਾ, ਦਸਮ ਦਵਾਰੀ ਡੇਰਾ ਲਾਇੰਦਾ। ਦਸਮ ਦਵਾਰੀ ਅਧਵਿਚਕਾਰਾ, ਪ੍ਰਭ ਸਾਚਾ ਖੇਲ ਖਿਲਾਇੰਦਾ। ਸੁਨ ਅਗੰਮੋ ਪਾਰ ਕਿਨਾਰਾ, ਸੋਹੰ ਦੇਸ ਸੁਹਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਾ ਕੋਈ ਬਣਤ ਬਣਾਇੰਦਾ। ਮਿਲੇ ਮੇਲ ਇਕ ਏਕੰਕਾਰਾ, ਏਕਾ ਏਕ ਅਖਵਾਇੰਦਾ। ਆਪ ਸੁਹਾਏ ਸਚ ਦਵਾਰਾ, ਦਰ ਦਰਬਾਰੀ ਆਪ ਹੋ ਜਾਇੰਦਾ। ਸੰਤ ਸੁਹੇਲੇ ਕਰ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਕ ਸਚ ਨਗਾਰਾ, ਗੁਰਮੁਖ ਸਾਚੇ ਆਪ ਸੁਣਾਇੰਦਾ। ਕਲਜੁਗ ਮਾਇਆ ਰਹੀ ਜਾਗ, ਮਨਮੁਖਾਂ ਰਹੀ ਸਵਾਈਆ। ਘਰ ਘਰ ਅੰਦਰ ਲਾਏ ਆਗ, ਪੰਜ ਤਤ ਜੁਦਾਈਆ। ਅੱਠੇ ਪਹਿਰ ਰਹੀ ਭਾਗ, ਵੇਲਾ ਅੰਤਮ ਆਈਆ। ਅੰਦਰ ਮੰਦਰ ਦੀਪਕ ਜੋਤ ਨਾ ਜਗੇ ਚਿਰਾਗ, ਧੂੰਆਂਧਾਰ ਵਖਾਈਆ। ਮਾਨਸ ਹੋਏ ਹੰਸ ਕਾਗ, ਜਿਹਵਾ ਕਾਗ ਵਾਂਗ ਕੁਰਲਾਈਆ। ਕਾਇਆ ਚੋਲੀ ਲੱਗਾ ਦਾਗ਼, ਨਾ ਕੋਈ ਮਾਤ ਧੁਆਈਆ। ਗੁਰਸਿਖਾਂ ਕਰਾਏ ਚਰਨ ਧੂੜੀ ਮਜਨ ਮਾਘ, ਆਪ ਆਪਣੀ ਦਇਆ ਕਮਾਈਆ। ਸੋਹੰ ਸ਼ਬਦ ਤਨ ਬੰਨ੍ਹੇ ਸਾਚਾ ਤਾਗ, ਧੁਰ ਦਰਗਾਹੀ ਵੇਖ ਵਖਾਈਆ। ਮਨ ਉਪਜਾਏ ਇਕ ਵੈਰਾਗ, ਮਨ ਤਨ ਲੇਖੇ ਲਾਈਆ। ਆਪ ਆਪਣੇ ਹੱਥ ਰੱਖੇ ਵਾਗ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਧੁਨ ਆਤਮਕ ਮਾਰੇ ਏਕਾ ਅਨਾਦੀ ਆਵਾਜ਼, ਹਰਿਜਨ ਸੋਏ ਰਿਹਾ ਜਗਾਈਆ। ਸੰਬਲ ਦੇਸ ਲਾਉਣਾ ਭਾਗ, ਗੁਰ ਗੋਬਿੰਦ ਨੇਤਰ ਨੈਣਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਮ ਮਰਦੰਗਾ ਰਿਹਾ ਵਜਾਈਆ। ਤਨ ਮੰਦਰ ਜਨ ਸਚ ਗ੍ਰਹਿ, ਹਰਿ ਮੰਦਰ ਹਰਿ ਰਘੁਰਾਈਆ। ਪੁਰਖ ਅਬਿਨਾਸ਼ੀ ਏਕਾ ਰਹੈ, ਦਿਵਸ ਰੈਣ ਸੇਜ ਵਛਾਈਆ। ਅੰਮ੍ਰਿਤ ਆਤਮ ਵਹਾਏ ਸਾਚੀ ਨੈਂ, ਏਕਾ ਧਾਰਾ ਰਿਹਾ ਚਲਾਈਆ। ਸ਼ਬਦ ਅਨਾਦੀ ਏਕਾ ਕਹਿ, ਰਾਗ ਰਾਗਨੀ ਭੇਵ ਨਾ ਪਾਈਆ। ਦਰਸ ਅਮੋਘਾ ਏਕਾ ਦਏ, ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਇਕ ਸੁਹਾਈਆ। ਕਾਇਆ ਮੰਦਰ ਸਾਚਾ ਗ੍ਰਹਿ, ਸਾਚੀ ਪੂਜ ਪੁਜਾਈਆ। ਏਕਾ ਅੱਖਰ ਏਕਾ ਨਾਮ ਅਬਿਨਾਸ਼ੀ ਕਰਤਾ ਆਪਣਾ ਲਏ, ਏਕਾ ਦੂਜਾ ਭੇਵ ਮਿਟਾਈਆ। ਤੀਜੇ ਨੇਤਰ ਕਾਇਆ ਖੇਤਰ ਵੇਖਣਹਾਰ ਆਪੇ ਰਹੇ, ਘਰ ਚੌਥੇ ਬੂਝ ਬੁਝਾਈਆ। ਪੰਚਮ ਮੇਲਾ ਹਰਿ ਗੁਣ ਕਹੇ, ਸ਼ਬਦੀ ਸ਼ਬਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਸਾਚਾ ਘਰ, ਦਰ ਮੰਦਰ ਇਕ ਸੁਹਾਈਆ। ਸਾਚੇ ਮੰਦਰ ਸਾਚਾ ਹਵਨ, ਪ੍ਰਭ ਸਾਚਾ ਆਪ ਕਰਾਇੰਦਾ। ਆਹੂਤੀ ਪਾਏ ਅਵਣ ਗਵਣ, ਆਪ ਆਪਣੀ ਦਇਆ ਕਮਾਇੰਦਾ। ਸੇਵਾ ਲਾਏ ਪਵਣੀ ਪਵਣ, ਪਵਣ ਸਵਾਸੀ ਲੇਖੇ ਲਾਇੰਦਾ। ਦਾਤਾ ਦਾਨੀ ਦੁਸ਼ਟ ਦਮਨ, ਹੰਕਾਰ ਵਿਕਾਰਾ ਮੇਟ ਮਿਟਾਇੰਦਾ। ਜੂਠ ਝੂਠ ਰਾਮ ਰਵਣ, ਰਾਮ ਰਾਮਾ ਆਪ ਅਖਵਾਇੰਦਾ। ਏਕਾ ਏਕ ਨੁਹਾਏ ਸਾਚਾ ਨਹਾਵਣ, ਦੁਰਮਤ ਮੈਲ ਗਵਾਇੰਦਾ। ਬਿਨ ਹਰਿ ਸੰਤ ਨਾ ਜਾਣੇ ਕੋਇ ਕਵਣ, ਮੂਰਖ ਮੂੜ੍ਹ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਸਾਚਾ ਗ੍ਰਹਿ ਧਾਮ ਅਵੱਲਾ, ਆਤਮ ਸੇਜਾ ਇਕ ਸੁਹਾਇੰਦਾ। ਕਾਇਆ ਮੰਦਰ ਸ਼ਬਦ ਬਿਬਾਣਾ, ਹਰਿ ਸਾਚਾ ਆਪ ਰਖਾਇੰਦਾ। ਜਨ ਭਗਤਾਂ ਦੇਵੇ ਧੁਰ ਫ਼ਰਮਾਣਾ, ਬੋਧ ਅਗਾਧਾ ਆਪ ਜਣਾਇੰਦਾ। ਭਰਮ ਭੁਲਾਏ ਰਾਜਾ ਰਾਣਾ, ਸ਼ਾਹ ਸੁਲਤਾਨਾਂ ਦਿਸ ਨਾ ਆਇੰਦਾ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਚਰਨ ਚਰਨੋਦਕ ਮੁਖ ਪਿਆਇੰਦਾ। ਅੰਮ੍ਰਿਤ ਆਤਮ ਦੇਵੇ ਨਾਮ ਨਿਧਾਨਾ, ਸਰਗੁਣ ਮੇਲ ਮਿਲਾਇੰਦਾ। ਪਾਰ ਕਰਾਏ ਦੋ ਜਹਾਨਾਂ, ਲੱਖ ਚੁਰਾਸੀ ਫੰਦ ਕਟਾਇੰਦਾ। ਨਾਮ ਨਿਰੰਜਣ ਦੇਵੇ ਸਚ ਨਿਸ਼ਾਨਾ, ਏਕਾ ਅਲਖ ਜਗਾਇੰਦਾ। ਵੇਖੇ ਖੇਲ ਗੋਪੀ ਕਾਹਨਾ, ਮੰਡਲ ਮੰਡਪ ਰਾਸ ਰਚਾਇੰਦਾ। ਹਰਿਜਨ ਦੇਵੇ ਪਦ ਨਿਰਬਾਣਾ, ਪਰਮ ਪੁਰਖ ਸਮਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਖੇਲਣਹਾਰ ਦਿਸ ਨਾ ਆਇੰਦਾ। ਜਨ ਭਗਤਾਂ ਏਕਾ ਮੇਲਾ ਮੇਲ ਸ੍ਰੀ ਭਗਵਾਨਾ, ਏਕਾ ਦੂਜਾ ਭਓ ਮਿਟਾਇੰਦਾ। ਤੀਜੇ ਨੇਤਰ ਇਕ ਗਿਆਨਾ, ਘਰ ਚੌਥਾ ਆਪ ਸੁਹਾਇੰਦਾ। ਪੰਚਮ ਸੁਣਾਏ ਸਾਚਾ ਗਾਣਾ, ਅਨਹਦ ਸੇਵਾ ਲਾਇੰਦਾ। ਛੇਵੇਂ ਦਰ ਪੁਰਖ ਸੁਲਤਾਨਾ, ਆਪ ਆਪਣਾ ਰੂਪ ਵਟਾਇੰਦਾ। ਸੱਤਵੇਂ ਘਰ ਗੁਣ ਨਿਧਾਨਾ, ਸਤਿ ਪੁਰਖਾ ਨਾਉਂ ਧਰਾਇੰਦਾ। ਅੱਠਾਂ ਤਤਾਂ ਬੇਪਛਾਨਾ, ਭੇਵ ਕੋਈ ਨਾ ਪਾਇੰਦਾ। ਨੌਂ ਦਰ ਭੌਂਦੇ ਜੀਵ ਨਾਦਾਨਾ, ਸਾਧਾਂ ਸੰਤਾਂ ਵਿਚ ਫਿਰਾਇੰਦਾ। ਦਸਵੇਂ ਜੋਤ ਪਰਕਾਸ਼ ਏਕਾ ਏਕ ਖੇਲੇ ਖੇਲ ਮਹਾਨਾ, ਹਰਿ ਸਾਜਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਸਾਚਾ ਮੰਦਰ, ਗੁਰਦਵਾਰਾ ਇਕ ਸੁਹਾਇੰਦਾ। ਗੁਰੂਦਵਾਰਾ ਸਾਚਾ ਮੰਦਰ, ਪ੍ਰਭ ਸਾਚੇ ਜੋਤ ਜਗਾਈਆ। ਭਾਗ ਲਗਾਏ ਡੂੰਘੀ ਕੰਦਰ, ਦਿਵਸ ਰੈਣ ਕਰੇ ਰੁਸ਼ਨਾਈਆ। ਆਪੇ ਤੋੜਨਹਾਰਾ ਜੰਦਰ, ਆਪੇ ਬੰਦ ਕਰਾਈਆ। ਮੇਲ ਮਿਲਾਵਾ ਅੰਦਰੇ ਅੰਦਰ, ਆਤਮ ਤਾਕੀ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਜਗ ਮੇਲ ਹਰਿ, ਆਪ ਆਪਣੀ ਬੂਝ ਬੁਝਾਈਆ। ਜਗ ਮੇਲੇ ਜੋਗ ਜੁਗਤ ਹੈ, ਪਾਰਬ੍ਰਹਮ ਅਨਾਥਾ। ਜਨ ਭਗਤਾਂ ਦੇਵੇ ਸਾਚੀ ਮੁਕਤ ਹੈ, ਦੋ ਜਹਾਨਾਂ ਸਗਲਾ ਸਾਥਾ। ਬੇਮੁਖ ਨਾ ਜਾਣੇ ਮੂਰਖ ਮੁਗਧ ਹੈ, ਮਿਲੇ ਨਾਮ ਨਾ ਸੱਚਾ ਰਾਥਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਮੀਤ ਦਰ, ਦਰਸ ਦਿਖਾਏ ਦਇਆ ਕਮਾਏ ਸਗਲ ਵਸੂਰਾ ਲਾਥਾ। ਸਗਲ ਵਸੂਰਾ ਚਿੰਤ ਰੋਗ ਮਿਟਾਇੰਦਾ। ਦੇਵੇ ਦਰਸ ਇਕ ਅਮੋਘ, ਹਉਮੇ ਰੋਗ ਗਵਾਇੰਦਾ। ਨਾਮ ਚੁਗਾਏ ਸਾਚੀ ਚੋਗ, ਕਾਗ ਹੰਸ ਬਣਾਇੰਦਾ। ਮਿਲਿਆ ਮੇਲ ਧੁਰ ਸੰਜੋਗ, ਜਗਤ ਵਿਛੋੜਾ ਮਾਤ ਕਟਾਇੰਦਾ। ਆਤਮ ਸੇਜਾ ਸਾਚਾ ਰਸ ਏਕਾ ਭੋਗ, ਹਰਿ ਭੋਗੀ ਆਪ ਭੁਗਾਇੰਦਾ। ਸਤਿ ਪੁਰਖ ਆਪ ਜਣਾਏ ਆਪਣਾ ਜੋਗ, ਆਪ ਆਪਣੀ ਭਗਤੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਸਾਚਾ ਵਰ, ਦਰ ਸੁਹੰਜਣਾ ਇਕ ਵਖਾਇੰਦਾ। ਗੁਰਮੁਖ ਕਾਇਆ ਦਰ ਸੁਹੰਜਣਾ, ਹਰਿ ਸ਼ਬਦ ਵੱਜੇ ਵਧਾਈਆ। ਦੀਪਕ ਜੋਤੀ ਜਗੇ ਨਿਰੰਜਣਾ, ਅੰਧ ਅੰਧੇਰ ਮਿਟਾਈਆ। ਮਿਲੇ ਮੇਲ ਦਰਦ ਦੁੱਖ ਭੈ ਭੰਜਨਾ, ਸਹਿੰਸਾ ਰੋਗ ਰਹੇ ਨਾ ਰਾਈਆ। ਕਾਲ ਨਗਾਰਾ ਲੱਖ ਚੁਰਾਸੀ ਅੰਤਮ ਸਿਰ ਤੇ ਵੱਜਣਾ, ਥਿਰ ਕੋਈ ਰਹਿਣ ਨਾ ਪਾਈਆ। ਜੋ ਘੜਿਆ ਸੋ ਭੱਜਣਾ, ਰਾਏ ਧਰਮ ਦਏ ਸਜ਼ਾਈਆ। ਗੁਰਮੁਖ ਤੇਰਾ ਗੁਰ ਪੂਰੇ ਪੜਦਾ ਕੱਜਣਾ, ਨਾਮ ਦੋਸ਼ਾਲਾ ਉਪਰ ਪਾਈਆ। ਮਿਲਿਆ ਮੇਲ ਹਰਿ ਸਾਚੇ ਸੱਜਣਾ, ਨਰ ਨਰਾਇਣ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਬੈਠਾ ਵੜ, ਦਿਸ ਕਿਸੇ ਨਾ ਆਈਆ। ਹਰਿਜਨ ਮੰਦਰ ਸਚ ਮਹੱਲਾ, ਹਰਿ ਸਾਚੀ ਰਚਨ ਰਚਾਈਆ। ਆਪੇ ਬੈਠਾ ਇਕ ਇਕੱਲਾ, ਅਕਲ ਕਲਾ ਅਖਵਾਈਆ। ਕਿਸੇ ਹੱਥ ਨਾ ਆਵੇ ਜਲਾਂ ਥਲਾਂ, ਉਚੇ ਟਿੱਲੇ ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜੀ ਕੋਟਨ ਕੋਟ ਰਹੇ ਫੇਰੀਆਂ ਪਾਈਆ। ਜਨ ਭਗਤ ਦਵਾਰਾ ਆਪੇ ਮੱਲਾ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਸ਼ਬਦੀ ਪਵਣਾ ਰਲਾ, ਰੂਪ ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੰਦਰ ਸਾਚਾ ਸਰ, ਸਰ ਸਰੋਵਰ ਇਕ ਸੁਹਾਈਆ। ਸਰ ਸਰੋਵਰ ਸਾਚਾ ਤਾਲ, ਕਾਇਆ ਨਗਰ ਖੇੜਾ। ਮਾਣਕ ਮੋਤੀ ਰਿਹਾ ਉਛਾਲ, ਜਨ ਭਗਤਾਂ ਬੰਨ੍ਹੇ ਮਾਤ ਬੇੜਾ। ਏਕਾ ਦਏ ਨਾਮ ਦਲਾਲੀ ਵਡ ਕਿਰਪਾਲ, ਲੱਖ ਚੁਰਾਸੀ ਆਵਣ ਜਾਵਣ ਚੁੱਕੇ ਗੇੜਾ। ਜਗਤ ਵਿਛੜੇ ਜੁਗ ਲਏ ਭਾਲ, ਕਲਜੁਗ ਅੰਤਮ ਕਰੇ ਨਿਬੇੜਾ। ਫਲ ਲਗਾਏ ਕਾਇਆ ਡਾਲ੍ਹ, ਜੂਠ ਝੂਠ ਪੰਚਮ ਚੁਕਾਏ ਝੇੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਘਰ, ਸਾਚਾ ਮੰਦਰ ਅੰਦਰ ਨਰ ਨਰਾਇਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦਵਾਰ ਹਰਿ ਨਿਰੰਕਾਰ ਇਕ ਵਖਾਏ ਖੁੱਲ੍ਹਾ ਵਿਹੜਾ ।