Granth 09 Likhat 077: 12 Chet 2017 Bikarmi Bibi Banti Pind Noshehra Jila Gurdaspur

੧੨ ਚੇਤ ੨੦੧੭ ਬਿਕ੍ਰਮੀ ਬੀਬੀ ਬੰਤੀ ਪਿੰਡ ਨੌਸ਼ੈਹਿਰਾ ਜ਼ਿਲਾ ਗੁਰਦਾਸ ਪੁਰ

ਈਸ਼ ਜੀਵ ਉਪਾਇਆ, ਖੇਲ ਅਗੰਮ ਅਪਾਰ। ਜਗਦੀਸ਼ ਖੇਲ ਰਚਾਇਆ, ਜੁਗ ਜੁਗ ਵੇਖਣਹਾਰ। ਬ੍ਰਹਮ ਆਪਣਾ ਰੰਗ ਰੰਗਾਇਆ, ਪਾਰਬ੍ਰਹਮ ਗੁਰ ਕਰਤਾਰ। ਜਨਮ ਮਰਨ ਖੇਲ ਖਿਲਾਇਆ, ਲੱਖ ਚੁਰਾਸੀ ਕਰ ਪਸਾਰ। ਆਪ ਆਪਣਾ ਬਿਰਧ ਧਰਾਇਆ, ਜੀਵ ਪਾਵੇ ਨਾ ਕੋਈ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਆਤਮ ਬ੍ਰਹਮ ਉਪਾਇੰਦਾ, ਪਾਰਬ੍ਰਹਮ ਵੱਡੀ ਵਡਿਆਈਆ। ਲੱਖ ਚੁਰਾਸੀ ਵਿਚ ਟਿਕਾਇੰਦਾ, ਪੰਜ ਤਤ ਕਰ ਕੁੜਮਾਈਆ। ਹੁਕਮੀ ਹੁਕਮ ਆਪ ਫਿਰਾਇੰਦਾ, ਅਜੂਨੀ ਜੂਨ ਆਪ ਫਿਰਾਈਆ। ਕਰਮ ਧਰਮ ਆਪ ਜਣਾਇੰਦਾ, ਵਰਨ ਬਰਨ ਵੇਖ ਵਖਾਈਆ। ਸਾਚੇ ਮਾਰਗ ਆਪੇ ਜਾਣਦਾ, ਦੇ ਮਤ ਰਿਹਾ ਸਮਝਾਈਆ। ਕੂੜੀ ਕਿਰਿਆ ਜਗਤ ਪਛਾੜਦਾ, ਕੂੜਾ ਧੰਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੇਖ ਲਿਖਾਈਆ। ਆਤਮ ਬ੍ਰਹਮ ਹਰਿ ਕਰਤਾਰ, ਈਸ਼ ਜੀਵ ਉਪਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਜੀਵ ਜੰਤ ਵੇਖ ਵਖਾਇਆ। ਘਟ ਘਟ ਅੰਦਰ ਹੋ ਉਜਿਆਰ, ਦੀਵਾ ਬਾਤੀ ਆਪ ਜਗਾਇਆ। ਸਾਚਾ ਸਾਕੀ ਹਰਿ ਨਿਰੰਕਾਰ, ਅੰਮ੍ਰਿਤ ਜਾਮ ਆਪ ਪਿਆਇਆ। ਆਪੇ ਸੁੱਤਾ ਪੈਰ ਪਸਾਰ, ਖ਼ਾਕੀ ਖ਼ਾਕ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣਾ ਰੰਗ ਰੰਗਾਇਆ। ਜੀਵ ਈਸ਼ ਆਤਮ ਧਾਰ, ਹਰਿ ਹਰਿ ਆਪ ਉਪਜਾਈਆ। ਸਤਿ ਸਤਿਵਾਦੀ ਸਾਚੀ ਕਾਰ, ਜੁਗ ਜੁਗ ਆਪ ਕਰਾਈਆ। ਲੱਖ ਚੁਰਾਸੀ ਵਸਣਹਾਰ, ਸੇਵਕ ਸੇਵਾ ਸਚ ਕਮਾਈਆ। ਬ੍ਰਹਮ ਆਤਮ ਏਕਾ ਧਾਰ, ਅਸਥਾਨ ਭੂਮਕਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਉਂ ਥਾਈਂਆ। ਪਾਰਬ੍ਰਹਮ ਬ੍ਰਹਮ ਪਾਇਆ, ਘਰ ਮੰਦਰ ਬੰਕ ਦੁਆਰ। ਪਾਰਬ੍ਰਹਮ ਪ੍ਰਭ ਮੁਖ ਭਵਾਇਆ, ਦਿਸ ਨਾ ਆਏ ਅੰਧ ਅੰਧਿਆਰ। ਪਾਰਬ੍ਰਹਮ ਬ੍ਰਹਮ ਸਮਝਾਇਆ, ਏਕਾ ਸ਼ਬਦੀ ਸ਼ਬਦ ਧੁਨਕਾਰ। ਪਾਰਬ੍ਰਹਮ ਬ੍ਰਹਮ ਸੁਹਾਇਆ, ਆਪ ਆਪਣਾ ਪਰਦਾ ਡਾਰ। ਪੁਰਖ ਅਬਿਨਾਸ਼ੀ ਭੇਵ ਨਾ ਆਇਆ, ਖੇਲੇ ਖੇਲ ਅਗੰਮ ਅਪਾਰ। ਲੱਖ ਚੁਰਾਸੀ ਵੇਖ ਵਖਾਇਆ, ਕੀਟ ਕੀਟਾਂ ਕਰ ਪਸਾਰ। ਸ਼ਾਹ ਸੁਲਤਾਨਾ ਰੂਪ ਵਟਾਇਆ, ਸਤਿਗੁਰ ਨਾਮ ਬਣ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪ ਕਰਤਾਰ। ਲੇਖਾ ਹਰਿ ਕਰਤਾਰ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਲੱਖ ਚੁਰਾਸੀ ਕਰ ਉਜਿਆਰ, ਘਰ ਘਰ ਦੀਪ ਆਪ ਟਿਕਾਇੰਦਾ। ਕਮਲਾਪਾਤੀ ਖੇਲ ਅਪਾਰ, ਧੁਰ ਦੀ ਰਾਣੀ ਆਪ ਕਰਾਇੰਦਾ। ਡੂੰਘੀ ਕੰਦਰ ਬਹਿ ਬਹਿ ਮਾਰੇ ਝਾਕੀ, ਨਿਰੰਕਾਰਾ ਆਪਣੀ ਤਾਕੀ ਆਪ ਖੁਲ੍ਹਾਇੰਦਾ। ਲਹਿਣਾ ਦੇਣਾ ਜਾਣੇ ਬਾਕੀ, ਵਾਹ ਵਾਹ ਜੁਗਾ ਜੁਗੰਤਰ ਵੇਸ ਵਟਾਇੰਦਾ। ਸਾਚਾ ਸਾਕੀ ਮੀਤ ਮੁਰਾਰ, ਅੰਮ੍ਰਿਤ ਪਿਆਲਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪ ਸੁਹਾਇੰਦਾ। ਆਤਮ ਬ੍ਰਹਮ ਬ੍ਰਹਮ ਵਿਛੋੜਿਆ, ਪਾਰਬ੍ਰਹਮ ਬੇਅੰਤ। ਆਪਣਾ ਜੋੜਾ ਆਪੇ ਜੋੜਿਆ, ਗੁਰਮੁਖ ਵਿਰਲੇ ਸਾਜਣ ਸੰਤ। ਆਪੇ ਬਖ਼ਸ਼ੇ ਸਾਚਾ ਘੋੜਿਆ, ਨਾਮ ਸੁਣਾਏ ਸੁਹਾਗੀ ਛੰਤ। ਆਪੇ ਦਰ ਦੁਆਰੇ ਦੇਵੇ ਹੋੜਿਆ, ਮਾਇਆ ਪਾਏ ਬੇਅੰਤ। ਆਪੇ ਚੜ੍ਹਾਏ ਸਾਚੇ ਪੌੜਿਆ, ਲੇਖਾ ਜਾਣੇ ਆਦਿ ਅੰਤ। ਆਪੇ ਵੇਖੇ ਰਸ ਮਿੱਠਾ ਕੌੜਿਆ, ਹਰਿ ਹਰਿ ਮਹਿਮਾ ਗਣਤ ਅਗਣਤ। ਆਪੇ ਫਿਰੇ ਦੋ ਜਹਾਨਾਂ ਦੌੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਭਗਵੰਤ। ਭਗਵਨ ਹਰਿ ਭਗਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਬ੍ਰਹਮ ਵੇਖ ਮਾਤ ਨਿਸ਼ਾਨ, ਜੀਵ ਈਸ਼ ਰੂਪ ਵਟਾਈਆ। ਅੰਤਰ ਆਤਮ ਇਕ ਗਿਆਨ, ਆਤਮ ਬ੍ਰਹਮ ਇਕ ਸਮਝਾਈਆ। ਆਪੇ ਦੇਵਣਹਾਰ ਦਾਨ, ਘਰ ਸਾਚੀ ਵਸਤ ਰਖਾਈਆ। ਆਪੇ ਸਖੀਆਂ ਮਿਲ ਮਿਲ ਮੰਗਲ ਗਾਏ ਕਾਹਨ, ਆਪੇ ਬੈਠਾ ਮੁਖ ਛੁਪਾਈਆ। ਆਪੇ ਬਿਰਧ ਬਾਲ ਨੌਜਵਾਨ, ਆਪੇ ਰੂਪ ਰੰਗ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪਣੀ ਵੰਡ ਵੰਡਾਈਆ। ਲੱਖ ਚੁਰਾਸੀ ਵੰਡੀ ਵੰਡ, ਹਰਿ ਸਾਚੇ ਕਰਮ ਕਮਾਇਆ। ਖੇਲੇ ਖੇਲ ਵਿਚ ਵਰਭੰਡ, ਨੌ ਦਸ ਗਿਆਰਾਂ ਬੀਸ ਤੀਸ ਚਾਰ ਸਗਲਾ ਸੰਗ ਰਖਾਇਆ। ਆਪੇ ਜੇਰਜ ਆਪੇ ਅੰਡ, ਉਤਭੁਜ ਸੇਤਜ ਰੂਪ ਵਟਾਇਆ। ਆਪੇ ਸੁੱਤਾ ਦੇ ਕਰ ਕੰਡ, ਆਪੇ ਸਾਚੀ ਸੇਜ ਹੰਢਾਇਆ। ਆਪੇ ਨਾਰ ਦੁਹਾਗਣ ਹੋਏ ਰੰਡ, ਕੰਤ ਕੰਤੂਹਲ ਆਪ ਸੁਹਾਇਆ। ਆਪੇ ਪੱਲੇ ਬੰਨ੍ਹੇ ਆਪਣੀ ਗੰਢ, ਆਪੇ ਖ਼ਾਲੀ ਹੱਥ ਫਿਰਾਇਆ। ਆਪੇ ਕਰੇ ਖੰਡ ਖੰਡ, ਆਪੇ ਏਕਾ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇਆ। ਲੱਖ ਚੁਰਾਸੀ ਖੇਲ ਨਿਆਰ, ਬ੍ਰਹਮ ਪਾਰਬ੍ਰਹਮ ਕਰਾਈਆ। ਜੀਵ ਈਸ਼ ਕਰ ਤਿਆਰ, ਸਚ ਹਦੀਸ ਇਕ ਪੜ੍ਹਾਈਆ। ਕਰਮ ਨੇਹਕਰਮੀ ਕਰੇ ਵਿਚਾਰ, ਜਨਮ ਜਨਮ ਵੇਖ ਵਖਾਈਆ। ਧਰਮੀ ਧਰਮ ਕਰੇ ਪੁਕਾਰ, ਸਾਚਾ ਧਾਮ ਇਕ ਵਖਾਈਆ। ਏਕਾ ਮੀਤ ਹਰਿ ਕਰਤਾਰ, ਕਾਦਰ ਕਰਤਾ ਕੁਦਰਤ ਵਿਚ ਸਮਾਈਆ । ਏਕਾ ਨਾਮ ਏਕਾ ਨਾਅਰ, ਏਕਾ ਨੂਰ ਡਗਮਗਾਈਆ। ਏਕਾ ਗੁਪਤ ਏਕਾ ਜ਼ਾਹਰ, ਜ਼ਾਹਰ ਜ਼ਹੂਰ ਇਕ ਵਖਾਈਆ। ਪਾਰਬ੍ਰਹਮ ਪ੍ਰਭ ਕਰੇ ਪਿਆਰ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਨਾਮ ਦਏ ਆਧਾਰ, ਦੂਸਰ ਓਟ ਨਾ ਕੋਈ ਤਕਾਈਆ। ਏਕਾ ਕੰਡਾ ਤੋਲਣਹਾਰ, ਸਚ ਤਰਾਜ਼ੂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਤ ਆਪ ਸਮਝਾਇਆ। ਲੇਖਾ ਜਾਣੇ ਪਾਰਬ੍ਰਹਮ, ਪਾਰਬ੍ਰਹਮ ਆਪ ਸਮਝਾਇੰਦਾ। ਪੰਜ ਤਤ ਕਾਇਆ ਤਨ, ਘਰ ਸਾਚਾ ਆਪ ਵਸਾਇੰਦਾ। ਅੰਦਰੇ ਅੰਦਰ ਬੇੜਾ  ਬੰਨ, ਸਾਚੇ ਮੰਦਰ ਆਪ ਟਿਕਾਇੰਦਾ। ਦਿਵਸ ਰੈਣ ਰਾਗ ਸੁਣਾਏ ਕੰਨ, ਸਾਚਾ ਹੁਕਮ ਅਲਾਇੰਦਾ। ਕਰੇ ਪਰਕਾਸ਼ ਸਾਚੇ ਚੰਨ, ਜੋਤ ਨਿਰੰਜਣ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਤਮ ਘਰ ਸੁਹਾਇੰਦਾ। ਬ੍ਰਹਮ ਦਵਾਰਾ ਸਚ ਘਰ, ਸਚ ਸਚ ਟਿਕਾਈਆ। ਬ੍ਰਹਮ ਵੇਖੇ ਚਾਰ ਦਵਾਰ, ਆਤਮ ਬੰਕ ਸੁਹਾਈਆ । ਆਤਮ ਲੋਅ ਕਰ ਉਜਿਆਰ, ਬ੍ਰਹਮ ਅੰਦਰ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਆਪੇ ਵੜ, ਆਪੇ ਵੇਖੇ ਬੇਪਰਵਾਹੀਆ । ਬ੍ਰਹਮ ਅਸਥਾਨ ਆਤਮ ਪਰਕਾਸ਼, ਈਸ਼ ਜੀਵ ਕਰਾਇੰਦਾ। ਆਦਿ ਜੁਗਾਦਿ ਨਾ ਹੋਏ ਵਿਨਾਸ਼, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਆਪਣੀ ਇਛਿਆ ਬਖ਼ਸ਼ੇ ਸਵਾਸ, ਸਾਚੀ ਧਾਰ ਇਕ ਵਿਹਾਇੰਦਾ। ਕਾਇਆ ਗੜ੍ਹ ਪ੍ਰਿਥਮੀ ਆਕਾਸ਼, ਗਗਨ ਮੰਡਲ ਰੂਪ ਵਟਾਇੰਦਾ। ਆਪੇ ਵਸੇ ਆਸ ਪਾਸ, ਸਗਲਾ ਸੰਗ ਆਪ ਨਿਭਾਇੰਦਾ। ਦਾਤਾ ਦਾਨੀ ਸਰਬ ਗੁਣਤਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਸਾਚਾ ਗੜ੍ਹ, ਏਕਾ ਬੰਕ ਸੁਹਾਇੰਦਾ। ਬ੍ਰਹਮ ਨਿਵਾਸਾ ਆਤਮ ਪਰਕਾਸ਼ਾ, ਬ੍ਰਹਮ ਆਤਮ ਵਡ ਵਡਿਆਈਆ। ਪੁਰਖ ਅਬਿਨਾਸ਼ੀ ਵੇਖੇ ਖੇਲ ਤਮਾਸ਼ਾ, ਘਰ ਘਰ ਵਿਚ ਜੋਤ ਜਗਾਈਆ। ਏਕਾ ਦੇਵੇ ਨਾਮ ਭਰਵਾਸਾ, ਨਿਝ ਮੰਦਰ ਆਪ ਉਪਜਾਈਆ। ਏਕਾ ਗੁਣ ਚਲਾਏ ਸਵਾਸ ਸਵਾਸਾ, ਏਕਾ ਰਾਗ ਸੁਣਾਈਆ। ਏਕਾ ਪੂਰੀ ਕਰੇ ਆਸਾ, ਆਸਾ ਆਸਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਲੇਖਾ ਲੇਖੇ ਪਾਈਆ। ਬ੍ਰਹਮ ਲੇਖਾ ਹਰਿ ਭਗਵਾਨ, ਆਦਿ ਜੁਗਾਦਿ ਜਣਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਜੂਨ ਅਜੂਨੀ ਆਪ ਫਿਰਾਇੰਦਾ। ਮਾਨਸ ਮਾਨੁਖ ਦੇਵੇ ਇਕ ਗਿਆਨ, ਆਪ ਆਪਣੀ ਬੂਝ ਬੁਝਾਇੰਦਾ। ਸ਼ਬਦ ਸਰੂਪੀ ਸਾਚਾ ਦਾਨ, ਨਰ ਹਰਿ ਸਾਚੀ ਝੋਲੀ ਪਾਇੰਦਾ। ਅੰਮ੍ਰਿਤ ਬਖ਼ਸ਼ੇ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਇ ਵਖਾਇੰਦਾ। ਘਰ ਵਿਚ ਘਰ ਪਰਕਾਸ਼ ਕਰੇ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਛੋੜਾ ਆਪ ਕਟਾਇੰਦਾ। ਬ੍ਰਹਮ ਵਿਛੋੜਾ ਹਰਿ ਹਰਿ ਪਾ, ਲੱਖ ਚੁਰਾਸੀ ਰਿਹਾ ਭਵਾਈਆ। ਆਦਿ ਜੁਗਾਦਿ ਨਾ ਸਕੇ ਕੋਈ ਛੁਡਾ, ਫੰਦਨ ਫੰਦ ਨਾ ਕੋਈ ਕਟਾਈਆ। ਪੰਜ ਤਤ ਚੋਲੀ ਤਨ ਦਏ ਪਹਿਨਾ, ਪਸ਼ੂ ਪੰਖੀ ਏਕਾ ਰੰਗ ਰੰਗਾਈਆ। ਕੂਕਰ ਸ਼ੂਕਰ ਜੋੜ ਜੁੜਾ, ਤਰਵਰ ਸਰਵਰ ਆਪ ਭਵਾਈਆ। ਮੱਛ ਕੱਛ ਡੇਰਾ ਲਾ, ਗਜ਼ ਆਪਣਾ ਰੂਪ ਵਟਾਈਆ। ਹੰਸਾ ਬੰਸਾ ਚੋਗ ਚੁਗਾ, ਸਹਿੰਸਾ ਆਪਣਾ ਰੂਪ ਵਖਾਈਆ। ਆਪਣੀ ਅੰਸਾ ਵੇਖੇ ਥਾਉਂ ਥਾਂ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਛੋੜਾ ਆਪ ਕਟਾਈਆ। ਆਤਮ ਵਿਛੋੜਾ ਦੇਵੇ ਕੱਟ, ਪਰਮ ਆਤਮ ਵੱਡੀ ਵਡਿਆਈਆ। ਆਪ ਵਖਾਏ ਆਪਣਾ ਹੱਟ, ਕਾਇਆ ਮੰਦਰ ਖੋਲ੍ਹ ਖੁਲ੍ਹਾਈਆ। ਦਰਸ ਦਖਾਏ ਹੋ ਪਰਗਟ, ਨੂਰ ਨੁਰਾਨਾ ਬੇਪਰਵਾਹੀਆ। ਸਾਚਾ ਅੰਮ੍ਰਿਤ ਨਿਝਰ ਦੇਵੇ ਝੱਟ, ਆਪ ਆਪਣੀ ਸੇਵ ਕਮਾਈਆ। ਆਤਮ ਸੁਹਾਏ ਸਾਚੀ ਖਾਟ, ਬ੍ਰਹਮ ਥਾਨ ਇਕ ਵਡਿਆਈਆ। ਪੂਰ ਕਰਾਏ ਆਪੇ ਘਾਟ, ਈਸ਼ ਜੀਵ ਝੋਲੀ ਪਾਈਆ। ਆਤਮ ਰਸ ਲਏ ਚਾਟ, ਪੁਰਖ ਅਬਿਨਾਸ਼ੀ ਆਪ ਚਟਾਈਆ। ਆਪੇ ਵੇਖੇ ਨੇੜੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੰਦ ਆਪ ਕਟਾਈਆ। ਪਾਰਬ੍ਰਹਮ ਫੰਦ ਕੱਟਣਹਾਰਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਜੁਗਾ ਜੁਗੰਤਰ ਖੇਲ ਅਪਾਰਾ, ਜੁਗ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਧੁਰਦਰਗਾਹੀ ਸੱਚੀ ਧੁਨਕਾਰਾ, ਸ਼ਬਦ ਅਨਾਦੀ ਨਾਦ ਵਜਾਈਆ। ਆਪੇ ਗਾਏ ਸੁਣਾਏ ਸੁਣਨੇਹਾਰਾ, ਅੱਖਰ ਵੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਮੇਲਾ ਮੇਲ ਮਿਲਾਈਆ। ਮੇਲ ਮਿਲਾਵਾ ਹਰਿ ਗੋਬਿੰਦ, ਬ੍ਰਹਮ ਪਾਰਬ੍ਰਹਮ ਕਰਾਇੰਦਾ। ਆਪੇ ਮੇਟੇ ਆਪਣੀ ਚਿੰਦ, ਆਪਣਾ ਲੇਖਾ ਆਪ ਚਲਾਇੰਦਾ। ਆਪੇ ਸਾਗਰ ਆਪ ਸਿੰਧ, ਆਪ ਨੀਰ ਵਰੋਲੇ ਅੰਮ੍ਰਿਤ ਮੇਘ ਆਪ ਬਰਸਾਇੰਦਾ। ਆਪੇ ਸਾਹਿਬ ਗਹਿਰ ਗੰਭੀਰ ਗੁਣੀ ਗਹਿੰਦ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਲੱਖ ਚੁਰਾਸੀ ਲੱਖ ਲੱਖ ਵਾਰ, ਲੱਖ ਲੱਖ ਗੇੜਾ ਆਪ ਦਵਾਇੰਦਾ। ਸਦ ਬੀਸ ਨਾ ਕਰੇ ਕੋਈ ਵਿਚਾਰ, ਬੀਸ ਬੀਸਾ ਆਪ ਫਿਰਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਭੇਦ ਅਭੇਦਾ ਨਾ ਕੋਈ ਖੁਲ੍ਹਾਇੰਦਾ। ਏਕਾ ਨਾਮ ਜਗਦੀਸ਼ ਨਿਰੰਕਾਰ, ਰਸਨਾ ਕਦੇ ਨਾ ਕੋਈ ਸੁਣਾਇੰਦਾ। ਰਾਗ ਛਤੀਸ ਗਏ ਹਾਰ, ਹਰਿ ਕਾ ਰੂਪ ਨਾ ਕੋਈ ਸਲਾਹਿੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਸਿਆ ਬਾਹਰ, ਗੀਤਾ ਗਿਆਨ ਸਰਬ ਕੁਰਲਾਇੰਦਾ। ਖੇਲੇ ਖੇਲ ਆਪ ਆਪਣੀ ਵਾਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਸ਼ਬਦ ਬ੍ਰਹਿਮਾਦ ਬ੍ਰਹਮ ਪਾਵੇ ਸਾਰ, ਲੱਖ ਚੁਰਾਸੀ ਕਾਇਆ ਚੋਲਾ ਫੋਲ ਫੁਲਾਇੰਦਾ। ਈਸ਼ ਜੀਵ ਦਏ ਆਧਾਰ, ਸਾਚਾ ਛਤਰ ਸੀਸ ਝੁਲਾਇੰਦਾ। ਹੰਸ ਬੰਸ ਦਏ ਵਿਚਾਰ, ਰਸਨਾ ਜਿਹਵਾ ਸਰਬ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਆਪ ਕਟਾਇੰਦਾ। ਜਗਤ ਵਿਛੋੜਾ ਕੱਟਣਹਾਰਾ, ਸੋ ਪੁਰਖ ਨਿਰੰਜਣ ਆਪ ਅਖਵਾਇਆ। ਹਰਿ ਪੁਰਖ ਨਿਰੰਜਣ ਖੇਲ ਅਪਾਰਾ, ਏਕੰਕਾਰਾ ਸੇਵਾ ਰਿਹਾ ਕਮਾਇਆ। ਆਦਿ ਨਿਰੰਜਣ ਕਰ ਉਜਿਆਰਾ, ਘਰ ਘਰ ਅੰਧੇਰਾ ਦਏ ਮਿਟਾਇਆ। ਅਬਿਨਾਸ਼ੀ ਕਰਤਾ ਹੋਏ ਖ਼ਬਰਦਾਰਾ, ਆਲਸ ਨਿੰਦਰਾ ਦਏ ਗਵਾਇਆ। ਸ੍ਰੀ ਭਗਵਾਨ ਕਰੇ ਸਚ ਪਿਆਰਾ, ਆਪ ਆਪਣਾ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਬ੍ਰਹਮ ਆਪਣੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਲਿਖਾਇਆ। ਲੱਖ ਚੁਰਾਸੀ ਘਰ ਘਰ , ਬ੍ਰਹਮ ਪਾਰਬ੍ਰਹਮ ਦਿਸ ਨਾ ਆਈਆ। ਤੀਰਥ ਤੱਟਾਂ ਫਿਰ ਫਿਰ ਅੱਕਾ, ਫੜ ਪਾਰ ਨਾ ਕੋਇ ਕਰਾਈਆ। ਸਜਦਾ ਕਰਿਆ ਮਦੀਨਾ ਮੱਕਾ, ਸਾਚਾ ਸੀਸ ਲੇਖੇ ਕੋਇ ਨਾ ਲਾਈਆ। ਸਾਧ ਸੰਤ ਨਾ ਦਿਸੇ ਸਾਕ ਸੱਜਣ ਸੈਣ ਸਕਾ, ਜੋ ਸਾਚੇ ਬੇੜੇ ਦਏ ਚੜ੍ਹਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਦੇਵਣ ਧੱਕਾ, ਸਾਚੀ ਨਈਆ ਨਾ ਕੋਈ ਵਖਾਈਆ। ਜਗਤ ਨੇਤਰ ਨਾ ਦਿਸੇ ਹਰਿ ਅਲੱਖਣਾ ਅਲੱਖਾ, ਲਿਖ ਲਿਖ ਜਿਹਵਾ ਰਹੀ ਗਾਈਆ। ਚਾਰੋਂ ਕੁੰਟ ਨੌ ਖੰਡ ਪ੍ਰਿਥਮੀ ਜਗਤ ਮੰਦਰ ਦਿਸੇ ਢੱਠਾ, ਸਾਚੀ ਜੋਤ ਨਾ ਕੋਈ ਟਿਕਾਈਆ। ਸ਼ਾਹ ਸੁਲਤਾਨਾਂ ਵਿਛਾਇਆ ਸੱਥਰ ਸੱਥਾ, ਸਾਚੀ ਸੇਜ ਨਾ ਕੋਈ ਹੰਢਾਈਆ। ਗੁਰ ਦਰ ਮੰਦਰ ਮਸਜਿਦ ਜੀਵ ਜੰਤ ਹਾਰੇ ਟੇਕ ਟੇਕ ਮੱਥਾ, ਮਸਤਕ ਰੇਖ ਨਾ ਕੋਈ ਮਿਟਾਈਆ। ਲੱਖ ਚੁਰਾਸੀ ਫਿਰ ਫਿਰ ਬ੍ਰਹਮ ਆਤਮ ਜੀਵ ਥੱਕਾ, ਸਚ ਸਿੰਘਾਸਣ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਖੁਲ੍ਹਾਈਆ। ਜੀਵ ਉਪਾਇਆ ਛੋਟਾ ਬਾਲਾ, ਬ੍ਰਹਮ ਚਾਰ ਜੁਗ ਭਵਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਰਾਲਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਅਵੱਲੜੀ ਚਾਲਾ, ਜੁਗ ਜੁਗ ਆਪ ਚਲਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਸਾਚੀ ਸੇਵ ਆਪ ਕਮਾਇੰਦਾ। ਆਪੇ ਹੋਏ ਦੀਨ ਦਿਆਲਾ, ਦੀਨਾ ਬੰਧਪ ਆਪਣਾ ਨਾਉਂ ਧਰਾਇੰਦਾ। ਫਲ ਲਗਾਏ ਸਾਚੇ ਡਾਲਾ, ਪਤਝੜ ਆਪ ਕਰਾਇੰਦਾ। ਆਪੇ ਤੋੜੇ ਜਗਤ ਜੰਜਾਲਾ, ਜਗਤ ਜੰਜਾਲਾ ਆਪੇ ਪਾਇੰਦਾ। ਆਪੇ ਸ਼ਾਹ ਆਪੇ ਕੰਗਾਲਾ, ਆਪੇ ਘਰ ਘਰ ਅਲੱਖ ਜਗਾਇੰਦਾ। ਆਪੇ ਬਣੇ ਸਚ ਦਲਾਲਾ, ਏਕਾ ਵਣਜ ਨਾਮ ਕਰਾਇੰਦਾ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲਾ, ਨਿਤ ਨਵਿਤ ਵੇਸ ਵਟਾਇੰਦਾ। ਆਪੇ ਵਸੇ ਸਚਖੰਡ ਸੱਚੀ ਧਰਮਸਾਲਾ, ਆਪੇ ਲੁਕ ਲੁਕ ਮੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਆਪ ਦਰਸਾਇੰਦਾ। ਬ੍ਰਹਮ ਮੇਲਾ ਗੁਰ ਚੇਲਾ, ਹਰਿ ਘਰ ਸਾਚੇ ਵੱਜੇ ਵਧਾਈਆ। ਸਤਿਗੁਰ ਮੇਲਾ ਸੱਜਣ ਸੁਹੇਲਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਆਵਣ ਜਾਵਣ ਧਰਮ ਰਾਏ ਦੀ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਆਪਣੀ ਹੱਥੀਂ ਸਗਨ ਮਨਾਇਆ ਗੁਰਮੁਖ ਸੱਜਣ ਚਾੜ੍ਹੇ ਤੇਲਾ, ਸਾਚਾ ਵਟਨਾ ਤਨ ਵਖਾਈਆ। ਧਾਮ ਅਵੱਲੜੇ ਆਪ ਬਹਾਇਆ ਆਪਣੇ ਰੰਗ ਰੰਗਾਏ ਨਵੇਲਾ, ਇਕ ਅਕੱਲਾ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇਆ। ਬਿਨ ਹਰਿ ਸ਼ਬਦ ਨਾ ਜਾਣਿਆ, ਪਾਰਬ੍ਰਹਮ ਗੁਰ ਕਰਤਾਰ। ਬਿਨ ਹਰਿ ਸ਼ਬਦ ਨਾ ਮਾਨਿਆ, ਘਰ ਸਾਚਾ ਕੰਤ ਭਤਾਰ। ਬਿਨ ਹਰਿ ਸ਼ਬਦ ਨਾ ਜਾਣਿਆ, ਹਰਿ ਸੰਤਨ ਮੀਤ ਮੁਰਾਰ। ਬਿਨ ਹਰਿ ਸ਼ਬਦ ਨਾ ਜਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਬਿਨ ਹਰਿ ਸ਼ਬਦ ਨਾ ਬੁੱਝਿਆ, ਬ੍ਰਹਮ ਪਾਰਬ੍ਰਹਮ ਅਭੇਦ। ਬਿਨ ਹਰਿ ਸ਼ਬਦ ਨਾ ਸੁੱਝਿਆ, ਪੜ੍ਹ ਪੜ੍ਹ ਥੱਕੇ ਚਾਰੇ ਵੇਦ। ਬਿਨ ਹਰਿ ਸ਼ਬਦ ਭੇਵ ਨਾ ਖੁਲ੍ਹੇ ਗੁੱਝਿਆ, ਕਰੇ ਖੇਲ ਅਛਲ ਅਛੇਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਆਪਣੀ ਖੇਲ। ਆਤਮ ਮਿਲਾਇਆ ਜਨਮ ਮਿਟਾਇਆ, ਲੱਖ ਲੱਖ ਗੇੜਾ ਕੱਟ ਵਖਾਇੰਦਾ। ਕਰਮ ਕਮਾਇਆ ਧਰਮ ਧਰਾਇਆ, ਵਰਨ ਗੋਤ ਨਾ ਕੋਈ ਬਣਾਇੰਦਾ। ਚਰਨ ਟਿਕਾਇਆ ਡੁੱਬਦੇ ਲਏ ਤਰਾਇਆ, ਪਾਥਰ ਪਾਹਿਨ ਆਪਣੇ ਗਲ ਲਟਕਾਇੰਦਾ। ਮਰਨ ਕਟਾਇਆ ਸੀਸ ਹੱਥ ਧਰਾਇਆ, ਦੋ ਜਹਾਨਾਂ ਮੇਲ ਮਿਲਾਇੰਦਾ। ਜੁਗ ਜੁਗ ਵਿਛੜੀ ਆਤਮਾ ਪਰਮਾਤਮਾ ਵਿਚ ਟਿਕਾਇਆ, ਸਗਲਾ ਸੰਗ ਨਿਭਾਇੰਦਾ। ਮਾਨਸ ਜਨਮ ਲੇਖੇ ਲਾਇਆ, ਲਿਖਿਆ ਲੇਖ ਨਾ ਕਿਸੇ ਮਿਟਾਇਆ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਰਸਨਾ ਜਿਹਵਾ ਏਕਾ ਅੱਖਰ ਗੁਰਸਿਖ ਗੁਰਮੁਖ ਸੋਹੰ ਗਾਇਆ, ਹੰ ਬ੍ਰਹਮ ਪਾਰਬ੍ਰਹਮ ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਈਸ਼ ਜੀਵ ਜਗਦੀਸ਼ ਸੀਸ ਤਾਜ ਇਕ ਸੁਹਾਇੰਦਾ।