੧੪ ਚੇਤ ੨੦੧੭ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਧੀਰਾ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਏਕਾ ਗਾਵਣਾ, ਸਤਿਗੁਰ ਪੂਰਾ ਵਡ ਵਡਿਆਈਆ। ਹਰਿ ਪੁਰਖ ਇਕ ਧਿਆਵਣਾ, ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਵੇਖ ਵਖਾਵਣਾ, ਨਿਜ ਨੇਤਰ ਨੈਣ ਖੁਲ੍ਹਾਈਆ। ਆਦਿ ਨਿਰੰਜਣ ਇਕ ਜਗਾਵਣਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਸ੍ਰੀ ਭਗਵਾਨ ਦਰਸ਼ਨ ਏਕਾ ਪਾਵਣਾ, ਦੂਸਰ ਰਾਹ ਨਾ ਕੋਇ ਤਕਾਈਆ। ਅਬਿਨਾਸ਼ੀ ਕਰਤਾ ਘਰ ਬਹਾਵਣਾ, ਘਰ ਮੰਦਰ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਮੇਲ ਮਿਲਾਵਣਾ, ਵਿਛੜ ਕਦੇ ਨਾ ਜਾਈਆ। ਸਚਖੰਡ ਦੁਆਰਾ ਇਕ ਸੁਹਾਵਣਾ, ਉਚ ਮਹੱਲ ਅਟੱਲ ਮੁਨਾਰ ਸੋਭਾ ਪਾਈਆ। ਥਿਰ ਘਰ ਵਾਸੀ ਰੰਗ ਰੰਗਾਵਣਾ, ਰੰਗ ਰੰਗੀਲਾ ਬੇਪਰਵਾਹੀਆ। ਸ਼ਬਦ ਅਨਾਦੀ ਢੋਲਾ ਏਕਾ ਗਾਵਣਾ, ਨਾਦ ਧੁਨ ਆਪ ਸੁਣਾਈਆ। ਬ੍ਰਹਮਾ ਵੇਦ ਹਰਿ ਖੋਜ ਖੁਜਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਇਕ ਅਖਵਾਈਆ। ਪੁਰਖ ਅਕਾਲ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਨਿਹਚਲ ਧਾਮ ਅਥਾਹ, ਆਪ ਆਪਣਾ ਰੂਪ ਉਪਾਇਆ। ਸ਼ਾਹੋ ਭੂਪ ਆਪ ਅਖਵਾ, ਤਖ਼ਤ ਨਿਵਾਸੀ ਖੇਲ ਖਿਲਾਇਆ। ਸ਼ਬਦੀ ਸ਼ਬਦ ਹੁਕਮ ਦਏ ਜਣਾ, ਧੁਰ ਫ਼ਰਮਾਣਾ ਆਪ ਸੁਣਾਇਆ। ਸਾਚਾ ਰਾਣਾ ਡੇਰਾ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਡਿਆਇਆ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਦੁਆਰ ਵੱਡੀ ਵਡਿਆਈਆ। ਹਰਿ ਹਰਿ ਬੈਠਾ ਏਕਾ ਕੰਤ, ਨਰ ਨਰਾਇਣ ਆਪ ਅਖਵਾਈਆ। ਹਰਿ ਪੁਰਖ ਨਿਰੰਜਣ ਮੇਲ ਮਿਲਾਵਾ ਸਾਚੇ ਕੰਤ, ਦਰਗਹਿ ਸਾਚੀ ਸੋਭਾ ਪਾਈਆ। ਏਕੰਕਾਰਾ ਮਹਿਮਾ ਅਗਣਤ, ਭੇਵ ਅਭੇਦ ਛੁਪਾਈਆ। ਅਬਿਨਾਸ਼ੀ ਕਰਤਾ ਜੁਗਾ ਜੁਗੰਤ, ਜੁਗ ਜੁਗ ਆਪਣੀ ਕਾਰ ਕਰਾਈਆ। ਸ੍ਰੀ ਭਗਵਾਨ ਮੇਲ ਮਿਲਾਏ ਸਾਚੇ ਸੰਤ, ਨਿਰਗੁਣ ਸਰਗੁਣ ਵੇਖ ਵਖਾਈਆ। ਪਾਰਬ੍ਰਹਮ ਆਪ ਜਣਾਏ ਆਪਣੀ ਬਣਤ, ਅੱਖਰ ਵੱਖਰ ਨਾਮ ਪੜ੍ਹਾਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਆਪ ਸੁਹਾਈਆ। ਤ੍ਰੈਗੁਣ ਮਾਇਆ ਪਾਏ ਬੇਅੰਤ, ਨੇਤਰ ਨੈਣ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਏਕੰਕਾਰਾ ਉਚ ਮਹੱਲ ਅਟੱਲ ਮੁਨਾਰਾ ਆਪ ਸੁਹਾਈਆ। ਸਚ ਮੁਨਾਰਾ ਵਸਿਆ, ਬੈਠਾ ਹਰਿ ਹਰਿ ਏਕੰਕਾਰ। ਏਕੰਕਾਰਾ ਬਿਨ ਹਰਿ ਭਗਤਾਂ ਕਿਸੇ ਨਾ ਦਿਸਿਆ, ਲੱਖ ਚੁਰਾਸੀ ਕਰੇ ਵੀਚਾਰ। ਜੁਗਾ ਜੁਗੰਤਰ ਫਿਰੇ ਨੱਸਿਆ, ਨਿਰਗੁਣ ਸਰਗੁਣ ਲਏ ਅਵਤਾਰ। ਜਨ ਹਰਿ ਹਰਿਜਨ ਹਰ ਹਿਰਦੇ ਅੰਦਰ ਆਪੇ ਵਸਿਆ, ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸਚ ਦਰਬਾਰ। ਸਚ ਦਰਬਾਰ ਸੁਹੰਜਣਾ, ਸਤਿਗੁਰ ਸਾਚਾ ਆਪ ਸੁਹਾਏ। ਦੀਪਕ ਦੀਪ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਏ। ਘਰ ਮੇਲਾ ਸਾਚੇ ਸੱਜਣਾ, ਪੁਰਖ ਅਬਿਨਾਸ਼ੀ ਸੰਗ ਨਿਭਾਏ। ਨਾਦ ਅਨਾਦੀ ਏਕਾ ਵੱਜਣਾ, ਅਨਹਦ ਸਾਚੀ ਸੇਵ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੰਕ ਵੇਖ ਵਖਾਏ। ਬੰਕ ਦੁਆਰਾ ਹਰਿ ਸੁਹਾਇੰਦਾ, ਰੂਪ ਅਨੂਪ ਆਪ ਕਰਤਾਰ। ਸਾਚੇ ਮੰਦਰ ਸੋਭਾ ਪਾਇੰਦਾ, ਸਚ ਤਖ਼ਤ ਬੈਠੇ ਸੱਚੀ ਸਰਕਾਰ। ਪੁਰਖ ਅਕਾਲ ਨਾਉਂ ਧਰਾਇੰਦਾ, ਜੋਤੀ ਜੋਤ ਬੇਐਬ ਪਰਵਰਦਿਗਾਰ। ਗਗਨ ਮੰਡਲ ਰਚਨ ਰਚਾਇੰਦਾ, ਪੁਰੀਆਂ ਲੋਆਂ ਬੰਨ੍ਹੇ ਧਾਰ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਰਾਇੰਦਾ, ਤ੍ਰੈਗੁਣ ਮਾਇਆ ਦਏ ਭੰਡਾਰ। ਅੰਦਰ ਬਾਹਰ ਆਪ ਅਖਵਾਇੰਦਾ, ਸਰਗੁਣ ਨਿਰਗੁਣ ਬੰਨ੍ਹੇ ਧਾਰ। ਪੰਜ ਤਤ ਕਾਇਆ ਗੜ੍ਹ ਬਣਾਇੰਦਾ, ਘਾੜਣ ਘੜੇ ਅਪਰ ਅਪਾਰ। ਅੰਦਰ ਵੜ ਵੜ ਆਸਣ ਲਾਇੰਦਾ, ਘਰ ਵਿਚ ਘਰ ਕਰ ਤਿਆਰ। ਆਪਣੀ ਹੱਥੀਂ ਜਿੰਦਾ ਲਾਇੰਦਾ, ਨਾ ਕੋਈ ਤੋੜੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਉਪਜਾਇੰਦਾ। ਘਰ ਉਪਜਾਇਆ ਪਾਰਬ੍ਰਹਮ, ਥਿਰ ਘਰ ਵਾਸੀ ਦਇਆ ਕਮਾਈਆ। ਆਪੇ ਅੰਦਰ ਰਖਿਆ ਬ੍ਰਹਮ, ਨਿਰਗੁਣ ਰੂਪ ਨਾ ਕੋਇ ਵਖਾਈਆ। ਆਪਣੇ ਅੰਤਰ ਆਪੇ ਪਏ ਜੰਮ, ਮਾਤ ਪਿਤ ਨਾ ਕੋਇ ਬਣਾਈਆ। ਆਪ ਉਪਜਾਏ ਆਪਣਾ ਨਾਮ, ਨਾ ਕੋਈ ਦੂਸਰ ਕਰੇ ਪੜ੍ਹਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਾਮ, ਖ਼ੁਸ਼ੀ ਗ਼ਮ ਨਾ ਕੋਈ ਰਖਾਈਆ। ਨਾ ਕੋਈ ਨਗਰ ਨਾ ਗਰਾਮ, ਜਗਤ ਖੇੜਾ ਨਾ ਵੇਖ ਵਖਾਈਆ। ਨਾ ਕੋਈ ਰਵ ਸਸ ਤੇਜ ਦੇਵੇ ਭਾਨ, ਮੰਡਲ ਮੰਡਪ ਨਾ ਕੋਈ ਵਖਾਈਆ। ਨਾ ਕੋਈ ਚਿਲਾ ਤੀਰ ਕਮਾਨ, ਖੜਗ ਖੰਡਾ ਕਟਾਰ ਨਾ ਹੱਥ ਉਠਾਈਆ । ਜੋਧਾ ਸੂਰਬੀਰ ਬਲੀ ਬਲਵਾਨ, ਏਕੰਕਾਰਾ ਆਪ ਅਖਵਾਈਆ। ਸਚਖੰਡ ਸਚ ਤਖ਼ਤ ਬੈਠ ਸੁਲਤਾਨ, ਦੋ ਜਹਾਨਾ ਹੁਕਮ ਚਲਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਲੋਕਮਾਤ ਆਪ ਜਣਾਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਈਆ। ਆਪ ਆਪਣੀ ਕਰੇ ਕਰਾਏ ਸਚ ਪਛਾਣ, ਦੂਈ ਦਵੈਤੀ ਪਰਦਾ ਲਾਹੀਆ। ਦਰ ਦੁਆਰੇ ਦੇਵੇ ਮਾਣ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਤੂਰ ਸੁਣਾਏ ਸਾਚੇ ਕਾਨ, ਰਾਗ ਰਾਗਣੀ ਭੇਵ ਨਾ ਪਾਈਆ। ਜੁਗਾ ਜੁਗੰਤਰ ਤੋੜੇ ਮਾਣ ਅਭਿਮਾਣ, ਕੂੜੀ ਕਿਰਿਆ ਮੇਟ ਮਿਟਾਈਆ। ਸਚ ਧਰਮ ਝੁਲਾਏ ਇਕ ਨਿਸ਼ਾਨ, ਚਾਰੋਂ ਕੁੰਟ ਵਖਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਪਾਏ ਏਕਾ ਆਣ, ਆਪਣੇ ਹੱਥ ਰੱਖੇ ਵਡਿਆਈਆ। ਦੋ ਜਹਾਨਾਂ ਹੋ ਪਰਧਾਨ, ਹਰਿ ਭਗਵਾਨ ਆਪਣਾ ਆਸਣ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਏਕੰਕਾਰ, ਨਿਰਗੁਣ ਦੀਪਕ ਕਰ ਉਜਿਆਰ, ਕਮਲਾਪਾਤੀ ਬੈਠਾ ਮੀਤ ਮੁਰਾਰ, ਸਚ ਸਿੰਘਾਸਣ ਆਪ ਸੁਹਾਈਆ। ਸਚ ਸਿੰਘਾਸਣ ਹਰਿ ਭਗਵਾਨ, ਆਪਣਾ ਆਪ ਸੁਹਾਇੰਦਾ। ਨਾ ਕੋਈ ਦੂਸਰ ਹੋਰ ਨਿਸ਼ਾਨ, ਸਗਲਾ ਸੰਗ ਨਾ ਕੋਇ ਰਖਾਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਇ ਰਚਾਇੰਦਾ। ਨਾ ਕੋਈ ਸੀਤਾ ਨਾ ਕੋਈ ਰਾਮ, ਬਨਵਾਸ ਫੇਰਾ ਨਾ ਕੋਈ ਪਾਇੰਦਾ। ਨਾ ਕੋਈ ਸ਼ਬਦ ਧੁਨ ਨਾ ਕੋਈ ਕਰੇ ਪਰਨਾਮ, ਨਿਉਂ ਨਿਉਂ ਸੀਸ ਨਾ ਕੋਈ ਝੁਕਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਤਨ ਬਸਤਰ ਨਾ ਕੋਈ ਹੰਢਾਇੰਦਾ। ਨਾ ਕੋਈ ਜਗਤ ਅੱਖਰ ਸੁਣਾਏ ਕਾਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਈ ਹਿਲਾਇੰਦਾ। ਨਾ ਕੋਈ ਦਾਤਾ ਦਾਨੀ ਦੇਵੇ ਦਾਨ, ਅੱਗੇ ਝੋਲੀ ਨਾ ਕੋਇ ਰਖਾਇੰਦਾ। ਸਚਖੰਡ ਦੁਆਰੇ ਇਕ ਮਿਹਰਵਾਨ, ਆਪਣੀ ਭਿਛਿਆ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਇਕ ਇਕੱਲਾ, ਆਪੇ ਵਸੇ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਥਿਰ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗਰੀਬ ਨਿਵਾਜ਼ਾ ਵੇਖਣਹਾਰ, ਆਪਣੀ ਦਿਸ਼ਾ ਆਪੇ ਵੇਖ ਵਖਾਈਆ। ਉਤਰ ਪੂਰਬ ਪੱਛਮ ਦੱਖਣ ਨਾ ਸਕੇ ਵਿਚਾਰ, ਦਹਿ ਦਿਸ਼ਾ ਨਾ ਰੂਪ ਵਟਾਈਆ। ਜੇਰਜ ਅੰਡਜ ਉਤਭੁਜ ਸੇਤਜ ਨਾ ਕੋਇ ਪਸਾਰ, ਖਾਣੀ ਬਾਣੀ ਨਾ ਕੋਇ ਵਖਾਈਆ। ਅਕਥ ਕਥਣੀ ਗਾਏ ਆਪ ਨਿਰੰਕਾਰ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਸੋਭਾਵੰਤ, ਏਕਾ ਬੈਠਾ ਹਰਿ ਨਰ ਸ੍ਰੀ ਭਗਵੰਤ, ਨਰ ਹਰਿ ਨਰਾਇਣ ਆਪ ਅਖਵਾਈਆ। ਘਰ ਸੁਹਾਇਆ ਪੁਰਖ ਅਗੰਮ, ਘਰ ਸਾਚੇ ਵੱਜੀ ਵਧਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਆਦਿ ਜੁਗਾਦਿ ਪਵਣ ਸਵਾਸ ਨਾ ਲਏ ਦਮ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਵਡ ਵਡਿਆਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਬਾਲਕ ਗੋਦ ਨਾ ਕੋਇ ਉਠਾਈਆ। ਰਸਨਾ ਜਿਹਵਾ ਨਾ ਜਪੇ ਕੋਈ ਨਾਂ, ਆਪ ਆਪਣੇ ਵਿਚ ਰਿਹਾ ਸਮਾਈਆ। ਆਪੇ ਵਸੇ ਸਾਚੇ ਥਾਂ, ਥਾਨ ਥਨੰਤਰ ਆਪ ਉਪਾਈਆ। ਜੁਗਾ ਜੁਗੰਤਰ ਕਰੇ ਸਚ ਨਿਆਂ, ਕਾਗਦ ਕਲਮ ਨਾ ਲਿਖੇ ਕਿਸੇ ਸ਼ਾਹੀਆ। ਜਨ ਭਗਤਾਂ ਜਪਾਏ ਏਕਾ ਨਾਂ, ਘਰ ਮੰਦਰ ਅੰਦਰ ਆਪਣਾ ਰਾਗ ਆਪ ਸੁਣਾਈਆ। ਆਪ ਉਠਾਏ ਫੜ ਫੜ ਬਾਂਹ, ਆਲਸ ਨਿੰਦਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਈਆ। ਦਰ ਘਰ ਸਾਚਾ ਪਾਇਆ, ਕਰ ਕਿਰਪਾ ਆਪ ਨਿਰੰਕਾਰ। ਸੋ ਪੁਰਖ ਨਿਰੰਜਣ ਆਸਣ ਲਾਇਆ, ਹਰਿ ਪੁਰਖ ਨਿਰੰਜਣ ਸੇਵਾਦਾਰ। ਇਕ ਓਅੰਕਾਰਾ ਹੁਕਮ ਚਲਾਇਆ, ਆਦਿ ਨਿਰੰਜਣ ਨਿਰਗੁਣ ਜੋਤ ਕਰੇ ਉਜਿਆਰ। ਸ੍ਰੀ ਭਗਵਾਨ ਰਿਹਾ ਸੁਣਾਇਆ, ਅਬਿਨਾਸ਼ੀ ਕਰਤਾ ਪਾਵੇ ਸਾਰ। ਪਾਰਬ੍ਰਹਮ ਆਪਣਾ ਨਿਉਂ ਨਿਉਂ ਸੀਸ ਝੁਕਾਇਆ, ਹਰਿ ਹਰਿ ਕਰੇ ਖ਼ਬਰਦਾਰ। ਸੰਤ ਸਾਜਣ ਵੇਖ ਵਖਾਇਆ, ਜੁਗਾ ਜੁਗੰਤਰ ਲਏ ਅਵਤਾਰ। ਜਗਤ ਸਾਗਰ ਫੋਲ ਫੁਲਾਇਆ, ਕਾਇਆ ਗਾਗਰ ਹੋ ਉਜਿਆਰ। ਸਾਚਾ ਵਣਜ ਸੁਦਾਗਰ ਇਕ ਕਰਾਇਆ, ਨਾਮ ਵਿਕਾਏ ਏਕਾ ਹੱਟ ਬਾਜ਼ਾਰ। ਚੌਦਾਂ ਲੋਕਾਂ ਮੁਖ ਭੁਆਇਆ, ਚੌਦਾਂ ਤਬਕਾਂ ਕਰੇ ਖੁਆਰ। ਲੋਆਂ ਪੁਰੀਆਂ ਬੇੜਾ ਆਪ ਚਲਾਇਆ, ਬ੍ਰਹਿਮੰਡ ਖੰਡ ਉਠਾਏ ਭਾਰ। ਤ੍ਰਿਲੋਕੀ ਨੰਦਨ ਤ੍ਰੈ ਤ੍ਰੈ ਵੇਖ ਵਖਾਇਆ, ਆਪੇ ਜਾਣੇ ਆਪਣੀ ਸਾਰ। ਜੁਗ ਜੁਗ ਲਹਿਣਾ ਆਪ ਚੁਕਾਇਆ, ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ। ਕਲਜੁਗ ਅੰਤਮ ਵੇਖ ਵਖਾਇਆ, ਨਿਰਗੁਣ ਜੋਤ ਕਰੇ ਉਜਿਆਰ। ਲੱਖ ਚੁਰਾਸੀ ਘਟ ਘਟ ਮੰਦਰ ਖੋਜ ਖੁਜਾਇਆ, ਤਖ਼ਤ ਨਿਵਾਸੀ ਸੱਚੀ ਸਰਕਾਰ। ਕਰਮ ਕੁਕਰਮਾਂ ਵੇਖ ਵਖਾਇਆ, ਮਨਮਤ ਬੁੱਧ ਨਾ ਪਾਵੇ ਸਾਰ। ਗੁਰਮੁਖ ਸਾਚੇ ਧੰਦੇ ਲਾਇਆ, ਏਕਾ ਬਖ਼ਸ਼ੇ ਨਾਮ ਪਿਆਰ। ਮਨਮੁਖ ਅੰਧੇ ਗੂੜ੍ਹੀ ਨੀਂਦ ਸੁਆਇਆ, ਨਾਲ ਰਲਾਇਆ ਕਾਮ ਕਰੋਧ ਲੋਭ ਮੋਹ ਹੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਸਚ ਦੁਆਰ। ਸਚ ਦੁਆਰਾ ਹਰਿ ਪੁਰਖ ਰਿਹਾ ਖੋਲ੍ਹਿਆ, ਆਦਿ ਅੰਤ ਸਮਾਏ। ਸੋ ਪੁਰਖ ਆਪੇ ਬੋਲਿਆ, ਸ਼ਬਦ ਅਨਾਦੀ ਡੰਕ ਵਜਾਏ। ਹਰਿ ਪੁਰਖ ਵਸੇ ਕੋਲਿਆ, ਏਕਾ ਦੂਜਾ ਭੇਵ ਚੁਕਾਏ। ਏਕੰਕਾਰਾ ਆਪੇ ਮੌਲਿਆ, ਫੁੱਲ ਫੁਲਵਾੜੀ ਆਪ ਮਹਿਕਾਏ। ਆਦਿ ਨਿਰੰਜਣ ਕਦੇ ਨਾ ਡੋਲਿਆ, ਅਡੁਲ ਅਡੋਲ ਆਪ ਹੋ ਜਾਏ। ਸ੍ਰੀ ਭਗਵਾਨ ਤੋਲੇ ਸਾਚਾ ਤੋਲਿਆ, ਨਾਮ ਕੰਡਾ ਹੱਥ ਉਠਾਏ। ਪੁਰਖ ਅਬਿਨਾਸ਼ੀ ਬਣਿਆ ਗੋਲਿਆ, ਸਾਚੀ ਸਾਚਾ ਸੇਵ ਕਮਾਏ। ਪਾਰਬ੍ਰਹਮ ਵਿਚ ਵਿਚੋਲਿਆ, ਸ਼ਬਦੀ ਵਿਚੋਲਾ ਨਾਉਂ ਉਪਜਾਏ। ਬ੍ਰਹਮ ਪਰਦਾ ਆਪੇ ਫੋਲਿਆ, ਕਾਇਆ ਮੰਦਰ ਵੇਖ ਵਖਾਏ। ਲੇਖਾ ਜਾਣੇ ਕਲਾ ਸੋਲਿਆ, ਅਕਲ ਕਲ ਆਪ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਅੰਮ੍ਰਿਤ ਨਾਭੀ ਕਵਲਿਆ, ਨਿਝਰ ਝਿਰਨਾ ਆਪ ਝਰਾਏ। ਨਿਝਰ ਝਿਰਨਾ ਆਪ ਝਿਰਾਇੰਦਾ, ਹਰਿ ਸਤਿਗੁਰ ਸੱਜਣ ਮੀਤ। ਅੰਮ੍ਰਿਤ ਮੇਘ ਆਪ ਵਰਸਾਇੰਦਾ, ਕਾਇਆ ਕਰੇ ਠੰਡੀ ਸੀਤ। ਸਚ ਪਿਆਲਾ ਜਾਮ ਪਿਆਇੰਦਾ, ਕਰੇ ਕਰਾਏ ਪਤਿਤ ਪੁਨੀਤ। ਦੀਨ ਦਿਆਲਾ ਦਇਆ ਕਮਾਇੰਦਾ, ਆਪ ਸੁਣਾਏ ਆਪਣਾ ਗੀਤ। ਪੁਰਖ ਅਕਾਲਾ ਮੇਲ ਮਿਲਾਇੰਦਾ, ਮਾਨਸ ਜਨਮ ਹਰਿਜਨ ਜਾਏ ਜੀਤ। ਸਾਚੀ ਚਾਲਾ ਆਪ ਚਲਾਇੰਦਾ, ਬੈਠਾ ਰਹੇ ਇਕ ਅਤੀਤ। ਕਾਲ ਮਹਾਂਕਾਲ ਚਰਨਾਂ ਹੇਠ ਦਬਾਇੰਦਾ, ਏਕਾ ਰੰਗ ਰੰਗਾਏ ਹਸਤ ਕੀਟ। ਸਚ ਮਹੱਲਾ ਆਪ ਵਸਾਇੰਦਾ, ਸਚਖੰਡ ਦੁਆਰਾ ਇਕ ਅਨਡੀਠ। ਗੁਰਮੁਖ ਸਾਚੇ ਆਪ ਜਗਾਇੰਦਾ, ਆਦਿ ਜੁਗਾਦੀ ਜੁਗ ਜੁਗ ਰੀਤ। ਕਾਇਆ ਮੰਦਰ ਮਸਜਿਦ ਕਾਅਬਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਪਰਖੇ ਨੀਤ। ਲੱਖ ਚੁਰਾਸੀ ਪਰਖਣਹਾਰਾ, ਏਕਾ ਏਕ ਓਅੰਕਾਰਿਆ। ਜੁਗਾ ਜੁਗੰਤਰ ਲਏ ਅਵਤਾਰਾ, ਗੁਰ ਸ਼ਬਦੀ ਨਾਉਂ ਧਰਾ ਰਿਹਾ। ਏਕਾ ਘਰ ਵਸੇ ਦੋਏ ਦੋਏ ਧਾਰਾ, ਧਰ ਧਰਨੀ ਸੋਭਾ ਪਾ ਰਿਹਾ। ਰਵ ਸਸ ਸੂਰਜ ਚੰਨ ਸਿਤਾਰਾ, ਮੰਡਲ ਮੰਡਪ ਸਰਬ ਕੁਰਲਾ ਰਿਹਾ। ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਬਾਸ਼ਕ ਤਸ਼ਕਾ ਗਲੋਂ ਸੁਟਾ ਰਿਹਾ। ਬ੍ਰਹਮਾ ਮੰਗੇ ਵਾਰੋ ਵਾਰਾ, ਚਾਰੇ ਮੁਖ ਇਕ ਸਾਲਾਹ ਰਿਹਾ। ਵਿਸ਼ਨੂੰ ਸਾਂਗੋ ਪਾਂਗ ਤਜੇ ਸੇਜ ਦੋਏ ਜੋੜ ਕਰੇ ਨਿਮਸਕਾਰਾ, ਚਰਨ ਕਵਲ ਧਿਆਨ ਲਗਾ ਰਿਹਾ। ਬਾਸ਼ਕ ਸਹੰਸਰ ਮੁਖ ਗਾਏ ਆਪਣੀ ਵਾਰਾ, ਦੋਏ ਸਹੰਸਰ ਜਿਹਵਾ ਆਪ ਹਿਲਾ ਲਿਆ। ਹਰਿ ਕਾ ਭੇਵ ਅਗੰਮ ਅਪਾਰਾ, ਅਲੱਖ ਨਿਰੰਜਣ ਲੇਖ ਨਾ ਕਿਸੇ ਲਿਖਾ ਲਿਆ। ਸਤਿ ਪੁਰਖ ਨਿਰੰਜਣ ਹੋ ਉਜਿਆਰਾ, ਘਰ ਸਾਚੇ ਆਪ ਸੁਹਾ ਰਿਹਾ। ਕਲਜੁਗ ਅੰਤਮ ਖੇਲ ਅਪਾਰਾ, ਜੋਤੀ ਜਾਮਾ ਭੇਖ ਵਟਾ ਰਿਹਾ। ਵਰਨ ਗੋਤੀ ਵਸੇ ਬਾਹਰਾ, ਜ਼ਾਤ ਪਾਤ ਨਾ ਕੋਇ ਰਖਾ ਲਿਆ। ਪੰਜ ਤਤ ਨਾ ਕਰੇ ਪਿਆਰਾ, ਮਨ ਮਤ ਬੁੱਧ ਨਾ ਮੇਲ ਮਿਲਾ ਲਿਆ। ਸ਼ਬਦ ਅਗੰਮੀ ਇਕ ਜੈਕਾਰਾ, ਪੁਰਖ ਅਗੰਮੜਾ ਆਪ ਸੁਣਾ ਰਿਹਾ। ਨੌ ਖੰਡ ਪ੍ਰਿਥਮੀ ਪਾਵਣਹਾਰਾ ਸਾਰਾ, ਸਾਰੰਗ ਧਰ ਨਾਉਂ ਧਰਾ ਰਿਹਾ। ਗੁਰਮੁਖ ਸੱਜਣ ਲਾਏ ਪਾਰਾ, ਸ਼ਬਦ ਧਾਰ ਨਾ ਕੋਈ ਰੁੜ੍ਹਾ ਲਿਆ। ਜੋਤੀ ਜੋਤ ਨੂਰ ਉਜਿਆਰਾ, ਨਿਹਕਲੰਕਾ ਨਾਉਂ ਰਖਾ ਲਿਆ। ਸੰਬਲ ਨਗਰੀ ਧਾਮ ਨਿਆਰਾ, ਏਕੰਕਾਰਾ ਆਸਣ ਲਾ ਰਿਹਾ। ਵੇਦ ਵਿਆਸਾ ਬਣ ਲਿਖਾਰਾ, ਉਚਾ ਟਿੱਲਾ ਪਰਬਤ ਇਕ ਸੁਹਾ ਰਿਹਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਆਪੇ ਵਸੇ ਧਾਮ ਨਿਆਰਾ, ਉਚਾ ਪੌੜਾ ਆਪ ਲਗਾ ਰਿਹਾ। ਅੰਤਮ ਵੇਖੇ ਜਗਤ ਅਖਾੜਾ, ਲੱਖ ਚੁਰਾਸੀ ਭੇੜ ਭਿੜਾ ਰਿਹਾ। ਸ਼ਬਦ ਅਗੰਮੀ ਰੱਖੇ ਧਾੜਾ, ਸ਼ਾਹ ਸੁਲਤਾਨਾਂ ਮੇਟ ਮਿਟਾ ਰਿਹਾ। ਗੁਰਸਿਖ ਬਣਾਏ ਸਾਚਾ ਲਾੜਾ, ਸਿਰ ਆਪਣਾ ਹੱਥ ਟਿਕਾ ਰਿਹਾ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਪੰਚਮ ਦੇਵੇ ਸ਼ਬਦ ਧੁਨਕਾਰਾ, ਧੁਨ ਆਤਮਕ ਆਪ ਸੁਣਾ ਰਿਹਾ। ਅੰਦਰੇ ਅੰਦਰ ਦਰਸ ਗੁਰ ਮੀਤ ਮੁਰਾਰਾ, ਜਗਤ ਨੇਤਰ ਬੰਦ ਕਰਾ ਰਿਹਾ। ਤੀਜਾ ਨੈਣ ਖੋਲ੍ਹ ਕਿਵਾੜਾ, ਹਰਿਜਨ ਸਾਚੇ ਸਚ ਸਮਝਾ ਲਿਆ। ਚੌਥੇ ਪਦ ਮੀਤ ਮੁਰਾਰਾ, ਆਪ ਆਪਣਾ ਸੰਗ ਵਖਾ ਰਿਹਾ। ਪੰਚਮ ਬੋਲ ਇਕ ਜੈਕਾਰਾ, ਬ੍ਰਹਮ ਪਾਰਬ੍ਰਹਮ ਸਮਾ ਰਿਹਾ। ਆਤਮ ਸੇਜਾ ਕਰ ਪਿਆਰਾ, ਸ਼ਬਦੀ ਸੁਰਤੀ ਰੰਗ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਦੇਵੇ ਸਾਚਾ ਵਰ, ਨਾਮ ਨਿਧਾਨਾ ਹਰਿ ਭਗਵਾਨਾ ਏਕਾ ਵਸਤ ਕਾਇਆ ਮੰਦਰ ਅੰਦਰ ਡੂੰਘੀ ਕੰਦਰ ਸਚ ਸਾਚੀ ਝੋਲੀ ਆਪ ਭਰਾ ਰਿਹਾ।
