੨੫ ਪੋਹ ੨੦੧੭ ਬਿਕਰਮੀ ਜੇਠੂਵਾਲ ਦਰਬਾਰ ਵਿਚ
ਇਕ ਸੱਤ ਜਾਏ ਬੀਤ, ਕੋਟਨ ਕੋਟ ਕਾਲ ਰਹਿਣ ਨਾ ਪਾਈਆ। ਪੁਰਖ ਅਕਾਲ ਚਲੇ ਆਪਣੀ ਰੀਤ, ਇਕ ਅਤੀਤ ਸੱਚਾ ਸ਼ਹਿਨਸ਼ਾਹੀਆ। ਸ਼ਬਦ ਅਗੰਮੀ ਬੋਲ ਗੀਤ, ਗੁਣ ਗੋਬਿੰਦ ਆਪ ਸੁਣਾਈਆ। ਨਿਰਗੁਣ ਨਿਰਵੈਰ ਹੋਏ ਠਾਂਡਾ ਸੀਤ, ਸੀਤਲ ਧਾਰ ਵਿਚ ਸਮਾਈਆ। ਆਦਿ ਜੁਗਾਦੀ ਪਤਤ ਪੁਨੀਤ, ਪਤਤ ਪਾਵਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ, ਆਪਣੀ ਕਾਰ ਆਪ ਕਰਾਈਆ। ਆਪਣੀ ਕਾਰ ਕਰਾਵਣ ਆਇਆ, ਇਕ ਸਤ ਪਾਰ ਕਰਾਇੰਦਾ। ਸਤਿ ਸਤਿਵਾਦੀ ਭੇਵ ਨਾ ਰਾਇਆ, ਰੂਪ ਅਨੂਪ ਨਾ ਕੋਇ ਦਰਸਾਇੰਦਾ। ਨਿਰਗੁਣ ਨਿਰਗੁਣ ਨਾਉਂ ਧਰਾਇਆ, ਨਿਰਵੈਰ ਆਪਣਾ ਬਲ ਰਖਾਇੰਦਾ। ਕੋਟਨ ਕੋਟ ਕਾਲ ਆਪਣੇ ਵਿਚ ਸਮਾਇਆ, ਨੇਤਰ ਨੈਣ ਨਾ ਕੋਇ ਦਰਸਾਇੰਦਾ। ਅਲਖ ਅਗੋਚਰ ਅਗੰਮ ਅਗੰਮੜੀ ਖੇਲ ਖਿਲਾਇਆ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਏਕਾ ਹਰਿ, ਹਰਿ ਆਪਣਾ ਵੇਸ ਵਟਾਇਆ। ਵੇਸ ਵਟਾਇਆ ਹਰਿ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦੀ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਸਚ ਸਿੰਘਾਸਣ ਬੈਠ ਸ੍ਰੀ ਭਗਵਾਨ, ਅਗੰਮ ਅਥਾਹ ਕਰੇ ਖੇਲ ਬੇਪਰਵਾਹੀਆ। ਸ਼ਾਹੋ ਭੂਪ ਬਣ ਸੁਲਤਾਨ, ਸਚ ਸੁਲਤਾਨਾ ਸੱਚਾ ਸ਼ਹਿਨਸ਼ਾਹੀਆ। ਦੇਵਣਹਾਰਾ ਧੁਰ ਫ਼ਰਮਾਨ, ਜੁਗਾ ਜੁਗੰਤਰ ਹੁਕਮ ਚਲਾਈਆ। ਗੁਰ ਅਵਤਾਰ ਬਖ਼ਸ਼ੇ ਇਕ ਧਿਆਨ, ਦਰ ਦਰਬਾਨ ਇਕ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਏਕਾ ਹਰਿ, ਆਪਣੀ ਧਾਰ ਆਪ ਬੰਧਾਈਆ। ਸਾਚੀ ਧਾਰ ਬੰਧਾਇੰਦਾ, ਆਦਿ ਜੁਗਾਦੀ ਕਾਰ। ਨਵ ਨੌਂ ਚਾਰ ਗੇੜਾ ਆਪ ਦਵਾਇੰਦਾ, ਚਾਰ ਨੌਂ ਉਤਰੇ ਪਾਰ। ਰੂਪ ਅਨੂਪ ਆਪ ਧਰਾਇੰਦਾ, ਸਤਿ ਸਰੂਪ ਪਰਵਰਦਿਗਾਰ। ਚਾਰੇ ਕੂਟ ਵੇਖ ਵਖਾਇੰਦਾ, ਦਹਿ ਦਿਸ਼ਾ ਖੋਲ੍ਹ ਕਿਵਾੜ। ਏਕਾ ਚੋਟ ਨਗਾਰੇ ਲਾਇੰਦਾ, ਉਚੀ ਕੂਕ ਕਰ ਪੁਕਾਰ। ਨਿਰਗੁਣ ਜੋਤ ਆਪ ਜਗਾਇੰਦਾ, ਤਤਵ ਤੱਤ ਨਾ ਕੋਇ ਪਿਆਰ। ਆਪਣਾ ਘਾੜਨ ਆਪੇ ਵੇਖ ਵਖਾਇੰਦਾ, ਆਪੇ ਹੋਏ ਭੰਨਣਹਾਰ। ਆਪਣੇ ਰੰਗ ਆਪ ਸਮਾਇੰਦਾ, ਰੰਗ ਰੰਗੀਲਾ ਏਕੰਕਾਰ। ਏਕਾ ਸਤਿ ਆਪ ਉਪਾਇੰਦਾ, ਆਪੇ ਰੱਖੇ ਧੁਰ ਦਰਬਾਰ। ਆਪਣਾ ਹੁਕਮ ਆਪ ਜਣਾਇੰਦਾ। ਕਰੇ ਖੇਲ ਆਪ ਕਰਤਾਰ। ਕਲਜੁਗ ਆਪਣੀ ਵੰਡ ਵੰਡਾਇੰਦਾ, ਵੰਡਣਹਾਰ ਵਿਚ ਸੰਸਾਰ। ਲਹਿਣਾ ਦੇਣਾ ਝੋਲੀ ਪਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਗਏ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ। ਪੁਰਖ ਅਕਾਲ ਨਾਉਂ ਕਰਤਾਰਾ, ਨਿਰਗੁਣ ਆਪਣੀ ਧਾਰ ਚਲਾਈਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਬੇਪਰਵਾਹੀਆ। ਜੀਵ ਜੰਤ ਨਾ ਪਾਵੇ ਸਾਰਾ, ਸਾਧ ਸੰਤ ਭੇਵ ਨਾ ਰਾਈਆ। ਗੁਰ ਅਵਤਾਰ ਬੇਅੰਤ ਬੇਅੰਤ ਬੇਅੰਤ ਕਹਿ ਗਏ ਵਿਚ ਸੰਸਾਰਾ, ਲੇਖਾ ਲੇਖ ਨਾ ਕੋਇ ਲਿਖਾਈਆ। ਆਪੇ ਜਾਣੇ ਆਪਣੀ ਕਾਰਾ, ਜੁਗ ਕਰਤਾ ਆਪ ਕਰਾਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਸੁਤ ਰਲਾਇਆ ਸ਼ਬਦ ਦੁਲਾਰਾ, ਗੋਬਿੰਦ ਆਪਣੇ ਅੰਗ ਸਮਾਈਆ। ਅੰਮ੍ਰਿਤ ਪਿਆਇਆ ਠੰਡਾ ਠਾਰਾ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਏਕਾ ਹਰਿ, ਦੂਸਰ ਅਵਰ ਨਾ ਕੋਇ ਜਣਾਈਆ। ਇਕ ਇਕੱਲਾ ਪੁਰਖ ਅਕਾਲਾ, ਆਪਣੀ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਨਿਰਾਲਾ, ਵੇਦ ਕਤੇਬ ਭੇਵ ਨਾ ਆਇੰਦਾ। ਫਲ ਲਗਾਏ ਆਪਣਾ ਡਾਲਾ, ਫੁੱਲ ਫੁਲਵਾੜੀ ਵੇਖ ਵਖਾਇੰਦਾ। ਸਚਖੰਡ ਬੈਠ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਦੁਰਕਾਏ ਕਾਲ ਮਹਾਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਏਕਾ ਨਰ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਨਰ ਨਰਾਇਣ ਹਰਿ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਨੂਰੋ ਨੂਰ ਨੂਰ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਆਪ ਕਮਾਈਆ। ਕਲਜੁਗ ਅੰਤਮ ਖੇਲ ਕਰੇ ਵਿਚ ਸੰਸਾਰਾ, ਦਿਸ ਕਿਸੇ ਨਾ ਆਈਆ। ਇਕ ਸੱਤ ਉਤਰੇ ਪਾਰ ਕਿਨਾਰਾ, ਮੰਝਧਾਰ ਨਾ ਕੋਇ ਵਖਾਈਆ। ਸੰਮਤ ਸੰਮਤੀ ਪਾਵੇ ਸਾਰਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਲੇਖਾ ਜਾਣੇ ਥਿਤ ਵਾਰਾ, ਬਰਸ ਮਾਸ ਆਪਣੇ ਵਿਚ ਟਿਕਾਈਆ। ਵਦੀ ਸੁਦੀ ਨਾ ਕੋਇ ਧਾਰਾ, ਸੂਰਜ ਚੰਨ ਨੈਣ ਸ਼ਰਮਾਈਆ। ਕਲਜੁਗ ਅੰਤਮ ਖੇਲ ਨਿਆਰਾ, ਪੁਰਖ ਅਕਾਲ ਆਪ ਕਰਾਈਆ। ਗੋਬਿੰਦ ਮੇਲਾ ਸੁਤ ਦੁਲਾਰਾ, ਜਗਤ ਵਿਛੋੜਾ ਨਾ ਕੋਇ ਵਖਾਈਆ। ਇਕ ਸੱਤ ਕਰੇ ਪਿਆਰਾ, ਸੰਮਤ ਸਤਾਰਾਂ ਦਏ ਗਵਾਹੀਆ। ਸਾਲ ਸਤਾਰਾਂ ਪਾਰ ਕਿਨਾਰਾ, ਸਤਿ ਸਤਿਵਾਦੀ ਆਪ ਵਖਾਈਆ। ਛੱਬੀ ਪੋਹ ਦਿਵਸ ਦਿਹਾੜਾ, ਲੋਕਮਾਤ ਵੇਖ ਵਖਾਈਆ। ਏਕੰਕਾਰਾ ਆਵੇ ਸਾਚਾ ਲਾੜਾ, ਛੈਲ ਛਬੀਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਹਰਿ ਹਰਿ ਭੇਵ ਜਣਾਇੰਦਾ, ਸ਼ਬਦ ਨਿਸ਼ਅੱਖਰ ਬੋਲ। ਚਾਰ ਜੁਗ ਚਾਰ ਵਰਨ ਚਾਰ ਵੇਦ ਚਾਰ ਬਾਣੀ ਚਾਰ ਖਾਣੀ ਆਪਣੇ ਵਿਚ ਛੁਪਾਇੰਦਾ, ਦੂਸਰ ਤੋਲੇ ਨਾ ਕੋਇ ਤੋਲ। ਅਗੰਮ ਅਗੰਮੜਾ ਸ਼ਬਦ ਨਗਾਰਾ ਏਕਾ ਢੋਲ ਵਜਾਇੰਦਾ, ਆਦਿ ਜੁਗਾਦੀ ਰੱਖੇ ਆਪਣੇ ਕੋਲ। ਚਾਰ ਯਾਰੀ ਚਾਰ ਕਹਾਰ ਚਾਰ ਚਾਰ ਮੂਲ ਮੁਕਾਇੰਦਾ, ਲੱਖ ਚੁਰਾਸੀ ਜੰਤ ਵਰੋਲ। ਪੰਚਮ ਪੰਚ ਮੁਖ ਸਾਲਾਹਿੰਦਾ, ਨਾਮ ਦੇਵੇ ਨਾਮ ਅਨਮੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੇਵੇ ਵਰ ਆਪਣੀ ਜੋਤ ਆਪੇ ਮੌਲ। ਦੇਵਣਹਾਰਾ ਵਰ ਕਰਤਾਰ, ਪੰਚ ਪਿਆਰੇ ਪੰਚ ਜਣਾਈਆ। ਛੱਬੀ ਪੋਹ ਚੁੱਕੇ ਡਰ, ਪੂਰਬ ਲਹਿਣਾ ਲੇਖੇ ਲਾਈਆ। ਆਪਣੀ ਕਿਰਪਾ ਦੇਵੇ ਕਰ, ਗੁਰਮੁਖ ਰੱਤੀ ਰੰਗ ਰੰਗਾਈਆ। ਆਪਣੇ ਸਿੰਘਾਸਣ ਪੁਰਖ ਅਬਿਨਾਸ਼ਣ ਆਪੇ ਚੜ੍ਹ, ਦੋ ਜਹਾਨਾਂ ਵੇਖ ਵਖਾਈਆ। ਗੁਰਸਿਖਾਂ ਲੜ ਲਏ ਫੜ, ਸ੍ਰਿਸ਼ਟ ਸਬਾਈ ਦਏ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਇਕ ਸਮਝਾਈਆ। ਛੱਬੀ ਪੋਹ ਵਿਹਾਰ ਕਰੌਣਾ, ਭੁਲ ਰਹੇ ਨਾ ਰਾਈਆ। ਪੰਜਾਂ ਪਿਆਰਿਆਂ ਹੁਕਮ ਸੁਨੌਣਾ, ਪੀਲੇ ਬਸਤਰ ਤਨ ਛੁਹਾਈਆ। ਕਮਰਕਸਾ ਇਕ ਕਰੌਣਾ, ਨੌਂ ਖੰਡ ਪ੍ਰਿਥਮੀ ਗੰਢ ਪਵਾਈਆ। ਗੁਰਸਿਖਾਂ ਰਤ ਬ੍ਰਹਮ ਮਤ ਏਕਾ ਤੱਤ ਆਪਣੇ ਮਸਤਕ ਲੌਣਾ, ਸੀਸ ਜਗਦੀਸ਼ ਵਡੀ ਵਡਿਆਈਆ। ਕਲਜੁਗ ਕੂੜ ਕੁਪੱਤ ਮਨਮੁਖਾਂ ਝੋਲੀ ਪੌਣਾ, ਚਾਰੋਂ ਕੁੰਟ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਗਨ ਆਪ ਮਨਾਈਆ। ਹਰਿ ਸਾਚੇ ਸਗਨ ਮਨਾਵਣਾ, ਥਿਤ ਵਾਰ ਨਾ ਕੋਇ ਵਿਚਾਰ। ਪੰਜਾਂ ਪਿਆਰਿਆਂ ਇਕ ਇਕ ਕਤਰਾ ਆਪਣਾ ਖ਼ੂਨ ਇਕ ਪਿਆਲੇ ਪਾਵਣਾ, ਦੂਜਾ ਦਰ ਨਾ ਕੋਇ ਸਹਾਰ। ਨੌਂ ਦਸ ਵਕ਼ਤ ਸੁਹਾਵਣਾ, ਪੁਰਖ ਅਬਿਨਾਸ਼ੀ ਲਏ ਵਿਚਾਰ। ਹੱਸ ਹੱਸ ਆਪਣੇ ਮਸਤਕ ਲਾਵਣਾ, ਲਾਲ ਗੁਲਾਲਾ ਰੰਗ ਚੜ੍ਹੇ ਅਪਾਰ। ਕਲਜੁਗ ਜੀਵ ਖ਼ਾਕੀ ਖ਼ਾਕ ਮਿਲਾਵਣਾ, ਅਸਵ ਹੋ ਆਪ ਅਸਵਾਰ। ਗੁਰਸਿਖ ਤੇਰੀ ਰਤ ਏਕਾ ਤੱਤ ਸਾਚਾ ਖੰਡਾ ਹੱਥ ਚਮਕਾਵਣਾ, ਜਗਤ ਜੁਗ ਝੱਲੇ ਨਾ ਕੋਇ ਵਾਰ। ਤੇਰੀ ਪਤ ਆਪਣੇ ਸੀਸ ਰਖਾਵਣਾ, ਆਪੇ ਨਿਉਂ ਨਿਉਂ ਕਰੇ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪੂਰਬ ਲੇਖਾ ਰਿਹਾ ਵਿਚਾਰ। ਪੂਰਬ ਲੇਖਾ ਚੁਕਣਾ, ਪੁਰਖ ਅਕਾਲ ਚੁਕਾਏ। ਗੋਬਿੰਦ ਸੂਰਾ ਉਠਣਾ, ਆਪਣਾ ਲੇਖਾ ਆਪਣੇ ਲੇਖੇ ਲਏ ਲਗਾਏ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟ ਮਿਟਾਏ। ਸਿੰਘ ਸ਼ੇਰ ਨੌਂ ਸੌ ਚਰਾਨਵਾਂ ਚੌਕੜੀ ਜੁਗ ਦਾ ਭੁੱਖਾ ਏਕਾ ਵਾਰ ਬੁੱਕਣਾ, ਕੋਟਨ ਕੋਟ ਬ੍ਰਹਿਮੰਡ ਆਪਣੇ ਮੁਖ ਵਿਚ ਪਾਏ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸ਼ਾਹ ਸੁਲਤਾਨਾਂ ਘਰ ਰਾਤੀਂ ਸੁਤਿਆਂ ਜਾ ਜਾ ਢੁਕਣਾ, ਗੁਰਮੁਖ ਜਾਂਞੀ ਨਾਲ ਰਲਾਏ। ਨੌਂ ਸੌ ਨੜਿਨਵੇ ਧਰਤ ਮਾਤ ਆਪਣੀ ਗੋਦ ਸੁਹਾਏ ਕੁੱਖਨਾ, ਸੁਰਤ ਸੁਵਾਣੀ ਲਏ ਪਰਨਾਏ। ਗੁਰਸਿਖਾਂ ਭਾਰ ਆਪ ਚੁੱਕਣਾ, ਗੁਰਸਿਖ ਹੌਲੇ ਭਾਰ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤਿਲਕ ਏਕਾ ਮਸਤਕ ਲਾਏ।
