ਬਿਸ਼ਨ ਦਾਸ ਜਲੰਧਰ ਵਾਲੇ ਦੇ ਨਵਿਤ
ਬਿਸ਼ਨ ਦਾਸ ਸੰਗ ਵਿਸ਼ਨ ਸਮਾਇਆ। ਸ੍ਰੀ ਭਗਵਾਨ ਸਿਰ ਹੱਥ ਰਖਾਇਆ। ਆਵਣ ਜਾਵਣ ਗੇੜ ਕਟਾਇਆ। ਰਾਏ ਧਰਮ ਨਾ ਦਈ ਸਜ਼ਾਇਆ। ਚਿਤਰ ਗੁਪਤ ਨਾ ਲੇਖ ਵਖਾਇਆ। ਲਾੜੀ ਮੌਤ ਨਾ ਅੰਤ ਪਰਨਾਇਆ। ਅੰਮ੍ਰਿਤ ਵੇਲਾ ਗੁਰ ਅਮਰ ਕਰਾਇਆ। ਮਨ ਕਾ ਮਣਕਾ ਪ੍ਰਭ ਆਪ ਫਿਰਾਇਆ। ਰਸਨਾ ਜਿਹਵਾ ਹਰਿ ਹਰਿ ਗਾਇਆ। ਨਰ ਨਰਾਇਣ ਹੋਏ ਸਹਾਈਆ। ਆਪ ਤਰਿਆ ਕੁਟੰਬ ਤਰਾਇਆ। ਮਾਤ ਪਿਤ ਕੁਖ ਸਫਲ ਕਰਾਇਆ। ਜਗਤ ਮਿਟਿਆ ਦੁੱਖ, ਘਰ ਸਾਚਾ ਪਾਇਆ। ਲੇਖੇ ਲੱਗਾ ਉਲਟਾ ਰੁੱਖ, ਮਾਣਸ ਦੇਵ ਦੇਵ ਨਿਹਕੇਵ ਆਪਣੇ ਵਿਚ ਮਿਲਾਇਆ। ਨਾ ਸੋਗ ਨਾ ਹਰਖ ਨਿਰਗੁਣ ਨਿਰਾਕਾਰ ਨਿਰਵੈਰ ਦਿਤਾ ਦਰਸ ਕਰ ਤਰਸ, ਪੂਰਬ ਲਹਿਣਾ ਝੋਲੀ ਪਾਇਆ। ਅੰਮ੍ਰਿਤ ਮੇਘ ਏਕਾ ਬਰਸ ਮਿਟਾਈ ਹਰਸ, ਸੰਸਾ ਰੋਗ ਚੁਕਾਇਆ। ਲੇਖਾ ਚੁਕਿਆ ਅਰਸ਼ ਫ਼ਰਸ਼, ਮੁਕਤੀ ਚਰਨਾਂ ਹੇਠ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਜਨ ਭਗਤਾਂ ਕੱਢ ਕਾਇਆ ਖੋਟ, ਹਿਰਦੇ ਹਰਿ ਸੋਹੰ ਆਪਣਾ ਨਾਮ ਜਪਾਇਆ। ਬਿਸ਼ਨ ਦਾਸ ਸਚਖੰਡ ਨਵਾਸ, ਜੋਤੀ ਜੋਤ ਪਰਕਾਸ਼, ਪੂਰੀ ਹੋਈ ਆਸ, ਜਗਤ ਸਾਸ ਗਰਾਸ, ਖਾਣਾ ਪੀਣਾ ਔਣਾ ਜਾਣਾ ਰਹਿਣਾ ਬਹਿਣਾ ਸਿਰ ਭਾਣਾ ਸਹਿਣਾ, ਸਾਚਾ ਹੁਕਮ ਮਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਗੁਣ ਪੇਟਾ ਪੰਜ ਤੱਤ ਤਾਣਾ, ਆਪਣੀ ਹੱਥੀਂ ਆਪਣਾ ਅੰਤਮ ਕਾਇਆ ਮਾਟੀ ਕੀਤਾ ਵਾਣ ਪੁਰਾਨਾ। ਸਾਥੀਆਂ ਛੱਡੇ ਸਾਥ, ਕੋਈ ਨਾ ਲੱਭਿਆ ਸਾਚਾ ਹਾਣਾ। ਪੁਰਖ ਅਬਿਨਾਸ਼ੀ ਆਪ ਸੁਣਾਈ ਆਪਣੀ ਗਾਥ, ਸੋਹੰ ਸ਼ਬਦ ਸਾਚਾ ਗਾਣਾ। ਅੰਤ ਮੁਕਾਈ ਜਗਤ ਵਾਟ, ਜਨਮ ਜਨਮ ਦਾ ਪੂਰਾ ਕਰਿਆ ਘਾਟ, ਪਲੰਘ ਰੰਗੀਲਾ ਛੈਲ ਛਬੀਲਾ ਲੈ ਕੇ ਆਇਆ ਤ੍ਰਿਲੋਕੀ ਨਾਥ, ਨਾਥ ਅਨਾਥਾਂ ਲਏ ਚੜ੍ਹਾਇਆ। ਅੰਤਮ ਕੀਤਾ ਆਪਣਾ ਹੀਲਾ, ਹਰਿ ਭਗਤ ਮਿਲਾਇਆ। ਗੁਰਸਿਖ ਕ਼ਬੀਲਾ, ਘਰ ਮੰਦਰ ਵੱਜੇ ਵਧਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਕੁਟੰਬ ਦੇਵੇ ਦਾਨ, ਪੁਤਰ ਧੀ ਭਾਈ ਭੈਣ ਸਾਕ ਸੱਜਣ ਨੇਤਰ ਨੀਰ ਨਾ ਕੋਇ ਵਹਾਇਆ।
