੧ ਜੇਠ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਲਾਲ ਰੰਗ ਹਰਿ ਗੁਲਾਲਾ, ਸੋ ਪੁਰਖ ਨਿਰੰਜਣ ਆਪ ਉਪਜਾਇੰਦਾ। ਬਣੇ ਲਾਲਾਰੀ ਪੁਰਖ ਅਕਾਲਾ, ਹਰਿ ਪੁਰਖ ਨਿਰੰਜਣ ਨਾਲ ਰਲਾਇੰਦਾ। ਏਕੰਕਾਰਾ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਆਪਣੀ ਆਪ ਉਪਾਇੰਦਾ। ਅਬਿਨਾਸ਼ੀ ਕਰਤਾ ਵਸੇ ਸਚਖੰਡ ਸੱਚੀ ਧਰਮਸਾਲਾ, ਧੁਰ ਦਰਬਾਰਾ ਆਪ ਸੁਹਾਇੰਦਾ। ਸ੍ਰੀ ਭਗਵਾਨ ਬਣੇ ਦਲਾਲਾ, ਦਰ ਘਰ ਸਾਚੇ ਸੇਵ ਕਮਾਇੰਦਾ। ਪਾਰਬ੍ਰਹਮ ਰਾਹ ਵੇਖੇ ਇਕ ਸੁਖਾਲਾ, ਮਾਰਗ ਆਪਣਾ ਪੰਧ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਰੰਗ ਰੰਗੀਲਾ ਆਪ ਰੰਗਾਇੰਦਾ। ਲਾਲ ਰੰਗ ਹਰਿ ਅਨਮੋਲਾ, ਏਕਾ ਏਕ ਉਪਜਾਇੰਦਾ। ਸੋ ਪੁਰਖ ਨਿਰੰਜਣ ਬਣਿਆ ਤੋਲਾ, ਸਾਚੇ ਕੰਡੇ ਆਪ ਤੁਲਾਇੰਦਾ। ਹਰਿ ਪੁਰਖ ਨਿਰੰਜਣ ਦਰ ਦਰਵੇਸ਼ ਬਣ ਬਣ ਗੋਲਾ, ਆਪਣੀ ਭਿਖਿਆ ਮੰਗ ਮੰਗਾਇੰਦਾ। ਏਕਓਅੰਕਾਰਾ ਬੋਲੇ ਏਕਾ ਬੋਲਾ, ਏਕਾ ਹੁਕਮੀ ਹੁਕਮ ਜਣਾਇੰਦਾ। ਆਦਿ ਨਿਰੰਜਣ ਗਾਏ ਸਾਚਾ ਢੋਲਾ, ਰੂਪ ਰੰਗ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਵਸੇ ਕੋਲਾ, ਆਪ ਆਪਣਾ ਪਰਦਾ ਲਾਹਿੰਦਾ। ਅਬਿਨਾਸ਼ੀ ਕਰਤਾ ਰੰਗੇ ਚੋਲਾ, ਦੂਸਰ ਰੰਗ ਨਾ ਕੋਇ ਜਣਾਇੰਦਾ। ਪਾਰਬ੍ਰਹਮ ਆਪ ਮਿਟਾਏ ਪਰਦਾ ਉਹਲਾ, ਆਪ ਆਪਣਾ ਰੂਪ ਪ੍ਰਗਟਾਇੰਦਾ। ਸਚਖੰਡ ਦੁਆਰੇ ਸੁਣਾਏ ਏਕਾ ਸੋਹਲਾ, ਨਾਦ ਅਨਾਦੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਉਪਾਇੰਦਾ। ਸਾਚਾ ਰੰਗ ਲਾਲ ਅਪਾਰਾ, ਸੋ ਪੁਰਖ ਨਿਰੰਜਣ ਆਪ ਉਪਜਾਇੰਦਾ। ਹਰਿ ਪੁਰਖ ਨਿਰੰਜਣ ਕਰ ਪਿਆਰਾ, ਆਪ ਆਪਣਾ ਖੇਲ ਖਿਲਾਇੰਦਾ। ਇਕਓਅੰਕਾਰਾ ਬਣ ਲਲਾਰਾ, ਸਾਚੀ ਸੇਵਕ ਸੇਵ ਕਮਾਇੰਦਾ। ਸ੍ਰੀ ਭਗਵਾਨ ਕਰੇ ਖੇਲ ਨਿਆਰਾ, ਖੇਲਣਹਾਰਾ ਦਿਸ ਨਾ ਆਇੰਦਾ। ਅਬਿਨਾਸ਼ੀ ਕਰਤਾ ਵਸੇ ਉਚ ਚੁਬਾਰਾ, ਮਹੱਲ ਅਟੱਲ ਇਕ ਸੁਹਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਦੀਪਕ ਦੀਆ ਇਕ ਜਗਾਇੰਦਾ। ਪਾਰਬ੍ਰਹਮ ਨੇਤਰ ਨੈਣ ਇਕ ਉਘਾੜਾ, ਆਪੇ ਆਪਣਾ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗੇ ਲਾਲ, ਲਾਲਣ ਆਪਣਾ ਨਾਉਂ ਧਰਾਇੰਦਾ। ਲਾਲ ਲਾਲਣ ਪੁਰਖ ਅਗੰਮਾ, ਦੂਸਰ ਹੋਰ ਨਾ ਕੋਇ ਜਣਾਇੰਦਾ। ਆਪੇ ਜਾਣੇ ਆਪਣਾ ਕੰਮਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਮਾਤ ਪਿਤ ਜਨਣੀ ਜਨ ਨਾ ਕਿਸੇ ਜਣਾ, ਰਸਨਾ ਰਸ ਨਾ ਕੋਇ ਵਖਾਇੰਦਾ। ਰਾਗ ਨਾਦ ਨਾ ਸੁਣਾਏ ਕੋਈ ਕੰਨਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਨਾ ਕਰੇ ਪਰਕਾਸ਼ ਕੋਇ ਰਵ ਸਸ ਚੰਨਾ, ਸੂਰਜ ਸੂਰਯਾ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਅਪਰ ਅਪਾਰਾ, ਆਪ ਉਪਾਏ ਹਰਿ ਨਿਰੰਕਾਰਾ, ਦਰ ਘਰ ਸਾਚੇ ਆਪ ਸੁਹਾਇੰਦਾ। ਦਰ ਘਰ ਹਰਿ ਸੁਹੰਜਣਾ, ਪੁਰਖ ਅਬਿਨਾਸ਼ੀ ਆਪ ਸੁਹਾਈਆ। ਖੇਲ ਕਰੇ ਦਰਦ ਦੁੱਖ ਭੈ ਭੰਜਣਾ, ਭੇਵ ਅਭੇਦਾ ਭੇਵ ਛੁਪਾਈਆ। ਆਪਣਾ ਲੇਖਾ ਆਪੇ ਜਾਣੇ ਨਾ ਘੜਿਆ ਨਾ ਭੱਜਣਾ, ਘੜਣ ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਆਪ ਆਪਣਾ ਵੇਸ ਧਰਾਈਆ। ਸਚਖੰਡ ਦੁਆਰੇ ਆਪੇ ਵੜਿਆ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਰ ਨਿਰੰਕਾਰਾ ਆਪਣੀ ਸੇਜ ਆਪੇ ਚੜ੍ਹਿਆ, ਆਪ ਆਪਣਾ ਸਗਨ ਮਨਾਇੰਦਾ। ਆਪਣਾ ਪੱਲਾ ਆਪੇ ਫੜਿਆ, ਸਾਲੂ ਆਪਣੀ ਗੰਢ ਬੰਧਾਇੰਦਾ। ਆਪਣਾ ਘਾੜਣ ਆਪੇ ਘੜਿਆ, ਰੂਪ ਰੇਖ ਨਾ ਕੋਇ ਵਖਾਇੰਦਾ। ਅਗਨੀ ਪਵਣੀ ਕਦੇ ਨਾ ਸੜਿਆ, ਤਤਵ ਤਤ ਨਾ ਕੋਇ ਜਲਾਇੰਦਾ। ਵਿਦਿਆ ਅੱਖਰ ਕੋਇ ਨਾ ਪੜ੍ਹਿਆ, ਆਪ ਆਪਣਾ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੇਲ ਅਪਾਰਾ, ਹਰਿ ਨਿਰੰਕਾਰਾ ਆਪ ਕਰਾਇੰਦਾ। ਖੇਲ ਅਪਾਰਾ ਸ੍ਰੀ ਭਗਵਾਨ, ਆਪਣਾ ਆਪ ਕਰਾਈਆ। ਸਚਖੰਡ ਦੁਆਰਾ ਸੁਹਾਏ ਸਚ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ । ਆਪਣੀ ਜੋਤੀ ਨਾਲ ਰਲਾਏ ਨਾਰ ਰਕਾਨ, ਅੰਗ ਅੰਗੀਕਾਰ ਕਰਾਈਆ। ਆਪਣੀ ਸੇਜਾ ਕਰੇ ਪਰਵਾਨ, ਪਰਮ ਪੁਰਖ ਵਡ ਵਡਿਆਈਆ। ਆਪਣਾ ਵੇਖੇ ਮਾਰ ਧਿਆਨ, ਨਿਰਗੁਣ ਨਿਰਗੁਣ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਖੇਲ ਅਪਾਰਾ, ਇਕਓਅੰਕਾਰਾ ਆਪ ਖਿਲਾਈਆ। ਇਕਓਅੰਕਾਰਾ ਸਚ ਮਹੱਲਾ, ਸਚਖੰਡ ਸੋਭਾ ਪਾਇੰਦਾ। ਸਾਚੀ ਸੇਜਾ ਇਕ ਇਕੱਲਾ, ਆਪਣਾ ਆਸਣ ਲਾਇੰਦਾ। ਆਪ ਫੜਾਏ ਆਪਣਾ ਪੱਲਾ, ਆਪ ਆਪਣਾ ਮੇਲ ਮਿਲਾਇੰਦਾ। ਆਪ ਵਸਾਏ ਨਿਹਚਲ ਧਾਮ ਅਟੱਲਾ, ਅਗੰਮ ਅਥਾਹ ਆਪ ਅਖਵਾਇੰਦਾ। ਆਪਣਾ ਆਸਣ ਆਪੇ ਮੱਲਾ, ਆਪ ਆਪਣਾ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਚ ਕਰੀ ਕੁੜਮਾਈਆ। ਹਰਿ ਹਰਿ ਬਣਿਆ ਨਾਰੀ ਕੰਤ, ਨਰ ਹਰਿ ਨਰਾਇਣ ਵੇਖ ਵਖਾਈਆ। ਆਪ ਬਣਾਈ ਆਪਣੀ ਬਣਤ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਸਚਖੰਡ ਦੁਆਰਾ ਹਰਿ ਭਗਵਾਨਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਆਪਣੇ ਹੱਥੀਂ ਬੰਨ੍ਹੇ ਗਾਨਾ, ਆਪ ਆਪਣਾ ਸਗਨ ਮਨਾਇੰਦਾ। ਆਪੇ ਬੋਲੇ ਸਚ ਤਰਾਨਾ, ਤੁਰੀਆ ਰਾਗ ਆਪ ਅਲਾਇੰਦਾ। ਆਪੇ ਵੇਖੇ ਸਚ ਨਿਸ਼ਾਨਾ, ਦਰ ਘਰ ਸਾਚੇ ਆਪ ਝੁਲਾਇੰਦਾ। ਆਪੇ ਬਣ ਬਣ ਨੌਜਵਾਨਾ, ਆਪਣਾ ਜੋਬਨ ਰੂਪ ਸੁਹਾਇੰਦਾ। ਆਪੇ ਮਸਤੀ ਮਸਤ ਮਸਤਾਨਾ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਆਦਿ ਸ਼ਕਤ ਬਣੇ ਨੌਜਵਾਨਾ, ਨਿਰਗੁਣ ਨਾਰ ਭਤਾਰ ਰੂਪ ਵਟਾਇੰਦਾ । ਆਪੇ ਸੌਹਰੇ ਪੇਈਏ ਦੇਵੇ ਮਾਣਾ, ਆਪ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਦਿਸ ਨਾ ਆਇੰਦਾ। ਸਚਖੰਡ ਦਵਾਰਾ ਪਾਰਬ੍ਰਹਮ, ਏਕਾ ਰੰਗ ਸਮਾਇਆ। ਨਾ ਮਰੇ ਨਾ ਪਏ ਜੰਮ, ਤਤਵ ਤਤ ਨਾ ਕੋਇ ਉਪਾਇਆ। ਆਪੇ ਜਾਣੇ ਆਪਣਾ ਕੰਮ, ਕਰਤਾ ਕਾਰਜ ਆਪ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਇਆ। ਪੁਰਖ ਅਬਿਨਾਸ਼ਾ ਖੇਲ ਕਰੰਦੜਾ, ਘਰ ਸਾਚੇ ਵੱਜੇ ਵਧਾਈਆ। ਸਾਚੇ ਤਖ਼ਤ ਆਪ ਸੁਹੰਦੜਾ, ਸੋਭਾਵੰਤ ਬੇਪਰਵਾਹੀਆ। ਆਪਣੀ ਰਚਨਾ ਆਪ ਰਚੰਦੜਾ, ਰਚ ਰਚ ਵੇਖੇ ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਨਿਰਗੁਣ ਨਾਰੀ ਨਿਰਗੁਣ ਕੰਤ, ਨਿਰਗੁਣ ਬਣੇ ਵਿਚੋਲਿਆ। ਨਿਰਗੁਣ ਧਾਮ ਨਿਰਗੁਣ ਕਾਮ ਨਿਰਗੁਣ ਸੋਭਾਵੰਤ, ਨਿਰਗੁਣ ਗਾਏ ਢੋਲਿਆ। ਨਿਰਗੁਣ ਜਾਮ ਨਿਰਗੁਣ ਮੰਤ, ਨਿਰਗੁਣ ਬੋਲੇ ਬੋਲਿਆ। ਨਿਰਗੁਣ ਆਦਿ ਨਿਰਗੁਣ ਅੰਤ, ਨਿਰਗੁਣ ਖੇਲੇ ਆਪਣੀ ਹੋਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੰਗੇ ਆਪਣੀ ਚੋਲੀਆ। ਨਿਰਗੁਣ ਨਾਰੀ ਕੰਤ ਭਤਾਰਾ, ਸੱਚਖੰਡ ਡੇਰਾ ਲਾਇਆ। ਨਿਰਗੁਣ ਕਰੇ ਸਚ ਪਿਆਰਾ, ਨਿਰਗੁਣ ਆਪਣਾ ਮੇਲ ਮਿਲਾਇਆ। ਨਿਰਗੁਣ ਨੇਤਰ ਨੈਣ ਵੇਖੇ ਏਕਾ ਧਾਰਾ, ਧਾਰ ਧਾਰ ਵਿਚ ਟਿਕਾਇਆ। ਨਿਰਗੁਣ ਗੁਪਤ ਨਿਰਗੁਣ ਜ਼ਾਹਰਾ, ਜ਼ਾਹਰ ਜ਼ਹੂਰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਨਿਰਗੁਣ ਮੇਲ ਪੁਰਖ ਬਿਧਾਤਾ, ਆਦਿ ਨਿਰੰਜਣ ਵਡ ਵਡਿਆਈਆ। ਖੇਲੇ ਖੇਲ ਇਕ ਇਕਾਂਤਾ, ਅਕਲ ਕਲ ਭੇਵ ਨਾ ਰਾਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਘੜੀ ਪਲ ਨਾ ਕੋਇ ਬਣਾਈਆ। ਨਾ ਕੋਈ ਬਰਸ ਨਾ ਕੋਈ ਮਾਸ ਨਾ ਕੋਈ ਲੇਖਾ ਲਿਖੇ ਗਾਥਾ, ਨਾ ਕੋਈ ਕਰੇ ਪੜ੍ਹਾਈਆ। ਨਾ ਕੋਈ ਮੰਡਲ ਮੰਡਪ ਰਵ ਸਸ ਚਲਾਏ ਰਾਥਾ, ਹੁਕਮੀ ਹੁਕਮ ਨਾ ਕੋਇ ਭਵਾਈਆ। ਇਕ ਇਕੱਲਾ ਹਰਿ ਸਮਰਾਥਾ, ਸਚਖੰਡ ਬੈਠਾ ਆਸਣ ਲਾਈਆ। ਆਪਣੇ ਅੰਦਰ ਮਾਰੇ ਸਾਚੀ ਠਾਠਾ, ਸਰ ਸਰੋਵਰ ਆਪ ਅਖਵਾਈਆ। ਆਪਣਾ ਬਣੇ ਆਪੇ ਬਾਟਾ, ਅੰਮ੍ਰਿਤ ਆਪਣਾ ਵਿਚ ਟਿਕਾਈਆ। ਆਪੇ ਵੇਚੇ ਆਪਣੇ ਹਾਟਾ, ਚੌਦਾਂ ਹੱਟ ਨਾ ਵਣਜ ਵਖਾਈਆ। ਆਪੇ ਸੋਹੇ ਆਪਣੀ ਖਾਟਾ, ਸੇਜ ਸੁਹੰਜਣੀ ਇਕ ਵਛਾਈਆ। ਆਪੇ ਜੋਤੀ ਨੂਰ ਹੋਏ ਲਲਾਟਾ, ਨੂਰੋ ਨੂਰ ਡਗਮਗਾਈਆ। ਆਪੇ ਵੜੇ ਆਣ ਬਾਟਾ, ਆਪੇ ਪਰਦਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਅਗੰਮ ਅਥਾਹੀਆ। ਨਿਰਗੁਣ ਬਾਟਾ ਅੰਮ੍ਰਿਤ ਭਰਿਆ, ਪ੍ਰੇਮ ਪ੍ਰੇਮ ਵਿਚ ਸਮਾਇੰਦਾ। ਆਪੇ ਫੜ ਫੜ ਅੱਗੇ ਕਰਿਆ, ਆਪੇ ਵੇਖ ਵਖਾਇੰਦਾ। ਆਪੇ ਨਾਰੀ ਨਰ ਦੇਵੇ ਵਰਿਆ, ਵਰ ਘਰ ਆਪਣਾ ਆਪ ਸੁਹਾਇੰਦਾ। ਆਪੇ ਆਪਣਾ ਸਗਨ ਕਰਿਆ, ਪ੍ਰੇਮ ਰੰਗਣ ਰੰਗ ਰੰਗਾਇੰਦਾ। ਲਾਲ ਰੰਗ ਪਹਿਲੀ ਵੇਰ ਪੁਰਖ ਅਬਿਨਾਸ਼ੀ ਕਰਿਆ, ਸਚਖੰਡ ਦੁਆਰੇ ਆਪਣੀ ਸੇਜ ਸੁਹਾਇੰਦਾ। ਆਪਣਾ ਪੱਲੂ ਆਪੇ ਫੜਿਆ, ਦੂਸਰ ਕੋਇ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜਾ ਖੇਲ ਖਿਲਾਇੰਦਾ। ਲਾਲ ਰੰਗ ਹਰਿ ਨਿਰੰਕਾਰਾ, ਘਰ ਸਾਚੇ ਆਪ ਰੰਗਾਈਆ। ਨਾਰੀ ਕੰਤ ਮੇਲ ਭਤਾਰਾ, ਪ੍ਰਿਆ ਪ੍ਰੀਤਮ ਵੇਖ ਵਖਾਈਆ। ਸਾਚਾ ਸਾਲੂ ਹੋਏ ਤਿਆਰਾ, ਦੀਨ ਦਿਆਲੂ ਆਪ ਕਰਾਈਆ। ਆਦਿ ਜੁਗਾਦੀ ਅੰਤ ਨਾ ਪਾਰਾਵਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਕੋਇ ਨਾ ਜਾਣੇ ਆਰ ਪਾਰ ਕਿਨਾਰਾ, ਬੇਅੰਤ ਬੇਪਰਵਾਹੀਆ। ਲਾਲ ਰੰਗ ਨਿਰਗੁਣ ਧਾਰਾ, ਸੁਤੇ ਪਰਕਾਸ਼ ਆਪ ਕਰਾਈਆ। ਸਚਖੰਡ ਨਿਵਾਸੀ ਆਪੇ ਜਾਣੇ ਆਪਣੀ ਧਾਰਾ, ਆਪ ਆਪਣੇ ਵਿਚੋਂ ਪ੍ਰਗਟਾਈਆ। ਕਰੇ ਖੇਲ ਖੇਲਣਹਾਰਾ, ਸਾਚੀ ਰਚਨਾ ਰਚ ਵਖਾਈਆ। ਸਚਖੰਡ ਦਵਾਰਿਉਂ ਆਵੇ ਬਾਹਰਾ, ਸੁਨ ਅਗੰਮ ਸਮਾਈਆ। ਸੁਨ ਅਗੰਮੀ ਹੋ ਉਜਿਆਰਾ, ਪਾਰਬ੍ਰਹਮ ਲਏ ਉਠਾਈਆ। ਪਾਰਬ੍ਰਹਮ ਪ੍ਰਭ ਭਰ ਭੰਡਾਰਾ, ਬ੍ਰਹਮ ਵਿਦਿਆ ਇਕ ਜਣਾਈਆ। ਬ੍ਰਹਮ ਬ੍ਰਹਮ ਕਰ ਉਜਿਆਰਾ, ਵਿਸ਼ਨੂੰ ਵਿਸ਼ਵ ਰੂਪ ਪਰਗਟਾਈਆ। ਸ਼ੰਕਰ ਖੇਲ ਵਿਚ ਸੰਸਾਰਾ, ਸਤਿਗੁਰ ਪੂਰਾ ਆਪ ਕਰਾਈਆ। ਤਿੰਨਾਂ ਵਿਚੋਲਾ ਬਣ ਨਿਰੰਕਾਰਾ, ਤ੍ਰੈਗੁਣ ਝੋਲੀ ਇਕ ਭਰਾਈਆ। ਏਕਾ ਸ਼ਬਦ ਸ਼ਬਦ ਜੈਕਾਰਾ, ਧੁਨ ਆਤਮਕ ਆਪ ਸੁਣਾਈਆ। ਚਾਰੇ ਵੇਦਾਂ ਬਣ ਲਿਖਾਰਾ, ਚਾਰੇ ਮੁਖ ਦਏ ਸਾਲਾਹੀਆ। ਚਾਰੇ ਜੁਗ ਭਰੇ ਭੰਡਾਰਾ, ਚਾਰੇ ਖਾਣੀ ਵੇਖ ਵਖਾਈਆ। ਚਾਰੇ ਬਾਣੀ ਆਪਣੀ ਧਾਰਾ, ਆਪ ਆਪਣਾ ਸ਼ਬਦ ਸੁਣਾਈਆ। ਚਾਰੇ ਵਰਨ ਕਰੇ ਪੁਕਾਰਾ, ਚਾਰ ਚਾਰਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਈਆ। ਲੇਖਾ ਹਰਿ ਭਗਵੰਤ, ਭੇਵ ਕੋਇ ਨਾ ਪਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਆਪੇ ਨਾਰੀ ਆਪੇ ਕੰਤ, ਕੰਤ ਕੰਤੂਹਲ ਨਾਉਂ ਧਰਾਇੰਦਾ। ਆਪੇ ਚੋਲੀ ਚਾੜ੍ਹੇ ਰੰਗ ਬਸੰਤ, ਕਾਇਆ ਕਪੜ ਵੇਖ ਵਖਾਇੰਦਾ। ਆਪੇ ਮਣੀਆ ਆਪੇ ਮੰਤ, ਆਪੇ ਸ਼ਬਦ ਰੂਪ ਪਰਗਟਾਇੰਦਾ। ਆਪੇ ਜੀਵ ਆਪੇ ਜੰਤ, ਲੱਖ ਚੁਰਾਸੀ ਆਪ ਸਮਾਇੰਦਾ। ਆਪੇ ਸਾਧ ਆਪੇ ਸੰਤ, ਆਦਿ ਅੰਤ ਵੇਖ ਵਖਾਇੰਦਾ। ਆਪੇ ਹਉਮੇ ਆਪੇ ਹੰਗਤ, ਖ਼ਿਮਾਂ ਗ਼ਰੀਬੀ ਆਪ ਹੰਢਾਇੰਦਾ। ਆਪੇ ਭੁੱਖਾ ਆਪੇ ਨੰਗਤ, ਸ਼ਾਹ ਸੁਲਤਾਨ ਆਪ ਹੋ ਜਾਇੰਦਾ। ਆਪੇ ਦਰ ਦਰ ਭਿਖਾਰੀ ਬਣੇ ਮੰਗਤ, ਆਪੇ ਮੰਗਿਆਂ ਭਿਛ ਨਾ ਪਾਇੰਦਾ। ਆਪੇ ਚੋਲੀ ਚਾੜ੍ਹੇ ਸਾਚੀ ਰੰਗਤ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਲਾਲ ਰੰਗ ਹਰਿ ਕਰਤਾਰ, ਆਪਣਾ ਆਪ ਰੰਗਾਈਆ। ਪਰਗਟ ਕਰੇ ਵਿਚ ਸੰਸਾਰ, ਗੁਰ ਸਤਿਗੁਰ ਬੂਝ ਬੁਝਾਈਆ। ਨਿਰਗੁਣ ਸਰਗੁਣ ਕਰ ਪਿਆਰ, ਪੀਆ ਪ੍ਰੀਤਮ ਦਏ ਮਿਲਾਈਆ। ਘਰ ਸੁਹੰਜਣਾ ਖੇਲ ਅਪਾਰ, ਆਦਿ ਨਿਰੰਜਣਾ ਆਪ ਕਰਾਈਆ। ਦਰਦ ਦੁੱਖ ਭੈ ਭੰਜਣਾ ਪਾਵੇ ਸਾਰ, ਨੇਤਰ ਅੰਜਣਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਦਏ ਵਡਿਆਈਆ। ਲਾਲ ਰੰਗ ਲੋਕਮਾਤ, ਗੁਰ ਸਤਿਗੁਰ ਆਪ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਵੇਖੇ ਮਾਰ ਝਾਤ, ਨੇਤਰ ਨੈਣ ਨਾ ਕੋਇ ਦਖਾਇੰਦਾ। ਲੇਖਾ ਚੁਕਾਏ ਦਿਵਸ ਰਾਤ, ਸਵੇਰ ਸੰਝ ਨਾ ਕੋਇ ਬਣਾਇੰਦਾ। ਹਰਿ ਭਗਤ ਸੁਣਾਏ ਆਪਣੀ ਗਾਥ, ਆਪ ਆਪਣਾ ਨਾਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਾਲ ਰੰਗ ਵੰਡ ਵੰਡਾਇੰਦਾ। ਲਾਲ ਰੰਗ ਵੰਡੀ ਵੰਡ, ਵੰਡਣਹਾਰ ਕਰਤਾਰਾ। ਭੇਵ ਨਾ ਪਾਏ ਕੋਈ ਵਿਚ ਬ੍ਰਹਿਮੰਡ, ਲਿਖ ਲਿਖ ਥੱਕਾ ਸਰਬ ਸੰਸਾਰਾ। ਅੰਤ ਨਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਦਿਸੇ ਨਾ ਪਾਰ ਕਿਨਾਰਾ। ਦਿਸ ਨਾ ਆਏ ਵਿਚ ਨਵ ਖੰਡ, ਸਤ ਦੀਪ ਨਾ ਕੋਇ ਉਜਿਆਰਾ। ਪੁਰਖ ਅਬਿਨਾਸ਼ੀ ਆਪਣੀ ਸੇਜਾ ਸੁੱਤਾ ਦੇ ਕਰ ਕੰਡ, ਨੇਤਰ ਨੈਣ ਨਾ ਕੋਇ ਉਘਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰਾ। ਲਾਲ ਰੰਗ ਹਰਿ ਸੁਲਤਾਨ, ਦਰ ਘਰ ਸਾਚੇ ਆਪ ਵਰਤਾਇੰਦਾ। ਜੁਗਾ ਜੁਗੰਤਰ ਹੋ ਮਿਹਰਵਾਨ, ਜਨ ਭਗਤਾਂ ਝੋਲੀ ਪਾਇੰਦਾ। ਗੁਰ ਸਤਿਗੁਰ ਦੇਵੇ ਸਾਚਾ ਦਾਨ, ਗੁਣ ਨਿਧਾਨ ਦਇਆ ਕਮਾਇੰਦਾ। ਜਿਸ ਸਖੀ ਮਿਲਿਆ ਸੱਚਾ ਕਾਹਨ, ਤਿਸ ਸਾਲੂ ਲਾਲ ਰੰਗਾਇੰਦਾ। ਲੱਖ ਚੁਰਾਸੀ ਜੀਵ ਜੰਤ ਸਰਬ ਪਛਤਾਣ, ਨੇਤਰ ਦਰਸ ਕੋਇ ਨਾ ਪਾਇੰਦਾ। ਕੋਟਨ ਕੋਟ ਰਸਨਾ ਗਾਣ, ਕਾਇਆ ਕੋਟ ਨਾ ਕੋਇ ਤੁੜਾਇੰਦਾ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਤਿਸ ਜਨ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਕਰੇ ਮਾਤ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇੰਦਾ। ਗੁਰਸਿਖ ਲੱਗੇ ਨਾ ਦਾਗ਼, ਗੁਰ ਸਤਿਗੁਰ ਆਪ ਧੁਆਇੰਦਾ। ਗੁਰਸਿਖ ਨਾ ਹੋਏ ਕਾਗ, ਮਾਣਕ ਮੋਤੀ ਚੋਗ ਚੁਗਾਇੰਦਾ। ਗੁਰਸਿਖ ਉਪਜੇ ਇਕ ਵੈਰਾਗ, ਬਿਰਹੋਂ ਤੀਰ ਨਿਰਾਲਾ ਅਣਿਆਲਾ ਆਪ ਲਗਾਇੰਦਾ। ਗੁਰਸਿਖ ਜੋਤੀ ਜਗੇ ਚਿਰਾਗ, ਅੰਧ ਅੰਧੇਰਾ ਆਪ ਮਿਟਾਇੰਦਾ। ਗੁਰਸਿਖ ਪਕੜੇ ਆਪ ਵਾਗ, ਸਾਚੀ ਸੇਵਾ ਸੇਵ ਕਮਾਇੰਦਾ। ਗੁਰਸਿਖ ਤੇਰੀ ਸਰਨ ਹਰਿ ਸਾਚਾ ਜਾਏ ਲਾਗ, ਲੋਕਮਾਤ ਤੇਰੀ ਓਟ ਰਖਾਇੰਦਾ। ਤੇਰੇ ਘਰ ਲੱਗੀ ਬੁਝਾਏ ਆਗ, ਆਪਣਾ ਅੰਮ੍ਰਿਤ ਮੇਘ ਬਰਸਾਇੰਦਾ। ਤੇਰੇ ਮੰਦਰ ਗਾਏ ਆਪਣਾ ਰਾਗ, ਆਪਣੀ ਧੁਨ ਆਪ ਉਪਜਾਇੰਦਾ। ਤੇਰਾ ਬਣੇ ਸੱਜਣ ਸਾਕ, ਆਪ ਕਬੀਲਾ ਨਾ ਕੋਇ ਦਖਾਇੰਦਾ। ਤੇਰੀ ਧੂੜੀ ਮੰਗੇ ਖ਼ਾਕ, ਸਚਖੰਡ ਦੁਆਰੇ ਆਪ ਟਿਕਾਇੰਦਾ। ਆਪ ਚੜ੍ਹਾਏ ਫੜ ਫੜ ਬਾਹੋਂ ਸਾਚੇ ਰਾਕ, ਸ਼ਬਦ ਘੋੜਾ ਆਪ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਗੁਰਸਿਖ ਮਾਣਕ ਮੋਤੀ ਹੀਰਾ ਲਾਲ, ਸਤਿਗੁਰ ਪੂਰਾ ਕੀਮਤ ਪਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਦੋ ਜਹਾਨ ਕਰੇ ਪ੍ਰਿਤਪਾਲ, ਗੁਰ ਪੀਰ ਦੇਣ ਗਵਾਹੀਆ। ਚਾਰੇ ਬਾਣੀ ਕਰੇ ਪੁਕਾਰ, ਚਾਰੇ ਖਾਣੀ ਦਏ ਮੁਕਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਦੂਸਰ ਦਰ ਨਾ ਕੋਇ ਭੁਆਈਆ। ਜਿਸ ਜਨ ਚਾੜ੍ਹੇ ਰੰਗ ਲਾਲ, ਉਤਰ ਕਦੇ ਨਾ ਜਾਈਆ। ਕਲਜੁਗ ਬਣਿਆ ਆਪ ਦਲਾਲ, ਦਿਸ ਕਿਸੇ ਨਾ ਆਈਆ। ਸ਼ਬਦ ਸਰੂਪੀ ਮਾਰੇ ਏਕੋ ਛਾਲ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਇਕ ਅਖਵਾਈਆ। ਲਾਲ ਰੰਗ ਸਚ ਦਰਬਾਰਾ, ਹਰਿ ਸਾਚਾ ਆਪ ਉਪਾਇੰਦਾ। ਜੁਗ ਜੁਗ ਰੰਗੇ ਵਿਚ ਸੰਸਾਰਾ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ। ਕਲਜੁਗ ਅੰਤਮ ਆਈ ਵਾਰਾ, ਨਾਨਕ ਨਿਰਗੁਣ ਬੋਲ ਸੁਣਾਇੰਦਾ। ਕਬੀਰਾ ਊਚੀ ਕੂਕੇ ਕਰੇ ਪੁਕਾਰਾ, ਸਾਚੇ ਲਾਲਣ ਦਰਸ਼ਨ ਪਾਇੰਦਾ। ਵਾਹਵਾ ਤੇਰਾ ਵਸਦਾ ਰਹੇ ਦੁਆਰਾ, ਦਰ ਤੇਰਾ ਇਕ ਸੁਹਾਇੰਦਾ। ਦਰ ਦਰਵੇਸ਼ ਬਣੇ ਭਿਖਾਰਾ, ਏਕਾ ਮੰਗਣ ਮੰਗ ਮੰਗਾਇੰਦਾ। ਨਾਨਕ ਪਾਇਆ ਏਕਾ ਵਾਰਾ, ਇਕਓਅੰਕਾਰਾ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਭਰ ਭੰਡਾਰਾ, ਸਾਚੀ ਵਸਤ ਹੱਥ ਫੜਾਇੰਦਾ। ਮਿਲਿਆ ਮੇਲ ਨਾਰ ਭਤਾਰਾ, ਨਿਰਗੁਣ ਨਾਰੀ ਨਾਨਕ ਹਰਿ ਹਰਿ ਸਾਚਾ ਕੰਤ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੰਗਣ ਆਪ ਚੜ੍ਹਾਇੰਦਾ। ਨਾਨਕ ਚੜ੍ਹਿਆ ਰੰਗ ਚਲੂਲ, ਚੋਲਾ ਤ੍ਰੈਗੁਣ ਆਪ ਰੰਗਾਇਆ। ਏਕ ਅੱਖਸ਼ਰ ਏਕਾ ਮੂਲ, ਏਕਾ ਮੰਤਰ ਨਾਮ ਸਚ ਦ੍ਰਿੜਾਇਆ। ਏਕਾ ਸੇਜਾ ਏਕਾ ਫੂਲ, ਏਕਾ ਆਸਣ ਸਿੰਘਾਸਣ ਸੁਹਾਇਆ। ਏਕਾ ਕੰਤ ਇਕ ਕੰਤੂਲ, ਏਕਾ ਨਾਰੀ ਨਰ ਨਰਾਇਣ ਪਰਨਾਇਆ। ਏਕਾ ਸ਼ਬਦ ਪੰਗੂੜਾ ਰਿਹਾ ਝੂਲ, ਪਾਵਾ ਚੂਲ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਨਾਨਕ ਮੇਲਾ ਕੰਤ ਭਤਾਰ, ਸਚਖੰਡ ਵੱਜੀ ਵਧਾਈਆ। ਪਾਇਆ ਪੁਰਖ ਏਕੰਕਾਰ, ਏਕਾ ਮੇਲਾ ਸਾਚੇ ਮਾਹੀਆ। ਦੋ ਜਹਾਨਾਂ ਏਕਾ ਧਾਰ, ਏਕਾ ਰੰਗ ਸਮਾਈਆ। ਵਿਛੜ ਨਾ ਜਾਏ ਵਿਚ ਸੰਸਾਰ, ਸਗਲਾ ਸੰਗ ਆਪ ਨਿਭਾਈਆ। ਚਾੜ੍ਹੇ ਰੰਗ ਅਪਰ ਅਪਾਰ, ਲਾਲ ਗੁਲਾਲਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਚਾਰ ਜੁਗ ਨੌ ਸੌ ਚੁਰਾਨਵੇ ਚੌਕੜੀ ਧਾਰ, ਗੁਰਮੁਖ ਵਿਰਲੇ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਏਕਾ ਭਗਤ ਲਿਆਏ ਚਰਨ ਦੁਆਰ, ਉਚੀ ਕੂਕ ਕਬੀਰ ਅਲਾਇੰਦਾ। ਬਿਨ ਨਾਨਕ ਨਾ ਕਰੇ ਕੋਈ ਸਚ ਪਿਆਰ, ਸਚਖੰਡ ਦੁਆਰੇ ਮੇਲ ਮਿਲਾਇੰਦਾ। ਨਾਨਕ ਕਹੇ ਸਚ ਪੁਕਾਰ, ਲੋਕਮਾਤ ਮਾਤ ਸਮਝਾਇੰਦਾ। ਕਲਜੁਗ ਅੰਤਮ ਆਏ ਵਾਰ, ਰੈਣ ਅੰਧੇਰੀ ਅੰਧੇਰਾ ਛਾਇੰਦਾ। ਨਾ ਕੋਈ ਦਿਸੇ ਮੀਤ ਮੁਰਾਰ, ਸਾਕ ਸੈਣ ਨਾ ਕੋਇ ਬਣਾਇੰਦਾ। ਨਾਤਾ ਤੁਟੇ ਗੁਰ ਪੀਰ ਅਵਤਾਰ, ਸਾਧ ਸੰਤ ਨਾ ਕੋਇ ਮਨਾਇੰਦਾ। ਪੜ੍ਹ ਪੜ੍ਹ ਬਾਣੀ ਨਾ ਕਰੇ ਕੋਇ ਵਿਚਾਰ, ਕਲਜੁਗ ਆਪਣਾ ਬਾਣ ਲਗਾਇੰਦਾ। ਸਰ ਪਾਣੀ ਨਾ ਕਰੇ ਕੋਈ ਠੰਡਾ ਠਾਰ, ਸਰੋਵਰ ਅਗਨੀ ਤਤ ਜਲਾਇੰਦਾ। ਜਗਤ ਵਿਦਿਆ ਨਾ ਕਰੇ ਪਾਰ, ਬੇੜਾ ਮਾਤ ਨਾ ਕੋਇ ਤਰਾਇੰਦਾ। ਵਰਨ ਬਰਨ ਹੋਇਣ ਖ਼ਵਾਰ, ਸਾਚੀ ਸਰਨ ਨਾ ਕੋਇ ਰਖਾਇੰਦਾ। ਹਰਨ ਫਰਨ ਨਾ ਖੁਲ੍ਹੇ ਕਿਵਾੜ, ਸਾਧ ਸੰਤ ਜੂਠ ਝੂਠ ਮੁਖ ਰਖਾਇੰਦਾ। ਪਰਗਟ ਹੋਵੇ ਨਿਹਕਲੰਕ ਕਲ ਕਲਕੀ ਅਵਤਾਰ, ਜੋਤੀ ਜਾਮਾ ਵੇਸ ਵਟਾਇੰਦਾ। ਸੰਬਲ ਨਗਰ ਹੋਇਆ ਉਜਿਆਰ, ਸਾਢੇ ਤਿੰਨ ਹੱਥ ਲੇਖ ਲਖਾਇੰਦਾ। ਗੋਬਿੰਦ ਮੀਤਾ ਬੇਐਬ ਪਰਵਰਦਿਗਾਰ, ਏਕਾ ਨਾਅਰਾ ਆਪ ਸੁਣਾਇੰਦਾ। ਸ਼ਬਦ ਖੰਡਾ ਫੜੇ ਸਚ ਕਟਾਰ, ਸਚ ਸੁਲਤਾਨ ਹੱਥ ਉਠਾਇੰਦਾ। ਪੰਜ ਸ਼ੈਤਾਨਾਂ ਮਾਰੇ ਮਾਰ, ਜਗਤ ਵਿਕਾਰਾ ਮੇਟ ਮਿਟਾਇੰਦਾ। ਭਗਤ ਦੁਆਰਾ ਮੰਗੇ ਬਣ ਭਿਖਾਰ, ਏਕਾ ਅਲਫ਼ੀ ਅਲਫ਼ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਚੌਥੇ ਜੁਗ ਹਰਿ ਅਵਤਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਸਾਚਾ ਹੁਕਮ ਸੁਣਾਇੰਦਾ। ਸ਼ਾਹੀ ਲਸ਼ਕਰ ਨਾ ਕੋਇ ਘੋੜ ਅਸਵਾਰਾ, ਤੀਰ ਤਲਵਾਰ ਨਾ ਹੱਥ ਉਠਾਇੰਦਾ। ਨਾਮ ਖੰਡਾ ਤੇਜ਼ ਕਟਾਰਾ, ਦੋ ਜਹਾਨਾਂ ਆਪ ਚਲਾਇੰਦਾ। ਲੱਖ ਚੁਰਾਸੀ ਮਾਰੇ ਮਾਰਾ, ਮਾਰਨਹਾਰਾ ਦਿਸ ਨਾ ਆਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਸੱਤ ਸਮੁੰਦਰ ਮਸ ਬਸੁਧਾ ਧਾਰ ਨਾ ਕੋਇ ਧਰਾਇੰਦਾ। ਆਦਿ ਅੰਤ ਨਾ ਪਾਰਾਵਾਰਾ, ਸਾਧ ਸੰਤ ਸਰਬ ਕੁਰਲਾਇੰਦਾ। ਆਪਣੀ ਮਿਤ ਗਤ ਜਾਣੇ ਆਪ ਨਿਰੰਕਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਕਲਜੁਗ ਖੇਲ ਕਰੇ ਅਪਾਰਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਉਚੀ ਕੂਕੇ ਬੋਲੇ ਨਾਅਰਾ, ਐਨਲਹੱਕ ਹੱਕ ਮਿਲਾਇੰਦਾ । ਤਨ ਵੇਸ ਕਰੇ ਸ਼ਿੰਗਾਰਾ, ਮਹਿਬਾਨ ਮਿਹਰਬਾਨ ਆਪਣਾ ਮੇਲ ਮਿਲਾਇੰਦਾ। ਮੱਕਾ ਕਾਅਬਾ ਦੋ ਦੋ ਆਬਾ ਦਏ ਹੁਲਾਰਾ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਇੰਦਾ। ਭੇਖ ਵਟਾਇਆ ਇਲਾਹੀ ਨੂਰ, ਜਲਵਾ ਨੂਰ ਵਿਚ ਵਖਾਈਆ। ਆਪੇ ਵਸੇ ਕੋਹਤੂਰ, ਆਪੇ ਬੈਠਾ ਮੁਖ ਛੁਪਾਈਆ। ਆਪੇ ਹੋਏ ਹਾਜ਼ਰ ਹਜ਼ੂਰ, ਹਜ਼ਰਤ ਨੂਹ ਆਪ ਹੋ ਜਾਈਆ। ਆਪੇ ਬਖ਼ਸ਼ੇ ਸਚ ਜ਼ਹੂਰ, ਸ਼ਾਹ ਗ਼ਫ਼ੂਰ ਵਡ ਵਡਿਆਈਆ। ਆਪੇ ਨੇੜੇ ਆਪੇ ਦੂਰ, ਆਪੇ ਹੁਜਰਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਦਏ ਸਮਝਾਈਆ। ਆਪਣਾ ਲੇਖਾ ਬਣ ਮਲਾਹ, ਲੋਕਮਾਤ ਸਮਝਾਇੰਦਾ। ਨਬੀ ਰਸੂਲਾਂ ਦੇਵੇ ਸਚ ਸਲਾਹ, ਅਮਾਮ ਅਮਾਮਾ ਰੂਪ ਵਟਾਇੰਦਾ। ਫੜ ਫੜ ਪਾਏ ਆਪਣੇ ਰਾਹ, ਕਲਮੀ ਕਲਮਾ ਆਪ ਪੜ੍ਹਾਇੰਦਾ। ਆਪੇ ਬਿਸਮਿਲ ਰੂਪ ਹੋ ਜਾਏ ਸਮਾ, ਆਪ ਆਪਣਾ ਰੂਪ ਆਪ ਪ੍ਰਗਟਾਇੰਦਾ। ਆਪੇ ਰਾਣੀ ਅੱਲਾ ਨਾਉਂ ਧਰਾ, ਆਪਣਾ ਸਾਲੂ ਆਪ ਰੰਗਾਇੰਦਾ। ਲਾਲ ਰੰਗ ਇਕ ਚੜ੍ਹਾ, ਸਾਚੀ ਮਹਿੰਦੀ ਹੱਥ ਲਗਾਇੰਦਾ। ਅਮਾਮ ਮਹਿੰਦੀ ਵੇਸ ਵਟਾ, ਵੇਸ ਅਵੱਲਾ ਆਪ ਕਰਾਇੰਦਾ। ਉਮਤ ਉਮਤੀ ਵੇਖ ਵਖਾ, ਸੰਮਤ ਸੰਮਤੀ ਲੇਖ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਇਕ ਸਮਝਾਇੰਦਾ। ਮੁਹੰਮਦ ਉਪਜੀ ਏਕਾ ਆਸ, ਬੇਐਬ ਆਪ ਉਪਜਾਈਆ। ਪਰਵਰਦਿਗਾਰ ਬੁਝਾਏ ਪਿਆਸ, ਬੇਪਰਵਾਹ ਵਡ ਵਡਿਆਈਆ। ਏਕਾ ਕਲਮਾ ਇਕ ਸਵਾਸ, ਏਕਾ ਆਇਤ ਦਏ ਪੜ੍ਹਾਈਆ। ਏਕਾ ਕਰੇ ਬੰਦ ਖ਼ਲਾਸ, ਬੰਦਾ ਬੰਦੀਖ਼ਾਨਾ ਲਏ ਤੁੜਾਈਆ। ਏਕਾ ਕਰੇ ਦਰਗਹਿ ਸਾਚੀ ਵਾਸ, ਵਸਲ ਮਹਿਬੂਬ ਇਕ ਵਖਾਈਆ। ਏਕਾ ਪੜ੍ਹੇ ਸਚ ਨਿਮਾਜ਼, ਨਿਵਣ ਸੋ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਮੁਹੰਮਦ ਤੱਕਿਆ ਜਲਵਾ ਇਲਾਹੀ, ਏਕਾ ਰੰਗ ਸਮਾਇਆ। ਚਾਰ ਯਾਰ ਮਿਲਾਇਆ ਬਣ ਮਲਾਹੀ, ਸਾਚਾ ਮੇਲਾ ਮੇਲ ਮਿਲਾਇਆ। ਨੂਰੀ ਨੂਰ ਵਸੇ ਏਕਾ ਥਾਈਂ, ਥਾਨ ਥਨੰਤਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਮਾਰ ਝਾਤ, ਚੌਦਾਂ ਲੋਕ ਰੱਖੇ ਆਪਣੇ ਖ਼ਾਤ, ਚੌਦਾਂ ਤਬਕਾਂ ਵੇਖੇ ਇਕ ਬਰਾਤ, ਮੁਹੰਮਦ ਬੰਧਾਇਆ ਸਾਚਾ ਨਾਤ, ਅੱਲਾ ਰਾਣੀ ਨਾਲ ਪਰਨਾਈਆ। ਅੱਲਾ ਰਾਣੀ ਜੁੜਿਆ ਜੋੜ, ਲਾਲਣ ਲਾਲ ਰੰਗ ਰੰਗਾਇਆ। ਸ਼ਾਹ ਸਵਾਰਾ ਚੜ੍ਹਿਆ ਸਾਚੇ ਘੋੜ, ਮੌਲੀ ਮਹਿੰਦੀ ਗਾਨਾ ਹੱਥ ਬੰਧਾਇਆ। ਸਾਚੀ ਤਸਬੀ ਆਪਣੀ ਲਈ ਤੋੜ, ਮਨ ਕਾ ਮਣਕਾ ਆਪ ਫਿਰਾਇਆ । ਮਿੱਠਾ ਕਰਿਆ ਰੀਠਾ ਕੌੜ, ਅੰਮ੍ਰਿਤ ਰਸ ਆਪ ਭਰਾਇਆ। ਦਰਸ਼ਨ ਦੀਆ ਹਰਿ ਹਰਿ ਦੌੜ, ਆਪ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਦਰਸਾਇਆ। ਮੁਹੰਮਦ ਵੇਖਿਆ ਲਾਲ ਰੰਗ ਬਸੁੱਧਾ ਸੁਧ ਰਹੇ ਨਾ ਰਾਈਆ। ਚੌਦਾਂ ਤਬਕ ਨੱਚਿਆ ਬਣ ਮਲੰਘ, ਅੱਲਾ ਰਾਣੀ ਨਾਲ ਨਚਾਈਆ। ਚੌਥਾ ਯਾਰ ਨਾਲ ਰਿਹਾ ਨਰਾਇਣ ਸਿੰਘ ਕੰਗ, ਹੱਥ ਕੰਗਣ ਆਪ ਬੰਧਾਈਆ। ਜੁਗ ਜੁਗ ਮੁੱਕੇ ਨਾ ਕਿਸੇ ਦਾ ਪੰਧ, ਨਾ ਕੋਈ ਪਾਂਧੀ ਆਪਣੇ ਕਦਮ ਗਣਾਈਆ। ਚਾਰ ਵਰਨਾਂ ਸੁਣਾਉਂਦਾ ਆਇਆ ਆਪਣਾ ਛੰਦ, ਹੱਕ ਹਕੀਕਤ ਵੇਖ ਵਖਾਈਆ। ਆਪੇ ਵਸਿਆ ਪਰਮਾਨੰਦ, ਨਿਜਾਨੰਦ ਰੂਪ ਵਟਾਈਆ। ਜਿਸ ਜਨ ਢਾਏ ਭਰਮਾਂ ਕੰਧ, ਏਕਾ ਜਲਵਾ ਨੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਦਏ ਵਡਿਆਈਆ। ਲਾਲ ਰੰਗ ਹਰਿ ਆਪ ਚੜ੍ਹਾਇਆ, ਦੂਸਰ ਹੋਰ ਨਾ ਕੋਇ ਰੰਗਾਇੰਦਾ। ਮੁਹੰਮਦ ਜਲਵਾ ਆਪ ਵਖਾਇਆ, ਤੂਰ ਨਾਦ ਨਾਦ ਵਜਾਇੰਦਾ। ਸਚ ਸਰੋਵਰ ਆਪ ਰੁੜ੍ਹਾਇਆ, ਭਰ ਪਿਆਲਾ ਮਦਿ ਪਿਆਇੰਦਾ। ਸਚ ਸੁਰਾਹੀ ਹੱਥ ਉਠਾਇਆ, ਨੂਰ ਇਲਾਹੀ ਸੇਵ ਕਮਾਇੰਦਾ। ਆਉਂਦਾ ਜਾਂਦਾ ਦਿਸ ਨਾ ਆਇਆ, ਵੇਸ ਅਵੇਸਾ ਵੇਸ ਧਰਾਇੰਦਾ। ਜਿਸ ਜਨ ਆਪਣਾ ਕਲਮਾ ਆਪ ਦਏ ਸੁਣਾਇਆ, ਤੀਸ ਬਤੀਸ ਸ਼ਰਅ ਸ਼ਰੀਅਤ ਆਇਤ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਮੁਹੰਮਦ ਤੱਕਿਆ ਲਾਲ ਅਨਮੋਲਾ, ਸੁੱਧ ਰਹੀ ਨਾ ਰਾਈਆ। ਆਪਣਾ ਚੁੱਕਿਆ ਜਾਏ ਨਾ ਡੋਲਾ, ਚਾਰ ਕੁਹਾਰ ਰਿਹਾ ਬੁਲਾਈਆ। ਪਰਵਰਦਿਗਾਰ ਖੇਲੇ ਹੋਲਾ, ਲੋਕਮਾਤ ਵੇਖ ਵਿਖਾਈਆ। ਕਰਬਲਾ ਬਣਿਆ ਆਪ ਵਿਚੋਲਾ, ਏਕਾ ਰੰਗਣ ਰੰਗ ਵਖਾਈਆ। ਸੁਣਾਇਆ ਆਪਣਾ ਸਾਚਾ ਢੋਲਾ, ਦੇ ਮਤ ਗਿਆ ਸਮਝਾਈਆ। ਚੌਦਾਂ ਸਦ ਰਹੇ ਰੌਲਾ, ਮੌਲਾ ਮੇਲ ਨਾ ਕੋਇ ਮਿਲਾਈਆ। ਸਦੀ ਚੌਧਵੀਂ ਬਦਲੇ ਚੋਲਾ, ਅਮਾਮ ਅਮਾਮਾ ਵਡਾ ਸ਼ਹਿਨਸ਼ਾਹੀਆ। ਲੋਕਮਾਤ ਸੁਣਾਏ ਏਕਾ ਢੋਲਾ, ਚਾਰ ਜੁਗ ਕਿਸੇ ਹੱਥ ਨਾ ਆਇਆ, ਏਕਾ ਰੰਗ ਨਾ ਕੋਇ ਵਖਾਈਆ। ਨਾਨਕ ਬਣਿਆ ਸਾਚਾ ਤੋਲਾ, ਤੇਰਾਂ ਤੇਰਾਂ ਤੇਰੀ ਧਾਰ ਚਲਾਈਆ। ਬਿਨ ਹਰਿ ਹਰਿ ਜੀ ਕਰੇ ਨਾ ਕੋਈ ਭਾਰ ਹੌਲਾ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਕ੍ਰਿਸ਼ਨ ਹੋਇਆ ਕਲਾ ਸੋਲਾਂ, ਅਰਜਨ ਬਣਿਆ ਰਥ ਰਥਵਾਹੀਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਸ਼ਬਦ ਸਰੂਪੀ ਮਾਰੇ ਗੋਲਾ, ਨਾ ਸਕੇ ਕੋਇ ਬਚਾਈਆ। ਜਨ ਭਗਤਾਂ ਅੰਦਰ ਆਪਣਾ ਮੰਦਰ ਆਪੇ ਖੋਲ੍ਹਾ, ਆਪਣਾ ਪਰਦਾ ਦਏ ਗੁਆਈਆ। ਸੋਹੰ ਗਾਏ ਸਾਚਾ ਢੋਲਾ, ਹੰ ਬ੍ਰਹਮ ਮੇਲ ਮਿਲਾਈਆ। ਕਾਇਆ ਰੰਗੇ ਸਾਚਾ ਚੋਲਾ, ਲਾਲ ਰੰਗ ਇਕ ਵਖਾਈਆ। ਸ੍ਰਿਸ਼ਟ ਸਬਾਈ ਖੇਡੇ ਹੋਲਾ, ਵਾਹਵਾ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚੋਲਾ ਰੰਗ ਰੰਗਾਇਆ, ਨਿਰਗੁਣ ਸਰਗੁਣ ਤਨ ਪਹਿਨਾਇਆ, ਅੰਦਰ ਆਪਣਾ ਡੇਰਾ ਲਾਇਆ, ਵਾਹਵਾ ਮੰਦਰ ਇਕ ਸੁਹਾਇਆ, ਲੁਹਾਰ ਤਰਖਾਣ ਨਾ ਕਿਸੇ ਬਣਾਇਆ, ਨਾ ਕੋਈ ਬਾਢੀ ਸੰਗ ਰਖਾਈਆ। ਲਾਲ ਰੰਗ ਹਰਿ ਨਿਰੰਕਾਰਾ, ਕਲਜੁਗ ਅੰਤਮ ਆਪ ਰੰਗਾਇੰਦਾ। ਸੱਤ ਰੰਗ ਨਿਸ਼ਾਨਾ ਕਰ ਪਿਆਰਾ, ਨਵਾਂ ਖੰਡਾਂ ਆਪ ਸਮਝਾਇੰਦਾ। ਗੁਰਸਿਖਾਂ ਕਰੇ ਪਾਰ ਕਿਨਾਰਾ, ਨੌ ਦੁਆਰੇ ਪੰਧ ਮੁਕਾਇੰਦਾ। ਦਰਸ ਦਿਖਾਏ ਖੋਲ੍ਹ ਕਿਵਾੜਾ, ਰਾਤੀਂ ਸੁਤਿਆਂ ਆਪ ਉਠਾਇੰਦਾ। ਧੁਰਦਰਗਾਹੀ ਏਕਾ ਲਾੜਾ, ਲੋਕਮਾਤ ਵੇਖ ਵਿਖਾਇੰਦਾ। ਗੁਰਸਿਖ ਪ੍ਰਨਾਏ ਸਾਚੀ ਨਾਰਾ, ਸਾਚੀ ਸਖੀਆਂ ਵੇਖ ਵਖਾਇੰਦਾ । ਆਵਣ ਜਾਵਣ ਤੋੜਣ ਵਿਚ ਸੰਸਾਰਾ, ਲੱਖ ਚੁਰਾਸੀ ਫੰਦ ਕਟਾਇੰਦਾ। ਲੇਖੇ ਲਾਏ ਸਾਢੇ ਤਿੰਨ ਹੱਥ ਮੁਨਾਰਾ, ਮਾਇਆ ਮਮਤਾ ਮੋਹ ਗੁਆਇੰਦਾ। ਇਕ ਵਖਾਏ ਸਚ ਦੁਆਰਾ, ਦਰਗਹਿ ਸਾਚੀ ਆਪ ਸੁਹਾਇੰਦਾ। ਸਚਖੰਡ ਨਿਵਾਸੀ ਬਣ ਸਿਕਦਾਰਾ, ਸਾਚਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰੇ ਵਡ ਵਡ ਭਾਗ, ਫੜ ਫੜ ਹੰਸ ਬਣਾਏ ਕਾਗ, ਕਾਗੋਂ ਹੰਸ ਆਪ ਉਡਾਇੰਦਾ। ਵਡਭਾਗੀ ਹਰਿ ਪਾਇਆ, ਪਾਰਬ੍ਰਹਮ ਸੁਲਤਾਨ। ਜਗਤ ਝੂਠਾ ਪੰਧ ਮੁਕਾਇਆ, ਮਿਟਿਆ ਆਵਣ ਜਾਣ। ਹਰਿ ਸਾਚਾ ਕੰਤ ਹੰਢਾਇਆ, ਸੁੰਞੀ ਸੇਜ ਨਾ ਹੋਏ ਦੋ ਜਹਾਨ। ਪ੍ਰਿਆ ਪ੍ਰੀਤਮ ਗਲੇ ਲਗਾਇਆ, ਆਪ ਆਪਣੇ ਲਏ ਪਛਾਣ। ਲੱਖ ਚੁਰਾਸੀ ਮੁਖ ਭੁਆਇਆ, ਕਰਵਟ ਬਦਲੇ ਨਾ ਗੁਣ ਨਿਧਾਨ। ਸਾਚੀ ਸਖੀਆਂ ਆਪ ਹੰਢਾਇਆ, ਪੁਰਖ ਅਬਿਨਾਸ਼ੀ ਸਾਚਾ ਕਾਹਨ। ਘਰ ਘਰ ਬੰਸਰੀ ਨਾਮ ਵਜਾਇਆ, ਧੁਨੀ ਰਾਗ ਸੁਣਾਏ ਸਾਚੇ ਕਾਨ। ਗੁਆਲ ਬਾਲਾ ਰੂਪ ਵਟਾਇਆ, ਗੁਰਸਿਖ ਗਊਆਂ ਚਾਰੇ ਵਿਚ ਬੀਆਬਾਨ। ਸਾਚਾ ਮੁਕਟ ਸੀਸ ਟਿਕਾਇਆ, ਬਣਿਆ ਸ਼ਾਹਾਂ ਦਾ ਸ਼ਾਹ ਸੁਲਤਾਨ। ਸੱਤ ਰੰਗ ਨਿਸ਼ਾਨਾ ਇਕ ਉਠਾਇਆ, ਮੇਟ ਮਿਟਾਏ ਬੇਈਮਾਨ। ਲਾਲ ਰੰਗ ਇਕ ਰੰਗਾਇਆ, ਗੁਰਸਿਖ ਸਾਰੇ ਖ਼ੁਸ਼ੀ ਮਨਾਣ। ਘਰ ਸੁਹੰਜਣਾ ਪੁਰਖ ਅਬਿਨਾਸ਼ੀ ਵਰ ਘਰ ਪਾਇਆ, ਨਾਤਾ ਤੁਟਾ ਜੀਵ ਜਹਾਨ। ਚੌਥੇ ਜੁਗ ਚੌਥੀ ਲਾਂਵ, ਚੌਥੇ ਘਰ ਆਪ ਦੁਆਇਆ, ਗ੍ਰੰਥੀ ਪੰਥੀ ਨਾ ਸਕਣ ਪਛਾਣ। ਪੁਰਖ ਅਬਿਨਾਸ਼ੀ ਸਭ ਨੇ ਗਾਇਆ, ਦਰਸ ਕਿਸੇ ਨਾ ਦੇਵੇ ਆਣ। ਕਲਜੁਗ ਸਾਚਾ ਵਕਤ ਸੁਹਾਇਆ, ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਮੇਲੇ ਆਣ। ਰਾਮ ਕ੍ਰਿਸ਼ਨ ਆਪ ਘਲਾਇਆ, ਈਸਾ ਮੂਸਾ ਕਰ ਪਰਵਾਨ। ਮੁਹੰਮਦ ਕਲਮਾ ਆਪ ਪੜ੍ਹਾਇਆ, ਚਾਲੀ ਬਰਸ ਮੇਟ ਸ਼ੈਤਾਨ। ਨਾਨਕ ਮੇਲਾ ਸਹਿਜ ਸੁਭਾਇਆ, ਦਰ ਘਰ ਸਾਚੇ ਖੇਲ ਮਹਾਨ। ਪੂਤ ਸਪੂਤਾ ਇਕ ਉਪਜਾਇਆ, ਗੁਰ ਗੋਬਿੰਦ ਨੌਜਵਾਨ। ਸੰਤਾਂ ਭਗਤਾਂ ਆਪ ਸਮਝਾਇਆ, ਕਾਇਆ ਅੰਦਰ ਖੋਲ੍ਹ ਦੁਕਾਨ। ਕਲਜੁਗ ਅੰਤਮ ਵੇਸ ਵਟਾਇਆ, ਸ਼ਬਦ ਸਰੂਪ ਹਰਿ ਭਗਵਾਨ। ਜੋਤੀ ਜਾਮਾ ਖੇਲ ਖਿਲਾਇਆ, ਪੰਜ ਤਤ ਨਾ ਕੋਇ ਨਿਸ਼ਾਨ। ਗੁਰਸਿਖਾਂ ਰੰਗ ਚੜ੍ਹਾਵਣ ਆਇਆ, ਆਪ ਆਪਣਾ ਕਰ ਧਿਆਨ। ਹਿੰਦੂ ਮੁਸਲਿਮ ਸਿਖ ਈਸਾਈ ਵੇਖ ਵਖਾਇਆ, ਵੰਡ ਨਾ ਪਾਏ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕੁਰਾਨ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਾਲ ਰੰਗ ਕਰੇ ਪਰਧਾਨ। ਲਾਲ ਰੰਗ ਕਰ ਪਰਧਾਨ, ਸਤਿਜੁਗ ਸਾਚਾ ਦਏ ਵਖਾਈਆ। ਚਾਰ ਵਰਨ ਚਾਰ ਕੁੰਟ ਲੱਖ ਚੁਰਾਸੀ ਸਾਰੇ ਗਾਣ, ਏਕਾ ਏਕ ਕਰੇ ਪੜ੍ਹਾਈਆ। ਜਨ ਭਗਤਾਂ ਦੇਵੇ ਏਕਾ ਦਾਨ, ਦਾਤਾ ਦਾਨੀ ਹਰਿ ਅਖਵਾਈਆ। ਗੁਰਸਿਖ ਅੰਤਮ ਮਿਲੇ ਮੇਲ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਚੋਲੀ ਆਪ ਰੰਗਾਈਆ। ਗੁਰਸਿਖ ਤੇਰੀ ਪ੍ਰੇਮ ਰਤ, ਲਾਲ ਰੰਗ ਰੰਗਾਇਆ। ਤੇਰੀ ਅੰਤਮ ਰੱਖੇ ਪਤ, ਤੇਰਾ ਤੇਰੇ ਦੁਆਰੇ ਆਇਆ। ਤੇਰਾ ਧੀਰਜ ਤੇਰਾ ਸਤਿ, ਤੇਰਾ ਰਥ ਦਏ ਚਲਾਇਆ। ਤੇਰੀ ਬੁੱਧ ਤੇਰੀ ਮਤ, ਗੁਰਮਤ ਦਏ ਸਮਝਾਇਆ। ਤੇਰਾ ਬੀਜ਼ ਤੇਰੇ ਵਤ, ਤੇਰੀ ਕਾਇਆ ਦਏ ਬਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਕਿਆਰੀ ਇਕ ਵਖਾਇਆ। ਕਾਇਆ ਕਿਆਰੀ ਲਾਏ ਕੇਸਰ, ਨਿਹਕਰਮੀ ਕਰਮ ਕਮਾਈਆ । ਮਸਤਕ ਟਿੱਕਾ ਲੱਗੇ ਥਨੇਸਰ, ਧਰਤ ਧਵਲ ਵਡ ਵਡਿਆਈਆ। ਲੇਖਾ ਜਾਣੇ ਨਾ ਬ੍ਰਹਮਾ ਵਿਸ਼ਨੂੰ ਮਹੇਸ਼ ਮਹੇਸ਼ਰ, ਚਾਰ ਵੇਦ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਇਕ ਵਡਿਆਈਆ। ਲਾਲ ਰੰਗ ਹਰਿ ਉਪਜੰਦੜਾ, ਨਿਰਗੁਣ ਨਿਰਗੁਣ ਧਾਰ। ਲੋਕਮਾਤ ਖੇਲ ਖਲੰਦੜਾ, ਸੰਤ ਭਗਤ ਭਗਵੰਤ ਕਰੇ ਪਿਆਰ। ਗੁਰਮੁਖ ਸਾਚੇ ਵੇਖ ਵਖੰਦੜਾ, ਨਾਤਾ ਤੋੜੇ ਨਰ ਨਾਰ। ਆਪ ਆਪਣੇ ਅੰਗ ਲਗੰਦੜਾ, ਅੰਗੀਕਾਰ ਕਰੇ ਕਰਤਾਰ। ਭਾਂਡਾ ਭਰਮ ਭੌ ਭਨੰਦੜਾ, ਦੂਈ ਦਵੈਤੀ ਦੇਵੇ ਮਾਰ। ਏਕਾ ਸਾਚਾ ਸ਼ਬਦ ਸੁਣੰਦੜਾ, ਦਿਵਸ ਰੈਣ ਰਹੇ ਧੁਨਕਾਰ। ਜਗਤ ਜੰਜਾਲਾ ਤੋੜ ਤੁੜੰਦੜਾ, ਲੇਖਾ ਚੁੱਕੇ ਤੱਟ ਕਿਨਾਰ। ਖ਼ੁਸ਼ੀ ਗ਼ਮ ਏਕਾ ਰੰਗ ਵਿਖੰਦੜਾ, ਹਰਿ ਸੰਗਤ ਕਰ ਪਿਆਰ। ਸੰਮਤ ਸੋਲਾਂ ਰਾਹ ਚਲੰਦੜਾ, ਗੁਰਸਿਖ ਰੋਵੇ ਨਾ ਜ਼ਾਰੋ ਜ਼ਾਰ। ਲਾਲ ਰੰਗ ਇਕ ਚੜੰਦੜਾ, ਚੌਵੀ ਮੱਘਰ ਦਿਵਸ ਵਿਚਾਰ। ਸਚ ਮਲਾਹ ਆਪ ਅਖਵੰਦੜਾ, ਭਰ ਭਰ ਬੇੜਾ ਲਾਏ ਪਾਰ। ਜੋ ਜਨ ਸਾਚੀ ਸੇਵ ਕਮੰਦੜਾ, ਮਾਨਸ ਜਨਮ ਲਏ ਸਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਨ ਕਰੇ ਸ਼ਿੰਗਾਰ। ਸਚ ਸ਼ਿੰਗਾਰ ਲਾਲ ਰੰਗਣ, ਰੰਗ ਰੰਗੀਲਾ ਆਪ ਕਰਾਈਆ। ਗੁਰਸਿਖ ਪਾਇਆ ਸਾਚਾ ਕੰਗਣ, ਰਾਮ ਨਾਮ ਆਪ ਘੜਾਈਆ। ਦੂਜੇ ਦਰ ਨਾ ਗਿਆ ਮੰਗਣ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਮਨਮੁੱਖ ਜੀਵ ਦਰ ਤੇ ਸੰਗਣ, ਨੇਤਰ ਦਿਸੇ ਨਾ ਬੇਪਰਵਾਹੀਆ। ਬਿਨ ਗੁਰਸਿਖ ਨਾ ਸੁਹਾਏ ਕੋਈ ਆਪਣਾ ਅੰਗਣ, ਘਰ ਬੰਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਇਕ ਵਖਾਈਆ। ਲਾਲ ਰੰਗ ਹਰਿ ਚੜ੍ਹਾਇਆ, ਏਕਾ ਭੱਠੀ ਨਾਮ ਤਪਾਇੰਦਾ। ਤ੍ਰੈਗੁਣ ਮਾਇਆ ਭੱਠੀ ਹੇਠਾਂ ਡਾਹਿਆ, ਇਕੀ ਜੇਠ ਲਿਖਤ ਲਿਖਾਇੰਦਾ। ਨਾਂ ਥੇਹ ਵਾਲਾ ਨਾਮ ਵਡਿਆਇਆ, ਆਪ ਆਪਣਾ ਰੰਗ ਰੰਗਾਇੰਦਾ। ਸੋਲਾਂ ਸਾਲ ਤਪਦਾ ਰਿਹਾ ਕੜ੍ਹਾਇਆ, ਪੁਰਖ ਅਬਿਨਾਸ਼ੀ ਜੋਤੀ ਲੰਬੂ ਆਪੇ ਲਾਇੰਦਾ। ਸੰਮਤ ਸਤਾਰਾਂ ਪਹਿਲੀ ਚੇਤ ਦਿਵਸ ਸੁਹਾਇਆ, ਸਾਚਾ ਤਾਜ ਸੀਸ ਟਿਕਾਇੰਦਾ। ਲੋਕਮਾਤ ਸ਼ਾਹ ਪਾਤਸ਼ਾਹ ਬਣ ਕੇ ਆਇਆ, ਸੰਸਾ ਰੋਗ ਸਰਬ ਚੁਕਾਇੰਦਾ। ਆਪਣੀ ਹੱਥੀਂ ਗੁਰਮੁਖਾਂ ਤਨ ਨਾਮ ਚੋਲਾ ਦਏ ਪਹਿਨਾਇਆ, ਫੜ ਹੱਥੀਂ ਨਾ ਕੋਇ ਲਾਹਿੰਦਾ। ਸੰਮਤ ਸੱਤਰਾਂ ਹਾੜ ਸਤਾਰਾਂ ਦਿਵਸ ਦਏ ਸੁਹਾਇਆ, ਕਵਣ ਰੰਗ ਸੂਰਾ ਸਰਬੰਗ ਜਨ ਭਗਤਾਂ ਆਪ ਚੜ੍ਹਾਇੰਦਾ। ਸਚਖੰਡ ਨਿਵਾਸ ਪੁਰਖ ਅਬਿਨਾਸ਼ ਆਪੇ ਸੋਏ ਆਤਮ ਸੇਜਾ ਲੰਘ, ਸਚ ਪਲੰਘ ਆਪ ਸੁਹਾਇੰਦਾ। ਕਲਜੁਗ ਭੰਨੇ ਕਾਚੀ ਵੰਗ, ਗੁਰਸਿਖ ਕੰਗਣ ਆਪ ਪਹਿਨਾਇੰਦਾ। ਦਾਤਾ ਦਾਨੀ ਸੂਰਾ ਸਰਬੰਗ ਆਪ ਆਪਣੀ ਦਇਆ ਕਮਾਇੰਦਾ। ਸ਼ਬਦ ਵਜਾਏ ਨਾਮ ਮਰਦੰਗ, ਆਪਣੀ ਇਛਿਆ ਮਰਦਾਨਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਰੰਗ ਅਵੱਲਾ ਇਕ ਇਕੱਲਾ ਏਕਓਅੰਕਾਰ ਆਪ ਚੜ੍ਹਾਇੰਦਾ। ਚੜ੍ਹਿਆ ਰੰਗ ਰੰਗ ਮਜੀਠ, ਉਤਰ ਕਦੇ ਨਾ ਜਾਈਆ। ਸਤਿਗੁਰ ਮਿਲਿਆ ਇਕ ਅਣਡੀਠ, ਜਗਤ ਨੇਤਰ ਦਿਸ ਨਾ ਆਈਆ। ਜਗਤ ਪੀਸਣ ਆਪੇ ਪੀਠ, ਪੀਸਣ ਪੀਸ ਰਿਹਾ ਸੇਵ ਕਮਾਈਆ। ਨਿਰਗੁਣ ਹੋ ਹੋ ਵਸਿਆ ਚੀਤ, ਸਰਗੁਣ ਭੇਵ ਨਾ ਜਾਣੇ ਰਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਈਆ। ਜੋ ਜਨ ਗਾਏ ਸੁਹਾਗੀ ਗੀਤ, ਸੋਹੰ ਅੱਖਰ ਇਕ ਪੜ੍ਹਾਈਆ। ਪਾਰਬ੍ਰਹਮ ਮਿਲੇ ਪ੍ਰਭ ਸਾਚਾ ਮੀਤ, ਮੀਤ ਮੁਰਾਰਾ ਸਾਚਾ ਫੇਰਾ ਪਾਈਆ। ਇਕ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਈਆ। ਸੀਸ ਸੁਹਾਏ ਪੀਤੰਬਰ ਪੀਤ, ਜਸ ਅਪ ਜਸ ਆਪ ਕਰਾਈਆ। ਆਪੇ ਜਾਣੇ ਆਪਣੀ ਰੀਤ, ਜੁਗਾ ਜੁਗੰਤਰ ਵੇਸ ਵਟਾਈਆ। ਸਾਚਾ ਵੇਹੜਾ ਕਾਇਆ ਕਾਅਬਾ ਮੰਦਰ ਮਸੀਤ, ਗੁਰਦੁਆਰਾ ਇਕ ਵਖਾਈਆ। ਜਿਸ ਜਨ ਸਤਿਗੁਰ ਮਿਲਿਆ ਇਕ ਅਤੀਤ, ਤ੍ਰੈਗੁਣ ਨਾਤਾ ਦਏ ਤੁੜਾਈਆ। ਕਾਇਆ ਕਰੇ ਠੰਡੀ ਸੀਤ, ਲਾਲ ਰੰਗ ਦਏ ਵਖਾਈਆ। ਮਾਨਸ ਜਨਮ ਗਏ ਜੀਤ, ਜੋ ਜਨ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਏਕਾ ਦਾਨ, ਜੀਆ ਦਾਨ ਝੋਲੀ ਪਾਈਆ।
