੧ ਮੱਘਰ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸਤਿਗੁਰ ਪੂਰਾ ਜਾਣੀਏ, ਜੋ ਆਦਿ ਜੁਗਾਦਿ ਸਮਾਏ। ਸਤਿਗੁਰ ਪੂਰਾ ਜਾਣੀਏ, ਸੋ ਪੁਰਖ ਨਿਰੰਜਣ ਨਾਉਂ ਧਰਾਏ। ਸਤਿਗੁਰ ਪੂਰਾ ਜਾਈਏ, ਹਰਿ ਪੁਰਖ ਨਿਰੰਜਣ ਖੇਲ ਖਲਾਏ। ਸਤਿਗੁਰ ਪੂਰਾ ਜਾਣੀਏ, ਏਕੰਕਾਰਾ ਏਕਾ ਏਕ ਲਏ ਉਪਾਏ। ਸਤਿਗੁਰ ਪੂਰਾ ਜਾਣੀਏ, ਆਦਿ ਨਿਰੰਜਣ ਜੋਤੀ ਜੋਤ ਡਗਮਗਾਏ। ਸਤਿਗੁਰ ਪੂਰਾ ਜਾਣੀਏ, ਸ੍ਰੀ ਭਗਵਾਨ ਵਸੇ ਹਰ ਘਟ ਥਾਏਂ। ਸਤਿਗੁਰ ਪੂਰਾ ਜਾਣੀਏ, ਅਬਿਨਾਸ਼ੀ ਕਰਤਾ ਆਪਣੇ ਸਿੰਘਾਸਣ ਆਪੇ ਸੋਭਾ ਪਾਏ। ਸਤਿਗੁਰ ਪੂਰਾ ਜਾਣੀਏ, ਪਾਰਬ੍ਰਹਮ ਪ੍ਰਭ ਵੱਡੀ ਵਡਿਆਏ। ਸਤਿਗੁਰ ਪੂਰਾ ਜਾਣੀਏ, ਸਚਖੰਡ ਦਵਾਰੇ ਆਪ ਆਪਣਾ ਵੇਖ ਵਖਾਏ। ਸਤਿਗੁਰ ਪੂਰਾ ਜਾਣੀਏ, ਸ਼ਾਹੋ ਭੂਪ ਵਡ ਰਾਜ ਰਾਜਾਨ, ਸੀਸ ਸਾਚਾ ਤਾਜ ਟਿਕਾਏ। ਸਤਿਗੁਰ ਪੂਰਾ ਜਾਣੀਏ, ਇਕ ਇਕੱਲਾ ਵਸੇ ਸਚ ਮਹੱਲਾ, ਮਹੱਲ ਮੁਨਾਰ ਆਪ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੇ। ਸਤਿਗੁਰ ਸੱਚਾ ਸ਼ਹਿਨਸ਼ਾਹ, ਏਕਾ ਰੰਗ ਸਮਾਇੰਦਾ। ਤਖ਼ਤ ਨਿਵਾਸੀ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਆਦਿ ਜੁਗਾਦੀ ਬਣ ਮਲਾਹ, ਜੁਗ ਜੁਗ ਖੇਲ ਖਿਲਾਇੰਦਾ। ਆਪਣਾ ਨਾਉਂ ਆਪ ਪਰਗਟਾ, ਆਪਣਾ ਲੇਖਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਸਤਿਗੁਰ ਮੀਤ, ਏਕਾ ਏਕ ਸੁਹਾਇੰਦਾ। ਆਦਿ ਜੁਗਾਦੀ ਸਾਚੀ ਰੀਤ, ਹਰਿ ਕਰਤਾ ਆਪ ਕਰਾਇੰਦਾ। ਬੈਠਾ ਰਹੇ ਇਕ ਅਤੀਤ, ਦਰਗਾਹਿ ਸਾਚੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਆਪਣਾ ਨਾਉਂ ਧਰ, ਪੁਰਖ ਅਕਾਲ ਵੇਸ ਵਟਾਇੰਦਾ। ਪੁਰਖ ਅਕਾਲਾ ਖੇਲ ਅਵੱਲਾ, ਸਚਖੰਡ ਦਵਾਰੇ ਆਪ ਕਰਾਈਆ। ਰੂਪ ਪਰਗਟਾਏ ਇਕ ਅਕੱਲਾ, ਅਨਭਵ ਪਰਕਾਸ਼ ਕਰੇ ਰੁਸ਼ਨਾਈਆ। ਸਚ ਸਿੰਘਾਸਣ ਏਕਾ ਮੱਲਾ, ਰਾਜ ਰਾਜਾਨਾ ਏਕਾ ਏਕ ਆਪਣਾ ਬਲ ਧਰਾਈਆ। ਵਸਣਹਾਰਾ ਸਚ ਮਹੱਲਾ, ਥਿਰ ਘਰ ਸਾਚਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਡੇਰਾ ਲਾਈਆ। ਹਰਿ ਮੰਦਰ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪ ਸੁਹਾਇੰਦਾ। ਸਤਿ ਸਰੂਪੀ ਇਕ ਨਿਸ਼ਾਨ, ਨਿਰਵੈਰ ਪੁਰਖ ਆਪ ਝੁਲਾਇੰਦਾ। ਆਪੇ ਹੋਏ ਜਾਣੀ ਜਾਣ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਖੇਲ ਕਰੇ ਮਹਾਨ, ਲੇਖਾ ਲੇਖ ਨਾ ਕੋਈ ਵਖਾਇੰਦਾ। ਸ਼ਾਹੋ ਭੂਪ ਬਣ ਸੁਲਤਾਨ, ਸਚ ਸਿਕਦਾਰਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰਾ ਆਪ ਬੰਧਾਇੰਦਾ। ਹਰਿ ਸਾਚੀ ਧਾਰ ਬੰਧਾਇੰਦਾ, ਨਿਰਗੁਣ ਰੂਪ ਅਗੰਮ ਅਪਾਰ। ਸਾਚੇ ਮੰਦਰ ਸੋਭਾ ਪਾਇੰਦਾ, ਕਮਲਾਪਾਤੀ ਹੋ ਉਜਿਆਰ। ਨਿਰਗੁਣ ਬਾਤੀ ਦੀਪ ਜਗਾਇੰਦਾ, ਨੂਰ ਨੁਰਾਨਾ ਹੋ ਉਜਿਆਰ। ਸਗਲਾ ਸਾਥੀ ਆਪ ਹੋ ਆਇੰਦਾ, ਕਰੇ ਖੇਲ ਕਰਨੇਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਹਰਿ ਸਾਚੀ ਕਾਰ ਕਮਾਇੰਦਾ, ਕਰਤਾ ਪੁਰਖ ਕਰਨੇਯੋਗ। ਸਾਚੇ ਮੰਦਰ ਡੇਰਾ ਲਾਇੰਦਾ, ਨਿਰਗੁਣ ਨਿਰਗੁਣ ਕਰੇ ਸੰਜੋਗ। ਜੋਤੀ ਜੋਤ ਮੇਲ ਮਿਲਾਇੰਦਾ, ਜੋਤੀ ਜਾਤਾ ਭੋਗੇ ਭੋਗ। ਆਪਣਾ ਮੋਹ ਆਪ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰੱਖੇ ਆਪਣੀ ਓਟ। ਆਪਣੀ ਆਪੇ ਓਟ ਰੱਖ, ਆਪਣੀ ਦਇਆ ਕਮਾਈਆ। ਆਪਣੇ ਮੰਦਰੋਂ ਆਪਾ ਕਰ ਵਖ, ਪਿਤਾ ਪੂਤ ਖੇਲ ਖਿਲਾਈਆ। ਸ਼ਬਦ ਸ਼ਬਦੀ ਨਾਉਂ ਰੱਖ, ਸੁਤ ਅਬਿਨਾਸ਼ੀ ਅਚੁਤ ਦਏ ਵਡਿਆਈਆ। ਕਰੇ ਖੇਲ ਅਲੱਖਨਾ ਅਲੱਖ, ਅਲੱਖ ਅਗੋਚਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਸੋਭਾ ਪਾਈਆ। ਦਰਗਹਿ ਸਾਚੀ ਹਰਿ ਸੁਹਾਇੰਦਾ, ਨਿਰਗੁਣ ਦਾਤਾ ਬੇਐਬ ਪਰਵਰਦਿਗਾਰ। ਸੁਤ ਦੁਲਾਰਾ ਏਕਾ ਜਾਇੰਦਾ, ਜਾਗਰਤ ਜੋਤ ਕਰ ਉਜਿਆਰ। ਸਾਚੀ ਭਿਛਿਆ ਝੋਲੀ ਪਾਇੰਦਾ, ਅਤੋਟ ਅਤੁਟ ਇਕ ਭੰਡਾਰ। ਨਿਰਗੁਣ ਆਪਣਾ ਆਪ ਵਰਤਾਇੰਦਾ, ਆਪੇ ਹੋਏ ਵੇਖਣਹਾਰ। ਸਤਿ ਸਰੂਪ ਆਪ ਧਰਾਇੰਦਾ, ਆਪਣੀ ਕੁਲ ਆਪ ਵਿਚਾਰ। ਆਪੇ ਵਿਸ਼ਨੂੰ ਬਾਹਰ ਕਢਾਇੰਦਾ, ਆਪੇ ਨਾਭੀ ਕਵਲ ਫੁਲ ਉਜਿਆਰ। ਆਪੇ ਬ੍ਰਹਮਾ ਵੇਖ ਵਖਾਇੰਦਾ, ਆਪੇ ਸ਼ੰਕਰ ਦਏ ਅਧਾਰ। ਆਪੇ ਤ੍ਰੈ ਤ੍ਰੈ ਮੇਲ ਮਿਲਾਇੰਦਾ, ਆਪੇ ਤਿੰਨਾਂ ਵਸੇ ਬਾਹਰ। ਆਪੇ ਰਵ ਸਸ ਆਪਣੀ ਜੋਤ ਜਗਾਇੰਦਾ, ਆਪੇ ਮੰਡਲ ਮੰਡਪ ਦਏ ਸਹਾਰ। ਆਪੇ ਸ਼ਬਦ ਨਾਦ ਵਜਾਇੰਦਾ, ਆਪੇ ਬ੍ਰਹਮਾ ਵੇਦ ਗਾਵੇ ਚਾਰ। ਆਪੇ ਪੰਜ ਤਤ ਘਾੜਤ ਘੜਾਇੰਦਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪਾਵੇ ਸਾਰ। ਆਪੇ ਲੱਖ ਚੁਰਾਸੀ ਖੇਲ ਖਿਲਾਇੰਦਾ, ਆਪੇ ਚਾਰੇ ਖਾਣੀ ਬਣੇ ਮੀਤ ਮੁਰਾਰ। ਆਪੇ ਚਾਰੇ ਬਾਣੀ ਢੋਲਾ ਗਾਇੰਦਾ, ਆਪੇ ਚਾਰ ਵਰਨਾਂ ਦਏ ਸਹਾਰ। ਆਪੇ ਚਾਰ ਜੁਗ ਵੰਡ ਵੰਡਾਇੰਦਾ, ਆਪੇ ਚੌਕੜੀ ਕਰਨੇਹਾਰਾ ਪਾਰ। ਆਪੇ ਨੌਂ ਖੰਡ ਖੇਲ ਖਿਲਾਇੰਦਾ, ਆਪੇ ਨੌਂ ਦਵਾਰ ਖੋਲ੍ਹੇ ਜਗਤ ਕਿਵਾੜ। ਆਪੇ ਚੌਥੇ ਪਦ ਸਮਾਇੰਦਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਏਕਾ ਜੂਨ ਅਜੂਨੀ ਫਿਰਾਇੰਦਾ, ਆਪੇ ਮਾਰਨਹਾਰਾ ਮਾਰ। ਆਪੇ ਕੁੰਭੀ ਨਰਕ ਰਖਾਇੰਦਾ, ਆਪੇ ਵੇਖੇ ਸਵਰਗੀ ਧਾਰ। ਆਪੇ ਚਰਨਾਂ ਨਾਲ ਮਿਲਾਇੰਦਾ, ਆਪੇ ਤਿੰਨਾਂ ਲੋਕਾਂ ਕਰੇ ਬਾਹਰ। ਆਪੇ ਚੌਦਾਂ ਲੋਕ ਚਰਨਾ ਹੇਠ ਦਬਾਇੰਦਾ, ਆਪੇ ਚੌਦਾਂ ਤਬਕਾਂ ਕਰੇ ਖ਼ੁਵਾਰ। ਆਪੇ ਚੌਦਾਂ ਵਿਦਿਆ ਮਾਤ ਪੜ੍ਹਾਇੰਦਾ, ਆਪੇ ਸ਼ਬਦ ਅਗੰਮੀ ਬੋਲੇ ਹਰਿ ਜੈਕਾਰ। ਆਪੇ ਮੰਤਰ ਨਾਮ ਦ੍ਰਿੜਾਇੰਦਾ, ਆਪੇ ਬੋਲੇ ਹੰਕਾਰ ਵਿਕਾਰ। ਆਪੇ ਸਾਚੇ ਮੰਦਰ ਬਹਾਇੰਦਾ, ਆਪੇ ਵਸੇ ਜੰਗਲ ਜੂਹ ਉਜਾੜ ਪਹਾੜ। ਆਪੇ ਧੂਆਂਧਾਰ ਸਮਾਇੰਦਾ, ਆਪੇ ਜੋਤੀ ਨੂਰ ਕਰੇ ਉਜਿਆਰ। ਆਪੇ ਸੁੰਨ ਸਮਾਧ ਡੇਰਾ ਲਾਇੰਦਾ, ਆਪੇ ਉਚੀ ਕੂਕੇ ਕਰੇ ਪਿਆਰ। ਆਪੇ ਗੁਰ ਅਵਤਾਰ ਅਖਵਾਇੰਦਾ, ਆਪੇ ਪੀਰਨ ਪੀਰ ਬਣੇ ਸਿਕਦਾਰ। ਆਪੇ ਭਗਤ ਭਗਵੰਤ ਉਪਜਾਇੰਦਾ, ਆਪੇ ਸੰਤਨ ਦਏ ਅਧਾਰ। ਆਪੇ ਗੁਰਮੁਖ ਲੇਖ ਲਿਖਾਇੰਦਾ, ਆਪੇ ਗੁਰਮੁਖ ਲਏ ਉਭਾਰ। ਆਪੇ ਗੁਰਮੁਖ ਵੇਖ ਵਖਾਇੰਦਾ, ਆਦਿ ਜੁਗਾਦੀ ਵੇਖਣਹਾਰ। ਜੁਗ ਗੇੜਾ ਆਪਣੇ ਹੱਥ ਰਖਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਕਾਗਦ ਕਲਮ ਲਿਖ ਲਿਖ ਭੇਵ ਕੋਈ ਨਾ ਪਾਇੰਦਾ, ਪੁਰਾਨ ਅਠਾਰਾਂ ਗਏ ਹਾਰ। ਛੇ ਸ਼ਾਸਤਰ ਸਰਬ ਕੁਰਲਾਇੰਦਾ। ਮਨੂ ਸਿਮਰਤੀ ਨਾ ਕਰੇ ਵਿਚਾਰ। ਕ੍ਰਿਸ਼ਨ ਅਠਾਰਾਂ ਧਿਆਏ ਗੀਤਾ ਗਾਇੰਦਾ, ਏਕਾ ਅਰਜਨ ਦਏ ਅਧਾਰ। ਅੰਜੀਲ ਕੁਰਾਨਾ ਤੀਸ ਬਤੀਸਾ ਮੁਲਾਂ ਸ਼ੇਖ਼ ਮੁਸਾਇਕ ਪੀਰ ਆਪ ਸਮਝਾਇੰਦਾ, ਆਪੇ ਹੋਏ ਬੇਐਬ ਖ਼ੁਦਾਈ ਪਰਵਰਦਿਗਾਰ। ਹਕ ਹਕੀਕਤ ਨਾਅਰਾ ਆਪੇ ਲਾਇੰਦਾ, ਆਪੇ ਐਨਲਹਕ ਵਾਜਾਂ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸਾਚੇ ਘਰ, ਉਚੇ ਮੰਦਰ ਬੈਠਾ ਚੜ੍ਹ, ਦਿਸ ਕਿਸੇ ਨਾ ਆਇੰਦਾ। ਸਾਚੇ ਮੰਦਰ ਹਰਿ ਜੂ ਚੜ੍ਹਿਆ, ਭੇਵ ਕਿਸੇ ਨਾ ਰਾਇਆ। ਨਿਰਗੁਣ ਦਵਾਰੇ ਨਿਰਗੁਣ ਖੜਿਆ, ਬੈਠਾ ਅਲੱਖ ਜਗਾਇਆ। ਨਿਰਗੁਣ ਅੰਦਰ ਨਿਰਗੁਣ ਵੜਿਆ, ਦਰ ਦਵਾਰ ਨਾ ਕੋਈ ਖੁਲ੍ਹਾਇਆ। ਨਿਰਗੁਣ ਵਿਦਿਆ ਨਿਰਗੁਣ ਪੜ੍ਹਿਆ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਨਿਰਗੁਣ ਪੱਲਾ ਨਿਰਗੁਣ ਫੜਿਆ, ਨਾ ਮਰੇ ਨਾ ਜਾਇਆ। ਜੁਗਾ ਜੁਗੰਤਰ ਆਪ ਆਪਣਾ ਖੇਲ ਕਰਿਆ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਤ੍ਰੈਗੁਣ ਦਰ ਦਰਵੇਸ਼ ਫਿਰੇ ਦਰਿਆ, ਦਰ ਦਰਬਾਨਾ, ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਵੇਖਣਹਾਰਾ ਬ੍ਰਹਮ ਬ੍ਰਹਿਮਾਦਿ, ਲੋਕ ਪਰਲੋਕ ਵੇਖ ਵਖਾਇਆ। ਬ੍ਰਹਮ ਬ੍ਰਹਿਮਾਦਿ ਹਰਿ ਵੇਖਦਾ, ਆਦਿ ਜੁਗਾਦੀ ਸਾਚੀ ਕਾਰ। ਜੁਗ ਜੁਗ ਵੇਸ ਅਵੱਲੜਾ ਕਰੇ ਨਰ ਨਰੇਸ ਦਾ, ਸਰਗੁਣ ਨਿਰਗੁਣ ਦਏ ਅਧਾਰ। ਧੁਰ ਦਾ ਲੇਖਾ ਆਪੇ ਵੇਖਦਾ, ਸ੍ਰਿਸ਼ਟ ਸਬਾਈ ਸਾਂਝਾ ਯਾਰ। ਘਟ ਘਟ ਅੰਦਰ ਆਪੇ ਖੇਲਦਾ, ਜੋਤੀ ਜਾਤਾ ਹੋ ਉਜਿਆਰ। ਗੁਰਮੁਖ ਸਾਚੇ ਮਾਤ ਮੇਲਦਾ, ਆਪ ਆਪਣੀ ਕਿਰਪਾ ਧਾਰ। ਧਾਮ ਵਸੇ ਇਕ ਨਵੇਲ ਦਾ, ਛੱਪਰ ਛੰਨ ਨਾ ਕੋਈ ਚਾਰ ਦਵਾਰ। ਨਾਤਾ ਜੋੜੇ ਸੱਜਣ ਸਹੇਲ ਦਾ, ਤੁੱਟ ਨਾ ਜਾਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਪਾਰਬ੍ਰਹਮ ਵੱਡੀ ਵਡਿਆਈਆ। ਨੌਂ ਨੌਂ ਚੌਕੜੀ ਵੇਖ ਵਖਾਇੰਦਾ, ਚਾਰ ਚਾਰ ਕਰੇ ਕੁੜਮਾਈਆ। ਸ੍ਰਿਸ਼ਟ ਸਬਾਈ ਭੇਵ ਨਾ ਆਇੰਦਾ, ਭੇਵ ਨਾ ਜਾਣੇ ਕੋਇ ਲੇਖਾ ਲਿਖ ਨਾ ਸਕੇ ਜੀਵ ਗਵਾਰ। ਆਪਣੀ ਧਾਰਾ ਆਪ ਬੰਧਾਇੰਦਾ, ਲੋਕਮਾਤ ਲਏ ਅਵਤਾਰ। ਗੁਰ ਗੁਰ ਆਪਣਾ ਨਾਉਂ ਪਰਗਟਾਇੰਦਾ, ਸ਼ਬਦੀ ਨਾਦ ਵਜਾਏ ਸੱਚੀ ਧੁਨਕਾਰ। ਘਟ ਘਟ ਮੰਦਰ ਆਪ ਸੁਣਾਇੰਦਾ, ਦਿਵਸ ਰੈਣ ਸੁਣਾਵਣਹਾਰ। ਚੌਥੇ ਜੁਗ ਵੇਸ ਵਟਾਇੰਦਾ, ਪਾਰਬ੍ਰਹਮ ਬੇਐਬ ਪਰਵਰਦਿਗਾਰ। ਤੇਈ ਅਵਤਾਰ ਆਪਣੀ ਗੋਦ ਬਹਾਇੰਦਾ, ਦਸ ਗੁਰ ਬਖ਼ਸ਼ੇ ਸੀਸ ਪਿਆਰ। ਅਠਾਰਾਂ ਭਗਤ ਚਰਨਾਂ ਨਾਲ ਛੁਹਾਇੰਦਾ, ਇਕ ਇਕੱਲਾ ਏਕੰਕਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਨਿਹਕਲੰਕੀ ਜਾਮਾ ਧਾਰ। ਕਲ ਕਲਕੀ ਆਪ ਅਖਵਾਇੰਦਾ, ਪਰਗਟ ਹੋਏ ਅਗੰਮ ਅਪਾਰ। ਕਲਗੀ ਤੋੜਾ ਸੀਸ ਟਿਕਾਇੰਦਾ, ਭੁੱਲ ਨਾ ਰਹੇ ਜੀਵ ਗਵਾਰ। ਸਾਚੀ ਸਖ਼ੀਆਂ ਸਿਖ ਸਮਝਾਇੰਦਾ, ਲੱਖ ਚੁਰਾਸੀ ਗੇੜ ਨਿਵਾਰ। ਜਮ ਕੀ ਫਾਸੀ ਫੰਦ ਕਟਾਇੰਦਾ, ਰਾਏ ਧਰਮ ਨਾ ਕਰੇ ਖ਼ਵਾਰ। ਹਰਿ ਕਾ ਭੇਵ ਪੰਡਤ ਕਾਂਸੀ ਕੋਈ ਨਾ ਪਾਇੰਦਾ, ਜਗਤ ਵਿਦਿਆ ਰੋਵੇ ਧਾਹਾਂ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਰੂਪ ਆਪ ਪਰਗਟਾਇੰਦਾ। ਰੂਪ ਪਰਗਟਾਏ ਹਰਿ ਬਨਵਾਰੀ, ਏਕਾ ਰੰਗ ਸਮਾਇਆ। ਪਰਗਟ ਜੋਤ ਜੋਤ ਨਿਰੰਕਾਰੀ, ਨਿਰਗੁਣ ਆਪਣਾ ਨਾਉਂ ਧਰਾਇਆ। ਦੋ ਜਹਾਨਾ ਪਾਵੇ ਸਾਰੀ, ਭੇਵ ਅਭੇਦ ਭੇਵ ਖੁਲ੍ਹਾਇਆ। ਤੋੜਨਹਾਰਾ ਗੜ੍ਹ ਹੰਕਾਰੀ, ਨਾਮ ਖੰਡਾ ਹੱਥ ਚਮਕਾਇਆ। ਜਨ ਭਗਤਾਂ ਪੈਜ ਜਾਏ ਸਵਾਰੀ, ਗੁਰਮੁੁਖ ਸਾਚੇ ਲਏ ਜਗਾਇਆ। ਏਕਾ ਬਖ਼ਸ਼ੇ ਨਾਮ ਅਧਾਰੀ, ਨਾਮ ਨਿਧਾਨਾ ਝੋਲੀ ਪਾਇਆ। ਚਰਨ ਪ੍ਰੀਤੀ ਬਖ਼ਸ਼ੇ ਸਾਚੀ ਯਾਰੀ, ਯਾਰੜਾ ਸੱਥਰ ਇਕ ਵਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਰੂਪ ਸਤਿ ਸਰੂਪ, ਚਾਰ ਕੁੰਟ ਦਹਿ ਦਿਸ਼ਾ ਕਰੇ ਰੁਸ਼ਨਾਇਆ। ਦਹਿ ਦਿਸ਼ਾ ਖੇਲ ਖਲਾਵਣਾ, ਨੌਂ ਖੰਡ ਪ੍ਰਿਥਮੀ ਧਾਰ। ਸੱਤਾਂ ਦੀਪਾਂ ਦੀਪ ਜਗਾਵਣਾ, ਜੋਤੀ ਨੂਰ ਨੂਰ ਉਜਿਆਰ। ਹਸਤ ਕੀਟ ਵੇਖ ਵਖਾਵਣਾ, ਊਚਾਂ ਨੀਚਾਂ ਪਾਵੇ ਸਾਰ। ਰਾਓ ਰੰਕ ਆਪ ਉਠਾਵਣਾ, ਸ਼ਾਹ ਸੁਲਤਾਨਾ ਦਏ ਹੁਲਾਰ। ਏਕਾ ਡੰਕਾ ਨਾਮ ਵਜਾਵਣਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਗੁਰਮੁਖ ਸਾਚੇ ਆਪ ਜਗਾਵਣਾ, ਆਲਸ ਨਿੰਦਰਾ ਦਏ ਨਿਵਾਰ। ਬਾਂਹੋਂ ਪਕੜ ਗਲੇ ਲਗਾਵਣਾ, ਕਲਜੁਗ ਤੇਰੀ ਅੰਤਮ ਵਾਰ। ਭੇਖ ਅਵੱਲਾ ਆਪ ਧਰਾਵਣਾ, ਨਿਰਗੁਣ ਰੂਪ ਹੋ ਉਜਿਆਰ। ਜਲਾਂ ਥਲਾਂ ਡੇਰਾ ਲਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿ ਸੱਚੀ ਸਰਕਾਰ। ਸਚ ਸਰਕਾਰ ਸੱਚਾ ਸ਼ਹਿਨਸ਼ਾਹ, ਜੁਗ ਜੁਗ ਖੇਲ ਖਿਲਾਇੰਦਾ। ਕਲਜੁਗ ਅੰਤਮ ਬਣ ਮਲਾਹ, ਲੋਕਮਾਤ ਬੇੜਾ ਆਪਣੇ ਕੰਧ ਉਠਾਇੰਦਾ। ਏਕਾ ਚੱਪੂ ਦੇਵੇ ਲਾ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਰਿਹਾ ਮੁਕਾ, ਗੇੜਾ ਆਪਣੇ ਹੱਥ ਰਖਾਇੰਦਾ। ਨਿਰਗੁਣ ਨਿਰਵੈਰ ਮੂਰਤ ਅਕਾਲ ਦਰਸ ਦਏ ਦਿਖਾ, ਜੂਨੀ ਰਹਿਤ ਡਗਮਗਾਇੰਦਾ। ਕਾਲ ਮਹਾਂਕਾਲ ਦਰ ਦਏ ਦੁਰਕਾ, ਸਿਰ ਆਪਣਾ ਹੱਥ ਰਖਾਇੰਦਾ। ਦੀਨ ਦਿਆਲ ਆਪ ਅਖਵਾ, ਗੁਰਮੁਖ ਲਾਲ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਦਾਤਾਰਾ ਕਰੇ ਖੇਲ ਵਿਚ ਸੰਸਾਰਾ, ਸਮੁੰਦ ਸਾਗਰ ਫੋਲ ਫੁਲਾਇੰਦਾ। ਸਮੁੰਦ ਸਾਗਰ ਤਤ ਵਰੋਲੇ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਆਦਿ ਜੁਗਾਦੀ ਸਦਾ ਅਡੋਲੇ, ਡੋਲ ਕਦੇ ਨਾ ਜਾਇੰਦਾ। ਨਿਰਗੁਣ ਨਿਰਵੈਰ ਲੱਖ ਚੁਰਾਸੀ ਆਪਣੇ ਕੰਡੇ ਤੋਲੇ, ਤੋਲਣਹਾਰਾ ਦਿਸ ਨਾ ਆਇੰਦਾ। ਸ਼ਬਦ ਅਗੰਮੀ ਧਾਰਨ ਬੋਲੇ, ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਪਰਦੇ ਓਹਲੇ, ਕਾਇਆ ਪੰਜ ਤਤ ਪਰਦਾ ਇਕ ਵਖਾਇੰਦਾ। ਸਰਬ ਜੀਆਂ ਦੀ ਆਤਮ ਫੋਲੇ, ਅੰਤਰ ਆਪਣਾ ਖੇਲ ਖਿਲਾਇੰਦਾ। ਗੁਰਮੁਖ ਵੇਖੇ ਸਾਚੇ ਗੋਲੇ, ਚਰਨ ਭਿਖਾਰੀ ਆਪ ਉਠਾਇੰਦਾ। ਬਜਰ ਕਪਾਟ ਕਾਇਆ ਹਾਟ ਅੰਦਰ ਆਪੇ ਖੋਲ੍ਹੇ, ਤੀਜਾ ਨੈਣ ਨੈਣ ਦਰਸਾਇੰਦਾ। ਅਨਹਦ ਸ਼ਬਦ ਅਨਾਦੀ ਆਪੇ ਬੋਲੇ, ਸੋ ਪੁਰਖ ਨਿਰੰਜਣ ਹੰ ਬ੍ਰਹਮ ਮੇਲ ਮਿਲਾਇੰਦਾ। ਆਪਣੀ ਵਸਤ ਆਪਣੇ ਰੱਖੇ ਕੋਲੇ, ਆਦਿ ਅੰਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਦੋ ਜਹਾਨਾਂ ਵੇਖ ਵਖਾਇੰਦਾ। ਦੋ ਜਹਾਨਾਂ ਵੇਖਣ ਆਇਆ, ਪਾਰਬ੍ਰਹਮ ਹਰਿ ਕਰਤਾਰ। ਗੁਰ ਗੁਰ ਰੂਪ ਨਾ ਕੋਇ ਵਟਾਇਆ, ਪੰਜ ਤਤ ਨਾ ਕੋਇ ਆਕਾਰ। ਜੋਤੀ ਜਾਮਾ ਵੇਸ ਧਰਾਇਆ, ਪੁਰਖ ਅਬਿਨਾਸ਼ੀ ਭੇਵ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਹੋ ਤਿਆਰ। ਦਰਗਹਿ ਸਾਚੀ ਖੇਲ ਨਿਆਰਾ, ਹਰਿ ਕਰਤਾਰਾ ਆਪ ਕਰਾਈਆ। ਕਲਜੁਗ ਵੇਖੇ ਜਗਤ ਕਿਨਾਰਾ, ਚਾਰੋਂ ਕੁੰਟ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸਾਧਾਂ ਸੰਤਾਂ ਮਨ ਹੰਕਾਰਾ, ਤਨ ਸ਼ੰਗਾਰਾ ਨਾ ਕੋਇ ਕਰਾਈਆ। ਮਤ ਬੁਧ ਕੁਲੱਖਣੀ ਡੂਮਣੀ ਹੋਈ ਵਿਭਚਾਰਾ, ਹਰਿ ਕੰਤ ਨਾ ਕੋਇ ਪਰਨਾਈਆ। ਹਰਿ ਕਾ ਮੰਦਰ ਨਾ ਦਿਸੇ ਸਚ ਦਵਾਰਾ, ਇੱਟਾਂ ਮੰਦਰ ਰਹੇ ਬਣਾਈਆ। ਜੂਠ ਝੂਠ ਲਾਇਆ ਗਾਰਾ, ਨਦੀ ਕਿਨਾਰੇ ਕੱਲਰ ਕੰਧ ਜਗਤ ਮਹੱਲ ਰਹੇ ਵਸਾਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਦੇਵੇ ਇਕ ਹੁਲਾਰਾ, ਸਭ ਦੇ ਧੌਲਰ ਦਏ ਢਾਹੀਆ। ਉਚਾ ਨਾ ਦਿਸੇ ਕੋਇ ਮੁਨਾਰਾ, ਉਚੀ ਕੂਕ ਨਾ ਕੋਇ ਸੁਣਾਈਆ। ਸੰਮਤ ਸੋਲਾਂ ਕਰਿਆ ਸਚ ਵਿਹਾਰਾ, ਦ੍ਰਿਸ਼ਟ ਇਸ਼ਟ ਦਏ ਸਮਝਾਈਆ। ਸਿੰਘ ਭਗਵਾਨ ਅਜ ਤਕ ਰਿਹਾ ਕਵਾਰਾ, ਨਾਰੀ ਸੁਰਤ ਨਾ ਕੋਇ ਪਰਨਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਨਿਰਗੁਣ ਸਰਗੁਣ ਲੈ ਆਇਆ ਅਵਤਾਰਾ, ਸਰਗੁਣ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਦਏ ਖੁਲ੍ਹਾਈਆ ਆਪਣਾ ਚਰਨ ਸਿਧਾ ਧਰ, ਸਚਖੰਡ ਦਵਾਰੇ ਵਿਚ ਟਿਕਾਈਆ। ਦੂਜਾ ਚਰਨ ਪੁਠਾ ਕਰ, ਮਨਮੁਖਾਂ ਕੁੰਭੀ ਨਰਕ ਵਖਾਈਆ। ਦੋਹਾਂ ਵਿਚੋਲਾ ਆਪੇ ਬਣ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੰਤਾਂ ਚੁਕਾਵਣ ਆਇਆ ਡਰ, ਆਪਣਾ ਭੇਵ ਆਪ ਖੁਲ੍ਹਾਈਆ। ਜੋ ਨਿਹਕਲੰਕ ਨਰਾਇਣ ਨਰ ਸਰਨੀ ਜਾਏ ਪੜ੍ਹ, ਦੂਜੀ ਵਾਰ ਨਾ ਫੇਰਾ ਪਾਈਆ। ਜੋ ਦੂਜੇ ਦਰ ਲੜ ਰਹੇ ਫੜ, ਪੁੱਠਾ ਪੈਰ ਪੁੱਠਾ ਗੇੜਾ ਲੱਖ ਚੁਰਾਸੀ ਵਿਚ ਭੁਵਾਈਆ। ਕਰਨ ਆਇਆ ਹੱਕ ਨਬੇੜਾ, ਭੁੱਲ ਰਹੇ ਨਾ ਰਾਈਆ। ਸਚਖੰਡ ਵਸੌਣਾ ਏਕਾ ਖੇੜਾ, ਗੁਰਮੁਖ ਸਾਚੇ ਵਿਚ ਬਹਾਈਆ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਚਾਰੋਂ ਕੁੰਟ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਿਸੇ ਨਾ ਦੇਵੇ ਆਪਣਾ ਵਰ, ਭਗਤ ਮੰਗਣ ਚਾਈਂ ਚਾਈਆ। ਸੁਫ਼ਨੇ ਵਿਚ ਬਰੜਾਏ ਕੇ, ਜਿਸ ਦਰਸਨ ਦੇਵੇ ਆਣ। ਕਬੀਰ ਜੋਲਾਹਾ ਮੰਗੇ ਆਣ ਦਰ ਦਵਾਰੇ ਜਾਏ ਕੇ, ਤੇਰੇ ਪਗ ਕੀ ਪਾਹਨੀ ਮੇਰੇ ਤਨ ਕੋ ਚਾਮ। ਪੁਰਖ ਅਬਿਨਾਸ਼ੀ ਲੋਕਮਾਤ ਨਾ ਦਿਤੀ ਜ਼ਾਮਨੀ, ਕਲਾਮ ਨਾਲ ਨਾ ਕਰੀ ਕਲਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਪਕੜੇ ਦਾਮਨੀ। ਸਿਧਾ ਚਰਨ ਹਰਿ ਨਿਰੰਕਾਰਾ, ਲੋਕ ਪਰਲੋਕ ਆਪ ਰਖਾਇੰਦਾ। ਗੁਰਮੁਖ ਖਿਚੇ ਵਾਰੋ ਵਾਰਾ, ਲੜ ਨਾਲ ਲੜ ਆਪ ਬੰਧਾਇੰਦਾ। ਏਕਾ ਬਖ਼ਸ਼ੇ ਸਚ ਪਿਆਰਾ, ਚਰਨ ਕਵਲ ਪ੍ਰੀਤ ਸਿਖਾਇੰਦਾ। ਚੌਦਾਂ ਤਬਕਾਂ ਕਰੇ ਖ਼ੁਵਾਰਾ, ਚਰਨਾਂ ਹੇਠ ਦਬਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਾਹ ਤੱਕਣ ਅਧ ਵਿਚਕਾਰਾ, ਨੇਤਰ ਨੈਣ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਚਰਨ ਅੱਗੇ ਰੱਖ, ਹਰਿਜਨ ਹਰਿਭਗਤ ਲੱਖ ਚੁਰਾਸੀ ਵਿਚੋਂ ਕਰੇ ਵੱਖ, ਸਾਚਾ ਪੱਖ ਆਪ ਰਖਾਇੰਦਾ। ਉਲਟਾ ਪੈਰ ਕਲਜੁਗ ਧਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਕਲਜੁਗ ਕਾਇਆ ਹੋਏ ਖ਼ੁਆਰ, ਪੰਜ ਤਤ ਗੜ ਰਹਿਣ ਨਾ ਪਾਈਆ। ਨਾਤਾ ਤੁੱਟੇ ਜਗਤ ਸੰਸਾਰ, ਸਗਲਾ ਸੰਗ ਨਾ ਕੋਇ ਰਖਾਈਆ। ਮਨਮੁਖਾਂ ਮੁਖ ਮਾਰੇ ਮਾਰ, ਨਿੰਦਿਆ ਨਿੰਦਕ ਮੁਖ ਮਸਤਕ ਵੇਖੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਪਹਿਲੀ ਮੱਘਰ ਖੇਲ ਰਚਾਇਆ, ਗੁਰਮੁਖਾਂ ਦਇਆ ਕਮਾਇੰਦਾ। ਮਨਮੁਖਾਂ ਦਰ ਤੋਂ ਦਏ ਦੁਰਕਾਇਆ, ਜੂਨੀ ਜੂਨ ਗੇੜ ਵਖਾਇੰਦਾ। ਗੁਰਮੁਖ ਸਾਚੇ ਲਏ ਮਿਲਾਇਆ, ਜੁਗ ਜੁਗ ਵਿਛੜੇ ਆਪ ਮਿਲਾਇੰਦਾ। ਮਨਮੁਖ ਲੇਖਾ ਰਹੇ ਨਾ ਰਾਇਆ, ਲੇਖਾ ਲੇਖੇ ਝੋਲੀ ਪਾਇੰਦਾ। ਗੁਰਮੁਖ ਸਾਚੇ ਲਏ ਤਰਾਇਆ, ਤਾਰਨਹਾਰਾ ਦਇਆ ਕਮਾਇੰਦਾ । ਮਨਮੁਖਾਂ ਬੇੜਾ ਦਏ ਡੁਬਾਇਆ, ਪਾਰ ਕਿਨਾਰ ਨਾ ਕੋਇ ਲਗਾਇੰਦਾ। ਦੋਹਾਂ ਵਿਚੋਲਾ ਬਣਕੇ ਆਇਆ, ਪੁਰਖ ਅਕਾਲ ਖੇਲ ਖਿਲਾਇੰਦਾ। ਬ੍ਰਹਮਾ ਲੇਖਾ ਦਏ ਮੁਕਾਇਆ, ਪੂਰਬ ਲਹਿਣਾ ਝੋਲੀ ਪਾਇੰਦਾ। ਸ਼ੰਕਰ ਤ੍ਰਿਸ਼ੂਲ ਹੱਥ ਦਏ ਸੁਟਾਇਆ, ਭੋਲਾ ਨਾਥ ਨੈਣ ਉਠਾਇੰਦਾ। ਸੁਰਪਤ ਰਾਜਾ ਇੰਦ ਤਖ਼ਤ ਛੱਡ ਛੱਡ ਨੇਤਰ ਨੈਣਾਂ ਨੀਰ ਵਹਾਇਆ, ਧੀਰਜ ਧੀਰ ਨਾ ਕੋਇ ਧਰਾਇੰਦਾ। ਕਲਜੁਗ ਅੰਤਮ ਕੂਕੇ ਦਏ ਦੁਹਾਇਆ, ਚਾਰੋਂ ਕੁੰਟ ਕੂਕ ਸੁਣਾਇੰਦਾ। ਸ਼ਾਹ ਸੁਲਤਾਨ ਸੀਸ ਤਾਜ ਨਾ ਕੋਇ ਟਿਕਾਇਆ, ਰਾਜ ਰਾਜਾਨ ਨਾ ਕੋਇ ਅਖਵਾਇੰਦਾ। ਚਾਰ ਵਰਨਾਂ ਵੇਖ ਵਖਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪਰਦਾ ਕੋਇ ਨਾ ਪਾਇੰਦਾ। ਅਠਾਰਾਂ ਬਰਨਾਂ ਫੋਲ ਫੁਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਆਪ ਖਲਾਇੰਦਾ। ਦੋ ਜਹਾਨਾਂ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਦਰਗਹਿ ਸਾਚੀ ਧਾਮ ਨਿਆਰਾ, ਘਰ ਮੰਦਰ ਸੋਭਾ ਪਾਇੰਦਾ। ਸਚਖੰਡ ਖੋਲ੍ਹ ਕਿਵਾੜਾ, ਘਰ ਘਰ ਵਿਚ ਆਪ ਉਪਜਾਇੰਦਾ। ਥਿਰ ਘਰ ਵਸਿਆ ਆਪ ਨਿਰੰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਭਗਤਨ ਮੀਤਾ ਭਗਤਨ ਪਾਵੇ ਸਾਰਾ, ਜੁਗ ਜੁਗ ਮੇਲ ਮਿਲਾਇੰਦਾ। ਕਲਜੁਗ ਅੰਤਮ ਲੇਖਾ ਜਾਣੇ ਧੁਰ ਦਰਬਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਭੇਵ ਅਲੱਖ ਅਭੇਵ ਅਗੰਮ ਅਗੋਚਰ ਆਪਣੇ ਹੱਥ ਰਖਾਇੰਦਾ। ਲੋਕਮਾਤ ਮਾਰ ਝਾਤ, ਲੱਖ ਚੁਰਾਸੀ ਵੇਖ ਵਖਾਈਆ। ਮਨਮੁੱਖਾਂ ਨਾਤਾ ਜੁੜਿਆ ਜਗਤ ਸਾਕ, ਮਾਇਆ ਮੋਹ ਬੰਧਨ ਏਕਾ ਪਾਈਆ। ਜੂਠ ਝੂਠ ਮਿਲਿਆ ਰਾਕ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਾਹ ਸੁਆਰਾ ਰਿਹਾ ਦੌੜਾਈਆ। ਕੋਇ ਨਾ ਦਿਸੇ ਪਾਕੀ ਪਾਕ, ਪਵਿਤ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਸਰਬ ਲੋਕਾਈਆ। ਵੇਖਣਹਾਰਾ ਸਰਬ ਘਟ ਅੰਤਰ, ਘਟ ਘਟ ਆਪ ਸਮਾਇਆ। ਕਲਜੁਗ ਲੱਗੀ ਜਗਤ ਬਸੰਤਰ, ਤ੍ਰੈਗੁਣ ਲੰਬੂ ਏਕਾ ਲਾਇਆ। ਸਤਿ ਨਾ ਦੀਸੇ ਕੋਇ ਮੰਤਰ, ਪੜ੍ਹ ਪੜ੍ਹ ਥੱਕੇ ਜੀਵ ਸਬਾਇਆ। ਨਾ ਕੋਇ ਬਣਾਏ ਸਾਚੀ ਬਣਤਰ, ਮਨ ਕਾ ਭਉ ਨਾ ਕੋਇ ਜਣਾਇਆ। ਪਾਰਬ੍ਰਹਮ ਪ੍ਰਭ ਸਰਬ ਜੀਆਂ ਬਿਧ ਜਾਣੇ ਅੰਤਰ, ਭੁੱਲ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਵੇਖ ਵਖਾਇਆ। ਦੋ ਜਹਾਨਾਂ ਵੇਖਣਹਾਰਾ, ਦੋਏ ਦੋਏ ਧਾਰ ਚਲਾਇੰਦਾ। ਪੁੱਠਾ ਸਿਧਾ ਕਰ ਵਿਹਾਰਾ, ਸੰਸਾਰ ਸਾਗਰ ਫੋਲ ਫੁਲਾਇੰਦਾ। ਨੌਂ ਨਿਧਾਂ ਕਰੇ ਖ਼ੁਆਰਾ, ਅਠਾਰਾਂ ਸਿਧਾਂ ਮੂਲ ਚੁਕਾਇੰਦਾ। ਆਪਣੀ ਬਿਧ ਆਪੇ ਜਾਣੇ ਹਰਿ ਨਿਰੰਕਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਹਰਿਜਨ ਮੇਲੇ ਚਰਨ ਦੁਆਰਾ, ਮਨਮੁਖ ਦਰ ਦੁਰਕਾਇੰਦਾ । ਆਦਿ ਜੁਗਾਦੀ ਖੇਲ ਨਿਆਰਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸਾਲਸ ਬਣੇ ਅਗੰਮ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਸਾਚਾ ਚਰਨ ਸਾਚੀ ਧਾਰ, ਅਗਲਾ ਮਾਰਗ ਸਤਿਜੁਗ ਰਾਹ ਚਲਾਈਆ। ਪਿਛਲਾ ਚਰਨ ਕਲਜੁਗ ਜੀਵਾਂ ਮਾਰੇ ਮਾਰਨ, ਮੜੀ ਗੌਰ ਦਏ ਦੁਹਾਈਆ। ਦੋਹਾਂ ਵਿਚੋਲਾ ਬਣ ਸੱਚੀ ਸਰਕਾਰਨ, ਲੇਖ ਲੇਖਾ ਵੇਖ ਵਖਾਈਆ। ਕਰਤਾ ਪੁਰਖ ਕਰੇ ਆਪਣਾ ਕਾਰਨ, ਕਰਨਹਾਰ ਵਡ ਵਡਿਆਈਆ। ਵੇਸ ਵਟਾਏ ਗੁਪਤ ਜ਼ਾਹਰਨ, ਅੰਦਰ ਬਾਹਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਫੇਰਾ ਪਾਈਆ। ਗੁਰਮੁਖ ਅੱਗੇ ਚਰਨ ਟਿਕਾਉਣਾ, ਪਿਛਲਾ ਪੰਧ ਰਹੇ ਨਾ ਰਾਈਆ। ਕੂੜਾ ਨਾਤਾ ਤੋੜ ਤੁੜਾਉਣਾ, ਕੂੜੀ ਕਿਰਿਆ ਨਾ ਵੇਖ ਵਖਾਈਆ। ਪੁਰਖ ਬਿਧਾਤਾ ਸੰਗ ਨਿਭਾਉਣਾ, ਸਗਲਾ ਸੰਗ ਇਕ ਦਰਸਾਈਆ। ਸਚ ਬਿਬਾਣੇ ਆਪ ਚੜ੍ਹਾਉਣਾ, ਕਿਸੇ ਰਾਜੇ ਰਾਣੇ ਹੱਥ ਨਾ ਆਈਆ। ਗ਼ਰੀਬ ਨਿਮਾਣੇ ਗਲੇ ਲਗਾਉਣਾ, ਜਿਸ ਬਖ਼ਸ਼ੇ ਸਚ ਸਰਨਾਈਆ। ਸਚਖੰਡ ਦੁਆਰੇ ਆਪ ਬਹਾਉਣਾ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਸਾਚਾ ਚਵਰ ਸੀਸ ਝੁਲਾਵਣਾ, ਉਣੰਜਾ ਪਵਣ ਮੁਖ ਸ਼ਰਮਾਈਆ। ਅੰਤਮ ਜੋਤੀ ਜੋਤ ਮਿਲਾਉਣਾ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਅੱਗੇ ਚਰਨ ਇਕ ਵਖਾਇੰਦਾ। ਅੱਗੇ ਚਰਨ ਸਤਿਗੁਰ ਧਾਰ, ਸਤਿ ਸਰੂਪ ਸਮਝਾਇੰਦਾ। ਦੋ ਜਹਾਨਾਂ ਬੇੜਾ ਕਰੇ ਪਾਰ, ਜਿਸ ਜਨ ਆਪਣੇ ਚਰਨ ਲਗਾਇੰਦਾ। ਇਥੇ ਉਥੇ ਹੋਏ ਸਹਾਰ, ਸਗਲਾ ਸੰਗ ਆਪ ਨਿਭਾਇੰਦਾ। ਗੁਰਮੁਖ ਆਏ ਨਾ ਦੂਜੀ ਵਾਰ, ਲੱਖ ਚੁਰਾਸੀ ਗੇੜਾ ਨਾ ਕੋਇ ਰਖਾਇੰਦਾ। ਆਪਣੇ ਸੰਗ ਰੱਖੇ ਕਰਤਾਰ, ਜਿਉਂ ਭਾਵੇ ਤਿਉਂ ਚਲਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਆਪਣਾ ਬੇੜਾ ਆਪ ਤਰਾਇੰਦਾ। ਸਾਚੇ ਭਗਤ ਕਰ ਤਿਆਰ, ਲੋਕਮਾਤ ਨਾਲ ਲਿਆਇੰਦਾ। ਮਾਨਸ ਜਨਮ ਮਾਨਸ ਜਨਮ ਮਾਨਸ ਜਨਮ ਦਏ ਅਧਾਰ, ਤਿੰਨਾਂ ਲੋਕਾਂ ਪਾਰ ਵਸਾਇੰਦਾ। ਚੌਥੇ ਘਰ ਸੱਚੇ ਦਰਬਾਰ, ਚੌਥੇ ਪਦ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਚਰਨ ਏਕਾ ਕਰ, ਗੁਰਮੁਖਾਂ ਚੁਕਾਏ ਜਗਤ ਡਰ, ਨਿਰਭੌ ਭੈ ਨਾ ਕੋਇ ਜਣਾਇੰਦਾ। ਪਿਛਲਾ ਚਰਨ ਕਲਜੁਗ ਵਾਟ, ਪਾਂਧੀ ਪੰਧ ਨਾ ਕੋਇ ਮੁਕਾਈਆ। ਮਨਮਤ ਵਿਕੇ ਕੂੜੇ ਹਾਟ, ਕਰਤਾ ਕੀਮਤ ਕੋਇ ਨਾ ਪਾਈਆ। ਨਾ ਕੋਈ ਦੀਸੇ ਖੇਵਟ ਖਾਟ, ਬੇੜਾ ਲੋਕਮਾਤ ਚਲਾਈਆ। ਕਲਜੁਗ ਖੇਲ ਨਟੂਆ ਨਾਟ, ਸਵਾਂਗੀ ਸਵਾਂਗ ਇਕ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੂਪ ਰੇਖ ਨਾ ਕੋਈ ਜਣਾਈਆ। ਪੁੱਠੀ ਪਾਹਨੀ ਚਰਨ ਟਿਕਾ, ਚੌਥਾ ਜੁਗ ਕੁਰਲਾਏ। ਕਲਜੁਗ ਜੀਵ ਸਾਚਾ ਘਰ ਕੋਇ ਨਾ ਪਾਏ। ਜਿਸ ਜਨ ਖਾਧਾ ਕੁੱਠਾ, ਹਰਿ ਸਾਚਾ ਦਏ ਸਜਾਏ। ਧਰਮ ਰਾਏ ਦਰ ਟੰਗੇ ਪੁੱਠਾ, ਵੇਲੇ ਅੰਤ ਨਾ ਕੋਇ ਛੁਡਾਏ। ਮਾਨਸ ਜਨਮ ਜਾਏ ਲੁੱਟਾ, ਪੰਜ ਚੋਰ ਨਕਬ ਰਹੇ ਲਗਾਏ। ਅੰਤਮ ਭਾਗ ਮਨਮੁਖਾਂ ਨਿਖੁੱਟਾ, ਦੇਵੇ ਦਰਸ ਨਾ ਹਰਿ ਰਘੁਰਾਏ। ਜਮਪੁਰ ਜਾਏ ਖਾਏ ਚੋਟਾ, ਅਗਨੀ ਅੱਗ ਤਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੇ। ਪੁੱਠਾ ਚਰਨ ਜਗਤ ਖ਼ਵਾਰੀ, ਚਾਰ ਕੁੰਟ ਜਣਾਈਆ। ਮਾਨਸ ਜਨਮ ਕਲਜੁਗ ਜੀਵ ਰਹੇ ਹਾਰੀ, ਅਮੋਲਕ ਹੀਰਾ ਹੱਥ ਨਾ ਆਈਆ। ਭਰਮੇ ਭੁੱਲਾ ਨਰ ਨਾਰੀ, ਨਰ ਹਰਿ ਨਰਾਇਣ ਨਾ ਦਰਸਨ ਪਾਈਆ। ਕੂੜਾ ਵੇਸ ਕਰ ਸ਼ੰਗਾਰੀ, ਨੇਤਰ ਨੈਣਾਂ ਕੱਜਲ ਰਹੇ ਮਟਕਾਈਆ। ਨਾਰੀ ਪੁਰਸ਼ ਕਰਨ ਪਿਆਰੀ, ਸਾਚੀ ਸੇਜ ਨਾ ਕੋਈ ਹੰਢਾਈਆ। ਸ੍ਰਿਸ਼ਟ ਸਬਾਈ ਹੋਏ ਵਿਭਚਾਰੀ, ਘਰ ਘਰ ਵੇਸਵਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਇਕ ਸਜ਼ਾਈਆ। ਗੁਰਸਿਖਾਂ ਕਰੇ ਪਿਆਰ, ਦਇਆ ਕਮਾਇੰਦਾ। ਮਨਮੁਖਾਂ ਮਾਰੇ ਮਾਰ, ਨਾ ਕੋਈ ਛੁਡਾਇੰਦਾ। ਗੁਰਮੁਖਾਂ ਪੈਜ ਸਵਾਰ, ਲੇਖੇ ਲਾਇੰਦਾ। ਮਨਮੁਖਾਂ ਕਰ ਖੁਵਾਰ, ਦਹਿ ਦਿਸ਼ਾ ਫੇਰਾ ਪਾਇੰਦਾ। ਗੁਰਮੁਖਾਂ ਨੂਰ ਉਜਿਆਰ, ਜੋਤ ਡਗਮਗਾਇੰਦਾ। ਮਨਮੁਖਾਂ ਅੰਧ ਅੰਧਿਆਰ, ਦਿਵਸ ਰੈਣ ਅੰਧੇਰਾ ਛਾਇੰਦਾ। ਗੁਰਮੁਖਾਂ ਬਖ਼ਸ਼ੇ ਨਾਮ ਅਧਾਰ, ਨਾਮ ਅਮੋਲਾ ਝੋਲੀ ਪਾਇੰਦਾ। ਮਨਮੁਖਾਂ ਕੂੜਾ ਵਣਜ ਵਾਪਾਰ, ਝੂਠਾ ਨਾਤਾ ਜੋੜ ਜੁੜਾਇੰਦਾ। ਕਰੇ ਖੇਲ ਅਗੰਮ ਅਪਾਰ, ਨਿਰਗੁਣ ਸਰਗੁਣ ਭੇਵ ਕੋਈ ਨਾ ਆਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰੋਵਣ ਦਰ ਕਰਨ ਪੁਕਾਰ, ਨਿਉਂ ਨਿਉਂ ਸਰਬ ਸੀਸ ਝੁਕਾਇੰਦਾ। ਕ੍ਰੋੜ ਤੇਤੀਸਾ ਬਣ ਭਿਖਾਰ, ਅੱਗੇ ਝੋਲੀ ਆਪਣੀ ਡਾਹਿੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰ, ਵੇਲਾ ਅੰਤ ਨਾ ਕੋਈ ਛੁਡਾਇੰਦਾ। ਮਨਮੁਖ ਸੁੱਤੇ ਪੈਰ ਪਸਾਰ, ਦੂਈ ਦਵੈਤੀ ਪਰਦਾ ਨਾ ਕੋਈ ਉਠਾਇੰਦਾ। ਗੁਰਮੁਖ ਗੁਰਮੁਖ ਰਾਹ ਤੱਕਣ ਮੀਤ ਮੁਰਾਰ, ਨੇਤਰ ਬੰਦ ਇਕ ਖੁਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਰੇ ਖੇਲ ਅਗੰਮ ਅਪਾਰ, ਕਰ ਕਿਰਪਾ ਮੇਲ ਮਿਲਾਇੰਦਾ। ਅੱਗੇ ਪਿਛੇ ਪਿਛੇ ਅੱਗੇ ਪਾਵੇ ਸਾਰ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਸਤਿਗੁਰ ਲੇਖਾ ਜਾਣੇ ਧੁਰ ਦਰਬਾਰ, ਆਪੇ ਗੁਰ ਗੁਰ ਰੂਪ ਪਰਗਟੇ ਵਿਚ ਸੰਸਾਰ, ਦੋ ਜਹਾਨਾਂ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਜਾਣੀ ਜਾਣ, ਜਾਨਣਹਾਰਾ ਦਿਸ ਨਾ ਆਇੰਦਾ। ਮਨ ਮਰੇ ਮਨ ਚੜ੍ਹੇ ਫਾਸ, ਮਨ ਲਹਿਣਾ ਦਏ ਚੁਕਾਈਆ। ਮਨ ਰੋਵੇ ਮਨ ਕਰੇ ਹਾਸ, ਮਨ ਵੇਖੇ ਵੱਜਦੀ ਵਧਾਈਆ। ਸਤਿਗੁਰ ਪੂਰਾ ਗੁਰਮੁਖਾਂ ਕਰੇ ਪੂਰੀ ਆਸ, ਆਸ ਨਿਰਾਸ ਨਾ ਕੋਈ ਜਣਾਈਆ। ਜੀਵਦਿਆਂ ਆਪਣੀ ਹੱਥੀਂ ਕੱਟੀ ਫਾਸ, ਮੋਇਆਂ ਗਲ ਨਾ ਕੋਈ ਪਾਈਆ। ਮੁਗਲ ਜਾਮਾ ਨਾ ਜਾਣਿਆ ਕਰ ਕਰ ਹਾਸ, ਗੁਰਮੁਖਾਂ ਹੱਥੋਂ ਦਿਤੀ ਆਪ ਸਜਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਘਨਕ ਪੁਰ ਵਾਸ, ਪਿਛਲਾ ਲਹਿਣਾ ਆਪਣੀ ਝੋਲੀ ਪਾਈਆ। ਘਰ ਵਿਚ ਘਰ ਜੋਤ ਹੋਈ ਪਰਕਾਸ਼, ਪੁਰਖ ਅਕਾਲ ਦੀਨ ਦਿਆਲ ਨਾਲ ਰਖਾਈਆ। ਗੋਬਿੰਦ ਲਾਲ, ਪੀਲਾ ਬਸਤਰ ਤਨ ਛੁਹਾਈਆ। ਲੇਖਾ ਚੁੱਕਿਆ ਸ਼ਾਹ ਕੰਗਾਲ, ਆਪੇ ਬਣਿਆ ਹਰਿ ਦਲਾਲ, ਸੰਗਤ ਰੱਖੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਚੀਤ ਅਤੀਤ ਆਪੇ ਭਾਲ, ਸਾਵਣ ਸੁਰਤ ਲਏ ਸੰਭਾਲ, ਅੰਤ ਨਾ ਖਾਏ ਕੋਈ ਜਮ ਕਾਲ, ਜਮ ਕਾਲ ਗਰਾਸ ਨਾ ਕੋਈ ਕਰਾਈਆ। ਗੁਰਮੁਖ ਤੇਰਾ ਵਿੰਗਾ ਹੋਏ ਨਾ ਵਾਲ, ਫਲ ਲੱਗੇ ਕਾਇਆ ਡਾਲ੍ਹ, ਪਤ ਡਾਲ੍ਹੀ ਆਪ ਮਹਿਕਾਈਆ। ਦਸਮੇਂ ਜਾਮੇ ਨਾਲ ਰਖਾਇਆ ਚੋਬਦਾਰ ਸਿੰਘ ਪਾਲ, ਜਿਸ ਸ਼ਸਤਰ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
