Granth 09 Likhat 213: 22 Assu 2017 Bikarmi Jethuwal Darbar wich

੨੨ ਅੱਸੂ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਪਾਰਬ੍ਰਹਮ ਪ੍ਰਭ ਆਤਮ ਧਾਰ, ਨਿਰਗੁਣ ਨਿਰਵੈਰ ਆਪ ਚਲਾਇੰਦਾ। ਪੁਰਖ ਅਕਾਲ ਖੇਲ ਅਪਾਰ, ਅਲੱਖ ਅਗੋਚਰ ਆਪ ਖਲਾਇੰਦਾ। ਸਚਖੰਡ ਵਸੇ ਧਾਮ ਨਿਆਰ, ਧਾਮ ਅਵੱਲੜਾ ਸੋਭਾ ਪਾਇੰਦਾ। ਕਮਲਾਪਾਤੀ ਏਕੰਕਾਰ, ਇਕ ਇਕੱਲਾ ਆਪ ਸੁਹਾਇੰਦਾ। ਦੀਵਾ ਬਾਤੀ ਕਰ ਉਜਿਆਰ, ਆਦਿ ਨਿਰੰਜਣ ਡਗਮਗਾਇੰਦਾ। ਸਗਲਾ ਸਾਥੀ ਮੀਤ ਮੁਰਾਰ, ਆਦਿ ਜੁਗਾਦੀ ਸੰਗ ਨਿਭਾਇੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਆਪਣੀ ਜੋਤ ਜਗਾਇੰਦਾ। ਤਤਵ ਤਤ ਇਕ ਵਿਚਾਰ, ਰਤੀ ਰਤ ਰਤ ਰੰਗਾਇੰਦਾ। ਰਵ ਸਸ ਸੂਰਜ ਚੰਨ ਪਾਵੇ ਸਾਰ, ਮੰਡਲ ਮੰਡਪ ਵੇਸ ਵਟਾਇੰਦਾ। ਗਗਨ ਗਗਨੰਤਰ ਦਏ ਸਹਾਰ, ਜਲ ਥਲ ਮਹੀਅਲ ਡੇਰਾ ਲਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਨਿਰਾਕਾਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਆਪਣਾ ਨਾਉਂ ਧਰਾਇੰਦਾ । ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਮੂਰਤ ਅਕਾਲ ਹੋ ਉਜਿਆਰਾ, ਘਰ ਘਰ ਮੰਦਰ ਸੋਭਾ ਪਾਇੰਦਾ। ਸ਼ਬਦ ਅਨਾਦ ਵਜਾਏ ਸੱਚੀ ਧੁਨਕਾਰਾ, ਗੀਤ ਸੁਹਾਗੀ ਆਪ ਅਲਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਰੰਗ ਰੰਗੀਲਾ ਮੋਹਣ ਮਾਧਵ ਹਰਿ ਨਿਰੰਕਾਰਾ, ਛੈਲ ਛਬੀਲਾ ਭੇਵ ਨਾ ਆਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਸਾਚੇ ਧਾਮ ਵਸੇ ਨਿਆਰਾ, ਥਿਰ ਘਰ ਸਾਚੇ ਆਸਣ ਲਾਇੰਦਾ। ਸਚ ਸਿੰਘਾਸਣ ਕਰ ਪਿਆਰਾ, ਰੂਪ ਅਨੂਪ ਆਪ ਪਰਗਟਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਵੇਦ ਕਤੇਬ ਭੇਵ ਨਾ ਪਾਇੰਦਾ। ਜੂਨੀ ਰਹਿਤ ਵਸੇ ਸਭ ਤੋਂ ਬਾਹਰਾ, ਨਿਰਭੌ ਆਪਣੀ ਕਲ ਆਪ ਧਰਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਨੂਰ ਧਰਾਇੰਦਾ। ਪਾਰਬ੍ਰਹਮ ਬ੍ਰਹਮ ਦਏ ਆਧਾਰਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਆਦਿ ਜੁਗਾਦੀ ਏਕਾ ਰੰਗ ਸਮਾਇਆ। ਬ੍ਰਹਮ ਬ੍ਰਹਮ ਬ੍ਰਹਮ ਦੇਵੇ ਸਾਚੀ ਦਾਤਾ, ਨਿਰਗੁਣ ਨਿਰਗੁਣ ਵੰਡ ਵੰਡਾਇਆ। ਨਾਦ ਅਨਾਦੀ ਸੁਣਾਏ ਏਕਾ ਗਾਥਾ, ਸ਼ਬਦ ਅਗੰਮੀ ਨਾਦ ਵਜਾਇਆ। ਰਥ ਰਥਵਾਹੀ ਚਲਾਏ ਏਕਾ ਰਾਥਾ, ਜੁਗਾ ਜੁਗੰਤਰ ਸੇਵ ਕਮਾਇਆ। ਆਪੇ ਜਾਣੇ ਆਪਣੀ ਪੂਜਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇਆ। ਲੇਖਾ ਜਾਣੇ ਪ੍ਰਿਥਮੀ ਆਕਾਸ ਚੌਦਾਂ ਲੋਕ ਏਕਾ ਹਾਟਾ, ਘਰ ਮੰਦਰ ਖੋਜ ਖੁਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਆਪੇ ਲਏ ਉਪਾਇਆ। ਪਾਰਬ੍ਰਹਮ ਬ੍ਰਹਮ ਆਪ ਉਪਾਇਆ, ਅੰਸ ਬੰਸ ਆਪ ਸੁਹਾਇੰਦਾ। ਆਪਣਾ ਫੁਲ ਆਪ ਉਪਾਇਆ, ਕਵਲ ਕਵਲਾ ਨਾਉਂ ਧਰਾਇੰਦਾ। ਸਾਚੇ ਮੰਦਰ ਆਪ ਟਿਕਾਇਆ, ਨਿਰਵੈਰ ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਚੋਟੀ ਜੜ ਨਾ ਕੋਈ ਵਖਾਇਆ, ਆਪਣੀ ਧਾਰ ਧਾਰ ਵਿਚ ਟਿਕਾਇੰਦਾ। ਆਪਣਾ ਰੂਪ ਆਪ ਪਰਗਟਾਇਆ, ਪਤ ਡਾਲ੍ਹੀ ਵੇਖ ਵਖਾਇੰਦਾ। ਸਾਚੀ ਕਲੀ ਆਪ ਮਹਿਕਾਇਆ, ਨਾਮ ਸੋਗੰਧੀ ਵਿਚ ਰਖਾਇੰਦਾ। ਬੰਦੀਖ਼ਾਨਾ ਤੋੜ ਆਪਣਾ ਬੰਧਨ ਆਪ ਕਟਾਇਆ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸ਼ਬਦ ਸੁਹਾਗੀ ਛੰਦਨ ਏਕਾ ਗਾਇਆ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਦੇਵੇ ਵਰ, ਦਰ ਘਰ ਸਾਚਾ ਇਕ ਸਮਝਾਇੰਦਾ। ਪਾਰਬ੍ਰਹਮ ਬ੍ਰਹਮ ਪਾਵੇ ਸਾਰ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਇਕ ਇਕੱਲਾ ਕਰੇ ਪਿਆਰ, ਘਰ ਮੰਦਰ ਵੱਜੇ ਵਧਾਈਆ। ਨਾ ਕੋਈ ਜਾਣੇ ਥਿਤ ਵਾਰ, ਰੁਤੜੀ ਰੁਤ ਨਾ ਕੋਇ ਵਡਿਆਈਆ। ਇਕ ਇਕੱਲਾ ਨਿਰੰਕਾਰ, ਲੇਖਾ ਜਾਣੇ ਸਹਿਜ ਸੁਭਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਰੰਗ ਰਵੇ ਕਰਤਾਰ, ਕਰਤਾ ਪੁਰਖ ਪੁਰਖ ਵਡਿਆਈਆ। ਲੱਖ ਚੁਰਾਸੀ ਭਰ ਭੰਡਾਰ, ਏਕਾ ਵਸਤ ਅਤੋਟ ਅਤੁਟ ਵਰਤਾਈਆ। ਨਾਮ ਦਾਤਾ ਸਿਰਜਣਹਾਰ, ਸਿਰ ਸਿਰ ਦੇਵੇ ਰਿਜ਼ਕ ਸਬਾਈਆ। ਘਟ ਘਟ ਅੰਦਰ ਹੋ ਉਜਿਆਰ, ਜੋਤ ਨਿਰੰਜਣ ਆਪ ਜਗਾਈਆ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਭਰ ਪਿਆਲਾ ਜਾਮ ਪਿਆਈਆ। ਸਾਂਤਕ ਸਤਿ ਸਤਿ ਕਰੇ ਵਰਤਾਰ, ਸਤਿ ਸੰਤੋਖੀ ਬੇਪਰਵਾਹੀਆ। ਰਾਗ ਰਾਗਨੀ ਕਰਨ ਪੁਕਾਰ, ਉਚੀ ਕੂਕਣ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਆਪਣਾ ਖੇਲ ਖਿਲਾਈਆ। ਪਾਰਬ੍ਰਹਮ ਬ੍ਰਹਮ ਖੇਲ ਅਵੱਲਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਸਚ ਸਿੰਘਾਸਣ ਬੈਠ ਉਚ ਅਟੱਲਾ, ਥਿਰ ਦਰਬਾਰੇ ਸੋਭਾ ਪਾਇੰਦਾ। ਕਰੇ ਖੇਲ ਵਲਾ ਛਲਾ, ਅਛਲ ਛਲ ਧਾਰੀ ਭੇਵ ਨਾ ਆਇੰਦਾ। ਸਚ ਸਿੰਘਾਸਣ ਏਕਾ ਮੱਲਾ, ਨਿਰਗੁਣ ਨਿਰਾਕਾਰ ਸੋਭਾ ਪਾਇੰਦਾ। ਪਾਰਬ੍ਰਹਮ ਬ੍ਰਹਮ ਫੜਾਏ ਆਪਣਾ ਪੱਲਾ, ਸ਼ਬਦ ਡੋਰੀ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮ ਪਾਰਬ੍ਰਹਮ ਉਪਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਘਟ ਆਪਣੀ ਜੋਤ ਜਗਾਈਆ। ਨੂਰੋ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਤਤਵ ਤਤ ਦਏ ਆਧਾਰਾ, ਪੰਜ ਤਤ ਕਰੇ ਕੁੜਮਾਈਆ। ਮਨ ਮਤ ਬੁਧ ਪਾਵੇ ਸਾਰਾ, ਸਾਰੰਗ ਧਰ ਭਗਵਾਨ ਬੀਠਲੋ ਇਕ ਅਖਵਾਈਆ। ਹੁਕਮੀ ਹੁਕਮ ਵਰਤੇ ਵਰਤਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਅੰਗ ਲਗਾਈਆ। ਸਰਗੁਣ ਮੇਲਾ ਵਿਚ ਸੰਸਾਰਾ, ਨਿਰਗੁਣ ਵੇਖੇ ਥਾਉਂ ਥਾਈਆ। ਸ਼ਬਦ ਢੋਲਾ ਗਾਏ ਆਪਣੀ ਵਾਰਾ, ਏਕਾ ਅੱਖਰ ਕਰ ਪੜ੍ਹਾਈਆ। ਤੋਲਾ ਬਣੇ ਗਿਰਵਰ ਗਿਰਧਾਰਾ, ਲੱਖ ਚਰਾਸੀ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਮੇਲਾ ਸਾਚੇ ਘਰ, ਪਾਰਬ੍ਰਹਮ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇੰਦਾ, ਕਰ ਕਿਰਪਾ ਗੁਣ ਨਿਧਾਨ। ਸਾਚੇ ਤਖ਼ਤ ਆਪ ਸੁਹਾਇੰਦਾ, ਸੋਭਾਵੰਤ ਸ੍ਰੀ ਭਗਵਾਨ। ਆਤਮ ਬ੍ਰਹਮ ਵੇਖ ਵਖਾਇੰਦਾ, ਧੁਰ ਦਰਗਾਹੀ ਹਰਿ ਮਿਹਰਵਾਨ। ਆਪਣਾ ਭੇਵ ਆਪ ਖੁਲ੍ਹਾਇੰਦਾ, ਇਕ ਵਖਾਏ ਸਚ ਨਿਸ਼ਾਨ। ਆਪਣੀ ਸੇਵਾ ਆਪ ਕਮਾਇੰਦਾ, ਆਪੇ ਦੇਵੇ ਧੁਰ ਫ਼ਰਮਾਣ। ਆਪਣਾ ਰਾਗ ਆਪ ਅਲਾਇੰਦਾ, ਆਪੇ ਗੀਤ ਗਾਵਣ ਗਾਏ ਗਾਣ। ਆਪਣਾ ਮਰਦੰਗ ਆਪ ਵਜਾਇੰਦਾ, ਆਪੇ ਸਾਰੰਗ ਸਾਰੰਗੀ ਕਰ ਪਛਾਣ। ਨਾਮ ਸਤਾਰ ਇਕ ਹਲਾਇੰਦਾ, ਲੇਖਾ ਜਾਣੇ ਧੁਰ ਦੀਬਾਣ। ਆਪਣਾ ਮਾਣ ਆਪ ਧਰਾਇੰਦਾ, ਪਾਰਬ੍ਰਹਮ ਬ੍ਰਹਮ ਦੇਵੇ ਏਕਾ ਦਾਨ। ਜੀਆ ਦਾਤਾ ਆਪ ਅਖਵਾਇੰਦਾ, ਜੀਵਣ ਜੁਗਤ ਦਏ ਜਹਾਨ। ਸਾਚੀ ਸਿਖ਼ਿਆ ਇਕ ਸਮਝਾਇੰਦਾ, ਸਾਖ਼ਯਾਤ ਸਰਬ ਗਿਆਨ। ਏਕਾ ਅੱਖਰ ਆਪ ਪੜ੍ਹਾਇੰਦਾ, ਲੇਖਾ ਜਾਣੇ ਨਾ ਵੇਦ ਪੁਰਾਨ। ਸ਼ਾਸਤਰ ਸਿਮਰਤ ਸਰਬ ਸਾਲਾਹਿੰਦਾ, ਸਿਫ਼ਤ ਸਾਲਾਹੀ ਵਡ ਮਿਹਰਵਾਨ। ਬ੍ਰਹਮ ਆਪਣੇ ਲੇਖੇ ਪਾਇੰਦਾ, ਪਾਰਬ੍ਰਹਮ ਕਰ ਕਲਿਆਣ। ਆਪਣੇ ਰੰਗ ਆਪ ਰੰਗਾਇੰਦਾ, ਰੰਗ ਰੰਗੀਲਾ ਗੁਣ ਨਿਧਾਨ। ਸਾਚੇ ਮੰਦਰ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਦੇਵੇ ਏਕਾ ਮਾਣ। ਪਾਰਬ੍ਰਹਮ ਬ੍ਰਹਮ ਮਾਣ ਰਖਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਵਿਸ਼ਨ ਸਾਚੀ ਸੇਵ ਕਮਾਇੰਦਾ, ਭਗਵਨ ਜੋਤੀ ਕਰ ਪਿਆਰ। ਬ੍ਰਹਮਾ ਪਾਰਬ੍ਰਹਮ ਰਾਹ ਤਕਾਇੰਦਾ, ਏਕਾ ਨੇਤਰ ਨੈਣ ਉਘਾੜ। ਸ਼ੰਕਰ ਸ਼ਹਿਨਸ਼ਾਹ ਏਕਾ ਸੀਸ ਝੁਕਾਇੰਦਾ, ਏਕਾ ਓਟ ਸ੍ਰੀ ਭਗਵਾਨ। ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ, ਜੁਗਾ ਜੁਗੰਤਰ ਖੇਲ ਮਹਾਨ। ਨਾਮ ਨਿਧਾਨਾ ਮੰਤਰ ਅੰਤਰ ਇਕ ਪੜ੍ਹਾਇੰਦਾ, ਜੋਤੀ ਜਾਤਾ ਕਰ ਪਰਵਾਨ। ਬੋਧ ਅਗਾਧਾ ਭੇਵ ਨਾ ਆਇੰਦਾ, ਸ਼ਬਦ ਅਨਾਦਾ ਧੁਰ ਫ਼ਰਮਾਣ। ਸੰਤਨ ਸਾਧ ਆਪ ਸਮਝਾਇੰਦਾ, ਭਗਤ ਭਗਵੰਤ ਖੇਲ ਮਹਾਨ। ਗੁਰਮੁਖ ਚਤਰ ਸੁਘੜ ਆਪ ਬਣਾਇੰਦਾ, ਗੋਬਿੰਦ ਮੇਲਾ ਏਕਾ ਰਾਮ। ਗੁਰਸਿਖ ਏਕਾ ਮਾਰਗ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਮੇਲਾ ਏਕਾ ਘਰ, ਪਾਰਬ੍ਰਹਮ ਸੰਗ ਨਿਭਾਇੰਦਾ। ਪਾਰਬ੍ਰਹਮ ਬ੍ਰਹਮ ਸਗਲਾ ਸਾਥ, ਵਿਛੜ ਕਦੇ ਨਾ ਜਾਇਆ। ਜੁਗਾ ਜੁਗੰਤਰ ਚਲਾਏ ਰਾਥ, ਰਥ ਰਥਵਾਹੀ ਸੇਵ ਕਮਾਇਆ । ਨਿਰਗੁਣ ਸਰਗੁਣ ਸੁਣਾਏ ਆਪਣੀ ਗਾਥ, ਨਿਸ਼ਅੱਖਰ ਢੋਲਾ ਆਪ ਅਲਾਇਆ। ਆਪੇ ਜਾਣੇ ਆਪਣੀ ਵਾਟ, ਆਪ ਆਪਣਾ ਪੰਧ ਮੁਕਾਇਆ। ਆਪੇ ਸੁੱਤਾ ਆਪਣੀ ਖਾਟ, ਆਪੇ ਸੇਜਾ ਰਿਹਾ ਹੰਢਾਇਆ। ਆਪੇ ਬ੍ਰਹਮਾ ਮੇਲਾ ਕਮਲਾਪਾਤ, ਪਾਰਬ੍ਰਹਮ ਸਹਿਜ ਸੁਖਦਾਇਆ। ਆਪੇ ਮੇਟੇ ਅੰਧੇਰੀ ਰਾਤ, ਸਾਚਾ ਚੰਦ ਆਪ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰਬ੍ਰਹਮ ਬ੍ਰਹਮ ਸੱਚੀ ਸਰਨਾਇਆ। ਪਾਰਬ੍ਰਹਮ ਬ੍ਰਹਮ ਇਕ ਸਰਨਾਈ, ਏਕਾ ਇਸ਼ਟ ਵਖਾਇੰਦਾ। ਹਰਿ ਮੰਦਰ ਵੱਜੇ ਨਾਮ ਵਧਾਈ, ਪੁਰਖ ਅਬਿਨਾਸ਼ੀ ਆਪ ਵਜਾਇੰਦਾ। ਬ੍ਰਹਮ ਮੇਲਾ ਚਾਈਂ ਚਾਈਂ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਲੇਖਾ ਜਾਣੇ ਬੇਪਰਵਾਹੀ, ਬੇਪਰਵਾਹ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬ੍ਰਹਮ ਪਾਰਬ੍ਰਹਮ ਧਾਰ, ਧਰਨੀ ਧਰਤ ਧਵਲ ਦਏ ਸਹਾਰ, ਪੰਜ ਤਤ ਚੋਲਾ ਆਪ ਹੰਢਾਇੰਦਾ। ਪੰਜ ਤਤ ਚੋਲਾ ਕਾਇਆ ਗੜ੍ਹ, ਪਾਰਬ੍ਰਹਮ ਬ੍ਰਹਮ ਏਕਾ ਘਰ ਵਖਾਇੰਦਾ। ਨਿਰਗੁਣ ਨਿਰਧਨ ਬਹੇ ਅੰਦਰ ਵੜ, ਦਿਸ ਕਿਸੇ ਨਾ ਆਇੰਦਾ। ਦਸਤ ਬਦਸਤ ਨਾ ਸਕੇ ਕੋਈ ਫੜ, ਬੰਦੀ ਬੰਧਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਪਾਰਬ੍ਰਹਮ ਬ੍ਰਹਮ ਦਏ ਆਧਾਰਾ, ਅੰਸ ਬੰਸ ਆਪ ਸੁਹਾਇੰਦਾ। ਅੰਸ ਬੰਸਾ ਸੂਰਬੀਰ ਸੂਰਾ ਸਰਬੰਗ, ਪਾਰਬ੍ਰਹਮ ਵੱਡੀ ਵਡਿਆਈਆ। ਜੁਗ ਜੁਗ ਵਜਾਏ ਆਪਣਾ ਮਰਦੰਗ, ਸਤਿ ਮਰਦੰਗਾ ਹੱਥ ਉਠਾਈਆ। ਕਲਜੁਗ ਅੰਤਮ ਕਾਲ ਮਹਾਂਕਾਲ ਰੱਖੇ ਸੰਗ, ਜਗਤ ਸੰਗਤ ਵੇਖੇ ਥਾਉਂ ਥਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਨਵ ਖੰਡਾਂ ਫੇਰੀ ਪਾਈਆ। ਸੱਤ ਦੀਪ ਵੰਡੇ ਵੰਡ, ਜੇਰਜ ਅੰਡ ਵੇਖ ਵਖਾਈਆ। ਲੱਖ ਚੁਰਾਸੀ ਤੋੜੇ ਮਾਣ ਘੁਮੰਡ, ਘਨਕ ਪੁਰ ਵਾਸੀ ਸੱਚਾ ਸ਼ਹਿਨਸ਼ਾਹੀਆ। ਗੁਰਮੁਖਾਂ ਵਖਾਏ ਏਕਾ ਪਰਮਾਨੰਦ, ਨਿਜਾਨੰਦ ਨਿਜ ਘਰ ਨਿਜ ਰਸ ਦਏ ਚੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਮੇਲਾ ਏਕਾ ਦਰ, ਦਰ ਸੁਹੰਜਣਾ ਇਕ ਸੁਹਾਈਆ। ਦਰ ਸੁਹੰਜਣਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਭਗਤ ਵਛਲ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਜਗਤ ਜੁਗ ਜਗਤ ਗਾਵੇ ਭਗਤ ਭਗਵੰਤ, ਸਾਚੇ ਸੰਤ ਆਪ ਉਠਾਇੰਦਾ। ਰਸਨਾ ਜਿਹਵਾ ਮਣਿਆ ਮੰਤ, ਮਨ ਵਾਸਤਕ ਰੂਪ ਦਰਸਾਇੰਦਾ। ਬ੍ਰਹਮ ਪਾਰਬ੍ਰਹਮ ਬਣਾਏ ਬਣਤ, ਘੜਨ ਭੰਨਣਹਾਰ ਦਿਸ ਨਾ ਆਇੰਦਾ। ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਰੂਪ ਵਖਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਰੁੱਤ ਬਸੰਤ ਆਪ ਸੁਹਾਇੰਦਾ। ਰੁਤ ਬਸੰਤ ਜਾਏ ਮੌਲ, ਪਾਰਬ੍ਰਹਮ ਬ੍ਰਹਮ ਖੇਲ ਖਿਲਾਈਆ। ਲੇਖਾ ਜਾਣੇ ਧਰਤ ਧਵਲ ਧੌਲ, ਧਰਨੀ ਧਰ ਵੇਖ ਵਖਾਈਆ। ਅੰਮ੍ਰਿਤ ਰਸ ਭਰੇ ਏਕਾ ਨਾਭ ਕਵਲ, ਕਵਲ ਕਵਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਵੇਖੇ ਥਾਉਂ ਥਾਈਆ। ਥਾਨ ਥਨੰਤਰ ਵੇਖਣਹਾਰਾ, ਏਕਾ ਏਕੰਕਾਰਿਆ। ਆਦਿ ਜੁਗਾਦੀ ਲੈ ਅਵਤਾਰਾ, ਲੋਕਮਾਤ ਹੋਏ ਉਜਿਆਰਿਆ। ਕਲਜੁਗ ਅੰਤਮ ਪਾਵੇ ਸਾਰਾ, ਚਾਰੋਂ ਕੁੰਟ ਮੇਟੇ ਅੰਧ ਅੰਧਿਆਰਿਆ। ਨਾਮ ਖੰਡਾ ਫੜ ਕਟਾਰਾ, ਚੰਡ ਪਰਚੰਡ ਆਪ ਚਮਕਾ ਰਿਹਾ। ਵਰਭੰਡੀ ਕਰੇ ਖ਼ਵਾਰਾ, ਮੂਰਖ ਮੂੜ੍ਹੇ ਅੰਞਾਣੇ ਕੂੜੇ ਧੰਦੇ ਆਪ ਲਗਾ ਰਿਹਾ। ਗੁਰਮੁਖ ਸੱਜਣ ਕਰੇ ਪਿਆਰ, ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਾ, ਏਕਾ ਰੰਗਣ ਆਪ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਮੇਲਾ ਏਕਾ ਘਰ, ਘਰ ਮੰਦਰ ਆਪ ਸੁਹਾ ਰਿਹਾ। ਘਰ ਮੰਦਰ ਸੋਭਾਵੰਤ, ਹਰੀ ਹਰਿ ਹਰਿ ਖੇਲ ਖਿਲਾਇੰਦਾ। ਘਰ ਫੁਲਵਾੜੀ ਰੁਤ ਬਸੰਤ, ਘਰ ਕਲੀ ਕਲੀ ਮਹਿਕਾਇੰਦਾ। ਘਰ ਘਰ ਲੇਖਾ ਜਾਣੇ ਜੀਵ ਜੰਤ, ਜੰਤ ਜੀਵ ਵੇਖ ਵਖਾਇੰਦਾ। ਘਰ ਘਰ ਨਾਮ ਮਣੀਆ ਮੰਤ, ਦਿਵਸ ਰੈਣ ਆਪ ਸੁਣਾਇੰਦਾ। ਘਰ ਘਰ ਮੇਲਾ ਪੂਰਨ ਭਗਵੰਤ, ਪੂਰਨ ਬ੍ਰਹਮ ਬ੍ਰਹਮ ਗਿਆਨ ਆਪ ਦ੍ਰਿੜਾਇੰਦਾ। ਘਰ ਘਰ ਸੇਜ ਸੁਹਾਏ ਹਰਿ ਹਰਿ ਕੰਤ, ਸੁਹੰਜਣੀ ਸੇਜ ਆਪ ਹੰਢਾਇੰਦਾ। ਘਰ ਘਰ ਗਿਆਨ ਬੋਧ  ਅਗਾਧਾ ਪੰਡਤ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਘਰ ਘਰ ਹੰਕਾਰ ਵਿਕਾਰ ਕਰੇ ਖੰਡਤ, ਘਰ ਘਰ ਖੜਗ ਖੰਡਾ ਆਪ ਚਮਕਾਇੰਦਾ। ਘਰ ਘਰ ਬਣਿਆ ਰਹੇ ਮੰਗਤ, ਪਾਰਬ੍ਰਹਮ ਬ੍ਰਹਮ ਭਿਛਿਆ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਹਰਿ ਸੁਹਾਇੰਦਾ, ਪਾਰਬ੍ਰਹਮ ਬ੍ਰਹਮ ਕਿਰਪਾ ਧਾਰ। ਕਾਇਆ ਬੰਕ ਵੇਖ ਵਖਾਇੰਦਾ, ਕੰਚਨ ਗੜ੍ਹ ਅਗੰਮ ਅਪਾਰ। ਨਿਰਗੁਣ ਅੰਦਰ ਆਸਣ ਲਾਇੰਦਾ, ਸਰਗੁਣ ਮੇਲਾ ਨਾਰੀ ਕੰਤ ਭਤਾਰ। ਸਚ ਸੁਹੰਜਣੀ ਸੇਜ ਹੰਢਾਇੰਦਾ, ਪੀਆ ਪ੍ਰੀਤਮ ਮੀਤ ਮੁਰਾਰ। ਏਕਾ ਆਪਣਾ ਹੁਕਮ ਸੁਣਾਇੰਦਾ, ਸੁਣੇ ਸੁਣਾਵੇ ਸੁਣਨੇਹਾਰ। ਰਾਗ ਰਾਗਨੀ ਭੇਵ ਨਾ ਆਇੰਦਾ, ਗਾ ਗਾ ਥੱਕੇ ਵੇਦ ਚਾਰ। ਸ਼ਾਸਤਰ ਸਿਮਰਤ ਸਰਬ ਕੁਰਲਾਇੰਦਾ, ਪੁਰਖ ਅਬਿਨਾਸ਼ੀ ਸਭ ਤੋਂ ਵਸੇ ਬਾਹਰ। ਜੋ ਜਨ ਆਪਣਾ ਪਰਦਾ ਲਾਹਿੰਦਾ, ਦੂਈ ਦਵੈਤੀ ਕਰੇ ਪਾਰ। ਬ੍ਰਹਮ ਪਾਰਬ੍ਰਹਮ ਸਮਾਇੰਦਾ, ਨਾਤਾ ਤੁਟੇ ਸਰਬ ਸੰਸਾਰ। ਸਾਚੇ ਮੰਦਰ ਸੋਭਾ ਪਾਇੰਦਾ, ਜਗਮਗ ਜੋਤ ਜਗੇ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖੇ ਇਕ ਦਵਾਰ। ਹਰਿ ਮੰਦਰ ਹਰਿ ਸੁਹਾਇਆ, ਗੁਣ ਅਵਗੁਣ ਨਾ ਜਾਣੇ ਕੋਇ। ਇਕ ਇਕੱਲਾ ਵੇਖ ਵਖਾਇਆ, ਵੇਖਣਹਾਰ ਆਪੇ ਹੋਏ। ਨੇਤਰ ਨੈਣ ਆਪ ਖੁਲ੍ਹਾਇਆ, ਆਪੇ ਲੋਇਣ ਦੇਵੇ ਆਪੇ ਲੋਏ। ਚੌਥੇ ਪਦ ਆਪ ਸਮਾਇਆ, ਪੰਚਮ ਦੇਵੇ ਸਾਚੇ ਢੋਏ। ਛੇਵੇਂ ਛੱਪਰ ਛੰਨ ਛੁਹਾਇਆ, ਸਤਵੇਂ ਸਤਿ ਪੁਰਖ ਨਿਰੰਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਲਏ ਵਰ, ਆਪਣਾ ਨੂਰ ਆਪ ਬਲੋਏ। ਨੂਰ ਨੁਰਾਨਾ ਕਰ ਪਰਕਾਸ਼, ਪ੍ਰਿਥਮੀ ਆਕਾਸ਼ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦਾਸੀ ਦਾਸ, ਸੇਵਕ ਸਾਚੀ ਸੇਵਾ ਸਚ ਕਮਾਈਆ। ਗ੍ਰਹਿ ਮੰਦਰ ਪਾਵੇ ਰਾਸ, ਹਰਿ ਮੰਦਰ ਕਰ ਰੁਸ਼ਨਾਈਆ। ਸਚ ਸਿੰਘਾਸਣ ਕਰ ਨਿਵਾਸ, ਤਖ਼ਤ ਸੁਹਾਏ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਸ਼ਾਹੋ ਸ਼ਾਬਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਏਕਾ ਧਾਰ, ਵਰਤੇ ਵਰਤਾਵੇ ਵਿਚ ਸੰਸਾਰ। ਲੇਖਾ ਜਾਣੇ ਆਰ ਪਾਰ, ਆਦਿ ਅੰਤ ਇਕ ਅਖਵਾਈਆ। ਆਦਿ ਅੰਤ ਸ੍ਰੀ ਭਗਵਾਨ, ਏਕਾ ਏਕ ਅਖਵਾਇੰਦਾ। ਜੁਗਾਂ ਜੁਗੰਤਰ ਦਾਨੀ ਦਾਨ, ਆਪਣਾ ਭੰਡਾਰ ਆਪ ਵਰਤਾਇੰਦਾ। ਖੇਲੇ ਖੇਲ ਦੋ ਜਹਾਨ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਅਗੰਮੀ ਦੇਵੇ ਧੁਰ ਫ਼ਰਮਾਣ, ਲੱਖ ਚੁਰਾਸੀ ਆਪ ਸੁਣਾਇੰਦਾ। ਗੁਰਮੁਖ ਗੁਰਸਿਖ ਕਰ ਪਛਾਣ, ਆਪ ਆਪਣਾ ਮੇਲ ਮਿਲਾਇੰਦਾ। ਹਉਮੇਂ ਹੰਗਤਾ ਤੁਟੇ ਮਾਣ, ਮਾਇਆ ਮਮਤਾ ਮੋਹ ਚੁਕਾਇੰਦਾ। ਇਕ ਵਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬ੍ਰਹਮ ਲਏ ਫੜ, ਪਾਰਬ੍ਰਹਮ ਆਪਣਾ ਬੰਧਨ ਪਾਇੰਦਾ। ਪਾਰਬ੍ਰਹਮ ਬ੍ਰਹਮ ਬੰਧਨ ਡੋਰ, ਸ਼ਬਦੀ ਤੰਦ ਹੱਥ ਰਖਾਈਆ। ਲੇਖਾ ਜਾਣੇ ਅੰਧ ਘੋਰ, ਘੋਰੀ ਰੂਪ ਭੇਵ ਨਾ ਰਾਈਆ। ਪਕੜਨਹਾਰਾ ਠੱਗ ਚੋਰ, ਜਗਤ ਠਗੋਰੀ ਆਪੇ ਪਾਈਆ। ਫਲ ਵੇਖੇ ਲੱਖ ਚੁਰਾਸੀ ਰੀਠਾ ਕੌੜ, ਪਤ ਡਾਲ੍ਹੀ ਫੋਲ ਫੁਲਾਈਆ। ਪਾਰਬ੍ਰਹਮ ਬ੍ਰਹਮ ਵਖਾਏ ਏਕਾ ਪੌੜ, ਸਚ ਮਹੱਲਾ ਸੋਭਾ ਪਾਈਆ। ਜਨ ਭਗਤਾਂ ਆਪੇ ਜਾਏ ਬੌਹੜ, ਅੰਤ ਕੰਤ ਭਗਵੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਮਿਲਾਏ ਆਪਣੇ ਘਰ, ਦਰ ਘਰ ਹਰਿ ਨਰ ਸੱਚਾ ਸੁਹਾਈਆ।