੮ ਮਾਘ ੨੦੧੭ ਬਿਕਰਮੀ ਗੁਰਮੇਜ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ
ਹਰਿ ਸਤਿਗੁਰ ਵਡਿਆਈ ਧੰਨ, ਆਦਿ ਅੰਤ ਖੇਲ ਖਿਲਾਇੰਦਾ। ਗੁਰ ਗੁਰ ਵਡਿਆਈ ਧੰਨ, ਹਰਿ ਸ਼ਬਦੀ ਨਾਦ ਵਜਾਇੰਦਾ। ਭਗਤ ਵਡਿਆਈ ਧੰਨ, ਭਗਵਨ ਰਾਹ ਤਕਾਇੰਦਾ। ਸੰਤ ਵਡਿਆਈ ਧੰਨ, ਹਰਿ ਕੰਤ ਵੇਖ ਵਖਾਇੰਦਾ। ਗੁਰਮੁਖ ਵਡਿਆਈ ਧੰਨ, ਆਤਮ ਅੰਤਰ ਖੋਜ ਖੁਜਾਇੰਦਾ। ਗੁਰਸਿਖ ਵਡਿਆਈ ਧੰਨ, ਏਕਾ ਨਾਉਂ ਰਸਨਾ ਜਿਹਵਾ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇੰਦਾ। ਸਤਿਗੁਰ ਵਡਿਆਈ ਧੰਨ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਵਡਿਆਈ ਧੰਨ, ਨਿਰਗੁਣ ਸਰਗੁਣ ਰੂਪ ਧਰਾਇਆ। ਭਗਤ ਵਡਿਆਈ ਧੰਨ, ਘਰ ਮੰਦਰ ਕਰੇ ਰੁਸ਼ਨਾਇਆ। ਸੰਤ ਵਡਿਆਈ ਧੰਨ, ਨਿਜ ਆਤਮ ਵੇਖ ਵਖਾਇਆ। ਗੁਰਮੁਖ ਵਡਿਆਈ ਧੰਨ, ਚਰਨ ਕਵਲ ਧਿਆਨ ਲਗਾਇਆ। ਗੁਰਸਿਖ ਵਡਿਆਈ ਧੰਨ, ਨੇਤਰ ਨੈਣ ਇਕ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਖਿਲਾਇਆ। ਸਤਿਗੁਰ ਵਡਿਆਈ ਧੰਨ, ਏਕਾ ਰੰਗ ਸਮਾਇੰਦਾ। ਗੁਰ ਵਡਿਆਈ ਧੰਨ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਭਗਤ ਵਡਿਆਈ ਧੰਨ, ਲੋਕਮਾਤ ਖੇਲ ਖਿਲਾਇੰਦਾ। ਸੰਤ ਵਡਿਆਈ ਧੰਨ, ਜੀਵਾਂ ਜੰਤਾਂ ਆਪ ਸੁਹਾਇੰਦਾ। ਗੁਰਮੁਖ ਵਡਿਆਈ ਧੰਨ, ਰੰਗ ਬਸੰਤ ਇਕ ਰੰਗਾਇੰਦਾ। ਗੁਰਸਿਖ ਵਡਿਆਈ ਧੰਨ, ਮਨ ਕਾ ਮਣਕਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਆਪਣਾ ਰੂਪ ਆਪ ਧਰਾਇੰਦਾ। ਸਤਿਗੁਰ ਵਡਿਆਈ ਧੰਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਗੁਰ ਗੁਰ ਵਡਿਆਈ ਧੰਨ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਭਗਤ ਵਡਿਆਈ ਧੰਨ, ਭਾਵੀ ਸੀਸ ਨਾ ਕੋਇ ਜਣਾਈਆ। ਸੰਤ ਵਡਿਆਈ ਧੰਨ, ਸੰਸਾ ਰੋਗ ਰਹੇ ਨਾ ਰਾਈਆ। ਗੁਰਮੁਖ ਵਡਿਆਈ ਧੰਨ, ਕਾਮ ਕਰੋਧ ਲੋਭ ਮੋਹ ਹੰਕਾਰ ਗੜ੍ਹ ਤੁੜਾਈਆ। ਗੁਰਸਿਖ ਵਡਿਆਈ ਧੰਨ, ਸਗਲੀ ਚਿੰਤ ਗਵਾਈਆ। ਪੁਰਖ ਅਬਿਨਾਸ਼ੀ ਏਕਾ ਜਣੇ ਸਾਚਾ ਜਨ, ਜਨ ਜਣੇਂਦੀ ਸਾਚੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸੁਲਤਾਨਾ, ਸਾਚਾ ਖੇਲ ਖਿਲਾਇੰਦਾ। ਸਤਿ ਪੁਰਖ ਨਿਰੰਜਣ ਹੋ ਪਰਧਾਨਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਅਲਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਇੰਦਾ। ਨਿਰਵੈਰ ਪੁਰਖ ਹੋ ਪਰਧਾਨਾ, ਲੋਕਮਾਤ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਗਿਆਨਾ, ਆਤਮ ਅੰਤਰ ਬੂਝ ਬੁਝਾਇੰਦਾ। ਲੱਖ ਚੁਰਾਸੀ ਨਾਦ ਤਰਾਨਾ, ਧੁਨ ਆਤਮਕ ਆਪ ਸੁਣਾਇੰਦਾ। ਕਰੇ ਖੇਲ ਦੋ ਜਹਾਨਾਂ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਬੰਧਨ ਆਪੇ ਪਾਇੰਦਾ। ਸਾਚਾ ਬੰਧਨ ਹਰਿ ਕਰਤਾਰ, ਸ਼ਬਦੀ ਸ਼ਬਦ ਇਕ ਰਖਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਖ ਵਖਾਇੰਦਾ। ਸਤਿਗੁਰ ਰੂਪ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਗੁਰ ਗੁਰ ਵਰਤੇ ਇਕ ਵਰਤਾਰ, ਵਾਸਤਕ ਆਪਣਾ ਰੂਪ ਦਰਸਾਇੰਦਾ। ਭਗਤਨ ਦੇਵੇ ਨਾਮ ਆਧਾਰ, ਭਗਵਨ ਆਪਣੀ ਸੇਵਾ ਲਾਇੰਦਾ। ਸੰਤਨ ਬਖ਼ਸ਼ੇ ਠਾਂਡਾ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗੁਰਮੁਖਾਂ ਨਿਰਗੁਣ ਜੋਤ ਕਰੇ ਉਜਿਆਰ, ਅੰਧ ਅੰਧੇਰ ਗਵਾਇੰਦਾ। ਗੁਰਸਿਖਾਂ ਬਖ਼ਸ਼ੇ ਅੰਮ੍ਰਿਤ ਠੰਡਾ ਠਾਰ, ਚਰਨ ਚਰਨੋਦਕ ਮੁਖ ਚੁਆਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਕਰਤਾ ਪੁਰਖ ਆਪ ਕਰਾਇੰਦਾ। ਜੂਨੀ ਰਹਿਤ ਵਸਿਆ ਸਭ ਤੋਂ ਬਾਹਰ, ਦਿਸ ਕਿਸੇ ਨਾ ਆਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਉਚੀ ਕੂਕਣ ਕਰਨ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਬਲ ਆਪ ਰਖਾਇੰਦਾ। ਆਪਣਾ ਬਲ ਆਪੇ ਧਾਰ, ਬਲ ਬਾਵਣ ਰੂਪ ਧਰਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਹੁਕਮੀ ਹੁਕਮ ਇਕ ਵਰਤਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਨਵ ਸਤ ਰੋ ਰੋ ਨੇਤਰ ਨੈਣਾਂ ਨੀਰ ਵਹਾਈਆ। ਅਲਖ ਅਗੋਚਰ ਅਗੰਮ ਅਪਾਰ, ਬੋਧ ਅਗਾਧ ਏਕਾ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਵਟਾਇੰਦਾ, ਪਾਰਬ੍ਰਹਮ ਗੁਰ ਕਰਤਾਰ। ਆਪਣਾ ਖੇਲ ਆਪ ਖਿਲਾਇੰਦਾ, ਨਿਰਗੁਣ ਦਾਤਾ ਬੇਐਬ ਪਰਵਰਦਿਗਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਲੇਖਾ ਜਾਣੇ ਪੁਰਖ ਨਾਰ। ਧਰਤ ਧਵਲ ਡੇਰਾ ਲਾਇੰਦਾ, ਸਮੁੰਦ ਸਾਗਰ ਲਏ ਵਿਚਾਰ। ਬ੍ਰਹਿਮੰਡ ਖੰਡ ਫੇਰਾ ਪਾਇੰਦਾ, ਜੇਰਜ ਅੰਡ ਦਏ ਆਧਾਰ। ਉਤਭੁਜ ਸੇਤਜ ਮੇਲ ਮਿਲਾਇੰਦਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਸੁਹਾਇੰਦਾ, ਹਰਿ ਸਤਿਗੁਰ ਸੱਜਣ ਮੀਤ। ਗੁਰ ਗੁਰ ਆਪਣੀ ਖੇਲ ਖਿਲਾਇੰਦਾ, ਆਦਿ ਜੁਗਾਦੀ ਰੀਤ। ਭਗਤਨ ਸਾਚਾ ਮੇਲ ਮਿਲਾਇੰਦਾ, ਸੰਤਨ ਬਖ਼ਸ਼ੇ ਚਰਨ ਪ੍ਰੀਤ। ਗੁਰਮੁਖ ਸਾਚੇ ਗੋਦ ਬਹਾਇੰਦਾ, ਗੁਰਸਿਖ ਕਾਇਆ ਕਰੇ ਠੰਡੀ ਸੀਤ। ਸਾਚੀ ਰੀਤ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੈਠਾ ਰਹੇ ਇਕ ਅਤੀਤ। ਇਕ ਅਤੀਤ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਖੇਲੇ ਖੇਲ ਨਿਆਰਾ, ਖੇਲਣਹਾਰਾ ਦਿਸ ਨਾ ਆਇਆ। ਸਚਖੰਡ ਵਸੇ ਸਚ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਥਿਰ ਘਰ ਸਾਚੇ ਪਾਵੇ ਸਾਰਾ, ਨਿਰਾਕਾਰਾ ਰੂਪ ਵਟਾਇਆ। ਲੋਕਮਾਤ ਹੋਏ ਉਜਿਆਰਾ, ਜੁਗ ਜੁਗ ਆਪਣਾ ਨਾਉਂ ਧਰਾਇਆ। ਸਤਿਜੁਗ ਤ੍ਰੇਤਾ ਕਰਿਆ ਪਾਰ ਕਿਨਾਰਾ, ਦੁਆਪਰ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਖਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਲੋਕਮਾਤ ਰਹਿਣ ਨਾ ਪਾਈਆ। ਗੁਰ ਗੁਰ ਹਰਿ ਹਰਿ ਲੈ ਅਵਤਾਰ, ਭਗਤ ਭਗਵੰਤ ਵੇਖ ਵਖਾਈਆ। ਸੰਤ ਕੰਤ ਦਏ ਆਧਾਰ, ਨਰ ਨਰਾਇਣ ਵਡੀ ਵਡਿਆਈਆ। ਗੁਰਮੁਖ ਗੁਰਸਿਖ ਲਏ ਉਭਾਰ, ਲੱਖ ਚੁਰਾਸੀ ਫੋਲ ਫੁਲਾਈਆ। ਡੁੱਬਦੇ ਪੱਥਰ ਜਾਏ ਤਾਰ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਕਲਜੁਗ ਅੰਤਮ ਹੋਏ ਉਜਿਆਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜਾਮਾ ਲੈ ਅਵਤਾਰ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇੰਦਾ, ਕਲਜੁਗ ਅੰਤਮ ਵਾਰ। ਸਚਖੰਡ ਦੁਆਰਾ ਆਪਣਾ ਆਪ ਰਖਾਇੰਦਾ, ਆਪੇ ਹੋਏ ਵੇਖਣਹਾਰ। ਸ਼ਬਦ ਦੁਲਾਰਾ ਨਾਲ ਰਲਾਇੰਦਾ, ਥਿਰ ਘਰ ਵਾਸੀ ਪਾਵੇ ਸਾਰ। ਸੁੰਨ ਅਗੰਮ ਆਪ ਤਜਾਇੰਦਾ, ਕਰੇ ਕਰਾਏ ਸਚ ਵਿਹਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ, ਵੇਖਣਹਾਰ ਆਪ ਕਰਤਾਰ। ਰਵ ਸਸ ਜੋਤ ਜਗਾਇੰਦਾ, ਨੂਰ ਨੁਰਾਨਾ ਕਰ ਪਿਆਰ। ਆਪਣਾ ਭੇਵ ਆਪ ਰਖਾਇੰਦਾ, ਨਾ ਕੋਈ ਖੋਲ੍ਹੇ ਵਿਚ ਸੰਸਾਰ। ਗੁਰ ਪੀਰ ਅਵਤਾਰ ਸਰਬ ਗਾਇੰਦਾ, ਰਸਨਾ ਜਿਹਵਾ ਜੈ ਜੈਕਾਰ। ਚਾਰ ਵੇਦ ਜਗਤ ਕੁਰਲਾਇੰਦਾ, ਪੁਰਾਨ ਅਠਾਰਾਂ ਹਾਹਾਕਾਰ। ਗੀਤਾ ਗਿਆਨ ਸਰਬ ਦ੍ਰਿੜਾਇੰਦਾ, ਅੰਜੀਲ ਕ਼ੁਰਾਨ ਕਰਨ ਵਿਚਾਰ। ਖਾਣੀ ਬਾਣੀ ਭੇਵ ਨਾ ਆਇੰਦਾ, ਬੇਅੰਤ ਹਰਿ ਕਰਤਾਰ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ, ਦੋਏ ਦੋਏ ਜੋੜ ਕਰਨ ਨਿਮਸਕਾਰ। ਕਰੋੜ ਤਤੀਸਾ ਧੂੜੀ ਮਸਤਕ ਖ਼ਾਕ ਰਮਾਇੰਦਾ, ਸੁਰਪਤ ਰਾਜਾ ਇੰਦ ਕਰੇ ਪੁਕਾਰ। ਕਲਜੁਗ ਵੇਲਾ ਅੰਤਮ ਆਇੰਦਾ, ਲੱਖ ਚੁਰਾਸੀ ਹੋਏ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾ ਖੇਲ ਖਿਲਾਇੰਦਾ, ਕਲਜੁਗ ਅੰਤਮ ਵਾਰ। ਸੋ ਪੁਰਖ ਨਿਰੰਜਣ ਰੂਪ ਧਰਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਹਰਿ ਪੁਰਖ ਨਿਰੰਜਣ ਰੰਗ ਰੰਗਾਇੰਦਾ, ਰੰਗ ਰੰਗੀਲਾ ਮੀਤ ਮੁਰਾਰ। ਏਕੰਕਾਰਾ ਵੇਖ ਵਖਾਇੰਦਾ, ਆਦਿ ਨਿਰੰਜਣ ਹੋ ਉਜਿਆਰ। ਸ੍ਰੀ ਭਗਵਾਨ ਸੰਗ ਨਿਭਾਇੰਦਾ, ਅਬਿਨਾਸ਼ੀ ਕਰਤਾ ਵਸੇ ਠਾਂਡੇ ਦਰਬਾਰ। ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹਿੰਦਾ, ਬ੍ਰਹਮ ਕਰੇ ਖ਼ਬਰਦਾਰ। ਲੋਕਮਾਤ ਜੋਤ ਜਗਾਇੰਦਾ, ਨਿਰਗੁਣ ਨਿਰਗੁਣ ਲੈ ਅਵਤਾਰ। ਨਿਹਕਲੰਕਾ ਨਾਉਂ ਰਖਾਇੰਦਾ, ਲੱਖ ਚੁਰਾਸੀ ਸਾਂਝਾ ਯਾਰ। ਘਟ ਘਟ ਅੰਦਰ ਆਪਣੀ ਜੋਤ ਜਗਾਇੰਦਾ, ਜੋਤੀ ਜਾਤਾ ਪਰਵਰਦਿਗਾਰ। ਖ਼ਾਲਕ ਖ਼ਲਕ ਵੇਖ ਵਖਾਇੰਦਾ, ਲੇਖਾ ਜਾਣੇ ਅੰਦਰ ਬਾਹਰ। ਸਚ ਜੈਕਾਰਾ ਏਕਾ ਨਾਅਰਾ ਲਾਇੰਦਾ, ਉਚੀ ਕੂਕ ਕੂਕ ਪੁਕਾਰ। ਨੌਂ ਖੰਡ ਪ੍ਰਿਥਮੀ ਆਪ ਹਿਲਾਇੰਦਾ, ਸੱਤਾਂ ਦੀਪਾਂ ਦਏ ਹੁਲਾਰ। ਸ਼ਾਹ ਸੁਲਤਾਨਾਂ ਆਪ ਉਠਾਇੰਦਾ, ਰਾਜ ਰਾਜਾਨਾਂ ਮਾਰੇ ਮਾਰ। ਕੂੜ ਕੁੜਿਆਰਾ ਫੋਲ ਫੁਲਾਇੰਦਾ, ਜੂਠ ਝੂਠ ਕਰੇ ਵਿਚਾਰ। ਮਨ ਮਤ ਦਰ ਦੁਰਕਾਇੰਦਾ, ਗੁਰਮਤ ਪਾਵੇ ਸਾਰ। ਗੁਰਮੁਖ ਸਾਚੇ ਵੇਖ ਵਖਾਇੰਦਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ। ਗੁਰਸਿਖ ਆਪ ਜਗਾਇਆ, ਕਰ ਕਿਰਪਾ ਗੁਣ ਨਿਧਾਨ। ਏਕਾ ਮੰਤਰ ਨਾਮ ਦ੍ਰਿੜਾਇਆ, ਆਤਮ ਅੰਤਰ ਬ੍ਰਹਮ ਗਿਆਨ। ਜਗਤ ਨਾਤਾ ਆਪ ਛੁਡਾਇਆ, ਆਪੇ ਹੋਇਆ ਸਦਾ ਮਿਹਰਵਾਨ। ਸਾਚੀ ਗਾਥਾ ਇਕ ਸੁਣਾਇਆ, ਸੋਹੰ ਸ਼ਬਦ ਬਲੀ ਬਲਵਾਨ। ਸਰਬ ਕਲਾ ਸਮਰਾਥਾ ਵੇਖ ਵਖਾਇਆ, ਦਿਵਸ ਰੈਣ ਨਿਗਹਬਾਨ। ਪੂਜਾ ਪਾਠਾ ਨਾ ਕੋਇ ਕਰਾਇਆ, ਜੀਵਤ ਦੇਵੇ ਜੀਆ ਦਾਨ। ਸਾਚੇ ਰਾਥਾ ਆਪ ਚੜ੍ਹਾਇਆ, ਰਥ ਰਥਵਾਹੀ ਬਣੇ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਕਰ ਪਰਵਾਨ। ਗੁਰਮੁਖ ਆਪ ਮਿਲਾਇਆ, ਕਰ ਕਿਰਪਾ ਗੁਣ ਨਿਧਾਨ। ਲੱਖ ਚੁਰਾਸੀ ਭਰਮ ਭੁਲਾਇਆ, ਮਾਇਆ ਭੁੱਲੇ ਜੀਵ ਨਾਦਾਨ। ਕੂੜੀ ਕਿਰਿਆ ਵਿਚ ਰੁਲਾਇਆ, ਦਿਸ ਨਾ ਆਏ ਸ੍ਰੀ ਭਗਵਾਨ। ਕਾਇਆ ਕੁੱਲੇ ਅੱਗ ਲਗਾਇਆ, ਨਾਤਾ ਜੁੜਿਆ ਪੰਜ ਸ਼ੈਤਾਨ। ਫਲੇ ਫੁੱਲੇ ਸਿੰਮਲ ਰੁੱਖ ਫਲ ਨਾ ਕੋਇ ਲਗਾਇਆ, ਸੁੰਞਾ ਦਿਸੇ ਜਗਤ ਜਹਾਨ। ਅੰਤਮ ਕਰਤਾ ਕ਼ੀਮਤ ਕੋਇ ਨਾ ਪਾਇਆ, ਝੂਠੀ ਵਿਕੇ ਮਾਤ ਦੁਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਬਾਲ ਅਞਾਣ। ਗੁਰਮੁਖ ਅਞਾਣਾ ਬਾਲੜਾ, ਹਰਿ ਸਤਿਗੁਰ ਵੇਖ ਵਖਾਇੰਦਾ। ਗੁਰ ਗੁਰ ਰੰਗੇ ਆਪਣੇ ਲਾਲੜਾ, ਲਾਲ ਰੰਗੀਲਾ ਰੰਗ ਚੜ੍ਹਾਇੰਦਾ। ਭਗਤਨ ਬਣਾਏ ਸਚ ਕ਼ਬੀਲੜਾ, ਸੰਤਨ ਖੇਲ ਖਿਲਾਇੰਦਾ। ਗੁਰਮੁਖਾਂ ਦੇਵੇ ਸਚ ਦਲੀਲੜਾ, ਗੁਰਸਿਖ ਆਪਣੇ ਅੰਗ ਲਗਾਇੰਦਾ। ਆਦਿ ਜੁਗਾਦੀ ਨਿਤ ਨਵਿਤ ਕਰ ਕਰ ਹਿੱਤ ਆਪੇ ਕਰੇ ਆਪਣਾ ਹੀਲੜਾ, ਹਰਿ ਜੂ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਆਪਣੀ ਗੋਦ ਬਹਾਇੰਦਾ। ਗੁਰਮੁਖ ਵਿਰਲਾ ਸੱਜਣ ਲਾਧਾ, ਹਰਿ ਸਤਿਗੁਰ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਕਾਢਾ, ਗੁਰ ਗੁਰ ਸ਼ਬਦ ਵੱਜੇ ਵਧਾਈਆ। ਭਗਤਨ ਕਰੇ ਸਾਚਾ ਲਾਡਾ, ਜਿਉਂ ਬਾਲਕ ਮਾਤਾ ਗੋਦ ਸੁਹਾਈਆ। ਸੰਤਨ ਸ਼ਬਦ ਜਣਾਏ ਬੋਧ ਅਗਾਧਾ, ਘਰ ਵੱਜਦੀ ਰਹੇ ਵਧਾਈਆ। ਗੁਰਮੁਖਾਂ ਨਾਦ ਧੁਨ ਸੁਣਾਏ ਅਨਹਦ ਨਾਦਾ, ਅਨਹਦ ਬਾਣੀ ਆਪ ਅਲਾਈਆ। ਗੁਰਸਿਖ ਮੇਲਾ ਮੋਹਣ ਮਾਧਵ ਮਾਧਾ, ਘਰ ਮਿਲਿਆ ਸਾਚਾ ਮਾਹੀਆ। ਲੱਖ ਚੁਰਾਸੀ ਵਿਚੋਂ ਕਾਢਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਈਆ। ਪੂਰਬ ਲਹਿਣਾ ਪੇਖਿਆ, ਗੁਣ ਅੰਤਰ ਗੁਣ ਨਿਧਾਨ। ਗੁਰਮੁਖ ਲੱਗੇ ਸਾਚੇ ਲੇਖਿਆ, ਭਰਮੇ ਭੁੱਲੇ ਜੀਵ ਨਾਦਾਨ। ਮੇਲ ਮਿਲਾਵਾ ਦਸ ਦਸਮੇਸਿਆ, ਘਰ ਸੱਜਣ ਮਿਲੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਰਵਾਨ। ਗੁਰਮੁਖ ਸਦਾ ਸਾਲਾਹਿਆ, ਗੁਰਸਿਖ ਦੀਨ ਦਿਆਲ। ਗੁਰ ਸਤਿਗੁਰ ਵੇਖ ਵਖਾਇਆ, ਹਰਿਜਨ ਏਕਾ ਲਾਲ। ਲੱਖ ਚੁਰਾਸੀ ਮੁਖ ਭਵਾਇਆ, ਤ੍ਰੈਗੁਣ ਮਾਇਆ ਜਗਤ ਜੰਜਾਲ। ਨਿਰਗੁਣ ਰੂਪ ਨਜ਼ਰ ਨਾ ਆਇਆ, ਫਲ ਦਿਸੇ ਨਾ ਕਿਸੇ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਚਲੀ ਅਵੱਲੜੀ ਚਾਲ। ਚਾਲ ਨਿਰਾਲੀ ਆਪੇ ਰੱਖ, ਕਰਤਾ ਪੁਰਖ ਖੇਲ ਖਿਲਾਇੰਦਾ। ਗੁਰਮੁਖ ਸੱਜਣ ਲਏ ਰੱਖ, ਮਨਮੁਖ ਸ਼ੌਹ ਦਰਯਾਏ ਆਪ ਰੁੜ੍ਹਾਇੰਦਾ। ਬੀਸ ਬੀਸਾ ਕਰ ਇਕੱਠ, ਜਗਤ ਜਗਦੀਸ਼ਾ ਰਾਹ ਤਕਾਇੰਦਾ। ਜੁਗ ਵਿਛੜੇ ਮੇਲੇ ਹੱਸ, ਘਰ ਸ਼ਬਦੀ ਮੇਲ ਮਿਲਾਇੰਦਾ। ਸਾਚਾ ਮਾਰਗ ਏਕਾ ਦੱਸ, ਆਪ ਆਪਣਾ ਬੰਧਨ ਪਾਇੰਦਾ। ਤੀਰ ਨਿਰਾਲਾ ਮਾਰੇ ਕੱਸ, ਆਤਮ ਅੰਤਰ ਪਾਰ ਕਰਾਇੰਦਾ। ਹਿਰਦੇ ਅੰਦਰ ਜਾਏ ਵਸ, ਹਰਿਜਨ ਆਪਣੇ ਰੰਗ ਰੰਗਾਇੰਦਾ। ਜਗਤ ਅੰਧੇਰਾ ਜਾਏ ਨੱਸ, ਅਗਿਆਨ ਅੰਧੇਰ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਆਪ ਉਠਾਇੰਦਾ। ਗੁਰਸਿਖ ਆਪ ਜਗਾਇਆ, ਕਲਜੁਗ ਤੇਰੀ ਅੰਤਮ ਵਾਰ। ਪੂਰਬ ਲਹਿਣਾ ਝੋਲੀ ਪਾਇਆ, ਆਦਿ ਜੁਗਾਦੀ ਦੇਵਣਹਾਰ। ਨੇਤਰ ਨੈਣਾਂ ਦਰਸ ਦਿਖਾਇਆ, ਲੋਚਣ ਮਾਤ ਉਘਾੜ। ਬਸਤਰ ਗਹਿਣਾ ਤਨ ਛੁਹਾਇਆ, ਸ਼ਬਦ ਅਗੰਮੀ ਕਰ ਪਿਆਰ। ਸਾਚਾ ਸ਼ਸਤਰ ਹੱਥ ਫੜਾਇਆ, ਨਾਮ ਖੰਡਾ ਤੇਜ਼ ਕਟਾਰ। ਏਥੇ ਓਥੇ ਹੋਏ ਸਹਾਇਆ, ਰਾਏ ਧਰਮ ਨਾ ਕਰੇ ਖ਼ਵਾਰ। ਜਿਸ ਰਸਨਾ ਜਿਹਵਾ ਗਾਇਆ, ਵੇਲੇ ਅੰਤਮ ਪਾਵੇ ਸਾਰ। ਕਲਜੁਗ ਅੰਤਮ ਵੇਖਣ ਆਇਆ, ਜੁਗ ਜੁਗ ਵਿਛੜੇ ਯਾਰ। ਨਿਹਕਲੰਕਾ ਨਾਉਂ ਧਰਾਇਆ, ਜੋਧਾ ਸੂਰਬੀਰ ਬਲੀ ਬਲਕਾਰ। ਕੂੜੀ ਕਿਰਿਆ ਦਏ ਮਿਟਾਇਆ, ਕੂੜ ਕੁੜਿਆਰ ਕਰ ਖ਼ਵਾਰ। ਸਾਚਾ ਚੰਦ ਦਏ ਚੜ੍ਹਾਇਆ, ਨਵ ਖੰਡ ਹੋ ਉਜਿਆਰ। ਬ੍ਰਹਿਮੰਡ ਡੰਕ ਦਏ ਵਜਾਇਆ, ਸੋਹੰ ਸ਼ਬਦ ਜੈ ਜੈਕਾਰ। ਜੇਰਜ ਅੰਡ ਦਏ ਸਮਝਾਇਆ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਲ। ਗੁਰਸਿਖ ਵਿਰਲਾ ਉਠਿਆ, ਜਿਸ ਸਤਿਗੁਰ ਆਪ ਉਠਾਏ। ਗੁਰ ਗੁਰ ਰੂਪ ਹੋ ਹੋ ਤੁਠਿਆ, ਗੁਰ ਸ਼ਬਦੀ ਮੇਲ ਮਿਲਾਏ। ਲੋਕਮਾਤ ਨਾ ਜਾਏ ਲੁੱਟਿਆ, ਜਿਸ ਸਿਰ ਆਪਣਾ ਹੱਥ ਟਿਕਾਏ। ਪੰਚ ਵਿਕਾਰਾ ਫੜ ਫੜ ਕੁੱਟਿਆ, ਕਾਮ ਕਰੋਧ ਲੋਭ ਮੋਹ ਹੰਕਾਰ ਜਲਾਏ। ਤੀਰ ਨਿਰਾਲਾ ਏਕਾ ਛੁੱਟਿਆ, ਨਾ ਕੋਈ ਮੋੜੇ ਮੋੜ ਮੁੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਖਿਲਾਏ। ਕਲਜੁਗ ਅੰਤਮ ਖੇਲ ਖਿਲਾਵਣਾ, ਪੁਰਖ ਅਬਿਨਾਸ਼ੀ ਹੋ ਤਿਆਰ। ਕਲਜੁਗ ਕੂੜ ਕੁੜਿਆਰਾ ਪੰਧ ਮੁਕਾਵਣਾ, ਪੰਧ ਮੁੱਕੇ ਵਿਚ ਸੰਸਾਰ। ਸਤਿਜੁਗ ਸਾਚਾ ਸਤਿ ਵਰਤਾਵਣਾ, ਸਤਿ ਸਤਿਵਾਦੀ ਹਰਿ ਨਿਰੰਕਾਰ। ਸ਼ਬਦ ਅਨਾਦੀ ਨਾਦ ਵਜਾਵਣਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰਵੇ ਨਿਰੰਕਾਰ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸਤਿਜੁਗ ਪਾਵੇ ਸਾਚੀ ਸਾਰਾ, ਜਲਧਾਰਾ ਵੇਖ ਵਖਾਇੰਦਾ। ਤੰਦੂਆ ਤੰਦ ਚਾਰ ਦੀਵਾਰਾ, ਚਾਰੋਂ ਕੁੰਟ ਵੇਸ ਵਟਾਇੰਦਾ। ਰੋਵੇ ਗਜ ਜ਼ਾਰੋ ਜ਼ਾਰਾ, ਫੰਦਨ ਫੰਦ ਨਾ ਕੋਇ ਕਟਾਇੰਦਾ। ਅੰਤਮ ਸਿਰ ਤੇ ਵੱਜੇ ਕਾਲ ਨਗਾਰਾ, ਕਾਲ ਫਾਸ ਨਾ ਕੋਇ ਕਟਾਇੰਦਾ। ਉਚੀ ਕੂਕ ਕਰੇ ਪੁਕਾਰਾ, ਅੰਤਰ ਧਿਆਨ ਇਕ ਲਗਾਇੰਦਾ। ਤੂੰ ਮਾਤ ਪਿਤ ਸਰਬ ਰਖਵਾਰਾ, ਹਉਂ ਬਾਲ ਨਿਧਾਨਾ ਸੀਸ ਝੁਕਾਇੰਦਾ। ਤੂੰ ਆਦਿ ਜੁਗਾਦਿ ਬਖ਼ਸ਼ਣਹਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਰਖਸ਼ਸ਼ ਬਣੇ ਵਿਚ ਸੰਸਾਰਾ, ਬਿਨ ਤੁਧ ਅਵਰ ਨਾ ਕੋਇ ਦਸਾਇੰਦਾ। ਹਉਂ ਡੁੱਬਾ ਵਿਚ ਜਲਧਾਰਾ, ਮੰਜਧਾਰ ਪਾਰ ਨਾ ਕੋਇ ਕਰਾਇੰਦਾ। ਤੇਰਾ ਰੂਪ ਅਪਰ ਅਪਾਰਾ, ਹਰ ਘਟ ਆਸਣ ਲਾਇੰਦਾ। ਜਲ ਥਲ ਮਹੀਅਲ ਤੇਰਾ ਸਹਾਰਾ, ਜੰਗਲ ਜੂਹ ਉਜਾੜ ਪਹਾੜਾ, ਤੇਰੀ ਓਟ ਰਖਾਇੰਦਾ। ਤੇਰਾ ਨਾਮ ਖੜਗ ਖੰਡਾ ਤੇਜ਼ ਕਟਾਰਾ, ਤੇਰਾ ਚੱਕਰ ਸੁਦਰਸ਼ਨ ਸਰਬ ਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਜ ਏਕਾ ਮੰਗ ਮੰਗਾਇੰਦਾ। ਮੰਗੇ ਮੰਗ ਗਜ ਅਧੀਨ, ਨੇਤਰ ਨੈਣਾਂ ਨੀਰ ਵਹਾਈਆ। ਬਿਨ ਤੁਧ ਲੇਖਾ ਚੁੱਕੇ ਜਿਉਂ ਜਲ ਮੀਨ, ਸਾਸ ਗਰਾਸ ਨਾ ਕੋਇ ਵਖਾਈਆ। ਤੇਰੀ ਓਟ ਲੋਕਾਂ ਤੀਨ, ਤ੍ਰੈਗੁਣ ਤੇਰਾ ਰੂਪ ਧਰਾਈਆ। ਤੂੰ ਸਾਹਿਬ ਸੱਚਾ ਪਰਬੀਨ, ਪਾਰਬ੍ਰਹਮ ਤੇਰੀ ਸਰਨਾਈਆ। ਹਉਂ ਨਿਮਖ ਨਿਮਖ ਰਿਹਾ ਚੀਨ, ਚਿਤਵਤ ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਫੰਦ ਦਏ ਕਟਾਈਆ। ਫਾਂਦਕੀ ਫੰਦ ਫਾਂਦਿਆ, ਨਾ ਸਕੇ ਕੋਇ ਤੁੜਾਏ। ਹਉਂ ਗਾਵਾਂ ਬੱਤੀ ਦੰਦਿਆ, ਤੇਰਾ ਨਾਮ ਰਘਰਾਏ। ਤੂੰ ਆਦਿ ਜੁਗਾਦਿ ਸਦਾ ਬਖ਼ਸ਼ੰਦਿਆ, ਹਉਂ ਸਰਨ ਪੜਾਂ ਸਰਨਾਏ। ਜੀਵਣ ਆਇਆ ਅੰਤਮ ਕੰਢਿਆ, ਨਾ ਲੇਖਾ ਕੋਇ ਮੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਅੰਤ ਹੋ ਸਹਾਏ। ਅੰਤਮ ਅੰਤ ਦਿਸੇ ਕਾਲ, ਨਾ ਸਕੇ ਕੋਇ ਬਚਾਈਆ। ਚਰਨ ਕਵਲ ਰਾਹ ਤੱਕੇ ਦੀਨ ਦਿਆਲ, ਸੀਸ ਜਗਦੀਸ਼ ਇਕ ਝੁਕਾਈਆ। ਮੇਰੀ ਕਰ ਹਰਿ ਪ੍ਰਿਤਪਾਲ, ਹਉਂ ਬਾਲਾ ਬਾਲ ਨਿਧਾਨ ਤੇਰੀ ਓਟ ਰਖਾਈਆ। ਚਰਨ ਪ੍ਰੀਤੀ ਨਿਭੇ ਤੇਰੇ ਨਾਲ, ਤੇਰਾ ਸੰਗ ਸਦਾ ਸਖਾਈਆ। ਹਉਂ ਹੋਇਆ ਹਾਲ ਬੇਹਾਲ, ਸੁਰਤ ਸੁੱਧ ਨਾ ਕੋਇ ਵਖਾਈਆ । ਮੇਰਾ ਤੋੜ ਤੰਦੂਆ ਜਾਲ, ਤੰਦ ਤੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਗਜ ਕੂਕ ਪੁਕਾਰਿਆ, ਨਿਰਧਨ ਹੋ ਹੋ ਮੀਤ। ਪੁਰਖ ਅਬਿਨਾਸ਼ੀ ਲੈ ਅਵਤਾਰਿਆ, ਆਪ ਚਲਾਏ ਅਚਰਜ ਰੀਤ। ਹਰੀ ਹਰਿ ਰੂਪ ਆਪੇ ਧਾਰਿਆ, ਵਿਸ਼ਨੂੰ ਭਗਵਾਨ ਇਕ ਅਨਡੀਠ। ਸਾਚਾ ਖੰਡਾ ਫੜ ਕਟਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚਲਾਈ ਸਾਚੀ ਰੀਤ। ਹਰੀ ਹਰਿ ਰੂਪ ਅਵੱਲੜਾ, ਨਿਰਗੁਣ ਆਪ ਧਰਾਇੰਦਾ। ਗਜ ਦੁਆਰੇ ਆਪੇ ਖਲੜਾ, ਗ੍ਰਹਿ ਮੰਦਰ ਵੇਖ ਵਖਾਇੰਦਾ। ਏਕਾ ਵਾਰ ਕੀਤਾ ਹਲੜਾ, ਏਕਾ ਹੁਕਮ ਸੁਣਾਇੰਦਾ। ਇਕ ਫੜਾਇਆ ਪੱਲੜਾ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਦਇਆਨਿਧ ਦਇਆ ਹਰਿ ਧਾਰ, ਆਪਣਾ ਭੇਵ ਖੁਲ੍ਹਾਇੰਦਾ। ਉਠ ਗਜ ਕਰ ਵਿਚਾਰ, ਹਰਿ ਸਾਚਾ ਸਚ ਸੁਣਾਇੰਦਾ। ਸਤਿਜੁਗ ਤੇਰਾ ਕਰਿਆ ਆਧਾਰ, ਤੇਰੀ ਸੇਵ ਕਮਾਇੰਦਾ। ਤ੍ਰੇਤਾ ਤੇਰਾ ਕਰੇ ਪਿਆਰ, ਤੇਰਾ ਸੰਗ ਰਖਾਇੰਦਾ। ਦੁਆਪਰ ਵੇਖੇ ਆਪ ਨਿਰੰਕਾਰ, ਤੇਰਾ ਰੂਪ ਧਰਾਇੰਦਾ। ਕਲਜੁਗ ਅੰਤਮ ਦਏ ਆਧਾਰ, ਭੇਵ ਅਭੇਦ ਖੁਲ੍ਹਾਇੰਦਾ। ਮਾਣਸ ਰੂਪ ਕਰਾਏ ਵਿਚ ਸੰਸਾਰ, ਆਪਣੀ ਵੰਡ ਵੰਡਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਵੇਦ ਕਤੇਬ ਭੇਵ ਨਾ ਆਇੰਦਾ। ਨਿਰਗੁਣ ਰੂਪ ਨਿਰਗੁਣ ਗੁਫ਼ਤਾਰ, ਨਿਰਗੁਣ ਸ਼ਬਦ ਸਤਾਰ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਗਜ ਸੁਣਿਆ ਧੁਰ ਫ਼ਰਮਾਨਾ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਸਾਹਿਬ ਸਤਿਗੁਰ ਬਣਿਆ ਦਾਨਾ, ਹਉਂ ਸੇਵਕ ਸੇਵ ਕਮਾਇਆ। ਜੁਗ ਜੁਗ ਹਉਂ ਵੱਖ ਕੀਨਾ, ਤੇਰਾ ਵਿਛੋੜਾ ਮੋਹੇ ਨਾ ਭਾਇਆ। ਲੋਕਮਾਤ ਮਰਨਾ ਤੇਰੇ ਘਰ ਜੀਣਾ, ਜੀਵਣ ਮੁਕਤ ਸਦਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲੇ ਅੰਤ ਹੋਏ ਸਹਾਇਆ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਇਕ ਇਕੱਲਾ ਏਕੰਕਾਰ। ਗਜ ਤੇਰਾ ਬੇੜਾ ਆਪ ਚਲਾਇੰਦਾ, ਜੁਗ ਜੁਗ ਪਾਵੇ ਸਾਰ। ਤ੍ਰੇਤਾ ਤੇਰਾ ਬਲ ਰਖਾਇੰਦਾ, ਸ਼ਾਹ ਭਬੀਖਨ ਦਏ ਆਧਾਰ। ਦੁਆਪਰ ਆਪਣੇ ਅੰਗ ਲਗਾਇੰਦਾ, ਕਰੇ ਖੇਲ ਅਪਰ ਅਪਾਰ। ਸੁਤ ਦਰੋਪਦ ਘਰ ਉਪਜਾਇੰਦਾ, ਦਰੋਪਦ ਲੱਜਿਆ ਰੱਖੇ ਆਪ ਨਿਰੰਕਾਰ। ਕਲਜੁਗ ਆਪਣੀ ਜੋਤ ਜਗਾਇੰਦਾ, ਪੰਜ ਤੱਤ ਦਏ ਆਧਾਰ। ਨਾਰੀ ਪੁਰਖ ਰੂਪ ਵਟਾਇੰਦਾ, ਪੁਰਖ ਪੁਰਖੋਤਮ ਪਾਵੇ ਸਾਰ। ਸਾਚੀ ਸਿਖਿਆ ਇਕ ਸਮਝਾਇੰਦਾ, ਭੁਲ ਨਾ ਜਾਏ ਵਿਚ ਸੰਸਾਰ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ, ਵੇਖਣਹਾਰ ਅਗੰਮ ਅਪਾਰ। ਅਲਖ ਅਗੋਚਰ ਭੇਵ ਨਾ ਆਇੰਦਾ, ਪਾਰਬ੍ਰਹਮ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਆਧਾਰ। ਸਚ ਆਧਾਰ ਸਮਝਾਇਆ, ਕਰ ਕਿਰਪਾ ਹਰਿ ਕਰਤਾਰ। ਗਜ ਤੇਰਾ ਸੰਗ ਰਖਾਇਆ, ਸਤਿਜੁਗ ਤ੍ਰੇਤਾ ਦੁਆਪਰ ਕਰੇ ਵਿਚਾਰ। ਕਲਜੁਗ ਅੰਤਮ ਵੇਖ ਵਖਾਇਆ, ਲੇਖਾ ਜਾਣੇ ਸੱਚੀ ਸਰਕਾਰ। ਮਾਣਸ ਰੂਪ ਅਨੂਪ ਧਰਾਇਆ, ਤ੍ਰੈਗੁਣ ਮਾਇਆ ਤੱਤ ਭੰਡਾਰ। ਪੰਚਮ ਚੋਲਾ ਆਪ ਹੰਢਾਇਆ, ਮਨ ਮਤ ਬੁਧ ਕਰ ਉਜਿਆਰ। ਘਰ ਵਿਚ ਘਰ ਖੇਲ ਖਿਲਾਇਆ, ਸੁਰਤੀ ਸ਼ਬਦ ਸ਼ਬਦ ਪਿਆਰ। ਜੀਵ ਜੰਤ ਭੇਵ ਨਾ ਰਾਇਆ, ਮਾਤ ਪਿਤਾ ਨਾ ਪਾਵੇ ਸਾਰ। ਭੈਣ ਭਾਈ ਨਾ ਭੇਵ ਖੁਲ੍ਹਾਇਆ, ਸਾਕ ਸੱਜਣ ਸੈਣ ਸਕੇ ਨਾ ਕੋਇ ਵਿਚਾਰ। ਪੁਰਖ ਅਬਿਨਾਸ਼ੀ ਲਏ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਹਰੀ ਰੂਪ ਨਿਰਾਕਾਰ, ਨਿਰਗੁਣ ਆਪ ਕਰਾਇਆ। ਬਿਨ ਗਜ ਨਾ ਵੇਖੇ ਕੋਇ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਸ਼ਬਦੀ ਸ਼ਬਦ ਦਏ ਆਧਾਰ, ਸ਼ਬਦ ਸੁਨੇਹੜਾ ਇਕ ਸੁਣਾਇਆ। ਕਲਜੁਗ ਆਏ ਅੰਤਮ ਵਾਰ, ਤੇਰਾ ਲੇਖਾ ਲੇਖੇ ਲਏ ਲਗਾਇਆ। ਕਲਜੁਗ ਆਏ ਆਪਣੀ ਧਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਮਾਤਾ ਪੁੱਤਰ ਕਰੇ ਪਿਆਰ, ਭੈਣ ਭੱਯਾ ਰਾਹ ਤਕਾਇਆ, ਪੁਰਖ ਅਬਿਨਾਸ਼ੀ ਆਪਣਾ ਖੇਲ ਕਰੇ ਅਪਰ ਅਪਾਰ, ਅਪਰੰਪਰ ਬੇਪਰਵਾਹਿਆ। ਨਿਰਗੁਣ ਰੂਪ ਹੋਏ ਉਜਿਆਰ, ਜੋਤੀ ਜਾਮਾ ਵੇਸ ਵਟਾਇਆ। ਸਾਚਾ ਖੰਡਾ ਖੜਗ ਤੇਜ਼ ਕਟਾਰ, ਨਾਮ ਨਿਧਾਨਾ ਲਏ ਚਮਕਾਇਆ। ਪਰਗਟ ਹੋਏ ਆਪ ਕਰਤਾਰ, ਕਲਕਾਤੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਕਲਜੁਗ ਅੰਤਮ ਆਵਣਾ, ਹਰਿ ਸਾਚਾ ਸਚ ਦ੍ਰਿੜਾਇੰਦਾ। ਤੇਰਾ ਰੂਪ ਮਾਤ ਧਰਾਵਣਾ, ਲੋਕਮਾਤ ਖੇਲ ਖਿਲਾਇੰਦਾ। ਆਪਣਾ ਨਾਉਂ ਆਪ ਪਰਗਟਾਵਣਾ, ਨਿਹਕਲੰਕ ਆਪਣਾ ਡੰਕ ਵਜਾਇੰਦਾ। ਦੋਹਾਂ ਵਿਚੋਲਾ ਸ਼ਬਦ ਰਖਾਵਣਾ, ਔਂਦਾ ਜਾਂਦਾ ਦਿਸ ਨਾ ਆਇੰਦਾ। ਸੋ ਪੁਰਖ ਨਿਰੰਜਣ ਰੂਪ ਧਰਾਵਣਾ, ਹੰ ਬ੍ਰਹਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਲੇਖਾ ਆਪ ਮੁਕਾਇੰਦਾ। ਜੁਗ ਜੁਗ ਲੇਖ ਮੁਕਾਵਣਾ, ਲੋਕਮਾਤ ਹੋ ਉਜਿਆਰ। ਤੇਰਾ ਲਹਿਣਾ ਆਪ ਚੁਕਾਵਣਾ, ਕਲਜੁਗ ਅੰਤਮ ਪਾਵੇ ਸਾਰ। ਆਪਣਾ ਭੇਵ ਆਪ ਖੁਲ੍ਹਾਵਣਾ, ਦੂਈ ਦਵੈਤੀ ਪਰਦਾ ਦਏ ਉਤਾਰ। ਜਗਤ ਜੁਗਤ ਜਗ ਆਪ ਸਿਖਾਵਣਾ, ਜਾਗਰਤ ਜੋਤ ਕਰ ਉਜਿਆਰ, ਰਕਤ ਬੂੰਦ ਲੇਖੇ ਲਾਵਣਾ, ਤਤਵ ਤਤ ਤਨ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤਮ ਲਏ ਸੰਭਾਲ। ਕਲਜੁਗ ਅੰਤ ਸੰਭਾਲਣਾ, ਪੁਰਖ ਅਬਿਨਾਸ਼ੀ ਬੇਪਰਵਾਹ। ਕੀਤਾ ਕੌਲ ਆਪੇ ਪਾਲਣਾ, ਭੁਲ ਨਾ ਜਾਏ ਸ਼ਹਿਨਸ਼ਾਹ। ਨਿਰਗੁਣ ਸਰਗੁਣ ਕਰੇ ਖੇਲ ਸ੍ਰੀ ਭਗਵਾਨਨਾ, ਪਾਰਬ੍ਰਹਮ ਬ੍ਰਹਮ ਰੂਪ ਵਟਾ। ਜੋਤ ਜਗਾਏ ਇਕ ਅਕਾਲਣਾ, ਪੁਰਖ ਅਕਾਲ ਅਗੰਮ ਅਥਾਹ। ਸ਼ਬਦ ਬਣਾਏ ਜਗਤ ਦਲਾਲਣਾ, ਸਚ ਦਲਾਲੀ ਇਕ ਰਖਾ। ਫਲ ਵੇਖੇ ਲੱਗਾ ਡਾਲਣਾ, ਪੱਤ ਡਾਲੀ ਫੋਲ ਫੁਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਮੁਕਾ। ਅੰਤਮ ਲੇਖਾ ਮੁਕੌਣਾ ਪੰਧ, ਹਰਿ ਸਤਿਗੁਰ ਹੱਥ ਵਡਿਆਈਆ। ਗੁਰ ਗੁਰ ਹੋਏ ਸਦਾ ਬਖ਼ਸ਼ੰਦ, ਜੁਗ ਜੁਗ ਆਪਣਾ ਰੂਪ ਧਰਾਈਆ। ਭਗਤਨ ਦੇਵੇ ਪਰਮਾਨੰਦ, ਸੰਤ ਨਿਜਾਨੰਦ ਸਮਾਈਆ। ਗੁਰਮੁਖ ਗਾਏ ਸੁਹਾਗੀ ਛੰਦ, ਗੀਤ ਗੋਬਿੰਦ ਇਕ ਅਲਾਈਆ। ਗੁਰਸਿਖ ਗਾਏ ਬੱਤੀ ਦੰਦ, ਰਸਨਾ ਜਿਹਵਾ ਆਪ ਹਿਲਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੁਗ ਜੁਗ ਟੁੱਟੀ ਲਏ ਗੰਢ, ਗੰਢਣਹਾਰ ਆਪ ਹੋ ਜਾਈਆ। ਪਹਿਲੋਂ ਤੋੜਿਆ ਤੰਦੂਆ ਤੰਦ, ਦੂਜੇ ਸ਼ਾਹ ਸੀਸ ਤਾਜ ਵਖਾਈਆ। ਤੀਜੇ ਚੀਰ ਲੁਹਾਏ ਹੋਇਆ ਆਪ ਬਖ਼ਸ਼ੰਦ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਚੁੱਕੇ ਵਿਚ ਬ੍ਰਹਿਮੰਡ, ਪਾਰਬ੍ਰਹਮ ਸਚ ਸੱਚੀ ਸ਼ਰਨਾਈਆ। ਨਾਤਾ ਤੋੜੇ ਜੇਰਜ ਅੰਡ, ਮਾਤ ਗਰਭ ਫੇਰ ਨਾ ਆਈਆ। ਲੱਖ ਚੁਰਾਸੀ ਟੁੱਟੇ ਫੰਦ, ਗੇੜਾ ਗੇੜ ਨਾ ਕੋਇ ਭਵਾਈਆ। ਦਰ ਘਰ ਸਾਚੇ ਚੜ੍ਹੇ ਚੰਦ, ਸਤਿ ਸਤਿ ਸਤਿ ਹੋਏ ਰੁਸ਼ਨਾਈਆ। ਸਿੰਘ ਗੁਰਮੇਜ ਗੁਰੂ ਸਦਾ ਬਖ਼ਸ਼ੰਦ, ਗੁਰਮੁਖ ਭੁਲ ਕਦੇ ਨਾ ਜਾਈਆ। ਜੁਗ ਜੁਗ ਦਾ ਮੁਕਿਆ ਪੰਧ, ਪਾਂਧੀ ਆਪਣਾ ਜਾਏ ਪੰਧ ਮੁਕਾਈਆ। ਅੰਤਮ ਗਾਇਆ ਏਕਾ ਛੰਦ, ਸੋਹੰ ਸ਼ਬਦ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਈਆ। ਪੂਰਬ ਲਹਿਣਾ ਝੋਲੀ ਪਾ, ਲੇਖਾ ਆਪਣੇ ਹੱਥ ਰਖਾਇੰਦਾ। ਨਾਮ ਗਹਿਣਾ ਤਨ ਸਜਾ, ਗੁਰਮੁਖ ਵੇਖ ਵਖਾਇੰਦਾ। ਚਰਨ ਪ੍ਰੀਤੀ ਇਕ ਸਮਝਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਸਾਚੀ ਰੀਤੀ ਇਕ ਚਲਾ, ਸਾਚੇ ਪੌੜੇ ਆਪ ਚੜ੍ਹਾਇੰਦਾ। ਖੇਲ ਅਨਡੀਠੀ ਆਪ ਕਰਾ, ਆਪਣਾ ਕੀਤਾ ਕੌਲ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਗੁਰਸਿਖ ਹਿੱਤ ਆਪਣਾ ਰੂਪ ਧਰਾਇੰਦਾ। ਗੁਰਸਿਖ ਹਿੱਤ ਹਰਿ ਕਰਤਾਰ, ਜੁਗ ਜੁਗ ਖੇਲ ਖਿਲਾਈਆ। ਦੂਸਰ ਕਰੇ ਨਾ ਕਿਸੇ ਪਿਆਰ, ਲੱਖ ਚੁਰਾਸੀ ਰਹੀ ਕੁਰਲਾਈਆ। ਨਜ਼ਰ ਨਾ ਆਵੇ ਵਿਚ ਸੰਸਾਰ, ਕੋਟਨ ਕੋਟ ਬੈਠੇ ਰਾਹ ਤਕਾਈਆ। ਕੋਟਨ ਕੋਟੀ ਪੜ੍ਹ ਪੜ੍ਹ ਕਰਨ ਵਿਚਾਰ, ਚੌਦਾਂ ਵਿਦਿਆ ਹੋਈ ਹਲਕਾਈਆ। ਕੋਟਨ ਕੋਟੀ ਤੀਰਥ ਤੱਟਾਂ ਹੋਣ ਖ਼ਵਾਰ, ਅਠਸਠ ਬੈਠੇ ਧੂਣੀਆਂ ਤਾਈਆ। ਕੋਟਨ ਕੋਟ ਸਿਰ ਪਾਈ ਬੈਠੇ ਛਾਰ, ਕੋਟਨ ਕੋਟ ਜਲ ਧਾਰਾ ਰਹੇ ਵਹਾਈਆ। ਕੋਟਨ ਕੋਟ ਜੋਗ ਅਭਿਆਸ ਕਰਨ ਵਿਚ ਸੰਸਾਰ, ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਬੈਠੇ ਤਾੜੀਆਂ ਲਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਪਾਵੇ ਸਾਰ, ਦੇਵੇ ਦਰਸ ਨਾ ਹਰਿ ਰਘੁਰਾਈਆ । ਕਲਜੁਗ ਅੰਤਮ ਹੋ ਉਜਿਆਰ, ਹਰਿਜਨ ਸਾਚੇ ਲਏ ਮਿਲਾਈਆ। ਜਨਮ ਜਨਮ ਦਾ ਲਾਹਿਆ ਭਾਰ, ਪੂਰਬ ਲੇਖਾ ਰਹੇ ਨਾ ਰਾਈਆ। ਅੰਤਮ ਸ਼ਬਦ ਤੰਦ ਬੰਨ੍ਹੇ ਆਪ ਨਿਰੰਕਾਰ, ਤੰਦੂਆ ਤਾਰ ਨਾ ਕੋਇ ਵਖਾਈਆ। ਦੋ ਜਹਾਨ ਨਾ ਕੱਟੇ ਕੋਇ ਕਟਾਰ, ਤੀਰ ਤਲਵਾਰ ਨਾ ਕੋਇ ਅੰਗ ਲਗਾਈਆ। ਫੜ ਫੜ ਬਾਹੋਂ ਜਾਏ ਤਾਰ, ਤਾਰਨਹਾਰਾ ਇਕ ਅਖਵਾਈਆ। ਨਾਲ ਰਲਾਏ ਸਰਬ ਪਰਵਾਰ, ਬਿਰਧ ਬਾਲ ਜਵਾਨ ਦਏ ਵਡਿਆਈਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਹਰਿ ਕਰਤਾ ਕਵਣ ਖੇਲ ਖਿਲਾਈਆ। ਦਿਵਸ ਮਾਸ ਬਰਖ਼ ਘੜੀ ਪਲ ਆਪੇ ਰਿਹਾ ਵਿਚਾਰ, ਥਿਤ ਵਾਰ ਭੇਵ ਨਾ ਰਾਈਆ। ਗੁਰਸਿਖ ਅਟਲ ਰਹੇ ਤੇਰਾ ਮੁਨਾਰ, ਜਗਤ ਮੁਨਾਰਾ ਢਹਿ ਢਹਿ ਖ਼ਾਕ ਮਿਲਾਈਆ। ਗੁਰਸਿਖ ਤੇਰਾ ਗੁਰ ਗੁਰ ਮੰਗੇ ਦਰਸ ਦੀਦਾਰ, ਗੁਰਸਿਖ ਗੁਰ ਗੁਰ ਏਕਾ ਧਾਮ ਸੁਹਾਈਆ। ਅੰਤਮ ਮੇਲਾ ਅੰਤਮ ਧਾਰ, ਜੋਤੀ ਜੋਤ ਜੋਤ ਮਿਲਾਈਆ। ਜਿਸ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਏਕਾ ਵਾਰ, ਏਕੰਕਾਰਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਚਾਰ ਜੁਗ ਦਾ ਪਿਛਲਾ ਲੇਖਾ ਲਿਖਣਹਾਰ ਦੀਨ ਦਿਆਲਾ, ਕਰੇ ਖੇਲ ਜਗਤ ਨਿਰਾਲਾ, ਲਹਿਣਾ ਚੁੱਕੇ ਕਾਲ ਮਹਾਕਾਲਾ, ਸਚਖੰਡ ਵਖਾਏ ਸੱਚੀ ਧਰਮਸਾਲਾ, ਧੁਰਦਰਗਾਹੀ ਹੋਏ ਆਪ ਸਹਾਈਆ।
