੨੬ ਮਾਘ ੨੦੧੭ ਬਿਕ੍ਰਮੀ ਪੁਸ਼ਕਰ, ਲਾਲ ਸਿੰਘ ਪੰਡਤ ਨਾਲ ਗੋਬਿੰਦ ਘਾਟ ਪੁਸ਼ਕਰ ਅਜਮੇਰ
ਇਕ ਸੱਤ ਛੇ ਦੋ ਗੁਬਿੰਦ ਧਾਰ, ਗੋਬਿੰਦ ਆਪਣੇ ਵਿਚ ਰਖਾਈਆ। ਪੰਡਤ ਪਾਂਧਾ ਨਾ ਕੋਈ ਕਰੇ ਵਿਚਾਰ, ਬੈਠੇ ਪੁਸ਼ਕਰ ਆਸਣ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਦਵਾਰ, ਸੀਸ ਜਗਦੀਸ ਝੁਕਾਈਆ। ਨੇਤਰ ਨੈਣ ਰੋਵਣ ਜ਼ਾਰੋ ਜ਼ਾਰ, ਅੰਤਰ ਆਤਮ ਇਕ ਲਿਵ ਲਾਈਆ। ਹਰਿ ਕਾ ਰੂਪ ਅਗੰਮ ਅਪਾਰ, ਸਤਿ ਸਰੂਪ ਦਿਸ ਨਾ ਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਲੋਕਮਾਤ ਜਗਤ ਵਧਾਈਆ। ਨਾਤਾ ਵੇਖ ਸਰਬ ਸੰਸਾਰ, ਜਗਤ ਜਗਦੀਸ਼ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਅਛਲ ਅਛੇਦ ਗੋਬਿੰਦ ਗਿਆ ਸਮਝਾਈਆ। ਗੋਬਿੰਦ ਘਾਟ ਹਰਿ ਕਾ ਘਾਟ, ਹਰਿ ਹਰਿ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਵਾਟ, ਨੇਤਰ ਲੋਚਣ ਨੈਣ ਸਰਬ ਉਠਾਇੰਦਾ। ਇਕ ਸੱਤ ਖੇਲ ਤਮਾਸ, ਛੇ ਦੋ ਗੰਢ ਪਵਾਇੰਦਾ। ਲੇਖਾ ਜਾਣੇ ਤੱਤ ਆਠ, ਨੌਂ ਦਰ ਫੋਲ ਫੁਲਾਇੰਦਾ। ਆਦਿ ਜੁਗਾਦੀ ਏਕਾ ਹਾਟ, ਪਾਰਬ੍ਰਹਮ ਬ੍ਰਹਮ ਆਪਣਾ ਆਪ ਖੁਲ੍ਹਾਇੰਦਾ। ਆਪੇ ਜਾਣੇ ਆਪਣੀ ਵਾਟ, ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੋਬਿੰਦ ਏਕਾ ਧਾਰ, ਏਕਾ ਖੇਲ ਕਰੇ ਕਰਤਾਰ, ਏਕਾ ਦਰ ਸੱਚਾ ਦਰਬਾਰ, ਏਕਾ ਭਿਖਕ ਬ੍ਰਹਮਾ ਵਿਸ਼ਨ ਸ਼ਿਵ ਦਵਾਰ, ਦੇਵਣਹਾਰਾ ਇਕ ਅਖਵਾਇੰਦਾ। ਇਕ ਇਕੱਲਾ ਏਕੰਕਾਰਾ, ਸਤਿ ਪੁਰਖ ਨਿਰੰਜਣ ਵਡੀ ਵਡਿਆਈਆ। ਇਕ ਸੱਤ ਕਰਿਆ ਪਿਆਰਾ, ਏਕਾ ਇਕ ਸਾਤ ਜੋੜ ਜੁੜਾਈਆ। ਛੇ ਘਰ ਵਸਿਆ ਬਾਹਰਾ, ਦਰ ਘਰ ਸਾਚੇ ਸੋਭਾ ਪਾਈਆ। ਦੋਆਂ ਦੋ ਜਹਾਨਾਂ ਖੇਲ ਕਰੇ ਪਸਾਰਾ, ਅਲਖ ਅਗੋਚਰ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਤਾਰਾਂ ਸੌ ਬਾਸਠ ਬਿਕ੍ਰਮੀ ਲਿਖਿਆ ਲੇਖ ਅਪਰ ਅਪਾਰਾ, ਭੇਵ ਕੋਇ ਨਾ ਪਾਈਆ। ਸਾਚੀ ਲਿਖਤ ਭਵਿਖਤ ਦੱਸ ਗਿਆ ਬਣ ਵਣਜਾਰਾ, ਪੰਡਤ ਪਾਂਧੇ ਬੈਠੇ ਮੁਖ ਛੁਪਾਈਆ। ਗੋਬਿੰਦ ਰੂਪ ਨਾ ਕਿਸੇ ਵਿਚਾਰਾ, ਗੋਬਿੰਦ ਘਾਟ ਨਾ ਕੋਇ ਨਹਾਈਆ। ਦੁਰਮਤ ਮੈਲ ਨਾ ਉਤਰੇ ਵਿਚ ਸੰਸਾਰਾ, ਆਤਮ ਅੰਤਰ ਅਸ਼ਨਾਨ ਨਾ ਕੋਇ ਕਰਾਈਆ। ਕਲਜੁਗ ਕੂਕੇ ਆਪਣੀ ਵਾਰਾ, ਚਾਰੋਂ ਕੁੰਟ ਦਏ ਦੁਹਾਈਆ। ਏਕਾ ਢਈਆ ਜਗਤ ਸਹਾਰਾ, ਸਾਚੀ ਨਈਆ ਨਜ਼ਰ ਕੋਇ ਨਾ ਆਈਆ। ਭੈਣਾ ਭਈਆ ਕਰ ਕਰ ਪਿਆਰਾ, ਸਾਚਾ ਸੱਯਾ ਰਹੇ ਮਨਾਈਆ। ਨਜ਼ਰ ਨਾ ਆਏ ਕਿਸੇ ਘਨੱਯਾ, ਰੂਪ ਅਨੂਪ ਜਗਤ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਲੇਖਾ ਜਾਣੇ ਆਪਣੇ ਘਰ, ਏਕਾ ਸਾਤਾ ਛੀਕਾ ਦੂਆ ਦੋ ਛੇ ਸਤ ਇਕ ਆਪਣੇ ਵਿਚ ਟਿਕਾਈਆ। ਇਕ ਸੱਤ ਕਰ ਪਿਆਰ, ਛੇ ਦੋ ਜੋੜ ਜੁੜਾਇਆ। ਗੋਬਿੰਦ ਆਇਆ ਗੋਬਿੰਦ ਧਾਰ, ਗੋਬਿੰਦ ਗੋਬਿੰਦ ਵਿਚ ਸਮਾਇਆ। ਅਠਸਠ ਤੀਰਥ ਚਰਨ ਕਵਲ ਖਿਚ ਲਿਆਏ ਆਪ ਦਵਾਰ, ਰੂਪ ਅਨੂਪ ਆਪ ਧਰਾਇਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਿਸੇ ਨਜ਼ਰ ਨਾ ਆਏ ਵਿਚ ਸੰਸਾਰ, ਅਠਾਰਾਂ ਬਰਨ ਚਾਰ ਵਰਨ ਰਹੇ ਕੁਰਲਾਇਆ। ਦੋ ਪੰਜ ਪੰਜ ਬੋਲ ਜੈਕਾਰ, ਦੋ ਪੰਜ ਪੰਜ ਆਪਣਾ ਰੂਪ ਧਰਾਇਆ। ਵਦੀ ਸੁਦੀ ਨਾ ਸਕੇ ਕੋਇ ਵਿਚਾਰ, ਕਿਸਨਾ ਸੁਕਲਾ ਪਖ ਵਿਚ ਫਸ ਕਦੇ ਨਾ ਜਾਇਆ। ਕਰੇ ਖੇਲ ਆਪ ਨਿਰੰਕਾਰ, ਜੋਤੀ ਰੂਪ ਅਪਰ ਅਪਾਰ, ਸ਼ਬਦ ਖੰਡਾ ਤੇਜ ਕਟਾਰ, ਸਾਚੇ ਘੋੜੇ ਹੋ ਅਸਵਾਰ, ਦੋ ਜਹਾਨਾ ਪਾਰ ਕਿਨਾਰ, ਆਪ ਆਪਣਾ ਬਲ ਰਖਾਇਆ। ਗੋਬਿੰਦ ਲੇਖਾ ਗੋਬਿੰਦ ਲਏ ਵਿਚਾਰ, ਦੂਸਰ ਲਿਖਣ ਪੜ੍ਹਨ ਵਿਚ ਕਦੇ ਨਾ ਆਇਆ। ਇਕ ਸਤ ਨੌ ਅੱਠ ਗੋਬਿੰਦ ਲੇਖਾ ਦਿਤਾ ਪਾੜ, ਆਪਣਾ ਲੇਖ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੋਬਿੰਦ ਮੇਲਾ ਜਾਣੇ ਸਾਚੇ ਘਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਗੋਬਿੰਦ ਗੁਰ ਗੁਰ ਗੋਬਿੰਦ ਰੂਪ ਅਨੂਪ, ਦਿਸ ਕਿਸੇ ਨਾ ਆਈਆ। ਗੁਰਸਿਖ ਦੋ ਅਠ ਅਠਾਈ ਜੋ ਸੰਗਤ ਰਖਾਏ ਇਕ ਸਤਿ ਛੇ ਦੋ ਅੰਮ੍ਰਿਤ ਮੇਘ ਦਿਤਾ ਬਰਸ, ਕਲਜੁਗ ਅੰਤਮ ਆਪਣੇ ਨਾਲ ਰਲਾਈਆ। ਲੇਖਾ ਜਾਣੇ ਅਰਸ਼ ਫ਼ਰਸ਼, ਕੁਰਸ਼ ਕੁਰਾ ਕਾਇਨਾਤ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਜੀਵ ਜੰਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਲੇਖਾ ਜਾਏ ਮੁੱਕ, ਗੁਰਮੁਖ ਬੂਟਾ ਜਾਏ ਨਾ ਸੁੱਕ, ਅੰਮ੍ਰਿਤ ਸਿੰਚ ਹਰਿਆ ਆਪ ਕਰਾਈਆ। ਗੋਬਿੰਦ ਆਇਆ ਗੋਬਿੰਦ ਦਵਾਰ, ਗੁਰਸਿਖ ਕਾਇਆ ਅੰਦਰ ਗੋਬਿੰਦ ਗੜ੍ਹ ਬਣਾਈਆ। ਕਰੇ ਖੇਲ ਅਪਰ ਅਪਾਰ, ਜਗਤ ਵਿਦਿਆ ਨਾ ਪਾਵੇ ਸਾਰ, ਚੌਦਾਂ ਵਿਦਿਆ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਏਕਾ ਮੰਤਰ ਸਰਬ ਦੇਵਾ ਆਤਮ ਬ੍ਰਹਮ ਜੋਤ ਪ੍ਰਕਾਸ਼ ਨਿਰਵੈਰ ਧਾਰ, ਪਾਰਬ੍ਰਹਮ ਬੇਅੰਤ ਬੇਪਰਵਾਹ ਆਪ ਆਪਣੇ ਵਿਚ ਰਖਾਈਆ। ਪੰਡਤ ਪਾਂਧਾ ਗੁਰਸਿਖ ਦੱਸੇ ਕੀ ਕੋਈ ਰਾਹ, ਜਿਸ ਮਿਲਿਆ ਗੋਬਿੰਦ ਸੱਚਾ ਸ਼ਹਿਨਸ਼ਾਹੀਆ। ਆਪਣਾ ਲੇਖਾ ਆਪਣੀ ਹੱਥੀਂ ਗਿਆ ਲਿਖਾ, ਆਪਣੀ ਹੱਥੀਂ ਦੇਵੇ ਢਾਹੀਆ। ਸਤਾਰਾਂ ਬੀਸ ਬੀਸ ਸਤਾਰਾਂ ਬਿਕ੍ਰਮੀ ਬਣਿਆ ਆਪ ਮਲਾਹ, ਅਠਾਈ ਸਿੱਖ ਨਾਲ ਲਿਆਈਆ। ਸਚਖੰਡ ਵਸੇ ਸ਼ਹਿਨਸ਼ਾਹ, ਪੰਡਤ ਲਿਖਣਾ ਆਪਣੀ ਕ਼ਲਮ ਸ਼ਾਹੀਆ। ਜਗਤ ਜਹਾਨ ਕਿਸੇ ਦਿਸੇ ਨਾ, ਦੋ ਦੋ ਲੋਚਨ ਤੱਕੇ ਸਰਬ ਲੋਕਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਸਿੰਘ ਦਯਾ ਨਾਲ ਰਲਾਈਆ। ਦਯਾ ਕਰ ਘਰ ਗਿਆ ਆ, ਘਰ ਆਪਣਾ ਦਏ ਸਮਝਾਈਆ। ਸੂਰਜ ਚੰਨ ਨਾ ਕਰੇ ਕੋਈ ਰੁਸ਼ਨਾ, ਮੰਡਲ ਮੰਡਪ ਨਾ ਕੋਈ ਵਡਿਆਈਆ। ਬ੍ਰਹਮਾ ਵੇਦ ਨਾ ਰਿਹਾ ਕੋਈ ਸੁਣਾ, ਪੁਰਾਨ ਅਠਾਰਾਂ ਨਾ ਕੋਈ ਗਾਈਆ। ਸ਼ਾਸਤਰ ਸਿਮਰਤ ਨਾ ਰਿਹਾ ਕੋਈ ਜਣਾ, ਗੀਤਾ ਗਿਆਨ ਨਾ ਕੋਈ ਵਡਿਆਈਆ। ਅੰਜੀਲ ਕ਼ੁਰਾਨ ਨਾ ਰਿਹਾ ਕੋਈ ਪੜ੍ਹਾ, ਖਾਣੀ ਬਾਣੀ ਨਾ ਕੋਈ ਦ੍ਰਿੜਾਈਆ। ਸਾਚੇ ਘਰ ਵਸੇ ਆਪੇ ਬੇਪਰਵਾਹ, ਜਿਸ ਘਰ ਵਸੇ ਗੋਬਿੰਦ ਸੱਚਾ ਮਾਹੀਆ। ਪੁਸ਼ਕਰ ਬੈਠੇ ਤੱਕਣ ਰਾਹ, ਮੰਦਰ ਅੰਦਰ ਟਲ ਖੜਕਾਈਆ। ਗੁਰਮੁਖ ਵਿਰਲੇ ਬਣੇ ਆਪ ਮਲਾਹ, ਜਗਤ ਸਰੋਵਰ ਬੇੜਾ ਪਾਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪੇ ਰੱਖ, ਗੋਬਿੰਦ ਰੂਪ ਹੋ ਪਰਤੱਖ, ਜੋਤ ਸਰੂਪ ਅਲਖਨਾ ਅਲਖ, ਸ਼ਬਦ ਅਨੂਪ ਹੋਏ ਵਖ ਦਿਸ ਕਿਸੇ ਨਾ ਆਈਆ। ਪਹਿਲਾ ਘਰ ਸੱਚਖੰਡ, ਆਪਣਾ ਬੰਕ ਆਪ ਬਣਾਇਆ। ਦੂਜਾ ਡਾਕਖ਼ਾਨਾ ਪਾਈ ਵੰਡ, ਬ੍ਰਹਿਮੰਡ ਰਚਨ ਰਚਾਇਆ। ਤੀਜੀ ਤਹਿਸੀਲ ਚੜ੍ਹਿਆ ਚੰਦ, ਬ੍ਰਹਮਾ ਵਿਸ਼ਨ ਸ਼ਿਵ ਉਪਜਾਇਆ। ਚੌਥਾ ਜ਼ਿਲਾ ਇਕ ਪਰਮਾਨੰਦ, ਘਟ ਘਟ ਅੰਦਰ ਆਪਣਾ ਆਸਣ ਲਾਇਆ। ਆਦਿ ਜੁਗਾਦਿ ਨਿਰਗੁਣ ਸਰਗੁਣ ਕਿਸੇ ਨਾ ਪਾਇਆ ਬੰਧ, ਬੰਧਨ ਵਿਚ ਕਦੇ ਨਾ ਆਇਆ। ਪੁਸ਼ਕਰ ਆ ਸੁਣਾਇਆ ਸੁਹਾਗੀ ਛੰਦ, ਹਰਿ ਕਾ ਘਰ ਪੰਡਤ ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਦਏ ਸਮਝਾਇਆ। ਹਰਿ ਕਾ ਠਾਣਾ ਇਕ ਅਪਾਰਾ, ਹਰਿ ਸਾਚੇ ਸਚ ਬਣਾਇਆ। ਰਪਟ ਲਿਖੇ ਚਿਤਰ ਗੁਪਤ ਆਪਣੇ ਬੈਠ ਦਵਾਰਾ, ਦਿਸ ਕਿਸੇ ਨਾ ਆਇਆ। ਧਰਮ ਰਾਏ ਬਣੇ ਹਲਕਾਰਾ, ਘਰ ਘਰ ਸੰਦੇਸ਼ ਦਏ ਸੁਣਾਇਆ। ਜਮ ਕਾ ਰੂਪ ਖੇਲ ਅਪਾਰਾ, ਪੰਡਤ ਪਾਂਧੇ ਜੀਵ ਜੰਤ ਗ੍ਰੰਥੀ ਪੰਥੀ ਮੁਲਾ ਸ਼ੇਖ਼ ਮਸਾਇਕ ਫੜ ਫੜ ਬੰਨ੍ਹਣ ਛੁੱਟ ਕੋਇ ਨਾ ਜਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮਨਮੁਖਾਂ ਦੇਵੇ ਦੰਡਨ, ਅਠਾਰਾਂ ਅਠਾਈ ਕੁੰਡ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਠਾਣਾ ਇਕੋ ਇਕ ਬਣਾਇਆ।
