੩ ਅੱਸੂ ੨੦੧੪ ਬਿਕ੍ਰਮੀ ੧, ਰਾਸ਼ਟਰਪਤੀ ਰਾਜਿੰਦਰ ਪ੍ਰਸਾਦਿ, ੨, ਪੰਡਤ ਜਵਾਹਰ ਲਾਲ ਨਹਿਰੂ, ੩, ਮੌਲਾਨਾ ਅਬਦੁਲ ਕਲਾਮ ਅਜ਼ਾਦ, ੪, ਕ੍ਰਿਸ਼ਨਾ ਮੈਨਨ, ੫, ਗੋਬਿੰਦ ਵਲਬ ਪੰਤ ਨੂੰ ਸ਼ਬਦ ਭੇਜੇ ਗਏ ਦਰਬਾਰ ਵਿਚ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਹਰਿ ਕਰਤਾਰ, ਲੋਕਮਾਤ ਜੋਤ ਜਗਾਈਆ। ਪਰਗਟ ਹੋ ਚਵੀਆਂ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਵੇਦ ਵਿਆਸਾ ਬਣ ਲਿਖਾਰ, ਲੇਖਾ ਗਿਆ ਲਿਖਾਈਆ। ਕਲਜੁਗ ਅੰਤਮ ਵਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਮ ਖੰਡਾ ਤੇਜ ਕਟਾਰ, ਸ਼ਬਦੀ ਬਣਤ ਬਣਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਦੋ ਜਹਾਨਾਂ ਮਾਰੇ ਮਾਰ, ਪੁਰੀਆਂ ਲੋਆਂ ਵੇਖ ਵਖਾਈਆ। ਤੀਰ ਨਿਸ਼ਾਨਾ ਅਪਰ ਅਪਾਰ, ਰਸਨਾ ਚਿੱਲਾ ਇਕ ਚੜ੍ਹਾਈਆ। ਨੌਂ ਖੰਡ ਪ੍ਰਿਥਮੀ ਆਰ ਪਾਰ, ਸੱਤਾਂ ਦੀਪਾਂ ਫੇਰਾ ਪਾਈਆ। ਜੰਬੂ ਦੀਪ ਅਧਵਿਚਕਾਰ, ਪ੍ਰਭ ਸਾਚੀ ਕਰੇ ਰੁਸ਼ਨਾਈਆ। ਭਾਰਤ ਖੰਡ ਵੇਖ ਵਿਚਾਰ, ਬ੍ਰਹਿਮੰਡ ਵੰਡ ਵੰਡਾਈਆ । ਜੇਰਜ ਅੰਡ ਵੇਖ ਵਿਚਾਰ, ਉਤਭੁਜ ਸੇਤਜ ਰਿਹਾ ਹਿਲਾਈਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਮੇਟ ਮਿਟਾਈਆ। ਪੰਜ ਤਤ ਮਤ ਵਿਕਾਰ, ਮਨ ਮਤ ਦਏ ਸਜ਼ਾਈਆ। ਨੂਰ ਅਲਾਹੀ ਬੇਐਬ ਪਰਵਰਦਿਗਾਰ, ਨੂਰ ਜ਼ਹੂਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਆਪ ਜਣਾਏ, ਦੇਵੇ ਸ਼ਬਦ ਨਿਸ਼ਾਨਾ। ਰਾਸ਼ਟਰਪਤ ਮਾਤ ਉਠਾਏ, ਦੇਵੇ ਧੁਰ ਫ਼ਰਮਾਣਾ। ਅੱਠ ਸੱਠ ਤੀਰਥ ਰਹਿਣ ਨਾ ਪਾਏ, ਪੂਜਾ ਚੁੱਕੇ ਵੇਦ ਪੁਰਾਨਾ। ਮੰਦਰ ਮੱਠ ਨਾ ਕੋਈ ਡੇਰਾ ਲਾਏ, ਛੱਤੀ ਰਾਗ ਨਾ ਗਾਏ ਬਾਣੀ ਗਾਣਾ। ਅੰਜ਼ੀਲ ਕੁਰਾਨ ਨਾ ਕੋਈ ਪੜ੍ਹਾਏ, ਮੁੱਲਾ ਸ਼ੇਖ਼ ਨਾ ਕੋਈ ਵਿਦਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਵੇਖ ਵਖਾਨਾ। ਰਾਸ਼ਟਰਪਤ ਜਗਤ ਨਾਦਾਨਾ, ਆਪਣਾ ਆਪ ਵਿਚਾਰਨਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ, ਤੋੜੇ ਗੜ੍ਹ ਹੰਕਾਰਨਾ। ਸ੍ਰਿਸ਼ਟ ਸਬਾਈ ਵੇਖੇ ਇਕ ਮੈਦਾਨ, ਮਨ ਮਤ ਬੁਧ ਕਰੇ ਲਲਕਾਰਨਾ। ਸਿਆਸਤ ਵਿਰਾਸਤ ਆਏ ਹਾਨ, ਨਾ ਕੋਈ ਜਾਣੇ ਬ੍ਰਹਮ ਗਿਆਨਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਝੁਲਾਏ ਇਕ ਨਿਸ਼ਾਨਨਾ। ਰਾਸ਼ਟਰਪਤ ਰਾਜਿੰਦਰ ਪ੍ਰਸਾਦਿ, ਹਰਿ ਸਾਚੇ ਸ਼ਬਦ ਜਣਾਈਆ। ਅੱਸੂ ਪੰਜ ਰੱਖਣਾ ਯਾਦ, ਵੀਹ ਸੌ ਤੇਰਾਂ ਬਿਕ੍ਰਮੀ ਰੁੱਤ ਸੁਹਾਈਆ। ਸੱਤ ਰੰਗ ਨਿਸ਼ਾਨਾ ਦੇਵੇ ਦਾਦ, ਪੰਚਮ ਤਾਜ ਮੁਖ ਰਖਾਈਆ। ਖੇਲੇ ਖੇਲ ਆਦਿ ਜੁਗਾਦਿ, ਸ਼ਬਦ ਸੋਟੀ ਇਕ ਵਖਾਈਆ। ਪੰਚਮ ਮੀਤਾ ਇਕ ਵਜਾਏ ਸਾਚਾ ਨਾਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੰਦੇਸ਼ ਰਿਹਾ ਦਵਾਈਆ। ਉਠਣਾ ਜਾਗ ਨੇਤਰ ਖੋਲ੍ਹ, ਹਰਿ ਸਾਚਾ ਆਪ ਜਗਾਇੰਦਾ। ਸੋਹੰ ਸ਼ਬਦ ਵੱਜੇ ਮਰਦੰਗਾ ਢੋਲ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਚਾਰ ਵਰਨ ਦਵਾਰਾ ਏਕਾ ਖੋਲ੍ਹ, ਏਕਾ ਮਾਰਗ ਲਾਇੰਦਾ। ਜਗਤ ਵਿਦਿਆ ਪਿਆ ਘੋਲ, ਨਾ ਕੋਈ ਬੇੜਾ ਪਾਰ ਕਰਾਇੰਦਾ। ਪੰਜ ਤਤ ਰੱਤ ਰਹੀ ਖੌਲ, ਇਕ ਉਬਾਲ ਰਖਾਇੰਦਾ। ਰੱਖਣਾ ਯਾਦ ਕੀਤਾ ਕੌਲ, ਪ੍ਰਭ ਸਾਚਾ ਆਪ ਸੁਣਾਇੰਦਾ। ਰਹਿਣਾ ਸੌਂ ਨਾ ਮਾਤ ਅਨਭੋਲ, ਵੇਲਾ ਅੰਤਮ ਆਇੰਦਾ। ਹਰਿ ਕਾ ਸ਼ਬਦ ਨਾ ਜਾਣ ਮਖੌਲ, ਮਨ ਮਤ ਬੁਧ ਮੇਟ ਮਿਟਾਇੰਦਾ। ਪੰਡਤ ਪਾਂਧਾ ਨਾ ਕੋਈ ਜਾਣੇ ਰੌਲ, ਹਿਸਾਬ ਕਿਤਾਬ ਨਾ ਕੋਈ ਜਣਾਇੰਦਾ। ਪੁਰਖ ਅਬਿਨਾਸ਼ੀ ਹੌਲਾ ਕਰੇ ਭਾਰ ਉਪਰ ਧੌਲ, ਮਨਮੁਖ ਜੀਵ ਸਰਬ ਮਿਟਾਇੰਦਾ। ਲਿਖਿਆ ਲੇਖ ਨਾ ਮਿਟੇ ਰੱਤੀ ਚੌਲ, ਹਰਿ ਸਾਚਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਗੀ ਸਾਥੀ ਸੰਗ ਰਲਾਇੰਦਾ। ਸਾਚਾ ਸੰਗ ਕਰ ਤਿਆਰ, ਪੰਡਤ ਨਹਿਰੂ ਨਾਲ ਰਲਾਈਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਭੁੱਲ ਰਹੇ ਨਾ ਰਾਈਆ। ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪ ਅਖਵਾਈਆ। ਆਵੇ ਜਾਵੇ ਵਿਚ ਸੰਸਾਰ, ਰਾਮਾ ਕ੍ਰਿਸ਼ਨਾ ਰੂਪ ਵਟਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਾਹ ਭਬੀਖਨ ਕਰ ਵਿਚਾਰ, ਲੰਕਾ ਗੜ੍ਹ ਕਵਣ ਤੁੜਾਈਆ। ਪ੍ਰਧਾਨ ਮੰਤਰੀ ਅੰਤਮ ਰੋਣਾ ਜ਼ਾਰੋ ਜ਼ਾਰ, ਬਿਨ ਹਰਿ ਹੋਏ ਨਾ ਕੋਇ ਸਹਾਈਆ। ਜ਼ੋਰੂ ਜ਼ਰ ਦਿਵਸ ਚਾਰ, ਅੰਤ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਛੱਡਣਾ ਪਏ ਘਰ ਬਾਰ, ਰਾਜ ਬਣਤ ਨਾ ਕੋਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਦੇਵੇ ਮਤ ਸ੍ਰੀ ਭਗਵਾਨਾ, ਏਕਾ ਨਾਮ ਅਲ੍ਹਾਇਆ। ਨੌਂ ਖੰਡ ਪ੍ਰਿਥਮੀ ਹੋਏ ਵੈਰਾਨਾ, ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਇਆ। ਨਾ ਕੋਈ ਬੈਠੇ ਵਿਚ ਦਵਾਨਖਾਨਾ, ਸੀਸ ਤਾਜ ਨਾ ਕੋਈ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਰਿਹਾ ਜਣਾਇਆ। ਰਾਜ ਮੰਤਰੀ ਜਗਤ ਬਲਵਾਨ, ਹਰਿ ਸਾਚੇ ਹੱਥ ਵਡਿਆਈਆ। ਸੱਤ ਰੰਗ ਵੇਖਣਾ ਇਕ ਨਿਸ਼ਾਨ, ਰਾਸ਼ਟਰਪਤ ਸੇਵਾ ਲਾਈਆ। ਉਪਰ ਲਿਖਿਆ ਲੇਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਇਕ ਪੜ੍ਹਾਈਆ। ਭਰਮ ਨਾ ਭੁੱਲਣਾ ਜੀਵ ਨਾਦਾਨਾ, ਸੰਮਤ ਸੰਮਤੀ ਦਏ ਜਣਾਈਆ। ਸਾਚਾ ਮੇਲਾ ਵਿਚ ਜਹਾਨ, ਹਰਿ ਸਾਜਣ ਮੀਤ ਅਖਵਾਈਆ। ਬਵੰਜਾ ਦੇਸਾਂ ਕਰ ਪਹਿਚਾਨ, ਸਚ ਸੰਦੇਸ਼ ਇਕ ਸੁਣਾਈਆ। ਪਰਗਟ ਹੋਏ ਹਰਿ ਭਗਵਾਨ, ਨਰ ਨਰੇਸ਼ਾ ਆਪ ਅਖਵਾਈਆ। ਆਪੇ ਗੋਪੀ ਆਪੇ ਕਾਹਨ, ਸੀਤਾ ਰਾਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਜਗਤ ਲੜਾਈਆ। ਨੌਂ ਖੰਡ ਪ੍ਰਿਥਮੀ ਜਗਤ ਅਖਾੜਾ, ਪ੍ਰਭ ਸਾਚਾ ਰਚਨ ਰਚਾਇੰਦਾ। ਲਿਖਿਆ ਲੇਖ ਸਤਾਰਾਂ ਹਾੜਾ, ਨਾ ਕੋਈ ਮੇਟ ਮਿਟਾਇੰਦਾ। ਸ਼ਬਦ ਅਗੰਮੀ ਉਠੇ ਧਾੜਾ, ਚਾਰੋਂ ਕੁੰਟ ਦੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪ੍ਰਧਾਨ ਮੰਤਰੀ ਆਪ ਸਮਝਾਇੰਦਾ। ਬਵੰਜਾ ਦੇਸਾਂ ਸ਼ਬਦ ਜਣਾ, ਹਰਿ ਸਾਚਾ ਕਲ ਵਰਤਾਇੰਦਾ। ਗਣਪਤ ਗਣੇਸ਼ ਨਾ ਕੋਈ ਲਏ ਮਨਾ, ਸ਼ਿਵ ਸ਼ੰਕਰ ਨਾ ਧਿਆਨ ਲਗਾਇੰਦਾ। ਸੰਸਕ੍ਰਿਤ ਨਾ ਸਕੇ ਕੋਈ ਪੜ੍ਹਾ, ਹਿੰਦੀ ਬਿੰਦੀ ਨਾ ਕੋਈ ਵਖਾਇੰਦਾ। ਇਕ ਦੂਜੇ ਦਾ ਲੜ ਨਾ ਕੋਈ ਸਕੇ ਛੁੜਾ, ਪ੍ਰਭ ਮਾਇਆ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਤ੍ਰੈਲੋਕੀ ਨੰਦਨ ਆਪ ਅਖਵਾਇੰਦਾ। ਤ੍ਰੈਲੋਕੀ ਨੰਦਨ ਆਪ ਅਖਵਾ, ਹਰਿ ਸਾਚੇ ਜੋਤ ਜਗਾਈਆ। ਗੋਬਿੰਦ ਪੰਤ ਲਏ ਜਗਾ, ਦੇ ਮਤ ਰਿਹਾ ਸਮਝਾਈਆ। ਕਲਜੁਗ ਵੇਲਾ ਅੰਤਮ ਗਿਆ ਆ, ਵੇਦ ਪੁਰਾਨ ਭੇਵ ਨਾ ਰਾਈਆ। ਸਾਧ ਸੰਤ ਨਾ ਸਕੇ ਜਣਾ, ਦਹਿ ਦਿਸ਼ਾ ਬੈਠੇ ਧੂਣੀਆਂ ਤਾਈਆ। ਲੇਖਾ ਸਕੇ ਨਾ ਕੋਈ ਗਿਣਾ, ਕਰੋੜ ਤੇਤੀਸਾ ਰਹੇ ਮਨਾਈਆ। ਪ੍ਰਭ ਕਾ ਭਾਣਾ ਨਾ ਸਕੇ ਕੋਈ ਮਿਟਾ, ਮੇਟਣਹਾਰ ਨਾ ਕੋਈ ਅਖਵਾਈਆ। ਸ੍ਰਿਸ਼ਟ ਸਬਾਈ ਸੱਥ ਦਏ ਵਛਾ, ਧਰਤ ਮਾਤ ਝੋਲੀ ਡਾਹੀਆ। ਲਿਖਿਆ ਲੇਖ ਪੱਥਰ ਉਪਰ ਦਏ ਲਿਖਾ, ਲਕੀਰ ਤਕਦੀਰ ਨਾ ਕੋਈ ਮਿਟਾਈਆ। ਸਾਚੀ ਸਿਖਿਆ ਇਕ ਸਿਖਾ, ਸੋਹੰ ਮੰਤਰ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮੰਤਰੀ ਰਿਹਾ ਸਮਝਾਈਆ। ਜਗਤ ਮੰਤਰੀ ਆਪ ਸਮਝਾਏ, ਆਪਣੀ ਕਲ ਵਰਤਾਇੰਦਾ। ਕ੍ਰਿਸ਼ਨਾ ਮੈਨਨ ਭੁੱਲ ਨਾ ਰਾਏ, ਰਾਹ ਖਹਿੜਾ ਦਿਸ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਪ੍ਰਭ ਆਪ ਲੜਾਏ, ਨਾ ਕੋਈ ਦੂਸਰ ਬਣਤ ਬਣਾਏ, ਰਾਜ ਰਾਜਾਨਾ ਸ਼ਾਹ ਸੁਲਤਾਨਾ ਛੇੜਾਂ ਰਿਹਾ ਛਿੜਾਏ, ਸਾਚੀ ਸੀਮਾਂ ਵੰਡ ਵੰਡਾਇੰਦਾ। ਉਲਟਾ ਗੇੜਾ ਆਪ ਗਿੜਾਏ, ਗੇੜਨਹਾਰ ਆਪ ਅਖਵਾਇੰਦਾ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਸ੍ਰਿਸ਼ਟ ਸਬਾਈ ਨਬੇੜਾ ਆਪ ਕਰਾਏ, ਦੂਸਰ ਕੋਈ ਨਾ ਸੰਗ ਰਖਾਇੰਦਾ। ਨਗਰ ਖੇੜਾ ਕੋਈ ਰਹਿਣ ਨਾ ਪਾਏ, ਸ਼ਹਿਰ ਗਰਾਂ ਕੋਈ ਰਹਿਣ ਨਾ ਪਾਇੰਦਾ। ਖੁੱਲ੍ਹਾ ਵਿਹੜਾ ਧਰਤ ਮਾਤ ਕਰਾਏ, ਉਲਟਾ ਗੇੜਾ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਧਾਮ ਇਕ ਸੁਹਾਇੰਦਾ। ਸਾਚਾ ਧਾਮ ਹਰਿ ਅਵੱਲਾ, ਏਕਾ ਏਕ ਰਖਾਇਆ। ਏਕਾ ਏਕ ਹਰਿ ਇਕੱਲਾ, ਏਕਾ ਰੂਪ ਵਟਾਇਆ। ਸੋਹੰ ਫੜਿਆ ਹੱਥ ਵਿਚ ਭੱਲਾ, ਸ਼ਾਹੋ ਭੂਪ ਮੇਟ ਮਿਟਾਇਆ। ਵੇਖ ਵਖਾਣੇ ਰਾਣੀ ਅੱਲਾ, ਅੱਲਾ ਅਲਾਹੀ ਨੂਰ ਸਮਾਈਆ। ਅਬਦੁਲ ਕਲਾਮ ਅਜ਼ਾਦ ਪ੍ਰਭ ਸੁਣ ਫਰਿਆਦ, ਕਰੇ ਵੇਖ ਵਿਚਾਰਿਆ। ਚਾਰ ਯਾਰ ਰੱਖਿਆ ਯਾਦ, ਸੰਗ ਮੁਹੰਮਦ ਮੀਤ ਮੁਰਾਰਿਆ। ਧੁਰ ਦਰਗਾਹੀ ਮਿਲੀ ਦਾਦ, ਵੇਲੇ ਅੰਤਮ ਹੋਏ ਖ਼ੁਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਘਰ, ਉਮਤ ਨਬੀ ਰਸੂਲ ਆਪਣੀ ਆਪ ਉਠਾ ਰਿਹਾ। ਨਬੀ ਰਸੂਲਾਂ ਦਏ ਜਣਾ, ਏਕਾ ਸ਼ਬਦ ਜਣਾਈਆ। ਉਨੀ ਉਨੀਸਾ ਦਏ ਮਿਟਾ, ਨਾ ਹੋਵੇ ਕੋਈ ਸਹਾਈਆ। ਮੱਕਾ ਮਦੀਨਾ ਲੱਗੇ ਢਾਹ, ਨਾ ਸਕੇ ਕੋਈ ਬਚਾਈਆ। ਪੁਰਖ ਅਬਿਨਾਸ਼ੀ ਏਕਾ ਦੱਸੇ ਰਾਹ, ਸਾਚਾ ਕਲਮਾ ਰਿਹਾ ਸੁਣਾਈਆ। ਜਗਤ ਵਿਦਿਆ ਮਿਲੇ ਨਾ ਕੋਈ ਥਾਂ, ਅੰਤ ਰਹਿਣ ਨਾ ਪਾਈਆ। ਅੰਜੀਲ ਕੁਰਾਨ ਨਾ ਪਕੜੇ ਕੋਈ ਬਾਂਹ, ਪੀਰ ਦਸਤਗੀਰ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਪੰਚਮ ਰਿਹਾ ਪੰਚਮ ਜਣਾਈਆ। ਪੰਚਮ ਪੰਚਮ ਸ਼ਬਦ ਜਣਾਏ, ਭਾਰਤ ਖੰਡ ਸਰਕਾਰਾ। ਰਾਸ਼ਟਰਪਤ ਆਪ ਉਠਾਏ, ਪੰਡਤ ਨਹਿਰੂ ਮੀਤ ਮੁਰਾਰਾ। ਗੋਬਿੰਦ ਪੰਤ ਨਾਲ ਰਲਾਏ, ਸਚ ਸਲਾਹੀ ਸਲਾਹਕਾਰਾ। ਕ੍ਰਿਸ਼ਨਾ ਮੈਨਨ ਵੇਖ ਵਖਾਏ, ਤੋੜੇ ਗੜ੍ਹ ਆਤਮ ਹੰਕਾਰਾ। ਮੌਲਾਨਾ ਆਜ਼ਾਦ ਫਰਿਆਦ ਹਰਿ ਇਕ ਵਖਾਏ, ਨੂਰ ਨੁਰਾਨੀ ਅੰਧ ਅੰਧਿਆਰਾ। ਖ਼ੁਦੀ ਖ਼ੁਦਾਏ ਨਾ ਕੋਈ ਜਣਾਏ, ਹੱਕ ਬਹੱਕ ਨਾ ਪਾਵੇ ਸਾਰਾ। ਪੀਰ ਫ਼ਕੀਰ ਦਸਤਗੀਰ ਨਾ ਕੋਈ ਮਨਾਏ, ਅੱਲਾ ਹੂ ਹੂ ਝੂਠਾ ਨਾਅਰਾ। ਅਮਾਮ ਮਹਿੰਦੀ ਜੋਤ ਜਗਾਏ, ਖ਼ਾਕੀ ਖ਼ਾਕ ਨਾ ਕੋਇ ਰਮਾਏ, ਆਪੇ ਹੋਏ ਬੇਐਬ ਪਰਵਰਦਿਵਗਾਰਾ। ਮੱਕਾ ਮਦੀਨਾ ਚਰਨ ਛੁਹਾਏ, ਮੁਖ ਨਕਾਬ ਇਕ ਰਖਾਏ, ਕਾਲਾ ਸੂਸਾ ਤਨ ਸ਼ਿੰਗਾਰਾ। ਹੱਕ ਜ਼ਨਾਬ ਦੋ ਦੋ ਆਬ ਵੇਖ ਵਖਾਏ, ਸੰਗ ਮੁਹੰਮਦ ਚਾਰ ਯਾਰਾ। ਸ਼ਾਹ ਨਵਾਬ ਕੋਈ ਰਹਿਣ ਨਾ ਪਾਏ, ਉਚ ਖਤਾਬ ਨਾ ਕੋਈ ਹੰਢਾਏ, ਨਾ ਕੋਈ ਸੋਹੇ ਦਰ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜਗਤ ਅੱਖਰ ਏਕਾ ਵੱਖਰ ਆਪ ਚਲਾਏ, ਸੋਹੰ ਜੈ ਜੈਕਾਰਾ। ਪੰਚਮ ਪਰਧਾਨ ਉਠਣਾ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਮਾਝੇ ਦੇਸ ਲੱਗਾ ਭਾਗ, ਸੰਬਲ ਨਗਰੀ ਨਾਉਂ ਧਰਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਨਾ ਕੋਈ ਮਾਤ ਬੁਝਾਇੰਦਾ। ਤ੍ਰੈਗੁਣ ਮਾਇਆ ਲਾਏ ਆਗ, ਪੰਜ ਤਤ ਰਹਿਣ ਨਾ ਪਾਇੰਦਾ। ਸਵਾਂਗੀ ਵਰਤੇ ਆਪਣਾ ਸਵਾਂਗ, ਅਛਲ ਅਛੱਲ ਕਰਾਇੰਦਾ। ਜੂਠ ਝੂਠ ਚੜ੍ਹੀ ਕਾਂਗ, ਪ੍ਰਭ ਸਾਚਾ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਵੇਖ ਵਖਾਇੰਦਾ। ਸੰਮਤ ਚੌਦਾਂ ਛੇੜਾਂ ਛੇੜ, ਨੌਂ ਖੰਡ ਪ੍ਰਿਥਮੀ ਰਿਹਾ ਜਗਾਈਆ। ਸੰਮਤ ਪੰਦਰਾਂ ਭੇੜ ਦੇਵੇ ਭੇੜ, ਦੋ ਧੜ ਰਿਹਾ ਕਰਾਈਆ। ਸੰਮਤ ਸੋਲਾਂ ਜੜ੍ਹ ਉਖੇੜ, ਥਾਨ ਨਿਥਾਵੇਂ ਦਏ ਕਰਾਈਆ। ਸੰਮਤ ਸਤਾਰਾਂ ਤੇਰਾ ਗੇੜ, ਜੀਵ ਜੰਤ ਭੁੱਲ ਨਾ ਸਕੇ ਰਾਈਆ। ਸੰਮਤ ਅਠਾਰਾਂ ਲਹਿਣਾ ਦੇਣਾ ਦਏ ਨਿਬੇੜ, ਜੂਠੇ ਝੂਠੇ ਮਾਤ ਰੁੜ੍ਹਾਈਆ। ਉਨੀ ਉਨੀਸਾ ਵੇਖੇ ਤੇਰਾ ਖੇੜ, ਅੱਲਾ ਹੂ ਹੂ ਨਾਅਰਾ ਕੋਈ ਨਾ ਲਾਈਆ। ਬੀਸ ਬੀਸਾ ਹੋਏ ਖੁਲ੍ਹਾ ਵਿਹੜ, ਹਰਿ ਜਗਦੀਸਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜਾਪ ਜਪਾਈਆ।