੧੮ ਫਗਣ ੨੦੧੭ ਬਿਕ੍ਰਮੀ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਬਾਊਪੁਰਾ ਜ਼ਿਲਾ ਗੁਰਦਾਸ ਪੁਰ
ਨਾਮ ਸੁਖਾਲਾ ਸਤਿਗੁਰ ਦੀਆ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਬੀਜਿਆ ਬੀਆ, ਅੰਮ੍ਰਿਤ ਫਲ ਆਪ ਲਗਾਈਆ। ਏਕੰਕਾਰਾ ਅੰਮ੍ਰਿਤ ਬਰਖੇ ਮੀਂਹਾ, ਮੇਘ ਮੇਘਲਾ ਧਾਰ ਵਹਾਈਆ। ਆਦਿ ਨਿਰੰਜਣ ਨਿਰਮਲ ਕਰੇ ਜੀਆ, ਅਗਿਆਨ ਅੰਧੇਰ ਗਵਾਈਆ। ਹਰਿਜਨ ਬਣਾਏ ਸਾਚੀ ਨੀਂਹਾ, ਨੇਂਹੁ ਚਰਨ ਕਵਲ ਜਨ ਲਾਈਆ। ਸ੍ਰੀ ਭਗਵਾਨ ਲਹਿਣਾ ਦੇਣ ਚੁਕਾਏ ਸਾਢੇ ਤਿੰਨ ਹੱਥ ਸੀਆ, ਧਰਤ ਧਵਲ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਗੁਰਸਿਖ ਸੁਵਾਣੀ ਮਿਲਿਆ ਏਕਾ ਮੀਆਂ, ਮਿਲ ਬਹਿ ਬਹਿ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਸਮਝਾਈਆ। ਸਾਚਾ ਨਾਉਂ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇੰਦਾ। ਜੁਗਾ ਜੁਗੰਤਰ ਵਰਤੇ ਸਤਿ ਵਰਤਾਰ, ਆਦਿ ਜੁਗਾਦੀ ਆਪ ਵਰਤਾਇੰਦਾ। ਬ੍ਰਹਮ ਬ੍ਰਹਿਮਾਦੀ ਬੋਲ ਜੈਕਾਰ, ਨਾਦ ਅਨਾਦੀ ਆਪ ਸੁਣਾਇੰਦਾ। ਆਤਮ ਸਾਧੀ ਵਿਚ ਸੰਸਾਰ, ਜੀਵ ਜੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਉਂ ਆਪ ਰਖਾਇੰਦਾ। ਏਕਾ ਨਾਉਂ ਪੁਰਖ ਅਗੰਮ, ਆਪਣਾ ਆਪ ਉਪਾਈਆ। ਆਪੇ ਜਾਣੇ ਆਪਣਾ ਕੰਮ, ਕਰਤਾ ਪੁਰਖ ਕਾਰ ਕਮਾਈਆ। ਜਨ ਭਗਤਾਂ ਰਸਨਾ ਜਿਹਵਾ ਪਵਣ ਸਵਾਸ ਚਲੇ ਦਮਾਂ ਦਮ, ਆਪਣੀ ਧਾਰ ਆਪ ਚਲਾਈਆ। ਹਰਿਜਨ ਬੇੜਾ ਦੇਵੇ ਬੰਨ੍ਹ, ਬੰਨ੍ਹਣਹਾਰ ਸੱਚਾ ਸ਼ਹਿਨਸ਼ਾਹੀਆ। ਆਪਣਾ ਨਾਉਂ ਸੁਣਾਏ ਰਾਗ ਕੰਨ, ਰਾਗ ਰਾਗਨੀ ਮੁਖ ਸ਼ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਹਰਿ ਨਿੰਰਕਾਰਾ, ਹਰਿ ਹਰਿ ਸਾਚਾ ਆਪ ਉਪਾਇੰਦਾ। ਸਚਖੰਡ ਨਿਵਾਸੀ ਖੋਲ੍ਹ ਕਿਵਾੜਾ, ਥਿਰ ਘਰ ਸਾਚੇ ਆਪ ਬਹਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਨਾਉਂ ਬਣਾਏ ਸਾਚਾ ਲਾੜਾ, ਸਾਚਾ ਸਗਨ ਆਪ ਮਨਾਇੰਦਾ। ਵੇਖ ਵਖਾਏ ਦੋ ਜਹਾਨਾਂ ਲੋਕਮਾਤ ਜਗਤ ਅਖਾੜਾ, ਨਵ ਸਤ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਧਰਾਇੰਦਾ। ਆਪਣਾ ਨਾਉਂ ਆਪ ਪਰਗਟਾ, ਹਰਿ ਆਪੇ ਵੇਖ ਵਖਾਇੰਦਾ। ਸਾਚੇ ਮੰਦਰ ਦਏ ਵਸਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਸਾਚਾ ਰੂਪ ਆਪ ਚੜ੍ਹਾ, ਅਨੂਪ ਸੋਭਾ ਪਾਇੰਦਾ। ਚਾਰੋਂ ਕੁੰਟ ਹੋ ਰੁਸ਼ਨਾ, ਦਹਿ ਦਿਸ਼ਾ ਡਗਮਗਾਇੰਦਾ। ਬ੍ਰਹਿਮੰਡ ਖੰਡ ਰਾਗ ਅਲਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਜੁਗਾ ਜੁਗੰਤਰ ਵੇਸ ਵਟਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਪੰਜ ਤੱਤ ਕਾਇਆ ਚੋਲਾ ਲਏ ਹੰਢਾ, ਜਾਗਰਤ ਜੋਤ ਆਪ ਜਗਾਇੰਦਾ। ਆਪਣੀ ਗੰਢ ਆਪਣੀ ਕੰਨੀ ਲਏ ਪਵਾ, ਕ਼ੁਦਰਤ ਕ਼ਾਦਰ ਖੇਲ ਖਿਲਾਇੰਦਾ। ਆਪਣੀ ਵੰਨੀ ਆਪੇ ਲਏ ਪਰਨਾ, ਪਾਰਬ੍ਰਹਮ ਭੇਵ ਨਾ ਆਇੰਦਾ। ਆਪਣੀ ਛੱਪਰ ਛੰਨ ਡੇਰਾ ਲਾ, ਸਾਚੇ ਮੰਦਰ ਸੋਭਾ ਪਾਇੰਦਾ। ਦੁੱਖ ਦਰਦ ਭੈ ਭੰਜਨ ਆਪਣੀ ਸੇਵਾ ਆਪ ਕਮਾ, ਸੇਵਕ ਸੇਵਾ ਚਾਕਰ ਪਾਖਾਕ ਆਪਣਾ ਨਾਉਂ ਧਰਾਇੰਦਾ। ਆਪਣੇ ਮਜਨ ਸਾਚੀ ਧੂੜੀ ਆਪ ਨਹਾ, ਚਰਨ ਚਰਨੋਦਕ ਸਰ ਸਰੋਵਰ ਇਕ ਸੁਹਾਇੰਦਾ। ਆਪਣਾ ਬੰਧਨ ਆਪੇ ਪਾ, ਆਪਣਾ ਨਾਉਂ ਏਕਾ ਡੋਰੀ ਹੱਥ ਰਖਾਇੰਦਾ। ਆਪਣਾ ਛੰਦਨ ਆਪੇ ਗਾ, ਪੁਰਖ ਅਕਾਲਾ ਦੀਨ ਦਿਆਲਾ ਸਾਚਾ ਢੋਲਾ ਆਪੇ ਗਾਇੰਦਾ। ਆਪਣਾ ਨਾਉਂ ਤਨ ਸਾਚੀ ਮਾਲਾ ਪਾ, ਮਣਕਾ ਮਣਕਾ ਨਾ ਕੋਈ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਦ੍ਰਿੜਾਇੰਦਾ। ਸਾਚਾ ਨਾਉਂ ਇਕ ਦ੍ਰਿੜਾਏ, ਮਹਿਮਾ ਅਕਥ ਕਥੀ ਨਾ ਜਾਈਆ। ਜੁਗਾ ਜੁਗੰਤਰ ਆਪ ਵਰਤਾਏ, ਗੁਰ ਅਵਤਾਰ ਸੇਵਾ ਲਾਈਆ। ਭਗਤ ਭਗਵੰਤ ਝੋਲੀ ਪਾਏ, ਦੂਸਰ ਹੱਥ ਨਾ ਕਿਸੇ ਆਈਆ। ਸਾਚੇ ਸੰਤ ਲਏ ਜਗਾਏ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਗੁਰਮੁਖ ਵਿਰਲੇ ਬੂਝ ਬੁਝਾਏ, ਅੰਤਰ ਆਤਮ ਏਕਾ ਦ੍ਰਿਸ਼ਟ ਖੁਲ੍ਹਾਈਆ। ਗੁਰਸਿਖ ਸਾਚੇ ਲਏ ਉਠਾਏ, ਜਿਸ ਜਨ ਆਪਣੀ ਦਯਾ ਕਮਾਈਆ। ਆਪਣਾ ਨਾਉਂ ਆਪਣੇ ਹੱਟ ਵਿਕਾਏ, ਜਗਤ ਹੱਟ ਨਾ ਕੋਈ ਤੁਲਾਈਆ। ਤੀਰਥ ਤਟ ਕਿਸੇ ਹੱਥ ਨਾ ਆਏ, ਗੰਗਾ ਗੋਦਾਵਰੀ ਸੁਰਸਤੀ ਜਮਨਾ ਨੀਰ ਰਹੀ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਨਾਉਂ ਆਪ ਰਖਾਏ, ਪਰਗਟ ਥਾਉਂ ਥਾਈਂਆ। ਆਪਣਾ ਬੰਕ ਆਪ ਸੁਹਾਏ ਥਾਨ ਥਨੰਤਰ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਈਆ। ਪਾਰਬ੍ਰਹਮ ਪ੍ਰਭ ਸਾਚਾ ਕੰਤ, ਦਰ ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਬਣਾਏ ਆਪਣੀ ਬਣਤ, ਬਣਤ ਬਨਵਾਰੀ ਆਪ ਬਣਾਇੰਦਾ। ਸ੍ਰੀ ਭਗਵਾਨ ਮਹਿਮਾ ਅਗਣਤ, ਲੇਖਾ ਲੇਖ ਨਾ ਕੋਈ ਜਣਾਇੰਦਾ। ਏਕੰਕਾਰ ਕਰੇ ਖੇਲ ਵਾਰ ਅੰਤ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਮੇਲ ਮਿਲਾਏ ਸਾਚੇ ਸੰਤ, ਸੰਤ ਸਤਿਗੁਰ ਵੇਖ ਵਖਾਇੰਦਾ। ਆਦਿ ਨਿਰੰਜਣ ਜੋਤ ਜਗਾਏ ਜੀਵ ਜੰਤ, ਲੱਖ ਚੁਰਾਸੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਨਾਉਂ ਇਕ ਸਮਝਾਇੰਦਾ। ਸਾਚਾ ਨਾਉਂ ਹਰਿ ਸੁਖਾਲਾ, ਆਦਿ ਜੁਗਾਦਿ ਉਪਾਇਆ। ਨਾਤਾ ਤੋੜੇ ਕਾਲ ਮਹਾਕਾਲਾ, ਭੈ ਭਿਆਨਕ ਹੋਏ ਸਹਾਇਆ। ਦੋ ਜਹਾਨਾਂ ਹੋਏ ਦਲਾਲਾ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਤ੍ਰੈਗੁਣ ਮਾਇਆ ਤੋੜੇ ਜੰਜਾਲਾ, ਜੀਵਣ ਜੁਗਤ ਆਪਣੇ ਹੱਥ ਰਖਾਇਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲਾ, ਜਿਸ ਜਨ ਆਪਣਾ ਨਾਮ ਬੁਝਾਇਆ। ਗੁਰਮੁਖ ਉਠਾਏ ਸਾਚੇ ਲਾਲਾ, ਲਾਲ ਅਨਮੁਲੜੇ ਆਪਣੀ ਗੋਦ ਰਖਾਇਆ। ਦੀਪਕ ਜੋਤੀ ਏਕਾ ਬਾਲਾ, ਅਗਿਆਨ ਅੰਧੇਰ ਚੁਕਾਇਆ। ਤਨ ਪਹਿਨਾਏ ਆਪਣੀ ਮਾਲਾ, ਆਪਣਾ ਨਾਉਂ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸੁਖਾਲਾ ਦਏ ਸਮਝਾਇਆ। ਨਾਮ ਸੁਖਾਲਾ ਹਰਿ ਚਰਨ ਦਵਾਰਾ, ਦੂਸਰ ਅਵਰ ਨਾ ਕੋਈ ਜਣਾਈਆ। ਗੁਰ ਗੁਰ ਰੂਪ ਇਕ ਨਿਰੰਕਾਰਾ, ਨਰ ਨਰਾਇਣ ਵਡੀ ਵਡਿਆਈਆ। ਠਾਂਡਾ ਸੀਤਾ ਧੁਰ ਦਰਬਾਰਾ, ਸਚਖੰਡ ਵੱਜੇ ਵਧਾਈਆ। ਖੇਲ ਕਰੇ ਕਰਨੇਹਾਰਾ, ਅਲਖ ਅਗੋਚਰ ਬੇਪਰਵਾਹੀਆ। ਅੰਨ ਦਾਤਾ ਹੋ ਉਜਿਆਰਾ, ਨਿਰਵੈਰ ਰੂਪ ਧਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਲਤਾੜ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾ ਲੇਖਾ ਜਾਣੇ ਆਰ ਪਾਰ, ਪਾਰ ਆਰ ਆਪਣੀ ਧਾਰ ਚਲਾਈਆ। ਲੱਖ ਚੁਰਾਸੀ ਕੰਤ ਭਤਾਰ, ਈਸ਼ ਜੀਵ ਵਡੀ ਵਡਿਆਈਆ। ਜਗਤ ਜਗਦੀਸ਼ ਸਾਂਝਾ ਯਾਰ, ਲੋਕਮਾਤ ਕਰੇ ਰੁਸ਼ਨਾਈਆ। ਰਾਗ ਛਤੀਸ ਕਰੇ ਪੁਕਾਰ, ਉਚੀ ਕੂਕੇ ਦਏ ਦੁਹਾਈਆ। ਹਰਿ ਕਾ ਨਾਉਂ ਅਪਰ ਅਪਾਰ, ਗੁਰ ਅਵਤਾਰ ਰਹੇ ਸਾਲਾਹੀਆ। ਜਿਸ ਜਨ ਬਖ਼ਸ਼ੇ ਕਰ ਪਿਆਰ, ਵਸਤ ਅਮੋਲਕ ਝੋਲੀ ਪਾਈਆ। ਗੁਰਸਿਖ ਮੰਗੇ ਨਾ ਕੋਈ ਦਵਾਰ, ਦੂਸਰ ਓਟ ਨਾ ਕੋਈ ਤਕਾਈਆ। ਰਾਹ ਸੁਖਾਲਾ ਦਰਸ ਦੀਦਾਰ, ਨੇਤਰ ਲੋਚਣ ਆਪ ਕਰਾਈਆ। ਸ਼ਾਹ ਕੰਗਾਲ ਬਹਾਏ ਇਕ ਦਰਬਾਰ, ਊਚ ਨੀਚ ਨਾ ਕੋਈ ਵਡਿਆਈਆ। ਘਾੜਨ ਘੜੇ ਸੱਚਾ ਸੁਨਿਆਰ, ਜਗਤ ਠਠਿਆਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਨਾਉਂ ਇਕ ਵਡਿਆਈਆ। ਸਾਚਾ ਨਾਉਂ ਆਤਮ ਰਸ, ਹਰਿ ਸਤਿਗੁਰ ਸਤਿ ਸਮਝਾਇੰਦਾ। ਸਾਚਾ ਨਾਉਂ ਹਰਿ ਹਿਰਦੇ ਜਾਏ ਵਸ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਹਰਿ ਕਾ ਨਾਉਂ ਮੇਟੇ ਰੈਣ ਅੰਧੇਰੀ ਮਸ, ਸਾਚਾ ਨੂਰ ਇਕ ਚਮਕਾਇੰਦਾ। ਹਰਿ ਕਾ ਨਾਉਂ ਮਾਰਗ ਦੇਵੇ ਦੱਸ, ਲੱਖ ਚੁਰਾਸੀ ਪੰਧ ਮੁਕਾਇੰਦਾ। ਹਰਿ ਕਾ ਨਾਉਂ ਤੀਰ ਅਨਿਆਲਾ ਮਾਰੇ ਕਸ, ਬਜਰ ਕਪਾਟੀ ਪਾਰ ਕਰਾਇੰਦਾ। ਹਰਿ ਕਾ ਨਾਉਂ ਸੁਣ ਝੂਠਾ ਮੰਦਰ ਜਾਏ ਢਠ, ਸਾਚੇ ਮੰਦਰ ਸੋਭਾ ਪਾਇੰਦਾ। ਹਰਿ ਕਾ ਨਾਉਂ ਪੁਰਖ ਸਮਰਥ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਹਰਿ ਕਾ ਨਾਉਂ ਜੁਗ ਜੁਗ ਚਲਾਏ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਹਰਿ ਕਾ ਨਾਉਂ ਏਕਾ ਸਾਚੀ ਵਥ, ਜਨ ਭਗਤਾਂ ਝੋਲੀ ਪਾਇੰਦਾ। ਹਰਿ ਕਾ ਨਾਉਂ ਕਰੇ ਪ੍ਰਕਾਸ਼ ਜੋਤੀ ਲਟ ਲਟ, ਜੋਤ ਜਵਾਲਾ ਡਗਮਗਾਇੰਦਾ। ਹਰਿ ਕਾ ਨਾਉਂ ਏਕਾ ਘਰ ਵਖਾਏ ਚੌਦਾਂ ਹੱਟ, ਚੌਦਾਂ ਲੋਕ ਮੁਖ ਭਵਾਇੰਦਾ। ਹਰਿ ਕਾ ਨਾਉਂ ਤਨ ਪਹਿਨਾਏ ਸਾਚਾ ਪਟ, ਸਤਿ ਦੁਸ਼ਾਲਾ ਇਕ ਵਖਾਇੰਦਾ। ਹਰਿ ਕਾ ਨਾਉਂ ਪਾਰ ਕਰਾਏ ਆਨ ਬਾਟ, ਮਾਤ ਗਰਭ ਫੰਦ ਕਟਾਇੰਦਾ। ਹਰਿ ਕਾ ਨਾਉਂ ਕਿਸੇ ਨਾ ਵਸੇ ਛੱਪਰੀ ਛੱਤ, ਚਾਰ ਦੀਵਾਰ ਬੰਦ ਨਾ ਕੋਈ ਕਰਾਇੰਦਾ। ਹਰਿ ਕਾ ਨਾਉਂ ਕਿਸੇ ਨਾ ਉਪਜੇ ਮਾਨਸ ਰਤ, ਰਕਤ ਬੂੰਦ ਨਾ ਕੋਈ ਰਖਾਇੰਦਾ। ਹਰਿ ਕਾ ਨਾਉਂ ਮੇਲ ਮਿਲਾਏ ਕਮਲਾਪਤ, ਸੋ ਪੁਰਖ ਨਿਰੰਜਣ ਦਯਾ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਨਾਉਂ ਆਪ ਧਰਾਇੰਦਾ। ਸਾਚਾ ਨਾਉਂ ਆਪ ਧਰਾ, ਧਰਨੀ ਧਰਤ ਧਵਲ ਦਏ ਵਡਿਆਈਆ। ਜੁਗਾ ਜੁਗੰਤਰ ਵੇਸ ਵਟਾ, ਲੋਕਮਾਤ ਕਰੇ ਖੇਲ ਬੇਪਰਵਾਹੀਆ। ਭਗਤ ਭਗਵੰਤ ਲਏ ਉਠਾ, ਸੇਵਕ ਸਾਚੀ ਸੇਵ ਕਮਾਈਆ। ਸਾਚੇ ਸੰਤ ਲਏ ਮਿਲਾ, ਸੰਤ ਸੁਹੇਲਾ ਇਕ ਹੋ ਜਾਈਆ। ਗੁਰਮੁਖ ਸੱਜਣ ਲਏ ਹਲਾ, ਨਾਮ ਹੁਲਾਰਾ ਏਕਾ ਲਾਈਆ। ਗੁਰਸਿਖ ਗੋਦੀ ਲਏ ਬਹਾ, ਅੰਗੀਕਾਰ ਆਪ ਕਰਾਈਆ। ਸਾਚੀ ਸੋਟੀ ਹੱਥ ਉਠਾ, ਨਾਮ ਖੰਡਾ ਇਕ ਚਮਕਾਈਆ। ਕੋਟਨ ਕੋਟੀ ਜੀਵ ਦਏ ਤੜਫਾ, ਆਪਣਾ ਨਾਮ ਨਾ ਕਿਸੇ ਬੁਝਾਈਆ। ਜਿਸ ਜਨ ਆਪਣੀ ਦਇਆ ਦਏ ਕਮਾ, ਏਕਾ ਨਾਮ ਦਏ ਸਮਝਾਈਆ। ਗੁਰਸਿਖ ਭੁੱਲੇ ਕਦੇ ਨਾ ਰਾਹ, ਸਾਚਾ ਮਾਰਗ ਇਕ ਰਖਾਈਆ। ਹਰਿ ਕਾ ਨਾਉਂ ਬਣਾਏ ਹੰਸ ਕਾਂ, ਕਾਗੋਂ ਹੰਸ ਆਪ ਉਡਾਈਆ। ਹਰਿ ਕਾ ਨਾਉਂ ਪਿਤਾ ਮਾਂ, ਸਭ ਥਾਈਂ ਹੋਏ ਸਹਾਈਆ। ਹਰਿ ਕਾ ਨਾਉਂ ਦੇਵੇ ਠੰਡੀ ਛਾਂ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਮ ਆਪ ਰਖਾਈਆ। ਹਰਿ ਕਾ ਨਾਉਂ ਗਹਿਰ ਗੰਭੀਰ, ਗੁਣਵੰਤ ਆਪ ਉਪਾਇਆ। ਹਰਿਜਨ ਕਰੇ ਸਾਂਤ ਸਰੀਰ, ਸਾਂਤਕ ਸਤਿ ਸਤਿ ਕਰਾਇਆ। ਮਨ ਮਤ ਬੁੱਧ ਦੇਵੇ ਧੀਰ, ਸਤਿ ਸੰਤੋਖ ਆਪ ਸਮਝਾਇਆ। ਅੰਮ੍ਰਿਤ ਆਤਮ ਬਖ਼ਸ਼ੇ ਸਾਚਾ ਨੀਰ, ਨਿਰਮਲ ਸੀਰ ਆਪ ਪਿਆਇਆ। ਜਗਤ ਵਿਕਾਰਾ ਕਟੇ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਧਰਾਇਆ। ਨਾਮ ਧਰਾਏ ਹਰਿ ਕਰਤਾਰਾ, ਕਰਤਾ ਪੁਰਖ ਵਡੀ ਵਡਿਆਈਆ। ਦਰਸ ਦਿਖਾਏ ਦਰ ਦੀਦਾਰਾ, ਦੀਨਾਂ ਨਾਥ ਦਇਆ ਕਮਾਈਆ। ਆਪ ਵਿਚੋਲਾ ਸਿਰਜਣਹਾਰਾ, ਦੂਜਾ ਸੰਗ ਨਾ ਕੋਇ ਰਖਾਈਆ। ਆਦਿ ਜੁਗਾਦੀ ਸਾਚੀ ਕਾਰਾ, ਜੁਗਾ ਜੁਗੰਤਰ ਆਪ ਕਮਾਈਆ। ਜਗਤ ਬਸੰਤਰ ਧੂਆਂਧਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਸਾਕ ਸੈਣ ਨਾ ਕੋਇ ਦਸਾਈਆ। ਮਾਤ ਪਿਤ ਨਾ ਕੋਇ ਪਿਆਰਾ, ਦਏ ਸਹਾਰਾ ਨਾ ਭੈਣ ਭਾਈਆ। ਹਰਿ ਕਾ ਨਾਉਂ ਵਸਤ ਹਰਿ ਥਾਰਾ, ਸਤਿ ਪੁਰਖ ਨਿਰੰਜਣ ਆਪ ਜਣਾਈਆ। ਡੁਬਦੇ ਪਾਥਰ ਲਾਏ ਪਾਰਾ, ਪਾਹਨ ਆਪਣਾ ਭਾਰ ਚੁਕਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਨੇਤਰ ਰੋਵੇ ਜਗਤ ਸ਼ਾਹੀਆ। ਸਾਕਤ ਨਿੰਦਕ ਦੁਸ਼ਟ ਨਾ ਕਿਸੇ ਵਿਚਾਰਾ, ਗੁਰਮੁਖ ਵਿਰਲੇ ਬੂਝ ਬੁਝਾਈਆ। ਸਤਿਜੁਗ ਤ੍ਰੇਤਾ ਦਵਾਪਰ ਮੰਗਦੇ ਆਏ ਬਣ ਬਣ ਭਿਖਾਰਾ, ਗੁਰ ਅਵਤਾਰ ਭਗਤ ਭਗਵੰਤ ਅੱਗੇ ਝੋਲੀ ਡਾਹੀਆ। ਦੋਏ ਦੋਏ ਜੋੜ ਕਰਨ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਨੇਤਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਪੁਕਾਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਸਚਖੰਡ ਵਸਣਹਾਰਾ ਏਕੰਕਾਰਾ, ਏਕਾ ਕਿਰਨ ਕੋਟਨ ਕੋਟ ਬ੍ਰਹਿਮੰਡ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਉਪਾਈਆ। ਏਕਾ ਨਾਉਂ ਹਰਿ ਨਿਰੰਕਾਰ, ਸਤਿ ਪੁਰਖ ਨਿਰੰਜਣ ਆਪ ਉਪਾਇਆ। ਏਕਾ ਨਾਉਂ ਸ਼ਬਦ ਧਾਰ, ਸ਼ਬਦੀ ਸ਼ਬਦ ਆਪ ਸਮਾਇਆ। ਏਕਾ ਨਾਉਂ ਵਿਸ਼ਨ ਬ੍ਰਹਮਾ ਸ਼ਿਵ ਲਏ ਉਧਾਰ, ਏਕਾ ਨਾਉਂ ਆਪਣਾ ਮੰਤਰ ਨਾਮ ਦ੍ਰਿੜਾਇਆ। ਏਕਾ ਨਾਉਂ ਭਰੇ ਭੰਡਾਰ, ਵਿਸ਼ਨ ਝੋਲੀ ਆਪ ਭਰਾਇਆ। ਏਕਾ ਨਾਉਂ ਬੋਲ ਜੈਕਾਰ, ਬ੍ਰਹਮਾ ਵੇਤਾ ਲਏ ਸਮਝਾਇਆ। ਏਕਾ ਨਾਉਂ ਲੇਖਾ ਜਾਣੇ ਵੇਦ ਚਾਰ, ਚਾਰੇ ਮੁਖ ਏਕਾ ਗਾਇਆ। ਏਕਾ ਨਾਉਂ ਸ਼ੰਕਰ ਧਾਰ, ਧੂਆਂਧਾਰ ਆਪ ਸਮਾਇਆ। ਏਕਾ ਨਾਉਂ ਤ੍ਰੈਗੁਣ ਵਿਚਾਰ, ਤ੍ਰੈਗੁਣ ਮਾਇਆ ਲਏ ਪਰਗਟਾਇਆ। ਏਕਾ ਨਾਉਂ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪਾਏ ਸਾਰ, ਪੰਚਮ ਮੇਲਾ ਸਹਿਜ ਸੁਭਾਇਆ। ਏਕਾ ਨਾਉਂ ਪੰਜ ਤੱਤ ਕਰੇ ਆਕਾਰ, ਏਕਾ ਨਾਉਂ ਪੰਝੀ ਪ੍ਰਕਿਰਤੀ ਵੰਡ ਵੰਡਾਇਆ। ਏਕਾ ਨਾਉਂ ਰਵ ਸਸ ਕਰੇ ਉਜਿਆਰ, ਏਕਾ ਜੋਤੀ ਜੋਤ ਕਰੇ ਰੁਸ਼ਨਾਇਆ। ਏਕਾ ਨਾਉਂ ਨਾਰੀ ਕੰਤ ਖੇਲੇ ਖੇਲ ਅਪਰ ਅਪਾਰ, ਏਕਾ ਨਾਉਂ ਸੇਜ ਹੰਢਾਇਆ। ਏਕਾ ਨਾਉਂ ਅੰਦਰ ਬਾਹਰ ਗੁਪਤ ਜ਼ਾਹਰ, ਏਕਾ ਨਾਉਂ ਜਨਨੀ ਜਨ ਗੋਦ ਬਹਾਇਆ। ਏਕਾ ਨਾਉਂ ਦਾਈ ਦਾਇਆ ਬਣੇ ਸੇਵਾਦਾਰ, ਸੇਵਕ ਸੇਵਾਦਾਰਾ ਰੂਪ ਪਰਗਟਾਇਆ। ਏਕਾ ਨਾਉਂ ਲੱਖ ਚੁਰਾਸੀ ਭਾਂਡੇ ਘੜੇ ਬਣ ਠਠਿਆਰ, ਏਕਾ ਨਾਉਂ ਚਾਰੇ ਖਾਣੀ ਵੰਡ ਵੰਡਾਇਆ। ਏਕਾ ਨਾਉਂ ਚਾਰੇ ਬਾਣੀ ਲਏ ਉਚਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਦਏ ਸੁਣਾਇਆ। ਏਕਾ ਨਾਉਂ ਚਾਰੇ ਜੁਗ ਵੰਡਣ ਵੰਡੇ ਸੰਸਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਉਂ ਧਰਾਇਆ। ਏਕਾ ਨਾਉਂ ਚਾਰੇ ਵਰਨਾਂ ਖੇਲ ਕਰੇ ਅਪਰ ਅਪਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣਾ ਰੰਗ ਰੰਗਾਇਆ। ਏਕਾ ਨਾਉਂ ਕਾਇਆ ਮੰਦਰ ਅੰਦਰ ਕਰ ਪਸਾਰ, ਡੂੰਘੀ ਕੰਦਰ ਨਾਦ ਸੁਣਾਇਆ। ਏਕਾ ਨਾਉਂ ਅਨਹਦ ਸ਼ਬਦ ਸੱਚੀ ਧੁੰਨਕਾਰ, ਏਕਾ ਨਾਉਂ ਪੰਚਮ ਸਖ਼ੀਆਂ ਮੰਗਲ ਬਹਿ ਬਹਿ ਗਾਇਆ। ਏਕਾ ਨਾਉਂ ਆਤਮ ਬ੍ਰਹਮ ਦਏ ਆਧਾਰ, ਏਕਾ ਨਾਉਂ ਈਸ਼ ਜੀਵ ਮਿਲਾਇਆ। ਏਕਾ ਨਾਉਂ ਵਸੇ ਸਚਖੰਡ ਸੱਚੇ ਦਵਾਰ, ਏਕਾ ਨਾਉਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪ ਸਮਾਇਆ। ਏਕਾ ਨਾਉਂ ਜੁਗ ਜੁਗ ਲੋਕਮਾਤ ਹੋਏ ਉਜਿਆਰ, ਪੰਜ ਤੱਤ ਚੋਲਾ ਤਨ ਹੰਢਾਇਆ। ਏਕਾ ਨਾਉਂ ਖੇਲ ਕਰੇ ਆਪ ਨਿਰੰਕਾਰ, ਨਿਰਗੁਣ ਸਰਗੁਣ ਰੂਪ ਧਰਾਇਆ। ਏਕਾ ਨਾਉਂ ਪਾਰਬ੍ਰਹਮ ਬ੍ਰਹਮ ਦਏ ਆਧਾਰ, ਭੇਵ ਅਭੇਦਾ ਆਪ ਰਖਾਇਆ। ਏਕਾ ਨਾਉਂ ਜੁਗਾ ਜੁਗੰਤਰ ਕਰੇ ਸਾਚੀ ਕਾਰ, ਕਰਤਾ ਪੁਰਖ ਆਪਣੀ ਕਾਰ ਕਰਾਇਆ। ਏਕਾ ਨਾਉਂ ਭਗਤ ਭਗਵੰਤ ਲਏ ਉਭਾਰ, ਏਕਾ ਨਾਉਂ ਸਾਚੇ ਸੰਤਾਂ ਰਾਗ ਸੁਣਾਇਆ। ਏਕਾ ਨਾਉਂ ਗੁਰਮੁਖ ਸਾਚੇ ਪਾਏ ਸਾਰ, ਏਕਾ ਨਾਉਂ ਗੁਰਸਿਖ ਆਪਣੇ ਰੰਗ ਰੰਗਾਇਆ। ਏਕਾ ਨਾਉਂ ਸਤਿਜੁਗ ਸਾਚੇ ਕਰੇ ਪਿਆਰ, ਏਕਾ ਮੰਤਰ ਨਾਮ ਸੁਣਾਇਆ। ਏਕਾ ਨਾਉਂ ਤ੍ਰੇਤਾ ਤਿਰੀਆ ਕਰੇ ਵਿਚਾਰ, ਦੋਏ ਦੋਏ ਲੇਖਾ ਜੋੜ ਜੁੜਾਇਆ। ਏਕਾ ਨਾਉਂ ਦਵਾਪਰ ਹੋਏ ਉਜਿਆਰ, ਤ੍ਰੈਗੁਣ ਮਾਇਆ ਮੂਲ ਚੁਕਾਇਆ। ਏਕਾ ਨਾਉਂ ਚੌਥੇ ਜੁਗ ਵਰਤੇ ਵਰਤਾਰ, ਘਰ ਘਰ ਆਪਣਾ ਡੰਕ ਸੁਣਾਇਆ। ਏਕਾ ਨਾਉਂ ਕਰੇ ਸਰਬ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇਆ। ਏਕਾ ਅੱਖਰ ਉਚੇ ਟਿੱਲੇ ਚੜ੍ਹ ਕਬੀਰਾ ਕੂਕੇ ਵਾਰੋ ਵਾਰ, ਕੰਚਨ ਗੜ੍ਹ ਮਹੱਲ ਅਟਲ ਸੋਭਾ ਪਾਇਆ। ਏਕਾ ਨਾਉਂ ਸਤਿਨਾਮ ਕਰ ਵਰਤਾਰ, ਸਤਿਗੁਰ ਪੂਰਾ ਸਾਚਾ ਮਾਰਗ ਦਏ ਵਖਾਇਆ। ਏਕਾ ਨਾਉਂ ਨਾਨਕ ਗਾਏ ਨਿਰੰਕਾਰ ਨਿਰੰਕਾਰ ਨਿਰੰਕਾਰ, ਨਿਰਗੁਣ ਆਪਣਾ ਰੂਪ ਧਰਾਇਆ। ਏਕਾ ਨਾਉਂ ਏਕਾ ਘਰ ਪਾਵੇ ਸਾਰ, ਏਕਾ ਮੰਦਰ ਦਏ ਸੁਹਾਇਆ। ਏਕਾ ਨਾਉਂ ਰਾਹ ਤੱਕੇ ਸਾਚੇ ਯਾਰ, ਜੁਗ ਜੁਗ ਆਪਣਾ ਨੈਣ ਉਠਾਇਆ। ਏਕਾ ਨਾਉਂ ਮੰਗੇ ਮੰਗ ਭਿਖਾਰ, ਅੱਗੇ ਆਪਣੀ ਝੋਲੀ ਡਾਹਿਆ। ਏਕਾ ਨਾਉਂ ਵਰ ਮੰਗੇ ਕੰਤ ਭਤਾਰ, ਹਰਿ ਸਾਚਾ ਲਏ ਪਰਨਾਇਆ। ਕਲਜੁਗ ਅੰਤਮ ਆਈ ਵਾਰ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਆਪਣੇ ਨਾਉਂ ਕਰੇ ਆਪ ਪਿਆਰ, ਲੋਕਮਾਤ ਵੇਖ ਵਖਾਇਆ। ਆਪੇ ਦੇਵੇ ਗੁਰਸਿਖਾਂ ਦਰਸ ਦੀਦਾਰ, ਬਿਨ ਦੀਦਾਰ ਦਰਸ ਹਰਸ ਮਿਟ ਕਦੇ ਨਾ ਜਾਇਆ। ਆਪੇ ਆਪਣੇ ਨਾਉਂ ਕਰੇ ਪਿਆਰ, ਪ੍ਰੀਤਮ ਪਿਆਰਾ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਦਏ ਵਡਿਆਇਆ। ਹਰਿ ਨਾਉਂ ਵਡਿਆਈ ਚਾਰ ਜੁਗ, ਜੁਗ ਕਰਤਾ ਆਪ ਦਿਵਾਈਆ। ਹਰਿ ਨਾਉਂ ਵਡਿਆਈ ਗੁਰਸਿਖ ਸੁੱਤ, ਸਤਿਗੁਰ ਪੂਰਾ ਆਪ ਵਡਿਆਈਆ। ਹਰਿ ਨਾਉਂ ਵਡਿਆਈ ਸੁਹਾਏ ਰੁੱਤ, ਭਿਨੜੀ ਰੈਣ ਨਾਲ ਰਲਾਈਆ। ਹਰਿ ਨਾਉਂ ਵਡਿਆਈ ਮਿਲੇ ਪਾਰਬ੍ਰਹਮ ਅਬਿਨਾਸ਼ੀ ਅਚੁਤ, ਰੂਪ ਅਨੂਪ ਧਰਾਈਆ। ਹਰਿ ਨਾਉਂ ਵਡਿਆਈ ਪੰਚ ਵਿਕਾਰਾ ਕੱਢੇ ਕੁੱਟ, ਜੂਠ ਝੂਠ ਦਏ ਮਿਟਾਈਆ। ਹਰਿ ਨਾਉਂ ਵਡਿਆਈ ਅੰਮ੍ਰਿਤ ਜਾਮ ਪਿਆਏ ਘੁਟ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਹਰਿ ਨਾਉਂ ਵਡਿਆਈ ਆਵਣ ਜਾਵਣ ਜਾਏ ਛੁੱਟ, ਬੰਧਨ ਬੰਧ ਨਾ ਕੋਇ ਭਵਾਈਆ। ਹਰਿ ਕਾ ਨਾਉਂ ਨਾ ਸਕੇ ਕੋਇ ਲੁੱਟ, ਕਲਜੁਗ ਠਗ ਚੋਰ ਯਾਰ ਬੈਠੇ ਮੁਖ ਭਵਾਈਆ। ਹਰਿ ਕਾ ਨਾਉਂ ਸਦਾ ਅਤੁੱਟ, ਨਿਖੁਟ ਕਦੇ ਨਾ ਜਾਈਆ। ਹਰਿ ਕਾ ਨਾਉਂ ਗੁਰਸਿਖ ਏਕਾ ਓਟ, ਸਦਾ ਸਦਾ ਹੋਏ ਸਹਾਈਆ। ਹਰਿ ਕਾ ਨਾਉਂ ਨਿਰਮਲ ਜੋਤ, ਘਰ ਨੂਰ ਜ਼ਹੂਰ ਰੁਸ਼ਨਾਈਆ। ਹਰਿ ਕਾ ਨਾਉਂ ਓਤ ਪੋਤ, ਪਿਤਾ ਪੂਤ ਵੰਸ ਇਕ ਵਖਾਈਆ। ਹਰਿ ਕਾ ਨਾਉਂ ਸਾਚਾ ਕਿਲਾ ਕੋਟ, ਸ਼ਸਤਰ ਅਸਤਰ ਨਾ ਕੋਇ ਘਾਈਆ। ਹਰਿ ਕਾ ਨਾਉਂ ਲੱਗੇ ਸਾਚੀ ਚੋਟ, ਗੋਬਿੰਦ ਨਗਾਰਾ ਇਕ ਵਜਾਈਆ। ਹਰਿ ਕਾ ਨਾਉਂ ਚੜ੍ਹਾਏ ਸਾਚੇ ਮੰਦਰ ਉਚੇ ਕੋਟ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਵਸਤ ਆਪਣੇ ਹੱਥ ਰਖਾਈਆ। ਨਾਮ ਵਸਤ ਹਰਿ ਸਿਰਜਣਹਾਰਾ, ਹਰਿਜਨ ਸਾਚੇ ਝੋਲੀ ਪਾਇੰਦਾ। ਹਰਿਜਨ ਦੇਵੇ ਦਰਸ ਦੀਦਾਰਾ, ਦ੍ਰਿਸ਼ਟ ਇਸ਼ਟ ਆਪ ਖੁਲ੍ਹਾਇੰਦਾ। ਸਾਚਾ ਨਾਮ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਇੰਦਾ। ਸਾਚਾ ਦਰਸ ਧੁਰ ਦਰਬਾਰਾ, ਧੁਰ ਦਰਗਾਹੀ ਆਪ ਕਰਾਇੰਦਾ। ਸਾਚਾ ਨਾਉਂ ਹਰਿਜਨ ਸਾਚਾ ਕਰੇ ਪਿਆਰਾ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਜਣਾਇੰਦਾ। ਸਾਚਾ ਮਾਰਗ ਰਾਹ ਸੁਖੱਲਾ, ਪਰਵਰਦਿਗਾਰ ਆਪ ਉਪਾਇਆ। ਗੁਰਮੁਖ ਆਸਣ ਸਚ ਸਿੰਘਾਸਣ ਆਪ ਮੱਲਾ, ਸਤਿ ਸਤਿਵਾਦੀ ਡੇਰਾ ਲਾਇਆ। ਕਰਿਆ ਖੇਲ ਅਛਲ ਅਛੱਲਾ, ਵਲ ਛਲਧਾਰੀ ਭੇਵ ਨਾ ਰਾਇਆ। ਵਸਣਹਾਰਾ ਜਲਾ ਥਲਾ, ਜਲ ਥਲ ਮਹੀਅਲ ਫੇਰਾ ਪਾਇਆ। ਹਰਿਜਨ ਜੋਤੀ ਆਪੇ ਰਲਾ, ਸ਼ਬਦੀ ਡੰਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇਆ। ਸਾਚਾ ਮਾਰਗ ਨਾਉਂ ਹਰਿ ਹਰਿ, ਬ੍ਰਹਮ ਪਾਰਬ੍ਰਹਮ ਮਿਲਾਈਆ। ਸੋਹੰ ਸ਼ਬਦ ਅੱਗੇ ਧਰ ਧਰ, ਧਰਤ ਧਵਲ ਦਏ ਸੁਹਾਈਆ। ਸਤਿਗੁਰ ਕਰਨੀ ਆਪਣੀ ਕਰ ਕਰ, ਗੁਰਮੁਖ ਕਿਰਤ ਲੇਖੇ ਪਾਈਆ। ਨਿਰਧਨ ਨਿਰਵੈਰ ਆਪੇ ਵਰ ਵਰ, ਆਪਣੇ ਅੰਗ ਲਗਾਈਆ। ਲੱਖ ਚੁਰਾਸੀ ਵਿਚੋਂ ਫੜ ਫੜ ਆਪਣੀ ਗੋਦ ਬਹਾਈਆ । ਆਪਣਾ ਨਾਉਂ ਆਪੇ ਪੜ੍ਹ ਪੜ੍ਹ, ਗੁਰਸਿਖਾਂ ਰਿਹਾ ਸੁਣਾਈਆ। ਆਪਣੀ ਅਗਨ ਆਪੇ ਸੜ ਸੜ, ਗੁਰਮੁਖਾਂ ਅੱਗ ਬੁਝਾਈਆ। ਆਪਣੇ ਪੌੜੇ ਆਪੇ ਚੜ੍ਹ ਚੜ੍ਹ, ਆਪਣਾ ਰੂਪ ਦਰਸਾਈਆ। ਆਪਣੀ ਹਿੰਮਤ ਆਪੇ ਹਰਿ ਹਰਿ, ਗੁਰਮੁਖਾਂ ਹਿੰਮਤ ਰਿਹਾ ਵਧਾਈਆ। ਆਪਣੀ ਕਿਰਪਾ ਆਪੇ ਕਰ ਕਰ, ਗੁਰਸਿੱਖਾਂ ਡਰ ਭੈ ਭੌ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਖਾਲਾ ਏਕਾ ਮਾਰਗ ਸੰਸਾਰ ਸਾਗਰ ਦਏ ਤਰਾਈਆ। ਸੰਸਾਰ ਸਾਗਰ ਡੂੰਘੀ ਧਾਰ, ਜੀਵ ਜੰਤ ਨਾ ਪਾਰ ਕਰਾਇੰਦਾ। ਨੌਂ ਚਾਰ ਆਈ ਹਾਰ, ਨਈਆ ਨੌਕਾ ਨਾ ਕੋਈ ਵਖਾਇੰਦਾ। ਖੇਵਟ ਖੇਟਾ ਸੁੱਤਾ ਪੈਰ ਪਸਾਰ, ਨੇਤਰ ਨੈਣ ਨਾ ਅੱਖ ਖੁਲ੍ਹਾਇੰਦਾ। ਭਵ ਸਾਗਰ ਵਗੇ ਵਹਿੰਦੀ ਧਾਰ, ਵੇਲੇ ਅੰਤ ਨਾ ਕੋਈ ਬਚਾਇੰਦਾ। ਝੂਠੀ ਗਾਗਰ ਜਗਤ ਪਿਆਰ, ਕਾਇਆ ਠੀਕਰ ਭੰਨ ਵਖਾਇੰਦਾ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਆਦਰ ਮਾਨਸ ਜਨਮ ਗਏ ਹਾਰ, ਹਰਿ ਕਾ ਰੂਪ ਨਾ ਕੋਈ ਦਰਸਾਇੰਦਾ। ਕ਼ੁਦਰਤ ਦਿਸੇ ਨਾ ਸਾਚਾ ਕ਼ਾਦਰ, ਕਰੀਮ ਕਰਮ ਨਾ ਕੋਈ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਰਾਹ ਵਖਾਇੰਦਾ। ਸਾਚਾ ਰਾਹ ਸਰਨ ਗੁਰ ਸਰਨਗਤ, ਚਰਨ ਕਵਲ ਧਿਆਨ ਵਖਾਈਆ। ਅੰਤ ਕੰਤ ਭਗਵੰਤ ਰੱਖੇ ਪਤ, ਪਤਿਪਰਮੇਸ਼ਵਰ ਹੋਏ ਸਹਾਈਆ। ਸੰਤ ਸਹੇਲੇ ਗੁਰਮੁਖ ਸੱਜਣ ਆਪ ਆਪਣੇ ਲਏ ਰੱਖ, ਤੱਤੀ ਵਾਓ ਨਾ ਲੱਗੇ ਰਾਈਆ। ਚਾਰੋਂ ਕੁੰਟ ਹੋਏ ਸਹਾਈ ਪੁਰਖ ਸਮਰਥ, ਕੋਟਨ ਕੋਟ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮਾਰਗ ਲਏ ਵਖਾਈਆ । ਹਰਿ ਸਤਿਗੁਰ ਮਾਰਗ ਪੇਖਿਆ, ਗੁਰਸਿਖ ਤੇਰਾ ਦਰ ਦਵਾਰ। ਨਿਰਗੁਣ ਧਰ ਕੇ ਆਇਆ ਭੇਸਿਆ, ਜੋਤੀ ਜਾਮਾ ਲਏ ਅਵਤਾਰ। ਮੁਛ ਦਾੜ੍ਹੀ ਨਾ ਕੋਈ ਕੇਸਿਆ, ਰੂਪ ਰੰਗ ਰੇਖ ਨਾ ਸਿਰਜਣਹਾਰ। ਦਰ ਦਰਬਾਨ ਹੋਇਆ ਦਰਵੇਸ਼ਿਆ, ਉਚੀ ਕੂਕੇ ਕਰੇ ਪੁਕਾਰ। ਜੁਗ ਜੁਗ ਦਰ ਮੇਟੇ ਲੇਖਿਆ, ਜੁਗਾ ਜੁਗੰਤਰ ਚੁੱਕਿਆ ਭਾਰ। ਮੇਲ ਮਿਲਾਏ ਦਸ ਦਸਮੇਸਿਆ, ਦਰ ਦਰਵਾਜ਼ਾ ਖੋਲ੍ਹ ਕਿਵਾੜ। ਚਰਨ ਬਹਾਏ ਬ੍ਰਹਮਾ ਵਿਸ਼ਨ ਮਹੇਸ਼ਿਆ, ਕ੍ਰੋੜ ਤੇਤੀਸਾ ਕਰੇ ਨਿਮਸਕਾਰ। ਗੁਰਸਿਖ ਤੇਰੇ ਅੰਦਰ ਬਹਿ ਬਹਿ ਚਤੁਰਭੁਜ ਹੋ ਹੋ ਆਪੇ ਖੇਡਿਆ, ਖੇਲਣਹਾਰ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਮੰਗੇ ਦਰਸ ਦੀਦਾਰ। ਸਤਿਗੁਰ ਦੀਦਾਰਾ ਮੰਗਦਾ, ਗੁਰਸਿਖ ਤੇਰਾ ਨੂਰ ਨੁਰਾਨੀ ਮੁਖ। ਆਦਿ ਜੁਗਾਦਿ ਕਦੇ ਨਾ ਸੰਗਦਾ, ਘਰ ਆਏ ਮਿਟਾਵਨ ਦੁੱਖ। ਰਸ ਮਾਣੇ ਤੇਰੀ ਆਤਮ ਸੇਜ ਪਲੰਘ ਦਾ, ਡੂੰਘੀ ਕੰਦਰ ਆਪੇ ਲੁਕ। ਕਰੇ ਖੇਲ ਸੂਰੇ ਸਰਬੰਗ ਦਾ, ਨਿਰਗੁਣ ਨਿਰਵੈਰ ਹੋਏ ਰਿਹਾ ਬੁੱਕ। ਆਪਣੇ ਅਸਵ ਆਪੇ ਤੰਗ ਕਸਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਣਾਏ ਸਚ ਸਲੋਕ। ਗੁਰਸਿਖ ਤੇਰੇ ਦਰਸ ਪਿਆਸਾ, ਹਰਿ ਸਤਿਗੁਰ ਸੱਜਣ ਮੀਤ। ਜੁਗ ਜੁਗ ਵੇਖੇ ਤੇਰਾ ਕਾਇਆ ਕਾਸਾ, ਨਿਰਗੁਣ ਬੈਠ ਅਤੀਤ। ਤੇਰੇ ਗ੍ਰਹਿ ਕਰੇ ਵਾਸਾ, ਤੇਰਾ ਰੂਪ ਪਤਿਤ ਪੁਨੀਤ। ਆਦਿ ਜੁਗਾਦਿ ਰਹੇ ਦਾਸੀ ਦਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਸਤ ਕੀਟ। ਗੁਰਸਿਖ ਤੇਰੇ ਮਿਲਣ ਦੀ ਸਿਕ, ਸਤਿਗੁਰ ਸਾਚੇ ਆਪ ਰਖਾਈਆ। ਜੁਗ ਚੌਕੜੀ ਨਾ ਬਣਿਆ ਕਿਸੇ ਦਾ ਮਿਤ, ਕੋਟਨ ਕੋਟ ਨਾਤਾ ਰਹੇ ਜੁੜਾਈਆ। ਰਸਨਾ ਜਿਹਵਾ ਗਾ ਗਾ ਹਰਿ ਹਰੀ ਵਸੌਣ ਚਿਤ, ਚੇਤਨ ਚਿਤ ਵਿਚ ਨਾ ਆਈਆ। ਪੰਡਤ ਪਾਂਧੇ ਮੰਨੌਦੇ ਪਿਤਰ ਪਿਤ, ਸੂਰਜ ਜਲ ਚੜ੍ਹਾਈਆ। ਬਾਰਾਂ ਕੁੰਡਲੀ ਵੇਖ ਵਾਰ ਥਿਤ, ਵਦੀ ਸੁਦੀ ਹਿਸਾਬ ਲਗਾਈਆ। ਛੇ ਰੁਤੜੀ ਰਹੇ ਚਿਤ, ਮਨ ਮਤ ਬੁਧ ਧਿਆਨ ਲਗਾਈਆ। ਨੌਂ ਗ੍ਰਹਿ ਕਰਨ ਹਿਤ, ਹਰਫ਼ ਹਰਫ਼ ਜਗਤ ਪੜ੍ਹਾਈਆ। ਹਰਿ ਕਾ ਰੂਪ ਨਾ ਸਕੇ ਕੋਈ ਵੇਖ, ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਤੇਰੇ ਮਿਲਨ ਦੀ ਏਕਾ ਆਸ, ਸਤਿਗੁਰ ਪੂਰੇ ਆਪ ਰਖਾਈਆ। ਸਤਿਗੁਰ ਪੂਰਾ ਮਿਲਣ ਆਇਆ, ਮਿਲਨੀ ਕਰੇ ਜਗਦੀਸ਼। ਸਾਚਾ ਸਗਨ ਨਾਲ ਲਿਆਇਆ, ਸ਼ਬਦ ਅਗੰਮੀ ਪੜ੍ਹੇ ਹਦੀਸ। ਨੈਣ ਨਾਈ ਨਾ ਕੋਈ ਵਖਾਇਆ, ਆਪੇ ਛਤਰ ਝੁਲਾਏ ਹਰਿ ਜਗਦੀਸ਼। ਆਪਣਾ ਪੀਸਣ ਆਪੇ ਪੀਸ ਸੇਵ ਕਮਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੀਸ ਇਕੀਸ। ਗੁਰਸਿਖ ਤੇਰਾ ਦਰਸ ਦਿਲਾਸਾ, ਦੀਰਘ ਰੋਗ ਗਵਾਇੰਦਾ। ਗੁਰਸਿਖ ਤੇਰਾ ਖ਼ੁਸ਼ੀਆਂ ਹਾਸਾ, ਗੁਰ ਗੋਬਿੰਦ ਮੇਲ ਮਿਲਾਇੰਦਾ। ਗੁਰਸਿਖ ਤੇਰੀ ਮੰਡਲ ਰਾਸਾ, ਘਰ ਗੋਪੀ ਕਾਹਨ ਨਚਾਇੰਦਾ। ਗੁਰਸਿਖ ਤੇਰੀ ਰਸਨ ਸਵਾਸਾ, ਆਪਣਾ ਨਾਮ ਚਲਾਇੰਦਾ। ਗੁਰਸਿਖ ਤੇਰਾ ਸਚ ਭਰਵਾਸਾ, ਭਰਮ ਗੜ੍ਹ ਤੁੜਾਇੰਦਾ। ਗੁਰਸਿਖ ਤੇਰਾ ਬ੍ਰਹਮ ਪ੍ਰਕਾਸ਼ਾ, ਸੂਰਜ ਚੰਨ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਮੁਖੜਾ ਵੇਖਣ ਆਇੰਦਾ। ਹਰਿਜਨ ਤੇਰਾ ਮੁਖੜਾ ਨੂਰ, ਨੂਰ ਨੁਰਾਨਾ ਡਗਮਗਾਈਆ। ਨੇੜੇ ਆਇਆ ਜੋ ਦਿਸੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਸ਼ਬਦ ਅਨਾਦਿ ਸੁਣਾਏ ਤੂਰ, ਤੁਰੀਆ ਰਾਗ ਦਏ ਅਲਾਈਆ। ਸਰਬ ਕਲਾ ਆਪੇ ਭਰਪੂਰ, ਪੁਰਖ ਪੁਰਖੋਤਮ ਸੱਚਾ ਸ਼ਹਿਨਸ਼ਾਹੀਆ। ਦਾਤਾ ਜੋਧਾ ਵਡ ਸੂਰਨ ਸੂਰ, ਬੀਰਨ ਬੀਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਏਕਾ ਨਾਮ ਦ੍ਰਿੜਾਈਆ। ਏਕਾ ਨਾਉਂ ਸੋਹੰ ਜਾਪ, ਸਤਿਗੁਰ ਪੂਰਾ ਸਚ ਜਣਾਇੰਦਾ। ਕੋਟ ਜਨਮ ਦਾ ਉਤਰੇ ਪਾਪ, ਪਤਿਤ ਪੁਨੀਤ ਆਪ ਕਰਾਇੰਦਾ। ਤ੍ਰੈਗੁਣ ਮਾਇਆ ਤੁਟੇ ਤਾਪ, ਸਾਂਤਕ ਸਤਿ ਵਰਤਾਇੰਦਾ। ਬ੍ਰਹਮ ਜਣਾਏ ਪਾਰਬ੍ਰਹਮ ਪਾਠ, ਪਾਠਸਾਲਾ ਕਾਇਆ ਮੰਦਰ ਇਕ ਬਣਾਇੰਦਾ। ਆਪ ਉਤਾਰੇ ਆਪਣੇ ਘਾਟ, ਸਾਚਾ ਬੇੜਾ ਪਾਰ ਕਰਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਦਰਸਾਇੰਦਾ। ਨਾਉਂ ਸੁਖਾਲਾ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਦੁਰਮਤ ਮੈਲ ਹਰਿਜਨ ਧੋ, ਸਤਿਗੁਰ ਪੂਰਾ ਚਰਨ ਸਰਨ ਸਰਨਾਈਆ। ਹਰਿ ਬਿਨ ਅਵਰ ਨਾ ਦਿਸੇ ਕੋ, ਕਵਣ ਵੇਲੇ ਅੰਤ ਲਏ ਬਚਾਈਆ। ਜਗਤ ਨਾਤਾ ਤੁੱਟੇ ਮੋਹ, ਜਿਸ ਜਨ ਆਪਣਾ ਨਾਮ ਪੜ੍ਹਾਈਆ। ਸੁਰਤੀ ਸ਼ਬਦੀ ਜਾਏ ਛੋਹ, ਛਹਿਬਰ ਬਰਖਾ ਆਪ ਲਗਾਈਆ। ਹਰਿਜਨ ਵੇਲੇ ਅੰਤ ਨਾ ਜਾਏ ਰੋ, ਹੰਸ ਮੁਖ ਮੁਖ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸੁਖੱਲਾ ਇਕ ਦਰਸਾਈਆ । ਸੋਹੰ ਸੋ ਨਾਮ ਨਿਰੰਕਾਰਾ, ਕਲਜੁਗ ਅੰਤਮ ਆਪ ਪਰਗਟਾਇੰਦਾ। ਚਾਰ ਜੁਗ ਦੀ ਸਾਚੀ ਧਾਰਾ, ਸਤਿਗੁਰ ਲੋਕਮਾਤ ਧਰਾਇੰਦਾ। ਆਤਮ ਬ੍ਰਹਮ ਪਾਰਬ੍ਰਹਮ ਕਰ ਪਿਆਰਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਏਕਾ ਮੰਦਰ ਏਕਾ ਗੁਰਦਵਾਰਾ, ਏਕਾ ਬੰਕ ਸੁਹਾਇੰਦਾ। ਏਕਾ ਪੁਰਖ ਏਕਾ ਨਾਰਾ, ਏਕਾ ਕੰਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਰਾਹ ਸੁਖਾਲਾ ਮਾਰਗ ਪੰਥ, ਗੁਰ ਸਤਿਗੁਰ ਆਪ ਜਣਾਇਆ। ਭੇਵ ਨਾ ਪਾਏ ਕੋਈ ਗਰੰਥ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਹਰਿਜਨ ਵਿਰਲਾ ਜਾਣੇ ਸੰਤ, ਜਿਸ ਸਿਰ ਆਪਣਾ ਹੱਥ ਟਿਕਾਇਆ। ਕਲਜੁਗ ਮਾਇਆ ਪਾਈ ਬੇਅੰਤ, ਮਨਮੁਖ ਗੂੜ੍ਹੀ ਨੀਂਦ ਸਵਾਇਆ। ਲੱਖ ਚੁਰਾਸੀ ਹਉਮੇ ਹੰਗਤ, ਜੂਠਾ ਝੂਠਾ ਗੜ੍ਹ ਬਣਾਇਆ। ਨਾ ਕੋਈ ਜਾਣੇ ਮਣਿਆ ਮੰਤ, ਮਨ ਕਾ ਭਰਮ ਨਾ ਕੋਇ ਮਿਟਾਇਆ। ਪੁਰਖ ਅਬਿਨਾਸ਼ੀ ਕਰੇ ਖੇਲ ਜੁਗਾ ਜੁਗੰਤ, ਕਲਜੁਗ ਅੰਤਮ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਸਾਚਾ ਉਠਿਆ, ਕਲਜੁਗ ਅੰਧੇਰੀ ਰਾਤ। ਸਤਿਗੁਰ ਪੂਰਾ ਏਕਾ ਤੁਠਿਆ, ਸ਼ਬਦ ਅਗੰਮੀ ਦੇਵੇ ਦਾਤ। ਚਾਰ ਕੁੰਟ ਰਹਿਣ ਨਾ ਦੇਵੇ ਲੁਕਿਆ, ਪੂਰਬ ਜਨਮਾਂ ਵੇਖੇ ਮਾਰ ਝਾਤ। ਗੁਰਸਿਖ ਬੂਟਾ ਕਦੇ ਨਾ ਸੁੱਕਿਆ, ਆਪ ਉਪਾਏ ਪਾਰਜਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਮਸਤਕ ਮਾਥ। ਲਹਿਣਾ ਦੇਣਾ ਮਸਤਕ ਮਾਥ, ਪੂਰਬ ਕਰਮ ਜਨਮ ਕਰਮ ਆਪ ਚੁਕਾਈਆ। ਜਿਸ ਜਨ ਸੁਣਾਏ ਸਾਚੀ ਗਾਥ, ਸੋਹੰ ਸ਼ਬਦ ਕਰੇ ਪੜ੍ਹਾਈਆ। ਲੇਖਾ ਜਾਣੇ ਤੱਤ ਆਠ, ਨੌਂ ਦਵਾਰੇ ਖੋਜ ਖੁਜਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਛੇ ਘਰ ਬੈਠਾ ਆਸਣ ਲਾਈਆ। ਪੰਚਮ ਮੀਤਾ ਆਦਿ ਜੁਗਾਦਿ, ਚੌਥੇ ਪਦ ਰਿਹਾ ਸਮਾਈਆ। ਤੀਜੇ ਨੇਤਰ ਦੇਵੇ ਦਾਤ, ਦੂਜੇ ਨਿਰਗੁਣ ਸਰਗੁਣ ਰੂਪ ਧਰਾਈਆ। ਇਕ ਇਕੱਲਾ ਬੈਠ ਇਕਾਂਤ, ਵੇਖਣਹਾਰਾ ਖ਼ਲਕ ਖ਼ੁਦਾਈਆ। ਕਲਜੁਗ ਅੰਤਮ ਹਰਿ ਸੰਗਤ ਬਣਾਈ ਇਕ ਜਮਾਤ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਅੱਠੇ ਪਹਿਰ ਰਹੇ ਪਰਭਾਤ, ਸੰਧਿਆ ਅੰਧੇਰਾ ਨਾ ਕੋਇ ਛਾਈਆ। ਨਾਤਾ ਤੁੱਟਾ ਜ਼ਾਤ ਪਾਤ, ਊਚ ਨੀਚ ਦਏ ਵਡਿਆਈਆ। ਜਨਮ ਜਨਮ ਦਾ ਪੂਰਾ ਕਰੇ ਘਾਟ, ਜੋ ਜਨ ਆਏ ਸਰਨਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਜਗਤ ਉਧਾਰ ਨਾ ਕੋਇ ਵਖਾਈਆ। ਰੱਖੇ ਪਤ ਕਮਲਾਪਾਤ, ਪਤ ਪਤਵੰਤਾ ਸਾਚਾ ਮਾਹੀਆ। ਗ਼ਰੀਬ ਨਿਮਾਣਿਆਂ ਪੁਛੇ ਵਾਤ, ਗ਼ਰੀਬ ਨਿਮਾਣਾ ਹੋ ਹੋ ਫੇਰਾ ਪਾਈਆ। ਗੁਰਸਿਖ ਤੇਰੇ ਚਰਨਾਂ ਰਿਹਾ ਝਾਕ, ਆਪਣੇ ਨੇਤਰ ਬੰਦ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਪੂਰਾ ਕਰਨ ਆਇਆ ਆਪਣਾ ਭਵਿਖਤ ਵਾਕ, ਆਦਿ ਪੁਰਖ ਜੋ ਆਦਿ ਲਿਆ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਖ੍ਹੋਲ ਬੈਠੇ ਤਾਕ, ਰਾਹ ਤੱਕਣ ਬਣ ਬਣ ਪਾਂਧੀ ਰਾਹੀਆ। ਕਵਣ ਵੇਲਾ ਗੁਰਸਿਖ ਮਿਲੇ ਸਾਚਾ ਸੱਜਣ ਸਾਕ, ਲੱਖ ਚੁਰਾਸੀ ਨਾਤਾ ਕੋਇ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਦੋ ਜਹਾਨ ਚੌਦਾਂ ਲੋਕ ਸ਼ਬਦ ਅਗੰਮੀ ਆਪ ਲੈ ਕੇ ਆਏ ਡਾਕ, ਦੂਜਾ ਹਲਕਾਰਾ ਨਾ ਕੋਇ ਬਣਾਈਆ। ਘਰ ਘਰ ਵੰਡੇ ਆਪਣੀ ਸ਼ਬਦ ਗਾਥ, ਰਾਤੀ ਸੁਤਿਆਂ ਆਪ ਉਠਾਈਆ। ਆਪੇ ਹੋਇਆ ਦੀਨਾਂ ਨਾਥ, ਦੀਨਨ ਸਾਚੀ ਸੇਵ ਕਮਾਈਆ। ਪਹਿਲੋਂ ਮੇਟੀ ਆਪਣੀ ਜ਼ਾਤ, ਗੁਰਸਿਖ ਤੇਰੀ ਜ਼ਾਤ ਫੇਰ ਬਣਾਈਆ। ਆਪਣਾ ਖੇਲ ਕਰੇ ਬਹੁ ਬਿਧ ਭਾਂਤ, ਗੁਰਸਿਖਾਂ ਏਕਾ ਰੂਪ ਦਰਸਾਈਆ। ਰਾਹ ਸੁਖਾਲਾ ਮਿਲਿਆ ਕਮਲਾਪਾਤ, ਜੰਗਲ ਜੂਹ ਉਜਾੜ ਪਹਾੜ ਲੱਭਣ ਕੋਇ ਨਾ ਜਾਈਆ। ਦੇਵੇ ਦਰਸ ਆਪ ਰਘਨਾਥ, ਰਘਬੰਸ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਗਲਾ ਸੰਗ ਰਖਾਈਆ। ਸਗਲਾ ਸੰਗ ਰਖਾਵਣ ਆਇਆ, ਰਿਖੀ ਮੁਨੀ ਕਰਨ ਪੁਕਾਰ। ਕਲਜੁਗ ਜੀਵ ਗੁਰਸਿਖ ਗੁਰਮੁਖ ਬਿਰਹੋਂ ਵਿਛੋੜੇ ਕੁਠੀ ਆਤਮ ਆਪ ਮਿਲਾਵਣ ਆਇਆ, ਵੇਸ ਅਵੱਲੜਾ ਆਪੇ ਧਾਰ। ਜਨਮ ਜਨਮ ਦੀ ਸੁਤੜੀ ਸੁਵਾਣੀ ਆਪ ਉਠਾਵਣ ਆਇਆ, ਨਿਰਗੁਣ ਨਿਰਗੁਣ ਲੈ ਅਵਤਾਰ। ਆਪਣੀ ਪਿਛਲੀ ਬੀਤੀ ਗੁਰਸਿਖਾਂ ਸੁਣਾਵਣ ਆਇਆ, ਅਗਲਾ ਖੇਲ ਕਰੇ ਨਿਰੰਕਾਰ। ਅਨਡਿਠੀ ਅਨ ਰਸ ਮਿਠੀ ਆਪਣੀ ਰਸ ਗੁਰਮੁਖਾਂ ਮੁਖ ਚੁਆਵਣ ਆਇਆ, ਅੰਮ੍ਰਿਤ ਪਿਆਲਾ ਭਰ ਭੰਡਾਰ। ਆਪਣੀ ਧਾਰ ਤਿਖੀ ਆਪ ਵਖਾਵਣ ਆਇਆ, ਨਾ ਕੋਈ ਖੰਡਾ ਮਾਰੇ ਮਾਰ। ਚਾਰ ਵਰਨ ਦੀ ਸਾਚੀ ਸਿੱਖੀ ਆਪ ਬਣਾਵਨ ਆਇਆ। ਗੁਰ ਗੋਬਿੰਦ ਕਰ ਪਿਆਰ। ਪੁਰਖ ਅਕਾਲ ਆਪਣਾ ਸੁਤ ਵਿਛੜਿਆ ਆਪ ਮਿਲਾਵਣ ਆਇਆ, ਮੇਲ ਮਿਲਾਏ ਵਿਚ ਸੰਸਾਰ। ਆਪਣੀ ਰੁੱਤ ਆਪ ਸੁਹਾਵਣ ਆਇਆ, ਫੁਲ ਫੁਲਵਾੜੀ ਵੇਖੇ ਇਕ ਗੁਲਜ਼ਾਰ। ਆਪਣਾ ਮੇਘ ਆਪ ਬਰਸਾਵਣ ਆਇਆ, ਆਪੇ ਬਰਖੇ ਨਿਝਰ ਧਾਰ। ਸਾਚਾ ਮਾਰਗ ਇਕ ਸਿਖਾਵਣ ਆਇਆ, ਗੁਰਸਿਖਾਂ ਕਰ ਪਿਆਰ। ਪਿਛਲਾ ਲੇਖਾ ਆਪ ਚੁਕਾਵਣ ਆਇਆ, ਆਪਣੀ ਹੱਥੀਂ ਦੇਵੇ ਪਾੜ। ਰਸ ਫਿਕਾ ਮਿੱਠਾ ਆਪ ਬਣਾਵਣ ਆਇਆ, ਸੋਹੰ ਸ਼ਬਦ ਕਰਾਏ ਜੈ ਜੈਕਾਰ। ਗੁਰਸਿਖ ਤੇਰਾ ਹਿੱਸਾ ਆਪ ਵੰਡਾਵਣ ਆਇਆ, ਤੋਲਾ ਬਣਿਆ ਆਪ ਨਿਰੰਕਾਰ। ਤੇਰਾ ਪੀਸਣ ਪੀਸਾ ਜਨਮ ਜਨਮ ਦਾ ਆਪ ਖਾਵਣ ਆਇਆ, ਦਰ ਦਰਵੇਸ਼ ਬਣਿਆ ਆਪ ਭਿਖਾਰ। ਤੇਰਾ ਭੋਰਾ ਡਿਗਾ ਆਪਣੀ ਹੱਥੀਂ ਉਠਾਵਣ ਆਇਆ, ਵਿਸ਼ਨੂੰ ਤੇਰਾ ਭਰੇ ਭੰਡਾਰ। ਗੁਰਸਿਖ ਤੇਰਾ ਝੋਰਾ ਆਪ ਮਿਟਾਵਣ ਆਇਆ, ਤੇਰੇ ਅੰਦਰ ਵੜ ਵੜ ਕਰੇ ਪਿਆਰ। ਤੇਰਾ ਵਕ਼ਤ ਥੋੜਾ ਆਪ ਮੁਕਾਵਣ ਆਇਆ, ਸ਼ਬਦ ਘੋੜੇ ਹੋ ਅਸਵਾਰ। ਤੇਰਾ ਜੋੜਾ ਆਪ ਬਣਾਵਣ ਆਇਆ, ਜੋੜਾ ਜੁੜੇ ਨਾਰੀ ਕੰਤ ਭਤਾਰ। ਗੁਰਸਿਖ ਤੇਰੀ ਆਤਮ ਸੇਜਾ ਆਪ ਹੰਢਾਵਣ ਆਇਆ, ਪੀਆ ਪ੍ਰੀਤਮ ਆਪੇ ਸੁਤਾ ਪੈਰ ਪਸਾਰ। ਗੁਰਸਿਖ ਤੇਰਾ ਮੁਖ ਮੁਖ ਦਿਖਲਾਵਣ ਆਇਆ, ਜਗਤ ਪਰਦਾ ਝੂਠਾ ਘੁੰਡ ਦਏ ਉਤਾਰ। ਏਕਾ ਸੁਖ ਮਾਣਸ ਮਾਨੁਖ ਆਪ ਵਖਾਵਣ ਆਇਆ, ਪੁਰਖ ਅਬਿਨਾਸ਼ੀ ਹੋ ਤਿਆਰ। ਮਾਤ ਕੁੱਖ ਸਫਲ ਕਰਾਵਣ ਆਇਆ, ਜਿਸ ਜਨ ਬਖ਼ਸ਼ੇ ਚਰਨ ਦਵਾਰ। ਉਲਟਾ ਰੁਖ ਪੰਧ ਮੁਕਾਵਣ ਆਇਆ, ਮਰ ਜੰਮੇ ਨਾ ਦੂਜੀ ਵਾਰ। ਆਪਣੀ ਗੋਦੀ ਚੁੱਕ ਸਚਖੰਡ ਬਹਾਵਣ ਆਇਆ, ਆਪਣੀ ਹੱਥੀਂ ਖੋਲ੍ਹ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੱਸੇ ਰਾਹ ਸੁਖਾਲਾ ਆਪੇ ਦੇਵੇ ਦਰਸ ਦੀਦਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
