Granth 10 Likhat 039: 17 Faggan 2017 Bikarmi Boorh Singh de Greh Vajirpur Jila Gurdaspur

੧੭ ਫੱਗਣ ੨੦੧੭ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਵਜ਼ੀਰ ਪੁਰ ਜ਼ਿਲਾ ਗੁਰਦਾਸ ਪੁਰ

ਨਵ ਨੌਂ ਚਾਰ ਸੂਰਾ ਸਰਬੰਗਨ, ਸਰਬ ਕਲ ਆਪਣੀ ਖੇਲ ਖਿਲਾਇੰਦਾ। ਨਵ ਨੌਂ ਕਰੇ ਹਰਿ ਖੰਡਨ, ਨਾਮ ਖੰਡਾ ਇਕ ਚਮਕਾਇੰਦਾ। ਨਵ ਨੌਂ ਦੇਵੇ ਪ੍ਰਭ ਦੰਡਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਨਵ ਨੌਂ ਚਲਾਏ ਚੰਡ ਪਰਚੰਡਨ, ਪਾਰਬ੍ਰਹਮ ਭੇਵ ਨਾ ਆਇੰਦਾ। ਨਵ ਨੌ ਭਾਗਾਂਮੰਦਨ, ਭਾਂਡਾ ਭਰਮ ਨਾ ਕੋਇ ਭਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਨਵ ਨੌਂ ਚਾਰ ਵੇਸ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਨੌਂ ਦਵਾਰ ਜਾਇਣ ਹਰ, ਹਰਿ ਜੂ ਹਰਿ ਹਰਿ ਵੇਖ ਵਖਾਇੰਦਾ। ਨੌਂ ਖੰਡ ਭੈ ਭੌ ਰਹੀ ਡਰ, ਭਿਆਨਕ ਰੂਪ ਸਰਬ ਦਰਸਾਇੰਦਾ। ਨਵ ਨੌਂ ਘਾੜਨ ਘੜ, ਘੜਨਹਾਰ ਭੰਨ ਵਖਾਇੰਦਾ। ਨਵ ਘਰ ਪਾਰ ਕਰ, ਹਰਿ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਨਵ ਨੌਂ ਉਤਰੇ ਪਾਰ, ਜਗਤ ਨੱਯਾ ਰਹਿਣ ਨਾ ਪਾਈਆ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਸਹਿਜ ਸੁਖਦਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਪਾਰਬ੍ਰਹਮ ਵਡੀ ਵਡਿਆਈਆ। ਜੁਗ ਚੌਕੜੀ ਕਰ ਖ਼ਵਾਰ, ਵੇਲਾ ਵਕ਼ਤ ਦਏ ਚੁਕਾਈਆ। ਗੁਰ ਅਵਤਾਰ ਪਾਵੇ ਸਾਰ, ਅਭੁਲ ਹਰਿ ਇਕ ਸ਼ਹਿਨਸ਼ਾਹੀਆ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਨਿਰਗੁਣ ਸਰਗੁਣ ਵੇਖ ਵਖਾਈਆ। ਨੌਂ ਦਰ ਸਰਗੁਣ ਰੰਗ, ਸਾਰੰਗ ਧਰ ਭਗਵਾਨ ਬੀਠਲੋ ਆਪ ਚੜ੍ਹਾਇੰਦਾ। ਨਵ ਖੰਡ ਵਿਚ ਵਰਭੰਡ, ਲੱਖ ਚੁਰਾਸੀ ਵੰਡ ਵੰਡਾਇੰਦਾ। ਚਾਰ ਜੁਗ ਚਾਰ ਵੇਦ ਚਾਰ ਖਾਣੀ ਚਾਰ ਬਾਣੀ ਚਾਰੇ ਮੁਖ ਆਪੇ ਪੜ੍ਹ, ਭੇਵ ਅਭੇਦ ਅਛੱਲ ਅਛੇਦ ਆਪ ਖੁਲ੍ਹਾਇੰਦਾ। ਨਰ ਨਿਰੰਕਾਰ ਹਰਿ ਕਰਤਾਰ ਮਹੱਲ ਅਟਲ ਉਚ ਮੁਨਾਰ ਆਪੇ ਖੜ, ਖੰਡ ਬ੍ਰਹਿਮੰਡ ਲੋਅ ਪਾਤਾਲ ਪੁਰੀਆਂ ਵੇਖ ਵਖਾਇੰਦਾ। ਸਾਗਰ ਨੀਰ ਸਰੋਵਰ ਵੇਖੇ ਸਰ, ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਫੋਲ ਫੁਲਾਇੰਦਾ। ਕੋਟਨ ਕੋਟ ਰੂਪ ਲੋਕਮਾਤ ਧਰ, ਧਰਨੀ ਧਰਤ ਧਵਲ ਮਾਣ ਦਿਵਾਇੰਦਾ। ਰੂਪ ਅਨੂਪ ਸ਼ਾਹੋ ਭੂਪ ਪਾਰਬ੍ਰਹਮ ਬ੍ਰਹਮ ਲਏ ਵਰ, ਆਪ ਆਪਣਾ ਬੰਧਨ ਪਾਇੰਦਾ। ਨਵ ਨੌਂ ਖੋਲ੍ਹ ਦਰ, ਦਰ ਦਰਵਾਜ਼ਾ ਜਗਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮੰਗਲ ਆਪੇ ਗਾਇੰਦਾ। ਨਵ ਨੌਂ ਹਰਿ ਹਰਿ ਨਾਦ, ਸ਼ਬਦੀ ਸ਼ਬਦ ਆਪ ਵਜਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਕ਼ੁਦਰਤ ਕ਼ਾਦਰ ਆਪਣੀ ਖੇਲ ਖਿਲਾਇੰਦਾ। ਜੀਵ ਜੰਤ ਹਰਿ ਭਗਵੰਤ ਨਾਮ ਨਿਧਾਨਾ ਦੇਵੇ ਦਾਦ, ਵਸਤ ਅਮੋਲਕ ਗ੍ਰਹਿ ਗ੍ਰਹਿ ਅੰਦਰ ਆਪ ਰਖਾਇੰਦਾ। ਅਗੰਮ ਅਗੰਮੜਾ ਲੇਖਾ ਬੋਧ ਅਗਾਧ, ਬੋਧ ਅਗਾਧੀ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਫ਼ਰਯਾਦ, ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਜੋਤੀ ਜਾਮਾ ਭੇਖ ਵਟਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵੰਤ ਆਪੇ ਲਾਧ, ਲੱਖ ਚੁਰਾਸੀ ਵਿਚੋਂ ਮਾਣਕ ਮੋਤੀ ਆਪਣੇ ਹੱਥ ਰਖਾਇੰਦਾ। ਕਲਜੁਗ ਸ਼ੌਹ ਦਰਯਾਏ ਵਿਚੋਂ ਲਏ ਕਾਢ, ਅਗਨੀ ਤੱਤ ਨਾ ਕੋਇ ਜਲਾਇੰਦਾ। ਨਿਰਧਨ ਸਰਧਨ ਲਡਾਏ ਲਾਡ, ਆਪ ਆਪਣੀ ਗੋਦ ਸੁਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਇੰਦਾ। ਲੇਖਾ ਜਾਣੇ ਸਾਚੇ ਸਾਧ, ਸਾਂਤਕ ਸਤਿ ਸਿਦਕ ਸਬੂਰੀ ਇਕ ਸਮਝਾਇੰਦਾ। ਕਰੇ ਖੇਲ ਜੁਗਾਦਿ ਆਦਿ, ਜੁਗਾ ਜੁਗੰਤਰ ਜੁਗ ਕਰਤਾ ਵੇਸ ਵਟਾਇੰਦਾ। ਆਪੇ ਜਾਣੇ ਆਪਣਾ ਘਾਤ, ਖੜਗ ਖੰਡਾ ਕਟਾਰ ਚੰਡ ਪਰਚੰਡ ਹੱਥ ਨਾ ਕੋਇ ਵਖਾਇੰਦਾ। ਸਦਾ ਸੁਹੇਲਾ ਇਕ ਇਕੇਲਾ ਮੀਤ ਮੁਰਾਰਾ ਹਰਿ ਨਿਰੰਕਾਰਾ ਆਪੇ ਰੱਖੇ ਸਾਚਾ ਸਾਥ, ਗੁਰਮੁਖਾਂ ਸੰਗ ਨਿਭਾਇੰਦਾ। ਸ਼ਬਦ ਅਗੰਮੀ ਆਦਿ ਪੁਰਖ ਅਪਰੰਪਰ ਸਵਾਸੀ ਆਪ ਚੜ੍ਹਾਏ ਏਕਾ ਰਾਥ, ਰਥ ਰਥਵਾਹੀ ਸਾਚੀ ਸੇਵਾ ਆਪ ਕਮਾਇੰਦਾ। ਏਕੰਕਾਰਾ ਸਰਬ ਕਲਾ ਸਮਰਥ ਲੇਖਾ ਜਾਣੇ ਅਕਥਨਾ ਅਕਥ, ਰਸਨਾ ਜਿਹਵਾ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਖੇਲ ਸੰਸਾਰ, ਵਡ ਸੰਸਾਰੀ ਆਪ ਕਰਾਇੰਦਾ। ਨਵ ਨੱਯਾ ਚਲਾਏ ਮਾਤ, ਨੌਂ ਖੰਡ ਵੱਜੇ ਵਧਾਈਆ। ਚਾਰ ਵਰਨ ਬਣਾਏ ਏਕਾ ਜ਼ਾਤ, ਜਾਤ ਅਜ਼ਾਤੀ ਮੇਟ ਮਿਟਾਈਆ। ਚਾਰ ਜੁਗ ਅੰਤ ਜਣਾਏ ਏਕਾ ਸ਼ਬਦ ਕਰਾਮਾਤ, ਸੋਹੰ ਸ਼ਬਦ ਵਡੀ ਵਡਿਆਈਆ। ਚਾਰ ਵੇਦ ਏਕ ਮੰਤਰ ਦ੍ਰਿੜਾਏ ਪਾਠ, ਹੰ ਬ੍ਰਹਮ ਕਰੇ ਪੜ੍ਹਾਈਆ। ਚਾਰ ਕੁੰਟ ਇਕ ਸਰੋਵਰ ਮਾਰੇ ਠਾਠ, ਹਰਿ ਚਰਨ ਸੱਚੀ ਸਰਨਾਈਆ। ਚਾਰ ਯਾਰੀ ਨੇੜੇ ਕਰੇ ਵਾਟ, ਕਲਜੁਗ ਅੰਤਮ ਪੰਧ ਮੁਕਾਈਆ। ਲੇਖਾ ਜਾਣੇ ਆਪਣੇ ਖਾਤ, ਦੂਸਰ ਅਵਰ ਨਾ ਕੋਇ ਦਸਾਈਆ। ਨੌਂ ਖੰਡ ਪ੍ਰਿਥਮੀ ਬਣਾਏ ਏਕਾ ਹਾਟ, ਨਵ ਵਣਜਾਰਾ ਇਕ ਫਿਰਾਈਆ। ਚਾਰ ਜੁਗ ਦੇਵੇ ਸਾਚੀ ਦਾਤ, ਦਾਤਾ ਦਾਨੀ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸੱਜਣ ਰੱਖੇ ਸਾਥ, ਜੁਗ ਜੁਗ ਆਪਣਾ ਰੂਪ ਧਰਾਈਆ। ਲੇਖਾ ਜਾਣੇ ਤੱਤ ਆਠ, ਅਠ ਤੱਤ ਕਰੇ ਕੁੜਮਾਈਆ। ਵਸੇ ਧਾਮ ਸਤਿ ਪੁਰਖ ਨਿਰੰਜਣ ਸਤਿਵਾਦੀ ਸਾਤ, ਸਤ ਸਤ ਇਕ ਸਮਝਾਈਆ। ਛੇ ਘਰ ਬੈਠ ਆਪ ਰਘਨਾਥ, ਨਿਸ਼ਅੱਖਰ ਕਰੇ ਪੜ੍ਹਾਈਆ। ਪੰਚਮ ਮੇਲਾ ਕਮਲਾਪਾਤ, ਪੁਰਖ ਅਬਿਨਾਸ਼ੀ ਆਪ ਮਿਲਾਈਆ। ਚੌਥਾ ਪਦ ਚੌਥਾ ਘਰ ਏਕਾ ਮੰਡਲ ਵਖਾਏ ਸਾਚੀ ਰਾਸ, ਗੋਪੀ ਕਾਹਨ ਆਪ ਨਚਾਈਆ। ਤੀਜੇ ਲੋਇਣ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਦੋਏ ਦੋਏ ਰੂਪ ਧਰੇ ਮਾਤ, ਨਿਰਗੁਣ ਸਰਗੁਣ ਖੇਲ ਖਿਲਾਈਆ। ਏਕਾ ਇਕ ਇਕੱਲਾ ਇਕ ਇਕਾਂਤ, ਆਦਿ ਜੁਗਾਦਿ ਸਮਾਈਆ । ਕਲਜੁਗ ਅੰਤਮ ਮੇਟੇ ਅੰਧੇਰੀ ਰਾਤ, ਧੂਆਂਧਾਰ ਰਹਿਣ ਨਾ ਪਾਈਆ। ਗੁਰਮੁਖ ਸਾਚੇ ਆਪ ਉਠਾਏ ਚਰਨ ਕਵਲ ਬੰਧਾਏ ਸਾਚਾ ਨਾਤ, ਆਪਣਾ ਬੰਧਨ ਆਪੇ ਪਾਈਆ । ਅੰਤ ਕਾਲ ਕਲ ਪੁੱਛੇ ਵਾਤ, ਸਮਰਥ ਪੁਰਖ ਸੱਚਾ ਸ਼ਹਿਨਸ਼ਾਹੀਆ। ਲੇਖਾ ਮੁਕਾਏ ਜ਼ਾਤ ਪਾਤ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਦਇਆ ਆਪ ਕਮਾਈਆ। ਸਗਲ ਵਿਸੂਰੇ ਜਾਇਣ ਲਾਥ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੱਯਾ ਵਿਚ ਸੰਸਾਰ, ਨੌਂ ਦਰ ਚਲਾਏ ਆਪ ਨਿਰੰਕਾਰ, ਚੌਥੇ ਜੁਗ ਚਾਰ ਵਰਨ ਆਪ ਚੜ੍ਹਾਈਆ। ਚਾਰ ਵਰਨ ਏਕਾ ਨੱਯਾ, ਨਵ ਖੰਡ ਪ੍ਰਿਥਮੀ ਆਪ ਚਲਾਇੰਦਾ । ਨਵ ਦਵਾਰ ਏਕਾ ਸੱਯਾ, ਪੁਰਖ ਅਬਿਨਾਸ਼ੀ ਨਜ਼ਰੀ ਆਇੰਦਾ। ਚਾਰ ਵਰਨ ਭੈਣਾਂ ਭੱਯਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਨੌਂ ਦਵਾਰ ਇਕ ਗਵੱਯਾ, ਮਨ ਰਾਗੀ ਰਾਗ ਸੁਣਾਇੰਦਾ। ਨਵ ਘਰ ਕਰੇ ਪਿਆਰ , ਆਸਾ ਤ੍ਰਿਸ਼ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਵ ਨੌਂ ਚਾਰ ਲੇਖਾ ਜਾਣੇ ਸਿਰਜਣਹਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਚਾਰ ਲੇਖਾ ਚਾਰ ਜੁਗ, ਚਾਰ ਕੁੰਟ ਰੁਸ਼ਨਾਇੰਦਾ। ਨਵ ਖੰਡ ਪ੍ਰਿਥਮੀ ਨਵ ਦਵਾਰ ਔਧ ਗਈ ਪੁਗ, ਜੂਠਾ ਝੂਠਾ ਮੋਹ ਚੁਕਾਇੰਦਾ। ਨਵ ਨੌਂ ਚਾਰ ਚੋਗ ਲਈ ਚੁਗ, ਵੇਲਾ ਅੰਤਮ ਅੰਤ ਵਖਾਇੰਦਾ। ਨਵ ਨੌਂ ਚਾਰ ਲੇਖਾ ਜਾਣੇ ਲੁਕ ਲੁਕ, ਭੇਵ ਅਭੇਦ ਭੇਵ ਆਪਣੇ ਹੱਥ ਰਖਾਇੰਦਾ। ਨਵ ਨੌਂ ਚਾਰ ਵੇਲਾ ਗਿਆ ਢੁਕ, ਪਾਂਧੀ ਆਪਣਾ ਪੰਧ ਮੁਕਾਇੰਦਾ। ਨਵ ਨੌਂ ਚਾਰ ਧਰਤ ਮਾਤ ਸਫਲ ਕਰੇ ਤੇਰੀ ਕੁੱਖ, ਕਲਜੁਗ ਅੰਤਮ ਦੁੱਖ ਮਿਟਾਇੰਦਾ । ਨਵ ਨੌਂ ਚਾਰ ਉਜਲ ਕਰੇ ਏਕਾ ਮੁੱਖ, ਗੁਰਮੁਖ ਵਿਰਲੇ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਨਵ ਨੌਂ ਚਾਰ ਹਰਿ ਹਰਿ ਮੇਲਾ, ਗੁਰ ਸਤਿਗੁਰ ਆਪ ਕਰਾਈਆ। ਨਵ ਨੌਂ ਚਾਰ ਪਾਰ ਕਿਨਾਰ ਏਕਾ ਘਰ ਸੁਹਾਏ ਗੁਰੂ ਗੁਰ ਚੇਲਾ, ਘਰ ਮੰਦਰ ਵੱਜੇ ਵਧਾਈਆ। ਨਵ ਨੌਂ ਚਾਰ ਸੁਹੰਜਣਾ ਹੋਇਆ ਵੇਲਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਹਰਿਜਨ ਸਾਚੇ ਲਏ ਉਠਾਈਆ। ਦਰਸ ਦਿਖਾਏ ਗਹਿਰ ਗੰਭੀਰ, ਗੁਣੀ ਗਹਿੰਦ ਇਕ ਇਕੇਲਾ ਸੱਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਸੱਜਣ ਸੁਹੇਲਾ, ਸਾਖ਼ਯਾਤ ਪੁਰਖ ਅਬਿਨਾਸ਼ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੋਬਿੰਦ ਆਪਣੀ ਗੋਦ ਬਹਾਈਆ।