Granth 10 Likhat 053: 21 Faggan 2017 Bikarmi Hazara Singh Balaka Singh de Greh Pind Babu Pur

੨੧ ਫਗਣ ੨੦੧੭ ਬਿਕ੍ਰਮੀ ਹਜ਼ਾਰਾ ਸਿੰਘ ਬਲਾਕਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ

ਸੱਚ ਸੁਮੇਰੂ ਚਰਨ ਕਵਲ ਪਦਮ, ਸਤਿ ਪੁਰਖ ਨਿਰੰਜਣ ਆਪ ਬਣਾਇਆ। ਲੇਖਾ ਜਾਣੇ ਇਬਨੁਲ ਅਦਮ, ਆਦਮ ਭੇਵ ਕੋਇ ਨਾ ਪਾਇਆ, ਨਾ ਕੋਈ ਰੂਪ ਰੰਗ ਨਾ ਦਿਸੇ ਬਦਨ, ਤਤਵ ਤਤ ਨਾ ਕੋਈ ਵਖਾਇਆ। ਗੋਪਾਲ ਮੂਰਤੀ ਏਕਾ ਮਦਨ, ਮਨ ਮੋਹਣ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਮੇਰੂ ਦਏ ਸਮਝਾਇਆ। ਸਤਿ ਸਮੇਰੂ ਚਰਨ ਪਦ, ਹਰਿ ਸਾਚਾ ਸਚ ਉਪਾਇੰਦਾ। ਕੋਈ ਨਾ ਜਾਣੇ ਆਰ ਪਾਰ ਹੱਦ, ਰਵ ਸਸ ਸੀਸ ਝੁਕਾਇੰਦਾ। ਧਰੂ ਪ੍ਰਹਿਲਾਦ ਰਿਹਾ ਤੱਕ, ਆਪਣਾ ਮੂਲ ਸਮੇਰੂ ਬਣਾਇੰਦਾ। ਹਰਿ ਕਾ ਖੇਲ ਅਕਥਨਾ ਅਕਥ, ਵੇਦ ਕਤੇਬ ਭੇਵ ਨਾ ਪਾਇੰਦਾ। ਚਾਰ ਜੁਗ ਨਾ ਦਿਤਾ ਦੱਸ, ਚਾਰੇ ਵੇਦ ਪਰਦਾ ਪਾਇੰਦਾ। ਕੋਈ ਪਥਰ ਕਹੇ ਕੋਈ ਪ੍ਰਬਤ, ਕੋਈ ਜੋਜਨ ਗਣਤ ਗਣਾਇੰਦਾ। ਕੋਈ ਜਾਣੇ ਉਚਾ ਟਿੱਲਾ ਸਥਰ ਰਿਹਾ ਘਤ, ਸਥਰ ਯਾਰ ਨਾ ਕੋਈ ਵਿਛਾਇੰਦਾ। ਕੋਈ ਕਹੇ ਸੱਤ ਸਮੁੰਦਰ ਚਲੇ ਰਥ, ਜਲ ਧਾਰਾ ਰੂਪ ਸਮਾਇੰਦਾ। ਕੋਈ ਕਹੇ ਵਿਸ਼ਨੂੰ ਪਾਈ ਬੈਠਾ ਨੱਥ, ਬਾਸ਼ਕ ਤਸ਼ਕਾ ਸੰਗ ਰਲਾਇੰਦਾ। ਆਪਣਾ ਲੇਖਾ ਜਾਣੇ ਪੁਰਖ ਸਮਰਥ, ਦੂਸਰ ਭੇਵ ਕੋਇ ਨਾ ਪਾਇੰਦਾ। ਸਚ ਸੁਮੇਰੂ ਚਰਨ ਅੰਦਰ, ਹਰਿ ਸਾਚਾ ਸਚ ਰਖਾਇੰਦਾ। ਕਰੇ ਖੇਲ ਹਰਿ ਕਰਨੀ ਕਰਨ, ਕਰਤਾ ਪੁਰਖ ਭੇਵ ਨਾ ਆਇੰਦਾ। ਨਾ ਧਰੇ ਉਪਰ ਕਿਸੇ ਧਰਨੀ ਧਰਨ, ਧਰਤ ਧਵਲ ਭਾਰ ਨਾ ਕੋਈ ਉਠਾਇੰਦਾ। ਨਾ ਕਿਸੇ ਵਖਾਏ ਉਪਰ ਆਕਾਸ਼ ਚੋਟੀ ਚੜ੍ਹਨ, ਪ੍ਰਕਾਸ਼ ਪ੍ਰਕਾਸ਼ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਚ ਸੁਮੇਰੂ ਪਦਮ ਪਰਮਾਤਮ, ਪਦ ਆਪਣਾ ਆਪ ਜਣਾਈਆ। ਲੇਖਾ ਜਾਣੇ ਸਾਚੇ ਆਤਮ, ਆਤਮ ਅਪਣਾ ਰੰਗ ਬਣਾਈਆ। ਭੇਵ ਨਾ ਜਾਣੇ ਕੋਈ ਬਾਤਨ, ਜ਼ਾਹਿਰ ਗੁਪਤ ਨਾ ਕੋਈ ਵਡਿਆਈਆ। ਨਾ ਕੋਈ ਸੰਧਿਆ ਨਾ ਕੋਈ ਆਥਨ, ਸਰਘੀ ਰੂਪ ਨਾ ਕੋਈ ਵਟਾਈਆ। ਕਰੇ ਖੇਲ ਪੁਰਖ ਪਰਮਾਥਨ, ਪ੍ਰਿਥਮੀ ਆਕਾਸ਼ ਨਾ ਕੋਈ ਜਣਾਈਆ। ਲੇਖਾ ਜਾਣੇ ਸਚ ਸਿੰਘਾਸਣ, ਸ਼ਾਹੋ ਸ਼ਬਾਸਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਚਰਨ ਪਦਮ ਸਚ ਸੁਮੇਰ, ਸ਼ਾਹ ਪਾਤਸ਼ਾਹ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਬੈਠਾ ਘੇਰ, ਚਾਰੋਂ ਕੁੰਟ ਧਰਤੀ ਆਕਾਸ਼ ਮੇਲ ਮਿਲਾਇੰਦਾ। ਦਹਿ ਦਿਸ਼ਾ ਰੱਖੇ ਆਪਣਾ ਗੇੜ, ਗੇੜਨਹਾਰਾ ਆਪ ਅਖਵਾਇੰਦਾ। ਆਪੇ ਕਰੇ ਆਪਣੀ ਮਿਹਰ, ਆਪਣਾ ਨਾਉਂ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮੇਰੂ ਆਪ ਜਣਾਇੰਦਾ। ਸਚ ਸੁਮੇਰੂ ਚਰਨ ਕਵਲ, ਅੰਤਰ ਅੰਤਰ ਆਪ ਜਣਾਈਆ। ਰਾਹ ਤੱਕੇ ਧਰਨੀ ਧਵਲ, ਥੱਲੇ ਬੈਠੀ ਨੈਣ ਉਠਾਈਆ। ਬ੍ਰਹਮ ਵੇਤਾ ਮੁਖ ਖੁਲ੍ਹਾਏ ਆਪਣਾ ਕਵਲ, ਕਵਲ ਮੁਖ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਮੇਰੂ ਦਏ ਵਡਿਆਈਆ। ਸਚ ਸੁਮੇਰ ਬਣਾਇਆ, ਹਰਿ ਹਰਿ ਦੀਨ ਦਿਆਲ। ਗੁਰਮੁਖਾਂ ਨੇਰਨ ਨੇਰ ਦਏ ਵਖਾਇਆ, ਕਲਜੁਗ ਅੰਤਮ ਤੋੜ ਜੰਜਾਲ। ਚਾਰੋਂ ਕੁੰਟ ਵੇਖ ਵਖਾਇਆ, ਵੇਖਣਹਾਰਾ ਆਪ ਕ੍ਰਿਪਾਲ। ਜਿਸ ਜਨ ਆਪਣੇ ਚਰਨ ਛੁਹਾਇਆ, ਉਪਰ ਸਮੇਰੂ ਦਏ ਬਹਾਲ। ਸ਼ਿਵ ਕੈਲਾਸ਼ ਨਾ ਡੇਰਾ ਲਾਇਆ, ਅੰਤਮ ਅੰਤ ਹੋਏ ਬੇਹਾਲ। ਕਰ ਤਲਾਸ਼ ਫੜ ਬਹਾਇਆ, ਕਰਿਆ ਖੇਲ ਬੇਮਿਸਾਲ। ਜੁਗ ਚੌਕੜੀ ਆਸ ਪੂਰ ਕਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਦੋ ਜਹਾਨਾਂ ਹਰਿ ਹਰਿ ਲੇਖਾ, ਆਪਣਾ ਆਪ ਜਣਾਇੰਦਾ। ਸੁਮੇਰੂ ਨੇਤਰ ਹਰਿ ਚਰਨ ਕਵਲ ਹਰਿ ਦੇਖਾ, ਅਵਰ ਦ੍ਰਿਸ਼ਟ ਨਾ ਕੋਈ ਜਣਾਇੰਦਾ। ਸ਼ੰਕਰ ਰੱਖੇ ਖੁਲੜੇ ਕੇਸਾ, ਕੈਲਾਸ਼ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਕੈਲਾਸ਼ ਪਰਬਤ ਹਰਿ ਚਰਨ ਧੂੜ, ਧੂੜੀ ਧੂੜ ਵਿਚ ਸਮਾਈਆ। ਭੋਲੇ ਨਾਥ ਰੰਗ ਚੜ੍ਹੇ ਗੂੜ੍ਹ, ਮਸਤਕ ਟਿੱਕਾ ਇਕ ਲਗਾਈਆ। ਅੰਤਰ ਬਖ਼ਸ਼ੇ ਨੂਰੋ ਨੂਰ, ਨੂਰ ਨੂਰ ਰੁਸ਼ਨਾਈਆ। ਆਪਣੇ ਟਿੱਲੇ ਆਪਣੇ ਪਰਬਤ ਆਪਣੇ ਆਸਣ ਸਚ ਸਿੰਘਾਸਣ ਆਪੇ ਹੋਏ ਆਸਾ ਪੂਰ, ਪੂਰੀ ਇਛਿਆ ਆਪ ਕਰਾਈਆ। ਨਾ ਨੇੜੇ ਨਾ ਦਿਸੇ ਦੂਰ, ਕਰੇ ਖੇਲ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੈਲਾਸ਼ ਨਰਾਸ ਇਕ ਸਮਝਾਈਆ। ਸਚ ਕੈਲਾਸ਼ ਸ਼ੰਕਰ ਚੜ੍ਹਿਆ, ਹਰਿ ਸਾਚਾ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਚਰਨ ਏਕਾ ਫੜਿਆ, ਦੂਸਰ ਓਟ ਨਾ ਕੋਇ ਤਕਾਇੰਦਾ। ਹਰਿ ਨਰਾਇਣ ਖੇਲ ਆਪਣਾ ਕਰਿਆ, ਨੇਤਰ ਲੋਚਣ ਦਰਸ ਦਿਖਾਇੰਦਾ। ਦਰ ਘਰ ਸਾਚਾ ਏਕਾ ਦਰਿਆ, ਸੀਸ ਜਗਦੀਸ ਇਕ ਸੁਹਾਇੰਦਾ। ਚਰਨ ਕਵਲ ਅੰਦਰ ਅੱਖਰ ਏਕਾ ਪੜ੍ਹਿਆ, ਪੁਰਖ ਅਬਿਨਾਸ਼ੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਇੰਦਾ। ਚਰਨ ਕਵਲ ਅੰਦਰ ਸਮੇਰੂ ਪਦ, ਪਦਮ ਪਾਟਲ ਪਾਦਨ ਆਪ ਬਣਾਈਆ। ਸ਼ੰਕਰ ਅੰਦਰ ਆਪੇ ਸੱਦ, ਸਚ ਕੈਲਾਸ਼ ਦਏ ਵਖਾਈਆ। ਨਾਮ ਵਜਾਏ ਸਾਚਾ ਨਦ, ਨਿਜ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਸਣ ਦਏ ਵਖਾਈਆ। ਏਕਾ ਆਸਣ ਸਚ ਜਣਾਇਆ, ਚਰਨ ਕਵਲ ਧਿਆਨ। ਸਚ ਕੈਲਾਸ਼ ਇਕ ਬਣਾਇਆ, ਧੂੜੀ ਧੂੜ ਦੇਵੇ ਬਾਲ ਨਾਦਾਨ। ਆਪਣੇ ਪ੍ਰੇਮ ਨਾਲ ਬੰਧਾਇਆ, ਛੁਟ ਨਾ ਜਾਏ ਵਿਚ ਜਹਾਨ। ਸਾਚੀ ਸੇਜਾ ਆਪ ਸੁਆਇਆ, ਦੇਵੇ ਧੁਰ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਮਾਣ। ਸਾਚਾ ਮਾਣ ਦੇਵਣਹਾਰਾ, ਏਕਾ ਸ਼ਬਦ ਕਰੇ ਜਣਾਈਆ। ਕਰੇ ਖੇਲ ਅਗੰਮ ਅਪਾਰਾ, ਅਗੋਚਰ ਆਪਣਾ ਭੇਵ ਛੁਪਾਈਆ। ਤੇਰਾ ਮੇਰਾ ਇਕ ਕਿਨਾਰਾ, ਤੇਰਾ ਕਿਨਾਰਾ ਆਪਣੇ ਹੱਥ ਰਖਾਈਆ। ਤੇਰਾ ਪਰਬਤ ਮੇਰਾ ਸਹਾਰਾ, ਮੇਰਾ ਕੈਲਾਸ਼ ਤੇਰੀ ਵਡਿਆਈਆ। ਮੇਰਾ ਨਾਉਂ ਤੇਰਾ ਨਾਅਰਾ, ਤੇਰਾ ਨਾਅਰਾ ਸਰਬ ਲੋਕਾਈਆ। ਮੇਰਾ ਸਮੇਰੂ ਤੇਰਾ ਉਜਿਆਰਾ, ਦੀਪਕ ਦੀਪ ਦੀਪ ਰੁਸ਼ਨਾਈਆ। ਕਰੇ ਖੇਲ ਆਪ ਨਿਰੰਕਾਰਾ, ਸਾਚੀ ਖੇਲ ਆਪ ਕਰਾਈਆ। ਨਵ ਨੌਂ ਚਾਰ ਦਏ ਸਹਾਰਾ, ਉਪਰ ਆਸਣ ਆਪ ਬਿਠਾਈਆ। ਕਲਜੁਗ ਆਏ ਅੰਤਮ ਵਾਰਾ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਲੋਕਮਾਤ ਕਰੇ ਰੁਸ਼ਨਾਈਆ। ਆਪਣੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਦਸਾਈਆ। ਤੇਰੀ ਕਰੇ ਪੂਰੀ ਘਾਲ, ਘਾਲੀ ਘਾਲ ਲੇਖੇ ਪਾਈਆ। ਤੇਰਾ ਕੈਲਾਸ਼ ਆਪੇ ਸੁਰਤ ਲਏ ਸੰਭਾਲ, ਹੋਣਾ ਉਦਾਸ ਨਾ ਰਿਹਾ ਸਮਝਾਈਆ। ਆਪਣਾ ਬਾਲਾ ਆਪੇ ਲਏ ਉਠਾਲ, ਤੇਰੀ ਧਰਮਸਾਲਾ ਲਏ ਸੁਹਾਈਆ। ਤੈਨੂੰ ਉਂਗਲੀ ਲਾਏ ਰਖੇ ਨਾਲ ਨਾਲ, ਪਿਛਲਾ ਪੰਧ ਮੁਕਾਈਆ। ਆਪਣੇ ਖਾਤੇ ਆਪ ਡਾਲ, ਆਪਣੇ ਅੰਦਰ ਬੰਦ ਕਰਾਈਆ। ਫੇਰ ਨਾ ਸਕੇ ਕੋਇ ਤੈਨੂੰ ਭਾਲ, ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਤੇਰਾ ਅੰਤਮ ਵਕ਼ਤ ਸੁਹਾਵਣਾ, ਪੁਰਖ ਅਬਿਨਾਸ਼ੀ ਦਇਆ ਕਮਾ। ਤੇਰਾ ਕੈਲਾਸ਼ ਇਕ ਵਖਾਵਣਾ, ਆਪ ਬਣਾਏ ਬੇਪਰਵਾਹ। ਤੇਰਾ ਵਾਸ ਇਕ ਘਰ ਕਰਾਵਣਾ, ਬਖ਼ਸ਼ਣਹਾਰਾ ਸਚ ਪਨਾਹ। ਗੁਰਮੁਖ ਸਾਚਾ ਆਪ ਉਠਾਵਣਾ, ਕਲਜੁਗ ਅੰਤਮ ਕਰੇ ਸਚ ਨਿਆਂ। ਉਪਰ ਕੈਲਾਸ਼ ਮਾਣ ਦਿਵਾਵਣਾ, ਚਰਨ ਚਰਨਾਂ ਨਾਲ ਛੁਹਾ। ਦਾਸੀ ਦਾਸ ਹੁਕਮ ਸੁਣਾਵਣਾ, ਧੁਰ ਫ਼ਰਮਾਨਾ ਆਪ ਉਪਾ। ਏਕਾ ਮੰਤਰ ਅੰਤਰ ਗਾਵਣਾ, ਸੋ ਪੁਰਖ ਨਿਰੰਜਣ ਲਏ ਪੜ੍ਹਾ। ਹੰ ਸ਼ੰਕਰ ਰੂਪ ਵਖਾਵਣਾ, ਪੁਰਖ ਅਬਿਨਾਸ਼ੀ ਆਪਣਾ ਅੰਗ ਲਏ ਕਟਾ। ਸੋਹੰ ਏਕਾ ਬੰਧਨ ਪਾਵਣਾ, ਨਿਰਗੁਣ ਨਿਰਗੁਣ ਮੇਲਾ ਸਹਿਜ ਸੁਭਾ। ਆਦਿ ਪੁਰਖ ਆਪਣਾ ਕੌਲ ਕੀਤਾ ਆਪੇ ਪੂਰ ਕਰਾਵਣਾ, ਬ੍ਰਹਮਾ ਵੇਤਾ ਭੇਵ ਲਿਖ ਨਾ ਸਕੇ ਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹ।