੨੧ ਫੱਗਣ ੨੦੧੭ ਬਿਕ੍ਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਬਾਬੂ ਪੁਰਾ ਜਿਲਾ ਗੁਰਦਾਸ ਪੁਰ
ਸ਼ਾਹ ਕੰਗਾਲ ਹਰਿ ਰੰਗਦਾ, ਰੰਗ ਅਗੰਮੀ ਅੰਤਰ ਚਾੜ੍ਹ। ਭਗਤ ਭਿਖਾਰੀ ਹੋ ਕਦੇ ਨਾ ਸੰਗਦਾ, ਲੇਖਾ ਜਾਣੇ ਅੰਤਰ ਬਾਹਰ। ਸਚ ਪ੍ਰੀਤੀ ਏਕਾ ਮੰਗ ਦਾ, ਦੂਸਰ ਅਵਰ ਨਾ ਕੋਇ ਵਿਚਾਰ। ਕੁੱਲੀ ਕੱਖਾਂ ਆਪੇ ਲੰਘਦਾ, ਮਹੱਲ ਅਟਲ ਨਾ ਕੋਇ ਪਿਆਰ। ਪਰਦਾ ਲਾਹੇ ਝੂਠੀ ਕੰਧ ਦਾ, ਦੂਈ ਦਵੈਤੀ ਪਰਦਾ ਉਤਾਰ। ਲਹਿਣ ਚੁਕਾਏ ਅੰਧੇਰ ਅੰਧ ਦਾ, ਘਰ ਚੰਦ ਕਰ ਉਜਿਆਰ। ਲੇਖਾ ਚੁਕਾਏ ਆਵਣ ਜਾਵਣ ਪੰਧ ਦਾ, ਲੱਖ ਚੁਰਾਸੀ ਗੇੜ ਨਿਵਾਰ। ਨਾਤਾ ਤੋੜੇ ਫਾਂਦਕੀ ਫੰਦ ਦਾ, ਰਾਏ ਧਰਮ ਨਾ ਕਰੇ ਖ਼ਵਾਰ। ਰਸ ਛੁੱਟੇ ਮਦਿਰਾ ਮਾਸ ਗੰਦ ਦਾ, ਰਸ ਬਰਖੇ ਅੰਮ੍ਰਿਤ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰੇ ਸਰਬੰਗ ਦਾ, ਸਾਚੀ ਬਖ਼ਸ਼ਸ਼ ਬਖ਼ਸ਼ਣਹਾਰ। ਸਾਚੀ ਬਖ਼ਸ਼ਸ਼ ਰਖ ਹੱਥ, ਦੀਨਾ ਨਾਥਾ ਹੋਏ ਸਹਾਈਆ। ਸਚਖੰਡ ਨਿਵਾਸੀ ਸੱਚਖੰਡ ਦਵਾਰ ਹਰਿ ਹਰਿ ਸ਼ਬਦ ਅਗੰਮੀ ਪਾਏ ਨੱਥ, ਡੋਰੀ ਚੋਰੀ ਚੋਰੀ ਆਪ ਖਿਚਾਈਆ। ਗ੍ਰਹਿ ਮੰਦਰ ਡੂੰਘੀ ਕੰਦਰ ਕਵਰੀ ਭਵਰੀ ਆਪ ਗਿੜਾਏ ਉਲਟੀ ਲਠ, ਪੰਜ ਤਤ ਤ੍ਰੈਗੁਣ ਹੱਡ ਮਾਸ ਨਾੜੀ ਰਤ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਮਾਹੀਆ। ਨਾਤਾ ਤੋੜ ਜਗਤ ਜੰਜਾਲ, ਗੁਰਮੁਖ ਸਾਚੇ ਸਚ ਜਣਾਇੰਦਾ। ਏਕਾ ਪਾਵੇ ਸ਼ਬਦ ਆਣ, ਦੂਸਰ ਆਣ ਨਾ ਕੋਈ ਵਖਾਇੰਦਾ। ਜੋ ਜਨ ਭੁੱਲੇ ਬਣ ਅਞਾਣ, ਤਿਸ ਭੁੱਲਿਆਂ ਮਾਰਗ ਪਾਇੰਦਾ। ਜੋ ਜਨ ਮਨ ਕਰੇ ਅਭਿਮਾਨ, ਤਿਸ ਖ਼ਾਕੀ ਖ਼ਾਕ ਮਿਲਾਇੰਦਾ। ਸਰਬ ਜੀਆਂ ਏਕਾ ਭਗਵਾਨ, ਹਰਿ ਘਟ ਘਟ ਵੇਖ ਵਖਾਇੰਦਾ। ਗੁਰਮੁਖ ਵਿਰਲੇ ਦੇਵੇ ਸ਼ਬਦ ਬਿਬਾਣ, ਲੱਖ ਚੁਰਾਸੀ ਲਾੜੀ ਮੌਤ ਨਾਲ ਪਰਨਾਇੰਦਾ। ਕਲਜੁਗ ਅੰਤਮ ਜਗ ਵਿਛੜੇ ਮੇਲੇ ਆਣ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਗੁਰਮੁਖ ਸਖ਼ੀ ਮਿਲੇ ਹਰਿ ਹਰਿ ਸਾਚਾ ਕਾਹਨ, ਘਨਈਆ ਨਈਆ ਸਾਚਾ ਛਤਰ ਸੀਸ ਆਪ ਝੁਲਾਇੰਦਾ। ਜਗਤ ਗਵਈਆ ਬਣ ਰਮਈਆ ਦੇਵੇ ਦਾਨ, ਫੜ ਫੜ ਬਈਆ ਪਾਰ ਕਰਾਇੰਦਾ। ਧਰਮ ਰਾਏ ਨਾ ਕੱਢੇ ਵਹੀਆ ਅੰਤਮ ਲੇਖਾ ਲਿਖੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੇ ਚਰਨ ਲਗਾਇੰਦਾ। ਚਰਨ ਲਗ ਨਾ ਜਾਏ ਭੁੱਲ, ਹਰਿਜਨ ਸਾਚੀ ਸਚ ਜਣਾਈਆ। ਅੰਮ੍ਰਿਤ ਪਿਆਲੇ ਵਿਚੋਂ ਨਾ ਜਾਣਾ ਡੁੱਲ੍ਹ, ਅਮਰ ਪਦ ਨਾ ਕੋਈ ਵਖਾਈਆ। ਕਲਜੁਗ ਟਹਿਣੀ ਨਾਲੋਂ ਤੁੱਟਾ ਫੁੱਲ, ਸਾਚੀ ਮਾਲਣ ਆਪਣੇ ਹੱਥ ਰਖਾਈਆ । ਹੱਥ ਪਾਇਆ ਬਣ ਅਨਭੋਲ, ਕੰਡਾ ਖਾਰ ਕੋਈ ਚੁਭ ਨਾ ਜਾਈਆ। ਖ਼ੁਸ਼ੀ ਖ਼ੁਸ਼ੀ ਆਪਣੇ ਕੰਡੇ ਲਏ ਤੋਲ, ਵੱਟਾ ਸੇਰ ਨਾ ਕੋਈ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਸਿੱਖ ਸਿਖ਼ਿਆ ਏਹ ਸਮਝਾਈਆ। ਫੁਲ ਟੁੱਟਾ ਆਏ ਨਾ ਕੰਮ, ਜਿਸ ਮਾਲਣ ਹੱਥ ਨਾ ਲਾਈਆ। ਜੀਵ ਸਦਾ ਨਾ ਰਹਿਣ ਸਵਾਸਾ ਦਮ, ਦਮ ਛੁਪੇ ਪਏ ਫਾਹੀਆ। ਜਗਤ ਨਾ ਮਿਟਣੀ ਤ੍ਰਿਸ਼ਨਾ ਤਮ, ਤ੍ਰਿਖਾ ਸਕੇ ਨਾ ਕੋਇ ਬੁਝਾਈਆ। ਜਿਸ ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਸੋ ਜਨ ਆਪਣਾ ਬੇੜਾ ਪਾਰ ਕਰਾਈਆ। ਏਕਾ ਸ਼ਬਦ ਸੁਣਾਏ ਕੰਨ, ਦੂਜੀ ਆਵਾਜ਼ ਕੰਨ ਨਾ ਕੋਇ ਪਾਈਆ। ਏਕਾ ਦੇਵੇ ਨਾਮ ਧਨ, ਦੂਜਾ ਧਨ ਸੰਗ ਨਾ ਕਿਸੇ ਜਾਈਆ। ਹਰਿਜਨ ਤੇਰਾ ਤੇਰੇ ਘਰ ਜਾਏ ਮੰਨ, ਮਨੌਣ ਦੂਜੇ ਘਰ ਨਾ ਕੋਇ ਜਾਈਆ। ਕਾਇਆ ਕਪੜ ਛੰਨ ਛੱਪਰ ਸਾਚਾ ਮੰਦਰ ਵਸਿਆ ਅੰਦਰ, ਦਿਵਸ ਰੈਣ ਰੈਣ ਪਰਭਾਤ, ਦਰਸ ਵਖਾਏ ਇਕ ਇਕਾਂਤ, ਅਕਲ ਕਲ ਧਾਰ ਹਰਿ ਨਿਰੰਕਾਰ, ਗੁਰਸਿਖ ਪਿਆਰ ਤਨ ਸ਼ੰਗਾਰ, ਮਾਲਣ ਫੂਲਨ ਗੁੰਦੇ ਵਾਰੋ ਵਾਰ, ਨਾਮ ਤਾਗਾ ਪ੍ਰੇਮ ਸੂਈ ਨੱਕਾ ਗੁਰਸਿਖ ਤੇਰੀ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਿੱਸਾ ਭਗਤ ਵੰਡਾਈਆ।
