Granth 10 Likhat 056: 21 Faggan 2017 Bikarmi Swaran Singh de Greh Pind Babu Pura Jila Gurdaspur

੨੧ ਫਗਣ ੨੦੧੭ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਨਾਮ ਧਨ ਸ਼ਬਦ ਗੁਰ ਰਾਸ, ਗੁਰਸਿਖ ਖ਼ਜ਼ਾਨੇ ਆਪੇ ਪਾਈਆ। ਆਪੇ ਵਸੇ ਸਦਾ ਪਾਸ, ਨਿਕਟੀ ਹੋ ਹੋ ਦਰਸ ਦਿਖਾਈਆ। ਸਦਾ ਸਦ ਹੋਏ ਦਾਸੀ ਦਾਸ, ਦਾਸਨ ਦਾਸੀ ਸੇਵ ਕਮਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਈਆ। ਰਵ ਸਸ ਕਰ ਕਰ ਬੈਠੇ ਆਸ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪਹਿਲਾਂ ਗੁਰਸਿਖਾਂ ਪੂਰੀ ਕਰੇ ਆਸ, ਦੂਜੀ ਧਾਰ ਫੇਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਸਾਚਾ ਨਾਮ ਮਾਲ ਧਨਵੰਤਾ, ਦਰ ਘਰ ਸਾਚੇ ਆਪੇ ਵਖਾਇੰਦਾ। ਗੁਰਮੁਖ ਗੁਰ ਗੁਰ ਹੋਏ ਮੰਗਤਾ, ਵਸਤ ਅਮੋਲਕ ਆਪ ਵਰਤਾਇੰਦਾ। ਮਾਣ ਰਖਾਏ ਹਰਿਜਨ ਜਿਉਂ ਜਨ ਜਨਕਾ, ਹਰਿਜਨ ਜਾਨਕੀ ਆਪ ਪਰਨਾਇੰਦਾ। ਅਕਲ ਕਲ ਹਰਿ ਖੇਲ ਵਰਤੰਤਾ, ਅਨਦ ਬਿਨੋਦੀ ਭੇਵ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਖਿਲਾਇੰਦਾ। ਨਾਮ ਧਨ ਸ਼ਬਦ ਭੰਡਾਰਾ, ਭਗਵਨ ਹਰਿ ਹਰਿ ਆਪ ਵਰਤਾਇੰਦਾ। ਦਾਨਵ ਦੇਵ ਮੁਨ ਜਨ ਮੁਨੀਸ਼ਰ ਤਪੀਸ਼ਰ ਮੰਗਣ ਵਾਰੋ ਵਾਰਾ, ਰਖੀਸ਼ਰ ਜਗਦੀਸ਼ਰ ਸੀਸ ਸਰਬ ਝੁਕਾਇੰਦਾ। ਲੇਖਾ ਜਾਣੇ ਆਪਣਾ ਈਸਰ, ਈਸ਼ਵਰ ਆਪਣੇ ਵਿਚ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੱਡਾ ਵਡ ਸਾਲਾਹਿੰਦਾ। ਵਡ ਵੱਡਾ ਹਰਿਜਨ ਪਾਇਆ, ਹਰਿ ਮੀਤਨ ਮੀਤ ਮੁਰਾਰ। ਗ੍ਰਹਿ ਮੰਦਰ ਇਕ ਸੁਹਾਇਆ, ਗੁਰ ਪ੍ਰਸਾਦੀ ਹੋ ਉਜਿਆਰ। ਭੌ ਭੈ ਭਵ ਭੰਜਨ ਹੋਏ ਸਹਾਇਆ, ਅਨਭਵ ਆਪਣਾ ਖੋਲ੍ਹ ਕਿਵਾੜ। ਦਵੈ ਦਵੈਤ ਮੇਟ ਮਿਟਾਇਆ, ਦਵੈਕਸ਼ ਕੋਇ ਨਾ ਵਿਚ ਸੰਸਾਰ। ਕਲਜੁਗ ਅੰਤਮ ਹਰਿਜਨ ਫੁਲ ਫੁਲਵਾੜੀ ਹਰਿ ਜੂ ਸੈਰ ਕਰਨ ਆਇਆ, ਆਪਣੇ ਅਸਵ ਹੋ ਅਸਵਾਰ। ਸੁਕਦੇ ਬੂਟੇ ਲਏ ਲਹਿਰਾਇਆ, ਨਿਰਗੁਣ ਸਰਗੁਣ ਕਰ ਪਿਆਰ। ਪਵਣ ਝੂਟੇ ਦਏ ਝੁਲਾਇਆ, ਪਵਣ ਉਣੰਜਾ ਦਏ ਹੁਲਾਰ। ਸਾਚੀ ਕੂਟੇ ਡੇਰਾ ਲਾਇਆ, ਜ਼ਿਮੀਂ ਅਸਮਾਨ ਨਾ ਪਾਵੇ ਕੋਇ ਸਾਰ। ਕਲਜੁਗ ਝੂਠੇ ਦਏ ਕਰਾਇਆ, ਜਗਤ ਵਿਦਿਆ ਕਰ ਖ਼ਵਾਰ। ਗੁਰਸਿਖ ਅਨੂਠੇ ਲਏ ਮਿਲਾਇਆ, ਰਸ ਮਿਠਾ ਏਕਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵਰਤੇ ਨਾਮ ਸ਼ਬਦ ਵਰਤਾਰ। ਨਾਮ ਸਤਿ ਰਾਮ ਸਤਿ, ਸਤਿ ਰਾਮ ਨਾਮ ਵਡਿਆਈਆ। ਆਦਿ ਸਤਿ ਜੁਗਾਦਿ ਸਤਿ, ਬ੍ਰਹਮ ਬ੍ਰਹਿਮਾਦਿ ਸਤਿ ਵਖਾਈਆ। ਗੁਰਸਿਖ ਤੇਰਾ ਨਾਤਾ ਸਤਿ, ਗੁਰਸਿਖ ਤੇਰਾ ਪ੍ਰੇਮ ਸਤਿ, ਗੁਰਸਿਖ ਸਤਿ ਪ੍ਰੇਮ ਡੋਰੀ ਬੰਧਨ ਪਾਈਆ। ਗੁਰਸਿਖ ਤੇਰਾ ਘਰ ਸਤਿ ਗੁਰਮੁਖ ਤੇਰੀ ਵਡਿਆਈ ਸਮਰਥ, ਸੰਤ ਤੇਰੀ ਮਹਿਮਾ ਅਕਥ, ਭਗਤ ਤੇਰਾ ਸਾਚਾ ਰਥ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਚੌਥੇ ਜੁਗ ਭਗਤ ਸੰਤ ਗੁਰਮੁਖ ਗੁਰਸਿਖ ਇਕ ਦਵਾਰੇ ਕੀਤਾ ਅਕੱਠ, ਏਕਾ ਪਦ ਦਏ ਸਮਝਾਈਆ। ਚੌਥਾ ਪਦ ਕਿਸੇ ਨਾ ਆਏ ਹੱਥ, ਗੁਰਸਿਖਾਂ ਪਹਿਲੇ ਪੌੜੇ ਆਪ ਬਹਾਈਆ। ਅੱਗੇ ਹੋ ਹੋ ਰਾਹ ਦੇਵੇ ਦੱਸ, ਆਪਣੀ ਸੇਵਾ ਆਪ ਕਮਾਈਆ। ਜਿਸ ਵੇਲੇ ਗੁਰਸਿਖ ਅੱਗੇ ਜਾ ਕਹੇ ਬਸ ਬਸ, ਫੇਰ ਆਪਣਾ ਪੰਧ ਮੁਕਾਈਆ। ਗੁਰਸਿਖ ਉਪਰ ਆਪ ਰਿਹਾ ਵਸ, ਗੁਰਮੁਖ ਚਰਨਾਂ ਹੇਠ ਰਖਾਈਆ। ਸਚਖੰਡ ਦਵਾਰ ਸਚ ਸਿੰਘਾਸਣ ਰਿਹਾ ਸਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਗੁਰਸਿਖ ਹਰਿ ਸੰਤ ਭਗਤ ਭਗਵੰਤ ਥਿਰ ਘਰ ਵਾੜ ਪਰਦਾ ਲਵੇ ਕਜ, ਚਰਨ ਧੂੜ ਉਪਰ ਆਪਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਸਚ ਦਏ ਵਡਿਆਈਆ।