Granth 10 Likhat 067: 30 Faggan 2017 Bikarmi Shabad Singhasan Delhi

੩੦ ਫਗਣ ੨੦੧੭ ਬਿਕ੍ਰਮੀ ਸ਼ਬਦ ਸਿੰਘਾਸਣ ਦਿੱਲੀ

ਸ਼ਾਹ ਪਾਤਸ਼ਾਹ ਹਰਿ ਸਾਚਾ ਰਾਜਾ, ਸ਼ਹਿਨਸ਼ਾਹ ਵਡੀ ਵਡਿਆਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਜਗਦੀਸ ਸੁਹਾਏ ਏਕਾ ਤਾਜਾ, ਅਗੰਮ ਅਥਾਹ ਬੇਪਰਵਾਹ, ਪਾਰਬ੍ਰਹਮ ਨੂਰ ਇਲਾਹੀਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਰਚਿਆ ਕਾਜਾ, ਅਨਭਵ ਪਰਕਾਸ਼ ਨਿਰਗੁਣ ਨਿਰਵੈਰ ਧਾਰ ਮੂਰਤ ਅਕਾਲ ਅਜੂਨੀ ਰਹਿਤ ਆਪ ਚਲਾਈਆ। ਸ਼ਬਦ ਅਗੰਮੀ ਧੁਰ ਫ਼ਰਮਾਨਾ ਅਨਹਦ ਅਨਾਦੀ ਵਾਜਾ, ਆਦਿ ਜੁਗਾਦੀ ਜੁਗਾ ਜੁਗੰਤਰ ਤ੍ਰੈਭਵਣ ਧਨੀ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਵਾਜਾ, ਲੱਖ ਚੁਰਾਸੀ ਦੇਵੇ ਦਾਜਾ, ਤ੍ਰੈਗੁਣ ਮੀਤਾ ਇਕ ਅਤੀਤਾ ਪੰਚਮ ਰੂਪ ਅਨੂਪ ਵਟਾਈਆ। ਲੋਕਮਾਤ ਰਚ ਰਚ ਕਾਜਾ, ਆਵੇ ਜਾਵੇ ਗ਼ਰੀਬ ਨਿਵਾਜ਼ਾ, ਨਿਰਧਨ ਸਰਧਨ ਸਰਗੁਣ ਨਿਰਗੁਣ ਖੇਲ ਖਿਲਾਈਆ। ਰੂਪ ਅਨੂਪ ਭੇਵ ਅਭੇਦਾ, ਇਕ ਇਕੱਲਾ ਅਛਲ ਅਛੇਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹੋ ਭੂਪ ਵਡੀ ਵਡਿਆਈਆ। ਸ਼ਾਹੋ ਭੂਪ ਹਰਿ ਰਾਜ ਰਾਜਾਨਾ, ਇਕ ਇਕੱਲਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨਾ, ਲੋਕਮਾਤ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨਾ, ਸਾਚੀ ਸੇਵਾ ਸਚ ਜਣਾਇੰਦਾ। ਸਤਿ ਸਰੂਪੀ ਸ਼ਬਦੀ ਦਾਨਾ, ਵਸਤ ਅਮੋਲਕ ਇਕ ਵਰਤਾਇੰਦਾ। ਲੇਖਾ ਜਾਣੇ ਦੋ ਜਹਾਨਾ, ਦੀਨ ਦੁਨੀ ਆਪਣੇ ਹੱਥ ਰਖਾਇੰਦਾ। ਸਤਿ ਸਤਿਵਾਦੀ ਸਤਿ ਤਰਾਨਾ, ਸਾਚਾ ਮੰਗਲ ਆਪੇ ਗਾਇੰਦਾ। ਸਚਖੰਡ ਵਸੇ ਇਕ ਮਕਾਨਾ, ਥਿਰ ਘਰ ਸਾਚਾ ਬੰਕ ਸੁਹਾਇੰਦਾ। ਏਕਾ ਹੁਕਮ ਧੁਰ ਫ਼ਰਮਾਨਾ, ਜੁਗਾ ਜੁਗੰਤਰ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਸ਼ਾਹ ਪਾਤਸ਼ਾਹ ਹਰਿ ਸਾਚਾ ਭੂਪ, ਸਚਖੰਡ ਦਵਾਰੇ ਸੋਭਾ ਪਾਈਆ। ਏਕੰਕਾਰਾ ਨਾ ਕੋਈ ਰੰਗ ਨਾ ਕੋਈ ਰੂਪ, ਨਿਰਾਕਾਰ ਬੇਪਰਵਾਹੀਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡਗਮਗਾਈਆ। ਆਪੇ ਤਾਗਾ ਆਪੇ ਸੂਤ, ਆਪੇ ਬਣਤ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਇਕ ਅਖਵਾਈਆ। ਸ਼ਹਿਨਸ਼ਾਹ ਇਕ ਇਕੱਲਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ਨ ਸੋਭਾ ਪਾਇੰਦਾ। ਆਪੇ ਫੜੇ ਆਪਣਾ ਪੱਲਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਆਪਣਾ ਬਲ ਧਰਾਇੰਦਾ। ਆਪਣੀ ਜੋਤ ਆਪੇ ਬਲਾ, ਪਰਕਾਸ਼ ਪਰਕਾਸ਼ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਖਿਲਾਵਣਹਾਰਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਧਾਮ ਨਿਆਰਾ, ਸਾਚੇ ਧਾਮ ਸੋਭਾ ਪਾਈਆ। ਏਕੰਕਾਰਾ ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਪਰਗਟਾਈਆ। ਆਦਿ ਨਿਰੰਜਣ ਹੋ ਉਜਿਆਰਾ, ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਸਗਲਾ ਸੰਗ ਇਕ ਵਖਾਈਆ। ਸ੍ਰੀ ਭਗਵਾਨ ਕਰੇ ਕਰਾਏ ਸਾਚੀ ਕਾਰਾ, ਕਰਤਾ ਪੁਰਖ ਭੇਵ ਨਾ ਰਾਈਆ। ਪਾਰਬ੍ਰਹਮ ਵੇਸ ਅਵੱਲੜਾ ਅਗੰਮ ਅਗੰਮੜਾ ਕਰੇ ਕਰਾਏ ਕਰਨੇਹਾਰਾ, ਆਪਣੀ ਕਿਰਤ ਆਪਣੇ ਹੱਥ ਰਖਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰਾ, ਅਨਭਵ ਦੇਵੇ ਆਪਣੀ ਧਾਰਾ, ਕਿਰਨ ਕਿਰਨ ਕਿਰਨ ਵਿਚ ਸਮਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਬੋਧ ਅਗਾਧੀ ਇਕ ਲਲਕਾਰਾ, ਏਕਾ ਹੁਕਮ ਸੁਣਾਈਆ। ਜੁਗਾ ਜੁਗੰਤਰ ਹੋ ਉਜਿਆਰਾ, ਨਿਰਗੁਣ ਸਰਗੁਣ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਦਏ ਆਧਾਰਾ, ਜੋਤੀ ਜੋਤ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਸੁਲਤਾਨਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਭਗਵਾਨ। ਜੁਗਾ ਜੁਗੰਤਰ ਵੇਸ ਵਟਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਲੱਖ ਚੁਰਾਸੀ ਵੇਖ ਵਖਾਇੰਦਾ, ਘਟ ਘਟ ਅੰਦਰ ਹੋ ਪਰਧਾਨ। ਮਨ ਮਤ ਬੁਧ ਆਪਣਾ ਬੰਧਨ ਪਾਇੰਦਾ, ਲੇਖਾ ਜਾਣੇ ਪੰਜ ਸ਼ੈਤਾਨ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਏਕਾ ਰੰਗ ਰੰਗਾਇੰਦਾ, ਤ੍ਰੈਗੁਣ ਪਾਏ ਸਾਚੀ ਆਣ। ਨੌਂ ਦਵਾਰੇ ਖੋਜ ਖੁਜਾਇੰਦਾ, ਅੰਦਰ ਬਾਹਰ ਰੂਪ ਮਹਾਨ। ਸਚ ਸੰਦੇਸ਼ ਨਰ ਨਰੇਸ਼ ਆਪਣਾ ਆਪ ਸੁਣਾਇੰਦਾ, ਇਕ ਇਕੱਲਾ ਹੋ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਰਾਜ ਰਾਜਾਨ। ਰਾਜ ਰਾਜਾਨਾ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਆਪ ਅਖਵਾਈਆ। ਬੈਕੁੰਠ ਨਿਵਾਸੀ ਕਰੇ ਖੇਲ ਅਪਰ ਅਪਾਰਾ, ਚਤਰਭੁਜ ਵਡ ਵਡਿਆਈਆ। ਆਦਿ ਸ਼ਕਤ ਨੂਰੋ ਨੂਰ ਉਜਿਆਰਾ, ਰੂਪ ਅਨੂਪ ਆਪ ਧਰਾਈਆ। ਪਤ ਪਰਮੇਸ਼ਵਰ ਪਰਮ ਪੁਰਖ ਪਾਰਬ੍ਰਹਮ ਆਪ ਸੁਹਾਏ ਆਪਣਾ ਬੰਕ ਦਵਾਰ, ਦਰ ਦਰਵਾਜ਼ਾ ਸਤਿ ਖੁਲ੍ਹਾਈਆ। ਆਪਣੀ ਇਛਿਆ ਪਾਏ ਭਿਛਿਆ ਦਰ ਦਰਵੇਸ਼ ਬਣ ਭਿਖਾਰਾ, ਆਪਣੀ ਸਦਾ ਆਪ ਲਗਾਈਆ। ਆਪੇ ਕੂਕੇ ਉਚੀ ਬੋਲ ਜੈਕਾਰਾ, ਹਕ਼ੀਕ਼ਤ ਨਾਅਰਾ ਆਪ ਸੁਣਾਈਆ। ਆਪਣਾ ਨਾਉਂ ਕਰੇ ਉਜਿਆਰਾ, ਪੁਰਖ ਅਕਾਲ ਬੇਪਰਵਾਹੀਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਸ ਵਟਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਈਆ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਜੁਗਾ ਜੁਗੰਤਰ ਕਾਰ। ਗੁਰ ਅਵਤਾਰ ਰੂਪ ਧਰਾਇੰਦਾ, ਸ਼ਬਦ ਅਨਾਦ ਸੁਣਾਏ ਸੱਚੀ ਧੁੰਨਕਾਰ। ਜਗਤ ਕਿਰਿਆ ਕਿਰਤ ਵੇਖ ਵਖਾਇੰਦਾ, ਕਰਮ ਨਿਹਕਰਮੀ ਪਾਵੇ ਸਾਰ। ਧਰਮ ਅਧਰਮੀ ਪਰਦਾ ਲਾਹਿੰਦਾ, ਆਪ ਆਪਣੀ ਕਿਰਪਾ ਧਾਰ। ਭਗਤ ਭਗਵੰਤ ਮੇਲ ਮਿਲਾਇੰਦਾ, ਸਾਚੇ ਸੰਤ ਕਰੇ ਪਿਆਰ। ਗੁਰਮੁਖ ਆਪਣੀ ਗੋਦ ਬਹਾਇੰਦਾ, ਗੁਰਸਿਖ ਸਾਚੇ ਲਏ ਉਭਾਰ। ਅੰਮ੍ਰਿਤ ਆਤਮ ਜਾਮ ਪਿਆਇੰਦਾ, ਨਿਝਰ ਝਿਰਨਾ ਠੰਡਾ ਠਾਰ। ਬਜਰ ਕਪਾਟੀ ਕੁੰਡਾ ਲਾਹਿੰਦਾ, ਦੂਈ ਦਵੈਤੀ ਪਰਦਾ ਆਪ ਉਤਾਰ। ਅਨਹਦ ਨਾਦੀ ਨਾਦ ਸੁਣਾਇੰਦਾ, ਸ਼ਬਦ ਅਗੰਮੀ ਇਕ ਗੁਫ਼ਤਾਰ। ਨਿਰਗੁਣ ਜੋਤੀ ਜੋਤ ਜਗਾਇੰਦਾ, ਕਾਇਆ ਮੰਦਰ ਹੋ ਉਜਿਆਰ। ਘਰ ਘਰ ਵਿਚ ਵੇਖ ਵਖਾਇੰਦਾ, ਆਤਮ ਬ੍ਰਹਮ ਪਾਏ ਸਾਰ। ਸਾਚੀ ਸੇਜਾ ਆਪ ਵਡਿਆਇੰਦਾ, ਜਿਸ ਸਿਰ ਹੱਥ ਧਰੇ ਨਿਰੰਕਾਰ। ਈਸ਼ ਜੀਵ ਭੇਵ ਚੁਕਾਇੰਦਾ, ਹਰਿ ਜਗਦੀਸ ਸੱਚੀ ਸਰਕਾਰ। ਏਕਾ ਮੰਦਰ ਰੰਗ ਰੰਗਾਇੰਦਾ, ਨਿਰਗੁਣ ਦੀਵਾ ਬਾਤੀ ਕਰ ਉਜਿਆਰ। ਸਾਚਾ ਮੀਤਾ ਨਜ਼ਰੀ ਆਇੰਦਾ, ਸਚ ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਏ ਉਧਾਰ। ਸਰਗੁਣ ਅੰਦਰ ਨਿਰਗੁਣ ਧਾਰ ਰੱਖ, ਜੁਗ ਜੁਗ ਖੇਲ ਖਿਲਾਇਆ। ਪੰਜ ਤਤ ਕਾਇਆ ਹੋ ਪਰਤਖ, ਸ਼ਬਦੀ ਸ਼ਬਦ ਨਾਦ ਵਜਾਇਆ। ਸ਼ਬਦ ਗੁਰ ਸ਼ਬਦ ਵਸੇ ਵਖ, ਦਿਸ ਕਿਸੇ ਨਾ ਆਇਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਆਪ ਗਣਾਇਆ। ਕਾਇਆ ਚੋਲਾ ਚਲਾਏ ਰਥ, ਵਿਚੋਲਾ ਅਨਭਵ ਖੇਲ ਖਿਲਾਇਆ। ਵਸਣਹਾਰਾ ਘਟ ਘਟ, ਰੂਪ ਅਨੂਪ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦਏ ਮਾਤ ਵਡਿਆਇਆ। ਸਰਗੁਣ ਚੋਲਾ ਕਾਇਆ ਤਤ, ਪੰਚ ਮਾਣ ਰਖਾਇੰਦਾ। ਲੇਖਾ ਜਾਣੇ ਹੱਡ ਮਾਸ ਨਾੜੀ ਰਤ, ਆਪ ਆਪਣਾ ਭੇਵ ਚੁਕਾਇੰਦਾ। ਆਪਣੀ ਧਾਰਾ ਇਕ ਸਮਰਥ, ਪੁਰਖ ਅਬਿਨਾਸ਼ੀ ਆਪ ਚਲਾਇੰਦਾ। ਜਿਸ ਜਨ ਦੇਵੇ ਆਪਣੀ ਵਥ, ਸੋ ਤਨ ਸੋਭਾ ਪਾਇੰਦਾ। ਮੇਲ ਮਿਲਾਵਾ ਕਮਲਾਪਤ, ਕਮਲਾਪਤ ਪੁਰਖ ਅਬਿਨਾਸ਼ੀ ਆਪਣਾ ਨਾਉਂ ਧਰਾਇੰਦਾ। ਜਿਸ ਤਨ ਅੰਦਰ ਆਪਣੀ ਵਸਤ ਦੇਵੇ ਘਤ, ਸੋ ਤਨ ਲੋਕਮਾਤ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਧੰਦੇ ਲਾਇੰਦਾ। ਨਿਰਗੁਣ ਜੋਤੀ ਨਿਰਗੁਣ ਧਾਰ, ਸੁਰਤ ਸ਼ਬਦ ਕੁੜਮਾਈਆ। ਲੇਖਾ ਜਾਣੇ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਈਆ। ਨਾਉਂ ਧਰਾਏ ਗੁਰ ਅਵਤਾਰ, ਗੁਰ ਗੁਰ ਭੇਵ ਨਾ ਰਾਈਆ। ਲੱਖ ਚੁਰਾਸੀ ਪਾਵੇ ਸਾਰ, ਵੇਖਣਹਾਰ ਜਗਤ ਲੋਕਾਈਆ। ਗੁਰਮੁਖ ਸੱਜਣ ਲਏ ਉਭਾਰ, ਭਗਤਨ ਦਏ ਵਡਿਆਈਆ। ਸੰਤਨ ਮੇਲਾ ਧੁਰ ਦਰਬਾਰ, ਘਰ ਘਰ ਵਿਚ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਆਪਣਾ ਲੇਖਾ ਹਰਿ ਨਿਰੰਕਾਰਾ, ਆਪਣੇ ਹੱਥ ਰਖਾਇੰਦਾ। ਬ੍ਰਹਮਾ ਵੇਤਾ ਨਾ ਪਾਏ ਸਾਰਾ, ਚਾਰੇ ਵੇਦਾਂ ਚਾਰੇ ਮੁਖ ਅਲਾਇੰਦਾ। ਪੁਰਾਨ ਅਠਾਰਾਂ ਕਰੇ ਪੁਕਾਰਾ, ਹਰਿ ਹਰਿ ਨਾਮ ਧਿਆਇੰਦਾ। ਸ਼ਾਸਤਰ ਸਿਮਰਤ ਕਰੇ ਨਿਮਸਕਾਰਾ, ਨਿਉਂ ਨਿਉਂ ਸੀਸ ਜਗਦੀਸ ਝੁਕਾਇੰਦਾ। ਏਕਾ ਅਕਸ਼ਰ ਨਿਰਗੁਣ ਨਿਰਾਕਾਰਾ, ਆਪਣਾ ਆਪ ਉਪਜਾਇੰਦਾ। ਲਿਖਣ ਪੜ੍ਹਣ ਤੋਂ ਵਸੇ ਬਾਹਰਾ, ਕ਼ਲਮ ਸ਼ਾਹੀ ਨਾ ਮੇਲ ਮਿਲਾਇੰਦਾ। ਕਾਗਦ ਦੇਵੇ ਨਾ ਕੋਇ ਭਾਰਾ, ਸਰਗੁਣ ਰੂਪ ਨਾ ਕੋਇ ਧਰਾਇੰਦਾ। ਗੁਰ ਗੁਰ ਦੇਵੇ ਕਰ ਪਿਆਰਾ, ਗੁਰ ਮੂਰਤ ਅਕਾਲ ਆਪ ਜਣਾਇੰਦਾ। ਕਲਜੁਗ ਖੇਲ ਅਪਰ ਅਪਾਰਾ, ਤਤਵ ਤਤ ਤਤ ਰਖਾਇੰਦਾ। ਸ਼ਬਦੀ ਨਾਦ ਬੋਲ ਜੈਕਾਰਾ, ਬ੍ਰਹਮ ਬ੍ਰਹਿਮਾਦਿ ਆਪ ਸੁਣਾਇੰਦਾ । ਜੋਤੀ ਜੋਤ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਖ਼ਾਲਕ ਖ਼ਲਕ ਵੇਖਣਹਾਰਾ ਪਰਵਰਦਿਗਾਰਾ, ਮੁਕਾਮੇ ਹਕ ਸੋਭਾ ਪਾਇੰਦਾ। ਐਨਲਹਕ ਇਕ ਜੈਕਾਰਾ, ਤੌਫ਼ੀਕ਼ ਖ਼ੁਦਾਏ ਇਕ ਸਮਝਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਆਸਣ ਇਕ ਸਿੰਘਾਸਣ ਸੋਭਾ ਪਾਇੰਦਾ। ਏਕਾ ਗੁਰ ਇਕ ਅਵਤਾਰਾ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਆਪ ਚਲਾਇੰਦਾ। ਜੁਗ ਜੁਗ ਹੁਕਮ ਚਲਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਧਾਰ। ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ, ਦਰ ਦਰਵੇਸ਼ ਕਰਨ ਪੁਕਾਰ। ਗੁਰ ਅਵਤਾਰ ਝੋਲੀ ਡਾਹਿੰਦਾ, ਏਕਾ ਮੰਗਣ ਮੰਗ ਭਿਖਾਰ। ਭਗਤ ਭਗਵੰਤ ਰਾਹ ਤਕਾਇੰਦਾ, ਨੇਤਰ ਲੋਚਣ ਨੈਣ ਦਰਸ ਦੀਦਾਰ। ਸੰਤ ਸਤਿਗੁਰ ਚਰਨ ਕਵਲ ਵੇਖ ਵਖਾਇੰਦਾ, ਏਕਾ ਮੰਗੇ ਚਰਨ ਪਿਆਰ। ਗੁਰਮੁਖ ਏਕਾ ਓਟ ਤਕਾਇੰਦਾ, ਨਾਤਾ ਤੋੜ ਸਰਬ ਸੰਸਾਰ। ਗੁਰਸਿਖ ਆਸਾ ਤ੍ਰਿਸ਼ਨਾ ਪ੍ਰਭ ਦਰਸ ਅੰਤਰ ਆਤਮ ਇਕ ਜਣਾਇੰਦਾ, ਦੂਜਾ ਅਵਰ ਨਾ ਕੋਇ ਆਧਾਰ। ਨੌਂ ਚਾਰ ਚਾਰ ਖੇਲ ਖਿਲਾਇੰਦਾ, ਜੁਗ ਚੌਕੜੀ ਸਾਚੀ ਕਾਰ। ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ, ਚਾਰ ਦੀਵਾਰ ਜਗਤ ਹੋਏ ਵਿਵਹਾਰ। ਚਾਰ ਕੁੰਟ ਚਾਰ ਜੁਗ ਚਾਰ ਵਰਨ ਸਰਬ ਸ਼ਰਮਾਇੰਦਾ, ਮਿਲੇ ਮੇਲ ਨਾ ਪ੍ਰੀਤਮ ਯਾਰ। ਕਾਲ ਦਿਆਲ ਆਪਣੀ ਖੇਲ ਖਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਕਰੇ ਖੇਲ ਸੱਚੀ ਸਰਕਾਰ। ਜੁਗ ਜੁਗ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾ। ਕਲਜੁਗ ਅੰਤਮ ਵੇਖ ਵਖਾਇਆ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ। ਪੁਰਖ ਅਬਿਨਾਸ਼ੀ ਨਿਰਗੁਣ ਆਪਣਾ ਵੇਸ ਵਟਾਇਆ, ਜੋਤੀ ਜਾਮਾ ਮਾਤ ਧਰਾ। ਸ਼ਬਦ ਅਗੰਮੀ ਨਾਦ ਸੁਣਾਇਆ, ਲੋਆਂ ਪੁਰੀਆਂ ਏਕਾ ਤਰਾਨਾ ਰਿਹਾ ਗਾ। ਸੋਇਆ ਕੋਈ ਰਹਿਣ ਨਾ ਪਾਇਆ, ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲਏ ਜਗਾ। ਸ਼ਾਹ ਸੁਲਤਾਨਾ ਲਏ ਹਿਲਾਇਆ, ਆਪ ਆਪਣਾ ਹਲਫ ਉਠਾ। ਆਪਣਾ ਬੀੜਾ ਆਪਣੇ ਹੱਥ ਚਮਕਾਇਆ , ਦੂਸਰ ਦਿਸੇ ਨਾ ਕੋਈ ਸ਼ਹਿਨਸ਼ਾਹ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ, ਖ਼ਾਲਕ ਖ਼ਲਕ ਦੇਵਣਹਾਰ ਪਨਾਹ। ਆਪ ਆਪਣਾ ਹੁਕਮ ਸੁਣਾਇਆ, ਤਖ਼ਤ ਨਿਵਾਸੀ ਏਕਾ ਵਾਰ ਲੋਕਮਾਤ ਦਏ ਵਰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਲੇਖਾ ਜਾਣੇ ਅਰਸ਼ ਫ਼ਰਸ਼ ਧਰਤ ਧਵਲ ਧਰਨੀ ਆਪਣੇ ਚਰਨਾ ਹੇਠ ਦਬਾ। ਕਲਜੁਗ ਅੰਤਮ ਖੇਲ ਖਿਲਾਇੰਦਾ, ਹਰਿ ਸੂਰਬੀਰ ਬਲਵਾਨ। ਨਿਰਗੁਣ ਸ਼ਬਦ ਤੀਰ ਚਲਾਇੰਦਾ, ਲੇਖਾ ਜਾਣੇ ਦੋ ਜਹਾਨ। ਚਿਲਾ ਕਮਾਨ ਨਾ ਕੋਈ ਉਠਾਇੰਦਾ, ਕਰੇ ਖੇਲ ਨੌਜਵਾਨ। ਸਚ ਸਿੰਘਾਸਣ ਸੋਭਾ ਪਾਇੰਦਾ, ਸਤਿ ਸਤਿਵਾਦੀ ਸ੍ਰੀ ਭਗਵਾਨ। ਜਗਤ ਨੇਤਰ ਦਿਸ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਖੇਲ ਮਹਾਨ। ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪ ਕਰਾਈਆ। ਏਕਾ ਸ਼ਬਦ ਧੁਰ ਫਰਮਾਨਾ, ਹਰਿ ਕਾ ਨਾਉਂ ਦਏ ਸੁਣਾਈਆ। ਨੌਂ ਖੰਡ ਪ੍ਰਿਥਮੀ ਏਕਾ ਗਾਣਾ, ਏਕਾ ਰਈਯਤ ਦਏ ਜਣਾਈਆ। ਏਕਾ ਹਰਿ ਏਕਾ ਗਾਨਾ, ਏਕਾ ਕਰੇ ਪੜ੍ਹਾਈਆ। ਏਕਾ ਗੁਰ ਏਕਾ ਪਹਿਰੇ ਬਾਣਾ, ਏਕਾ ਭਾਣਾ ਲਏ ਮਨਾਈਆ। ਏਕਾ ਭਗਤ ਭਗਵੰਤ ਸੁਹਾਏ ਦਰ ਦਰਬਾਨਾ, ਦਰ ਦਰਵੇਸ਼ ਲਏ ਵਡਿਆਈਆ। ਏਕਾ ਘਟ ਘਟ ਹੋਏ ਜਾਣੀ ਜਾਣਾ, ਭੁਲ ਰਹੇ ਨਾ ਰਾਈਆ। ਏਕਾ ਪੁਰਖ ਇਕ ਸੁਲਤਾਨਾ, ਏਕਾ ਸਤਿਗੁਰ ਸੇਵ ਕਮਾਈਆ। ਏਕਾ ਬ੍ਰਹਮ ਏਕਾ ਬ੍ਰਹਮ ਗਿਆਨਾ, ਏਕਾ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਕਲਜੁਗ ਅੰਤਮ ਪਰਦਾ ਚੁੱਕਿਆ, ਨਿਰਗੁਣ ਨੂਰ ਕਰ ਉਜਿਆਰ। ਇਕ ਸੱਤ ਜੋ ਰਿਹਾ ਲੁਕਿਆ, ਇਕ ਅੱਠ ਕਰੇ ਖ਼ਵਾਰ। ਸਿੰਘ ਸ਼ੇਰ ਸ਼ੇਰ ਹੋ ਹੋ ਬੁੱਕਿਆ, ਏਕਾ ਭਬਕ ਮਾਰੇ ਵਿਚ ਸੰਸਾਰ। ਨੌਂ ਖੰਡ ਪ੍ਰਿਥਮੀ ਜੀਵ ਜੰਤ ਜਾਏ ਲੁੱਟਿਆ, ਨੇਤਰ ਰੋਵੇ ਜ਼ਾਰੋ ਜ਼ਾਰ। ਗੁਰਮੁਖ ਵਿਰਲੇ ਉਪਰ ਸਤਿਗੁਰ ਸਾਹਿਬ ਸੱਚਾ ਆਪੇ ਤੁਠਿਆ, ਆਤਮ ਅੰਤਰ ਕਰੇ ਪਿਆਰ। ਅੰਮ੍ਰਿਤ ਜਾਮ ਪਿਆਏ ਘੁੱਟਿਆ, ਅਗਨੀ ਤਤ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਦਾ ਰਿਹਾ ਉਤਾਰ। ਪਰਦਾ ਉਠਾਇਆ ਜਗਤ ਸਿੰਘਾਸਣ, ਸ਼ਹਿਨਸ਼ਾਹ ਵਡੀ ਵਡਿਆਈਆ। ਸ੍ਰਿਸ਼ਟ ਸਬਾਈ ਸਾਧਾਂ ਸੰਤਾ ਡੋਲੇ ਆਸਣ, ਜੋ ਬੈਠੇ ਖ਼ਾਕ ਵਿਛਾਈਆ। ਕਿਸੇ ਨਾ ਸੁਰਤੀ ਫੜੇ ਸੁਆਸਣ, ਸੁਰਤੀ ਸ਼ਬਦ ਨਾ ਕੋਈ ਮਿਲਾਈਆ। ਜੋ ਜਨ ਹੋਏ ਦਾਸੀ ਦਾਸਨ, ਤਿਸ ਘਾਲ ਥਾਏ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਲਜੁਗ ਕੂੜ ਕੁੜਿਆਰਾ ਕਰ ਬੈਠਾ ਰਿਹਾ ਆਸਣ, ਆਤਮ ਆਸ ਪਿਆਸ ਬੁਝਾਈਆ। ਏਕਾ ਨੂਰ ਕਰੇ ਪ੍ਰਕਾਸ਼ਨ, ਪ੍ਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਦਾ ਆਪ ਉਠਾਈਆ।