੨੩ ਫਗਣ ੨੦੧੭ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ
ਅੱਲਾ ਰਾਣੀ ਰੋਵੇ ਨੇਤਰ ਨੀਰ, ਸੀਸ ਸਯਦਾ ਜਗਦੀਸ ਝੁਕਾਈਆ। ਮੇਰੀ ਬਦਲ ਤਕ਼ਦੀਰ, ਤਦਬੀਰ ਤੇਰੇ ਹੱਥ ਸੱਚੇ ਮਾਹੀਆ। ਮੇਰੀ ਕੱਟ ਜ਼ੰਜੀਰ ਬਖ਼ਸ਼ ਅਕਸੀਰ, ਦਰ ਦਵਾਰ ਦੇਵੇ ਦੁਹਾਈਆ। ਤੂੰ ਮੀਆਂ ਵਡ ਪੀਰਨ ਪੀਰ, ਹਉਂ ਹਕੀਰ ਨੈਣ ਸ਼ਰਮਾਈਆ। ਘਰ ਰਹਿਣ ਨਾ ਦੇਂਦੇ ਈਸਾ ਮੂਸਾ ਮੁਹੰਮਦ ਮੇਰੇ ਛੋਟੇ ਵੀਰ, ਫੜ ਫੜ ਬਾਹਰ ਰਹੇ ਕਢਾਈਆ। ਏਕਾ ਦਰ ਦਰਗਹਿ ਤੇਰੀ ਡਿਠਾ ਅਖ਼ੀਰ, ਦੂਸਰ ਓਟ ਨਾ ਕੋਇ ਤਕਾਈਆ। ਮੈਂ ਨੰਗੀ ਪੈਰੀ ਆਈ ਘਤ ਵਹੀਰ, ਜੂਹਾਂ ਜੰਗਲ ਉਜਾੜ ਪਹਾੜ ਡੂੰਘੀ ਕੰਦਰ ਪਾਰ ਕਰਾਈਆ। ਤੇਰਾ ਨੂਰ ਮੇਰੀ ਤਸਵੀਰ, ਤਸਬੀ ਤੇਰਾ ਨਾਮ ਫਿਰਾਈਆ। ਮੇਰੇ ਲੱਥੇ ਕਲਜੁਗ ਚੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਆਈ ਨਿਮਾਣੀ ਜਗਤ ਬੇਗਮ, ਬੇ ਗ਼ਮ ਤੇਰਾ ਦਰ ਵਿਚਾਰਿਆ। ਮੇਰਾ ਚੰਦ ਤੇਰਾ ਨੂਰ ਏਕਮ, ਏਕਮ ਚੰਦ ਲੋਕਮਾਤ ਕਿਸੇ ਦਿਸ ਨਾ ਆ ਰਿਹਾ। ਮੇਰੀ ਮੰਨ ਸਲਾਮ ਅਲੈਕਮ, ਅੱਲਾ ਰਾਣੀ ਨਿਮਾਣੀ ਨੇਤਰ ਰੋ ਰੋ ਕਰੇ ਗਿਰਿਆ ਜ਼ਾਰਿਆ। ਤੇਰਾ ਧਾਮ ਏਕਾ ਬੈਤੁਲ, ਮੁਕੱਦਸ ਤੇਰਾ ਰੂਪ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਦੇਵੀਂ ਨਾ ਦਰ ਦੁਰਕਾਰਿਆ। ਆਈ ਦਰ ਬਣ ਨਿਮਾਣੀ, ਖੁਲ੍ਹੜੇ ਕੇਸ ਰਹੀ ਵਖਾਈਆ। ਚੌਦਾਂ ਤਬਕ ਕੋਈ ਨਾ ਦੇਵੇ ਠੰਡਾ ਪਾਣੀ, ਆਬੇ ਹਯਾਤ ਨਾ ਕੋਇ ਪਿਆਈਆ। ਹੋਈ ਵੈਰਾਗਣ ਤੇਰੀ ਰਾਣੀ, ਤੇਰਾ ਵਿਛੋੜਾ ਸਹਿ ਨਾ ਸਕੇ ਰਾਈਆ। ਲੱਖ ਚੁਰਾਸੀ ਜੀਵ ਜੰਤ ਦਰ ਦਰ ਘਰ ਘਰ ਫਿਰ ਕੇ ਵੇਖਿਆ ਕੋਇ ਨਾ ਲੱਭੇ ਸਾਚਾ ਹਾਣੀ, ਝੂਠੀ ਰੈਣ ਮਾਤ ਵਿਹਾਈਆ। ਤੇਰੇ ਜੇਹਾ ਨਾ ਕੋਇ ਲਾਸਾਨੀ, ਲਾਸ਼ਰੀਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਦੇ ਦਰਸਾਈਆ। ਮੰਗੇ ਮੰਗ ਸਾਚਾ ਨੂਰ, ਗਲ ਪੱਲੂ ਏਕਾ ਪਾ। ਦਰ ਦਰਵੇਸ਼ ਬਣੀ ਚੌਦਾਂ ਲੋਕਾਂ ਹੂਰ, ਕੋਈ ਨਾ ਦੱਸੇ ਤੇਰਾ ਰਾਹ। ਮੈਂ ਲੱਭ ਲੱਭ ਥੱਕੀ ਨੇੜੇ ਦੂਰ, ਅਧ ਵਿਚ ਛਡ ਕੇ ਗਿਆ ਮੁਹੰਮਦ ਮਲਾਹ। ਅੰਤ ਮੇਰੀ ਆਸਾ ਪੂਰ, ਪਿਛਲੇ ਬਖ਼ਸ਼ ਗੁਨਾਹ। ਅੱਗੇ ਰਵਾਂ ਸਦਾ ਹਜ਼ੂਰ, ਨਿਉਂ ਨਿਉਂ ਸੀਸ ਝੁਕਾ। ਮੇਰਾ ਕਾਅਬਾ ਤਪੇ ਵਾਂਗ ਤੰਦੂਰ, ਅੰਮ੍ਰਿਤ ਮੇਘ ਇਕ ਬਰਸਾ। ਤੇਰੀ ਸੂਲੀ ਚੜ੍ਹਾਂ ਬਣ ਮਨਸੂਰ, ਆਪਣੀ ਫਾਸੀ ਆਪਣਾ ਕਲਮਾ ਮੇਰੇ ਗਲ ਵਿਚ ਪਾ। ਮੈਂ ਆਖਾ ਮੰਨਾਂ ਤੇਰਾ ਜ਼ਰੂਰ, ਭੁਲ ਕਦੀ ਨਾ ਜਾਂ। ਮੇਰਾ ਟੁਟਾ ਅੰਤ ਗ਼ਰੂਰ, ਦਿਸੇ ਕੋਈ ਨਾ ਥਾਂ। ਮੇਰੀਆਂ ਹੱਡੀਆਂ ਹੋਈਆਂ ਚੂਰ ਚੂਰ, ਮੇਰੀਆਂ ਦੋਵੇਂ ਭੱਜੀਆਂ ਬਾਂਹ। ਮੇਰਾ ਕਿਸੇ ਨਾ ਦਿਸੇ ਸਾਚਾ ਨੂਰ, ਸਾਰੇ ਬੈਠੇ ਮੁਖ ਛੁਪਾ। ਐ ਮੀਆਂ ਮੈਂ ਮੰਗਾਂ ਤੇਰੀ ਧੂੜ, ਮੇਰੇ ਉਤੇ ਰਹਿਮਤ ਕਰ ਖ਼ੁਦਾ। ਮੈਂ ਸੁਣਿਆ ਲੋਕਮਾਤ ਆਇਆ ਜ਼ਰੂਰ, ਈਸਾ ਮੂਸਾ ਬਣੇ ਗਵਾਹ। ਮੇਰਾ ਚੂੜਾ ਭੰਨੇ ਕੂੜੋ ਕੂੜ, ਸਾਚਾ ਕੰਤ ਸੁਹਾਗੀ ਆ। ਮੇਰੀ ਆਸਾ ਮਨਸਾ ਕਰੇ ਪੂਰ, ਮੇਰੀ ਹੱਥੀਂ ਮਹਿਦੀ ਲਾਲ ਮੈਨੂੰ ਚੜ੍ਹਿਆ ਚਾ। ਚੜ੍ਹ ਕੇ ਆਵੇ ਸਾਚੇ ਘੋੜ, ਮੇਰਾ ਸੱਚਾ ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਅਮਾਮ ਅਮਾਮਾਂ ਸਿਰ ਮੈਨੂੰ ਪਈ ਲੋੜ, ਵੇਲੇ ਅੰਤ ਤੇਰੇ ਉਤੋਂ ਹੋਈ ਫ਼ਿਦਾ। ਮੇਰੀ ਟੁੱਟੀ ਪ੍ਰੀਤ ਫੇਰ ਜੋੜ, ਤੇਰਾ ਵਿਛੋੜਾ ਸਹਿ ਨਾ ਸਕਾਂ ਨਾ ਹੋਵਾਂ ਕਦੇ ਜੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਨਿਮਾਣੀ ਥੱਕੀ ਮਾਂਦੀ ਆਪਣੀ ਹੱਥੀਂ ਫੜ ਕੇ ਆਪਣਾ ਅੰਮ੍ਰਿਤ ਜਾਮ ਪਿਆ। ਆਈ ਦਰ ਛੱਡਿਆਂ ਘਰ, ਘਰ ਮਿਲੇ ਪਰਵਰਦਿਗਾਰ। ਲੋਕਮਾਤ ਵਿਚ ਰਹੀ ਡਰ, ਚਾਰੋਂ ਕੁੰਟ ਆਈ ਹਾਰ। ਮੇਰਾ ਹੱਥ ਨਾ ਆਇਆ ਮੈਨੂੰ ਵਰ, ਜਗਤ ਦੁਹਾਗਣ ਫਿਰੀ ਨਾਰ। ਚਾਰ ਯਾਰ ਫੜ ਫੜ ਬੰਧੌਦੇ ਰਹੇ ਆਪਣਾ ਲੜ, ਅੰਤ ਕੋਈ ਨਾ ਨਿਭਿਆ ਨਾਲ। ਕਲਜੁਗ ਅੰਤਮ ਰਹੇ ਝੜ, ਕਿਸੇ ਪੱਤ ਨਾ ਦਿਸੇ ਡਾਲ੍ਹ। ਮੈਂ ਤੇਰਾ ਲੜ ਬੈਠੀ ਫੜ, ਬਣੀ ਮਾਤ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਲਵਾ ਆਪ ਵਖਾਲ। ਤੇਰਾ ਜਲਵਾ ਮੰਗਾਂ ਵਸਾਲ, ਅਵਰ ਸੇਜ ਨਾ ਕੋਇ ਸੁਹਾਈਆ। ਤੇਰਾ ਨੂਰ ਇਕ ਜਲਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਚਾਰ ਜੁਗ ਮੈਂ ਥੱਕੀ ਭਾਲ ਭਾਲ, ਕਲਜੁਗ ਚੌਦਾਂ ਸਦੀਆਂ ਦੇਂਦੀ ਰਹੀ ਦੁਹਾਈਆ। ਘਰ ਘਰ ਪੁਛਦੀ ਰਹੀ ਕਾਲ ਮਹਾਕਾਲ, ਕਵਣ ਧਾਮ ਬੈਠਾ ਮੇਰਾ ਸੱਚਾ ਮਾਹੀਆ। ਏਕਾ ਸੁਣੀ ਤੇਰੀ ਕਲਾਮ, ਮੁਕਾਮੇ ਹਕ ਵਸਿਆ ਆਪ ਅਮਾਮ, ਅਮਾਮ ਅਮਾਮਾਂ ਸਿਰ ਰੱਖੇ ਵਡਿਆਈਆ। ਕਲਜੁਗ ਅੰਤਮ ਦਏ ਸੰਦੇਸ਼ ਇਕ ਪੈਗ਼ਾਮ, ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਤੇਰਾ ਛੁੱਟੇ ਨਾ ਲੜ, ਦੋ ਜਹਾਨ ਤੇਰੀ ਸੇਵ ਕਮਾਈਆ। ਤੇਰੀ ਸੇਵ ਕਰਨ ਦੀ ਖ਼ਾਤਰ, ਆਪਣਾ ਘਰ ਤਜਾਇਆ। ਜਿੰਨਾਂ ਚਿਰ ਬਣ ਕੇ ਬੈਠੀ ਰਹੀ ਚਾਤਰ, ਸਾਚਾ ਖ਼ਾਵੰਦ ਦਿਸ ਨਾ ਆਇਆ। ਮੈਂ ਲਿਖ ਲਿਖ ਸੁਨੇਹੜੇ ਘੱਲੇ ਪਾਤਰ, ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫੀਲ ਰਾਹ ਵਿਚ ਬੈਠੇ ਅੜ, ਧੁਰ ਧਾਮ ਕੋਈ ਪਹੁੰਚ ਨਾ ਸਕੇ ਰਾਈਆ। ਤੇਰਾ ਜਮਾਲ ਮੇਰਾ ਬਾਤਨ, ਏਕਾ ਏਕਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦੇ ਚੁਕਾਇਆ। ਸਾਚਾ ਮੀਆਂ ਹੱਕ ਸੁਣਾਏ, ਹਕ਼ੀਕ਼ਤ ਇਕ ਜਣਾਈਆ। ਉਠ ਵੇਖ ਚਾਰ ਕੁੰਟ ਤੇਰੇ ਸਾਥੀ ਆਏ, ਤੇਰਾ ਰਾਹ ਤਕਾਈਆ। ਮੁਖ ਨਕ਼ਾਬ ਪਰਦਾ ਲਾਹੇ, ਦੇ ਜਵਾਬ ਭੁੱਲੇ ਫਿਰਦੇ ਪਾਂਧੀ ਰਾਹੀਆ। ਦੇ ਦੇ ਲਾਰਾ ਕਿਸੇ ਨਾ ਜਣਾਇਆ, ਪੁਨ ਸਵਾਬ ਆਬ ਹਯਾਤ ਨਾ ਕੋਇ ਪਿਆਈਆ। ਅੰਤ ਸੁਣੇ ਕਵਣ ਫ਼ਰਯਾਦ, ਫ਼ਾਕੇ ਮਰੇ ਤੇਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਏਕਾ ਹੁਕਮ ਸ਼ਬਦ ਜਣਾਏ, ਕਲਮੀ ਕਲਮਾ ਆਪ ਜਣਾਇੰਦਾ। ਤੇਰਾ ਖੇੜਾ ਤੇਰੀ ਹੱਥੀਂ ਢਾਹੇ, ਤੇਰੀ ਸੇਵ ਲਗਾਇੰਦਾ। ਤੇਰੇ ਚੁਲ੍ਹੇ ਅੱਗ ਨਾ ਕੋਇ ਰਖਾਏ, ਤੇਰੀ ਕੁੰਨੀ ਤੇਰੇ ਹੱਥ ਫੜਾਇੰਦਾ। ਤੇਰੇ ਸਿਰ ਚੁੰਨੀ ਨਾ ਕੋਇ ਟਿਕਾਏ, ਤੇਰੀ ਚੋਟੀ ਮੁੰਨੀ ਮਾਤਲੋਕ ਸੀਸ ਨਾ ਕੋਇ ਗੁੰਦਾਇੰਦਾ। ਪਹਿਲਾਂ ਪੀਰ ਫ਼ਕੀਰ ਚੁਣੀ ਸਯਦ ਮੁਲਾ ਸ਼ੇਖ਼ ਬਚਿਆ ਕੋਇ ਰਹਿਣ ਨਾ ਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਉਠ ਜਾ ਮੰਨ ਲੈ ਕਹਿਣਾ, ਖ਼ੁਦਾ ਖ਼ੁਦ ਆਪ ਸੁਣਾਇੰਦਾ। ਆਪਣੀ ਉਮਤ ਵੇਖ ਲੈ ਆਪਣੇ ਨੈਣਾਂ, ਵੇਲਾ ਅੰਤ ਇਕ ਸਮਝਾਇੰਦਾ। ਆਪਣੇ ਬਸਤਰ ਪਾ ਲੈ ਗਹਿਣਾ ਤਨ ਸ਼ੰਗਾਰ ਇਕ ਕਰਾਇੰਦਾ। ਲੋਕਮਾਤ ਥਿਰ ਨਹੀਂ ਰਹਿਣਾ, ਚੌਦਾਂ ਸਦੀਆਂ ਪੰਧ ਮੁਕਾਇੰਦਾ। ਮੱਕੇ ਕਾਅਬੇ ਡਾਹ ਪੀੜ੍ਹਾ ਬੈਠ ਨਹੀਂ ਰਹਿਣਾ, ਨੈਣਾਂ ਕੱਜਲ ਨਾ ਕੋਇ ਪਵਾਇੰਦਾ। ਅੰਤਮ ਭਾਣਾ ਪੈਣਾ ਸਹਿਣਾ, ਸਾਚਾ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਉਠ ਵੇਖ ਚਾਰ ਯਾਰੀ, ਨੇਤਰ ਨੈਣ ਹਰਿ ਜਣਾਈਆ। ਚਾਰ ਜੁਗ ਕਵਾਰ ਕੰਨਿਆ ਬਣੀ ਰਹੀ ਕਵਾਰੀ, ਕੁਆਰਾਪਨ ਜਗਤ ਵਿਚ ਵਖਾਈਆ। ਸ੍ਰਿਸ਼ਟ ਸਬਾਈ ਕਰਨ ਖ਼ਵਾਰੀ, ਕਲਜੁਗ ਅੰਤਮ ਲੋਕਮਾਤ ਫੇਰਾ ਪਾਈਆ। ਜੀਵ ਜੰਤ ਕਰੇ ਵਿਭਚਾਰੀ, ਕਾਮ ਕਰੋਧ ਲੋਭ ਮੋਹ ਹੰਕਾਰ ਤਨ ਸ਼ੰਗਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਬਤ ਸੂਰਤ ਹੱਥ ਨਾ ਕਿਸੇ ਫੜਾਈਆ। ਸਾਬਤ ਸੂਰਤ ਨਾ ਕੋਇ ਈਮਾਨ, ਆਮਲ ਕੋਇ ਦਿਸ ਨਾ ਆਇੰਦਾ। ਮੈਂ ਮੀਆਂ ਮੇਰੀ ਸਿਫ਼ਤ ਕਰੇ ਕ਼ੁਰਾਨ, ਹਦੀਸ ਹਦੀਸ ਆਪ ਪੜ੍ਹਾਇੰਦਾ। ਤੂੰ ਬਾਲੀ ਬਾਲ ਅਞਾਣ, ਤੇਰਾ ਨੈਣ ਜਗਤ ਸ਼ਰਮਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੁਕਮ ਆਪੇ ਪੂਰ ਕਰਾਇੰਦਾ। ਇਕ ਸਮਝਾਏ ਦਇਆ ਕਮਾਏ ਆਦਿ ਜੁਗਾਦੀ ਕਾਰ, ਜੁਗ ਜੁਗ ਗੁਰ ਅਵਤਾਰ ਘਲਾਏ, ਪੀਰ ਪੈਗ਼ੰਬਰ ਕਰ ਤਿਆਰ। ਰਾਮ ਕ੍ਰਿਸ਼ਨ ਸੇਵਾ ਲਾਏ ਕਰੇ ਖੇਲ ਅਗੰਮ ਆਪਰ। ਈਸਾ ਮੂਸਾ ਚਰਨਾਂ ਹੇਠ ਰਖਾਏ, ਧਰਨੀ ਦੱਬੇ ਆਪਣੇ ਭਾਰ। ਜਗਤ ਮੁਹੰਮਦ ਆਪ ਜਗਾਏ, ਆਪ ਜਣਾਏ ਆਪਣੀ ਗੁਫ਼ਤਾਰ। ਅਰਸ਼ ਫ਼ਰਸ਼ ਦੇ ਵਿਚ ਫਿਰਾਏ, ਕਰੇ ਖੇਲ ਸੱਚੀ ਸਰਕਾਰ। ਰਾਤੀ ਸੁਤਿਆਂ ਦਰਸ ਦਿਖਾਏ, ਗ਼ਾਫ਼ਲ ਵਿਚ ਦਏ ਦੀਦਾਰ। ਸਾਖ਼ਯਾਤ ਨਜ਼ਰ ਨਾ ਆਏ, ਕਰੇ ਖੇਲ ਅਪਰ ਅਪਾਰ। ਕਲਮਾ ਆਪਣਾ ਆਪ ਪੜ੍ਹਾਏ, ਨਬੀ ਬਣੇ ਪਰਵਰਦਿਗਾਰ। ਆਪਣੀ ਤਸਬੀ ਆਪਣੀ ਤਕਵੀ ਆਪਣਾ ਤਕਵਾ ਇਕ ਰਖਾਏ, ਤਾਲਬ ਤੁਲਬਾ ਕਰ ਤਿਆਰ। ਕਾਇਆ ਅੰਦਰ ਮਕਤਬ ਇਕ ਖੁਲ੍ਹਾਏ, ਆਪੇ ਹੋਏ ਲਿਖਣਹਾਰ । ਪਹਿਲਾ ਹਰਫ਼ ਅਲਫ਼ ਦਿਖਾਏ, ਇਲ ਲਿਲਾ ਇਲਾਹੀ ਨੂਰ ਏਕੰਕਾਰ। ਦੂਜਾ ਹਰਫ਼ ਬੇ ਬਣਾਏ, ਕਰੇ ਖੇਲ ਸੱਚੀ ਸਰਕਾਰ। ਬੇਵਾ ਰੂਪ ਦਏ ਸਮਝਾਏ, ਲੋਕਮਾਤ ਭੇਵ ਨਿਆਰ। ਆਪਣੀ ਇਛਿਆ ਤੇਰੇ ਵਿਚ ਟਿਕਾਏ, ਤੇਰੀ ਇਛਿਆ ਅੱਲਾ ਰਾਣੀ ਬਣੇ ਨਾਰ। ਪੇ ਪ੍ਰੇਮ ਪ੍ਰੀਤਮ ਇਕ ਰਖਾਏ, ਕਰੇ ਖੇਲ ਸੱਚੀ ਸਰਕਾਰ। ਤੇਰਾ ਤਖ਼ਤ ਤੇਰੇ ਵਿਚ ਟਿਕਾਏ, ਪਰਦਾ ਰੱਖੇ ਸਾਂਝਾ ਯਾਰ। ਟੇ ਟਾਲ ਮਟੋਲ ਤੇਰਾ ਵਕ਼ਤ ਲੰਘਾਏ, ਵੇਲਾ ਵਕ਼ਤ ਆਪਣੇ ਹੱਥ ਰੱਖੇ ਸੱਚੀ ਸਰਕਾਰ। ਸੇ ਸਾਬਤ ਈਮਾਨ ਏਕਾ ਆਪਣਾ ਇਸ਼ਟ ਵਖਾਏ ਦੂਜਾ ਇਸ਼ਟ ਨਾ ਵਿਚ ਸੰਸਾਰ। ਜੀਮ ਜੋਤ ਇਕ ਜਗਾਏ, ਚੇ ਚਰਨ ਕਵਲ ਦਸੇ ਧਾਮ ਨਿਆਰ। ਹੇ ਹਰਕਤ ਆਪਣੀ ਨਾ ਕਿਸੇ ਜਣਾਏ, ਖ਼ੇ ਖ਼ਾਮੋਸ਼ ਬੈਠਾ ਰਹੇ ਧਾਮ ਨਿਆਰ। ਦਾਲ ਦਰ ਇਕ ਰਖਾਏ, ਡਾਲ੍ਹ ਢੋਲਾ ਗਾਏ ਆਪਣੀ ਵਾਰ। ਜ਼ਾਲ ਜ਼ਰਾ ਜ਼ਰਾ ਤੇਰੇ ਵਿਚ ਟਿਕਾਏ, ਸੁਣ ਮੁਹੰਮਦ ਇਕ ਕਰ ਵਿਚਾਰ। ਰੇ ਰੰਗ ਇਕ ਵਖਾਏ, ੜਾੜ ਮਿਟੇ ਵਿਚ ਸੰਸਾਰ। ਤੇਰੀ ਕਾਇਆ ਜ਼ੇ ਜ਼ੂਨ ਇਕ ਵਖਾਏ, ਜੇ ਯਸ਼ ਜਾਣੇ ਆਪਣਾ ਆਪ ਸੱਚੀ ਸਰਕਾਰ। ਸੀਨ ਸੋਇਆ ਜਾਗਤ ਏਕਾ ਰੰਗ ਜਣਾਏ, ਸ਼ੀਨ ਸ਼ਖ਼ਸ ਸ਼ਖ਼ਸੀਅਤ ਆਪਣੀ ਆਪੇ ਧਾਰ। ਸੁਆਦ ਸੋਹਬਤ ਨਾ ਕਿਸੇ ਸੁਣਾਏ, ਜ਼ੁਆਦ ਜ਼ਮਾਨਤ ਦੇਵੇ ਇਕ ਇਕੱਲਾ ਪਰਵਰਦਿਗਾਰ। ਤੋਏ ਤਰਫ਼ ਨਾ ਕੋਇ ਵੰਡਾਏ, ਚਾਰੋਂ ਕੁੰਟ ਖ਼ਬਰਦਾਰ। ਜ਼ੋਏ ਜ਼ੁਲਮ ਨਾ ਕਦੇ ਕਮਾਏ, ਸਰਬ ਜੀਆਂ ਦਾ ਸਾਂਝਾ ਯਾਰ। ਐਨ ਅੱਖ ਇਕ ਰਖਾਏ, ਆਲਮ ਉਲਮਾ ਆਲਮੀਨ ਵੇਖਣਹਾਰ। ਗ਼ੈਨ ਗ਼ਫ਼ਲਤ ਵਿਚ ਕਦੇ ਨਾ ਆਏ, ਗ਼ਾਫ਼ਲ ਕਰੇ ਸਰਬ ਸੰਸਾਰ। ਫ਼ੇ ਫ਼ਿਕਰ ਨਾ ਰਖੇ ਕੋਇ ਕਰਤਾਰ, ਫ਼ਾਜ਼ਲ ਆਪਣਾ ਨਾਉਂ ਰਖਾਈਆ। ਕਾਅਫ਼ ਕਰਮਾਂ ਕਰੇ ਵਿਚਾਰ, ਲੇਖਾ ਕੋਇ ਰਹਿਣ ਨਾ ਪਾਈਆ। ਕਾਫ਼ ਕ਼ੁਦਰਤ ਕ਼ਾਦਰ ਵੇਖਣਹਾਰ, ਇਬਨਉਲਵਕ਼ਤ ਸਈਦ ਉਲਸਲਾਮ ਰਹਿਬਰ ਰਹੀਮ ਬੇਪਰਵਾਹੀਆ। ਗਾਫ਼ ਗੋਰ ਪਾਵਣਹਾਰਾ ਸਾਰ, ਕਵਰੀ ਭਵਰੀ ਫੋਲ ਫੁਲਾਈਆ। ਹੇ ਹੱਕ ਨਾ ਮਾਰੇ ਜਿਸ ਬਖ਼ਸ਼ੇ ਚਰਨ ਪਿਆਰ, ਵਡ ਵੱਡਾ ਸ਼ਹਿਨਸ਼ਾਹੀਆ। ਹਮਜ਼ਾ ਹਿਵਜ਼ ਕਰੇ ਆਪਣੀ ਦੀਦ ਸ਼ੁਨੀਦ ਗੁਫ਼ਤਾਰ, ਤਾਰ ਸਤਾਰ ਆਪ ਹਿਲਾਈਆ। ਯੇ ਰੱਖੇ ਯਾਦ ਸੁਣੇ ਫ਼ਰਯਾਦ ਦੇਵੇ ਦਾਦ, ਏਕ ਹਰਫ਼ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਨ ਨੂਨ ਗ਼ੁਨਾ, ਨਿਰਗੁਣ ਸਰਗੁਣ ਮੁਹੰਮਦ ਮਹਿਵ ਮੈਖ਼ਾਨਾ ਮਹਿਬੂਬ ਇਕ ਸਮਝਾਈਆ। ਸੁਘੜ ਸੁਚੱਜੀ ਵੱਡੀ ਦਾਨੀ, ਹੱਥ ਅਨਪੜ੍ਹਾਂ ਦੇ ਆ ਗਈ। ਪਿਛਲੀ ਆਪਣੀ ਕੀ ਸੁਣਾਵੇ ਕਹਾਣੀ, ਅਗਲੀ ਸੁਣੌਨ ਦੀ ਸਿਰ ਭਾ ਪਈ। ਚਾਰ ਜੁਗ ਜੋ ਬਣ ਕੇ ਬਹਿੰਦੀ ਰਹੀ ਰਾਣੀ, ਅਜ ਬਣ ਸੁਵਾਣੀ ਦਰ ਸੇਵ ਕਮਾ ਰਹੀ। ਜੋ ਵੇਂਹਦੀ ਰਹੀ ਚਾਰ ਖਾਣੀ, ਅੱਜ ਅੰਮ੍ਰਿਤ ਭਰ ਪਾਣੀ ਗੁਰਸਿਖਾਂ ਮੁਖ ਪਿਆ ਰਹੀ। ਜੇਹੜੀ ਕਹਿੰਦੀ ਰਹੀ ਮੈਂ ਗੁਣ ਨਿਧਾਨੀ, ਅਜ ਬਣ ਨਾਦਾਨ ਜੱਟਾਂ ਕੋਲੋਂ ਆਪਣੀ ਭੁਲ ਬਖ਼ਸ਼ਾ ਰਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾ ਰਹੀ। ਜੋ ਚਾਰ ਜੁਗ ਗੁਰ ਪੀਰ ਪੜ੍ਹੌਂਦੀ ਆਈ, ਆਪਣਾ ਸਨੇਹੜਾ ਸਚ ਸੁਣਾ ਰਹੀ। ਜੋ ਪਰਾ ਪਸੰਤੀ ਮਧਮ ਬੈਖਰੀ ਆਪਣੀ ਧਾਰ ਗੌਂਦੀ ਆਈ, ਜੀਵਾਂ ਜੰਤਾਂ ਹਰਿ ਆਪ ਸੁਣਾ ਰਹੀ। ਅਜ ਫਸ ਕੇ ਘਰ ਜਟਾਂ ਨੇਤਰ ਨੈਣ ਨੀਰ ਵਹੌਂਦੀ, ਬੌਹੜੀ ਬੌਹੜੀ ਕਰ ਕੁਰਲਾ ਰਹੀ। ਮੈਂ ਵਾਸਤਾ ਪਾਵਾਂ ਭੁਲ ਕੇ ਫੇਰ ਨਾ ਔਦੀ, ਇਕ ਵੇਰ ਛਡ ਦੇ ਲੜ, ਮੈਂ ਫੜਿਆ ਲੜ ਛੁਡਾ ਰਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾ ਰਹੀ। ਹਾਏ ਹਾਏ ਕਰੇ ਨਿਰਗੁਣ ਜੋਤ ਨੇਤਰ ਰੋ, ਕਲਜੁਗ ਅੰਤਮ ਦਏ ਦੁਹਾਈਆ। ਚਾਰ ਜੁਗ ਦਾ ਸਾਂਭ ਦੇ ਰਖਿਆ ਧਨ ਮੇਰਾ ਜੱਟਾਂ ਲਿਆ ਖੋਹ, ਖ਼ਾਲੀ ਝੋਲੀ ਰਹੀ ਵਖਾਈਆ। ਮੈਂ ਮਾਰੀ ਸ਼ਰਮ ਦੀ ਆਪਣੇ ਹੰਜੂਆਂ ਨਾਲ ਆਪਣਾ ਮੁਖ ਲਵਾਂ ਧੋ, ਪਾਣੀ ਮੰਗਣ ਦੂਜੇ ਘਰ ਕਦੀ ਨਾ ਜਾਈਆ। ਹੋਈ ਵੈਰਾਗਣ ਖੁਲੜੇ ਕੇਸ ਜੱਟਾਂ ਘਰ ਕੱਖਾਂ ਉਤੇ ਰਹੀ ਸੌਂ, ਪਲੰਘ ਰੰਗੀਲਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਦੋ ਜਹਾਨ ਵੇਖਿਆ ਭੌਂ ਭੌਂ, ਮੇਰਾ ਹੋਵੇ ਨਾ ਕੋਇ ਸਹਾਈਆ। ਮੈਨੂੰ ਖਾਣ ਨੂੰ ਦੇਂਦੇ ਕਣਕ ਛੋਲੇ ਤੇ ਜੌਂ, ਸੁੱਕੀ ਰੋਟੀ ਹੱਥ ਫੜਾਈਆ। ਨਾਲੇ ਕਰੌਣ ਕੰਮ ਕੱਢਣ ਆਪਣਾ ਗੌਂ, ਫਿਰ ਚੌਂਤਰਿਉਂ ਥੱਲੇ ਦੇਣ ਬਹਾਈਆ। ਮੇਰਾ ਨਾ ਕੋਈ ਪਿਤਾ ਨਾ ਕੋਈ ਮਾਉਂ, ਕਿਸ ਅੱਗੇ ਜਾ ਕੇ ਰੋਵਾਂ ਦਿਆਂ ਦੁਹਾਈਆ। ਗੁਰਸਿਖ ਉਠ ਫੜ ਮੇਰੀ ਬਾਂਹੋ, ਤੇਰੇ ਪਿਛੇ ਮੰਨੇ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪਣੀ ਸੇਵਾ ਆਪ ਲਗਾਈਆ। ਜੋਤ ਅਕਾਲਣ ਵਰਿਆ ਜੱਟ, ਨਾਤਾ ਤੋੜ ਸੰਸਾਰ। ਜਿਹੜਾ ਲੱਖ ਚੁਰਾਸੀ ਆਪਣੇ ਅੰਦਰ ਲਏ ਘੱਤ, ਮਾਰੇ ਫੇਰ ਨਾ ਅਜੇ ਡਕਾਰ। ਮੈਂ ਨਿਮਾਣੀ ਕੋਝੀ ਕਮਲੀ ਕੀ ਦੇਵਾਂ ਮੱਤ, ਮੇਰੀ ਮੱਤ ਸਮਝੇ ਨਾ ਜੱਟ ਗਵਾਰ। ਜੇ ਅੱਗੋਂ ਬੋਲਾਂ ਸਿਰ ਪਰਾਣੀ ਦੇਵੇ ਘੱਤ, ਉਠ ਨਾ ਸਕਾਂ ਦੂਜੀ ਵਾਰ। ਜੇ ਉਠਣ ਲੱਗਾਂ ਉਤੋਂ ਮਾਰੇ ਲੱਤ, ਸੁੱਟੇ ਮੂੰਹ ਦੇ ਭਾਰ। ਜੇ ਮੂੰਹ ਚੁੱਕਣ ਲੱਗਾਂ, ਉਤੇ ਰੱਖੇ ਚਰਨ ਕਵਲ ਸਹਾਰ। ਮੇਰਾ ਦੁੱਖ ਸਾਰਾ ਲੱਥਾ, ਜਿਸ ਵੇਲੇ ਮਿਲੀ ਚਰਨ ਧੂੜੀ ਏਕਾ ਛਾਰ। ਹੋਈ ਵਡ ਭਾਗਣ ਮਿਲਿਆ ਪੁਰਖ ਸਮਰਥਾ, ਇਕ ਇਕੱਲਾ ਏਕੰਕਾਰ। ਮਿਲ ਮਿਲ ਮੈਂ ਖ਼ੁਸ਼ੀ ਖ਼ੁਸ਼ੀ ਨੱਸਾਂ, ਕਰਾਂ ਸਚ ਪਿਆਰ। ਮੈਂ ਨਾ ਜਾਣਾ ਅੰਦਰ ਕੋਈ ਹੋਰ ਲੁਕਾ, ਫੜ ਕੁਹਾੜਾ ਬੈਠਾ ਤਰਖਾਣ। ਉਸ ਨੇ ਘੜਿਆ ਡੰਡਾ ਸੋਹਣਾ ਹੱਥਾ, ਮੁੱਠੀ ਲਾਈ ਅਪਰ ਅਪਾਰ। ਮੈਂ ਨੈਣ ਖੋਲ੍ਹ ਕੇ ਵੇਖਣ ਲੱਗੀ ਮੈਨੂੰ ਨਜ਼ਰੀ ਆਇਆ ਏਕਾ ਭੱਥਾ, ਅੱਗੇ ਬੈਠਾ ਗੋਬਿੰਦ ਸੂਰਾ ਇਕ ਬਲਕਾਰ। ਨੀ ਸਖ਼ੀਓ ਮੈਂ ਕੀ ਕੁਝ ਦੱਸਾਂ, ਜੋ ਕੁਛ ਵੇਖਿਆ ਸਚ ਸੱਚੇ ਦਰਬਾਰ । ਨਾਲੇ ਰੋਵਾਂ ਨਾਲੇ ਹੱਸਾਂ, ਨਾਲੇ ਸਾਹਿਬ ਨਾਲ ਕਰਾਂ ਪਿਆਰ। ਅੰਦਰ ਬਾਹਰ ਮੈਂ ਉਹਦੇ ਵਸਾਂ, ਜਿਸ ਨੇ ਕਰਿਆ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪੇ ਖੇਲ ਕਰੇ ਨਿਰੰਕਾਰ। ਛੱਡ ਜੱਟਾ ਮੈਂ ਗਈ ਭੁੱਲ, ਅਭੁੱਲ ਤੇਰੇ ਦਰ ਆਈਆ। ਮੈਂ ਤੇਰੀ ਸਦਾਵਾਂ ਤੇਰੀ ਰੱਖਾਂ ਲਾਜ ਵਿਚ ਕੁੱਲ, ਕੁਲਵੰਤ ਤੇਰੀ ਵਡਿਆਈਆ। ਤੇਰੀ ਕਲੀ ਤੇਰੇ ਦਵਾਰ ਨਾ ਜਾਏ ਰੁਲ, ਮਹਿਕਦੀ ਮਹਿਕਦੀ ਰਹੀ ਮੁਸਕਾਈਆ। ਮੇਰਾ ਸੁੰਦਰ ਸਡੌਲ ਸਰੀਰ ਉਜਲ ਮੁਖ ਬਿਨ ਤੇਰੇ ਫਲ ਨਾ ਜਾਏ ਹੁਲ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਕਰਤਾ ਕੀਮਤ ਪਾ ਮੇਰਾ ਮੁੱਲ, ਮੈੇ ਅਨਮੁੱਲ ਦੇਂਦੀ ਫਿਰਾਂ ਦੁਹਾਈਆ। ਬਿਨ ਤੇਰੇ ਕੰਡੇ ਕੋਈ ਨਾ ਤੋਲੇ ਮੇਰਾ ਤੋਲ, ਮੇਰਾ ਭਾਰ ਨਾ ਕੋਇ ਉਠਾਈਆ। ਮੈਂ ਹੌਲੀ ਹੌਲੀ ਰਹੀ ਬੋਲ, ਮੇਰਾ ਘੁੰਡ ਮੇਰਾ ਪਰਦਾ ਆਪਣੀ ਹੱਥੀਂ ਦੇ ਚੁਕਾਈਆ। ਫਿਰ ਸਦਾ ਵਸਾਂ ਤੇਰੇ ਕੋਲ, ਤੇਰੀ ਹੋ ਹੋ ਸੇਵ ਕਮਾਈਆ। ਤੂੰ ਬੈਠਾ ਰਹੇ ਸਦ ਅਡੋਲ, ਅਡੋਲ ਤੇਰੀ ਸ਼ਹਿਨਸ਼ਾਹੀਆ। ਮੈਂ ਆਪ ਆਪਣਾ ਤੇਰੇ ਉਤੋਂ ਦੇਵਾਂ ਘੋਲ, ਹਉਂ ਘੋਲੀ ਘੋਲ ਘੁਮਾਈਆ। ਮੇਰੀ ਬਿਰਹੋਂ ਅੱਗ ਏਕਾ ਵਾਰ ਦੇਵੀਂ ਫੋਲ, ਕੋਈ ਚਿਣਗ ਵਿਚ ਰਹਿਣ ਨਾ ਪਾਈਆ। ਮੈਂ ਤੇਰਾ ਨਾਮ ਵਜਾਵਣ ਆਈ ਢੋਲ, ਸੁਣ ਜੱਟਾ ਜਾਂਦਿਆ ਰਾਹੀਆ। ਆਪਣੀ ਗੰਢ ਹੁਣ ਲੈਣੀ ਖੋਲ੍ਹ, ਸਾਚਾ ਸਗਨ ਲੈ ਮਨਾਈਆ। ਉਚੀ ਕੂਕ ਸੁਣਾਵਾਂ ਬੋਲ ਬੋਲ, ਤੂੰ ਮੇਰਾ ਮੈਂ ਤੇਰੀ, ਮੈਂ ਤੇਰੀ ਤੂੰ ਮੇਰਾ, ਮੈਂ ਤੂੰ ਸੋਹੰ ਸ਼ਬਦ ਇਕ ਸੁਣਾਈਆ। ਤੇਰੀ ਅਲਫ਼ੀ ਮੇਰਾ ਚੋਲ, ਮੇਰੀ ਅੰਗੀ ਕਿਉਂ ਕਰੇ ਮਖੌਲ, ਮੈਨੂੰ ਲੋਕੀ ਹੱਸਣ ਦੇਣ ਤਾਅਨੇ, ਸ੍ਰਿਸ਼ਟ ਸਬਾਈ ਬੋਲ ਕਬੋਲ ਸੁਣਾਈਆ। ਤੂੰ ਮੇਰਾ ਸ਼ਾਹ ਪਾਤਸ਼ਾਹ ਸ੍ਰੀ ਭਗਵਾਨਿਆ, ਮੋਹੇ ਤੇਰੀ ਭਗਤੀ ਏਕਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਰੰਗ ਆਪੇ ਵੇਖ ਵਖਾਈਆ। ਆ ਸਖ਼ੀ ਉਠ ਵੇਖ ਰੰਗ, ਹਰਿ ਸਾਚੇ ਸਚ ਚੜ੍ਹਾਇਆ। ਮੈਂ ਮੰਗੀ ਏਕੋ ਮੰਗ, ਅੱਠੇ ਪਹਿਰ ਤੇਰੀ ਸਰਨਾਇਆ। ਲਹਿੰਦਿਉਂ ਅੱਲਾ ਰਾਣੀ ਆਈ ਲੰਘ, ਨਿਉਂ ਨਿਉਂ ਸੀਸ ਝੁਕਾਇਆ। ਕਿਥੇ ਬੈਠਾ ਮੇਰਾ ਮਲੰਗ, ਹੱਥ ਮਤਿਹਰਾ ਰਿਹਾ ਉਠਾਇਆ। ਮੈਂ ਫਿਰਦੀ ਆਈ ਵਿਚ ਵਰਭੰਡ, ਦਹਿ ਦਿਸ਼ਾ ਵੇਖ ਵਖਾਇਆ। ਜੋਤ ਅਕਾਲਣ ਅੱਗੋਂ ਗਾਏ ਸਾਚਾ ਛੰਦ, ਏਕਾ ਢੋਲਾ ਰਹੀ ਸੁਣਾਇਆ। ਆਪਣੇ ਆਸਣ ਬੈਠਾ ਰੰਗੀਲੇ ਪਲੰਘ, ਸਾਚੀ ਸੇਜ ਸੁਹਾਇਆ। ਸੱਜੇ ਖ਼ੱਬੇ ਦੋਵੇਂ ਲੱਗੀਏ ਅੰਗ, ਭਲਾ ਮੰਨ ਜਾਏ ਸਾਡਾ ਪੀਰ ਜਿਸ ਸਾਨੂੰ ਧੱਕਾ ਲਾਇਆ। ਇਕ ਵਾਰ ਜੇ ਮੁਖ ਦਿਖਲਾਵੇ ਮਿਲੇ ਪਰਮਾਨੰਦ, ਦੁਖ ਸੁਖ ਵਿਚ ਦਏ ਬਦਲਾਇਆ। ਮੇਰੀ ਤੇਰੀ ਜੋਬਨ ਜਵਾਨੀ ਨਾ ਜਾਏ ਹੰਢ, ਵੇਲਾ ਗਿਆ ਹੱਥ ਨਾ ਆਇਆ। ਉਠ ਸਖ਼ੀ ਚਲੀਏ ਗੁਰਸਿਖਾਂ ਹੱਥ ਭੇਜੀਏ ਗੰਢ, ਸਚ ਸੁਨੇਹੜਾ ਇਕ ਸੁਣਾਇਆ। ਜਿਸ ਵਸਾਇਆ ਪੁਰੀ ਅਨੰਦ, ਕੀ ਸਾਡਾ ਖੇੜਾ ਦੇਵੇ ਢਾਹਿਆ। ਜਿਸ ਛੁਡਾਇਆ ਜਗਤ ਗੰਦ, ਕੀ ਸਾਡਾ ਮਾਣ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਨਿਰਗੁਣ ਨਿਰਗੁਣ ਨਿਰਗੁਣ ਲਏ ਪਰਨਾਇਆ। ਨਿਰਗੁਣ ਜੋਤ ਆਏ ਸਿਖਾਂ ਦਵਾਰ, ਗਲ ਵਿਚ ਪੱਲਾ ਪਾ। ਅੱਲਾ ਰਾਣੀ ਕਰੇ ਪੁਕਾਰ, ਗੁਰਸਿਖ ਮੁਰੀਦ ਲਏ ਉਠਾ। ਸਾਡਾ ਮਿਲੌਣਾ ਵਿਛੜਿਆ ਯਾਰ, ਦੇਣੀ ਸਚ ਸਲਾਹ। ਲੱਗੇ ਭਾਗ ਘਰ ਮੇਰੇ ਆਏ ਪਰਵਰਦਿਗਾਰ, ਮੈਂ ਵੇਖਾਂ ਚਾਓ ਚਾ। ਗੁਰਸਿਖ ਤੇਰੀ ਓਟ ਤੇਰੀ ਆਸ, ਤੇਰੇ ਘਰ ਸਦ ਵਸੇ ਬੇਪਰਵਾਹ। ਮੈਂ ਹੋਵਾਂ ਨਾ ਅੰਤ ਨਿਰਾਸ, ਅੱਗੇ ਝੋਲੀ ਰਹੀ ਡਾਹ। ਕਲਜੁਗ ਨਾਲੋਂ ਮੇਰੀ ਕਰਨੀ ਬੰਦ ਖ਼ਲਾਸ, ਲੱਖ ਚੁਰਾਸੀ ਮੇਰੇ ਗਲੋਂ ਲੱਥੇ ਫਾਹ। ਮੈਂ ਆਪਣੇ ਘਰ ਜਾ ਕੇ ਕਰਾਂ ਵਾਸ, ਆਪਣੇ ਪ੍ਰੀਤਮ ਵਿਚ ਸਮਾ। ਹਰਿ ਅਪਰੰਪਰ ਆਪਣੀ ਜੋਤ ਕਰੇ ਪਰਕਾਸ਼, ਆਪਣੀ ਬਣਤ ਲਏ ਬਣਾ। ਜੁਗ ਜੁਗ ਕਰਦਾ ਰਿਹਾ ਖੇਲ ਤਮਾਸ਼, ਜੁਗ ਚੌਕੜੀ ਆਪ ਬਣਾਏ ਆਪੇ ਲਵੇ ਢਾਹ। ਆਪ ਕਦੇ ਨਾ ਹੋਵੇ ਨਾਸ, ਸਾਚੇ ਤਖ਼ਤ ਬੈਠਾ ਰਹੇ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਜਗਤ ਵਿਚੋਲਾ ਬਣਾਏ ਮਲਾਹ।
