Granth 10 Likhat 066: 29 Faggan 2017 Bikarmi Ratan Singh de Greh Karol Bagh Navi Delhi

੨੯ ਫਗਣ ੨੦੧੭ ਬਿਕ੍ਰਮੀ ਰਤਨ ਸਿੰਘ ਦੇ ਗ੍ਰਹਿ ਕਰੋਲ ਬਾਗ਼ ਨਵੀਂ ਦਿੱਲੀ

ਲੱਖਣ ਕਰੌਚ ਪੁਸ਼ਕਰ ਧਾਰਾ, ਜੰਬੂ ਨਿਰਗੁਣ ਜੋਤ ਰੁਸ਼ਨਾਈਆ। ਸਾਨ ਸਲਮਲ ਹੋਏ ਉਜਿਆਰਾ, ਕੁਸ਼ਾ ਨੂਰ ਜ਼ਹੂਰ ਦਰਸਾਈਆ। ਅਲਖ ਅਗੰਮ ਅਗੰਮੜਾ ਬੇਐਬ ਪਰਵਰਦਿਗਾਰਾ, ਨਿਰਾਕਾਰ ਸਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਖੇਲ ਕਰੇ ਅਪਰ ਅਪਾਰਾ, ਅਨੰਦ ਬਿਨੋਦੀ ਬੇਪਰਵਾਹ ਨੂਰ ਇਲਾਹੀਆ। ਵਸਣਹਾਰਾ ਧਾਮ ਨਿਆਰਾ, ਮੁਕਾਮੇ ਹੱਕ ਏਕਾ ਘਰ ਆਲਮੀਨ ਨਾਉਂ ਖ਼ੁਦਾਈਆ। ਆਫ਼ਤਾਬਾ ਹੋ ਉਜਿਆਰਾ, ਸਚ ਮਹਿਰਾਬੇ ਪਾਵੇ ਸਾਰਾ, ਮੁਖ ਨਕ਼ਾਬ ਪੜਦਾਨਸ਼ੀਂ ਰਹਿਮਾਨ ਬੇਪਰਵਾਹੀਆ। ਉਲਫ਼ਤ ਉਰਫ਼ ਗ਼ਫ਼ਲਤ ਗ਼ੁਰਬਾ ਕਾਅਬਾ ਕ਼ੁਦਰਤ ਕਲਾਮ ਸਦਾ ਏਕਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਸਰਬ ਗੁਣਵੰਤ ਬੇਐਬ ਪਰਵਰਦਿਗਾਰਾ, ਰਾਮ ਰਹਿਮਾਨ ਦੀਨ ਦਿਆਲ ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਸ਼ਾਸਤਰ ਸਿਮਰਤ ਨਾ ਪਾਵੇ ਸਾਰਾ, ਗੁਰ ਅਵਤਾਰਾ ਨਿਉਂ ਨਿਉਂ ਕਰਨ ਨਿਮਸਕਾਰਾ, ਜੋ ਕਰਤਾ ਇਕ ਰਘੁਰਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਸਾਚੇ ਧਾਮ ਵਸੇ ਏਕੰਕਾਰਾ, ਅਨਭਵ ਪਰਕਾਸ਼ ਪੁਰਖ ਅਬਿਨਾਸ਼ ਸਵੱਛ ਸਰੂਪੀ ਬਿਨ ਰੰਗ ਰੂਪੀ, ਪਰਮ ਪੁਰਖ ਪਰਮਾਤਮ ਆਪਣਾ ਆਪ ਕਰਾਈਆ। ਧਾਮ ਨਿਆਰਾ ਖੇਲ ਅਪਾਰਾ, ਸ਼ਬਦ ਅਗੰਮੀ ਇਕ ਜੈਕਾਰਾ, ਸਾਬਤ ਈਮਾਨ ਹਰਿ ਅਮਾਮ, ਆਲਮ ਉਲਮਾ ਭੇਵ ਨਾ ਰਾਈਆ। ਜਾਗਰਤ ਜੋਤ ਕਰ ਪਸਾਰਾ, ਕਿਲਾ ਕੋਟ ਵਸੇ ਬਾਹਰਾ, ਸਾਚੀ ਚੋਟ ਇਕ ਨਗਾਰਾ, ਬ੍ਰਹਿਮੰਡ ਖੰਡ ਪੁਰੀਆਂ ਲੋਆਂ ਗਗਨ ਪਾਤਾਲਾਂ ਜ਼ਿਮੀਂ ਅਸਮਾਨਾ ਵਰਭੰਡੀ ਆਪ ਸੁਣਾਈਆ। ਹਕ ਬਹਕ ਖੇਲ ਨਿਆਰਾ, ਲਾਸ਼ਰੀਕ ਕਰੇ ਕਰਾਏ ਕਰਨੇਹਾਰਾ, ਨਿਰਗੁਣ ਨਿਰਵੈਰ ਪੁਰਖ ਅਕਾਲ ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰਾ, ਦਰ ਦਰਵਾਜ਼ਾ ਗਰੀਬ ਨਿਵਾਜ਼ਾ ਏਕਾ ਏਕ ਜਣਾਈਆ। ਹੱਕ ਹਕ਼ੀਕ਼ਤ ਵੇਖੇ ਵੇਖਣਹਾਰਾ, ਭਗਤ ਭਗਵੰਤ ਕਰ ਪਿਆਰਾ, ਸਾਧ ਸੰਤ ਬਖ਼ਸ਼ੇ ਚਰਨ ਪਿਆਰਾ, ਚਰਨ ਕਵਲ ਉਪਰ ਧਵਲ ਧਰਨੀ ਧਰਤ ਦਏ ਵਡਿਆਈਆ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮੀ ਹੁਕਮ ਵਰਤੇ ਵਰਤਾਰਾ, ਲੇਖਾ ਜਾਣੇ ਧੁਰ ਦਰਬਾਰਾ, ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰਾ, ਦੋਏ ਜੋੜ ਜਗਤ ਜਗਦੀਸ ਬੈਠੇ ਸੀਸ ਝੁਕਾਈਆ। ਤ੍ਰੈ ਤ੍ਰੈ ਰੋਵੇ ਜ਼ਾਰੋ ਜ਼ਾਰਾ, ਪੰਜ ਤੱਤ ਹਾਹਾਕਾਰਾ ਨਵ ਨਵ ਧੂਆਂਧਾਰਾ, ਸੱਤ ਸੱਤ ਕੂੜ ਪਸਾਰਾ, ਅੱਠ ਰਤ ਰਤੀ ਤਤ ਨਾ ਕੋਇ ਜਣਾਈਆ। ਜੂਠ ਝੂਠ ਜਗਤ ਵਿਹਾਰਾ, ਕਾਮ ਕਰੋਧ ਲੋਭ ਮੋਹ ਹੰਕਾਰਾ, ਆਸਾ ਤ੍ਰਿਸਨਾ ਨਾਰ ਵਿਭਚਾਰਾ, ਪੀਆ ਪ੍ਰੀਤਮ ਨਾ ਕੋਇ ਸਹਾਰਾ, ਆਤਮ ਪਰਮਾਤਮ ਮਿਲੇ ਮੇਲ ਨਾ ਇਕ ਦਵਾਰਾ, ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਮੋਹ ਹਲਕਾਈਆ। ਰਾਜ ਰਾਜਾਨ ਹੋਏ ਖ਼ਵਾਰਾ, ਸਚ ਵਿਧਾਨ ਨਾ ਕੋਇ ਵਿਚਾਰਾ, ਨਿਰਧਨ ਰੋਵਣ ਜ਼ਾਰੋ ਜ਼ਾਰਾ, ਧਰਤ ਧਵਲ ਨਾ ਝੱਲੇ ਭਾਰਾ, ਸ੍ਰਿਸ਼ਟ ਸਬਾਈ ਜਗਤ ਲੋਕਾਈ ਨਜ਼ਰ ਨਾ ਆਏ ਨੂਰ ਇਲਾਹੀ, ਜਲਵਾ ਜਲਾਲ ਬੇਮਿਸਾਲ ਰਾਮ ਨਾਮ ਇਕ ਨਿਸ਼ਕਾਮ, ਨਿਹਕੇਵਲ ਨਿਹਚਲ ਧਾਮ ਨਾ ਕੋਇ ਵਡਿਆਈਆ। ਨਗਰ ਖੇੜਾ ਨਾ ਕੋਇ ਗਰਾਮ, ਸਾਚੇ ਮੰਦਰ ਨਾ ਕੋਇ ਵਿਸਰਾਮ, ਗੁਰੂ ਦਰ ਨਾ ਕੋਇ ਨਾਮ, ਜਗਤ ਮਸਜਦ ਨਾ ਕੋਇ ਕਲਾਮ, ਤੀਰਥ ਤਟ ਨਾ ਕੋਇ ਨਹਾਨ, ਭਗਤ ਭਗਵੰਤ ਨਾ ਕੋਇ ਨਿਸ਼ਾਨ, ਸਾਧ ਸੰਤ ਨਾ ਕੋਇ ਦਾਨ, ਗੁਰਮੁਖ ਗੁਰ ਗੁਰ ਨਾ ਕੋਇ ਪਛਾਣ, ਗੁਰਸਿਖ ਗੁਰ ਚਰਨ ਨਾ ਕੋਇ ਧਿਆਨ, ਕਲਜੁਗ ਕੂੜ ਹੋਇਆ ਬਲਵਾਨ, ਚਾਰੋਂ ਕੁੰਟ ਵੇਖੇ ਮਾਰ ਧਿਆਨ, ਛੱਤ੍ਰੀ ਬ੍ਰਹਮਣ ਸ਼ੂਦਰ ਵੈਸ਼ ਬਚਿਆ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਜੁਗਾ ਜੁਗੰਤਰ ਕਰੇ ਸ੍ਰੀ ਭਗਵਾਨ, ਸਤਿਜੁਗ ਤਰੇਤਾ ਦਵਾਪਰ ਨਿਰਗੁਣ ਸਰਗੁਣ ਹੋਏ ਪਰਧਾਨ, ਹੱਥ ਉਠਾਏ ਚਿਲਾ ਤੀਰ ਕਮਾਨ, ਸੇਵਾ ਕਰੇ ਵਿਚ ਜਹਾਨ, ਲੇਖਾ ਜਾਣੇ ਜਗਤ ਕਿਰਪਾਨ, ਖੰਡਾ ਖੜਗ ਖ਼ਾਲਕ ਖ਼ਲਕ ਇਕ ਵਖਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਆਪਣੀ ਤਲਬ ਤਾਲਬ ਜਾਣੇ ਮੇਹਬਾਨ, ਮਿਹਬਾਨ ਬੀਦੋ ਨਿਰਵੈਰ ਪੁਰਖ ਇਕ ਨਿਸ਼ਾਨ, ਬਿਸਮਲ ਰੂਪ ਸਤਿ ਸਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ ਮੇਟਣਹਾਰ ਅੰਧੇਰੀ ਰਾਤਾ, ਜਗਤ ਜੋਗ ਆਪਣੇ ਹੱਥ ਰਖਾਈਆ। ਕਲਜੁਗ ਅੰਤ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਵਾਸਤਕ ਰੂਪ ਵਾਸਦੇਵ ਨਮੋ ਸਤਿ ਸਤਿ ਸਮਾਏ ਜਲਾਂ ਥਲਾਂ, ਜਲ ਥਲ ਮਹੀਅਲ ਡੂੰਘੀ ਕੰਦਰ ਉਜਾੜ ਪਹਾੜ ਉਚੇ ਟਿਲੇ ਪਰਬਤ ਫੇਰਾ ਪਾਇੰਦਾ। ਆਸਤਕ ਨਾਸਤਕ ਵਾਸਤਕ ਵਾਸਤਵ ਸੰਦੇਸ਼ ਏਕਾ ਘੱਲਾ, ਗਿਆਨ ਬੋਧ ਜੋਧਨ ਜੋਧ ਅਨੰਦ ਮੰਗਲ ਨਿਰਾਕਾਰ, ਸ਼ਬਦ ਅਨਾਦ ਬ੍ਰਹਿਮਾਦ, ਪਾਰਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਨਾਉਂ ਨਰਾਇਣ ਹਰਿ ਨਿਰੰਕਾਰਾ, ਨਿਰਾਕਾਰ ਵਡੀ ਵਡਿਆਈਆ। ਆਪਣੀ ਉਲਫ਼ਤ ਆਪੇ ਜਾਣੇ ਜਾਨਣਹਾਰਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਅੱਲਾ ਮੀਆਂ ਅੱਲਾ ਹੂ ਅਨਾ ਹੂ ਨੂਰ ਉਜਿਆਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਸਿਦਕ ਸਾਦਕ ਸਬਰ ਸੰਤੋਖ ਵੇਖ ਵਖਾਏ ਵੇਖਣਹਾਰਾ, ਦੀਨ ਦਰਦ ਦੁਖ ਭੈ ਭੰਜਨ ਨਾਥ ਅਨਾਥਾਂ ਹੋਏ ਸਹਾਈ ਸਭਨੀ ਥਾਈਂਆ। ਪਰਗਟ ਹੋ ਵਿਚ ਸੰਸਾਰਾ, ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸਚਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਸੋਭਾਵੰਤ ਸ੍ਰੀ ਭਗਵੰਤ ਰਾਜ ਰਾਜਾਨਾ ਸ਼ਾਹ ਸੁਲਤਾਨਾ ਬਣ ਸਿਕਦਾਰਾ, ਸਾਖਯਾਤ ਆਪਣੀ ਖੇਲ ਖਿਲਾਈਆ। ਦੋ ਜਹਾਨਾ ਕਰੇ ਵਿਚਾਰਾ, ਚੌਦਾਂ ਤਬਕਾਂ ਦਏ ਹੁਲਾਰਾ ਚੌਦਾਂ ਲੋਕ ਵੇਖ ਵਖਾਈਆ। ਚੌਦਾਂ ਵਿਦਿਆ ਮਾਰੇ ਮਾਰਾ, ਚੌਦਾਂ ਹੱਟਾਂ ਕਰ ਕਰ ਪਾਰ ਕਿਨਾਰਾ, ਆਰ ਪਾਰ ਹਰਿ ਨਿਰੰਕਾਰ ਆਪਣਾ ਪਤਣ ਆਪੇ ਵੇਖ ਵਖਾਈਆ। ਲੇਖਾ ਜਾਣੇ ਗੁਰ ਅਵਤਾਰਾ, ਪੰਜ ਤੱਤ ਦਏ ਸਹਾਰਾ, ਨਿਰਗੁਣ ਸ਼ਬਦੀ ਨਿਰਾਕਾਰਾ, ਆਤਮ ਅੰਤਰ ਵਸੇ ਬਾਹਰਾ, ਅੰਦਰ ਬਾਹਰ ਆਪਣਾ ਖੇਲ ਖਿਲਾਈਆ। ਕਲਜੁਗ ਅੰਤਮ ਨਿਰਗੁਣ ਨਿਰਵੈਰ ਪੁਰਖ ਅਕਾਲ, ਸਚਖੰਡ ਹਰਿ ਚੌਵੀਆਂ ਅਵਤਾਰਾ, ਚਾਰ ਕੁੰਟ ਦਏ ਹੁਲਾਰਾ, ਦਹਿ ਦਿਸ਼ਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਕਰੋੜ ਤੇਤੀਸਾ ਦਰ ਦਰਵੇਸ਼ ਬਣ ਭਿਖਾਰਾ, ਗਣਪਤ ਗਣੇਸ਼ ਰਾਹ ਤਕੇ ਮੀਤ ਮੁਰਾਰਾ, ਆਦਿ ਸ਼ਕਤ ਵੇਲਾ ਵਕ਼ਤ ਨਾ ਕੋਇ ਜਾਣੇ ਕਵਣ ਕੂਟ ਸੋਭਾਵੰਤ ਸੁਹਾਏ ਨਰ ਨਿਰੰਕਾਰਾ, ਨਿਰਗੁਣ ਨੂਰ ਨੂਰ ਕਰ ਰੁਸ਼ਨਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਮਾਰਗ ਪੰਥ ਵਿਚਾਰਾ, ਵੇਦ ਸ਼ਾਸਤਰ ਸਿਮਰਤ ਗ੍ਰੰਥ ਨਾ ਕੋਈ ਪਾਵੇ ਸਾਰਾ, ਚਾਰ ਬਾਣੀ ਚਾਰ ਖਾਣੀ ਚਾਰ ਕੁੰਟ ਚਾਰ ਵੇਦਾ ਭੇਵ ਅਭੇਵ ਅਛਲ ਅਛੱਲ ਵਲ ਛਲ ਧਾਰੀ, ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਰ ਹਰਿ ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਵਡਿਆਈ ਰਖਾਇੰਦਾ, ਜੁਗਾ ਜੁਗੰਤਰ ਕਾਰ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਮਾ ਹੋ ਉਜਿਆਰ। ਸਚਖੰਡ ਦਵਾਰਾ ਸੋਭਾ ਪਾਇੰਦਾ, ਥਿਰ ਘਰ ਖੋਲ੍ਹੇ ਆਪ ਕਿਵਾੜ। ਸੁੰਨ ਅਗੰਮੀ ਪੜਦਾ ਲਹਿੰਦਾ, ਆਪ ਆਪਣੀ ਕਿਰਪਾ ਧਾਰ। ਸ਼ਬਦ ਅਨਾਦੀ ਨਾਦ ਸੁਣਾਇੰਦਾ, ਧੁਨੀ ਧੁਨ ਕਰ ਪਿਆਰ। ਵਿਸ਼ਨ ਵਿਸ਼ਵ ਆਪ ਜਗਾਇੰਦਾ, ਬ੍ਰਹਮਾ ਨੇਤਰ ਨੈਣ ਉਘਾੜ। ਸ਼ੰਕਰ ਏਕਾ ਹੁਕਮ ਸੁਣਾਇੰਦਾ, ਕੰਠ ਮਾਲਾ ਵੇਖ ਸ਼ੰਗਾਰ। ਰੂਪ ਅਨੂਪ ਆਪ ਧਰਾਇੰਦਾ, ਸ਼ਾਹੋ ਭੂਪ ਬਣ ਸਿਕਦਾਰ, ਲੱਖ ਚੁਰਾਸੀ ਵੇਖ ਵਖਾਇੰਦਾ, ਘਾੜਤ ਘੜਿਆ ਬਣ ਠਠਿਆਰ। ਜੁਗ ਚੌਕੜੀ ਪੰਧ ਮੁਕਾਇੰਦਾ, ਨਵ ਨੌ ਚਾਰ ਉਤਰੇ ਪਾਰ। ਨੱਯਾ ਘਨੱਯਾ ਵੇਖ ਵਖਾਇੰਦਾ, ਸਾਚਾ ਸਯਾ ਮੀਤ ਮੁਰਾਰ। ਆਪਣਾ ਲੇਖਾ ਆਪਣੀ ਵਹੀਆ ਉਪਰ ਆਪ ਲਿਖਾਇੰਦਾ, ਆਪੇ ਹੋਏ ਲਿਖਣਹਾਰ। ਕ਼ਲਮ ਦਵਾਤ ਨਾ ਕੋਇ ਜਣਾਇੰਦਾ, ਨਾ ਕੋਈ ਮੰਗੇ ਅਵਰ ਸਹਾਰ। ਜਗਤ ਵਿਦਿਆ ਨਾ ਮੇਲ ਮਿਲਾਇੰਦਾ, ਕਰੇ ਖੇਲ ਓਅੰਕਾਰ। ਏਕੰਕਾਰ ਆਪਣਾ ਬੰਧਨ ਪਾਇੰਦਾ, ਸਾਚਾ ਬੰਧਨ ਨਾਮ ਆਧਾਰ। ਜਗਤ ਜੁਗਤ ਨਾ ਕੋਇ ਤੁੜਾਇੰਦਾ, ਤੁੱਟ ਜਾਏ ਨਾ ਵਿਚ ਸੰਸਾਰ। ਪਰਮਾਨੰਦ ਇਕ ਸਮਝਾਇੰਦਾ, ਨਿਜਾਨੰਦ ਨਿਜ ਗੁਫ਼ਤਾਰ। ਦੀਦ ਸ਼ੁਨੀਦ ਆਪ ਕਰਾਇੰਦਾ, ਆਪੇ ਖੋਲ੍ਹਣਹਾਰਾ ਬੰਦ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਾਰ। ਕਲਜੁਗ ਅੰਤਮ ਖੇਲ ਖਿਲਾਇੰਦਾ, ਵਡ ਦਾਤਾ ਜੋਧਾ ਸੂਰਬੀਰ ਬਲਵਾਨ। ਨਿਰਗੁਣ ਆਪਣਾ ਰੂਪ ਧਰਾਇੰਦਾ, ਪੰਜ ਤੱਤ ਨਾ ਦਿਸੇ ਕੋਇ ਨਿਸ਼ਾਨ। ਹੁਕਮੀ ਹੁਕਮ ਸ਼ਬਦ ਸੁਣਾਇੰਦਾ, ਸ਼ਬਦ ਜਣਾਈ ਧੁਰ ਫ਼ਰਮਾਨ। ਸ਼ਾਹ ਸੁਲਤਾਨ ਆਪ ਉਠਾਇੰਦਾ, ਬਖ਼ਸ਼ਸ਼ ਕਰੇ ਚਰਨ ਧਿਆਨ। ਕਰ ਕਿਰਪਾ ਨੇਤਰ ਨੈਣ ਖੁਲ੍ਹਾਇੰਦਾ, ਅੰਤਰ ਬਖ਼ਸ਼ੇ ਬ੍ਰਹਮ ਗਿਆਨ। ਕਾਇਆ ਖੇਤਰ ਵੇਖ ਵਖਾਇੰਦਾ, ਕੋਰੋ ਕਸ਼ੇਤਰ ਨਾ ਕੋਇ ਨਿਸ਼ਾਨ। ਧਰਮ ਅਧਰਮ ਕੌਰੋ ਪਾਂਡੋ ਆਪ ਲੜਾਇੰਦਾ, ਰਥ ਰਥਵਾਹੀ ਕਾਇਆ ਬਣਤ ਬਣ ਸ੍ਰੀ ਭਗਵਾਨ। ਮਹਾਂਸਾਰਥੀ ਸੇਵ ਕਮਾਇੰਦਾ, ਆਦਿ ਜੁਗਾਦੀ ਨੌਂਜਵਾਨ। ਨੌਂ ਖੰਡ ਪ੍ਰਿਥਮੀ ਚਾਰੋਂ ਕੁੰਟ ਭਵਾਇੰਦਾ, ਲੇਖਾ ਜਾਣੇ ਜ਼ਿਮੀਂ ਅਸਮਾਨ। ਏਕਾ ਅਲਿਫ਼ ਆਪਣਾ ਰੂਪ ਦਰਸਾਇੰਦਾ, ਜ਼ੇਰ ਜ਼ਬਰ ਚੁੱਕੇ ਕਾਣ। ਆਪਣਾ ਜ਼ਾਬਤਾ ਆਪਣੇ ਵਿਚ ਟਿਕਾਇੰਦਾ, ਜ਼ਾਲਮ ਜ਼ੁਲਮ ਵੇਖੇ ਆਣ। ਕਾਤਬ ਲੇਖ ਨਾ ਕੋਇ ਲਿਖਾਇੰਦਾ, ਕੁਤਬ ਗੌਂਸ ਹੋਏ ਹੈਰਾਨ। ਆਪਣਾ ਹਰਫ਼ ਮੁਰਸ਼ਦ ਮੁਰੀਦ ਵਿਰਲੇ ਆਪ ਪੜ੍ਹਾਇੰਦਾ, ਜਿਸ ਜਨ ਉਪਰ ਹੋਏ ਮਿਹਰਵਾਨ। ਆਪਣੀ ਈਦ ਏਕਾ ਵਾਰ ਮਨਾਇੰਦਾ, ਲੱਖ ਚੁਰਾਸੀ ਕਰ ਕ਼ੁਰਬਾਨ। ਆਪਣਾ ਸਯਦਾ ਆਪਣੇ ਅੱਗੇ ਸੀਸ ਝੁਕਾਇੰਦਾ, ਆਪੇ ਆਪਣਾ ਜਾਣੇ ਸਚ ਈਮਾਨ। ਸ਼ਰਅ ਸ਼ਰੀਅਤ ਵਿਚ ਕਦੇ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਦੋ ਜਹਾਨ। ਦੋ ਜਹਾਨਾਂ ਹਰਿ ਹਰਿ ਵਾਲੀ, ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਬੂਟਾ ਵੇਖੇ ਲੱਗਾ ਮਾਲੀ, ਨਵ ਨੌਂ ਆਪਣਾ ਫੇਰਾ ਪਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਧਨ ਮਾਲ ਖ਼ਜ਼ਾਨਾ ਦਿਸੇ ਖ਼ਾਲੀ, ਸਾਚਾ ਨਾਮ ਭੰਡਾਰ ਹੱਥ ਨਾ ਕੋਇ ਰਖਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਮੰਗਦੇ ਰਹੇ ਦਲਾਲੀ, ਦਿਲਬਰ ਦੀਦਾਰ ਦਰਸ ਨੇਤਰ ਨੈਣ ਨਾ ਕੋਇ ਵਖਾਇੰਦਾ। ਗੁਰਮੁਖ ਵਿਰਲਾ ਜੋ ਹਰਿ ਹਰਿ ਨਾਉਂ ਘਾਲ ਰਿਹਾ ਘਾਲੀ, ਘਾਲੀ ਘਾਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਰੂਪ ਅਨੂਪ ਆਪ ਧਰਾਇੰਦਾ। ਸ਼ਾਹ ਪਾਤਸ਼ਾਹ ਹਰਿ ਕਰਤਾਰ, ਸ਼ਹਿਨਸ਼ਾਹ ਇਕ ਅਖਵਾਇੰਦਾ। ਸਤਿ ਸਰੂਪੀ ਬੰਨ੍ਹੇ ਧਾਰ, ਸਾਂਤਕ ਸਤਿ ਸਤਿ ਵਰਤਾਇੰਦਾ। ਵਰਨਾਂ ਬਰਨਾਂ ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਦੱਸੇ ਚਰਨ ਦਵਾਰ, ਹਰਿ ਚਰਨ ਕਵਲ ਸਾਚਾ ਮੰਦਰ ਇਕ ਸਮਝਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਨਾਮ ਜਣਾਏ ਆਤਮ ਅੰਤਰ ਕਰੇ ਵਿਚਾਰ, ਜਗਤ ਬਸੰਤਰ ਆਪ ਬੁਝਾਇੰਦਾ। ਏਕਾ ਮੰਤਰ ਸਾਚਾ ਨਾਅਰਾ, ਏਕਾ ਰਾਮ ਮੇਲ ਮਿਲਾਇੰਦਾ। ਏਕਾ ਘਨੱਯਾ ਖੜਾ ਦਵਾਰਾ, ਏਕਾ ਬੰਸਰੀ ਨਾਮ ਵਜਾਇੰਦਾ। ਏਕਾ ਸਖ਼ੀਆਂ ਮੰਗਲਚਾਰਾ, ਏਕਾ ਗੋਪੀ ਕਾਹਨ ਨਚਾਇੰਦਾ। ਏਕਾ ਲਖ਼ਮੀ ਨਰਾਇਣ ਮੁਕੰਦ ਮਨੋਹਰ ਧਰਨੀ ਧਰਤ ਧਵਲ ਦਏ ਸਹਾਰਾ, ਏਕਾ ਨੈਣ ਮੁਕਟ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਏਕਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ।