Granth 09 Likhat 135: 28 Jeth 2017 Bikarmi Shabad Singhasan par likhat hoyi Makan No 9789 Gali No 7 Multani Dhanda Pahad Ganj Navi Delhi

੨੮ ਜੇਠ ੨੦੧੭ ਬਿਕ੍ਰਮੀ ਸ਼ਬਦ ਸਿੰਘਾਸਣ ਪਰ ਲਿਖਤ ਹੋਈ ਮਕਾਨ ਨੰ੦ ੯੭੮੯ ਗਲੀ ਨੰ੦ ੭ ਮੁਲਤਾਨੀ ਢਾਂਡਾ ਪਹਾੜ ਗੰਜ ਨਵੀਂ ਦਿਲੀ

ਹਸਤ ਕੀਟ ਹਰਿ ਕਰਤਾਰ, ਜੂਨ ਅਜੂਨੀ ਖੇਲ ਖਿਲਾਇੰਦਾ। ਰੂਪ ਅਨੂਪ ਬੇਐਬ ਪਰਵਰਦਿਗਾਰ, ਨੂਰੋ ਨੂਰ ਡਗਮਗਾਇੰਦਾ। ਸਤਿ ਸਰੂਪ ਸ਼ਾਹੋ ਭੂਪ ਸੱਚੀ ਸਰਕਾਰ, ਸਚ ਸੁਲਤਾਨਾਂ ਨਾਉਂ ਧਰਾਇੰਦਾ। ਲੱਖ ਚੁਰਾਸੀ ਖੇਲ ਅਪਾਰ, ਘਟ ਘਟ ਬਾਤੀ ਆਪ ਟਿਕਾਇੰਦਾ। ਕਮਲਾਪਾਤੀ ਮੀਤ ਮੁਰਾਰ, ਨਿਰਗੁਣ ਆਪਣੀ ਰਚਨ ਰਚਾਇੰਦਾ। ਆਦਿ ਜੁਗਾਦੀ ਨਿਰਾਕਾਰ, ਸਾਕਾਰ ਰੂਪ ਵਟਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਘਟ ਘਟ ਅੰਦਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਜੇਰਜ ਅੰਡ ਰੂਪ ਰੇਖ ਨਾ ਕੋਇ ਵਖਾਇੰਦਾ। ਹਸਤ ਕੀਟ ਹਰਿ ਕੀ ਧਾਰ, ਹਰਿ ਸਾਚਾ ਸਚ ਉਪਜਾਈਆ। ਇਕ ਇਕੱਲਾ ਖੇਲ ਅਪਾਰ, ਏਕੰਕਾਰਾ ਆਪ ਕਰਾਈਆ। ਸਚਖੰਡ ਨਿਵਾਸੀ ਹੋ ਉਜਿਆਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਏਕਾ ਨੂਰ ਕਰ ਉਜਿਆਰ, ਸ਼ਬਦੀ ਧਾਰ ਵਿਚ ਟਿਕਾਈਆ। ਸ਼ਬਦ ਨਾਦ ਧੁਨ ਜੈਕਾਰ, ਪਵਣ ਪਵਣੀ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਏਕਾ ਹੱਥ ਵਡਿਆਈਆ। ਹਸਤ ਕੀਟ ਹਰਿ ਸਮਾਇਆ, ਭੇਵ ਅਭੇਦ ਭੇਵ ਜਣਾਇੰਦਾ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹਿਆ, ਆਪਣਾ ਨਾਉਂ ਧਰਾਇੰਦਾ। ਆਪਣੀ ਕਲ ਅਪ ਵਰਤਾਇਆ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਸਚ ਮਲਾਹ ਬਣ ਕੇ ਆਇਆ, ਖੇਵਟ ਖੇਟਾ ਆਪ ਚਲਾਇੰਦਾ। ਹਰਿਜਨ ਸਾਚੇ ਸੰਤ ਸੁਹੇਲੇ ਨਿਰਗੁਣ ਸਰਗੁਣ ਰੂਪ ਆਪ ਆਪਣਾ ਮੇਲ ਮਿਲਾਇਆ, ਆਪਣਾ ਹਿੱਤ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਸੰਗ, ਸਾਚਾ ਸੰਗ ਆਪ ਨਿਭਾਇੰਦਾ। ਹਸਤ ਕੀਟ ਸਗਲਾ ਸਾਥ, ਹਰਿ ਸਾਚਾ ਸਚ ਨਿਭਾਈਆ। ਪਾਰਬ੍ਰਹਮ ਪੁਰਖ ਅਬਿਨਾਸ਼, ਆਦਿ ਜੁਗਾਦਿ ਦਏ ਵਡਿਆਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਅਕਾਸ਼ ਆਕਾਸ਼ਾ ਆਪਣਾ ਰੂਪ ਸਮਾਈਆ। ਜਨ ਭਗਤਾਂ ਹੋਇਆ ਰਹੇ ਦਾਸ, ਜੁਗਾ ਜੁਗੰਤਰ ਸੇਵ ਕਮਾਈਆ। ਘਟ ਘਟ ਅੰਦਰ ਰੱਖੇ ਵਾਸ, ਨਿਰਗੁਣ ਸਰਗੁਣ ਬੇਪਰਵਾਹੀਆ। ਮੰਡਲ ਬਹਿ ਬਹਿ ਪਾਵੇ ਰਾਸ, ਘਰ ਮੰਦਰ ਆਪ ਸੁਹਾਈਆ। ਗੁਰਮੁਖਾਂ ਪੂਰੀ ਕਰੇ ਆਸ, ਊਚ ਨੀਚ ਨਾ ਵੇਖ ਵਖਾਈਆ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਰੂਪ ਦਰਸਾਈਆ। ਏਕਾ ਰੂਪ ਹਰਿ ਕਰਤਾਰ, ਆਪਣਾ ਆਪ ਉਪਜਾਇੰਦਾ। ਅਜੂਨ ਅਜੂਨੀ ਹੋ ਤਿਆਰ, ਨਿਰਗੁਣ ਹਰ ਘਟ ਡੇਰਾ ਲਾਇੰਦਾ। ਏਕਾ ਅੱਖਰ ਕਰ ਵਿਚਾਰ, ਸਾਚੀ ਸਿਖਿਆ ਆਪ ਸਮਝਾਇੰਦਾ। ਲੇਖਾ ਲਿਖ ਨਾ ਸਕੇ ਵੇਦ ਚਾਰ, ਪੁਰਾਨ ਸ਼ਾਸਤਰ ਭੇਵ ਨਾ ਪਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਜੁਗਾ ਜੁਗੰਤਰ ਆਪ ਕਰਾਇੰਦਾ। ਬੋਧ ਅਗਾਧੀ ਨਾਮ ਜੈਕਾਰ, ਸਚ ਜੈਕਾਰਾ ਆਪ ਸੁਣਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਲੋਕਮਾਤ ਵੇਸ ਵਟਾਇੰਦਾ। ਤ੍ਰੈ ਕਾਲ ਦਰਸੀ ਭੇਵ ਨਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਵੇਖ ਵਖਾਇੰਦਾ। ਵੇਖਣਹਾਰਾ ਹਰਿ ਭਗਵਾਨ, ਆਦਿ ਜੁਗਾਦਿ ਸਮਾਇਆ। ਵੇਖਣਹਾਰਾ ਜੁਗਾ ਜੁਗੰਤ, ਮਹਿਮਾ ਅਗਣਤ ਲੇਖਾ ਲੇਖ ਨਾ ਕੋਈ ਲਿਖਾਇਆ। ਹਰਿਜਨ ਵੇਖੇ ਸਾਚੇ ਸੰਤ, ਲੱਖ ਚੁਰਾਸੀ ਖੋਜ ਖੁਜਾਇਆ। ਘਰ ਮੰਦਰ ਉਪਜਾਏ ਹਰਿ ਹਰਿ ਨਾਉਂ ਮਣੀਆ ਮੰਤ, ਆਪਣੀ ਵਿਦਿਆ ਆਪ ਪੜ੍ਹਾਇਆ। ਦੋ ਜਹਾਨਾਂ ਬਣਾਏ ਸਾਚੀ ਬਣਤ, ਸਤਿ ਪੁਰਖ ਨਿਰੰਜਣ ਆਪਣੀ ਸੇਵਾ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਹਰਿ ਹਰਿ ਵੇਸ, ਕਰੇ ਕਰਾਏ ਨਰ ਨਰੇਸ਼, ਹਸਤ ਕੀਟ ਮੇਲ ਮਿਲਾਇਆ। ਹਸਤ ਕੀਟ ਮੇਲਾ ਭਗਵਾਨ, ਹਰਿ ਸਾਚਾ ਆਪ ਕਰਾਈਆ। ਜੁਗ ਕਰਤਾ ਦੇਵਣਹਾਰ ਦਾਨ, ਕਰਤਾ ਪੁਰਖ ਨਾਉਂ ਧਰਾਈਆ। ਮੂਰਤ ਅਕਾਲ ਵਡ ਮਿਹਰਵਾਨ, ਅਜੂਨੀ ਰਹਿਤ ਨਾਉਂ ਧਰਾਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਸ਼ਬਦ ਉਠਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਏ ਏਕਾ ਆਣ, ਰਵ ਸਸ ਰਹੇ ਸੀਸ ਝੁਕਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਧਿਆਨ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਨੈਨਣ ਨੈਣ ਰਹੇ ਉਠਾਈਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਆਪ ਆਪਣੀ ਕਲ ਵਰਤਾਈਆ। ਹਰਿਜਨ ਸਾਚੇ ਕਰੇ ਪਰਵਾਨ, ਦਰ ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਡਲ ਸਾਚੀ ਰਾਸ, ਪਾਰਬ੍ਰਹਮ ਬ੍ਰਹਮ ਕਰ ਪਰਕਾਸ਼, ਨਿਰਗੁਣ ਪੂਰੀ ਕਰੇ ਆਸ, ਹਸਤ ਕੀਟ ਏਕਾ ਭਿਛਿਆ ਝੋਲੀ ਪਾਈਆ। ਪਾਈ ਭਿਛਿਆ ਨਾਮ ਨਿਧਾਨ, ਏਕਾ ਝੋਲੀ ਭਰਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਏਕੰਕਾਰਾ ਖੇਲ ਖਿਲਾਇੰਦਾ। ਆਦਿ ਨਿਰੰਜਣ ਦੇਵੇ ਦਾਨ, ਅਬਿਨਾਸ਼ੀ ਕਰਤਾ ਸੰਗ ਰਖਾਇੰਦਾ। ਸ੍ਰੀ ਭਗਵਾਨ ਬਖ਼ਸ਼ੇ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਪਾਰਬ੍ਰਹਮ ਏਕਾ ਪਾਏ ਆਪਣੀ ਆਣ, ਦੂਸਰ ਹੁਕਮ ਨਾ ਕੋਈ ਜਣਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਣ, ਜੁਗਾ ਜੁਗੰਤਰ ਵੇਖ ਵਖਾਇੰਦਾ। ਲੋਕਮਾਤ ਖੋਲ੍ਹ ਸਚ ਦੁਕਾਨ, ਸਾਚਾ ਹੱਟ ਇਕ ਵਖਾਇੰਦਾ। ਜੀਵ ਜੰਤ ਨਾ ਸਕੇ ਕੋਈ ਪਛਾਣ, ਲੱਖ ਚੁਰਾਸੀ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਪਾਵੇ ਸਾਰ, ਲੱਖ ਚੁਰਾਸੀ ਅਗੰਮ ਅਪਾਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਹਸਤ ਕੀਟ ਹਰਿ ਰੰਗ ਰਾਤਾ, ਰੰਗ ਰਤੜਾ ਸਾਚਾ ਮਾਹੀਆ। ਆਪ ਸੁਣਾਏ ਆਪਣੀ ਗਾਥਾ, ਜੁਗਾ ਜੁਗੰਤਰ ਕਰੇ ਇਕ ਪੜ੍ਹਾਈਆ। ਲੇਖਾ ਜਾਣੇ ਲਹਿਣਾ ਦੇਣਾ ਮਸਤਕ ਮਾਥਾ, ਪੂਰਬ ਪੂਰਬ ਵੇਖ ਵਖਾਈਆ। ਪੰਜ ਤਤ ਕਾਇਆ ਮਾਟੀ ਚਲਾਏ ਰਾਥਾ, ਮਹਾਂਸਾਰਥੀ ਬੇਪਰਵਾਹੀਆ। ਕਰੇ ਖੇਲ ਤ੍ਰਲੋਕੀ ਨਾਥਾ, ਚੌਦਾਂ ਲੋਕ ਕਰ ਰੁਸ਼ਨਾਈਆ। ਜਨ ਭਗਤਾਂ ਪੂਰਾ ਕਰੇ ਘਾਟਾ, ਏਕਾ ਵਸਤ ਹੱਥ ਫੜਾਈਆ। ਨਿਰਗੁਣ ਜੋਤੀ ਨੂਰ ਜਗੇ ਲਿਲਾਟਾ, ਆਦਿ ਨਿਰੰਜਣ ਕਰ ਰੁਸ਼ਨਾਈਆ। ਸਰ ਸਰੋਵਰ ਵਖਾਏ ਤੀਰਥ ਤਾਟਾ, ਤੱਟ ਕਿਨਾਰਾ ਸੋਭਾ ਪਾਈਆ। ਲੇਖਾ ਚੁਕਾਏ ਆਨ ਬਾਟਾ, ਮਾਤ ਗਰਭ ਫੰਦ ਕਟਾਈਆ। ਅੱਗੇ ਨੇੜੇ ਆਏ ਵਾਟਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਸਦ ਮਿਹਰਵਾਨ, ਸਚ ਨਿਸ਼ਾਨ ਇਕ ਵਖਾਈਆ। ਸਚ ਨਿਸ਼ਾਨ ਧੁਰ ਦਰਬਾਰ, ਹਰਿ ਸਾਚਾ ਸਚ ਵਖਾਇੰਦਾ। ਮਹੱਲ ਅਟੱਲ ਉਚ ਮਿਨਾਰ, ਪੁਰਖ ਅਬਿਨਾਸ਼ੀ ਆਪ ਝੁਲਾਇੰਦਾ। ਗੁਰਮੁਖ ਸਾਚੇ ਕਰ ਤਿਆਰ, ਜੁਗਾ ਜੁਗੰਤਰ ਆਪ ਵਖਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਲੋਚਣ ਲੋਇਣ ਆਪ ਦਰਸਾਇੰਦਾ। ਚੌਥੇ ਪਦ ਆਪੇ ਵਾੜ, ਪੰਚਮ ਜੋੜਾ ਆਪ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਲਾਏ ਲੜ, ਏਕਾ ਪੱਲੂ ਨਾਮ ਫੜਾਇੰਦਾ। ਨਾਮ ਪੱਲੂ ਸਚ ਗੰਢ, ਹਰਿ ਸਾਚੇ ਹੱਥ ਵਡਿਆਈਆ। ਜੁਗਾ ਜੁਗੰਤਰ ਵੰਡੇ ਆਪਣੀ ਵੰਡ, ਦੂਸਰ ਸੰਗ ਨਾ ਕੋਈ ਰਖਾਈਆ। ਵਸਣਹਾਰਾ ਹਰਿ ਬ੍ਰਹਿਮੰਡ, ਲੋਆਂ ਪੁਰੀਆਂ ਖੋਜ ਖੁਜਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਭੁੱਲ ਨਾ ਰਾਈਆ। ਪਾਵੇ ਸਾਰ ਸੂਰਜ ਚੰਦ, ਰਵ ਸਸ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਪੰਧ, ਆਪਣਾ ਲੇਖਾ ਵੇਖ ਵਖਾਈਆ। ਊਚ ਨੀਚ ਹਸਤ ਕੀਟ ਸਰਬ ਜੀ ਦਾਤਾ, ਏਕਾ ਰੰਗ ਸਮਾਇਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਭੇਵ ਕਿਸੇ ਨਾ ਪਾਇਆ। ਜੁਗ ਜੁਗ ਮੇਟੀ ਅੰਧੇਰੀ ਰਾਤਾ, ਅੰਧ ਅੰਧੇਰਾ ਦਏ ਗਵਾਇਆ। ਜਨ ਭਗਤਾਂ ਨਿਭਾਏ ਸਗਲਾ ਸਾਥਾ, ਸਗਲਾ ਸੰਗ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਹਰਿ ਸੰਜੋਗ, ਹਰਿ ਸਾਚੇ ਆਪ ਕਰਾਇਆ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਚੌਦਾਂ ਵੇਖ ਵਖਾਇਆ। ਪੁਰੀ ਬ੍ਰਹਮ ਇਕ ਸਲੋਕ, ਸਿੰਘ ਸ਼ੇਰ ਨਾਮ ਸੁਣਾਇਆ। ਵਿਸ਼ਨੂੰ ਵਿਸ਼ਵ ਭਾਣਾ ਨਾ ਸਕੇ ਰੋਕ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਹਰਿ ਭਗਤ ਨਾ ਮੰਗੇ ਕੋਈ ਮੋਖ, ਪ੍ਰਭ ਦਰਸ ਰਹੇ ਤ੍ਰਿਪਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਏਕਾ ਸੰਗ ਨਿਭਾਇਆ। ਹਸਤ ਕੀਟ ਏਕਾ ਸੰਗ, ਹਰਿ ਸਤਿਗੁਰ ਸੰਗ ਰਖਾਇੰਦਾ। ਕਲਜੁਗ ਔਧ ਰਹੀ ਲੰਘ, ਕਲਜੁਗ ਵੇਲਾ ਅੰਤਮ ਆਇੰਦਾ। ਸ੍ਰਿਸ਼ਟ ਸਬਾਈ ਧਰਤ ਮਾਤ ਸਾਚੀ ਸੇਜ ਮਾਂਗੇ ਪਲੰਘ, ਨਵ ਸਤ ਇਕ ਵਿਛਾਇੰਦਾ। ਜਲਧਾਰ ਨਾ ਦਿਸੇ ਕੋਈ ਗੰਗ, ਸਰ ਸਰੋਵਰ ਅੰਮ੍ਰਿਤ ਬੂੰਦ ਨਾ ਕੋਈ ਮੁਖ ਚੁਆਇੰਦਾ। ਚਾਰੇ ਕੁੰਟ ਹੋਏ ਨੰਗ, ਸਾਚਾ ਪਰਦਾ ਨਾ ਕੋਈ ਪਾਇੰਦਾ। ਸੋ ਪੁਰਖ ਨਿਰੰਜਣ ਏਕਾ ਅਸਵ ਕਸੇ ਤੰਗ, ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਏਕੰਕਾਰਾ ਸੱਚਖੰਡ ਦਵਾਰਾ ਆਪੇ ਲੰਘ, ਆਦਿ ਨਿਰੰਜਣ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਵਜਾਏ ਮਰਦੰਗ, ਸ੍ਰੀ ਭਗਵਾਨ ਹੱਥ ਉਠਾਇੰਦਾ। ਪਾਰਬ੍ਰਹਮ ਹਰਿਜਨ ਸਾਚੇ ਲਾਏ ਆਪਣੇ ਅੰਗ, ਬ੍ਰਹਮ ਬ੍ਰਹਮ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਮਾਇਆ ਮਮਤਾ ਝੂਠੀ ਗੰਢ, ਹਉਮੇ ਹੰਗਤਾ ਗੜ੍ਹ ਨਾ ਕੋਈ ਤੁੜਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰਾ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਗੁਰਮੁਖਾਂ ਅੰਦਰ ਨਿਰਗੁਣ ਰੂਪ ਨਿਰਾਕਾਰ ਆਪੇ ਲੰਘ, ਆਤਮ ਸੇਜਾ ਆਪ ਸੁਹਾਇੰਦਾ। ਕਾਇਆ ਮਾਟੀ ਕਾਚੀ ਵੰਗ, ਕੰਚਨ ਗੜ੍ਹ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਚੁਕਾਏ ਡਰ, ਨਿਰਭੈ ਆਪਣਾ ਭੈ ਵਖਾਇੰਦਾ। ਨਿਰਭੈ ਰੂਪ ਹਰਿ ਨਿਰੰਕਾਰ, ਹਰਿਜਨ ਸਾਚੇ ਆਪ ਜਗਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਸ਼ਬਦ ਜਣਾਈ ਧੁਨ ਜੈਕਾਰ, ਨਾਦ ਅਨਾਦੀ ਆਪ ਵਜਾਈਆ। ਕਲਜੁਗ ਅੰਤਮ ਖੇਲ ਅਪਾਰ, ਖੇਲਣਹਾਰਾ ਆਪ ਖਲਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਧਨ ਸਰਧਨ ਵੇਖ ਵਖਾਈਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰ, ਸਾਧ ਸੰਤ ਭਗਤ ਭਗਵੰਤ ਮੇਲ ਮਿਲਾਈਆ। ਸੰਤ ਕੰਤ ਮੇਲਾ ਨਾਰ ਭਤਾਰ, ਗੁਰਮੁਖ ਵੇਖੇ ਸਹਿਜ ਸੁਭਾਈਆ। ਗੁਰਮੁਖ ਸੋਹੇ ਬੰਕ ਦਵਾਰ, ਘਰ ਵਜਦੀ ਰਹੇ ਵਧਾਈਆ। ਮਨਮੁਖ ਡੁੱਬੇ ਵਿਚ ਮੰਝਧਾਰ, ਜੁਗਾ ਜੁਗੰਤਰ ਰਿਹਾ ਰੁੜਾਈਆ। ਨਾ ਕੋਈ ਦੀਸੇ ਪਾਰ ਕਿਨਾਰ, ਨਈਆ ਨਾਮ ਨਾ ਕੋਇ ਚੜ੍ਹਾਈਆ। ਸਗਲਾ ਸੰਗ ਛੁਟਾ ਸੰਸਾਰ, ਭੈਣਾ ਭਈਆ ਦਿਸ ਨਾ ਆਈਆ। ਕੱਢ ਵਹੀਆ ਧਰਮ ਰਾਏ ਕਰੇ ਖ਼ਵਾਰ, ਲੇਖਾ ਲਿਖਿਆ ਨਾ ਸਕੇ ਕੋਈ ਚੁਕਾਈਆ। ਗੁਰਮੁਖ ਸਾਚਾ ਉਚੀ ਕੂਕੇ ਕਰੇ ਪੁਕਾਰ, ਸਤਿਗੁਰ ਤੇਰੀ ਸਚ ਸੱਚੀ ਸਰਨਾਈਆ। ਸਤਿਗੁਰ ਪੂਰਾ ਫੜ ਫੜ ਬਾਹੋਂ ਲਾਏ ਪਾਰ, ਵੇਲੇ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਨਾਤਾ, ਆਪੇ ਤੋੜੇ ਪੁਰਖ ਬਿਧਾਤਾ, ਲੜ ਆਪਣਾ ਇਕ ਵਖਾਈਆ। ਹਸਤ ਕੀਟ ਜਗਤ ਖੇਲ, ਊਚ ਨੀਚ ਵੰਡ ਵੰਡਾਈਆ। ਹਰਿਜਨ ਹਰਿ ਸਾਚਾ ਲਏ ਮੇਲ, ਹਰਿਜਨ ਆਪਣੀ ਦਇਆ ਕਮਾਈਆ। ਘਰ ਮੰਦਰ ਜੋਤ ਜਗਾਏ ਬਿਨ ਬਾਤੀ ਬਿਨ ਤੇਲ, ਦਿਵਸ ਰੈਣ ਇਕ ਰੁਸ਼ਨਾਈਆ। ਸਤਿ ਸਤਿਵਾਦੀ ਬਣੇ ਸੱਜਣ ਸੁਹੇਲ, ਘਰ ਮੇਲਾ ਸਹਿਜ ਸੁਭਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਜਗਤ ਮਾਣ ਵਡਿਆਈਆ। ਹਸਤ ਕੀਟ ਸੋਹੇ ਬੰਕ, ਸਚਖੰਡ ਨਿਵਾਸੀ ਆਪ ਸੁਹਾਇੰਦਾ । ਲੇਖਾ ਜਾਣੇ ਰਾਓ ਰੰਕ, ਏਕਾ ਡੰਕ ਆਪ ਵਜਾਇੰਦਾ। ਏਕਾ ਨਾਮ ਵਜਾਏ ਸਾਚਾ ਡੰਕ, ਚਾਰ ਵਰਨਾਂ ਆਪ ਸੁਣਾਇੰਦਾ। ਪ੍ਰਗਟ ਹੋਇਆ ਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਆਪਣੀ ਖੇਲ ਆਪ ਖਲਾਇੰਦਾ। ਹਰਿ ਜਨ ਜਨ ਹਰਿ ਮਾਣ ਰਖਾਏ ਜਿਉਂ ਜਨ ਜਨਕ, ਘਰ ਘਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਸਤ ਕੀਟ ਕਰ ਪਿਆਰ, ਥਿਰ ਘਰ ਦੇਵੇ ਸ਼ਬਦ ਧਾਰ, ਪੀਤ ਪਤੰਬਰ ਸੀਸ ਸੁਹਾਇੰਦਾ। ਪੀਤ ਪਤੰਬਰ ਹਰਿ ਜਗਦੀਸ਼, ਸ਼ਾਹ ਸੁਲਤਾਨ ਆਪ ਝੁਲਾਈਆ। ਆਪਣਾ ਪੀਸਣ ਆਪੇ ਪੀਸ, ਕਲਜੁਗ ਚੱਕੀ ਰਿਹਾ ਚਲਾਈਆ। ਚਾਰ ਕੁੰਟ ਚਾਰ ਜੁਗ ਚਾਰ ਵਰਨ ਚਾਰ ਬਾਣੀ ਚਾਰ ਖਾਣੀ ਚਾਰ ਵੇਦ ਚਾਰ ਯਾਰ ਇਕ ਹਦੀਸ, ਇਕ ਕਲਮਾ ਉਲਮਾ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਸਤਕ ਰੂਪ ਸਰਬ ਸੰਸਾਰ, ਹਸਤ ਕੀਟ ਦਏ ਆਧਾਰ, ਪਤਿਤ ਉਧਾਰਨ ਆਪਣਾ ਨਾਉਂ ਆਪ ਧਰਾਈਆ। ਪਤਿਤ ਉਧਾਰਨ ਦੀਨ ਦਿਆਲਾ, ਦਇਆਨਿਧ ਪੁਰਖ ਅਬਿਨਾਸ਼ਿਆ। ਜੁਗਾ ਜੁਗੰਤਰ ਅਵੱਲੜੀ ਚਾਲਾ, ਕਰੇ ਕਰਾਏ ਸ਼ਾਹੋ ਸਬਾਸਿਆ। ਚਰਨ ਦਵਾਰ ਰੱਖੇ ਭਿਖਾਰ ਕਾਲ ਮਹਾਂਕਾਲਾ, ਬਹਿ ਖੇਲੇ ਖੇਲ ਖੇਲ ਤਮਾਸ਼ਿਆ। ਲੱਖ ਚੁਰਾਸੀ ਵਣਜ ਵਪਾਰ, ਦੋ ਜਹਾਨ ਪ੍ਰਿਥਮੀ ਅਕਾਸ਼ਿਆ। ਗੁਰਮੁਖ ਸਾਚੇ ਲਏ ਉਭਾਰ, ਘਰ ਮੰਦਰ ਨਿਰਗੁਣ ਜੋਤ ਕਰ ਪਰਕਾਸ਼ਿਆ। ਕਾਗਦ ਕਲਮ ਨਾ ਲਿਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਦਾਸਣ ਦਾਸਿਆ। ਹਸਤ ਕੀਟ ਹਰਿ ਵਸੇਰਾ, ਆਪ ਅਪਣਾ ਖੇਲ ਖਿਲਾਇੰਦਾ। ਆਪੇ ਫਿਰੇ ਨੇਰਨ ਨੇਰਾ, ਦੂਰਨ ਦੂਰ ਆਪ ਹੋ ਜਾਇੰਦਾ। ਆਪ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਨਾ ਕੋਈ ਰਖਾਇੰਦਾ। ਆਪੇ ਢਾਏ ਭਰਮਾਂ ਡੇਰਾ, ਭਰਮ ਗੜ੍ਹ ਆਪ ਤੁੜ੍ਹਾਇੰਦਾ। ਆਪੇ ਕਰਾਏ ਸੰਝ ਸਵੇਰਾ, ਰੈਣ ਅੰਧੇਰਾ ਨਾ ਕੋਈ ਵਖਾਇੰਦਾ। ਆਪੇ ਸ਼ਬਦ ਸਰੂਪੀ ਪਾਏ ਘੇਰਾ, ਚਾਰ ਕੁੰਟ ਆਪਣਾ ਘੇਰਾ ਪਾਇੰਦਾ। ਆਪੇ ਕਰੇ ਹੱਕ ਨਬੇੜਾ, ਜੁਗ ਜੁਗ ਵੇਸ ਵਟਾਇੰਦਾ। ਗੁਰਸਿਖਾਂ ਵੇਖੇ ਕਾਇਆ ਖੇੜਾ, ਪੰਜ ਤਤ ਮੰਦਰ ਖੋਜ ਖੁਜਾਇੰਦਾ। ਆਪੇ ਧਰਤ ਮਾਤ ਕਰੇ ਖੁਲ੍ਹਾ ਵੇਹੜਾ, ਜੋ ਘੜਿਆ ਭੰਨ ਵਖਾਇੰਦਾ। ਆਪੇ ਤ੍ਰੈਗੁਣ ਮਾਇਆ ਲਾਏ ਉਖੇੜਾ, ਆਪੇ ਪੰਚਮ ਜੜ੍ਹ ਪੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਬੇੜਾ ਬੰਨ੍ਹ, ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਖਿਲਾਇੰਦਾ। ਹਸਤ ਕੀਟ ਵਸਤ ਅਨਮੋਲ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਹਰਿ ਪੁਰਖ ਨਿਰੰਜਣ ਤੋਲੇ ਸਾਚਾ ਤੋਲ, ਜਗਤ ਕੰਡਾ ਨਾਮ ਹੱਥ ਉਠਾਇੰਦਾ। ਆਦਿ ਨਿਰੰਜਣ ਆਪਣੀ ਧਾਰਨ ਆਪੇ ਬੋਲ, ਸ੍ਰ਼ੀ ਭਗਵਾਨ ਸਾਚੀ ਸਿਖਿਆ ਦੇ ਸਮਝਾਇੰਦਾ। ਅਬਿਨਾਸ਼ੀ ਕਰਤਾ ਵਸੇ ਕੋਲ, ਪਾਰਬ੍ਰਹਮ ਮੁਖ ਪਰਦਾ ਆਪੇ ਲਹਿੰਦਾ। ਬ੍ਰਹਮ ਬ੍ਰਹਮ ਪ੍ਰਭ ਆਪੇ ਬੋਲ, ਸਰਗੁਣ ਢੋਲ ਮਰਦੰਗ ਵਜਾਇੰਦਾ। ਦੂਈ ਦਵੈਤੀ ਪਰਦਾ ਖੋਲ੍ਹ, ਸਾਚਾ ਮੰਦਰ ਇਕ ਸੁਹਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਕਵਲਾ ਆਪ ਭਰਾਇੰਦਾ। ਸੁਰਤੀ ਸ਼ਬਦੀ ਜਾਏ ਮਵਲ, ਮਵਲਾ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਚੁੱਕੇ ਡਰ, ਸਾਚੀ ਸਿਖਿਆ ਆਪਣੇ ਹੱਥ ਰਖਾਇੰਦਾ। ਹਸਤ ਕੀਟ ਲੇਖ ਚੁਕੌਣਾ, ਸਤਿਗੁਰ ਸਾਚਾ ਰੰਗ ਰੰਗਾਈਆ। ਚਾਰ ਵਰਨਾਂ ਏਕਾ ਬਰਨ ਰਖੌਣਾ, ਸਰਨਗਤ ਬੇਪਰਵਾਹੀਆ। ਚਾਰ ਕੁੰਟ ਏਕਾ ਸ਼ਬਦ ਪੜ੍ਹੌਣਾ, ਅੱਖਰ ਵੱਖਰ ਜਾਪ ਬੇਪਰਵਾਹੀਆ। ਚਾਰ ਜੁਗ ਪੰਧ ਮਕੌਣਾ, ਚਾਰ ਯਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਸਤ ਕੀਟ ਆਪਣੀ ਗੋਦ ਉਠਾਈਆ। ਹਸਤ ਕੀਟ ਦਇਆ ਕਰ, ਆਪਣੀ ਦਇਆ ਕਮਾਇੰਦਾ। ਸਤਿਜੁਗ ਸਾਚਾ ਮਾਤ ਧਰ, ਧਰਤ ਧਵਲ ਧਵਲ ਆਪ ਵਡਿਆਇੰਦਾ। ਨੌ ਨੌ ਸਤ ਸਤ ਏਕਾ ਵਰ, ਹਰਿ ਹਰਿ ਆਪਣੀ ਝੋਲੀ ਪਾਇੰਦਾ। ਹਸਤ ਕੀਟ ਚੁੱਕੇ ਡਰ, ਊਚ ਨੀਚ ਨਾ ਕੋਇ ਵਖਾਇੰਦਾ। ਰਾਓ ਰੰਕ ਨਾ ਦਿਸੇ ਨਾਰੀ ਨਰ, ਨਰ ਨਰਾਇਣ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਲੇਖਾ ਜਾਏ ਮੁੱਕ, ਹਰਿ ਸਾਚਾ ਆਪ ਮੁਕਾਇੰਦਾ। ਹਸਤ ਕੀਟ ਸਰਬ ਸੁਖਦੇਵ, ਚਾਰ ਵਰਨ ਕਰੇ ਕੁੜਮਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅਲੱਖ ਅਭੇਵ, ਪਰਮ ਪੁਰਖ ਇਕ ਅਖਵਾਈਆ। ਏਕਾ ਇਸ਼ਟ ਏਕਾ ਦੇਵ, ਦੇਵੀ ਦੇਵ ਇਕ ਮਨਾਈਆ। ਲੱਖ ਚੁਰਾਸੀ ਰਸਨਾ ਜਿਹਵ, ਪੁਰਖ ਅਕਾਲ ਇਕ ਵਡਿਆਈਆ। ਮਾਨਸ ਮਾਨੁਖ ਮਸਤਕ ਥੇਵ, ਕੌਸਤਕ ਮਣੀਆ ਜੋਤ ਰੁਸ਼ਨਾਈਆ। ਪਾਰਬ੍ਰਹਮ ਸਦਾ ਨੇਹਕੇਵ, ਕੇਵਲ ਆਪਣੇ ਨਾਉਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਸਰਬ ਹਰਿ ਮੀਤ, ਸਤਿਜੁਗ ਚਲਾਏ ਸਾਚੀ ਰੀਤ, ਮੰਦਰ ਮਸੀਤ ਨਾ ਕੋਈ ਵਖਾਈਆ। ਸਾਚਾ ਮੰਦਰ ਦੇਹੁਰਾ ਮਸੀਤ, ਕਾਇਆ ਗੜ੍ਹ ਚਾਰ ਵਰਨ ਇਕ ਜਣਾਇੰਦਾ। ਸਤਿ ਪੁਰਖ ਨਿਰੰਜਣ ਬੈਠਾ ਅਤੀਤ, ਅੰਦਰ ਵੜ ਦਿਸ ਕਿਸੇ ਨਾ ਆਇੰਦਾ। ਜਿਸ ਜਨ ਫੜਾਏ ਆਪਣਾ ਲੜ, ਫੜ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਵਰ, ਆਪਣੀ ਭਿਛਿਆ ਝੋਲੀ ਪਾਇੰਦਾ। ਸਾਚਾ ਮੰਦਰ ਹਰਿ ਮੁਨਾਰ, ਕਾਇਆ ਮੰਦਰ ਇਕ ਦਰਸਾਈਆ । ਦੀਪਕ ਜੋਤ ਜਗੇ ਉਜਿਆਰ, ਬਿਮਲ ਰੂਪ ਇਕ ਦਰਸਾਈਆ। ਸ਼ਬਦ ਨਾਦ ਵੱਜੇ ਧੁਨਕਾਰ, ਧੁਨ ਆਤਮਕ ਆਪ ਸੁਣਾਈਆ। ਸੋਹੇ ਬੰਕ ਬੰਕ ਦਵਾਰ, ਦਰ ਦਰਵਾਜਾ ਨਾ ਕੋਈ ਖੁਲ੍ਹਾਈਆ। ਬਣੇ ਬਣਤ ਨਾ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਕਰ, ਹਰਿ ਮੰਦਰ ਆਪ ਵਖਾਈਆ। ਹਰਿ ਮੰਦਰ ਹਰੀ ਦੁਆਰਕਾ, ਹਰਿ ਸਾਚਾ ਸਚ ਦਰਸਾਈਆ। ਪਾਵੇ ਰਾਸ ਮੰਡਲ ਤਾਰਕਾ, ਰਵ ਸਸ ਕਰੇ ਰੁਸ਼ਨਾਈਆ। ਕਰੇ ਕਰਾਏ ਘਰ ਆਰਤ ਸਾਚੀ ਆਰਤਾ, ਗਗਨ ਮੰਡਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਵਖਾਏ ਏਕਾ ਘਰ, ਘਰ ਸਾਚਾ ਇਕ ਸਮਝਾਈਆ। ਘਰ ਸਾਚਾ ਹਰਿ ਸੁਹੰਜਣਾ, ਉਚ ਅਟੱਲ ਮੁਨਾਰ। ਜਗੇ ਜੋਤ ਇਕ ਨਿਰੰਜਣਾ, ਦਿਵਸ ਰੈਣ ਹੋਏ ਉਜਿਆਰ। ਨਾ ਘੜਿਆ ਨਾ ਭੱਜਣਾ, ਨਾ ਢਹਿ ਢਹਿ ਹੋਏ ਖ਼ਵਾਰ। ਅੰਦਰ ਵੜ ਫੇਰ ਫੇਰ ਨਾ ਤਜਣਾ, ਮਿਲੇ ਮੇਲ ਹਰਿ ਮੀਤ ਮੁਰਾਰ। ਦਰ ਦਵਾਰ ਬਹਿ ਬਹਿ ਸਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਵਖਾਏ ਇਕ ਘਰ ਬਾਰ। ਹਸਤ ਕੀਟ ਲੇਖਾ ਸਚਖੰਡ, ਪ੍ਰਭ ਸਚੀ ਸਚ ਸਰਨਾਈਆ। ਸਤਿ ਜੁਗ ਚਲਾਏ ਸਾਚੀ ਵੰਡ, ਬ੍ਰਹਿਮੰਡ ਇਕ ਸਰਨਾਈਆ। ਤੈਗੁਣ ਦੇਵਣਹਾਰਾ ਦੰਡ, ਪੰਚਮ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਜੇਰਜ ਅੰਡ, ਅੰਡਜ ਜੇਰਜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਏਕਾ ਧਾਮ ਬਹਾਈਆ। ਹਸਤ ਕੀਟ ਧਾਮ ਸੁਹਾਵਣਾ, ਜਿਸ ਮਿਲਿਆ ਸਤਿਗੁਰ ਮੀਤ। ਘਰ ਮੰਦਰ ਏਕਾ ਪਾਵਣਾ, ਸਤਿਜੁਗ ਚਲੇ ਸਾਚੀ ਰੀਤ। ਇਸ਼ਟ ਦ੍ਰਿਸ਼ਟ ਇਕ ਵਖਾਵਣਾ, ਰੰਗ ਰੰਗੀਲਾ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਹਸਤ ਕੀਟ। ਹਸਤ ਕੀਟ ਵਰ ਪਾਇਆ, ਹਰਿ ਮਿਲਿਆ ਬੇਪਰਵਾਹ। ਏਕਾ ਦੂਜਾ ਭੌ ਚੁਕਾਇਆ, ਤੀਜਾ ਸਤਿਗੁਰ ਸ਼ਬਦ ਮਲਾਹ। ਚੌਥਾ ਦਰ ਇਕ ਸਮਝਾਇਆ, ਘਰ ਮੰਦਰ ਮੇਲਾ ਸ਼ਹਿਨਸ਼ਾਹ। ਪੰਚਮ ਨਾਤਾ ਤੋੜ ਤੁੜਾਇਆ, ਪੰਚਮ ਨਾਦ ਸ਼ਬਦ ਧੁਨ ਰਿਹਾ ਸੁਣਾ। ਛੇਵੇਂ ਛਹਿਬਰ ਏਕਾ ਲਾਇਆ, ਅੰਮ੍ਰਿਤ ਮੇਘ ਦਏ ਬਰਸਾ। ਸਤਵੇਂ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਜੋਤ ਜਗਾਇਆ, ਅੰਧ ਅੰਧੇਰਾ ਦਏ ਗਵਾ। ਅਠਵੇਂ ਅੱਠਾਂ ਤੱਤਾਂ ਵੇਖ ਵਖਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨਮਤ ਬੁੱਧ ਦਏ ਸਮਝਾ। ਨੌ ਦੁਆਰੇ ਖੋਜ ਖੁਜਾਇਆ, ਜਗਤ ਵਾਸਨਾ ਬਾਹਰ ਕਢਾ। ਦਸਵੇਂ ਮੇਲਾ ਸਹਿਜ ਸੁਭਾਇਆ, ਬਜ਼ਰ ਕਪਾਟੀ ਪਰਦਾ ਲਾਹ। ਆਤਮ ਸੇਜਾ ਰੰਗ ਰੰਗਾਇਆ, ਸਚ ਸੁਹੰਜਣੀ ਸੇਜ ਹੰਢਾ। ਪੀਆ ਪ੍ਰੀਤਮ ਵੇਖ ਵਖਾਇਆ, ਘਰ ਮੰਦਰ ਬੇਪਰਵਾਹ। ਆਸਾ ਤ੍ਰਿਸ਼ਨਾ ਰਹੇ ਨਾ ਰਾਇਆ, ਸਹਿੰਸਾ ਰੋਗ ਦਏ ਚੁਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਦੇਵੇ ਵਰ, ਏਕਾ ਆਪਣਾ ਬੰਧਨ ਪਾਇਆ। ਹਰਿ ਹਰਿ ਬੰਧਨ ਨਾਮ ਅਪਾਰਾ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਦੇਵੇ ਸਚ ਸਹਾਰਾ, ਸਾਰਿੰਗ ਧਰ ਭਗਵਾਨ ਬੀਠਲੋ ਆਪਣੀ ਦਇਆ ਆਪ ਕਮਾਈਆ। ਕਲਜੁਗ ਅੰਤਮ ਸਤਿਜੁਗ ਖੇਲ ਕਰੇ ਨਿਆਰਾ, ਅੱਧਵਿਚਕਾਰ ਡੇਰਾ ਲਾਈਆ। ਦੋਹਾਂ ਵਿਚੋਲਾ ਸਿਰਜਣਹਾਰਾ, ਵਡ ਦਾਤਾਰਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖੇ ਖੜ੍ਹ, ਹਸਤ ਕੀਟ ਆਪਣੀ ਅੰਸ਼ ਬਣਾਈਆ। ਹਸਤ ਕੀਟ ਅੰਸ਼ ਸਪੂਤ, ਮਾਤ ਪਿਤ ਹਰਿ ਅਖਵਾਇੰਦਾ। ਏਕਾ ਧਾਗਾ ਏਕਾ ਸੂਤ, ਤਾਣਾ ਪੇਟਾ ਏਕਾ ਪਾਇੰਦਾ। ਏਕਾ ਵਸਣਹਾਰਾ ਚਾਰੇ ਕੂਟ, ਏਕਾ ਆਪਣਾ ਖੇਲ ਖਿਲਾਇੰਦਾ। ਏਕਾ ਕਲਜੁਗ ਨਾਤਾ ਤੋੜੇ ਜੂਠ ਝੂਠ, ਏਕਾ ਸਚ ਸੁਚ ਮਾਰਗ ਆਪਣਾ ਆਪੇ ਲਾਇੰਦਾ। ਏਕਾ ਗੁਰ ਗੁਰਮੁਖਾਂ ਉਪਰ ਜਾਏ ਤੁਠ, ਅੰਮ੍ਰਿਤ ਘੁੱਟ ਆਪ ਪਿਆਇੰਦਾ। ਏਕਾ ਸੁਹਾਏ ਆਪਣੀ ਰੁੱਤ, ਰੁੱਤ ਬਸੰਤੀ ਫੁੱਲ ਫਲਵਾੜੀ ਆਪ ਮਹਿਕਾਇੰਦਾ। ਮੇਲੇ ਮੇਲ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਸੁੱਤ ਦੁਲਾਰੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਸਤ ਕੀਟ ਵੇਖੇ ਏਕਾ ਦਰ, ਦਰ ਦੁਆਰਾ ਆਪ ਖੁਲ੍ਹਾਇੰਦਾ।