Granth 10 Likhat 061: 23 Faggan 2017 Bikarmi Pind Shon Jila Gurdaspur

੨੩ ਫੱਗਣ ੨੦੧੭ ਬਿਕ੍ਰਮੀ ਪਿੰਡ ਸ਼ੋਨ ਜ਼ਿਲਾ ਗੁਰਦਾਸ ਪੁਰ

ਸਤਿਗੁਰ ਸੱਚਾ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਵਡਿਆਈਆ। ਗੁਰ ਗੁਰ ਰੂਪ ਧਰੇ ਵਿਚ ਸੰਸਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਬਦੀ ਸ਼ਬਦ ਸਚ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਭਗਤ ਭਗਵੰਤ ਦਏ ਸਹਾਰਾ, ਆਤਮ ਅੰਤਰ ਬੂਝ ਬੁਝਾਈਆ। ਸੰਤ ਕੰਤ ਬਹਾਏ ਇਕ ਦਵਾਰਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਦੇਵੇ ਸਚ ਹੁਲਾਰਾ, ਪਵਣ ਪਵਣਾਂ ਪਾਰ ਕਰਾਈਆ। ਗੁਰਸਿਖ ਵਖਾਏ ਇਕ ਦਵਾਰਾ, ਚਰਨ ਕਵਲ ਸੱਚੀ ਸਰਨਾਈਆ। ਜੁਗਾ ਜੁਗੰਤਰ ਹੋ ਉਜਿਆਰਾ, ਭੇਵ ਅਭੇਦ ਆਪ ਖੁਲ੍ਹਾਈਆ। ਸਾਚਾ ਮਾਰਗ ਧਰ ਸੰਸਾਰਾ, ਧਰਨੀ ਧਰਤ ਧਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਇਕ ਅਖਵਾਈਆ। ਸਤਿਗੁਰ ਸੱਚਾ ਸੱਚਾ ਸ਼ਹਿਨਸ਼ਾਹ, ਆਦਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਗੁਰ ਗੁਰ ਰੂਪ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ, ਸ਼ਬਦੀ ਸ਼ਬਦ ਦਏ ਸਲਾਹ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਭਗਤ ਭਗਵੰਤ ਲਏ ਉਠਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਾਚੇ ਸੰਤਨ ਲਏ ਜਗਾ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਗੁਰਮੁਖ ਗੋਦ ਲਏ ਬਹਾ, ਸਿਰ ਹੱਥ ਸਮਰਥ ਟਿਕਾਇੰਦਾ। ਗੁਰਸਿਖ ਸਾਚੇ ਲਏ ਸਮਝਾ, ਏਕਾ ਅੱਖਰ ਨਾਮ ਪੜ੍ਹਾਇੰਦਾ। ਸਾਚੀ ਸਿਖ਼ਿਆ ਇਕ ਜਣਾ, ਸਾਖ਼ਯਾਤ ਦਰਸ ਦਿਖਾਇੰਦਾ। ਜਗਤ ਵਿਕਾਰਾ ਦਏ ਮਿਟਾ, ਮਾਇਆ ਮਮਤਾ ਮੋਹ ਚੁਕਾਇੰਦਾ। ਏਕਾ ਮੰਦਰ ਦਏ ਵਖਾ, ਘਰ ਘਰ ਵਿਚ ਆਪ ਉਪਾਇੰਦਾ। ਦੀਵਾ ਬਾਤੀ ਆਪ ਟਿਕਾ, ਨੂਰੋ ਨੂਰ ਡਗਮਗਾਇੰਦਾ। ਸ਼ਬਦ ਅਨਾਦੀ ਨਾਦ ਸੁਣਾ, ਧੁਨ ਆਤਮਕ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪਣੇ ਹੱਥ ਰਖਾਇੰਦਾ। ਸਤਿ ਪੁਰਖ ਸਤਿਗੁਰ ਪੂਰਾ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਰੂਪ ਧਰੇ ਜਹਾਨ, ਨਿਰਗੁਣ ਨਿਰਵੈਰ ਪੁਰਖ ਬੇਪਰਵਾਹਿਆ। ਭਗਤਾਂ ਦੇਵੇ ਭਗਤੀ ਦਾਨ, ਏਕਾ ਮਾਰਗ ਦਏ ਸੁਹਾਇਆ। ਸੰਤਨ ਰਾਗ ਸੁਣਾਏ ਕਾਨ, ਰਾਗ ਅਨਾਦੀ ਆਪ ਅਲਾਇਆ। ਗੁਰਮੁਖ ਸਾਚੇ ਦੇਵੇ ਮਾਣ, ਮਾਣ ਨਿਮਾਣਿਆਂ ਹੋਏ ਸਹਾਇਆ। ਗੁਰਸਿਖ ਸਾਚੇ ਦੇਵੇ ਦਾਨ, ਜੀਆ ਦਾਨ ਝੋਲੀ ਪਾਇਆ। ਨੌਂ ਖੰਡ ਪ੍ਰਿਥਮੀ ਹੋ ਪਰਧਾਨ, ਏਕਾ ਡੰਕਾ ਨਾਮ ਵਜਾਇਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਘਟ ਘਟ ਆਪਣਾ ਖੇਲ ਖਿਲਾਇਆ। ਲੇਖਾ ਜਾਣੇ ਸ਼ਾਹ ਸੁਲਤਾਨ, ਰਾਓ ਰੰਕਾਂ ਵੇਖ ਵਖਾਇਆ। ਖਾਣੀ ਬਾਣੀ ਦੇਵੇ ਦਾਨ, ਆਪਣੀ ਇਛਿਆ ਆਪ ਪਰਗਟਾਇਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਹਰਿ ਹਰਿ ਸਾਚਾ ਖੇਲ ਖਿਲਾਇਆ। ਸਤਿਗੁਰ ਸਾਚਾ ਪੁਰਖ ਅਬਿਨਾਸ਼, ਮਹਿਮਾ ਅਕਥ ਕਥੀ ਨਾ ਜਾਈਆ। ਗੁਰ ਗੁਰ ਵੇਖੇ ਖੇਲ ਤਮਾਸ਼, ਨਿਰਗੁਣ ਸਰਗੁਣ ਸਹਿਜ ਸੁਭਾਈਆ। ਭਗਤ ਭਗਵੰਤ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਸੰਤ ਕੰਤ ਹੋਏ ਦਾਸ, ਜੁਗਾ ਜੁਗੰਤਰ ਸੇਵ ਕਮਾਈਆ। ਗੁਰਮੁਖਾਂ ਮਿਲ ਮਿਲ ਪਾਏ ਰਾਸ, ਗੋਪੀ ਕਾਹਨ ਆਪ ਨਚਾਈਆ। ਗੁਰਸਿਖ ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਈਆ। ਲੇਖਾ ਜਾਣੇ ਪਵਣ ਸਵਾਸ, ਰਸਨਾ ਜਿਹਵਾ ਆਪ ਸਮਾਈਆ। ਲਹਿਣਾ ਦੇਣ ਚੁਕਾਏ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਆਦਿ ਅੰਤ ਨਾ ਕਿਸੇ ਜਣਾਈਆ। ਸਤਿਗੁਰ ਸੱਚਾ ਸਾਹਿਬ ਸੁਲਤਾਨਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਗੁਰ ਗੁਰ ਰੂਪ ਹੋ ਪਰਧਾਨਾ, ਲੋਕਮਾਤ ਖੇਲ ਖਿਲਾਇੰਦਾ। ਸ਼ਬਦ ਅਗੰਮੀ ਤੀਰ ਕਮਾਨਾ, ਸਾਚੇ ਚਿੱਲੇ ਆਪ ਚੜ੍ਹਾਇੰਦਾ। ਭਗਤਾਂ ਬੰਨ੍ਹੇ ਸਾਚਾ ਗਾਨਾ, ਸਾਚਾ ਸਗਨ ਆਪ ਮਨਾਇੰਦਾ। ਸੰਤਨ ਦੇਵੇ ਇਕ ਨਿਸ਼ਾਨਾ, ਚਰਨ ਕਵਲ ਸਮਝਾਇੰਦਾ। ਗੁਰਮੁਖਾਂ ਦੇਵੇ ਬ੍ਰਹਮ ਗਿਆਨਾ, ਆਤਮ ਬ੍ਰਹਮ ਭੇਵ ਮਿਟਾਇੰਦਾ। ਗੁਰਸਿਖ ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਭੁਲ ਕਦੇ ਨਾ ਜਾਇੰਦਾ। ਲੇਖਾ ਜਾਣੇ ਦੋ ਜਹਾਨਾ, ਦੋਏ ਦੋਏ ਆਪਣੀ ਧਾਰ ਵਖਾਇੰਦਾ। ਜੁਗਾ ਜੁਗੰਤਰ ਵੇਸ ਅਨੇਕ ਕਰੇ ਭਗਵਾਨਾ, ਭਗਵਨ ਆਪਣਾ ਖੇਲ ਖਿਲਾਇੰਦਾ। ਨਿਤ ਨਵਿਤ ਪਹਿਰੇ ਬਾਣਾ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜਾਤਾ ਵਡ ਮਿਹਰਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਵਟਾਇੰਦਾ। ਸਤਿਗੁਰ ਸਾਚਾ ਦੀਨ ਦਿਆਲਾ, ਦਰਦ ਦੁਖ ਭੈ ਭੰਜਨ ਇਕ ਅਖਵਾਇੰਦਾ। ਗੁਰ ਗੁਰ ਰੂਪ ਹੋ ਉਜਾਲਾ, ਸ੍ਰਿਸ਼ਟ ਸਬਾਈ ਖੇਲ ਖਿਲਾਇੰਦਾ। ਸ਼ਬਦ ਅਨਾਦੀ ਬਣ ਦਲਾਲਾ, ਸਚ ਵਣਜਾਰਾ ਵਣਜ ਕਰਾਇੰਦਾ। ਭਗਤਨ ਦੇਵੇ ਇਕ ਭੰਡਾਰਾ, ਵਸਤ ਅਮੋਲਕ ਨਾਮ ਵਰਤਾਇੰਦਾ। ਸੰਤਨ ਖੋਲ੍ਹੇ ਬੰਦ ਕਿਵਾੜਾ, ਆਤਮ ਤਾਕੀ ਆਪ ਲਾਹਿੰਦਾ। ਗੁਰਮੁਖਾਂ ਕਰੇ ਪਰਕਾਸ਼ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਇੰਦਾ। ਗੁਰਸਿਖਾਂ ਪਿਆਏ ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਆਵੇ ਜਾਵੇ ਵਾਰੋ ਵਾਰਾ, ਜੁਗ ਜੁਗ ਵੇਸ ਵਟਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਵਸਣਹਾਰਾ ਬਾਹਰਾ, ਘਟ ਘਟ ਅਪਣੀ ਜੋਤ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਹਰੀ ਹਰਿ ਆਪਣਾ ਰੂਪ ਧਰਾਇੰਦਾ। ਸਤਿਗੁਰ ਸਚਾ ਨਿਰਗੁਣ ਜੋਤ, ਨਿਰਵੈਰ ਪੁਰਖ ਵਡੀ ਵਡਿਆਈਆ। ਗੁਰ ਗੁਰ ਰੂਪ ਕਿਸੇ ਨਾ ਵਸੇ ਕਿਲੇ ਕੋਟ, ਚਾਰ ਦੀਵਾਰ ਨਾ ਬੰਦ ਕਰਾਈਆ। ਸ਼ਬਦ ਨਗਾਰੇ ਲਾਏ ਚੋਟ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਜਨ ਭਗਤਾਂ ਬਖ਼ਸ਼ੇ ਏਕਾ ਓਟ, ਸਰਨ ਗਤ ਸਚੀ ਸਰਨਾਈਆ। ਸੰਤਨ ਦੇਵੇ ਨਾਮ ਅਤੋਟ, ਨਿਖੁਟ ਕਦੇ ਨਾ ਜਾਈਆ। ਗੁਰਮੁਖ ਉਠਾਏ ਆਲ੍ਹਣਿਉਂ ਡਿਗੇ ਬੋਟ, ਆਪਣੀ ਗੋਦੀ ਆਪ ਸੁਹਾਈਆ। ਗੁਰਮੁਖਾਂ ਖੋਲ੍ਹੇ ਬੰਦ ਸੋਤ, ਪੂਤ ਸਪੂਤਾ ਸ਼ਬਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਨਾਉਂ ਧਰਾਈਆ। ਸਤਿਗੁਰ ਸਚਾ ਗਹਿਰ ਗੰਭੀਰ, ਭੇਵ ਕਿਸੇ ਨਾ ਪਾਇਆ। ਗੁਰ ਗੁਰ ਰੂਪ ਲੇਖਾ ਜਾਣੇ ਅੰਤ ਅਖ਼ੀਰ, ਆਪ ਆਪਣਾ ਰੂਪ ਵਟਾਇਆ। ਸ਼ਬਦ ਸ਼ਬਦੀ ਸਚ ਜ਼ੰਜੀਰ, ਲੱਖ ਚੁਰਾਸੀ ਬੰਧਨ ਪਾਇਆ। ਭਗਤਨ ਚੋਟੀ ਚਾੜ੍ਹੇ ਫੜ ਅਖ਼ੀਰ, ਕਬੀਰ ਜੁਲਾਹਾ ਦਏ ਦੁਹਾਇਆ। ਸੰਤਨ ਪਿਆਏ ਅਮ੍ਰਿਤ ਨੀਰ, ਨੀਰ ਨਿਰਾਲਾ ਇਕ ਵਖਾਇਆ। ਗੁਰਮੁਖਾਂ ਮਾਰੇ ਅਪਣਾ ਤੀਰ, ਬਜਰ ਕਪਾਟੀ ਪਾਰ ਕਰਾਇਆ। ਗੁਰਮੁਖਾਂ ਕੱਢੇ ਹਉਮੇਂ ਪੀੜ, ਮਾਇਆ ਮਮਤਾ ਮੋਹ ਚੁਕਾਇਆ। ਆਦਿ ਅੰਤ ਕੱਟਣਹਾਰਾ ਭੀੜ, ਕਰੇ ਖੇਲ ਸੱਚਾ ਸ਼ਹਿਨਸ਼ਾਹਿਆ। ਜੁਗ ਜੁਗ ਬੰਨਣਹਾਰਾ ਬੀੜ, ਜਗਤ ਬੇੜਾ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਲੇਖਾ ਜਾਣੇ ਜਗਤ ਤਮਾਸ਼ਾ, ਸਚਖੰਡ ਬੈਠਾ ਵੇਖ ਵਖਾਇਆ। ਸਤਿਗੁਰ ਪੂਰਾ ਵਸਿਆ ਸਚਖੰਡ, ਨਿਰਗੁਣ ਨਿਰਵੈਰ ਪੁਰਖ ਅਕਾਲਿਆ। ਗੁਰ ਗੁਰ ਰੂਪ ਧਰੇ ਵਿਚ ਬ੍ਰਹਿਮੰਡ, ਜੋਤ ਜੋਤ ਜੋਤ ਉਜਾਲਿਆ। ਸ਼ਬਦੀ ਸ਼ਬਦ ਪ੍ਰਚੰਡ, ਨਾਮ ਖੰਡਾ ਇਕ ਉਠਾ ਲਿਆ। ਭਗਤਨ ਪਾਈ ਆਪਣੀ ਵੰਡ, ਏਕਾ ਹਿੱਸਾ ਨਾਮ ਰਖਾ ਲਿਆ। ਸੰਤਨ ਢਾਈ ਦੂਈ ਦਵੈਤੀ ਕੰਧ, ਮਾਇਆ ਪਰਦਾ ਆਪ ਉਠਾ ਲਿਆ। ਗੁਰਮੁਖਾਂ ਵਖਾਏ ਸਾਚਾ ਚੰਦ, ਜੋਤ ਨਿਰੰਜਣ ਡਗਮਗਾ ਲਿਆ। ਗੁਰਸਿਖ ਜਣਾਏ ਪਰਮਾਨੰਦ, ਨਿਜਾਨੰਦ ਰਸ ਚਖਾ ਲਿਆ। ਜੁਗ ਜੁਗ ਬੋਲੇ ਆਪਣਾ ਸੁਹਾਗੀ ਛੰਦ, ਗੀਤ ਗੋਬਿੰਦ ਆਪੇ ਗਾ ਲਿਆ। ਆਪੇ ਜਾਣੇ ਆਪਣਾ ਪੰਧ, ਲਿਖਿਆ ਲੇਖ ਨਾ ਕਿਸੇ ਲਿਖਾ ਲਿਆ। ਸਾਹਿਬ ਸਤਿਗੁਰ ਸਦਾ ਬਖ਼ਸ਼ੰਦ, ਦੀਨਨ ਦੀਨਾਂ ਨਾਥਾਂ ਦਇਆ ਕਮਾ ਰਿਹਾ। ਹੰਕਾਰੀਆਂ ਵੱਢਣਹਾਰਾ ਕੰਡ, ਗੜ੍ਹ ਹੰਕਾਰੀ ਆਪੇ ਢਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਗਤ ਬਸੰਤਰ ਆਪ ਬੁਝਾ ਲਿਆ। ਸਤਿਗੁਰ ਪੂਰਾ ਖੇਲ ਖਿਲਾਇੰਦਾ, ਪਰਮ ਪੁਰਖ ਕਰਤਾਰ। ਗੁਰ ਗੁਰ ਰੂਪ ਆਪ ਧਰਾਇੰਦਾ, ਜੁਗ ਚੌਕੜੀ ਕਰ ਵਿਚਾਰ। ਸ਼ਬਦ ਵਿਚੋਲਾ ਨਾਲ ਮਿਲਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਭਗਤਨ ਮਾਰਗ ਇਕ ਲਗਾਇੰਦਾ, ਕਲਜੁਗ ਅਵੱਲੜੀ ਚਲੇ ਚਾਲ। ਸੰਤਨ ਸਾਚੇ ਧੰਦੇ ਲਾਇੰਦਾ, ਹਿਰਦੇ ਰਾਮ ਨਾਮ ਉਰਧਾਰ। ਗੁਰਮੁਖ ਆਪਣੇ ਬੰਦੇ ਆਪ ਬਣਾਇੰਦਾ, ਲੱਖ ਚੁਰਾਸੀ ਵਿਚੋਂ ਬਾਹਰ ਨਿਕਾਲ। ਗੁਰਸਿਖ ਸੋਏ ਆਪ ਉਠਾਇੰਦਾ, ਬਾਲੀ ਬੁਧ ਬਾਲ ਅੰਞਾਣ। ਆਪਣੇ ਢੋਏ ਸਾਚੀ ਵਸਤ ਝੋਲੀ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਲੇਖਾ ਜਾਣੇ ਸ਼ਾਹ ਕੰਗਾਲ। ਸਤਿਗੁਰ ਪੂਰਾ ਸ਼ਾਹ ਕੰਗਾਲਾ, ਨੀਚੋ ਨੀਚ ਆਪ ਅਖਵਾਈਆ। ਗੁਰ ਗੁਰ ਰੂਪ ਕਰੇ ਪ੍ਰਿਤਪਾਲਾ, ਜੁਗ ਜੁਗ ਸਾਚੀ ਸੇਵ ਕਮਾਈਆ। ਏਕਾ ਮੰਤਰ ਦ੍ਰਿੜਾਏ ਨਾਮ ਸੁਖ਼ਾਲਾ, ਨਮੋ ਦੇਵ ਵਾਸਤਕ ਆਪਣਾ ਰੂਪ ਵਟਾਈਆ। ਭਗਤਨ ਤੋੜੇ ਜਗਤ ਜੰਜਾਲਾ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਤਨ ਪਹਿਨਾਏ ਆਪਣੇ ਨਾਮ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਗੁਰਮੁਖਾਂ ਵਖਾਏ ਸੱਚੀ ਧਰਮਸਾਲਾ, ਘਰ ਘਰ ਵਿਚ ਦਏ ਵਡਿਆਈਆ। ਗੁਰਸਿਖ ਫਲ ਲਗਾਏ ਆਪਣੇ ਡਾਲ੍ਹਾ, ਪੱਤ ਡਾਲ੍ਹੀ ਆਪ ਮਹਿਕਾਈਆ। ਨਿਰਗੁਣ ਸਰਗੁਣ ਬਣ ਰਖਵਾਲਾ, ਆਦਿ ਜੁਗਾਦਿ ਵੇਖੇ ਥਾਉਂ ਥਾਈਆ। ਲੇਖਾ ਜਾਣੇ ਕਾਲ ਮਹਾਕਾਲਾ, ਕਾਲ ਮਹਾਕਾਲ ਆਪਣਾ ਰੂਪ ਵਖਾਈਆ। ਜੁਗ ਜੁਗ ਕਰੇ ਖੇਲ ਨਿਰਾਲਾ, ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦਵਾਪਰ ਅੰਤਮ ਕੱਢਿਆ ਆਪ ਦਵਾਲਾ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਸਤਿਗੁਰ ਸਚਾ ਰਾਜ ਰਾਜਾਨਾ, ਤਖ਼ਤ ਤਾਜ ਇਕ ਸੁਹਾਇੰਦਾ। ਗੁਰ ਗੁਰ ਰੂਪ ਵਿਚ ਜਹਾਨਾ, ਨਵ ਨਵ ਆਪਣਾ ਖੇਲ ਖਿਲਾਇੰਦਾ। ਸ਼ਬਦੀ ਸ਼ਬਦ ਧੁਰ ਫ਼ਰਮਾਨਾ, ਧੁਰ ਦੀ ਬਾਣੀ ਆਪ ਅਲਾਇੰਦਾ। ਭਗਤ ਭਗਵੰਤ ਇਕ ਮਕਾਨਾ, ਹਰਿ ਮੰਦਰ ਆਪ ਸੁਹਾਇੰਦਾ। ਸੰਤਨ ਸਤਿ ਵਖਾਏ ਇਕ ਨਿਸ਼ਾਨਾ, ਸਚ ਸੁੱਚ ਦ੍ਰਿੜਾਇੰਦਾ। ਗੁਰਮੁਖਾਂ ਵਖਾਏ ਇਕ ਧਿਆਨਾ, ਇਸ਼ਟ ਦੇਵ ਇਕ ਮਨਾਇੰਦਾ। ਗੁਰਸਿਖ ਸਾਚੇ ਕਰ ਪਰਵਾਨਾ, ਪਾਰਜਾਤ ਬਣਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਗੁਰ ਅਵਤਾਰ ਲੈ ਕੇ ਔਂਦੇ ਰਹੇ ਧੁਰ ਪਰਵਾਨਾ, ਸਤਿਗੁਰ ਪੂਰਾ ਝੋਲੀ ਪਾਇੰਦਾ। ਜੀਵ ਜੰਤ ਉਠੌਂਦੇ ਰਹੇ ਬਾਲ ਅੰਞਾਣਾ, ਸਾਚੀ ਸੇਵਾ ਸਚ ਕਰਾਇੰਦਾ। ਸਤਿ ਸੰਤੋਖੀ ਬੰਨ੍ਹ ਬੰਨ੍ਹ ਗਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਇੰਦਾ। ਸਤਿਗੁਰ ਪੂਰਾ ਸਾਖ਼ਯਾਤ, ਹਰਿ ਸੱਚਾ ਸ਼ਾਹ ਸੁਲਤਾਨਿਆ। ਗੁਰ ਗੁਰ ਰੂਪ ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਨਿਆ। ਸ਼ਬਦ ਅਗੰਮੀ ਏਕਾ ਗਾਥ, ਆਪੇ ਜਾਣੇ ਸ੍ਰੀ ਭਗਵਾਨਿਆ। ਭਗਤ ਭਗਵੰਤ ਦੇਵੇ ਸਾਥ, ਸਗਲਾ ਸਾਥ ਆਪ ਰਖਾਨਿਆ। ਸੰਤਨ ਮਸਤਕ ਲਹਿਣਾ ਦੇਵੇ ਮਾਥ, ਲੇਖਾ ਜਾਣੇ ਦੋ ਜਹਾਨਿਆ। ਗੁਰਮੁਖ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਖੇਲ ਮਹਾਨਿਆ। ਗੁਰਸਿਖ ਇਕ ਜਪਾਏ ਪੂਜਾ ਪਾਠ, ਏਕਾ ਅੱਖਰ ਵੱਖਰ ਆਪ ਪੜ੍ਹਾਨਿਆ। ਆਪ ਲਗਾਏ ਆਪਣੇ ਘਾਟ, ਸਚ ਕਿਨਾਰਾ ਇਕ ਜਣਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਸ੍ਰੀ ਭਗਵਾਨਿਆ। ਸਤਿਗੁਰ ਪੂਰਾ ਇਕ ਪਰਤਖ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਰੂਪ ਲੋਕਮਾਤ ਲਏ ਰੱਖ, ਪੰਜ ਤਤ ਚੋਲਾ ਆਪ ਹੰਢਾਇਆ। ਸ਼ਬਦੀ ਸ਼ਬਦ ਮਾਰਗ ਏਕਾ ਦੱਸ, ਭਗਤ ਸੰਤ ਲਏ ਜਗਾਇਆ। ਗੁਰਮੁਖ ਗੁਰਸਿਖ ਕਰੇ ਵਸ, ਏਕਾ ਆਪਣਾ ਬੰਧਨ ਪਾਇਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਨਿਹਕਲੰਕਾ ਨਾਉਂ ਰਖਾਇਆ। ਸੰਬਲ ਨਗਰ ਕਰਿਆ ਵਾਸ, ਸਾਢੇ ਤਿੰਨ ਹੱਥ ਬੰਕ ਸੁਹਾਇਆ, ਗੁਰ ਗੋਬਿੰਦ ਸੂਰਾ ਵਸੇ ਪਾਸ, ਵਿਛੜ ਕਦੇ ਨਾ ਜਾਇਆ। ਮਾਤ ਗਰਭ ਨਾ ਆਏ ਦਸ ਦਸ ਮਾਸ, ਜੂਨੀ ਜੂਨ ਨਾ ਕੋਇ ਭਵਾਇਆ। ਰਸਨਾ ਜਿਹਵਾ ਨਾ ਪਵਣ ਸਵਾਸ, ਸੁਰਤੀ ਸ਼ਬਦ ਨਾ ਕੋਇ ਮਿਲਾਇਆ। ਆਦਿ ਜੁਗਾਦਿ ਨਾ ਹੋਏ ਉਦਾਸ, ਆਪ ਆਪਣੇ ਰੰਗ ਸਮਾਇਆ। ਲੇਖਾ ਜਾਣੇ ਖੇਲ ਤਮਾਸ਼, ਦੋ ਜਹਾਨਾਂ ਫੇਰਾ ਪਾਇਆ। ਜਨ ਭਗਤਾਂ ਅੰਤਰ ਹੋਇਆ ਵਾਸ, ਘਰ ਘਰ ਵਿਚ ਬੈਠਾ ਆਸਣ ਲਾਇਆ। ਏਕਾ ਮੰਡਲ ਪਾਏ ਰਾਸ, ਗੋਪੀ ਕਾਹਨ ਆਪ ਨਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਨਾਉਂ ਧਰਾਇਆ। ਸਤਿਗੁਰ ਪੂਰਾ ਇਕ ਇਕੱਲਾ, ਅਕਲ ਕਲਾ ਅਖਵਾਈਆ। ਗੁਰ ਗੁਰ ਰੂਪ ਵਸੇ ਜਗਤ ਮਹੱਲਾ, ਜਗਤ ਜੁਗ ਦਏ ਵਡਿਆਈਆ। ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਸ਼ਬਦ ਕਰੇ ਸ਼ਨਵਾਈਆ। ਭਗਤ ਭਗਵੰਤ ਫੜਾਏ ਪੱਲਾ, ਛੁੱਟ ਕਦੇ ਨਾ ਜਾਈਆ। ਸੰਤਨ ਅੰਤਰ ਆਪੇ ਰੱਲਾ, ਜੋਤੀ ਜੋਤ ਮੇਲ ਮਿਲਾਈਆ। ਗੁਰਮੁਖ ਪੰਚ ਵਿਕਾਰ ਨਾ ਮਾਰੇ ਹੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਗਵਾਈਆ। ਗੁਰਸਿਖ ਚਰਨ ਕਵਲ ਵਖਾਏ ਨਿਹਚਲ ਧਾਮ ਅਟੱਲਾ, ਲੋਕਮਾਤ ਦਏ ਵਡਿਆਈਆ। ਕਲਜੁਗ ਜੀਵ ਭੁਲਾਏ ਕਰ ਕਰ ਵਲ ਛਲਾ, ਚਾਰ ਕੁੰਟ ਦਹਿ ਦਿਸ਼ਾ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਪਰਗਟਾਈਆ। ਸਤਿਗੁਰ ਸੱਚਾ ਨਾਉਂ ਪਰਗਟਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਗੁਰ ਗੁਰ ਹੋ ਮਾਤ ਸੁਣਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਸ਼ਬਦੀ ਨਾਮ ਆਪ ਜਣਾਇੰਦਾ, ਰਸਨਾ ਜਿਹਵਾ ਇਕ ਜੈਕਾਰ। ਭਗਤ ਭਗਵੰਤ ਆਪ ਪੜ੍ਹਾਇੰਦਾ, ਪਾਠਸ਼ਾਲਾ ਕੋਇ ਨਾ ਕਰੇ ਵਿਚਾਰ। ਸਾਚੇ ਸੰਤ ਭੇਵ ਖੁਲਾਇੰਦਾ, ਅੰਦਰ ਮੰਦਰ ਖੋਲ੍ਹ ਕਿਵਾੜ। ਗੁਰਮੁਖਾਂ ਏਕਾ ਪੱਟੀ ਆਪ ਵਖਾਇੰਦਾ। ਕ਼ਲਮ ਸ਼ਾਹੀ ਨਾ ਪਾਵੇ ਸਾਰ। ਗੁਰਸਿਖ ਰਤੀ ਰਤ ਰਤ ਰੰਗਾਇੰਦਾ, ਪ੍ਰੇਮ ਰਤ ਕਰ ਤਿਆਰ। ਕਲਜੁਗ ਅੰਤਮ ਸੱਥਰ ਇਕ ਵਿਛਾਇੰਦਾ, ਨੌਂ ਖੰਡ ਕਰੇ ਖ਼ਵਾਰ। ਸ਼ਾਹ ਸੁਲਤਾਨ ਅੱਥਰ ਅੰਤ ਵਹਾਇੰਦਾ, ਨੇਤਰ ਰੋਵੇ ਜ਼ਾਰੋ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਕਰੇ ਸਾਚੀ ਕਾਰ। ਸਤਿਗੁਰ ਪੂਰਾ ਕਾਰ ਕਰਾਇੰਦਾ, ਕਰਨਹਾਰ ਕਰਤਾਰਾ। ਗੁਰ ਗੁਰ ਆਪਣਾ ਵੇਸ ਵਟਾਇੰਦਾ, ਸ਼ਬਦ ਅਨਾਦੀ ਬੋਲ ਜੈਕਾਰਾ। ਭਗਤਨ ਲੇਖਾ ਬਹਿ ਸਮਝਾਇੰਦਾ, ਸੰਤਨ ਕਰੇ ਪਿਆਰਾ। ਗੁਰਮੁਖਾਂ ਭਰਮ ਭੁਲੇਖਾ ਆਪ ਚੁਕਾਇੰਦਾ, ਗੁਰਸਿਖਾਂ ਬਖ਼ਸ਼ੇ ਸਤਿ ਭੰਡਾਰਾ। ਕਲਜੁਗ ਜੀਵ ਭੇਵ ਕੋਇ ਨਾ ਪਾਇੰਦਾ, ਹਰਿ ਕਾ ਰੂਪ ਅਗੰਮ ਅਪਾਰਾ। ਵੇਦ ਕਤੇਬ ਲਿਖ ਲਿਖ ਜਸ ਗਾਇੰਦਾ, ਜਸ ਗਾਏ ਬ੍ਰਹਮਾ ਚਾਰੇ ਮੁਖ ਖੋਲ੍ਹ ਕਿਵਾੜਾ। ਗੁਰ ਅਵਤਾਰ ਸਦਾ ਸਾਲਾਇੰਦਾ, ਬੇਅੰਤ ਹਰਿ ਨਿਰੰਕਾਰਾ। ਭਗਤ ਭਗਵੰਤ ਸੰਤ ਕੰਤ ਧਿਆਨ ਲਗਾਇੰਦਾ, ਮੰਗਣ ਭਿੱਖ ਚਰਨ ਦਵਾਰਾ। ਗੁਰਮੁਖ ਗੁਰਸਿਖ ਰਾਹ ਤਕਾਇੰਦਾ, ਜੁਗਾ ਜੁਗੰਤਰ ਵਾਰੋ ਵਾਰਾ। ਗੋਬਿੰਦ ਲੇਖਾ ਇਕ ਸਮਝਾਇੰਦਾ, ਲੇਖਾ ਲਿਖਿਆ ਅਗੰਮ ਅਪਾਰਾ। ਪੁਰਖ ਅਕਾਲ ਇਕ ਮਨਾਇੰਦਾ, ਦੂਜਾ ਅਵਰ ਨਾ ਕੋਇ ਸਹਾਰਾ। ਅੰਤਮ ਵੇਲਾ ਓਟ ਜਣਾਇੰਦਾ, ਲੱਖ ਚੁਰਾਸੀ ਦਏ ਸਹਾਰਾ। ਜੁਗ ਜੁਗ ਹਰਿ ਹਰਿ ਆਪਣਾ ਖੇਲ ਖਿਲਾਇੰਦਾ, ਕਲਜੁਗ ਅੰਤਮ ਖੇਲ ਕਰੇ ਨਿਆਰਾ। ਸਰਗੁਣ ਆਪਣਾ ਮੁਖ ਛੁਪਾਇੰਦਾ, ਨਿਰਗੁਣ ਰੂਪ ਹੋਏ ਉਜਿਆਰਾ। ਜੋਤੀ ਜਾਮਾ ਭੇਖ ਵਟਾਇੰਦਾ, ਨਾਉਂ ਰਖਾਏ ਨਿਹਕਲੰਕ ਨਰਾਇਣ ਨਰ ਅਵਤਾਰਾ। ਸਾਚਾ ਸ਼ਬਦ ਡੰਕ ਵਜਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਲੋਆਂ ਪੁਰੀਆਂ ਕਰੇ ਖ਼ਬਰਦਾਰਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਖੰਡਾ ਫੜੇ ਹੱਥ ਦੋ ਧਾਰਾ। ਅਸਵ ਘੋੜਾ ਆਪ ਦੌੜਾਇੰਦਾ, ਨੀਲਾ ਨੀਲੀ ਧਾਰੋਂ ਕਰੇ ਬਾਹਰਾ। ਹਰਿ ਕਾ ਭੇਵ ਕੋਇ ਨਾ ਪਾਇੰਦਾ, ਸਤਿਗੁਰ ਸਾਚਾ ਆਦਿ ਜੁਗਾਦਿ ਇਕ ਅਵਤਾਰਾ। ਗੁਰ ਗੁਰ ਰੂਪ ਸੇਵ ਕਮਾਇੰਦਾ, ਦੋਏ ਜੋੜ ਕਰੇ ਨਿਮਸਕਾਰਾ। ਸਾਚਾ ਸੁਤ ਇਕ ਉਪਜਾਇੰਦਾ, ਸ਼ਬਦੀ ਸ਼ਬਦ ਕਰ ਪਿਆਰਾ। ਭਗਤ ਸੰਤ ਗੁਰਮੁਖ ਗੁਰਸਿਖ ਏਕਾ ਧਾਮ ਬਹਾਇੰਦਾ, ਚੌਥਾ ਜੁਗ ਕਰੇ ਪਾਰ ਕਿਨਾਰਾ। ਕਾਲਖ ਟਿੱਕਾ ਮੇਟ ਮਿਟਾਇੰਦਾ, ਨਿਰਮਲ ਦੀਪਕ ਕਰ ਉਜਿਆਰਾ। ਫਿਕਾ ਬੋਲ ਰਹਿਣ ਨਾ ਪਾਇੰਦਾ, ਰਸ ਮਿੱਠਾ ਇਕ ਜਣਾਏ ਏਕੰਕਾਰਾ। ਚਾਰੇ ਵਰਨਾਂ ਏਕਾ ਰੰਗ ਰੰਗਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਓਟ ਕਮਾਏ ਹਰਿ ਚਰਨ, ਸਰਨ ਸੱਚਾ ਦਰਬਾਰਾ। ਊਚ ਨੀਚ ਨਾ ਕੋਇ ਵਖਾਇੰਦਾ, ਜ਼ਾਤ ਪਾਤ ਨਾ ਕੋਇ ਕਿਨਾਰਾ। ਆਤਮ ਬ੍ਰਹਮ ਸਰਬ ਦ੍ਰਿੜਾਇੰਦਾ, ਪਾਰਬ੍ਰਹਮ ਭੇਵ ਨਿਆਰਾ। ਸੋ ਆਪਣਾ ਰੂਪ ਰਖਾਇੰਦਾ, ਹੰ ਰੂਪ ਸਰਬ ਸੰਸਾਰਾ। ਸੋਹੰ ਏਕਾ ਸ਼ਬਦ ਸੁਣਾਇੰਦਾ, ਨਿਰਗੁਣ ਨਿਰਗੁਣ ਕਰੇ ਪਿਆਰਾ। ਸਰਗੁਣ ਪੰਜ ਤਤ ਚੋਲਾ ਉਪਰ ਕੱਪੜ ਪਾਇੰਦਾ, ਰਕਤ ਬੂੰਦ ਹੱਡ ਮਾਸ ਨਾੜੀ ਲਾਇਆ ਗਾਰਾ। ਅੰਦਰ ਆਪਣਾ ਬੰਕ ਸੁਹਾਇੰਦਾ, ਘਰ ਘਰ ਵਿਚ ਕਰ ਤਿਆਰਾ। ਜਗਤ ਨੇਤਰ ਦਿਸ ਕਿਸੇ ਨਾ ਆਇੰਦਾ, ਲੱਖ ਚੁਰਾਸੀ ਹੋਈ ਖ਼ਵਾਰਾ। ਗੁਰਮੁਖ ਵਿਰਲੇ ਬੂਝ ਬੁਝਾਇੰਦਾ, ਜਿਸ ਜਨ ਖੋਲ੍ਹੇ ਬੰਦ ਕਿਵਾੜਾ। ਡੂੰਘੀ ਭਵਰ ਨਾ ਕੋਇ ਰਖਾਇੰਦਾ, ਸੁਖਮਨ ਟੇਢੀ ਬੰਕ ਨਿਉਂ ਨਿਉਂ ਕਰੇ ਨਿਮਸਕਾਰਾ। ਈੜਾ ਪਿੰਗਲ ਮੁਖ ਸ਼ਰਮਾਇੰਦਾ, ਨੇਤਰ ਰੋਵੇ ਜ਼ਾਰੋ ਜ਼ਾਰਾ। ਪੰਚਮ ਮੂਰਛਾ ਗਤ ਬਣਾਇੰਦਾ, ਸ਼ਬਦ ਮਾਰ ਖੰਡਾ ਦੋ ਧਾਰਾ। ਅੰਮ੍ਰਿਤ ਸੋਮਾਂ ਆਪ ਫੁਟਾਇੰਦਾ, ਕਵਲ ਕਰੇ ਮੂਧ ਨਿਰੰਕਾਰਾ। ਆਪਣਾ ਨਾਦ ਆਪ ਵਜਾਇੰਦਾ, ਅਨਹਦ ਸ਼ਬਦ ਸੱਚੀ ਧੁੰਨਕਾਰਾ। ਆਪਣਾ ਮੰਗਲ ਆਪੇ ਗਾਇੰਦਾ, ਪੰਚਮ ਸਖ਼ੀਆਂ ਨਾਲ ਵਾਰੋ ਵਾਰਾ। ਗੁਰਸਿਖ ਤੇਰਾ ਰੂਪ ਆਪ ਵਟਾਇੰਦਾ, ਕਾਗੋਂ ਹੰਸ ਬਣੇ ਉਡਾਰਾ, ਤੇਰੀ ਸੁਰਤੀ ਆਪਣੇ ਲੇਖੇ ਲਾਇੰਦਾ, ਸਾਚਾ ਸ਼ਬਦ ਕੰਤ ਭਤਾਰਾ। ਸਾਚੀ ਜੋੜੀ ਜੋੜ ਜੁੜਾਇੰਦਾ, ਜੋੜਨਹਾਰਾ ਖੇਲ ਨਿਆਰਾ। ਆਪਣੀ ਹੱਥੀਂ ਆਪਣੇ ਆਸਣ ਆਪ ਬਹਾਇੰਦਾ, ਆਤਮ ਸੇਜਾ ਕਰ ਪਿਆਰਾ। ਸਾਚੀ ਸੇਜ ਸੋਭਾ ਪਾਇੰਦਾ, ਕੰਤ ਕੰਤੂਲ ਮੀਤ ਮੁਰਾਰਾ। ਆਪਣੀ ਸਖ਼ੀ ਆਪਣੇ ਅੰਗ ਲਗਾਇੰਦਾ, ਨਾਤਾ ਤੋੜ ਜਗਤ ਸੰਸਾਰਾ। ਜਗਤ ਮਾਇਆ ਮੋਹ ਭਰਮ ਭੁਲਾਇੰਦਾ, ਹਰਿ ਕਾ ਭੇਵ ਨਾ ਪਾਏ ਕੋਇ ਜੀਵ ਗਵਾਰਾ। ਕਲਜੁਗ ਜੀਵ ਜੰਤ ਸਾਧ ਸੰਤ ਸਰਬ ਕੁਰਲਾਇੰਦਾ, ਉਚਾ ਦਿਸੇ ਨਾ ਮਹੱਲ ਮੁਨਾਰਾ। ਨੌਂ ਦਵਾਰੇ ਫਿਰ ਫਿਰ ਥੱਕੇ ਅਗਲਾ ਪੰਧ ਨਾ ਕੋਇ ਮੁਕਾਇੰਦਾ, ਨਾ ਕੋਈ ਦੇਵੇ ਸਚ ਸਹਾਰਾ। ਰਸਨਾ ਪੜ੍ਹ ਪੜ੍ਹ ਜਗਤ ਗਿਆਨ ਸੁਣਾਇੰਦੇ, ਅੰਤਰ ਗਿਆਨ ਨਾ ਹੋਇਆ ਉਜਿਆਰਾ। ਬਹਿ ਬਹਿ ਆਸਣ ਚਰਨੀ ਸੀਸ ਲਵਾਇੰਦੇ, ਆਪਣਾ ਸੀਸ ਨਾ ਝੁਕਿਆ ਪਰਵਰਦਿਗਾਰਾ। ਉਠ ਉਠ ਅਠਸਠ ਤੀਰਥ ਫੇਰਾ ਪਾਇੰਦੇ, ਤਨ ਲੰਗੋਟ ਖ਼ਾਕ ਪਾਈ ਛਾਰਾ। ਅੰਤਰ ਮੈਲ ਨਾ ਆਪ ਧਵਾਇੰਦੇ, ਚਿਕੜ ਭਰੀ ਹੋਈ ਦੁਹਾਗਣ ਨਾਰਾ। ਘਰ ਘਰ ਜਾ ਜੀਵਾਂ ਜੰਤਾਂ ਅਨੰਦ ਕਾਰਜ ਆਪ ਕਰਾਇੰਦੇ, ਆਪਣਾ ਕੰਤ ਕਿਸੇ ਨਾ ਮਿਲਿਆ ਹਰਿ ਨਿਰੰਕਾਰਾ। ਜੋ ਝੂਠਾ ਵਿਆਹ ਵਖਾਇੰਦੇ, ਚੌਥੀ ਲਾਂਵ ਪ੍ਰਭ ਅਬਿਨਾਸ਼ੀ ਮਿਲਿਆ ਨਾ ਇਕ ਨਿਰੰਕਾਰਾ। ਨਾਨਕ ਕੀਤਾ ਕੌਲ ਨਾ ਪੂਰ ਕਰਾਇੰਦੇ, ਗੋਬਿੰਦ ਮਾਰੇ ਅੰਤਮ ਮਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਏਕਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ।