(੨੯-੩੦ ਹਾੜ ੨੦੧੬ ਬਿਕ੍ਰਮੀ) ਦਿਲੀ ਸਿੰਘਾਸਣ ਦਰਬਾਰ ਵਿਚ
ਨਿਰਾਕਾਰ ਨਿਰੰਕਾਰ, ਨਿਰਗੁਣ ਰੂਪ ਸਮਾਇੰਦਾ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਬੇਪਰਵਾਹ ਭੇਵ ਨਾ ਆਇੰਦਾ। ਆਦਿ ਨਿਰੰਜਣ ਖੇਲ ਅਪਾਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਪਾਰਬ੍ਰਹਮ ਪੁਰਖ ਕਰਤਾਰ, ਪੁਰਖ ਪੁਰਖੋਤਮ ਵੇਸ ਵਟਾਇੰਦਾ। ਸਤਿ ਸਰੂਪ ਸਤਿ ਜੈਕਾਰ, ਨਾਦ ਅਨਾਦੀ ਧੁਨ ਉਪਜਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਨਾਮ ਜੈਕਾਰਾ ਇਕ ਲਗਾਇੰਦਾ। ਮਹੱਲ ਅਟੱਲ ਉਚ ਮਿਨਾਰ, ਅਗੰਮ ਅਥਾਹ ਬੇਪਰਵਾਹ ਆਪ ਵਸਾਇੰਦਾ। ਥਿਰ ਘਰ ਸੋਹੇ ਬੰਕ ਦੁਵਾਰ, ਬੰਕ ਦੁਵਾਰੀ ਆਪ ਸੁਹਾਇੰਦਾ। ਛੱਪਰ ਛੰਨ ਨਾ ਕੋਈ ਦੀਵਾਰ, ਨਾ ਕੋਈ ਬਾਢੀ ਬਣਤ ਬਣਾਇੰਦਾ। ਇਕ ਇਕੱਲਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਜੋਤੀ ਦੀਪਕ ਕਰ ਉਜਿਆਰ, ਆਪ ਆਪਣਾ ਡਗਮਗਾਇੰਦਾ। ਕਮਲਾਪਾਤੀ ਖੇਲ ਅਪਾਰ, ਸਾਚੀ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਨਿਰਾਕਾਰ ਨਾਉਂ ਧਰਾਇੰਦਾ। ਨਿਰਾਕਾਰ ਪੁਰਖ ਅਕਾਲ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਜੁਗ ਵੇਸ ਵਟਾਇਆ। ਚਲੇ ਚਲਾਏ ਅਵੱਲੜੀ ਚਾਲ, ਚਾਲ ਨਿਰਾਲੀ ਆਪ ਚਲਾਇਆ। ਆਪਣੀ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਰਖਾਇਆ। ਆਪਣੇ ਮੰਦਰ ਆਪਣਾ ਦੀਪਕ ਆਪੇ ਬਾਲ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸੱਚਾ ਸ਼ਾਹ ਸ਼ਹਿਨਸ਼ਾਹ ਸ਼ਾਹ ਸੁਲਤਾਨ ਨਾਉਂ ਧਰਾਇਆ। ਨਿਰਗੁਣ ਸ਼ਾਹੋ ਸਚ ਸੁਲਤਾਨ, ਹਰਿ ਹਰਿ ਆਪ ਅਖਵਾਇੰਦਾ। ਖੇਲੇ ਖੇਲ ਦੋ ਜਹਾਨ, ਆਪ ਆਪਣੀ ਰਚਨ ਰਚਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੁਨੇਹੁੜਾ ਆਪ ਸੁਣਾਇੰਦਾ। ਦਾਤਾ ਦਾਨੀ ਵਡ ਮਿਹਰਬਾਨ, ਆਪ ਆਪਣੀ ਦਇਆ ਕਮਾਇੰਦਾ। ਆਪੇ ਵਸੇ ਮੰਦਰ ਸਚ ਮਕਾਨ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰੰਕਾਰ ਨਿਰਗੁਣ ਵੇਸ ਆਪਣਾ ਆਪ ਵਟਾਇੰਦਾ। ਨਿਰਗੁਣ ਧਾਰ ਨਿਰਗੁਣ ਰੂਪ, ਨਿਰਗੁਣ ਵੇਖ ਵਖਾਈਆ। ਨਿਰਗੁਣ ਦਾਤਾ ਸਤਿ ਸਰੂਪ, ਘਰ ਸਾਚੇ ਬੈਠਾ ਆਸਣ ਲਾਈਆ। ਨਿਰਗੁਣ ਵਸੇ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਨਿਰਗੁਣ ਆਪੇ ਜਾਏ ਤੁਠ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰਾਧਾਰ ਏਕਾ ਰੰਗ ਰੰਗਾਈਆ। ਏਕਾ ਰੰਗ ਪੁਰਖ ਕਰਤਾਰ, ਆਪਣਾ ਆਪ ਰੰਗਾਇੰਦਾ। ਖੇਲੇ ਖੇਲ ਅਪਰ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਮਹੱਲ ਅਟੱਲ ਉਚ ਮਿਨਾਰ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਸ਼ਾਹੋ ਭੂਪ ਸੁਲਤਾਨ ਵਡ ਸਿਕਦਾਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਡੇਰਾ ਲਾਇੰਦਾ। ਰਵ ਸਸ ਨਾ ਕੋਈ ਸਿਤਾਰ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਏਕਾ ਦੀਪਕ ਕਰ ਉਜਿਆਰ, ਏਕਾ ਘਰ ਲਟਕਾਇੰਦਾ। ਏਕਾ ਗਾਏ ਗਾਵਣਹਾਰ, ਸੁਰ ਤਾਲ ਨਾ ਕੋਈ ਵਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਪਿਆਰ, ਕਰੋੜ ਤੇਤੀਸਾ ਨਾ ਕੋਇ ਸੰਗ ਰਖਾਇੰਦਾ। ਨਿਰਗੁਣ ਰੂਪ ਅਪਰ ਅਪਾਰ, ਆਪ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਉਂ ਧਰਾਇੰਦਾ। ਅਜੂਨੀ ਰਹਿਤ ਮੂਰਤ ਅਕਾਲ, ਏਕਾ ਏਕੰਕਾਰਿਆ। ਸੰਗ ਰਖਾਏ ਕਾਲ ਮਹਾਂਕਾਲ, ਖੰਡ ਸਚ ਬੰਕ ਦੁਵਾਰਿਆ। ਆਪਣਾ ਫਲ ਆਪੇ ਲਾਏ ਡਾਲ੍ਹ, ਆਪ ਆਪਣੀ ਰੁੱਤ ਸੁਹਾ ਲਿਆ। ਆਪਣਾ ਅੰਮ੍ਰਿਤ ਭਰੇ ਆਪਣੇ ਤਾਲ, ਤਾਲ ਸੁਹਾਵਾ ਇਕ ਉਪਾ ਰਿਹਾ। ਆਪਣਾ ਦੀਪਕ ਆਪੇ ਬਾਲ, ਆਪੇ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਸ ਨਰ ਨਰੇਸ਼, ਏਕਾ ਏਕ ਕਰਾ ਰਿਹਾ। ਨਰ ਨਰੇਸ਼ ਨਿਰੰਕਾਰ, ਨਿਰਾਕਾਰ ਅਖਵਾਇੰਦਾ। ਜੋਤੀ ਜਾਮਾ ਭੇਖ ਅਪਾਰ, ਭੇਵ ਕੋਈ ਨਾ ਪਾਇੰਦਾ। ਆਪੇ ਨਾਰੀ ਕੰਤ ਭਤਾਰ, ਆਪ ਆਪਣੀ ਸੇਜ ਹੰਢਾਇੰਦਾ। ਆਪ ਆਪਣਾ ਕਰ ਪਿਆਰ, ਆਪੇ ਮੇਲ ਮਿਲਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਿਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰਗੁਣ ਨਰ ਨਰਾਇਣ ਏਕਾ ਰੰਗ ਰੰਗਾਇੰਦਾ। ਸਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਜੋਤੀ ਜੋਤ ਕਰ ਪਸਾਰ, ਜੋਤੀ ਜੋਤ ਵਿਚ ਟਿਕਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਹੱਡ ਮਾਸ ਨਾੜੀ ਚੰਮੜਾ ਨਾ ਕਰੇ ਕੋਈ ਤਿਆਰ, ਰਕਤ ਬੂੰਦ ਨਾ ਕੋਈ ਟਿਕਾਈਆ। ਸੁੱਤ ਅਨਾਦੀ ਖ਼ਬਰਦਾਰ, ਆਪ ਆਪਣਾ ਸੰਗ ਰਖਾਈਆ। ਹੰ ਬ੍ਰਹਮ ਬ੍ਰਹਿਮਾਦੀ ਹੋ ਤਿਆਰ, ਰੂਪ ਅਨੂਪਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਨਿਰਾਕਾਰ ਪੁਰਖ ਕਰਤਾਰ, ਏਕਾ ਵੇਸ ਵਟਾਇਆ। ਸਾਕਾਰ ਖੇਲੇ ਖੇਲ ਅਗੰਮ ਅਪਾਰ, ਅੰਗੀ ਅੰਗੀ ਕਾਰ ਕਰਾਇਆ। ਇਕ ਮਰਦੰਗ ਵੱਜੇ ਅਪਾਰ, ਵਜਾਵਣਹਾਰਾ ਦਿਸ ਨਾ ਆਇਆ। ਖੇਲੇ ਖੇਲ ਖੇਲਣਹਾਰ, ਆਪ ਆਪਣਾ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਸਤਿ ਸਰੂਪ, ਵਿਸ਼ਨੂੰ ਵਿਸ਼ਨੂੰ ਨਾਉਂ ਧਰਾਇਆ। ਵਿਸ਼ਨੂੰ ਰੂਪ ਅਨੂਪ ਅਨੂਪਾ, ਆਪਣਾ ਆਪ ਵਟਾਇੰਦਾ। ਨਿਰਗੁਣ ਹੋਇਆ ਸਤਿ ਸਰੂਪਾ, ਸਾਚੀ ਧਾਰ ਬੰਧਾਇੰਦਾ। ਵੇਖਣਹਾਰਾ ਚਾਰੇ ਕੂਟਾ, ਆਪ ਆਪਣਾ ਦਰ ਸੁਹਾਇੰਦਾ। ਆਪੇ ਭਰਿਆ ਆਪਣਾ ਠੂਠਾ, ਅੰਮ੍ਰਿਤ ਆਪਣੇ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਅਬਿਨਾਸ਼ੀ ਕਰਤਾ ਇਕ ਅਖਵਾਇੰਦਾ। ਅਬਿਨਾਸ਼ੀ ਕਰਤਾ ਖੇਲ ਅਵੱਲਾ, ਆਪਣਾ ਆਪ ਕਰਾਇਆ। ਆਪ ਵਸਾਇਆ ਸਚ ਮਹੱਲਾ, ਏਕਾ ਦਰ ਸੁਹਾਇਆ। ਆਪਣੀ ਜੋਤੀ ਆਪੇ ਰਲਾ, ਆਪਣਾ ਬੀਜ ਬਿਜਾਇਆ। ਆਪਣਾ ਸਿੰਘਾਸਣ ਆਪੇ ਮੱਲਾ, ਆਪੇ ਡੇਰਾ ਲਾਇਆ। ਆਪਣਾ ਫੜਿਆ ਆਪੇ ਪੱਲਾ, ਆਪਣੇ ਨਾਉਂ ਧਰਾਇਆ। ਆਪੇ ਕਰੇ ਵਲ ਛੱਲਾ, ਵਲ ਛਲ ਧਾਰੀ ਆਪ ਹੋ ਜਾਇਆ। ਆਪੇ ਧਾਰੇ ਆਪਣਾ ਬਲਾ, ਆਪ ਆਪਣਾ ਬਲ ਰਖਾਇਆ। ਨਿਰਗੁਣ ਰੂਪ ਸਤਿ ਸਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਵੇਸ ਵਟਾਇਆ। ਵੇਸ ਵਟਾਇਆ ਵਿਸ਼ਨੂੰ ਧਾਰ, ਅਕਲ ਕਲਾ ਵਡਿਆਈਆ। ਪੁਰਖ ਅਬਿਨਾਸ਼ੀ ਭੇਵ ਨਿਆਰ, ਭੇਵ ਕੋਈ ਨਾ ਪਾਈਆ। ਅੰਮ੍ਰਿਤ ਭਰਿਆ ਸਚ ਭੰਡਾਰ, ਸਾਚਾ ਦਰ ਸੁਹਾਈਆ। ਕਵਲ ਕਵਲਾ ਕਰ ਤਿਆਰ, ਕਵਲ ਮੁਖ ਸੁਹਾਈਆ। ਵੇਖਣਹਾਰਾ ਸਿਰਜਣਹਾਰ, ਨਾ ਕੋਈ ਦੂਸਰ ਸੰਗ ਰਖਾਈਆ। ਆਦਿ ਨਿਰੰਜਣ ਹੋ ਉਜਿਆਰ, ਜੋਤੀ ਜੋਤ ਡਗਮਗਾਈਆ। ਖੇਲੇ ਖੇਲ ਅਪਰ ਅਪਾਰ, ਆਪ ਆਪਣੀ ਦਇਆ ਕਮਾਈਆ। ਨਾਭੀ ਫੁੱਟੀ ਆਇਆ ਬਾਹਿਰ, ਪੰਖੜੀਆਂ ਮੁਖ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਚਾਰ ਵੇਖ ਵਖਾਈਆ। ਕਵਲ ਫੁਲ ਫੁਲ ਉਜਿਆਰ, ਹਰੀ ਹਰਿ ਆਪ ਕਰਾਇੰਦਾ। ਕਮਲਾਪਾਤੀ ਖੇਲ ਅਪਾਰ, ਬੂੰਦ ਸਵਾਂਤੀ ਵਿਚ ਟਿਕਾਇੰਦਾ। ਇਕ ਇਕਾਂਤੀ ਪਾਵੇ ਸਾਰ, ਆਪ ਆਪਣਾ ਮੇਲ ਮਿਲਾਇੰਦਾ। ਪੁਰਖ ਬਿਧਾਤੀ ਭੇਵ ਨਿਆਰ, ਪਾਰਬ੍ਰਹਮ ਭੇਵ ਨਾ ਆਇੰਦਾ। ਉਤਮ ਜ਼ਾਤੀ ਕਰ ਉਜਿਆਰ, ਆਪ ਆਪਣਾ ਮੁਖ ਖੁਲ੍ਹਾਇੰਦਾ। ਹੰ ਬ੍ਰਹਮ ਇਕ ਪਸਾਰ, ਪਾਰਬ੍ਰਹਮ ਆਪਣਾ ਰੂਪ ਵਟਾਇੰਦਾ। ਚਾਰੇ ਮੁਖ ਕਰ ਉਜਿਆਰ, ਚਾਰੇ ਕੁੰਟਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਸਾਚਾ ਇਕ ਸੁਹਾਇੰਦਾ। ਹਰੀ ਹਰਿ ਹਰਿ ਹਰਿ ਰੂਪ, ਹਰਿ ਹਰਿ ਵੇਖ ਵਖਾਈਆ। ਪਾਰਬ੍ਰਹਮ ਸਤਿ ਸਰੂਪ, ਬ੍ਰਹਮ ਬ੍ਰਹਮ ਉਪਜਾਈਆ। ਦਾਤਾ ਦਾਤਾਰ ਸ਼ਾਹੋ ਭੂਪ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਦਿ ਜੁਗਾਦਿ ਜੁਗਾ ਜੁਗੰਤ ਜੁਗ ਜੁਗ ਆਪਣੀ ਖੇਲ ਆਪਣੇ ਹੱਥ ਰਖਾਈਆ। ਆਪ ਉਪਾਏ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵੱਡੀ ਵਡਿਆਈਆ। ਆਪੇੇ ਆਦਿ ਆਪੇ ਜੁਗਾਦਿ, ਆਪ ਆਪਣਾ ਨਾਉਂ ਰਖਾਈਆ। ਆਪੇ ਸ਼ਬਦ ਆਪੇ ਨਾਦ, ਆਪੇ ਤੁਰੀਆ ਤੂਰਤ ਨਾਦ ਵਜਾਈਆ। ਆਪੇ ਮੋਹਣ ਮਾਧਵ ਮਾਧ, ਰੂਪ ਅਨੂਪ ਆਪ ਦਰਸਾਈਆ। ਆਪੇ ਨਿਰਗੁਣ ਸਰਗੁਣ ਲਏ ਲਾਧ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਆਪੇ ਆਪਣਾ ਆਪ ਰਿਹਾ ਅਰਾਧ, ਆਪੇ ਆਪਣੀ ਸੇਵ ਕਮਾਈਆ। ਆਪੇ ਜਾਣੇ ਭੇਦ ਬੋਧ ਅਗਾਧ, ਆਪ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਏਕੰਕਾਰ, ਇਕ ਇਕੱਲਾ ਕਰ ਪਸਾਰ, ਜੁਗਾ ਜੁਗੰਤਰ ਪਾਵੇ ਸਾਰ, ਜੁਗ ਕਰਤਾ ਆਪ ਹੋ ਜਾਈਆ। ਜਗ ਕਰਤਾ ਹਰਿ ਕਰਨੇਹਾਰਾ, ਪਾਰਬ੍ਰਹਮ ਅਖਵਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਜੁਗ ਜੁਗ ਵੇਸ ਵਟਾਇੰਦਾ। ਆਪੇ ਉਤਪਤ ਕਰਨੇਹਾਰਾ, ਆਪੇ ਮੇਟ ਮਿਟਾਇੰਦਾ। ਆਪੇ ਵਿਸ਼ਨੂੰ ਵੇਸ ਨਿਆਰਾ, ਆਪਣਾ ਆਪ ਵਟਾਇੰਦਾ। ਆਪੇ ਬ੍ਰਹਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਅਖਵਾਇੰਦਾ। ਆਦਿ ਜੁਗਾਦੀ ਏਕੰਕਾਰਾ, ਅਕਲ ਕਲਾ ਵਰਤਾਇੰਦਾ। ਲੇੇਖਾ ਲਿਖੇ ਨਾ ਕੋਈ ਸੰਸਾਰਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਇਕ ਇਕੱਲਾ ਸਚ ਮਹੱਲਾ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਚਖੰਡ ਦੁਵਾਰ ਦਰਵਾਜਾ ਗ਼ਰੀਬ ਨਿਵਾਜਾ ਏਕਾ ਏਕ ਖੁਲ੍ਹਾਇੰਦਾ। ਸਚਖੰਡ ਦੁਵਾਰ ਦਰ ਦਰਵੇਸ਼, ਏਕਾ ਏਕੰਕਾਰਿਆ। ਪੁਰਖ ਅਬਿਨਾਸ਼ੀ ਨਰ ਨਰੇਸ਼, ਸਤਿ ਸੁਲਤਾਨ ਆਪ ਅਖਵਾ ਰਿਹਾ। ਆਪੇ ਬ੍ਰਹਮਾ ਆਪੇ ਵਿਸ਼ਨ ਹੋਏ ਮਹੇਸ਼, ਆਪ ਆਪਣਾ ਵੇਖ ਵਿਖਾ ਰਿਹਾ। ਆਪੇ ਸ਼ੰਕਰ ਬਣ ਕਰੇ ਅਦੇਸ, ਆਪੇ ਨਿਉਂ ਨਿਉਂ ਸੀਸ ਝੁਕਾ ਰਿਹਾ। ਆਪੇ ਬਾਸ਼ਕ ਤਸ਼ਕਾ ਹੋਏ ਸ਼ੇਸ਼, ਆਪੇ ਸੇਜ ਹੰਢਾ ਰਿਹਾ । ਆਪੇ ਜੁਗਾ ਜੁਗੰਤ ਕਰੇ ਵੇਸ, ਵੇਸ ਅਨੇਕਾ ਆਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਦਿ ਜੁਗਾਦੀ ਨਾਦ ਅਨਾਦੀ ਅਖਵਾ ਰਿਹਾ। ਆਪਣਾ ਨਾਉਂ ਰੱਖ ਕਰਤਾਰ, ਨਿਰਗੁਣ ਆਪ ਉਪਜਾਇੰਦਾ। ਸ਼ਬਦ ਅਗੰਮੀ ਖੇਲ ਅਪਾਰ, ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਵੇਤਾ ਕਰ ਪਿਆਰ, ਬ੍ਰਹਮ ਬ੍ਰਹਮ ਸਮਝਾਇੰਦਾ। ਏਕਾ ਸ਼ਬਦ ਇਕ ਧੁਨਕਾਰ, ਏਕਾ ਧੁਨੀ ਨਾਦ ਵਜਾਇੰਦਾ। ਚਾਰੇ ਮੁਖ ਮੁਖ ਉਜਿਆਰ, ਮੁਖ ਕਵਲਾ ਆਪ ਖੁਲ੍ਹਾਇੰਦਾ। ਬੋਧ ਅਗਾਧੀ ਏਕਾ ਧਾਰ, ਸ਼ਬਦ ਅਨਾਦੀ ਨਾਦ ਵਜਾਇੰਦਾ। ਲੇਖਾ ਲਿਖਿਆ ਹਰਿ ਅਪਾਰ, ਆਪਣਾ ਲੇਖ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਆਪ ਹੋ ਜਾਇੰਦਾ। ਏਕਾ ਰੰਗ ਪੁਰਖ ਕਰਤਾਰਾ, ਏਕਾ ਰੂਪ ਸਮਾਈਆ। ਏਕਾ ਨਿਰਗੁਣ ਖੇਲ ਅਪਾਰਾ, ਏਕਾ ਸਰਗੁਣ ਵੇਸ ਵਟਾਈਆ। ਏਕਾ ਮੇਲਾ ਵਿਚ ਸੰਸਾਰ, ਏਕਾ ਸਾਚੀ ਰਚਨ ਰਚਾਈਆ। ਏਕਾ ਲੋਆਂ ਪੁਰੀਆਂ ਦਏ ਸਹਾਰ, ਏਕਾ ਮੰਡਲ ਮੰਡਪ ਰਿਹਾ ਸੁਹਾਈਆ। ਏਕਾ ਜੋਤੀ ਨੂਰ ਰਵ ਸਸ ਸਤਾਰ, ਆਪ ਆਪਣੀ ਦਇਆ ਕਮਾਈਆ। ਏਕਾ ਪੁਰਖ ਏਕਾ ਨਾਰ, ਏਕਾ ਕੰਤ ਸੁਹਾਗ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ, ਜੁਗਤ ਜੁਗ ਜਗਤ ਆਪਣੇ ਹੱਥ ਰਖਾਈਆ।
