Granth 10 Likhat 089: 9 Jeth 2018 Bikarmi Shiv Singh de Greh ShekhSar Jammu

੯ ਜੇਠ ੨੦੧੮ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਸ਼ੇਖ਼ਸਰ ਜੰਮੂ

ਮਾਣਸ ਜਨਮ ਲੇਖਾ ਚੁੱਕੇ ਮਾਨਵ, ਹਰਿਜਨ ਹਰਿ ਹਰਿ ਦਇਆ ਕਮਾਇੰਦਾ। ਹਰਿਜਨ ਮੇਲੇ ਰੂਪ ਧਰ ਧਰ ਬਾਵਨ, ਬਲ ਆਪਣਾ ਆਪ ਵਖਾਇੰਦਾ। ਦੋ ਜਹਾਨਾਂ ਬਣੇ ਜਾਮਨ, ਧੁਰਦਰਗਾਹੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਫੜਾਏ ਦਾਮਨ, ਏਕਾ ਪੱਲੂ ਆਪ ਵਖਾਇੰਦਾ। ਕਲਜੁਗ ਕੂੜ ਕੁੜਿਆਰਾ ਮੇਟੇ ਰਾਵਣ, ਰਾਮ ਰਾਮਾ ਖੇਲ ਖਿਲਾਇੰਦਾ। ਅੰਮ੍ਰਿਤ ਮੇਘ ਬਰਸੇ ਸਾਵਣ, ਨਿਝਰ ਝਿਰਨਾ ਆਪ ਝਿਰਾਇੰਦਾ। ਲੇਖਾ ਚੁੱਕੇ ਆਵਣ ਜਾਵਣ, ਆਵਣ ਜਾਵਣ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਲੇਖੇ ਲਾਇੰਦਾ। ਮਾਣਸ ਜਨਮ ਚੁੱਕੇ ਲੇਖਾ, ਗੁਰ ਸਤਿਗੁਰ ਆਪ ਚੁਕਾਈਆ। ਹਰਿਜਨ ਹਰਿ ਹਰਿ ਆਪਣੇ ਨੇਤਰ ਪੇਖਾ, ਜਗਤ ਨੈਣ ਨਾ ਕੋਇ ਵਡਿਆਈਆ। ਸੇਵਕ ਸੇਵਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਦਰ ਦਰਵੇਸ਼ਾ ਫੇਰਾ ਪਾਈਆ। ਵੇਸ ਅਨੇਕ ਕਰਿਆ ਵੇਸਾ, ਅਨਕ ਕਲ ਬੇਪਰਵਾਹੀਆ। ਹਰਿਜਨ ਹਰਿ ਹਰਿ ਸਦਾ ਸਦ ਆਦੇਸਾ, ਨਿਵ ਨਿਵ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਲੇਖੇ ਲਾਈਆ। ਮਾਣਸ ਜਨਮ ਲੇਖੇ ਗਿਆ ਲੱਗ, ਹਰਿ ਸੱਜਣ ਆਪ ਲਗਾਇਆ। ਮਿਲਿਆ ਮੇਲ ਸੂਰੇ ਸਰਬਗ, ਦਰ ਘਰ ਸਾਚੇ ਸੋਭਾ ਪਾਇਆ। ਤ੍ਰੈਕਾਲ ਦਰਸੀ ਤ੍ਰੈਗੁਣ ਮੇਟੇ ਅੱਗ, ਅਗਨੀ ਤੱਤ ਨਾ ਕੋਇ ਜਲਾਇਆ। ਹੰਸ ਸਰੋਵਰ ਨੁਹਾਏ ਕਗ, ਕਬੁਧ ਡੂਮਣੀ ਮੇਟ ਮਿਟਾਇਆ। ਜਾਮ ਪਿਆਏ ਅੰਮ੍ਰਿਤ ਮਦਿ, ਨਾਮ ਪਿਆਲਾ ਹੱਥ ਉਠਾਇਆ। ਜਗਤ ਵਿਕਾਰਾ ਦੇਵੇ ਬੱਧ, ਬੱਧਕ ਆਪਣੇ ਗਲੇ ਲਗਾਇਆ। ਸੱਜਣ ਸੁਹੇਲੇ ਹਰਿ ਹਰਿ ਸੱਦ, ਸਚ ਸੰਦੇਸ਼ਾ ਨਾਮ ਸੁਣਾਇਆ। ਜਗਤ ਜੰਜਾਲ ਵਿਚੋਂ ਕੱਢ, ਆਪ ਆਪਣਾ ਬੰਧਨ ਪਾਇਆ। ਨਾਤਾ ਤੁੱਟਾ ਅੰਧੇਰੀ ਖੱਡ, ਡੂੰਘਾ ਸਾਗਰ ਵਹਿਣ ਨਾ ਕੋਇ ਵਹਾਇਆ। ਨਿਰਵੈਰ ਜਣਾਈ ਵਿਸ਼ਨੂੰ ਯਦ, ਬੰਸ ਸਰਬੰਸਾ ਆਪ ਬਣਾਇਆ। ਜਗਤ ਵਾਸਨਾ ਪਾਰ ਕਿਨਾਰਾ ਹੱਦ, ਹਰਿ ਮੰਦਰ ਹਰਿਜਨ ਹਰਿ ਹਰਿ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਦਏ ਸਮਝਾਇਆ। ਮਾਣਸ ਜਨਮ ਨਵ ਨਵ ਧਾਰ, ਨਿਰਗੁਣ ਸਰਗੁਣ ਆਪ ਚਲਾਈਆ। ਇਕ ਇਕ ਖੇਲ ਕਰੇ ਸਰਕਾਰ, ਦੋਏ ਦੋਏ ਰੂਪ ਅਨੂਪ ਵਟਾਈਆ। ਤੀਜਾ ਲੋਇਣ ਖੋਲ੍ਹ ਕਿਵਾੜ, ਚੌਥੇ ਪਦ ਕਰੇ ਰਸਾਈਆ। ਪੰਚਮ ਮੇਲਾ ਪੁਰਖ ਨਾਰ, ਨਾਰੀ ਕੰਤ ਆਪ ਹੋ ਜਾਈਆ। ਛੇਵਾਂ ਛੱਪਰ ਛੰਨ ਤੋਂ ਵਸਿਆ ਬਾਹਰ, ਮਹੱਲ ਅਟਲ ਬੈਠਾ ਆਸਣ ਲਾਈਆ। ਸਤਵਾਂ ਸਤਿ ਪੁਰਖ ਨਿਰੰਜਣ ਸਾਂਝਾ ਯਾਰ, ਲੱਖ ਚੁਰਾਸੀ ਵੇਖ ਵਖਾਈਆ। ਅੱਠਾਂ ਤੱਤਾਂ ਦਏ ਆਧਾਰ, ਆਪ ਆਪਣੀ ਦਇਆ ਕਮਾਈਆ। ਨੌਂ ਦਰ ਲੇਖਾ ਜਾਣੇ ਸਰਬ ਸੰਸਾਰ, ਨਵ ਨੌਂ ਲੇਖਾ ਆਪਣੇ ਹੱਥ ਰਖਾਈਆ। ਦਹਿ ਦਿਸ਼ਾ ਕਰੇ ਵਿਚਾਰ, ਦਹਿ ਸਿਰ ਰਾਵਣ ਮਾਰ ਹੰਕਾਰ, ਆਤਮ ਬ੍ਰਹਮ ਦਏ ਆਧਾਰ, ਨਿਰਗੁਣ ਜੋਤੀ ਜੋਤ ਮਿਲਾਈਆ। ਕਾਇਆ ਕੰਚਨ ਕੋਟ ਗੜ੍ਹ ਵੇਖੇ ਵੇਖਣਹਾਰ, ਡੂੰਘੀ ਕੰਦਰ ਜਗਤ ਭਵਰੀ ਸਾਗਰ ਤਰੇ ਤਰਨੇਹਾਰ, ਆਰ ਪਾਰ ਆਪਣੇ ਹੱਥ ਰਖਾਈਆ। ਗੁਰਮੁਖ ਸੱਜਣ ਲਏ ਉਭਾਰ, ਜੋਤੀ ਜਾਤਾ ਹਰਿ ਨਿਰੰਕਾਰ, ਜੀਵਣ ਜੁਗਤ ਭਗਤ ਭੁਗਤ ਆਪਣੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਲੇਖਾ ਦਏ ਚੁਕਾਈਆ। ਮਾਣਸ ਲੇਖਾ ਆਪ ਚੁਕੌਣਾ, ਹਰਿਜਨ ਸਾਚਾ ਮੇਲ ਮਿਲਾਇਆ। ਜਨਮ ਮਰਨ ਦਾ ਰੋਗ ਮਿਟੌਣਾ, ਚਿੰਤਾ ਸੋਗ ਨਾ ਕੋਇ ਵਖਾਇਆ। ਸੋਹੰ ਸਾਚਾ ਜਾਪ ਜਪੌਣਾ, ਪਾਰਬ੍ਰਹਮ ਬ੍ਰਹਮ ਪਾਰਬ੍ਰਹਮ ਏਕਾ ਰੰਗ ਰੰਗਾਇਆ। ਦੁਰਮਤ ਮੈਲ ਧੋ ਨਿਰਮਲ ਆਪ ਕਰੌਣਾ, ਅੰਮ੍ਰਿਤ ਜਲ ਸਿੰਚ ਹਰਿਆ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਵੇਖ ਵਖਾਇਆ। ਮਾਣਸ ਜਨਮ ਲੱਖ ਚੁਰਾਸੀ ਧਾਰਾ, ਚਾਰ ਖਾਣੀ ਵੰਡ ਵੰਡਾਈਆ। ਨਵ ਨੌਂ ਜਨਮ ਵਿਚ ਸੰਸਾਰਾ, ਅਜਨਮਾ ਰੂਪ ਵਟਾਈਆ। ਗੁਣ ਅਵਗੁਣ ਕਰੇ ਨਾ ਕੋਇ ਵਿਚਾਰਾ, ਸੰਸਾ ਰੋਗ ਨਾ ਕੋਇ ਮੁਕਾਈਆ। ਲੇਖਾ ਲਿਖਤ ਜਾਣੇ ਨਾ ਜੀਵ ਗਵਾਰਾ, ਲਿਖਣਹਾਰਾ ਦਿਸ ਨਾ ਆਈਆ। ਵਾਕ ਭਵਿਖਤ ਨਾ ਕਰੇ ਕੋਇ ਵਿਚਾਰਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰਾ, ਕੂੜੀ ਕਿਰਿਆ ਕਲਜੁਗ ਬੰਧਨ ਇਕ ਵਖਾਈਆ। ਸਰਬ ਜੀਆਂ ਦਾ ਇਕ ਦਾਤਾਰਾ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਕਲਜੁਗ ਪਰਗਟੇ ਅੰਤਮ ਵਾਰਾ, ਨਿਹਕਲੰਕਾ ਨਾਉਂ ਰਖਾਈਆ। ਦੂਸਰ ਤੱਕੇ ਨਾ ਕੋਇ ਸਹਾਰਾ, ਸੀਸ ਜਗਦੀਸ਼ ਨਾ ਕਿਸੇ ਝੁਕਾਈਆ। ਕਰੇ ਖੇਲ ਸਭ ਤੋਂ ਨਿਆਰਾ, ਨਿਰਵੈਰ ਰੂਪ ਵਟਾਈਆ। ਏਕਾ ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੇ ਅੰਦਰ ਰੱਖੇ ਸਰਬ ਲੋਕਾਈਆ। ਏਕਾ ਖੰਡਾ ਨਾਮ ਤੇਜ਼ ਕਟਾਰਾ, ਬ੍ਰਹਿਮੰਡਾਂ ਆਪ ਚਮਕਾਈਆ। ਹਰਿਜਨ ਸਾਚੇ ਕਰੇ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਣਸ ਲੇਖਾ ਆਪਣੇ ਹੱਥ ਰਖਾਈਆ। ਮਾਣਸ ਮਾਨੁਖ ਉਤਮ ਜ਼ਾਤ, ਲੱਖ ਚੁਰਾਸੀ ਆਪ ਜਣਾਇੰਦਾ। ਆਦਿ ਅੰਤ ਪੁੱਛੇ ਵਾਤ, ਸੰਤ ਸਤਿਗੁਰ ਵੇਖ ਵਖਾਇੰਦਾ। ਜਿਸ ਜਨ ਜਣਾਏ ਆਪਣੀ ਗਾਥ, ਆਪਣਾ ਪਰਦਾ ਆਪ ਉਠਾਇੰਦਾ। ਇਕ ਦੁਆਰਾ ਵਖਾਏ ਸਾਚਾ ਹਾਟ, ਵਣਜ ਵਣਜਾਰਾ ਏਕਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਣਸ ਜਨਮ ਆਪਣੇ ਲੇਖੇ ਧਰ, ਧਰਨੀ ਧਰਤ ਧਵਲ ਆਪ ਸੁਹਾਇੰਦਾ। ਮਾਣਸ ਜਨਮ ਧਰਨੀ ਦਾਤ, ਧਵਲ ਵਡੀ ਵਡਿਆਈਆ। ਪੂਤ ਸਪੂਤਾ ਬਖ਼ਸ਼ੇ ਕਮਲਾਪਾਤ, ਕਵਲ ਨੈਣ ਨੈਣ ਮਟਕਾਈਆ। ਉਤਮ ਰੱਖੇ ਆਪਣੀ ਜ਼ਾਤ, ਜੋਤੀ ਜਾਤਾ ਇਕ ਸ਼ਹਿਨਸ਼ਾਹੀਆ। ਸੰਤ ਕੰਤ ਭਗਵੰਤ ਪੁਛੇ ਵਾਤ, ਆਦਿ ਅੰਤ ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬੇਪਰਵਾਹੀਆ। ਹਰਿਜਨ ਵੇਖ ਮਾਣਸ ਜਨਮ, ਪੂਰਬ ਲੇਖਾ ਆਪ ਮੁਕਾਈਆ। ਨਵ ਨੌਂ ਵੇਖੇ ਕਿਰਿਆ ਕਰਮ, ਕਰਮ ਕਾਂਡ ਆਪ ਸਮਝਾਈਆ। ਸਤਿ ਸੰਤੋਖ ਏਕਾ ਧਰਮ, ਧੁਰ ਦੀ ਬਾਣੀ ਬਾਣ ਲਗਾਈਆ। ਬਿਨ ਹਰਿ ਅਵਰ ਨਾ ਕੋਇ ਬਰਨ, ਜਗਤ ਬਰਨ ਨਾ ਕੋਇ ਲੜਾਈਆ। ਜਿਸ ਜਨ ਬਖ਼ਸ਼ੇ ਸਾਚੀ ਸਰਨ, ਗ੍ਰਹਿ ਮੰਦਰ ਇਕ ਵਖਾਈਆ। ਨਾਤਾ ਤੁਟੇ ਜਨਮ ਮਰਨ, ਮਰਨ ਜਨਮ ਵਿਚ ਨਾ ਆਈਆ। ਕਿਰਪਾ ਕਰੇ ਕਰਨੀ ਕਰਨ, ਕਰਨੀ ਕਰਤਾ ਕਿਰਤ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸਚ ਦੁਆਰੇ ਵੜਨ, ਸਚਖੰਡ ਦੁਆਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਪੰਧ ਮੁਕਾਈਆ । ਮਾਣਸ ਜਨਮ ਮੁਕੇ ਪੰਧ, ਪਾਂਧੀ ਪੰਧ ਨਾ ਕੋਇ ਵਖਾਇੰਦਾ। ਰਸਨਾ ਗੌਣਾ ਏਕਾ ਛੰਦ, ਛੰਦ ਸੁਹਾਗੀ ਆਪ ਜਣਾਇੰਦਾ। ਰਸਨ ਤਜੌਣਾ ਜਗਤ ਵਿਕਾਰਾ ਗੰਦ, ਮਾਇਆ ਮਮਤਾ ਮੋਹ ਮਿਟਾਇੰਦਾ। ਇਕ ਜਣਾਏ ਪਰਮਾਨੰਦ, ਨਿਜ ਆਤਮ ਵੇਖ ਵਖਾਇੰਦਾ। ਮਾਣਸ ਜਨਮ ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇੰਦਾ। ਘਰ ਨਿਰਗੁਣ ਨੂਰ ਚੜ੍ਹਾਏ ਚੰਦ, ਜੋਤੀ ਨੂਰ ਨੂਰ ਚਮਕਾਇੰਦਾ। ਹਰਿਜਨ ਹਰਿ ਹਰਿ ਸਦਾ ਬਖ਼ਸ਼ੰਦ, ਕਰ ਬਖ਼ਸ਼ਿਸ਼ ਪਾਰ ਕਰਾਇੰਦਾ। ਮਾਣਸ ਜਨਮ ਨਾ ਹੋਏ ਭੰਗ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਜੀਆ ਦਾਨ, ਆਤਮ ਪਰਮਾਤਮ ਆਪਣਾ ਬੰਧਨ ਪਾਇੰਦਾ। ਹੇਰਾ ਫੇਰਾ ਚੁਕਿਆ ਵਕ਼ਤ, ਹਰਿ ਸਤਿਗੁਰ ਆਪ ਚੁਕਾਈਆ। ਨਾਤਾ ਤੋੜੇ ਨਾਲੋਂ ਜਗਤ, ਜੁਗਤ ਆਪਣੇ ਹੱਥ ਰਖਾਈਆ। ਗੁਰਸਿਖ ਬਣਾਏ ਸਾਚੇ ਭਗਤ, ਭਗਤੀ ਸੇਵਾ ਆਪ ਕਮਾਈਆ। ਲੇਖੇ ਲਾਏ ਬੂੰਦ ਰਕਤ, ਪਾਰਬ੍ਰਹਮ ਬੇਪਰਵਾਹੀਆ। ਦਾਸੀ ਦਾਸ ਆਦਿ ਸ਼ਕਤ, ਦਰ ਦਰ ਘਰ ਘਰ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਸਮਝਾਈਆ। ਹੇਰਾ ਫੇਰਾ ਚੁੱਕਿਆ, ਚੁਕਾਵਣਹਾਰ ਕਰਤਾਰ। ਗੁਰਮੁਖ ਸਾਚਾ ਵੇਲਾ ਢੁੱਕਿਆ, ਹਰਿਜਨ ਮੇਲੇ ਆਪਣੀ ਵਾਰ। ਸਿੰਘ ਸ਼ੇਰ ਸ਼ੇਰ ਹੋ ਕੇ ਬੁੱਕਿਆ, ਨਵਖੰਡ ਮਾਰ ਭਬਕਾਰ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਜੋ ਰਿਹਾ ਲੁਕਿਆ, ਅੰਤਮ ਪਰਗਟ ਹੋਇਆ ਵਿਚ ਸੰਸਾਰ। ਆਵਣ ਜਾਵਣ ਹੇਰਾ ਫੇਰਾ ਪੈਂਡਾ ਮੁਕਿਆ, ਹਰਿ ਜੂ ਹਰਿ ਹਰਿ ਪਾਵੇ ਸਾਰ। ਮਾਤ ਗਰਭ ਨਾ ਹੋਏ ਉਲਟਾ ਰੁੱਖਿਆ, ਜਿਸ ਜਨ ਦੇਵੇ ਦਰਸ ਦੀਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਧਾਰ। ਹੇਰਾ ਫੇਰਾ ਚੁਕਿਆ ਵੇਲਾ, ਵੇਲਾ ਵਕ਼ਤ ਆਪ ਜਣਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸੱਜਣ ਸੁਹੇਲਾ, ਸਤਿ ਸਤਿਵਾਦੀ ਸਾਚੀ ਦਇਆ ਕਮਾਈਆ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਧਰਾਈਆ। ਸਚਖੰਡ ਨਿਵਾਸੀ ਵਸਣਹਾਰਾ ਧਾਮ ਨਵੇਲਾ, ਹਰਿਜਨ ਸਾਚੇ ਧਾਮ ਬਹਾਈਆ। ਆਵਣ ਜਾਵਣ ਧਰਮ ਰਾਏ ਦੀ ਕੱਟੇ ਜੇਲਾ, ਬਖ਼ਸ਼ੇ ਚਰਨ ਸ਼ਰਨ ਸੱਚੀ ਸਰਨਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹੇਰਾ ਫੇਰਾ ਜਗਤ ਮੁਕਾਇਆ, ਹਰਿ ਸੱਜਣ ਦਇਆ ਕਮਾਇੰਦਾ। ਹਰਿਜਨ ਸਾਚਾ ਆਪ ਜਗਾਇਆ, ਆਪ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਜੋੜ ਜੁੜਾਇਆ, ਨਿਜ ਆਤਮ ਖੋਜ ਖੁਜਾਇੰਦਾ। ਬਾਤਨ ਜਮਾਲ ਆਪ ਦਰਸਾਇਆ, ਨੂਰੋ ਨੂਰ ਨੂਰ ਦਰਸਾਇੰਦਾ। ਸ਼ਬਦ ਅਗੰਮੀ ਬੰਧਨ ਪਾਇਆ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਮਸਤਕ ਟਿੱਕਾ ਚੰਦਨ ਨਾਮ ਲਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਹੇਰਾ ਫੇਰਾ ਗਿਆ ਮੁਕ, ਸੋ ਪੁਰਖ ਨਿਰੰਜਣ ਆਪ ਮੁਕਾਈਆ। ਗੁਰਮੁਖ ਗੁਰ ਗੁਰ ਆਪਣੀ ਗੋਦੀ ਚੁਕ, ਦਰਗਹਿ ਸਾਚੀ ਦਏ ਬਹਾਈਆ। ਨਿਰਗੁਣ ਨਿਰਵੈਰ ਰਿਹਾ ਤੁਠ, ਅਤੋਟ ਅਤੁੱਟ ਵਡੀ ਵਡਿਆਈਆ। ਹਰਿਜਨ ਬਣਾਏ ਸਾਚੇ ਸੁਤ, ਅਬਿਨਾਸ਼ੀ ਅਚੁਤ ਸੇਵ ਕਮਾਈਆ। ਜਗਤ ਸੁਹੰਜਣੀ ਹੋਈ ਰੁੱਤ, ਪਤ ਡਾਲੀ ਫੁੱਲ ਮਹਿਕਾਈਆ। ਲੇਖਾ ਜਾਣੇ ਕਾਇਆ ਪੰਜ ਤੱਤ ਬੁੱਤ, ਤ੍ਰੈਗੁਣ ਵੇਖੇ ਥਾਉਂ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੇਰਾ ਫੇਰਾ ਮੁੱਕਿਆ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਹਰਿਜਨ ਹਰਿ ਹਰਿ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਏਥੇ ਓਥੇ ਦੋ ਜਹਾਨ ਨੰਗੀ ਹੋਣ ਨਾ ਦੇਵੇ ਕੰਡ, ਸੀਸ ਜਗਦੀਸ਼ ਹੱਥ ਰਖਾਇੰਦਾ। ਲੇਖਾ ਜਾਣੇ ਜੀਉ ਪਿੰਡ, ਬ੍ਰਹਿਮੰਡ ਖੋਜ ਖੁਜਾਇੰਦਾ। ਅੰਮ੍ਰਿਤ ਧਾਰਾ ਬਖ਼ਸ਼ੇ ਸਾਗਰ ਸਿੰਧ, ਨਿਝਰ ਝਿਰਨਾ ਆਪ ਝਿਰਾਇੰਦਾ। ਗੁਰਸਿਖ ਬਣਾਏ ਸਾਚੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਰਾਹ ਤੱਕੇ ਕਰੋੜ ਤਤੀਸਾ ਸੁਰਪਤ ਰਾਜਾ ਇੰਦ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਇੰਦਾ। ਦਾਤਾ ਦਾਨੀ ਗ੍ਰਹਿ ਮੰਦਰ ਗੁਣੀ ਗਹਿੰਦ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਫੰਦਨ ਆਪ ਕਟਾਇੰਦਾ। ਹੇਰਾ ਫੇਰਾ ਜਗਤ ਰਾਹ, ਜਾਗਰਤ ਜੋਤ ਜੋਤ ਰੁਸ਼ਨਾਈਆ। ਸਾਹਿਬ ਸਤਿਗੁਰ ਸਚ ਸੁਲਤਾਨਾ ਬਣ ਮਲਾਹ, ਭਵ ਸਾਗਰ ਪਾਰ ਕਰਾਈਆ। ਸ਼ਬਦੀ ਸ਼ਬਦ ਸੁਤ ਸਲਾਹ, ਨਿਸ਼ਅੱਖਰ ਨਾਮ ਪੜ੍ਹਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਜਿਸ ਜਨ ਆਪਣੀ ਬੂਝ ਬੁਝਾਈਆ। ਸਦਾ ਸੁਹੇਲਾ ਇਕ ਅਕੇਲਾ ਸੀਸ ਜਗਦੀਸ਼ ਦੇਵੇ ਠੰਡੀ ਛਾਂ, ਸਮਰਥ ਆਪਣੀ ਦਇਆ ਕਮਾਈਆ। ਜਨ ਭਗਤਾਂ ਬਣੇ ਪਿਤਾ ਮਾਂ, ਜੁਗਾ ਜੁਗੰਤਰ ਵੇਸ ਵਟਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਈਆ। ਕਰੇ ਕਰਾਏ ਸਚ ਨਿਆਂ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਡੁੱਬਦੇ ਪਾਥਰ ਲਏ ਤਰਾ, ਜਿਸ ਪਾਹਨ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੇਰਾ ਫੇਰਾ ਦਏ ਚੁਕਾਈਆ। ਹੇਰਾ ਫੇਰਾ ਕਰੇ ਨਾ ਕ਼ਾਦਰ, ਕ਼ੁਦਰਤ ਆਪਣੀ ਖੇਲ ਖਿਲਾਈਆ। ਆਦਿ ਜੁਗਾਦੀ ਏਕਾ ਸਾਬਰ, ਸਿਦਕ ਸਬੂਰੀ ਸਚ ਸਮਝਾਈਆ। ਏਕੰਕਾਰਾ ਪਿਦਰ ਮਾਦਰ, ਰੂਪ ਅਨੂਪ ਆਪ ਦਰਸਾਈਆ। ਆਪਣਾ ਨਾਉਂ ਸੁਣਾਏ ਦਾਦਰ, ਦਰੂਦ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਹੇਰਾ ਫੇਰੀ ਜਗਤ ਅਖਾੜਾ, ਹਰਿ ਸਾਚਾ ਆਪ ਲਗਾਇੰਦਾ। ਨਵ ਖੰਡ ਪ੍ਰਿਥਮੀ ਅਗਨੀ ਜੋਤ ਲਗਾਏ ਬਹੱਤਰ ਨਾੜਾ, ਤਤਵ ਤਤ ਆਪ ਪਰਗਟਾਇੰਦਾ। ਚਾਰ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੂਠ ਝੂਠ ਵੇਖ ਪਸਾਰਾ, ਕਰੇ ਖੇਲ ਹਰਿ ਕਰਨੇਹਾਰਾ, ਆਪਣੀ ਕਲ ਆਪ ਵਰਤਾਇੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਉਚੀ ਕੂਕੇ ਕਰੇ ਪੁਕਾਰਾ, ਚਾਰੋਂ ਕੁੰਟ ਨੈਣ ਉਠਾਇੰਦਾ। ਨਾ ਕੋਈ ਦੀਸੇ ਮੀਤ ਮੁਰਾਰਾ, ਨਾਤਾ ਤੁਟਾ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਨੈਣ ਸ਼ਰਮਾਇੰਦਾ। ਈਸਾ ਮੂਸਾ ਰਾਹ ਤੱਕੇ ਪਰਵਰਦਿਗਾਰਾ, ਖ਼ਲਕ ਖ਼ੁਦਾਈ ਸਾਂਝੇ ਯਾਰਾ, ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਨੌਬਤ ਵਜਾਏ ਆਪਣੀ ਵਾਰਾ, ਸੁਹਬਤ ਵੇਖੇ ਵਿਚ ਸੰਸਾਰਾ, ਉਲਫ਼ਤ ਜਗਤ ਨਾ ਕੋਇ ਵਡਿਆਈਆ। ਚਾਰੋਂ ਕੁੰਟ ਧੂਆਂਧਾਰਾ, ਸਚ ਸੁੱਚ ਨਾ ਕੋਇ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵੇਖੇ ਸਰਬ ਲੋਕਾਈਆ। ਹੇਰਾ ਫੇਰਾ ਜਗਤ ਲੋਕਾਇਆ, ਲੁਕ ਲੁਕ ਹਰਿ ਹਰਿ ਖੇਲ ਖਿਲਾਇੰਦਾ। ਆਪਣਾ ਪਰਦਾ ਆਪ ਛੁਪਾਇਆ, ਨੇਤਰ ਲੋਚਣ ਨੈਣ, ਦਿਸ ਕਿਸੇ ਨਾ ਆਇੰਦਾ। ਕਲਜੁਗ ਕੂੜ ਕੁੜਿਆਰਾ ਕੂੜੇ ਧੰਦੇ ਲਾਇਆ, ਸਚ ਸੁੱਚ ਨਾ ਕੋਇ ਜਣਾਇੰਦਾ। ਆਤਮ ਅੰਧੇ ਸਾਚਾ ਮਾਰਗ ਨਾ ਕਿਸੇ ਵਖਾਇਆ, ਖ਼ਾਕੀ ਬੰਦੇ ਖ਼ਾਕ ਮਿਲਾਇੰਦਾ। ਚੰਦ ਨੌਂ ਚੰਦ ਨਾ ਕਿਸੇ ਚੜ੍ਹਾਇਆ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸਦ ਬਖ਼ਸ਼ੰਦ ਫੇਰਾ ਪਾਇਆ, ਭੇਵ ਅਭੇਦ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੇਰਾ ਫੇਰਾ ਜਗਤ ਜਣਾਇੰਦਾ। ਹੇਰਾ ਫੇਰਾ ਜਗਤ ਜੁਗ ਕਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਹੰਕਾਰੀਆਂ ਦੇਵੇ ਗੜ੍ਹ ਹੰਕਾਰ, ਆਸ਼ਾ ਤ੍ਰਿਸ਼ਨਾ ਨਾਲ ਮਿਲਾਈਆ। ਮਾਇਆ ਮਮਤਾ ਕਰੇ ਸ਼ਿੰਗਾਰ, ਕਾਮ ਕਰੋਧ ਲੋਭ ਮੋਹ ਹੰਕਾਰ ਤਨ ਬਸਤਰ ਇਕ ਪਹਿਨਾਈਆ। ਜੂਠ ਝੂਠ ਕੱਜਲ ਧਾਰ, ਲੱਖ ਚੁਰਾਸੀ ਕਰੇ ਵਿਚਾਰ, ਨਵ ਨੌਂ ਆਪਣਾ ਰੰਗ ਰੰਗਾਈਆ। ਭਰਮੇ ਭੁੱਲੇ ਜੀਵ ਗਵਾਰ, ਘਟ ਘਟ ਅੰਦਰ ਹੋਏ ਵਿਭਚਾਰ, ਸਤਿ ਸਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹੇਰਾ ਫੇਰਾ ਵੇਖੇ ਸਰਬ ਲੋਕਾਈਆ। ਹੇਰਾ ਫੇਰਾ ਜਗਤ ਨਾਤਾ, ਤ੍ਰੈਗੁਣ ਬੰਧਨ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਰੂਪ ਵਟਾਏ ਬਹੁਬਿਧ ਭਾਂਤਾ, ਰੰਗ ਰੇਖ ਨਾ ਕੋਇ ਵਖਾਇੰਦਾ। ਸ਼ਬਦ ਅਗੰਮੀ ਗਾਏ ਗਾਥਾ, ਗਾਵਣਹਾਰਾ ਦਿਸ ਨਾ ਆਇੰਦਾ। ਲੱਖ ਚੁਰਾਸੀ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਜੀਵ ਜੰਤ ਲਹਿਣਾ ਦੇਣਾ ਜਾਣੇ ਮਸਤਕ ਮਾਥਾ, ਪੂਰਬ ਜਨਮ ਫੋਲ ਫੁਲਾਇੰਦਾ। ਜਿਸ ਜਨ ਜਣਾਏ ਆਪਣੀ ਪੂਜਾ ਪਾਠਾ, ਇਸ਼ਟ ਦੇਵ ਆਪ ਅਖਵਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਸਰ ਸਰੋਵਰ ਆਪ ਨੁਹਾਇੰਦਾ। ਭਾਗ ਲਗਾਏ ਕਾਇਆ ਮਾਟਾ, ਘਰ ਮੰਦਰ ਸੋਭਾ ਪਾਇੰਦਾ। ਨਿਰਗੁਣ ਜੋਤ ਜਗਾਏ ਲਲਾਟਾ, ਅੰਧ ਅੰਧੇਰ ਮਿਟਾਇੰਦਾ। ਆਤਮ ਸੁਹਾਏ ਸਾਚੀ ਖਾਟਾ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਜਨਮ ਜਨਮ ਦੀ ਚੁੱਕੇ ਵਾਟਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਹੇਰਾ ਫੇਰਾ ਨਾ ਆਏ ਘਾਟਾ, ਸਾਚੇ ਘਾਟ ਆਪ ਚੜ੍ਹਾਇੰਦਾ। ਲਹਿਣਾ ਦੇਣਾ ਚੁਕਾਏ ਹਾਥੋ ਹਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਇੰਦਾ। ਆਪਣਾ ਮਾਰਗ ਲਾਏ ਸਿਧ, ਸਿਧ ਸਾਧਕ ਸੇਵ ਲਗਾਈਆ। ਆਪੇ ਜਾਣੇ ਆਪਣੀ ਬਿਧ, ਦੂਸਰ ਅਵਰ ਨਾ ਕੋਇ ਜਣਾਈਆ। ਚਰਨ ਦਾਸੀ ਨਵ ਨਵ ਨਿਧ, ਦਸ ਅੱਠ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਡਿਆਈਆ। ਅੱਠ ਦਸ ਦਾਸੀ ਦਾਸ, ਸੇਵਕ ਸੇਵਾ ਸਚ ਜਣਾਇੰਦਾ। ਨਵ ਨੌਂ ਰੱਖੇ ਚਰਨ ਦਾਸ, ਚਰਨ ਚਰਨਾਂ ਹੇਠ ਦਬਾਇੰਦਾ। ਆਤਮ ਜੋਤ ਬ੍ਰਹਮ ਪਰਕਾਸ਼, ਪਾਰਬ੍ਰਹਮ ਸਮਝਾਇੰਦਾ । ਨਿਜ ਘਰ ਆਤਮ ਨਿਜ ਨਿਜ ਵਾਸ, ਨਿਜ ਨੇਤਰ ਵੇਖ ਵਖਾਇੰਦਾ। ਪਰਦਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਇੰਦਾ। ਰਵ ਸਸ ਰੱਖਣ ਆਸ, ਨੇਤਰ ਨੈਣ ਸਰਬ ਉਠਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਖੇਲ ਖਿਲਾਇੰਦਾ। ਸਾਚਾ ਖੇਲ ਸਤਿਗੁਰ ਘਰ, ਗੁਰ ਗੁਰਮੁਖ ਆਪ ਕਰਾਈਆ। ਨਿਰਭੌ ਚੁਕਾਏ ਭੈ ਡਰ, ਜਗਤ ਭਿਆਨਕ ਰੂਪ ਨਾ ਕੋਇ ਵਟਾਈਆ। ਅੰਮ੍ਰਿਤ ਸਰ ਨੁਹਾਏ ਆਤਮਕ ਸਰ, ਸਰੋਵਰ ਸਾਚਾ ਇਕ ਵਖਾਈਆ। ਆਦਿ ਜੁਗਾਦਿ ਨਾ ਹੋਵੇ ਬੰਦ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਕਾਗੋਂ ਹੰਸ ਦੇਵੇ ਕਰ, ਦੁਰਮਤ ਮੈਲ ਧਵਾਈਆ। ਸੁਰਤੀ ਮਿਲੇ ਸ਼ਬਦੀ ਵਰ, ਸ਼ਬਦ ਸੁਰਤ ਹੋਏ ਕੁੜਮਾਈਆ। ਦੋਹਾਂ ਵਿਚੋਲਾ ਆਪੇ ਬਣ, ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੇਰਾ ਫੇਰੀ ਦਏ ਮਿਟਾਈਆ। ਹੇਰਾ ਫੇਰਾ ਮੁਕਾਵਣ ਖ਼ਾਤਰ, ਨਿਰਗੁਣ ਨਿਰਗੁਣ ਰੂਪ ਧਰਾਇਆ। ਕਲਜੁਗ ਜੀਵ ਜੋ ਬੈਠੇ ਬਣ ਬਣ ਚਾਤਰ, ਮਾਇਆ ਮਮਤਾ ਮੋਹ ਭੁਲਾਇਆ। ਗੁਰਮੁਖਾਂ ਦੇਵੇ ਘਰ ਘਰ ਆਦਰ, ਰਾਤੀਂ ਸੁਤਿਆਂ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਕਮਾਇਆ। ਹੇਰਾ ਫੇਰਾ ਕਰੇ ਗੋਬਿੰਦ, ਆਪਣਾ ਬੰਧਨ ਆਪੇ ਪਾਈਆ। ਜਗਤ ਰਖਾਏ ਅੱਠੇ ਪਹਿਰ ਵਿਚ ਚਿੰਦ, ਗੁਰਮੁਖ ਆਪਣਾ ਰੰਗ ਵਖਾਈਆ। ਮਨਮੁਖ ਲਗਾਏ ਆਪਣੀ ਨਿੰਦ, ਗੁਰਸਿਖ ਗਾਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੇਰਾ ਫੇਰੀ ਆਪਣੀ ਬਣਤ ਬਣਾਈਆ। ਹੇਰਾ ਫੇਰਾ ਹਰਿ ਕਾ ਕੰਮ, ਬਿਨ ਹੇਰਾ ਫੇਰੀ ਹਰਿ ਕੰਮ ਕਿਸੇ ਨਾ ਆਇੰਦਾ। ਕਿਸੇ ਦੇਵੇ ਪਵਣ ਸਵਾਸ ਦਮ, ਕਿਸੇ ਦੇ ਦੇ ਦਮ ਬਾਹਰ ਕਢਾਇੰਦਾ। ਕਰੇ ਖੇਲ ਹੱਡ ਮਾਸ ਨਾੜੀ ਚੰਮ, ਪੰਜ ਤੱਤ ਕਾਇਆ ਜੋੜ ਜੁੜਾਇੰਦਾ। ਲੇਖਾ ਜਾਣੇ ਖ਼ੁਸ਼ੀ ਗ਼ਮ, ਹਰਖ ਸੋਗ ਬੰਧਨ ਪਾਇੰਦਾ। ਆਪੇ ਘੜੇ ਆਪੇ ਲਏ ਭੰਨ, ਘੜਣ ਭੰਨਣਹਾਰ ਆਪ ਅਖਵਾਇੰਦਾ। ਆਪੇ ਦੇਵਣਹਾਰਾ ਡੰਨ, ਰਾਏ ਧਰਮ ਸੇਵ ਲਗਾਇੰਦਾ। ਆਪੇ ਗੁਰਸਿਖ ਉਪਜਾਏ ਸਾਚੇ ਜਨ, ਜਨ ਜਨਨੀ ਸੇਵ ਕਮਾਇੰਦਾ। ਆਪੇ ਰਾਗ ਸੁਣਾਏ ਕੰਨ, ਨਾਦ ਅਨਾਦੀ ਨਾਦ ਵਜਾਇੰਦਾ। ਆਪੇ ਮਨ ਕਾ ਮਣਕਾ ਫੇਰੇ ਮਨ, ਮਨ ਮਨੂਆ ਆਪ ਬੰਧਾਇੰਦਾ। ਆਪੇ ਜੋਤ ਨਿਰੰਜਣ ਚਾੜ੍ਹੇ ਚੰਨ, ਪਰਕਾਸ਼ ਪਰਕਾਸ਼ ਸਮਾਇੰਦਾ। ਆਪੇ ਹੋਏ ਆਤਮ ਅੰਨ੍ਹ, ਅੰਧ ਅੰਧੇਰ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ । ਹੇਰਾ ਫੇਰਾ ਜਗਤ ਜਲਾਇਆ, ਅਗਨੀ ਤੱਤ ਲਗਾਈਆ। ਹੇਰਾ ਫੇਰਾ ਭਗਤ ਤਰਾਇਆ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਹੇਰਾ ਫੇਰਾ ਜੁਗ ਉਲਟਾਇਆ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਹੇਰਾ ਫੇਰਾ ਗੁਰਮੁਖ ਆਪਣੇ ਰੰਗ ਰੰਗਾਇਆ, ਰੰਗ ਮਜੀਠੀ ਇਕ ਚੜ੍ਹਾਈਆ। ਹੇਰਾ ਫੇਰਾ ਮਨਮੁਖ ਜੀਵ ਲੱਖ ਚੁਰਾਸੀ ਗੇੜਾ ਪਾਇਆ, ਜੂਨ ਅਜੂਨੀ ਖੇਲ ਖਿਲਾਈਆ। ਹੇਰਾ ਫੇਰਾ ਸੰਤ ਸਾਜਣ ਲਏ ਤਰਾਇਆ, ਆਪ ਆਪਣਾ ਦਰਸ ਦਿਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਦੋਹਾਂ ਵਿਚੋਲਾ ਬਣ ਕੇ ਆਇਆ, ਲੋਕਮਾਤ ਵੇਖ ਵਖਾਈਆ। ਸੋ ਪੁਰਖ ਨਿਰੰਜਣ ਢੋਲਾ ਏਕਾ ਗਾਇਆ, ਸਾਚਾ ਬੋਲਾ ਬੋਲ ਅਲਾਈਆ। ਮਨਮੁਖਾਂ ਸੁਣ ਸੁਣ ਰੌਲਾ ਪਾਇਆ, ਗੁਰਮੁਖ ਵਿਰਲਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਸਾਚਾ ਉਤਰੇ ਪਾਰ, ਸਤਿਗੁਰ ਪੂਰਾ ਪਾਰ ਕਰਾਇੰਦਾ। ਮਾਣਸ ਜਨਮ ਦੇਵੇ ਪੈਜ ਸਵਾਰ, ਮਾਣਸ ਆਪਣੇ ਲੇਖੇ ਲਾਇੰਦਾ। ਵਰਨ ਬਰਨ ਤੋਂ ਕਰੇ ਬਾਹਰ, ਆਤਮ ਬ੍ਰਹਮ ਇਕ ਦ੍ਰਿੜਾਇੰਦਾ। ਨਿਰਗੁਣ ਕਰਮ ਕਰੇ ਵਿਚਾਰ, ਨਿਹਕਰਮੀ ਆਪ ਅਖਵਾਇੰਦਾ। ਸਾਚਾ ਧਰਮ ਵਿਚ ਸੰਸਾਰ, ਗੁਰ ਚਰਨ ਧਿਆਨ ਜਣਾਇੰਦਾ। ਏਕਾ ਅੱਖਰ ਓਅੰਕਾਰ, ਨਿਰੰਕਾਰ ਆਪ ਪੜ੍ਹਾਇੰਦਾ । ਸੋ ਪੁਰਖ ਨਿਰੰਜਣ ਜੀਵ ਆਧਾਰ, ਹੰ ਜੀਵ ਰੂਪ ਵਟਾਇੰਦਾ। ਈਸ਼ ਜੀਵ ਖੇਲ ਨਿਆਰ, ਜਗਦੀਸ਼ ਵੇਖ ਵਖਾਇੰਦਾ। ਸੋਹੰ ਰੂਪ ਸਤਿ ਪਿਆਰ, ਆਤ਼ਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੇਰਾ ਫੇਰਾ ਆਪ ਕਰਾਇੰਦਾ। ਕਰ ਕਰ ਹੇਰ ਫੇਰ ਗੁਰਮੁਖ ਜੋੜ ਜੁੜਾਇਆ, ਪੁਰਖ ਅਬਿਨਾਸ਼ੀ ਬਣ ਮਲਾਹ। ਸ਼ਬਦ ਅਗੰਮੀ ਘੋੜ ਚੜ੍ਹਾਇਆ, ਸਤਿ ਸਤਿਵਾਦੀ ਘੋੜਾ ਰਿਹਾ ਦੌੜਾ। ਨਵ ਨੌਂ ਆਪਣਾ ਫੇਰਾ ਪਾਇਆ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾ। ਸਾਚਾ ਮਾਰਗ ਇਕ ਵਖਾਇਆ, ਦੋ ਜਹਾਨਾਂ ਪਰਦਾ ਲਾਹ। ਮਨਮੁਖ ਦਿਸ ਕਿਸੇ ਨਾ ਆਇਆ, ਕੋਟਨ ਕੋਟ ਬੈਠੇ ਰਾਹ ਤਕਾ। ਕੋਟਨ ਕੋਟ ਰਹੇ ਜਸ ਗਾਇਆ, ਰਸਨਾ ਜਿਹਵਾ ਸੇਵ ਕਮਾ। ਕੋਟਨ ਕੋਟ ਬੈਠੇ ਸੀਸ ਝੁਕਾਇਆ, ਦਰ ਦਰਵੇਸ਼ ਗਲ ਵਿਚ ਪੱਲੂ ਪਾ। ਕੋਟਨ ਕੋਟ ਨੇਤਰ ਨੈਣ ਰਹੇ ਸ਼ਰਮਾਇਆ, ਨਿਵਣ ਸੋ ਅੱਖਰ ਏਕਾ ਗੀਤ ਗਿਆ ਸਮਾ। ਕੋਟਨ ਕੋਟ ਪੱਥਰ ਪੂਜ ਬੈਠੇ ਤਿਲਕ ਲਗਾਇਆ। ਪ੍ਰਭ ਮਿਲਿਆ ਨਾ ਬੇਪਰਵਾਹ। ਕਲਜੁਗ ਅੰਤਮ ਦਇਆ ਕਮਾਇਆ, ਪਰਗਟ ਹੋਏ ਸੱਚਾ ਸ਼ਹਿਨਸ਼ਾਹ। ਔਂਦਾ ਜਾਂਦਾ ਦਿਸ ਨਾ ਆਇਆ, ਆਪਣਾ ਮਾਰਗ ਕਿਸੇ ਨਾ ਦਏ ਜਣਾ। ਸਤਿਜੁਗ ਤ੍ਰੇਤਾ ਦੁਆਪਰ ਵਿਛੜਿਆਂ ਕਲਜੁਗ ਲਏ ਮਿਲਾਇਆ, ਪੂਰਬ ਲੇਖਾ ਪੰਧ ਮੁਕਾ। ਵਰਨ ਬਰਨ ਨਾ ਕੋਇ ਰਖਾਇਆ, ਜ਼ਾਤ ਪਾਤ ਨਾਤਾ ਦਏ ਤੁੜਾ। ਹਰਿਜਨ ਸਾਚੇ ਲਏ ਜਗਾਇਆ, ਜਾਗਰਤ ਜੋਤ ਇਕ ਵਖਾ। ਕਾਗਦ ਕ਼ਲਮ ਭੇਵ ਨਾ ਰਾਇਆ, ਚਾਰੇ ਵੇਦ ਰਹੇ ਜਸ ਗਾ। ਪੁਰਖ ਅਬਿਨਾਸ਼ੀ ਹੋਏ ਸਹਾਇਆ। ਸਤਿ ਸਰੂਪ ਅਨੂਪ ਰੂਪ ਧਰਾ। ਹਰਿਜਨ ਸਾਚਾ ਮੇਲ ਮਿਲਾਇਆ, ਪੰਜ ਤੱਤ ਕਾਇਆ ਖੇੜਾ ਦਏ ਵਸਾ। ਅੰਤਰ ਆਪਣਾ ਡੇਰਾ ਲਾਇਆ, ਸੇਜ ਸੁਹੰਜਣੀ ਸੋਭਾ ਪਾ। ਅੰਮ੍ਰਿਤ ਮੇਘ ਇਕ ਵਰਸਾਇਆ, ਕਵਲ ਨਾਭੀ ਫੁੱਲ ਖਿਲਾ। ਅਨਹਦ ਨਾਦੀ ਨਾਦ ਵਜਾਇਆ, ਤਾਲ ਤਲਵਾੜਾ ਆਪ ਉਠਾ। ਬੋਧ ਅਗਾਧੀ ਸ਼ਬਦ ਸੁਣਾਇਆ, ਲੇਖਾ ਲਿਖ ਸਕੇ ਕੋਇ ਨਾ। ਬ੍ਰਹਮ ਪਾਰਬ੍ਰਹਮ ਮਿਲਾਇਆ, ਏਕਾ ਮੰਦਰ ਦਏ ਬਹਾ। ਸੀਸ ਜਗਦੀਸ਼ ਹੱਥ ਰਖਾਇਆ, ਹੱਥ ਚੁੱਕੇ ਕਦੇ ਨਾ। ਨਾਮ ਹਦੀਸ ਇਕ ਪੜ੍ਹਾਇਆ, ਨਾਉਂ ਨਿਰੰਕਾਰਾ ਆਪ ਜਣਾ। ਬੀਸ ਬੀਸਾ ਪੰਧ ਮੁਕਾਇਆ, ਹੇਰਾ ਫੇਰਾ ਦੇਵੇ ਡੇਰਾ ਢਾਹ। ਸੰਞ ਸਵੇਰਾ ਇਕ ਕਰਾਇਆ, ਸੂਰਜ ਚੰਨ ਕਰ ਰੁਸ਼ਨਾ। ਚਾਰ ਵਰਨਾਂ ਬੇੜਾ ਦਏ ਬੰਨ੍ਹਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬਣਾਏ ਭੈਣ ਭਰਾ। ਨੌਂ ਖੰਡ ਪ੍ਰਿਥਮੀ ਖੇੜਾ ਦਏ ਵਸਾਇਆ, ਸੱਤਾਂ ਦੀਪਾਂ ਪਕੜੇ ਬਾਂਹ। ਏਕਾ ਮੰਤਰ ਦਏ ਸੁਣਾਇਆ, ਸੋਹੰ ਢੋਲਾ ਆਪੇ ਗਾ। ਜਗਤ ਵਿਚੋਲਾ ਵੇਸ ਵਟਾਇਆ, ਚਾਰੋਂ ਕੁੰਟ ਫੇਰੀ ਪਾ। ਪਰਦਾ ਉਹਲਾ ਦਏ ਉਠਾਇਆ, ਨਜ਼ਰੀ ਆਏ ਆਪੇ ਰਾਮ ਖ਼ੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਬੇਪਰਵਾਹ ਖੇਲ ਖਿਲੌਣਾ, ਹੇਰਾ ਫੇਰਾ ਜਗਤ ਮੁਕਾਈਆ। ਨਵ ਨੌਂ ਚਾਰ ਏਕਾ ਰੰਗ ਰੰਗੌਣਾ, ਰੂਪ ਰੰਗ ਰੇਖ ਇਕ ਬਣਾਈਆ। ਸਾਚਾ ਨਾਮ ਮਰਦੰਗ ਵਜੌਣਾ, ਘਟ ਘਟ ਸੁਣੇ ਸਰਬ ਲੋਕਾਈਆ। ਅਸਵ ਘੋੜੇ ਤੰਗ ਕਸੌਣਾ, ਸੋਲਾਂ ਕਲੀਆਂ ਆਸਣ ਪਾਈਆ। ਬ੍ਰਹਿਮੰਡ ਖੰਡ ਆਪ ਦੁੜੌਣਾ, ਲੋਆਂ ਪੁਰੀਆਂ ਵੇਖ ਵਖਾਈਆ। ਜੇਰਜ ਅੰਡ ਆਪ ਉਠੌਣਾ, ਉਤਭੁਜ ਸੇਤਜ ਦਏ ਹਿਲਾਈਆ। ਭੁੱਖ ਨੰਗ ਜਗਤ ਮਿਟੌਣਾ, ਦੁਖੀਆਂ ਦੁੱਖ ਰਹੇ ਨਾ ਰਾਈਆ। ਆਤਮ ਸੁਖ ਇਕ ਉਪਜੌਣਾ, ਘਰ ਵੱਜਦੀ ਰਹੇ ਵਧਾਈਆ। ਸੋਹੰ ਸ਼ਬਦ ਸਭ ਨੇ ਗੌਣਾ, ਭੁਲ ਰਹੇ ਨਾ ਰਾਈਆ। ਸੀਸ ਜਗਦੀਸ਼ ਸਰਬ ਝੁਕੌਣਾ, ਸਾਚਾ ਸਯਦਾ ਸਾਚੇ ਮਾਹੀਆ। ਕਲਮਾ ਅਮਾਮ ਆਪ ਪੜ੍ਹੌਣਾ, ਨਬੀ ਰਸੂਲ ਦੇਣ ਗਵਾਹੀਆ। ਕੁਤਬ ਗੌਂਸ ਸ਼ੇਖ਼ ਮੁਲਾ ਮੁਸਾਇਕ ਪੀਰ ਸਰਨੀ ਲੌਣਾ, ਸਰਨਗਤ ਇਕ ਵਖਾਈਆ। ਬੁਰਜ ਹੰਕਾਰੀ ਸਭ ਦਾ ਢੌਣਾ, ਮਾਣ ਅਭਿਮਾਣ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੇਰਾ ਫੇਰਾ ਖੇਲੇ ਖੇਲ, ਜਗਤ ਅਵੱਲੜੀ ਚਾਲ ਚਲਾਈਆ।