Granth 09 Likhat 103: 5 Jeth 2017 Bikarmi Sardara Singh de Ghar Jammu

੫ ਜੇਠ ੨੦੧੭ ਬਿਕ੍ਰਮੀ ਸਰਦਾਰਾ ਸਿੰਘ ਦੇ ਘਰ ਜੰਮੂ

ਘਰ ਮੰਦਰ ਬੰਕ ਦਵਾਰੜਾ, ਗ੍ਰਹਿ ਭੀਤਰ ਆਪ ਵਸਾਈਆ। ਘਰ ਸੱਜਣ ਮੀਤ ਮੁਰਾਰੜਾ, ਹਰਿ ਬੈਠਾ ਬੇਪਰਵਾਹੀਆ। ਘਰ ਕਰੇ ਸਚ ਪਿਆਰੜਾ, ਜਨ ਸਾਜਣ ਮੇਲ ਮਿਲਾਈਆ। ਘਰ ਚਾੜ੍ਹੇ ਰੰਗ ਅਪਾਰੜਾ, ਰੰਗ ਮਜੀਠੀ ਇਕ ਰੰਗਾਈਆ। ਘਰ ਕਰੇ ਹਰਿ ਸ਼ਿੰਗਾਰੜਾ, ਸੋਲਾਂ ਸ਼ਿੰਗਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਸੋਭਾ ਪਾਈਆ। ਗ੍ਰਹਿ ਮੰਦਰ ਹਰਿ ਹਰਿ ਸਜਿਆ, ਗੁਰਮਤ ਗੁਰ ਗਹਿਰ ਗੰਭੀਰ। ਘਰ ਮੰਦਰ ਤਾਲ ਵੱਜਿਆ, ਵਜਾਵਣਹਾਰਾ ਗੁਣੀ ਗਹੀਰ। ਘਰ ਗੜ੍ਹ ਹੰਕਾਰੀ ਭੱਜਿਆ, ਘਰ ਪਾਇਆ ਅੰਮ੍ਰਿਤ ਸੀਰ। ਘਰ ਪਰਦਾ ਆਪਣਾ ਕੱਜਿਆ, ਘਰ ਮਿਟੇ ਤਕਦੀਰ ਤਕਸੀਰ। ਘਰ ਰੱਖਣਹਾਰਾ ਲੱਜਿਆ, ਘਰ ਲੇਖਾ ਜਾਣੇ ਸ਼ਾਹ ਫ਼ਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੋਟੀ ਚੜ੍ਹ ਅਖੀਰ। ਘਰ ਮੰਦਰ ਸੋਹਣਾ ਸੋਭਾਵੰਤ, ਘਰ ਸੱਚੀ ਮਹੱਲ ਅਟਾਰੀਆ। ਘਰ ਬੈਠਾ ਸ੍ਰੀ ਭਗਵੰਤ, ਅਕਲ ਕਲ ਕਲ ਆਪਣੀ ਧਾਰੀਆ। ਘਰ ਲੇਖਾ ਆਦਿ ਅੰਤ, ਘਰ ਜੁਗ ਜੁਗ ਪੈਜ ਸਵਾਰੀਆ। ਘਰ ਸ਼ਬਦ ਅਨਡਿਠੜਾ ਮੰਤ, ਘਰ ਸ਼ਬਦ ਸੱਚੀ ਧੁਨਕਾਰੀਆ। ਘਰ ਮਹਿਮਾ ਹਰਿ ਬੇਅੰਤ, ਘਰ ਰੂਪ ਅਗੰਮ ਅਪਾਰੀਆ। ਘਰ ਮੇਲਾ ਸਾਚੇ ਕੰਤ, ਘਰ ਮੇਲਾ ਸ਼ਾਹ ਸਰਕਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਬਣੇ ਆਪ ਪੁਜਾਰੀਆ। ਗ੍ਰਹਿ ਮੰਦਰ ਘਰ ਘਰ ਪਾਠ, ਸਚ ਪੂਜਾ ਆਪ ਕਰਾਇੰਦਾ। ਘਰ ਮੰਦਰ ਮਾਰੇ ਸਰੋਵਰ ਠਾਠ, ਸਰ ਅੰਮ੍ਰਿਤ ਆਪ ਵਖਾਇੰਦਾ। ਘਰ ਨੂਰੋ ਨੂਰ ਨੁਰਾਨੀ ਜੋਤ ਲਿਲਾਟ, ਘਰ ਦੇਵੀ ਦੇਵਾ ਇਸ਼ਟ ਮਨਾਇੰਦਾ। ਘਰ ਸ਼ਬਦ ਅਨਾਹਦ ਨਾਦ, ਘਰ ਅਨਹਤ ਸੇਵ ਕਮਾਇੰਦਾ। ਘਰ ਖੇਲ ਪੁਰਖ ਸਮਰਾਥ, ਘਰ ਢੋਲ ਮਰਦੰਗ ਵਜਾਇੰਦਾ। ਘਰ ਉਪਜਾਏ ਸਾਚੀ ਗਾਥ, ਘਰ ਬੋਧ ਅਗਾਧ ਸੁਣਾਇੰਦਾ। ਘਰ ਮੇਲ ਤ੍ਰਲੋਕੀ ਨਾਥ, ਘਰ ਸਖੀਆਂ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਇਕ ਸੁਹਾਇੰਦਾ। ਘਰ ਮੰਦਰ ਸੋਹੇ ਬੰਕ, ਹਰਿ ਸਾਚਾ ਆਪ ਸੁਹਾਇੰਦਾ। ਘਰ ਬੁਝਾਏ ਏਕਾ ਅੰਕ, ਏਕਾ ਅੱਖਰ ਨਾਮ ਪੜ੍ਹਾਇੰਦਾ। ਘਰ ਮੇਟੇ ਭਰਮਾ ਸ਼ੰਕ, ਸਹਿੰਸਾ ਰੋਗ ਆਪ ਚੁਕਾਇੰਦਾ। ਘਰ ਭਗਤ ਬਣਾਏ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇੰਦਾ। ਘਰ ਮੇਲਾ ਵਾਸੀ ਪੁਰੀ ਘਨਕ, ਘਨੀ ਸ਼ਾਮ ਵੇਖ ਵਖਾਇੰਦਾ। ਘਰ ਜੋਤੀ ਸ਼ਬਦੀ ਲਾਏ ਤਨਕ, ਘਰ ਤ੍ਰੀਮਤ ਤੁਰੀਆ ਵੇਸ ਵਟਾਇੰਦਾ। ਘਰ ਮਰਦੰਗ ਵਜਾਏ ਡੰਕ, ਡੌਰੂ ਆਪਣੇ ਹੱਥ ਉਠਾਇੰਦਾ। ਘਰ ਲੇਖਾ ਘਰ ਸਾਚਾ ਅੰਕ, ਨਿਤ ਨਵਿਤ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਗ੍ਰਹਿ ਮੰਦਰ ਹਰਿ ਫੋਲਿਆ, ਊਚਾ ਬੰਕ ਦਵਾਰ। ਸਾਚੇ ਕੰਡੇ ਆਪੇ ਤੋਲਿਆ, ਪੁਰਖ ਅਬਿਨਾਸ਼ੀ ਤੋਲਣਹਾਰ। ਆਪਣੀ ਧਾਰਾ ਆਪੇ ਬੋਲਿਆ, ਸੋਹੰ ਸ਼ਬਦ ਸਚ ਜੈਕਾਰ। ਗ੍ਰਹਿ ਮੰਦਰ ਕਦੇ ਨਾ ਡੋਲਿਆ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਜਨ ਭਗਤਾਂ ਅੰਦਰ ਆਪੇ ਮੌਲਿਆ, ਨਿਰਗੁਣ ਜੋਤ ਕਰ ਉਜਿਆਰ। ਅੰਮ੍ਰਿਤ ਭਰੇ ਸਾਚਾ ਕਵਲਿਆ, ਉਲਟੀ ਨਾਭੀ ਦਏ ਫੁਹਾਰ। ਆਪੇ ਹੋਏ ਕਲਾ ਸੋਲਿਆ, ਆਪੇ ਕਲ ਕਲਕੀ ਲਏ ਅਵਤਾਰ। ਆਪੇ ਬਦਲੇ ਆਪਣਾ ਚੋਲਿਆ, ਚੋਲੇ ਰੰਗੇ ਗੁਰਮੁਖ ਮੀਤ ਮੁਰਾਰ। ਆਪ ਮਿਟਾਏ ਪਰਦਾ ਉਹਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਬੰਕ ਸੱਚਾ ਘਰ ਬਾਰ। ਘਰ ਬਾਰ ਹਰਿ ਹਰਿ ਪੇਖਿਆ, ਕਾਇਆ ਗੜ੍ਹ ਮਹੱਲ। ਆਪੇ ਲਿਖਣਹਾਰਾ ਲੇਖਿਆ, ਬੈਠਾ ਨੇਹਚਲ ਧਾਮ ਅਟੱਲ। ਆਪੇ ਲੇਖਾ ਜਾਣੇ ਦਸ ਦਸਮੇਸਿਆ, ਆਪੇ ਭਰਮ ਭੁਲੇਖਾ ਪਾਏ ਵਲ ਛਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦੁਆਰਾ ਆਪੇ ਬੈਠਾ ਮੱਲ। ਬੰਕ ਦੁਆਰਾ ਸਚ ਸਿੰਘਾਸਣ, ਹਰਿ ਹਰਿ ਸਾਚਾ ਸੋਭਾ ਪਾਈਆ। ਕਰੇ ਖੇਲ ਪ੍ਰਿਥਮੀ ਅਕਾਸ਼ਣ, ਸ਼ਾਹ ਸ਼ਾਬਾਸ਼ਣ ਵਡ ਵਡਿਆਈਆ। ਹਰਿਜਨ ਲੇਖਾ ਜਾਣੇ ਰਸਨ ਸਵਾਸਣ, ਅੰਤਰ ਆਤਮ ਬੂਝ ਬੁਝਾਈਆ। ਨਿਝ ਘਰ ਆਤਮ ਕਰ ਕਰ ਵਾਸਣ, ਘਰ ਮੰਦਰ ਦਏ ਸੁਹਾਈਆ। ਹਰਿ ਭਗਤ ਨਾ ਹੋਏ ਕਦੇ ਉਦਾਸਣ, ਚਿੰਤਾ ਸੋਗ ਨਾ ਕੋਈ ਵਖਾਈਆ। ਮਾਨਸ ਜਨਮ ਕਰੇ ਰਹਿ ਰਾਸਨ, ਅਜੂਨੀ ਅਜੂਨ ਨਾ ਕੋਈ ਭਵਾਈਆ। ਭਗਤ ਸੁਹੇਲਾ ਸਦਾ ਦਾਸੀ ਦਾਸਣ, ਦਿਵਸ ਰੈਣ ਪੀਸਣ ਪੀਸ ਸੇਵ ਕਮਾਈਆ। ਹਰਿਜਨ ਸਾਚੇ ਸਦ ਬਲ ਬਲ ਜਾਸਣ, ਜਿਸ ਪਾਇਆ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਘਰ ਕਰੇ ਪਵਿਤ, ਅੰਮ੍ਰਿਤ ਰਸ ਸਾਚਾ ਸਿੰਚ, ਫਲ ਫੁੱਲ ਫੁਲਵਾੜੀ ਆਪ ਮਹਿਕਾਈਆ।