Granth 10 Likhat 118: 17 Jeth 2018 Bikarmi Sai Das de Ghar Pind Jhande Tehsil Akhnoor Jila Jammu

੧੭ ਜੇਠ ੨੦੧੮ ਬਿਕ੍ਰਮੀ ਸਾਈਂ ਦਾਸ ਦੇ ਘਰ ਪਿੰਡ ਝੰਡੇ ਤਹਸੀਲ ਅਖਨੂਰ ਜ਼ਿਲਾ ਜੰਮੂ

ਚਰਨ ਧੂੜ ਗੁਰ ਸਤਿਗੁਰ ਮਜਨ, ਜਨਮ ਜਨਮ ਮੈਲ ਗਵਾਈਆ। ਅਗਨੀ ਅੱਗ ਛੁਡਾਏ ਸਾਚਾ ਸੱਜਣ, ਸੀਤਲ ਸਤਿ ਸਾਂਤ ਕਰਾਈਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਆਪ ਤਰਾਈਆ। ਨੇਤਰ ਨਾਮ ਨਰਾਇਣ ਪਾਏ ਅੰਜਨ, ਜਗਤ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਸ਼ ਕਰੇ ਸੱਚੀ ਸਰਨਾਈਆ। ਸਰਨ ਸਰਨਾਈ ਹਰਿ ਸਰਨਾਗਤ, ਸਰਨ ਚਰਨ ਆਪ ਬਹਾਇੰਦਾ। ਲੇਖਾ ਚੁਕਾਏ ਜਗਤ ਮਨਮਤ, ਗੁਰਮਤ ਏਕਾ ਰਾਹ ਵਖਾਇੰਦਾ। ਸਤਿ ਸੰਤੋਖ ਧੀਰਜ ਜਤ, ਹਠ ਤਪ ਆਪ ਕਰਾਇੰਦਾ। ਚਰਨ ਕਵਲ ਬੰਧਾਏ ਨਤ, ਜਗ ਵਿਛੜੇ ਜੋੜ ਜੁੜਾਇੰਦਾ। ਮਾਰਗ ਪਰਮਾਰਥ ਏਕਾ ਦੱਸ, ਸੋਹੰ ਮੰਤਰ ਸਚ ਸਮਝਾਇੰਦਾ। ਲੋਕਮਾਤ ਚਲਾਇਆ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਹਰਿਜਨ ਸਾਜਨ ਕਰ ਇਕੱਠ, ਬੇੜਾ ਆਪਣਾ ਆਪ ਬਣਾਇੰਦਾ। ਏਕਾ ਚੱਪੂ ਏਕਾ ਵਾਰ ਦੇਵੇ ਘਤ, ਡੂੰਘੇ ਸਾਗਰ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਦਰਸਾਇੰਦਾ। ਚਰਨ ਕਵਲ ਗੁਰ ਠਾਂਡਾ ਦਰਬਾਰਾ, ਅੰਮ੍ਰਿਤ ਮੇਘ ਧਾਰ ਬਰਸਾਈਆ। ਜਗਤ ਵਿਕਾਰ ਨਾ ਤਪੇ ਅੰਗਿਆਰਾ, ਕੂੜੀ ਕਿਰਿਆ ਨਾ ਕੋਈ ਵਖਾਈਆ। ਮਮਤਾ ਮੋਹ ਨਾ ਕੋਈ ਵਿਕਾਰਾ, ਜੂਠ ਝੂਠ ਨਾ ਕੋਇ ਵਡਿਆਈਆ। ਏਕਾ ਮੰਦਰ ਇਕ ਦਵਾਰਾ, ਏਕਾ ਠਾਕਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਦਏ ਸਮਝਾਈਆ। ਹਰਿ ਠਾਕਰ ਬ੍ਰਹਮ ਬ੍ਰਾਹਮਣ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਤਿ ਸਰੂਪੀ ਬਣ ਬਣ ਜ਼ਾਮਨ, ਸਗਲਾ ਸੰਗ ਆਪ ਨਿਭਾਇੰਦਾ। ਨਾਮ ਨਿਧਾਨ ਫੜਾਏ ਦਾਮਨ, ਦਾਮਨਗੀਰ ਖੇਲ ਖਿਲਾਇੰਦਾ। ਲੇਖਾ ਜਾਣੇ ਦੋ ਜਹਾਨਨ, ਦੋਏ ਦੋਏ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਆਪ ਮਿਲਾਇੰਦਾ। ਚਰਨ ਕਵਲ ਗੁਰ ਸਾਚੀ ਧੂੜ, ਧੁਰ ਮਸਤਕ ਮਿਲੇ ਵਡਿਆਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਬੁਧ ਬਿਬੇਕ ਆਪ ਕਰਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਇਕ ਵਖਾਈਆ। ਜੋਤੀ ਜਾਤਾ ਬਖ਼ਸ਼ੇ ਨੂਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਹੋਏ ਪਰਕਾਸ਼ ਜਿਉਂ ਕੋਹਤੂਰ, ਜਲਵਾ ਆਪਣਾ ਆਪ ਵਖਾਈਆ। ਹਰਿਜਨ ਹਰਿ ਹਰਿ ਸਦਾ ਹਜ਼ੂਰ, ਵਿਛੜ ਕਦੇ ਨਾ ਜਾਈਆ। ਜਨਮ ਜਨਮ ਆਸਾ ਮਨਸਾ ਪੂਰ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਵਸਣਹਾਰਾ ਨੇੜੇ ਦੂਰ, ਨਿਜ ਘਰ ਬੈਠਾ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਹਰਿਜਨ ਮੇਲ ਮਿਲਾਈਆ। ਹਰਿ ਚਰਨ ਮੇਲਾ ਗੁਰ ਗੁਰ ਰੰਗ, ਗੁਰਮਤੀ ਗੁਰ ਮਿਲਾਇੰਦਾ। ਆਤਮ ਸੇਜ ਰੰਗੀਲਾ ਪਲੰਘ, ਸ਼ਬਦ ਸਿੰਘਾਸਣ ਸੋਭਾ ਪਾਇੰਦਾ। ਅਨਹਦ ਨਾਦ ਅਗੰਮੀ ਮਰਦੰਗ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤ ਉਜਾਲਾ ਆਪ ਰਖਾਇੰਦਾ। ਜਗਤ ਸੁਣਾਏ ਸੁਹਾਗੀ ਛੰਦ, ਬਿਨ ਰਸਨਾ ਜਿਹਵਾ ਗਾਇੰਦਾ। ਹਰਿਜਨ ਆਪ ਉਪਜਾਏ ਪਰਮਾਨੰਦ, ਅਨੰਦ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਕਵਲ ਹਰਿਜਨ ਦੇਵੇ ਬੰਨ੍ਹ, ਏਕਾ ਆਪਣਾ ਬੰਧਨ ਪਾਇੰਦਾ। ਬੰਧਨ ਬੰਧ ਪਾਏ ਨਾਮ ਡੋਰ, ਸਾਚਾ ਵਟ ਆਪ ਚੜ੍ਹਾਈਆ। ਅੰਦਰ ਵੜ ਵੜ ਵੇਖੇ ਪੰਜ ਚੋਰ, ਚੋਰੀ ਚੋਰ ਖੇਲ ਖਿਲਾਈਆ। ਵੇਖ ਵਖਾਏ ਅੰਧ ਘੋਰ, ਘੁੱਪ ਅੰਧੇਰਾ ਫੇਰਾ ਪਾਈਆ। ਸ਼ਬਦ ਰਖਾਏ ਸਾਚਾ ਘੋੜ, ਘਰ ਘਰ ਆਪੇ ਰਿਹਾ ਦੌੜਾਈਆ। ਮਨਮਤ ਨਾ ਪਾਏ ਸ਼ੋਰ, ਹਿੰਸਾ ਹਿੱਸਾ ਨਾ ਕੋਈ ਵੰਡਾਈਆ। ਜਿਸ ਜਨ ਆਪਣੇ ਸੰਗ ਲਏ ਤੋਰ, ਤਿਸ ਆਪਣੇ ਰੰਗ ਰੰਗਾਈਆ। ਚਰਨ ਕਵਲ ਪ੍ਰੀਤੀ ਸਾਚੀ ਜੋੜ, ਜੀਵਣ ਜੁਗਤ ਦਏ ਜਣਾਈਆ। ਸੋਹੰ ਸ਼ਬਦ ਚੁਕਾਏ ਤੋਰ ਮੋਰ, ਸੋਹੰ ਰੂਪ ਸਰਬ ਸ੍ਰਿਸ਼ਟ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਜੈਕਾਰਾ ਏਕਾ ਬੋਲ, ਗੁਰਮੁਖ ਗੁਰਸਿਖ ਹਰਿ ਭਗਤ ਹਰਿਜਨ ਤੇਰਾ ਹੋਏ ਅੰਤ ਸਹਾਈਆ। ਗੁਰਮੁਖ ਗੁਰ ਸਦਾ ਅਧੀਨ, ਨਿਰਧਨ ਰੂਪ ਰਖਾਇੰਦਾ। ਗੁਰਮੁਖ ਗੁਰ ਮੇਲ ਜਿਉਂ ਜਲ ਮੀਨ, ਮੀਨ ਆਪਣੀ ਗਤ ਬਣਾਇੰਦਾ। ਗੁਰਮੁਖ ਗੁਰ ਸਦਾ ਵਸਣ ਲੋਕ ਪਾਰ ਤੀਨ, ਤ੍ਰੈ ਤ੍ਰੈ ਲੇਖਾ ਆਪ ਚਮਕਾਇੰਦਾ। ਗੁਰਮੁਖ ਗੁਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਰੰਗਾਏ ਏਕਾ ਵਖਾਏ ਸਾਚਾ ਦੀਨ, ਦੀਨ ਦੁਨੀ ਵੇਖ ਵਖਾਇੰਦਾ। ਗੁਰਮੁਖ ਗੁਰ ਹਰਿ ਹਰਿ ਧਾਰ, ਹਰਿ ਸਾਚਾ ਆਪ ਪੜ੍ਹਾਈਆ। ਜਗਤ ਜੁਗਤ ਜਗ ਕਰ ਵਿਚਾਰ, ਸਾਚਾ ਜੋੜਾ ਜੋੜ ਜੁੜਾਈਆ। ਗ੍ਰਹਿ ਮੰਦਰ ਕਰ ਪਸਾਰ, ਘਟ ਆਸਣ ਦਏ ਸੁਹਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਸਾਚਾ ਸਾਕੀ ਭਰ ਪਿਆਲ, ਨਾਮ ਪਿਆਲਾ ਦਏ ਪਿਲਾਈਆ। ਖੋਲ੍ਹੇ ਤਾਕ ਬੰਦ ਕਿਵਾੜ, ਆਪਣਾ ਪਰਦਾ ਆਪ ਉਠਾਈਆ। ਦਰਸ ਦਿਖਾਏ ਏਕਾ ਵਾਰ, ਏਕਾ ਦ੍ਰਿਸ਼ਟ ਦਏ ਖਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਰੂਪ ਸਮਾਈਆ। ਗੁਰਸਿਖ ਗੁਰ ਰੂਪ ਸਮਾਇਆ, ਗੁਰ ਗੁਰ ਰੂਪ ਆਪ ਵਟਾਈਆ। ਗੁਰਸਿਖ ਗੁਰ ਸਾਚਾ ਪਾਇਆ, ਗੁਰ ਸਾਚਾ ਸਿਖ ਉਪਜਾਈਆ। ਗੁਰਸਿਖ ਮਸਤਕ ਲੇਖ ਲਿਖਾਇਆ, ਗੁਰ ਗੁਰ ਲੇਖਾ ਰਿਹਾ ਮੁਕਾਈਆ। ਗੁਰਸਿਖ ਦਰਸ਼ਨ ਨੇਤਰ ਪੇਖ ਦਰਸ਼ਨ ਪਾਇਆ, ਗੁਰ ਗੁਰ ਦਰਸ ਰਿਹਾ ਵਖਾਈਆ। ਗੁਰਸਿਖ ਵਿਚੋਲਾ ਇਕ ਬਣਾਇਆ, ਗੁਰ ਸਤਿਗੁਰ ਨਾ ਮਰੇ ਨਾ ਜਾਈਆ। ਜਿਸ ਨੇ ਢੋਲਾ ਸਾਚਾ ਗਾਇਆ, ਹੰ ਬ੍ਰਹਮ ਵੱਜੇ ਵਧਾਈਆ। ਪਾਰਬ੍ਰਹਮ ਬ੍ਰਹਮ ਹੋਏ ਸੁਹਾਇਆ, ਸਗਲੀ ਚਿੰਤ ਮਿਟਾਈਆ। ਕਰੇ ਖੇਲ ਬਣ ਬਣ ਦਾਈ ਦਾਇਆ, ਨਜ਼ਰ ਕਿਸੇ ਨਾ ਆਈਆ। ਹਰਿਜਨ ਸਾਚੇ ਲਏ ਮਿਲਾਇਆ, ਗੁਰਸਿਖ ਗੁਰ ਗੁਰ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਏਕਾ ਘਰ, ਘਰ ਮੰਦਰ ਇਕ ਵਡਿਆਈਆ। ਘਰ ਮੰਦਰ ਗੁਰ ਚਰਨ ਦਵਾਰਾ, ਸਚਖੰਡ ਨਿਵਾਸੀ ਆਪ ਜਣਾਇੰਦਾ। ਬਿਨ ਗੁਰ ਉਤਰੇ ਨਾ ਕੋਈ ਪਾਰਾ, ਗੁਰ ਸਗਲਾ ਸੰਗ ਨਿਭਾਇੰਦਾ। ਜੁਗਾ ਜੁਗੰਤਰ ਹੋ ਉਜਿਆਰਾ, ਲੋਕਮਾਤ ਖੇਲ ਖਿਲਾਇੰਦਾ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਆਪਣਾ ਘਾਟ ਆਪਣਾ ਪੱਤਣ ਆਪ ਬਣਾਇੰਦਾ। ਸੰਤ ਸੁਹੇਲੇ ਫੜ ਫੜ ਮੇਲੇ ਦਰ ਦਵਾਰਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ ਬਾਰਾ, ਚਰਨ ਕਵਲ ਦਏ ਸਹਾਰਾ, ਧੂੜੀ ਮਸਤਕ ਟਿੱਕਾ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਦਾਤਾਰਾ, ਦਰਦ ਦੁਖੀਆਂ ਆਪ ਵੰਡਾਇੰਦਾ।