Granth 10 Likhat 119: 17 Jeth 2018 Bikarmi Dharam Chand de Ghar Pind Bale wal Jammu

੧੭ ਜੇਠ ੨੦੧੮ ਧਰਮ ਚੰਦ ਦੇ ਘਰ ਪਿੰਡ ਬਾਲੇ ਵਾਲ ਜੰਮੂ

ਸੋ ਪੁਰਖ ਨਿਰੰਜਣ ਸਦਾ ਮਿਹਰਵਾਨ, ਆਦਿ ਅੰਤ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਰੂਪ ਮਹਾਨ, ਰੂਪ ਅਨੂਪ ਆਪ ਪਰਗਟਾਇੰਦਾ। ਏਕੰਕਾਰਾ ਵਸਣਹਾਰਾ ਸਚ ਮਕਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਨੁਰਾਨ, ਜੋਤ ਉਜਾਲਾ ਆਪ ਕਰਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਦੋ ਜਹਾਨ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਸਚ ਨਿਸ਼ਾਨ, ਸਚ ਦਵਾਰੇ ਆਪ ਝੁਲਾਇੰਦਾ। ਥਿਰ ਘਰ ਸਾਚੇ ਹੋ ਪਰਧਾਨ, ਆਪ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਵੇਸ ਵਟਾਇੰਦਾ। ਆਦਿ ਪੁਰਖ ਵਡ ਹਰਿ ਦਾਨਾ, ਆਪਣੀ ਦਇਆ ਕਮਾਈਆ। ਸਚਖੰਡ ਦਵਾਰੇ ਹੋ ਪਰਧਾਨਾ, ਸਾਚੇ ਤਖ਼ਤ ਸੋਭਾ ਪਾਈਆ। ਏਕਾ ਹੁਕਮ ਧੁਰ ਫ਼ਰਮਾਨਾ, ਆਪਣੀ ਇਛਿਆ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਜੋਤ ਸ਼ਬਦ ਹਰਿ ਹਰਿ ਧਾਰ, ਨਿਰਗੁਣ ਖੇਲ ਖਿਲਾਇਆ। ਅਲਖ ਅਗੋਚਰ ਅਗੰਮ ਅਪਾਰ, ਅਗੰਮ ਅਗੰਮੜਾ ਵੇਸ ਵਟਾਇਆ। ਸਚ ਸਿੰਘਾਸਣ ਪੁਰਖ ਨਾਰ, ਸੇਜ ਸੁਹੰਜਣੀ ਆਪ ਹੰਢਾਇਆ। ਪੂਤ ਸਪੂਤਾ ਦਏ ਅਧਾਰ, ਨਿਸ਼ਅੱਖਰ ਰੂਪ ਵਟਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਤ੍ਰੈ ਮੇਲਾ ਇਕ ਮਿਲਾਇਆ। ਤ੍ਰੈਗੁਣ ਦੇਵੇ ਵਸਤ ਭੰਡਾਰ, ਪੰਜ ਤੱਤ ਝੋਲੀ ਆਪ ਭਰਾਇਆ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਆਸਣ ਲਾਇਆ। ਘਰ ਵਿਚ ਘਰ ਖੇਲ ਨਿਆਰ, ਸਾਚਾ ਮੰਦਰ ਆਪ ਉਪਾਇਆ। ਨਿਰਗੁਣ ਬਾਤੀ ਕਰ ਉਜਿਆਰ, ਕਮਲਾ ਪਾਤੀ ਆਪ ਟਿਕਾਇਆ। ਸਰ ਸਰੋਵਰ ਭਰ ਭੰਡਾਰ, ਕਵਲ ਨਾਭੀ ਜਲ ਰਖਾਇਆ। ਧੁੰਨ ਅਨਾਦ ਸੱਚੀ ਧੁੰਨਕਾਰ, ਅਨਹਦ ਨਾਦ ਅਲਾਇਆ। ਡੂੰਘੀ ਭਵਰੀ ਖੇਲ ਅਪਾਰ, ਸੁਖਮਨ ਟੇਢੀ ਬੰਕ ਬਣਾਇਆ। ਈੜਾ ਪਿੰਗਲ ਪਹਿਰੇਦਾਰ, ਦਰ ਦਵਾਰੇ ਆਪ ਸੁਹਾਇਆ। ਕਰੇ ਖੇਲ ਅਪਰ ਅਪਾਰ, ਘਰ ਘਰ ਮੇਲਾ ਭੇਵ ਨਾ ਰਾਇਆ। ਪੰਚ ਵਿਕਾਰਾ ਭਰ ਭੰਡਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਆਸਾ ਤ੍ਰਿਸਨਾ ਦਏ ਅਧਾਰ, ਮਾਇਆ ਮਮਤਾ ਮੋਹ ਨਾਲ ਮਿਲਾਇਆ। ਹਉਮੇਂ ਹੰਗਤਾ ਗੜ੍ਹ ਬਣ ਹੰਕਾਰ, ਪੰਜ ਤੱਤ ਖੇੜਾ ਆਪ ਸੁਹਾਇਆ। ਨਿਰਗੁਣ ਸਰਗੁਣ ਕਰੇ ਵਿਚਾਰ, ਨਿਰਗੁਣ ਆਪਣਾ ਮੁਖ ਛੁਪਾਇਆ। ਆਤਮ ਬ੍ਰਹਮ ਹੋ ਉਜਿਆਰ, ਪਾਰਬ੍ਰਹਮ ਪ੍ਰਭ ਵੇਸ ਵਟਾਇਆ। ਈਸ਼ ਜੀਵ ਖੇਲ ਨਿਆਰ, ਜਗਦੀਸ ਆਪ ਖਿਲਾਇਆ। ਆਪਣੀ ਇਛਿਆ ਸੁਰਤੀ ਦਏ ਭੰਡਾਰ ਵਸਤ ਅਮੋਲਕ ਝੋਲੀ ਪਾਇਆ। ਲੱਖ ਚੁਰਾਸੀ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਿਲਾਇਆ। ਏਕਾ ਹੁਕਮ ਸੱਚੀ ਸਰਕਾਰ, ਧੁਰ ਫ਼ਰਮਾਨਾ ਸ਼ਬਦ ਸੁਣਾਇਆ। ਲਿਖਣ ਪੜ੍ਹਨ ਤੋਂ ਵਸੇ ਬਾਹਰ, ਲੇਖਾ ਲੇਖ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਉਂ ਲਏ ਪਰਗਟਾਇਆ। ਏਕਾ ਨਾਉਂ ਹਰਿ ਪਰਗਟਾ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਆਪਣਾ ਬੇੜਾ ਆਪ ਚਲਾ, ਖੇਵਟ ਖੇਟਾ ਆਪ ਹੋ ਜਾਇੰਦਾ। ਆਪਣਾ ਮਾਰਗ ਆਪੇ ਲਾ, ਹਰਿ ਹਰਿ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਆਪ ਸਮਝਾਇੰਦਾ। ਏਕਾ ਗੁਰ ਹਰਿ ਸ਼ਬਦ ਧਾਰ, ਦੂਸਰ ਗੁਰ ਨਾ ਕੋਈ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਲੋਕਮਾਤ ਹੋ ਉਜਿਆਰ, ਵੇਸ ਅਨੇਕਾ ਰੂਪ ਵਟਾਈਆ। ਪੰਜ ਤੱਤ ਕਰੇ ਪਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਈਆ। ਆਤਮ ਬ੍ਰਹਮ ਪਾਰਬ੍ਰਹਮ ਲੇਖਾ ਏਕਾ ਘਰ ਬਾਰ, ਗੁਰ ਚੇਲਾ ਰੂਪ ਧਰਾਈਆ। ਏਕਾ ਨਾਦ ਸ਼ਬਦ ਧੁਨਕਾਰ, ਧੁਰ ਫ਼ਰਮਾਨਾ ਆਪ ਸੁਣਾਈਆ। ਲੱਖ ਚੁਰਾਸੀ ਜੀਵਾਂ ਜੰਤਾਂ ਕਰੇ ਖ਼ਬਰਦਾਰ, ਸੋਈ ਸੁਰਤੀ ਸਰਬ ਉਠਾਈਆ। ਭਗਤ ਭਗਵੰਤ ਲਏ ਅਧਾਰ, ਸਾਚੇ ਸੰਤ ਮੇਲ ਮਿਲਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਗੁਰਸਿਖ ਅੰਮ੍ਰਿਤ ਆਤਮ ਪਿਆਏ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਜੁਗ ਜੁਗ ਵੰਡ ਪੁਰਖ ਸਮਰਥ, ਲੋਕਮਾਤ ਆਪ ਵੰਡਾਇੰਦਾ। ਲੱਖ ਚੁਰਾਸੀ ਚਲਾਏ ਰਥ, ਘਟ ਘਟ ਆਪਣਾ ਆਸਣ ਲਾਇੰਦਾ। ਸਤਿ ਸਰੂਪੀ ਪਾਈ ਨਥ, ਚਾਰੋਂ ਕੁੰਟ ਆਪ ਭਵਾਇੰਦਾ। ਸ਼ਬਦ ਅਗੰਮੀ ਏਕਾ ਦੱਸ, ਏਕਾ ਰਾਹ ਵਖਾਇੰਦਾ। ਹਿਰਦੇ ਅੰਦਰ ਆਪੇ ਵਸ, ਹਰਿਜਨ ਸਾਚੇ ਮੇਲ ਮਿਲਾਇੰਦਾ। ਤੀਰ ਨਿਰਾਲਾ ਮਾਰੇ ਕਸ, ਤਿਖੀ ਮੁੱਖੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਨਾਉਂ ਆਪ ਧਰਾਇੰਦਾ। ਸਾਚਾ ਨਾਉਂ ਹਰਿ ਨਿਰੰਕਾਰਾ, ਸਤਿਜੁਗ ਤ੍ਰੇਤਾ ਆਪ ਉਪਜਾਈਆ। ਰਾਮਾ ਕ੍ਰਿਸ਼ਨਾ ਹੋ ਉਜਿਆਰਾ, ਦੁਸ਼ਟ ਹੰਕਾਰੀ ਦਏ ਖਪਾਈਆ। ਏਕਾ ਇਸ਼ਟ ਦ੍ਰਿਸ਼ਟ ਵਿਚ ਸੰਸਾਰਾ, ਜੀਵਾਂ ਜੰਤਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਅਵੱਲਾ ਇਕ ਇਕੱਲਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ। ਕਲਜੁਗ ਵੇਖੇ ਜਗਤ ਮਹੱਲਾ, ਲੋਕਮਾਤ ਵੇਸ ਵਟਾਇੰਦਾ। ਨਾਉਂ ਰਖਾਏ ਨੂਰੀ ਅੱਲਾ, ਅਲਾਹੀ ਨੂਰ ਆਪ ਹੋ ਜਾਇੰਦਾ। ਮੁਕਾਮੇ ਹੱਕ ਪਰਵਰਦਿਗਾਰ ਸਚ ਮਹੱਲਾ ਏਕਾ ਮੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਸੰਦੇਸ਼ ਅਲਾਹੀ ਕਲਾਮ ਸਚ ਅਮਾਮ ਏਕਾ ਘੱਲਾ, ਕਾਇਨਾਤ ਆਪ ਸੁਣਾਇੰਦਾ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸਾਇਕ ਪੀਰ ਫੜਾਏ ਪੱਲਾ, ਵਾਹਿਦ ਆਪਣਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੁਰਸ਼ਦ ਰੂਪ ਵਟਾਇੰਦਾ। ਏਕਾ ਮੁਰਸ਼ਦ ਬਿਸਮਲ ਧਾਰ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਮੁਕਾਮੇ ਹੱਕ ਬੈਠਾ ਸਾਂਝਾ ਯਾਰ, ਸ਼ਰਅ ਸ਼ਰੀਅਤ ਇਕ ਜਣਾਈਆ। ਸਚ ਤੌਫ਼ੀਕ਼ ਪਰਵਰਦਿਗਾਰ, ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਵਡਿਆਈਆ। ਚੌਦਾਂ ਤਬਕਾਂ ਹੋ ਉਜਿਆਰ, ਇਕ ਸੰਦੇਸ ਨਰ ਨਰੇਸ਼ ਦਰ ਮੁਹੰਮਦ ਦਏ ਪੁਚਾਈਆ। ਜਬਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਬਣ ਹੰਕਾਰ, ਸਚ ਸੰਦੇਸਾ ਇਕ ਸੁਣਾਈਆ। ਏਕਾ ਨਾਦ ਸ਼ਬਦ ਧੁੰਨਕਾਰ, ਏਕਾ ਮੁਰਸ਼ਦ ਵਿਚ ਸੰਸਾਰ, ਮੁਰੀਦ ਏਕਾ ਰੂਪ ਦਰਸਾਈਆ। ਏਕਾ ਜੋਤੀ ਜੋਤ ਉਜਿਆਰ, ਵਰਨ ਗੋਤ ਤੇ ਵਸੇ ਬਾਹਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਾਨਕ ਪੰਜ ਤੱਤ ਆਕਾਰ, ਸ਼ਬਦ ਜਣਾਏ ਸੱਚੀ ਧੁੰਨਕਾਰ, ਨਾਮ ਸਤਿ ਕਰੇ ਪੜ੍ਹਾਈਆ। ਬ੍ਰਹਮ ਮਤ ਸਰਬ ਸੰਸਾਰ, ਹਰ ਘਟ ਦਿਸੇ ਓਅੰਕਾਰ, ਏਕੰਕਾਰਾ ਆਪਣਾ ਰੂਪ ਦਰਸਾਈਆ। ਜੋਤੀ ਜਾਤਾ ਪੁਰਖ ਬਿਧਾਤਾ ਭੇਵ ਅਭੇਦਾ ਇਕ ਇਕਾਂਤਾ, ਏਕਾ ਮੰਦਰ ਸੋਭਾ ਪਾਈਆ। ਚਾਰ ਵਰਨਾਂ ਏਕਾ ਨਾਤਾ, ਛੱਤ੍ਰੀ ਬ੍ਰਾਹਿਮਣ ਸ਼ੂਦਰ ਵੈਸ਼ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਘਰ ਵਖਾਈਆ। ਮਨਮਤ ਜਗਤ ਨਾਰ ਦੁਹਾਗਣ ਕਮਜ਼ਾਤਾ, ਚਾਰੋਂ ਕੁੰਟ ਕੂਕੇ ਦਏ ਦੁਹਾਈਆ। ਏਕਾ ਨਾਮ ਏਕਾ ਗਾਥਾ, ਏਕਾ ਸ਼ਬਦ ਦਏ ਸਮਝਾਈਆ। ਏਕਾ ਪੂਜਾ ਏਕਾ ਪਾਠਾ, ਏਕਾ ਇਸ਼ਟ ਦਏ ਵਖਾਈਆ। ਏਕਾ ਰਾਮ ਨਿਭਾਏ ਸਗਲਾ ਸਾਥਾ, ਵਿਛੜ ਕਦੇ ਨਾ ਜਾਈਆ। ਏਕਾ ਕ੍ਰਿਸ਼ਨਾ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਈਆ। ਏਕਾ ਈਸਾ ਮੂਸਾ ਸਯਦਾ ਨਿਉਂ ਨਿਉਂ ਕਰੇ ਮਾਥਾ, ਸੀਸ ਜਗਦੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਗੁਰ ਦਏ ਵਡਿਆਈਆ। ਏਕਾ ਗੁਰ ਹਰਿ ਸਮਝਾਇੰਦਾ, ਨਿਰਗੁਣ ਨਾਨਕ ਮੇਲ ਮਿਲਾ। ਸ਼ਬਦੀ ਡੰਕ ਮਾਤ ਵਜਾਇੰਦਾ, ਜੀਵਾਂ ਜੰਤਾਂ ਦੇਵੇ ਸਚ ਸਲਾਹ। ਹਰਿ ਕਾ ਨਾਮ ਜੋ ਜਨ ਧਿਆਇੰਦਾ, ਪੁਰਖ ਅਬਿਨਾਸ਼ੀ ਵੇਲੇ ਅੰਤ ਹੋਏ ਸਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਦਸ ਦਸ ਜਾਮੇ ਰੂਪ ਲਏ ਵਟਾ। ਏਕਾ ਜੋਤ ਜੋਤ ਜਗਾ, ਜੋਤੀ ਜਾਤਾ ਖੇਲ ਖਿਲਾਇੰਦਾ। ਗੋਬਿੰਦ ਪੂਤ ਸਪੂਤਾ ਆਪ ਉਠਾ, ਪੁਰਖ ਅਕਾਲ ਦਇਆ ਕਮਾਇੰਦਾ। ਧੁਰ ਫ਼ਰਮਾਨਾ ਹੁਕਮ ਜਣਾ, ਸਾਚੀ ਸੇਵਾ ਸਚ ਲਗਾਇੰਦਾ। ਏਕਾ ਅੰਮ੍ਰਿਤ ਦਏ ਪਿਆ, ਸਚ ਪਿਆਲਾ ਹੱਥ ਰਖਾਇੰਦਾ। ਦੀਨ ਦਿਆਲਾ ਸਿਰ ਹੱਥ ਟਿਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਸੁਤ ਦੁਲਾਰਾ ਗੋਬਿੰਦ ਜਾਇਆ, ਪੁਰਖ ਅਕਾਲ ਦਇਆ ਕਮਾਈਆ। ਏਕਾ ਹੁਕਮ ਧੁਰ ਸੁਣਾਇਆ, ਜੀਵਾਂ ਜੰਤਾਂ ਸੇਵ ਕਮਾਈਆ। ਜੀਵਾਂ ਜੰਤਾਂ ਏਕਾ ਅੰਕ ਮਿਲਾਇਆ, ਦੂਈ ਦਵੈਤੀ ਨਾ ਕੋਈ ਰਖਾਈਆ। ਝੀਵਰ ਛੀਂਬੇ ਫੜ ਕੇ ਏਕਾ ਧਾਮ ਬਹਾਇਆ, ਜ਼ਾਤ ਪਾਤ ਨਾ ਕੋਈ ਰਖਾਈਆ। ਏਕਾ ਅੰਮ੍ਰਿਤ ਦਏ ਪਿਆਇਆ, ਅੰਮਿਉਂ ਰਸ ਅੰਮ੍ਰਿਤ ਆਤਮ ਆਪ ਚੁਆਈਆ। ਏਕਾ ਗੁਰ ਦਏ ਸਮਝਾਇਆ, ਪੁਰਖ ਅਕਾਲ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੇਵਾ ਮਾਤ ਲਗਾਈਆ। ਗੋਬਿੰਦ ਸੇਵਾ ਹਰਿ ਨਿਰੰਕਾਰਾ, ਲੋਕਮਾਤ ਲਗਾਇੰਦਾ। ਸਾਚਾ ਪੰਥ ਕਰ ਤਿਆਰਾ, ਚਾਰ ਵਰਨਾਂ ਏਕਾ ਘਰ ਬਹਾਇੰਦਾ। ਦੂਤ ਦੁਸ਼ਟ ਕਰ ਸੰਘਾਰਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਮੁਸਲਿਮ ਹਿੰਦੂ ਨਾ ਕੋਇ ਵਿਚਾਰਾ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਾਚਾ ਪੰਥ ਆਪ ਬਣਾਇੰਦਾ। ਸਾਚਾ ਪੰਥ ਉਤਮ ਜ਼ਾਤ, ਚਾਰ ਵਰਨ ਬਣਾਇਆ। ਪੁਰਖ ਅਕਾਲ ਨਿਭਾਏ ਸਾਥ, ਗੋਬਿੰਦ ਮੇਲਾ ਸਹਿਜ ਸੁਭਾਇਆ। ਏਕਾ ਅੱਖਰ ਏਕਾ ਗਾਥ, ਏਕਾ ਵਿਦਿਆ ਲਏ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵਖਾਇਆ ਏਕਾ ਘਰ, ਸਾਚਾ ਮੰਦਰ ਆਪ ਖੁਲ੍ਹਾਇਆ। ਸਾਚਾ ਮੰਦਰ ਹਰਿ ਹਰਿ ਖੋਲ੍ਹ ਏਕਾ ਗੁਰੂ ਦਏ ਵਡਿਆਈਆ। ਏਕਾ ਗੁਰ ਸਦਾ ਅਤੋਲ, ਕਿਸੇ ਤੋਲ ਨਾ ਤੋਲਿਆ ਜਾਈਆ। ਏਕਾ ਗੁਰ ਆਦਿ ਜੁਗਾਦਿ ਰਿਹਾ ਬੋਲ, ਜੁਗਾ ਜੁਗੰਤਰ ਆਪਣਾ ਹੁਕਮ ਸੁਣਾਈਆ। ਏਕਾ ਗੁਰ ਆਦਿ ਜੁਗਾਦਿ ਰਹੇ ਅਡੋਲ, ਨਾ ਮਰੇ ਨਾ ਜਾਈਆ। ਏਕਾ ਗੁਰੂ ਵਸੇ ਸਭ ਦੇ ਕੋਲ, ਵਿਛੜ ਕਦੇ ਨਾ ਜਾਈਆ। ਏਕਾ ਗੁਰੂ ਹਰ ਘਟ ਰਿਹਾ ਮੌਲ, ਰੂਪ ਰੇਖ ਨਾ ਕੋਈ ਵਖਾਈਆ। ਏਕਾ ਗੁਰੂ ਪੂਰਾ ਕਰੇ ਆਪਣਾ ਕੀਤਾ ਕੌਲ, ਜਨ ਭਗਤਾਂ ਹੋਏ ਸਹਾਈਆ। ਏਕਾ ਗੁਰੂ ਲੇਖਾ ਜਾਣੇ ਧਰਨੀ ਧਰਤ ਧੌਲ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਏਕਾ ਗੁਰੂ ਦੇਵੇ ਸਾਚੀ ਪਾਹੁਲ, ਪੁਰਖ ਅਕਾਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਦਏ ਸਮਝਾਈਆ। ਸਾਚਾ ਗੁਰੂ ਸ਼ਬਦ ਗੁਰਦੇਵ, ਦੂਸਰ ਅਵਰ ਨਾ ਕੋਈ ਵਡਿਆਈਆ। ਹਰਿਜਨ ਸਾਚਾ ਰਸਨਾ ਰਸ ਖਾਏ ਸਾਚਾ ਮੇਵ, ਅੰਮ੍ਰਿਤ ਰਸ ਆਪ ਚਖਾਈਆ। ਪਤਿਤ ਪਵਿਤ ਹੋਏ ਜੇਹਵ, ਗੁਣ ਅਵਗੁਣ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲਾ ਦੀਨ ਦਿਆਲਾ ਏਕਾ ਪੰਥ ਆਪ ਪਰਗਟਾਈਆ। ਸਾਚਾ ਪੰਥ ਹੋਇਆ ਪਰਕਾਸ਼, ਚਾਰੇ ਵਰਨ ਮੇਲ ਮਿਲਾਇਆ। ਗੋਬਿੰਦ ਬਣਿਆ ਦਾਸੀ ਦਾਸ, ਪੰਚਾਂ ਅੱਗੇ ਸੀਸ ਝੁਕਾਇਆ। ਪੁਰਖ ਅਕਾਲ ਮਾਈ ਬਾਪ, ਸਦਾ ਸੁਹੇਲਾ ਸੀਸ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰੰਥ ਦਏ ਸਮਝਾਇਆ । ਸਾਚਾ ਗ੍ਰੰਥ ਗੁਰੂ ਪੁਰਖ ਅਕਾਲਾ, ਨਿਸ਼ਅੱਖਰ ਆਪਣਾ ਨਾਉਂ ਜਣਾਈਆ। ਛੱਤੀ ਰਾਗ ਗਲ ਵਿਚ ਪਾਏ ਬੈਠੇ ਹਰਿ ਹਰਿ ਮਾਲਾ, ਦਿਵਸ ਰੈਣ ਰਹੇ ਜਸ ਗਾਈਆ। ਚੌਦਾਂ ਸੌ ਤੀਹ ਅੰਕ ਗਾਏ ਗੁਣ ਹਰਿ ਗੋਪਾਲਾ, ਨਾਨਕ ਅੰਗਦ ਅਮਰਦਾਸ ਰਾਮਦਾਸ ਗਿਆ ਜਸ ਗਾਈਆ। ਅਰਜਨ ਦੱਸਿਆ ਰਾਹ ਸੁਖਾਲਾ, ਆਪ ਆਪਣੀ ਬੂਝ ਬੁਝਾਈਆ। ਏਕਾ ਗੁਰੂ ਵਸੇ ਸੱਚੀ ਧਰਮਸਾਲਾ, ਕਾਇਆ ਮੰਦਰ ਡੇਰਾ ਲਾਈਆ। ਪੜ੍ਹ ਪੜ੍ਹ ਤੋੜਨਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਗੁਰੂ ਅਖਵਾਈਆ। ਸਾਚਾ ਗੁਰੂ ਕਿਸੇ ਦਰ ਨਾ ਹੋਏ ਬੰਦ, ਦੂਸਰ ਓਟ ਨਾ ਕੋਈ ਰਖਾਈਆ। ਗੁਰੂ ਗ੍ਰੰਥ ਪਾਰਬ੍ਰਹਮ ਅਬਿਨਾਸ਼ੀ ਕਰਤੇ ਦੇ ਗਾਏ ਛੰਦ, ਗੁਰ ਗੁਰ ਸੇਵਾ ਆਪ ਕਮਾਈਆ। ਨਾਨਕ ਗਾਇਆ ਬੱਤੀ ਦੰਦ, ਤੇਗ਼ ਬਹਾਦਰ ਅੰਤ ਮੰਨੀ ਸਰਨਾਈਆ। ਗੋਬਿੰਦ ਪੁਰਖ ਅਕਾਲ ਦਾ ਚੜ੍ਹਿਆ ਚੰਦ, ਮਾਤਾ ਗੁਜਰੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਸ਼ਬਦ ਗਿਆਨ, ਗੁਰੂ ਗ੍ਰੰਥ ਜਗਤ ਗੁਰ ਮਹਾਨ, ਜੋ ਪੜ੍ਹ ਪੜ੍ਹ ਵਿਚਾਰੇ ਤਿਸ ਮਾਰਗ ਦੇਵੇ ਲਾਈਆ। ਗੋਬਿੰਦ ਲੇਖਾ ਕਿਤੇ ਨਾ ਲਿਖਿਆ, ਦੋਹਰਾ ਕਲਜੁਗ ਜੀਵ ਬਣਾਈਆ। ਸਤਿਗੁਰ ਪੂਰਾ ਕਿਸੇ ਦਵਾਰੇ ਲੈਣ ਨਾ ਜਾਏ ਸਿਖਿਆ, ਲਿਖਿਆ ਲੇਖ ਨਾ ਪੜ੍ਹੇ ਵਿਚ ਲੋਕਾਈਆ। ਗੋਬਿੰਦ ਗੁਰੂ ਗੁਰ ਏਕਾ ਵੇਖਿਆ, ਨਾ ਮਰੇ ਨਾ ਜਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਿਆ, ਨਾ ਕੋਈ ਮੂੰਡ ਮੁੰਡਾਈਆ। ਆਦਿ ਜੁਗਾਦਿ ਰਹੇੇ ਹਮੇਸ਼ਿਆ, ਜਿਸ ਦਾ ਗੁਰ ਅਵਤਾਰ ਗਏ ਜਸ ਗਾਈਆ। ਸੀਸ ਝੁਕਾਇਨ ਬ੍ਰਹਮਾ ਵਿਸ਼ਨ ਮਹੇਸ਼ਿਆ, ਦਰ ਦਰ ਬੈਠੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਦਏ ਵਡਿਆਈਆ। @@ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ##। ਗੁਰਸਿਖ ਸੱਚਾ ਜਾਣੀਏ, ਜਿਸ ਆਤਮ ਜੋਤ ਉਜਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਆਤਮ ਬ੍ਰਹਮ ਵਿਚਾਰ। ਗੁਰਸਿਖ ਸੱਚਾ ਜਾਣੀਏ, ਜਿਸ ਘਰ ਅੰਦਰ ਅਨਹਦ ਸ਼ਬਦ ਵੱਜੇ ਧੁੰਨਕਾਰ। ਗੁਰਸਿਖ ਸੱਚਾ ਜਾਣੀਏ, ਜਿਸ ਅੰਮ੍ਰਿਤ ਮਿਲੇ ਭੰਡਾਰ। ਗੁਰਸਿਖ ਸੱਚਾ ਜਾਣੀਏ, ਜਿਸ ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਸਿਖ ਸੱਚਾ ਜਾਣੀਏ, ਨਾਤਾ ਤੋੜੇ ਸਰਬ ਸੰਸਾਰ। ਸਤਿਗੁਰ ਸੱਚਾ ਸੋ ਵਖਾਨੀਏ, ਗੁਰਸਿਖਾਂ ਕਰੇ ਪਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਮਿਲਿਆ ਹਰਿ ਭਗਵਾਨ। ਗੁਰਮੁਖ ਸਾਚਾ ਜਾਣੀਏ, ਜਿਸ ਮਿਟੇ ਮਾਣ ਅਭਿਮਾਨ। ਗੁਰਸਿਖ ਸੱਚਾ ਜਾਣੀਏ, ਏਕਾ ਰਾਗ ਸੁਣੇ ਅਨਾਦੀ ਕਾਨ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਵਿਚੋਂ ਲਏ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ। ਗੁਰਸਿਖ ਸੱਚਾ ਜਾਣੀਏ, ਗੁਰ ਗੋਬਿੰਦ ਚਾੜ੍ਹੇ ਰੰਗ। ਗੁਰਸਿਖ ਸੱਚਾ ਜਾਣੀਏ, ਆਤਮ ਸੇਜਾ ਵਛਾਏ ਪਲੰਘ। ਗੁਰਸਿਖ ਸੱਚਾ ਜਾਣੀਏ, ਘਰ ਸੁਣੇ ਨਾਦ ਮਰਦੰਗ। ਗੁਰਸਿਖ ਸੱਚਾ ਜਾਣੀਏ, ਆਪਣੇ ਮੰਦਰ ਆਪੇ ਜਾਏ ਲੰਘ। ਗੁਰਸਿਖ ਸੱਚਾ ਜਾਣੀਏ, ਦੂਈ ਦਵੈਤੀ ਢਾਵੇ ਕੰਧ। ਗਰਮੁਖ ਸੱਚਾ ਜਾਣੀਏ, ਏਕਾ ਗਾਏ ਸੁਹਾਗੀ ਛੰਦ। ਗੁਰਸਿਖ ਸੱਚਾ ਜਾਣੀਏ, ਸਦਾ ਗਾਏ ਪਰਮਾਨੰਦ। ਸਤਿਗੁਰ ਪੂਰਾ ਜਾਣੀਏ, ਆਦਿ ਜੁਗਾਦਿ ਹੋਏ ਬਖ਼ਸ਼ੰਦ। ਪੁਰਖ ਅਕਾਲ ਇਕ ਵਖਾਨੀਏ, ਹਰਿਜਨ ਮੇਟੇ ਤੇਰੀ ਚਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਗੁਣੀ ਗਹਿੰਦ।