Granth 10 Likhat 123: 18 Jeth 2018 Bikarmi Sardar Singh de Greh Chhamb Jammu

੧੮ ਜੇਠ ੨੦੧੮ ਬਿਕ੍ਰਮੀ ਸਰਦਾਰ ਸਿੰਘ ਦੇ ਗ੍ਰਹਿ ਛੰਬ ਜੰਮੂ

ਮਾਣਸ ਜਨਮ ਜਗਤ ਅਨਮੋਲਾ, ਲੱਖ ਚੁਰਾਸੀ ਦਏ ਕਟਾਈਆ। ਜੁਗਤ ਜਗਤ ਜਗ ਬਦਲਿਆ ਚੋਲਾ, ਪੰਚਮ ਤੱਤ ਵੱਜੇ ਵਧਾਈਆ। ਆਤਮ ਬ੍ਰਹਮ ਬ੍ਰਹਮ ਪਾਰਬ੍ਰਹਮ ਵਸੇ ਕਰ ਕਰ ਉਹਲਾ, ਦਿਸ ਕਿਸੇ ਨਾ ਆਈਆ। ਸ਼ਬਦ ਅਗੰਮੀ ਨਾਦ ਅਨਾਦ ਵਜਾਏ ਢੋਲਾ, ਗ੍ਰਹਿ ਮੰਦਰ ਆਪ ਸੁਣਾਈਆ। ਨਾਮ ਨਿਧਾਨਾ ਬੋਲੇ ਬੋਲਾ, ਸਚ ਜੈਕਾਰਾ ਇਕ ਲਗਾਈਆ। ਜਿਸ ਜਨ ਪਰਦਾ ਹਰਿ ਜੂ ਖੋਲ੍ਹਾ, ਤਿਸ ਮੰਦਰ ਦਏ ਵਖਾਈਆ। ਨਵ ਨੌਂ ਜਗਤ ਵਾਸਨਾ ਪਿਆ ਰੌਲਾ, ਆਸਾ ਤ੍ਰਿਸਨਾ ਨਾ ਕੋਇ ਬੁਝਾਈਆ। ਨਿਰਗੁਣ ਸਰਗੁਣ ਅੰਦਰ ਮੌਲਾ, ਮੌਲਾ ਆਪਣਾ ਰੂਪ ਧਰਾਈਆ। ਅੰਮ੍ਰਿਤ ਭਰੇ ਨਾਭੀ ਕਵਲਾ, ਨਿਝਰ ਝਿਰਨਾ ਆਪ ਝਿਰਾਈਆ। ਨੂਰ ਵਖਾਏ ਅਵਲ ਅੱਲਾ, ਇਲਾਹੀ ਨੂਰ ਆਪ ਹੋ ਜਾਈਆ। ਕਲਮਾ ਕਲਾਮ ਫੜਾਏ ਪੱਲਾ, ਏਕਾ ਨਾਮ ਦਏ ਵਡਿਆਈਆ। ਹਰਿਜਨ ਹਿਰਦੇ ਅੰਦਰ ਹਰਿ ਹਰਿ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਲੱਖ ਚੁਰਾਸੀ ਜੀਵ ਜੰਤ ਪਾਵੇ ਸਾਰ ਇਕ ਇਕੱਲਾ, ਅਲਖ ਅਗੋਚਰ ਬੇਪਰਵਾਹ ਅਗੰਮ ਅਥਾਹ ਆਪਣੀ ਬਣਤ ਬਣਾਈਆ। ਵਸਣਹਾਰ ਸਚਖੰਡ ਦਵਾਰ ਸਚ ਮਹੱਲਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸਚ ਸਿੰਘਾਸਣ ਏਕਾ ਮੱਲਾ, ਸੋਭਾਵੰਤ ਆਪ ਸੁਹਾਈਆ। ਧਾਮ ਰਖਾਏ ਉਚ ਅਟੱਲਾ, ਅਸਥਲ ਆਪਣੀ ਦਇਆ ਕਮਾਈਆ। ਸਚ ਸੰਦੇਸ ਜੁਗਾ ਜੁਗੰਤਰ ਘੱਲਾ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ, ਅਜੂਨੀ ਰਹਿਤ ਆਪਣਾ ਨਾਉਂ ਪਰਗਟਾਈਆ। ਜੀਵ ਜਗਤ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਖੇਲ ਖਿਲਾਈਆ। ਗੁਰਮੁਖ ਵਿਰਲੇ ਮਿਟੇ ਦੂਈ ਦਵੈਤੀ ਸਲਾ, ਬਣ ਸਾਲਸ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲਏ ਮਿਲਾਈਆ। ਹਰਿਜਨ ਮੇਲਾ ਕਾਇਆ ਗੜ੍ਹ, ਗੁਰ ਸਤਿਗੁਰ ਆਪ ਮਿਲਾਇੰਦਾ। ਡੂੰਘੀ ਭਵਰੀ ਜਾਏ ਵੜ, ਪੰਜ ਤੱਤ ਕਾਇਆ ਵੇਖ ਵਖਾਇੰਦਾ। ਸਾਚੇ ਮੰਦਰ ਜਾਏ ਚੜ੍ਹ, ਆਪਣਾ ਮਾਰਗ ਆਪ ਸੁਹਾਇੰਦਾ। ਸੁਰਤ ਸੁਵਾਣੀ ਲਏ ਫੜ, ਸ਼ਬਦ ਹਾਣੀ ਮੇਲ ਮਿਲਾਇੰਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਦੁਰਮਤ ਮੈਲ ਧਵਾਇੰਦਾ। ਆਪ ਵਖਾਏ ਆਪਣਾ ਘਰ, ਬਜਰ ਕਪਾਟੀ ਤੋੜ ਤੁੜਾਇੰਦਾ। ਨਿਰਭੌ ਚੁਕਾਏ ਭੈ ਡਰ, ਪੰਚ ਵਿਕਾਰਾ ਨਾ ਕੋਇ ਡਰਾਇੰਦਾ। ਤ੍ਰੈਗੁਣ ਅਗਨੀ ਜਾਏ ਸੜ, ਮਾਇਆ ਮਮਤਾ ਮੋਹ ਮਿਟਾਇੰਦਾ। ਮੇਲ ਮਿਲਾਏ ਨਰਾਇਣ ਨਰ, ਨਰ ਨਾਰੀ ਏਕਾ ਰੰਗ ਰੰਗਾਇੰਦਾ। ਘਰ ਵਿਚ ਘਰ ਮਿਲੇ ਹਰਿ, ਹਰਿ ਜੂ ਹਰਿ ਮੰਦਰ ਸੋਭਾ ਪਾਇੰਦਾ। ਆਤਮ ਸੇਜਾ ਬੈਠਾ ਕਿਰਪਾ ਕਰ, ਕਿਰਪਾਨਿਧ ਠਾਕਰ ਗਹਿਰ ਗੰਭੀਰ ਗੁਣੀ ਗੁਣਵੰਤ ਗੁਣ ਅਵਗੁਣ ਨਾ ਕੋਇ ਜਣਾਇੰਦਾ। ਹਰਿਜਨ ਮੇਲੇ ਸਾਚੇ ਸੰਤ, ਸਤਿ ਸਤਿਵਾਦੀ ਆਪ ਅਖਵਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਮਜੀਠੀ ਆਪ ਵਖਾਇੰਦਾ। ਜਨ ਬਣਾਏ ਸਾਚੀ ਬਣਤ, ਜਨ ਜਨਨੀ ਲੇਖੇ ਪਾਇੰਦਾ। ਮੇਲ ਮਿਲਾਵਾ ਅੰਤਮ ਅੰਤ, ਜੋਤੀ ਜੋਤ ਆਪ ਸਮਾਇੰਦਾ। ਸਰਬ ਜੀਆਂ ਦਾ ਹਰਿ ਹਰਿ ਕੰਤ, ਲੱਖ ਚੁਰਾਸੀ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਵੇਖੇ ਖੜ, ਹਰਿਜਨ ਹਰਿ ਹਰਿ ਬੰਕ ਸੁਹਾਇੰਦਾ। ਕਾਇਆ ਮੰਦਰ ਅਨਹਦ ਧੁਨ, ਧੁਨ ਅਨਾਦੀ ਆਪ ਰਖਾਇੰਦਾ। ਸਰਬ ਜੀਆਂ ਪੁਕਾਰ ਰਿਹਾ ਸੁਣ, ਸੁੰਨ ਅਗੰਮ ਆਪ ਸਮਾਇੰਦਾ। ਹਰਿਜਨ ਸਾਚੇ ਲਏ ਚੁਣ, ਜਨਮ ਕਰਮ ਵੇਖ ਵਖਾਇੰਦਾ। ਲੇਖਾ ਜਾਣੇ ਰਿਖ ਮੁਨ, ਜੋਗੀ ਜਪੀ ਤਪੀ ਜਤੀ ਸਤੀ ਹਠੀ ਭੇਵ ਨਾ ਕੋਇ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਸਾਚਾ ਘਰ, ਹਰਿ ਮੰਦਰ ਆਪ ਬਣਾਇੰਦਾ। ਹਰਿ ਮੰਦਰ ਹਰਿ ਸੋਭਾਵੰਤ, ਘਰ ਘਰ ਵਿਚ ਵੱਜੇ ਵਧਾਈਆ। ਪਾਰਬ੍ਰਹਮ ਮਿਲਿਆ ਪੂਰਨ ਭਗਵੰਤ, ਪੂਰਨ ਗੁਰ ਵਡੀ ਵਡਿਆਈਆ। ਲੱਖ ਚੁਰਾਸੀ ਨਾਤਾ ਤੁੱਟਾ ਜੀਵ ਜੰਤ, ਜਾਗਰਤ ਜੋਤ ਇਕ ਜਗਾਈਆ। ਗੜ੍ਹ ਤੁਟਾ ਹਉਮੇ ਹੰਗਤ, ਆਸਾ ਤ੍ਰਿਸਨਾ ਨਾ ਕੋਇ ਵਖਾਈਆ। ਸਾਹਿਬ ਸੁਲਤਾਨ ਬਣਾਈ ਬਣਤ, ਬਸਨ ਬਨਵਾਰੀ ਦਇਆ ਕਮਾਈਆ। ਭਗਤਨ ਮੇਲਾ ਸ੍ਰੀ ਭਗਵੰਤ, ਭਗਵਨ ਹੋਏ ਆਪ ਸਹਾਈਆ। ਏਕਾ ਨਾਦ ਏਕਾ ਸ਼ਬਦ ਏਕਾ ਮੰਤ, ਏਕਾ ਮੰਤਰ ਨਾਮ ਦ੍ਰਿੜਾਈਆ। ਕਾਇਆ ਮੰਦਰ ਆਪ ਸੁਣਾਏ ਸੁਹਾਗੀ ਛੰਤ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਆਪੇ ਵੜ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਪੁਰਖ ਅਗੰਮਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਜਾਏ ਖੁਲ੍ਹ, ਜਿਸ ਜਨ ਸਤਿਗੁਰ ਦਇਆ ਕਮਾਇੰਦਾ। ਦੇਵੇ ਨਾਮ ਸ਼ਬਦ ਅਨਮੁਲ, ਕਰਤਾ ਕ਼ੀਮਤ ਕੋਇ ਨਾ ਲਾਇੰਦਾ। ਚਰਨ ਪ੍ਰੀਤੀ ਹਰਿਜਨ ਜਾਏ ਘੁਲ, ਘੋਲੀ ਘੋਲ ਵੇਖ ਵਖਾਇੰਦਾ। ਭਾਗ ਲਗਾਏ ਸਾਚੀ ਕੁਲ, ਗੁਰਮੁਖ ਸਾਚੇ ਆਪ ਰਖਾਇੰਦਾ। ਨਾਮ ਕੰਡੇ ਤੋਲੇ ਤੋਲ, ਤੋਲਣਹਾਰਾ ਇਕ ਹੋ ਜਾਇੰਦਾ। ਹਰਿਜਨ ਹਰਿ ਭਗਤ ਆਪ ਬਣਾਏ ਸਾਚੇ ਫੁਲ, ਫੁਲ ਫੁਲਵਾੜੀ ਮਾਤ ਮਹਿਕਾਇੰਦਾ। ਆਦਿ ਜੁਗਾਦਿ ਸਦਾ ਅਭੁਲ, ਭੁੱਲੇ ਜੀਵ ਮਾਰਗ ਲਾਇੰਦਾ। ਹਰਿ ਕਾ ਭਗਤ ਨਾ ਜਾਏ ਰੁਲ, ਹਰਿ ਸਤਿਗੁਰ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਵੇਖੇ ਦਰ, ਦਰ ਮੰਦਰ ਆਪ ਸੁਹਾਇੰਦਾ। ਦਰ ਮੰਦਰ ਸਚ ਨਿਸ਼ਾਨਾ, ਸੋ ਪੁਰਖ ਨਿਰੰਜਣ ਆਪ ਵਖਾਈਆ। ਘਰ ਮੰਦਰ ਬੈਠਾ ਸ੍ਰੀ ਭਗਵਾਨਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਇਕ ਜਣਾਏ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਈਆ। ਨਾਦ ਅਨਾਦੀ ਸਚ ਤਰਾਨਾ, ਤੁਰੀਆ ਰਾਗ ਆਪ ਸੁਣਾਈਆ। ਜਾਗਰਤ ਰੂਪ ਖੇਲੇ ਖੇਲ ਮਹਾਨਾ, ਆਲਸ ਨਿੰਦਰਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਦਰ, ਘਰ ਮੰਦਰ ਵੱਜੇ ਵਧਾਈਆ। ਘਰ ਮੰਦਰ ਢੋਲ ਵੱਜੇ ਮਰਦੰਗ, ਸਤਿਗੁਰ ਪੂਰਾ ਆਪ ਵਜਾਈਆ। ਆਤਮ ਅੰਤਰ ਉਪਜਾਏ ਪਰਮਾਨੰਦ, ਨਿਜਾਨੰਦ ਆਪ ਸਮਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਸੂਰਜ ਚੰਨ ਨਾ ਕੋਇ ਰੁਸ਼ਨਾਈਆ। ਏਕਾ ਗਾਏ ਸੁਹਾਗੀ ਛੰਦ, ਗੀਤ ਗੋਬਿੰਦ ਆਪ ਅਲਾਈਆ। ਸਾਹਿਬ ਦਿਆਲ ਠਾਕਰ ਸਵਾਮੀ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਇ ਰਖਾਈਆ। ਦੀਵਾ ਬਾਤੀ ਨਾ ਕੋਇ ਤੇਲ, ਚਾਰ ਦੀਵਾਰ ਨਾ ਕੋਇ ਜਣਾਇੰਦਾ। ਨਿਰਗੁਣ ਕਰੇ ਅਗੰਮੜਾ ਖੇਲ, ਅਗੰਮੜੀ ਕਾਰ ਕਮਾਇੰਦਾ। ਸ਼ਬਦੀ ਸੁਰਤੀ ਸੁਰਤੀ ਸ਼ਬਦੀ ਆਪੇ ਮੇਲ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲ, ਸਰਗੁਣ ਨਿਰਗੁਣ ਸੰਗ ਨਿਭਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਵਰ, ਆਪਣਾ ਬੰਧਨ ਏਕਾ ਪਾਇੰਦਾ।