Granth 10 Likhat 130: 19 Jeth 2018 Bikarmi Harnam Singh de Greh Charda Gram Jammu

੧੯ ਜੇਠ ੨੦੧੮ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਚੜ੍ਹਦਾ ਗਰਾਮ ਜੰਮੂ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਹਰਿ ਭਗਵਾਨਾ, ਅਨਭਵ ਆਪਣੀ ਖੇਲ ਖਿਲਾਇੰਦਾ। ਜੋਤੀ ਨੂਰ ਨੂਰ ਮਹਾਨਾ, ਜਲਵਾ ਨੂਰ ਡਗਮਗਾਇੰਦਾ। ਲੇਖਾ ਜਾਣੇ ਦੋ ਜਹਾਨਾ, ਰੂਪ ਅਨੂਪ ਆਪ ਧਰਾਇੰਦਾ। ਨਾਮ ਜਣਾਏ ਧੁਰ ਫ਼ਰਮਾਨਾ, ਸ਼ਬਦ ਅਗੰਮੀ ਨਾਦ ਵਜਾਇੰਦਾ। ਮੁਕਾਮੇ ਹੱਕ ਇਕ ਟਿਕਾਣਾ, ਪਰਵਰਦਿਗਾਰ ਡੇਰਾ ਲਾਇੰਦਾ। ਲਾਸ਼ਰੀਕ ਸਚ ਨਿਸ਼ਾਨਾ, ਵਾਹਦ ਆਪਣਾ ਨਾਉਂ ਰਖਾਇੰਦਾ। ਰਾਮ ਰੂਪ ਹੋ ਪਰਧਾਨਾ, ਸਾਚਾ ਹੁਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਸ ਆਪ ਧਰਾਇੰਦਾ। ਆਦਿ ਪੁਰਖ ਇਕ ਇਕੱਲਾ, ਦਰਗਹਿ ਸਾਚੀ ਸੋਭਾ ਪਾਈਆ। ਵਸਣਹਾਰਾ ਧਾਮ ਉਚ ਅਟਲ ਮਹੱਲਾ, ਸਚ ਮਹੱਲਾ ਆਪ ਉਪਾਈਆ। ਆਪੇ ਜਲਵਾ ਨੂਰ ਇਲਾਹੀ ਘੱਲਾ, ਆਲਮੀਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਬੇਪਰਵਾਹ, ਪਾਰਬ੍ਰਹਮ ਵਡੀ ਵਡਿਆਈਆ। ਸਚ ਮਹੱਲਾ ਦਏ ਵਸਾ, ਨੂਰ ਨੁਰਾਨਾ ਹੱਕ ਖ਼ੁਦਾਈਆ। ਏਕਾ ਹੁਕਮ ਦਏ ਸੁਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਇਕ ਸਦਾ ਦਏ ਲਗਾ, ਸਾਬਰ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਵਸੇ ਸਾਚਾ ਮਾਹੀਆ। ਦਰ ਘਰ ਸਾਚਾ ਹਰਿ ਸੁਹਾਇੰਦਾ, ਇਕ ਇਕੱਲਾ ਆਸਣ ਲਾ। ਜਲਵਾ ਨੂਰ ਆਪਣਾ ਆਪ ਡਗਮਗਾਇੰਦਾ, ਨੂਰ ਇਲਾਹੀ ਇਕ ਖ਼ੁਦਾ। ਦੂਸਰ ਅਵਰ ਨਾ ਸੰਗ ਰਖਾਇੰਦਾ, ਨਾ ਕੋਈ ਨਾਤਾ ਜੋੜ ਜੁੜਾ। ਜੁਗ ਜੁਗ ਆਪਣਾ ਵੇਸ ਵਟਾਇੰਦਾ, ਨਿਰਗੁਣ ਸਰਗੁਣ ਰੂਪ ਧਰਾ। ਰਾਮ ਰਹੀਮ ਰਹਿਮਾਨ ਆਪ ਅਖਵਾਇੰਦਾ, ਉਲਫ਼ਤ ਜਾਣੇ ਦੋ ਜਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਏਕਾ ਹਰਿ ਏਕਾ ਵਸੇ ਸਾਚੇ ਥਾਂ। ਸਾਚਾ ਧਾਮ ਸਚ ਟਿਕਾਣਾ, ਹਰਿ ਸਾਚਾ ਸਚ ਬਣਾਈਆ। ਜੁਗਾ ਜੁਗੰਤਰ ਹੋ ਮਿਹਰਵਾਨਾ, ਲੋਕਮਾਤ ਵੇਸ ਵਟਾਈਆ। ਪੰਜ ਤੱਤ ਦੇਵੇ ਇਕ ਗਿਆਨਾ, ਏਕਾ ਰਾਮ ਨਾਮ ਕਰੇ ਪੜ੍ਹਾਈਆ। ਏਕਾ ਬ੍ਰਹਮ ਕਰੇ ਪਰਧਾਨਾ, ਆਤਮ ਜੋਤ ਜੋਤ ਕਰ ਰੁਸ਼ਨਾਈਆ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਦਏ ਵਜਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਦਏ ਵਖਾਈਆ। ਏਕਾ ਠਾਕਰ ਅਬਿਨਾਸ਼ੀ ਸ਼ਾਹ ਸੁਲਤਾਨਾ, ਸਾਚੇ ਤਖ਼ਤ ਸੋਭਾ ਪਾਈਆ। ਏਕਾ ਰਾਮ ਇਕ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਹਰਿ ਵਟੰਦੜਾ, ਪਾਰਬ੍ਰਹਮ ਕਰਤਾਰ। ਜੁਗ ਚੌਕੜੀ ਵੇਖ ਵਖੰਦੜਾ, ਸਤਿਜੁਗ ਤ੍ਰੇਤਾ ਹੋ ਉਜਿਆਰ। ਲੰਕਾ ਗੜ੍ਹ ਆਪ ਤੁੜੰਦੜਾ, ਰਾਵਣ ਮਾਰੇ ਦੁਸ਼ਟ ਹੰਕਾਰ। ਗ਼ਰੀਬ ਨਿਮਾਣੇ ਗਲ ਲਗੰਦੜਾ, ਸਮਰਥ ਪੁਰਖ ਕਰ ਪਿਆਰ। ਕਾਗਦ ਕ਼ਲਮ ਭੇਵ ਲਖੰਦੜਾ, ਲਿਖ ਲਿਖ ਥੱਕੇ ਵੇਦ ਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਪਾਵੇ ਸਾਚੀ ਸਾਰ। ਜੁਗ ਜੁਗ ਸਾਰ ਸਮਾਲਦਾ, ਨਿਰਗੁਣ ਸਰਗੁਣ ਹੋ ਉਜਿਆਰ। ਸਤਿਜੁਗ ਤ੍ਰੇਤਾ ਪਾਰ ਉਤਾਰਦਾ, ਦੁਆਪਰ ਖੇਲ ਕਰੇ ਨਿਰੰਕਾਰ। ਕਾਹਨਾ ਕ੍ਰਿਸ਼ਨਾ ਕਰੇ ਖੇਲ ਅਗੰਮ ਅਪਾਰ ਦਾ, ਸੋਲਾਂ ਕਲ ਹੋ ਉਜਿਆਰ। ਸੋਲਾਂ ਸ਼ੰਗਾਰ ਸੱਚੀ ਸਰਕਾਰ ਦਾ, ਮੁਕਟ ਬੈਣ ਮੀਤ ਮੁਰਾਰ। ਹੋਏ ਸਖਾਈ ਸਦਾ ਮਿੱਤਰ ਗ਼ਰੀਬ ਨਿਮਾਣੇ ਤਾਰਦਾ, ਬਿਦਰ ਸੁਦਾਮਾ ਦਏ ਆਧਾਰ। ਪੰਚਮ ਮੇਲਾ ਏਕਾ ਧੁਰ ਦਰਬਾਰ ਦਾ, ਲੇਖਾ ਜਾਣੇ ਲਿਖਣਹਾਰ। ਭਗਤ ਭਗਵੰਤ ਇਕ ਪਛਾਣਦਾ, ਏਕਾ ਦੇਵੇ ਬ੍ਰਹਮ ਗਿਆਨ। ਏਕਾ ਅੱਖਰ ਗੁਣ ਨਿਧਾਨ ਦਾ, ਅਠਾਰਾਂ ਧਿਆਏ ਗੀਤਾ ਗੁਣ ਦਏ ਵਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ, ਥਿਰ ਕੋਇ ਰਹਿਣ ਨਾ ਪਾਈਆ। ਰਾਮਾ ਕ੍ਰਿਸ਼ਨਾ ਰੂਪ ਧਰਾਇਆ, ਵਿਸ਼ਨ ਬ੍ਰਹਮਾ ਸ਼ਿਵ ਮੇਲ ਮਿਲਾਈਆ। ਨਾਰਦ ਮੀਤਾ ਏਕਾ ਰੰਗ ਰੰਗਾਇਆ, ਏਕਾ ਰੰਗਣ ਦਏ ਚੜ੍ਹਾਈਆ। ਵੇਦ ਵਿਆਸਾ ਭੇਵ ਖੁਲ੍ਹਾਇਆ, ਪੁਰਾਨ ਅਠਾਰਾਂ ਹਰਿ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਲਜੁਗ ਖੇਲ ਹਰਿ ਅਵੱਲਾ, ਨਿਰਾਕਾਰ ਆਪ ਕਰਾਇੰਦਾ। ਈਸਾ ਮੂਸਾ ਫੜਾਏ ਪੱਲਾ, ਸਾਚਾ ਦਾਮਨ ਹੱਥ ਰਖਾਇੰਦਾ। ਕਲਮਾ ਅਮਾਮ ਏਕਾ ਘੱਲਾ, ਸਚ ਸੰਦੇਸ ਆਪ ਸੁਣਾਇੰਦਾ। ਆਪਣਾ ਰੂਪ ਪਰਗਟਾਏ ਨੂਰ ਇਲਾਹੀ ਅੱਲਾ, ਬਿਸਮਲ ਆਪਣੀ ਖੇਲ ਖਿਲਾਇੰਦਾ। ਹੱਕ ਹਕ਼ੀਕ਼ਤ ਸਚ ਮੁਸੱਲਾ, ਸ਼ਰਅ ਸ਼ਰੀਅਤ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਰੂਪ ਅਨੂਪ ਆਪ ਧਰਾਇੰਦਾ। ਇਲਾਹੀ ਨੂਰ ਨੂਰ ਅਲਾਹ ਪਰਵਦਿਗਾਰ, ਦਰ ਘਰ ਸਾਚਾ ਆਪ ਸੁਹਾਇੰਦਾ। ਮੁਕਾਮੇ ਹੱਕ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਅੱਲਾ ਹੂ ਅੰਨਾ ਹੂ ਬੋਲ ਜੈਕਾਰ, ਹੂ ਹੂ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਐਬ ਖ਼ੁਦਾਈ ਪਰਵਰਦਿਗਾਰ, ਵਸਣਹਾਰਾ ਠਾਂਡੇ ਦਰਬਾਰ, ਸਚ ਦਰਬਾਰ ਆਪ ਸੁਹਾਇੰਦਾ। ਸਚ ਦਰਬਾਰਾ ਖ਼ਾਲਕ ਖ਼ਲਕ, ਏਕਾ ਏਕ ਵਖਾਇੰਦਾ। ਲੇਖਾ ਜਾਣੇ ਆਪਣੇ ਫ਼ਲਕ, ਆਪਣਾ ਪਰਦਾ ਆਪ ਉਠਾਇੰਦਾ। ਜ਼ਿਮੀਂ ਅਸਮਾਨਾ ਬਣਾਏ ਬਣਤ, ਆਪਣਾ ਘਾੜਨ ਆਪ ਘੜਾਇੰਦਾ। ਆਪੇ ਜਾਣੇ ਆਪਣੀ ਉਮਤ, ਨਬੀ ਰਸੂਲ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਵੇਸ ਅਵੱਲਾ ਸਚ ਮਹੱਲਾ, ਸ਼ਾਹ ਸੁਲਤਾਨ ਆਪ ਕਰਾਈਆ। ਮੁਹੰਮਦ ਨੂਰ ਆਪੇ ਰੱਲਾ, ਨੂਰੋ ਨੂਰ ਡਗਮਗਾਈਆ। ਸਚ ਸੰਦੇਸ ਏਕਾ ਘੱਲਾ, ਜਬਰਾਈਲ ਮੇਕਾਈਲ ਅਸਰਾਫੀਲ ਅਜ਼ਰਾਈਲ ਸੇਵ ਕਮਾਈਆ। ਕਲਾਮ ਇਲਾਹੀ ਫੜਾਇਆ ਪੱਲਾ, ਸਚ ਹਦੀਸ ਇਕ ਸੁਣਾਈਆ। ਤੀਸ ਬਤੀਸ ਆਪੇ ਰੱਲਾ, ਸ਼ਰਅ ਸ਼ਰੀਅਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਅਹਿਬਾਬ ਇਕ ਰਬਾਬ ਰਿਹਾ ਵਜਾਈਆ। ਇਕ ਰਬਾਬ ਇਕ ਸਤਾਰ, ਨਿਰਗੁਣ ਤਾਰ ਤਾਰ ਹਿਲਾਇੰਦਾ। ਅਮਾਮ ਅਮਾਮਾਂ ਹੋ ਉਜਿਆਰ, ਨੂਰ ਨੂਰ ਨੂਰ ਦਰਸਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਆਪੇ ਕਰੇ ਖ਼ਬਰਦਾਰ, ਸਚ ਸੰਦੇਸਾ ਆਪ ਸੁਣਾਇੰਦਾ। ਹੱਕ ਬਹੱਕ ਪਾਵੇ ਸਾਰ, ਹੁਕਮ ਆਪਣਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮੁਹੰਮਦ ਦੇਵੇ ਵਰ, ਸਾਚਾ ਮੇਲਾ ਆਪ ਮਿਲਾਇੰਦਾ। ਸਚ ਮੁਹੰਮਦ ਸਚ ਵਿਹਾਰਾ, ਖ਼ੁਦਾਵੰਦ ਕਰੀਮ ਆਪ ਕਰਾਈਆ। ਚੋਦਾਂ ਤਬਕ ਤੇਰਾ ਹੁਲਾਰਾ, ਚੌਦਸ ਚੌਦਾਂ ਚੰਦ ਚੜ੍ਹਾਈਆ। ਚੌਦਾਂ ਸਦ ਤੇਰਾ ਜੈਕਾਰਾ, ਲੋਕਮਾਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਪੀਰ ਪੈਗ਼ੰਬਰ ਸੇਵਾ ਲਾਈਆ। ਪੀਰ ਪੈਗ਼ੰਬਰ ਸੇਵਾਦਾਰ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਰਹਿਮਤ ਕਰੇ ਆਪ ਰਹਿਮਾਨ, ਰਾਜ਼ਕ ਰਹੀਮ ਨਾਉਂ ਧਰਾਇੰਦਾ। ਕਲਮਾ ਕਲਾਮ ਕਰ ਤਿਆਰ, ਕਾਤਬ ਆਪਣਾ ਲੇਖ ਲਿਖਾਇੰਦਾ। ਕ਼ੁਦਰਤ ਵੇਖੇ ਆਪਣੀ ਵਾਰ, ਵੇਸ ਅਵੱਲਾ ਰਾਣੀ ਅੱਲਾ ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਜੁਗ ਜੁਗ ਨਾਉਂ ਰਖੰਦੜਾ, ਬੇਐਬ ਪਰਵਰਦਿਗਾਰ। ਨਾਨਕ ਜੋਤੀ ਜੋਤ ਜਗੰਦੜਾ, ਏਕਾ ਨਾਦ ਸੁਣਾਏ ਸੱਚੀ ਧੁੰਨਕਾਰ। ਏਕਾ ਮੰਤਰ ਨਾਮ ਰਖੰਦੜਾ, ਚਾਰ ਕੁੰਟ ਜੈ ਜੈਕਾਰ। ਹਿੰਦੂ ਮੁਸਲਿਮ ਏਕਾ ਰੰਗ ਰੰਗੰਦੜਾ, ਊਚ ਨੀਚ ਨਾ ਕੋਇ ਵਿਚਾਰ। ਤਟ ਤੀਰਥ ਵੇਖ ਵਖੰਦੜਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਾਵੇ ਸਾਰ। ਮੱਕਾ ਮਦੀਨਾ ਚਰਨ ਛੁਹੰਦੜਾ, ਗਲ ਤਸਬੀ ਅਪਰ ਅਪਾਰ। ਨੀਲਾ ਚੋਲਾ ਆਪ ਰਗੰਦੜਾ, ਸੇਲੀ ਟੋਪੀ ਕਰ ਵਿਚਾਰ। ਉਲਫ਼ਤ ਖ਼ੁਦਾ ਖ਼ੁਦ ਆਪਣੀ ਆਪ ਰਖੰਦੜਾ, ਆਪੇ ਹੋਏ ਰੱਖਣਹਾਰ। ਬੰਦਾ ਬੰਦਗੀ ਇਕ ਸਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਨਿਰੰਕਾਰ ਹਰਿ ਖੇਲ ਖਿਲਾਇਆ, ਨਾਨਕ ਨਿਰਗੁਣ ਦਇਆ ਕਮਾ। ਸਤਿ ਨਾਮ ਮੰਤਰ ਇਕ ਜਣਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਸੁਣਾ। ਹਿੰਦੂ ਮੁਸਲਿਮ ਏਕਾ ਰੰਗ ਰੰਗਾਇਆ, ਦੂਈ ਦਵੈਤ ਨਾ ਕੋਇ ਜਣਾ। ਹਰ ਘਟ ਅੰਦਰ ਹਰਿ ਜੂ ਆਸਣ ਲਾਇਆ, ਕੋਈ ਆਖੇ ਰਾਮ ਕੋਈ ਕਹੇ ਖ਼ੁਦਾ। ਨਿਰਗੁਣ ਪੁਰਖ ਅਕਾਲ ਏਕਾ ਪਾਇਆ, ਪੰਜ ਤੱਤ ਨਾਨਕ ਰਿਹਾ ਸਮਝਾ। ਏਕਾ ਜੋਤ ਦਸ ਦਸ ਰੂਪ ਧਰਾਇਆ, ਗੋਬਿੰਦ ਲੇਖਾ ਦਏ ਲਿਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਗੋਬਿੰਦ ਲੇਖਾ ਅਪਰ ਅਪਾਰਾ, ਊਚ ਨੀਚ ਦਏ ਵਡਿਆਈਆ। ਵੇਖ ਵਖਾਏ ਸੰਗ ਮੁਹੰਮਦ ਚਾਰ ਯਾਰਾ, ਨਬੀ ਰਸੂਲ ਨਾਲ ਮਿਲਾਈਆ। ਚੌਦਾਂ ਤਬਕਾਂ ਖੋਲ੍ਹ ਕਿਵਾੜਾ, ਚੌਦਾਂ ਹੱਟ ਦਏ ਜਣਾਈਆ। ਕਲਜੁਗ ਅੰਤਮ ਹੋਵੇ ਅੰਧ ਅੰਧਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਤਾ ਤੁਟੇ ਮੀਤ ਮੁਰਾਰਾ, ਸਾਕ ਸੱਜਣ ਨਾ ਕੋਇ ਅਖਵਾਈਆ। ਵਰਨ ਬਰਨ ਰੋਵਣ ਜ਼ਾਰੋ ਜ਼ਾਰਾ, ਉਚੀ ਕੂਕਣ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਕਲਜੁਗ ਅੰਤਮ ਕੂਕ ਪੁਕਾਰ, ਚਾਰ ਕੁੰਟ ਕੁਰਲਾਇਆ। ਹਿੰਦੂ ਸਿੱਖ ਈਸਾਈ ਮੁਸਲਿਮ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇਆ। ਕਿਸੇ ਨਜ਼ਰ ਨਾ ਆਇਆ ਸਾਂਝਾ ਯਾਰ, ਪਾਕੀ ਪਾਕ ਇਕ ਖ਼ੁਦਾਇਆ। ਏਕਾ ਰਾਮ ਕਰੇ ਪਿਆਰ, ਹਰ ਘਟ ਬੈਠਾ ਆਸਣ ਲਾਇਆ। ਏਕਾ ਕ੍ਰਿਸ਼ਨਾ ਦਏ ਆਧਾਰ, ਮੁਕੰਦ ਮਨੋਹਰ ਲੱਖਮੀ ਨਰਾਇਣ ਸੀਸ ਤਾਜ ਜਗਦੀਸ ਸੁਹਾਇਆ। ਏਕਾ ਨਾਨਕ ਕਰੇ ਪਿਆਰ, ਘਟ ਘਟ ਮੰਤਰ ਨਾਮ ਦ੍ਰਿੜਾਇਆ। ਏਕਾ ਗੋਬਿੰਦ ਬੋਲੇ ਫ਼ਤਿਹ ਜੈਕਾਰ, ਸਾਚਾ ਡੰਕਾ ਨਾਮ ਵਜਾਇਆ। ਪੁਰਖ ਅਕਾਲ ਸ੍ਰਿਸ਼ਟ ਸਬਾਈ ਕਰੇ ਪਿਆਰ, ਜ਼ਾਤ ਪਾਤ ਨਾ ਕੋਇ ਰਖਾਇਆ। ਦੀਨ ਮਜ਼੍ਹਬ ਵੇਖੇ ਇਸਲਾਮ, ਨੂਰ ਇਲਾਹੀ ਸਚ ਕਲਾਮ ਕਲਮਾ ਆਪਣਾ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਜੁਗ ਜੁਗ ਖੇਲ ਖਿਲਾਇੰਦਾ, ਇਕ ਇਕੱਲਾ ਬੇਪਰਵਾਹ। ਹੱਕ ਹਕ਼ੀਕ਼ਤ ਵੇਖ ਵਖਾਇੰਦਾ, ਲਾਸ਼ਰੀਕ ਇਕ ਖ਼ੁਦਾ। ਸ਼ਿਰਕਤ ਵਿਚ ਕਦੇ ਨਾ ਆਇੰਦਾ, ਗ਼ਫ਼ਲਤ ਵਿਚ ਸਕੇ ਨਾ ਕੋਇ ਭੁੱਲਾ। ਮੁਰਸ਼ਦ ਮੁਰੀਦ ਆਪਣੇ ਰੰਗ ਰੰਗਾਇੰਦਾ, ਏਕਾ ਮਾਰਫਤ ਦਏ ਸਮਝਾ। ਭਗਤ ਭਗਵੰਤ ਆਪ ਉਠਾਇੰਦਾ, ਰਾਮ ਰਾਮਾ ਮੇਲ ਮਿਲਾ। ਕਾਹਨਾ ਕ੍ਰਿਸ਼ਨਾ ਸੰਗ ਰਖਾਇੰਦਾ, ਜਗਤ ਵਿਛੋੜਾ ਫੰਦ ਕਟਾ। ਨਾਨਕ ਜੋਤੀ ਜੋਤ ਜਗਾਇੰਦਾ, ਜਾਤਾ ਆਪਣਾ ਰੰਗ ਵਖਾ। ਗੋਬਿੰਦ ਡੰਕਾ ਇਕ ਵਜਾਇੰਦਾ, ਮੂਰਖ ਮੁਗਧਾਂ ਰਿਹਾ ਸਮਝਾ। ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਜੀਆਂ ਦਾ ਇਕੋ ਦਾਤਾ, ਏਕਾ ਜਲਵਾ ਨੂਰ ਹਰਿ ਖ਼ੁਦਾ। ਏਕੋ ਦਾਤਾ ਦੇਵਣਹਾਰਾ, ਘਟ ਘਟ ਜੀਆਂ ਰਿਜ਼ਕ ਸਬਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਗੁਰ ਪੀਰ ਅਵਤਾਰ ਆਪ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰਾ, ਕਲਜੁਗ ਅੰਤਮ ਵੇਸ ਵਟਾਈਆ। ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰਾ, ਈਸਾ ਮੂਸਾ ਕਾਲਾ ਸੂਸਾ ਮੁਖ ਨਕ਼ਾਬ ਤਨ ਵੇਖੇ ਬਸਤਰ ਸ਼ਾਹੀਆ। ਕਰੇ ਖੇਲ ਹਰਿ ਬੇਤਾਬ ਫੜ ਪਿਆਲਾ ਹਯਾਤ ਆਬ, ਆਬੇ ਹਯਾਤ ਆਪਣੇ ਹੱਥ ਰਖਾਈਆ। ਕਾਇਆ ਵੇਖੇ ਮੱਕਾ ਕਾਅਬ, ਸਾਚਾ ਹੁਜਰਾ ਆਪ ਸੁਹਾਈਆ। ਉਚ ਮਹਿਰਾਬੇ ਦਏ ਆਵਾਜ਼, ਸਾਚੀ ਬਾਂਗ ਆਪ ਸੁਣਾਈਆ। ਇਕ ਸਦਾ ਵਜਾਏ ਨਾਦ, ਨਿਉਂ ਨਿਉਂ ਸਯਦਾ ਆਪ ਝੁਕਾਈਆ। ਸਚ ਮੁਸੱਲਾ ਮੇਟੇ ਵਾਦ ਵਿਵਾਦ, ਧਰਤ ਧਵਲ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚੌਦਾਂ ਚੌਦਾਂ ਫੋਲ ਫੋਲਾਈਆ। ਚੌਦਾਂ ਲੋਕ ਚੌਦਾਂ ਤਬਕ, ਚੌਦਸ ਚੌਦਾਂ ਫੋਲ ਫੋਲਾਇੰਦਾ। ਚੌਦਾਂ ਸਲੋਕ ਚੌਦਾਂ ਸਬਕ, ਚੌਦਾਂ ਵਿਦਿਆ ਆਪ ਪੜ੍ਹਾਇੰਦਾ। ਚੌਦਾਂ ਮੋਖ ਚੌਦਾਂ ਹਰਖ ਚੌਦਾਂ ਸੋਗ, ਚੌਦਾਂ ਚਿੰਤਾ ਦੁੱਖ ਮਿਟਾਇੰਦਾ। ਚੌਦਸ ਚੌਦਾਂ ਦੇਵੇ ਝੋਕ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਨਾਮ ਖ਼ੁਦਾਈ ਕਿਲਾ ਕੋਟ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤਮ ਆਪਣਾ ਵੇਸ ਧਰਾਇੰਦਾ। ਕਲਜੁਗ ਅੰਤਮ ਵੇਸ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਕਰੇ ਖੇਲ ਇਕ ਇਕੱਲੜਾ, ਅਕਲ ਕਲ ਵਡੀ ਵਡਿਆਈਆ। ਲੱਖ ਚੁਰਾਸੀ ਸਚ ਸੰਦੇਸ ਏਕਾ ਘਲੜਾ, ਭੁਲ ਕੋਇ ਨਾ ਜਾਈਆ। ਜਗਤ ਅੰਧੇਰ ਏਕਾ ਝੁਲੜਾ, ਰਾਜ ਰਾਜਾਨ ਸ਼ਾਹ ਸੁਲਤਾਨ ਬੈਠੇ ਪਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਨਰ ਨਰੇਸ਼ਾ ਏਕਾ ਏਕ ਜਣਾਈਆ। ਧੁਰ ਸੰਦੇਸਾ ਅੰਤਮ ਕਲ, ਕਲਕਾਤੀ ਆਪ ਜਣਾਇੰਦਾ। ਉਚੇ ਮੰਦਰ ਖ਼ਾਕ ਜਾਇਣ ਰਲ, ਖ਼ਾਕੀ ਖ਼ਾਕ ਸਰਬ ਵਖਾਇੰਦਾ। ਬਿਨ ਹਰਿ ਨਾਮੇ ਦਿਸੇ ਨਾ ਕੋਇ ਫਲ, ਪੱਤ ਡਾਲ੍ਹੀ ਨਜ਼ਰ ਨਾ ਕੋਇ ਵਖਾਇੰਦਾ। ਜੂਠਾ ਝੂਠਾ ਬੂਟਾ ਜਾਣਾ ਹੁਲ, ਸਿਮਲ ਫਲ ਨਾ ਕੋਇ ਲਗਾਇੰਦਾ। ਮਾਇਆ ਮਮਤੇ ਤੇਰਾ ਕੋਇ ਨਾ ਪੈਣਾ ਮੁੱਲ, ਰਾਏ ਧਰਮ ਡੰਨ ਲਗਾਇੰਦਾ। ਪੁਰਖ ਅਬਿਨਾਸ਼ੀ ਆਪ ਬਣਾਈ ਸਾਚੀ ਕੁਲ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਇੰਦਾ। ਕਲਜੁਗ ਵੇਲਾ ਅੰਤਮ ਆਇਆ, ਹੱਕ ਮੁਹੰਮਦ ਲਏ ਅੰਗੜਾਈਆ। ਚਾਰ ਯਾਰ ਲਏ ਬੁਲਾਇਆ, ਏਕਾ ਮਤਾ ਪਕਾਈਆ। ਇਲਾਹੀ ਨੂਰ ਅੱਲਾ ਰਾਣੀ ਜ਼ੋਰ ਵਖਾਇਆ, ਜ਼ੋਰੂ ਜ਼ਰ ਲਏ ਪਰਗਟਾਈਆ। ਜਗਤ ਅਡੰਬਰ ਦਏ ਦੁਹਾਇਆ, ਸਚ ਪੈਗ਼ੰਬਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਸਚ ਪੈਗ਼ੰਬਰ ਵੇਖਣ ਆਇਆ, ਖ਼ਾਲਕ ਖ਼ਲਕ ਮਖ਼ਲੂਕਾਤ। ਲੱਖ ਚੁਰਾਸੀ ਬੰਧਨ ਤੋੜਨ ਆਇਆ, ਵੇਲੇ ਅੰਤਮ ਏਕਾ ਵਾਰ ਕਰੇ ਮੁਲਾਕਾਤ। ਮਸਤਕ ਟਿੱਕਾ ਚੰਦਨ ਲਾਵਣ ਆਇਆ, ਨਾਤਾ ਤੋੜ ਜ਼ਾਤ ਪਾਤ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਏਕਾ ਰੰਗ ਰੰਗਾਇਆ, ਏਕਾ ਕਲਮਾ ਦੇਵੇ ਅੰਤ ਨਜਾਤ। ਗ਼ੁਰਬਤ ਸਭ ਦੀ ਦਏ ਮਿਟਾਇਆ, ਵੇਲੇ ਅੰਤ ਕਰੇ ਵਫ਼ਾਤ। ਸਾਚੀ ਸੁਹਬਤ ਦਏ ਸੁਣਾਇਆ, ਸ੍ਰਿਸ਼ਟ ਸਬਾਈ ਇਕ ਜਮਾਤ। ਏਕਾ ਰਾਮ ਸਚ ਖ਼ੁਦਾਇਆ, ਏਕਾ ਸੱਚੀ ਜ਼ਾਤ। ਏਕਾ ਤਾਲਬ ਤੁਲਬਾ ਲਏ ਪੜ੍ਹਾਇਆ, ਏਕਾ ਕ਼ਲਮ ਇਕ ਦਵਾਤ। ਏਕਾ ਕਾਗ਼ਜ਼ ਲੇਖ ਲਿਖਾਇਆ, ਏਕਾ ਵੇਖਣਹਾਰਾ ਮਾਰ ਝਾਤ। ਏਕਾ ਸਾਬਤ ਸੂਰਤ ਲਏ ਪਰਗਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਮਲਾਪਾਤ। ਏਕਾ ਸੂਰਤ ਸਿਫ਼ਤ ਸਾਲਾਹ, ਨਜ਼ਰ ਕਿਸੇ ਨਾ ਆਈਆ। ਬੇਪਰਵਾਹ ਬਣਿਆ ਆਪ ਮਲਾਹ, ਕਲਜੁਗ ਬੇੜਾ ਆਪ ਚਲਾਈਆ। ਗੜ੍ਹ ਹੰਕਾਰੀ ਦੇਵੇ ਢਾਹ, ਹਉਮੇ ਹੰਗਤਾ ਰੋਗ ਮਿਟਾਈਆ। ਏਕਾ ਵਿਦਿਆ ਦਏ ਪੜ੍ਹਾ, ਚਾਰ ਵਰਨ ਭੈਣਾਂ ਭਾਈਆ। ਸਾਚੀ ਸੰਗਤ ਲਏ ਮਿਲਾ, ਰਾਓ ਰੰਕ ਨਾ ਕੋਇ ਵਡਿਆਈਆ। ਖ਼ਾਲਕ ਖ਼ਲਕ ਵੇਖੇ ਆਪ ਖ਼ੁਦਾ, ਖ਼ੁਦੀ ਤਕੱਬਰ ਮੇਟ ਮਿਟਾਈਆ। ਮੁਰੀਦ ਮੁਰਸ਼ਦ ਨਾ ਹੋਇਣ ਕਦੇ ਜੁਦਾ, ਫ਼ਿਤਰਤ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣਾ ਲੇਖਾ ਦਏ ਚੁਕਾਈਆ। ਕਲਜੁਗ ਅੰਤਮ ਲੇਖ ਚੁਕੌਣਾ, ਧਰਤੀ ਧਵਲ ਦਏ ਵਡਿਆਈਆ। ਵੇਦ ਵਿਆਸਾ ਲਿਖਿਆ ਪੂਰ ਕਰੌਣਾ, ਲੇਖਾ ਲੇਖ ਰਹੇ ਨਾ ਰਾਈਆ। ਈਸਾ ਰਾਹ ਇਕ ਤਕੌਣਾ, ਸਦੀ ਬੀਸਵੀਂ ਦਏ ਦੁਹਾਈਆ। ਮੁਹੰਮਦ ਨਾਅਰਾ ਪੂਰ ਕਰੌਣਾ, ਐਨਲਹਕ ਹੱਕ ਇਕ ਜਣਾਈਆ। ਚੌਦਾਂ ਤਬਕਾਂ ਪੰਧ ਮੁਕੌਣਾ, ਸਦੀ ਚੌਧਵੀਂ ਨਾਲ ਮਿਲਾਈਆ। ਚਾਰ ਕੁੰਟ ਵੇਖ ਵਖੌਣਾ, ਉੱਤਰ ਪੂਰਬ ਪੱਛਮ ਦੱਖਣ ਆਪਣਾ ਫੇਰਾ ਪਾਈਆ। ਨਵ ਨੌਂ ਖੇਲ ਖਿਲੌਣਾ, ਚਾਰ ਚਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਲਿਖਿਆ ਲੇਖ ਵੇਦ ਵਿਆਸ, ਕਲਜੁਗ ਅੰਤਮ ਆਇੰਦਾ। ਨਿਹਕਲੰਕ ਕਰੇ ਜੋਤ ਪਰਕਾਸ਼, ਜੋਤੀ ਨੂਰ ਡਗਮਗਾਇੰਦਾ। ਏਕਾ ਈਸਾ ਲਿਖਿਆ ਖ਼ਤਾਬ, ਮੁਖ਼ਾਤਬ ਹੋਰ ਨਾ ਕੋਇ ਕਰਾਇੰਦਾ । ਏਕਾ ਮੁਹੰਮਦ ਬੁਝਾਏ ਪਿਆਸ, ਅਮਾਮ ਮੈਂਹਦੀ ਰੂਪ ਧਰਾਇੰਦਾ। ਅਹਿਮਦ ਹੋਏ ਆਪੇ ਦਾਸ, ਆਪ ਆਪਣਾ ਪਰਦਾ ਲਾਹਿੰਦਾ। ਆਪੇ ਨਾਨਕ ਲੇਖਾ ਜਾਣੇ ਸ਼ਾਹੋ ਸ਼ਾਬਾਸ, ਮਹਾਂਬਲੀ ਆਪਣਾ ਰੂਪ ਵਟਾਇੰਦਾ। ਆਪੇ ਗੋਬਿੰਦ ਜੋਤ ਕਰੇ ਪਰਕਾਸ਼, ਜੋਤੀ ਜਾਤਾ ਮੇਲ ਮਿਲਾਇੰਦਾ। ਆਪੇ ਸੰਬਲ ਨਗਰੀ ਰੱਖੇ ਵਾਸ, ਸਚ ਸਿੰਘਾਸਣ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਨੂਰ ਅਲਾਹ ਆਪੇ ਬਣੇ ਜਗਤ ਮਲਾਹ, ਅੰਤਮ ਬੇੜਾ ਆਪ ਚਲਾਇੰਦਾ। ਕਲਜੁਗ ਬੇੜਾ ਅੰਤ ਚਲੌਣਾ, ਚਾਰ ਵਰਨ ਰਿਹਾ ਸਮਝਾਈਆ। ਮੁਰਸ਼ਦ ਮੁਰੀਦ ਲੇਖੇ ਲੌਣਾ, ਭਗਤ ਭਗਵੰਤ ਲਏ ਮਿਲਾਈਆ। ਸਾਚੇ ਸੰਤਾਂ ਦਰ ਬਹੌਣਾ, ਸਚਖੰਡ ਦਵਾਰਾ ਇਕ ਬਣਾਈਆ। ਗੁਰਮੁਖ ਸਾਚੇ ਅੰਗ ਲਗੌਣਾ, ਆਪ ਆਪਣੀ ਗੋਦ ਉਠਾਈਆ। ਗੁਰਸਿਖ ਸਾਚੇ ਚਰਨ ਬਹੌਣਾ, ਚਰਨ ਕਵਲ ਸੱਚੀ ਸਰਨਾਈਆ। ਮੁੱਲਾਂ ਸ਼ੇਖ਼ ਰੰਗ ਚੜ੍ਹੌਣਾ, ਕਾਇਆ ਤਸਬੀ ਮਨ ਕਾ ਮਣਕਾ ਆਪ ਭਵਾਈਆ। ਮਸਾਇਕ ਆਪਣਾ ਖੇਲ ਖਿਲੌਣਾ, ਸਾਚਾ ਚੰਦ ਕਰ ਰੁਸ਼ਨਾਈਆ। ਉਮਤ ਏਕਾ ਆਇਤ ਪੜ੍ਹੌਣਾ, ਇਕ ਸ਼ਰੀਅਤ ਦਏ ਵਖਾਈਆ। ਸਭ ਦਾ ਪਿਤਾ ਖ਼ੁਦਾ ਬਣੌਣਾ, ਈਸਾ ਮੂਸਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜਾ ਕੱਪੜ ਦੇਵੇ ਲਾਹੀਆ। ਕੂੜਾ ਕੱਪੜ ਦੇਣਾ ਪਾੜ, ਜੂਠ ਝੂਠ ਰਹਿਣ ਨਾ ਪਾਇਆ। ਕਲਜੁਗ ਅਗਨੀ ਤਪੇ ਨਾ ਹਾੜ, ਹਾੜ ਸਤਾਰਾਂ ਦਿਵਸ ਸੁਹਾਇਆ। ਚਾਰੋਂ ਕੁੰਟ ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੋਲਾਇਆ। ਲੱਖ ਚੁਰਾਸੀ ਜੀਵ ਜੰਤ ਟੋਹੇ ਨਾੜ ਨਾੜ, ਨਾੜ ਬਹੱਤਰ ਫੋਲ ਫੋਲਾਇਆ। ਕਰੇ ਖੇਲ ਪਰਵਰਦਿਗਾਰ, ਪਾਰਬ੍ਰਹਮ ਬੇਪਰਵਾਹਿਆ। ਨਿੰਦਕ ਦੁਸ਼ਟ ਮਾਰੇ ਦੁਰਾਚਾਰ, ਹੰਕਾਰੀ ਗੜ੍ਹ ਦਏ ਤੁੜਾਇਆ। ਚਾਰ ਕੁੰਟ ਜੀਵ ਜੰਤ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਹੱਕ ਨਾ ਕਰਿਆ ਕਿਸੇ ਪਿਆਰ, ਸਚ ਪੈਗ਼ੰਬਰ ਦਿਸ ਕਿਸੇ ਨਾ ਆਇਆ। ਰਾਮ ਨਾ ਮਿਲਿਆ ਰਾਮ ਦਰਬਾਰ, ਕ੍ਰਿਸ਼ਨ ਕਾਹਨ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰੂਪ ਲਏ ਧਰਾਇਆ। ਆਪਣਾ ਰੂਪ ਧਰਾਏ ਸੂਰਾ ਸਰਬੰਗ, ਰਾਮ ਰਾਮਾ ਆਪ ਅਖਵਾਈਆ। ਆਪਣਾ ਵਜਾਏ ਸਚ ਮਰਦੰਗ, ਦੋ ਜਹਾਨਾਂ ਆਪ ਉਠਾਈਆ। ਨੌਂ ਖੰਡ ਪ੍ਰਿਥਮੀ ਵੇਖੇ ਬਣ ਮਲੰਗ, ਘਰ ਘਰ ਆਪਣਾ ਫੇਰਾ ਪਾਈਆ। ਕਵਣ ਸਾਜਨ ਸੁੱਤਾ ਆਪਣੀ ਆਤਮ ਸੇਜ ਪਲੰਘ, ਕਵਣ ਘਰ ਘਰ ਧੱਕੇ ਰਿਹਾ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਅਮਾਮ ਅਮਾਮਾਂ ਆਪ ਅਖਵਾਈਆ। ਹੋਏ ਅਮਾਮ ਅਮਾਮ ਮੈਂਹਦੀ, ਮਹਿਮਾ ਗਣਤ ਗਣੀ ਨਾ ਜਾਈਆ। ਕਰੇ ਖੇਲ ਦਿਸ਼ਾ ਲਹਿੰਦੀ, ਆਪਣਾ ਹਿੱਸਾ ਆਪ ਵੰਡਾਈਆ। ਉਮਤ ਨਬੀ ਰਸੂਲ ਰਸਨਾ ਕਹਿੰਦੀ, ਸਦੀ ਚੌਧਵੀਂ ਦਏ ਦੁਹਾਈਆ। ਸ੍ਰਿਸ਼ਟ ਸਬਾਈ ਇਕ ਦੂਜੇ ਦੇ ਨਾਲ ਖਹਿੰਦੀ, ਨਾ ਕੋਈ ਪੱਲਾ ਸਕੇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਜੀਲ ਕ਼ੁਰਾਨ ਵੇਖ ਵਖਾਈਆ। ਅੰਜੀਲ ਕ਼ੁਰਾਨਾ ਹਰਿ ਮਿਹਰਵਾਨਾ, ਭੇਵ ਅਭੇਦ ਜਣਾਇੰਦਾ। ਏਕਾ ਚੌਕਾ ਵੇਖ ਤਰਾਨਾ, ਚੌਕਾ ਏਕਾ ਮੁਖ ਛੁਪਾਇੰਦਾ। ਏਕਾ ਮਰਦ ਇਕ ਮਰਦਾਨਾ, ਮਿਹਰਵਾਨ ਇਕ ਅਖਵਾਇੰਦਾ। ਏਕਾ ਤਸਬੀ ਏਕਾ ਗਾਣਾ, ਏਕਾ ਵਾਅਜ਼ ਇਕ ਅਲਾਇੰਦਾ। ਏਕਾ ਰਾਮ ਇਕ ਭਗਵਾਨਾ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਨਾਨਕ ਗੋਬਿੰਦ ਦਏ ਪਰਵਾਨਾ, ਏਕਾ ਹੁਕਮੀ ਹੁਕਮ ਸੁਣਾਇੰਦਾ। ਸਭ ਦਾ ਦਾਤਾ ਸ਼ਾਹ ਸੁਲਤਾਨਾ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਕਲਜੁਗ ਅੰਤਮ ਪਹਿਰਿਆ ਬਾਣਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਸੋਹੰ ਸ਼ਬਦ ਸਾਚਾ ਗਾਣਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਆਪ ਲਗੌਣਾ, ਲੋਕਮਾਤ ਵੱਜੇ ਵਧਾਈਆ। ਸੰਮਤ ਸੰਮਤੀ ਪੰਧ ਮੁਕੌਣਾ, ਵੇਲਾ ਵਕ਼ਤ ਰਿਹਾ ਜਣਾਈਆ। ਸ਼ਮਸ ਤਬਰੇਜ਼ ਬੈਠਾ ਨਾ ਕਿਸੇ ਫੇਰ ਤਕੌਣਾ, ਖਲੜੀ ਖੱਲ ਨਾ ਕੋਇ ਲੁਹਾਈਆ। ਸਿਦਕ ਈਮਾਨ ਇਕ ਜਣੌਣਾ, ਜੰਨਤ ਲੋਕਮਾਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਜਲਵਾ ਦਏ ਵਖਾਈਆ। ਸਾਚਾ ਜਲਵਾ ਜਲਵਾ ਜਲਾਲ, ਨੂਰੋ ਨੂਰ ਆਪ ਦਰਸਾਇੰਦਾ। ਤ੍ਰੈਕਾਲ ਦਰਸੀ ਤ੍ਰੈਗੁਣ ਮਾਇਆ ਤੋੜ ਜੰਜਾਲ, ਹਰਿਜਨ ਸਾਚੇ ਮੇਲ ਮਿਲਾਇੰਦਾ। ਨਜ਼ਰੀ ਆਏ ਦੀਨਾਂ ਨਾਥ ਗੋਪਾਲ, ਨਾਥ ਅਨਾਥਾਂ ਦਇਆ ਕਮਾਇੰਦਾ। ਨਾਤਾ ਤੋੜੇ ਕਾਲ ਮਹਾਕਾਲ, ਲੱਖ ਚੁਰਾਸੀ ਗੇੜ ਕਟਾਇੰਦਾ। ਹਰਿਜਨ ਸਾਚੇ ਲਏ ਭਾਲ, ਪੂਰਬ ਕਰਮਾਂ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਬਣ ਦਲਾਲ, ਸਚ ਦਲਾਲੀ ਮਾਤ ਕਮਾਇੰਦਾ। ਵੇਖਣਹਾਰਾ ਹੱਕ ਹਲਾਲ, ਹਿਕਮਤ ਅਵਰ ਨਾ ਕੋਇ ਜਣਾਇੰਦਾ। ਲਹਿਣਾ ਚੁਕਾਏ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਆਪਣੇ ਭਾਣੇ ਸਦ ਰਖਾਇੰਦਾ। ਏਕਾ ਵਸਤ ਦੇਵੇ ਧਨ ਮਾਲ, ਨਾਮ ਖ਼ਜ਼ਾਨਾ ਆਪ ਲੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੋਲ੍ਹੇ ਏਕਾ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਏਕਾ ਏਕ ਰਖਾਇੰਦਾ। ਏਕਾ ਦਰ ਇਕ ਦਰਵਾਜ਼ਾ, ਏਕਾ ਬੈਠਾ ਆਸਣ ਲਾਈਆ। ਏਕਾ ਗ਼ਰੀਬ ਇਕ ਨਵਾਜ਼ਾ, ਏਕਾ ਨਵਾਜ਼ਸ਼ ਰਿਹਾ ਵਖਾਈਆ। ਏਕਾ ਏਕ ਜਿਸ ਸਾਜਣ ਸਾਜਾ, ਏਕਾ ਖ਼ਾਲਕ ਇਕ ਖ਼ੁਦਾਈਆ। ਏਕਾ ਰਾਜਨ ਏਕਾ ਰਾਜਾ, ਏਕਾ ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਏਕਾ ਬ੍ਰਹਮ ਸਰਬ ਪਰਕਾਸ਼ਾ, ਪਾਰਬ੍ਰਹਮ ਕਰੇ ਰੁਸ਼ਨਾਈਆ। ਏਕਾ ਚਲਾਏ ਸਚ ਜਹਾਜ਼ਾ, ਜੁਗ ਜੁਗ ਬੇੜਾ ਆਪਣੇ ਹੱਥ ਟਿਕਾਈਆ। ਕਲਜੁਗ ਅੰਤਮ ਰਚਿਆ ਕਾਜਾ, ਨੌਂ ਖੰਡ ਪ੍ਰਿਥਮੀ ਵੇਖੇ ਸਰਬ ਲੋਕਾਈਆ। ਭਾਗ ਲਗਾਇਆ ਦੇਸ ਮਾਝਾ, ਮਹਿਖਾਸੁਰ ਵੇਖੇ ਆਪਣੀ ਥਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਵਾਜ਼ਾ, ਭੁਲ ਰਹੇ ਨਾ ਰਾਈਆ। ਕਰੋੜ ਤੇਤੀਸਾ ਦੇਵੇ ਦਾਜਾ, ਸੁਰਪਤ ਰਾਜਾ ਇੰਦ ਨਾਲ ਰਲਾਈਆ। ਕਰੇ ਖੇਲ ਸ਼ਾਹ ਨਵਾਬਾ, ਚਰਨ ਘੋੜੇ ਦੇ ਰਕਾਬਾ, ਏਕਾ ਦੁਲਦੁਲ ਰਿਹਾ ਦੌੜਾਈਆ। ਨਜ਼ਰ ਨਾ ਆਏ ਆਫ਼ਤਾਬਾ, ਚੰਦ ਚਾਂਦਨੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਦੇਵੇ ਕਰ, ਸਤਿਜੁਗ ਸਾਚਾ ਮਾਰਗ ਲਾਈਆ। ਸਤਿਜੁਗ ਸਾਚਾ ਮਾਰਗ ਧਰਨਾ, ਧਰਨੀ ਦਏ ਵਡਿਆਈਆ। ਚਾਰ ਵਰਨ ਰੰਗ ਏਕਾ ਕਰਨਾ, ਏਕਾ ਰੂਪ ਦਰਸਾਈਆ। ਨੇਤਰ ਖੋਲ੍ਹੇ ਹਰਨਾ ਫਰਨਾ, ਨਿਜ ਨੇਤਰ ਦਏ ਖੁਲ੍ਹਾਈਆ। ਏਕਾ ਅੱਖਰ ਸਭ ਨੇ ਪੜ੍ਹਨਾ, ਏਕਾ ਕਰੇ ਪੜ੍ਹਾਈਆ। ਏਕਾ ਮੰਦਰ ਸਭ ਨੇ ਵੜਨਾ, ਏਕਾ ਮਸਜਦ ਦਏ ਵਖਾਈਆ। ਏਕਾ ਸਯਦਾ ਸਭ ਨੇ ਕਰਨਾ, ਏਕਾ ਰਾਮ ਰਹੇ ਮਨਾਈਆ। ਏਕਾ ਭੌ ਸਭ ਨੇ ਡਰਨਾ, ਦੂਸਰ ਭੈ ਨਾ ਕੋਇ ਜਣਾਈਆ। ਏਕਾ ਪੌੜੇ ਸਭ ਨੇ ਚੜ੍ਹਨਾ, ਸਾਚਾ ਪੌੜਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਜਣਾਈਆ। ਸਾਚਾ ਮਾਰਗ ਲਾਵਣਾ, ਖ਼ਾਲਕ ਖ਼ਲਕ ਰੂਪ ਕਰਤਾਰ। ਜੂਠਾ ਝੂਠਾ ਪੰਧ ਮੁਕਾਵਣਾ, ਸਚ ਸੁੱਚ ਕਰ ਉਜਿਆਰ। ਮਾਇਆ ਮਮਤਾ ਮੋਹ ਚੁਕਾਵਣਾ, ਆਤਮ ਅੰਤਰ ਦਏ ਅਧਾਰ। ਮੁਰਸ਼ਦ ਮੁਰੀਦ ਆਪ ਮਿਲਾਵਣਾ, ਗੁਰ ਗੁਰ ਮੇਲਾ ਸਿਖ ਵਿਚ ਸੰਸਾਰ। ਸਾਚਾ ਚੇਲਾ ਆਪ ਤਰਾਵਣਾ, ਜਿਸ ਦੇਵੇ ਨਾਮ ਆਧਾਰ। ਗਿਆ ਵੇਲਾ ਹੱਥ ਕਿਸੇ ਨਾ ਆਵਣਾ, ਰਾਹ ਤੱਕੇ ਸੰਗ ਮੁਹੰਮਦ ਚਾਰ ਯਾਰ। ਅੱਲਾ ਰਾਣੀ ਨੈਣ ਉਠਾਵਣਾ, ਚਾਰੋਂ ਕੁੰਟ ਵੇਖੇ ਸਚ ਨੁਹਾਰ। ਮੀਆਂ ਆਪਣਾ ਰੂਪ ਧਰਾਵਣਾ, ਬੇਐਬ ਪਰਵਰਦਿਗਾਰ। ਫਿਰ ਅਮਾਮਾਂ ਅਮਾਮ ਆਪ ਅਖਵਾਵਣਾ, ਜੋਤੀ ਨੂਰ ਨੂਰ ਉਜਿਆਰ। ਕਲਮਾ ਕਲਾਮ ਇਕ ਸਖਾਵਣਾ, ਏਕਾ ਬੋਲੇ ਹੱਕ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਵੇ ਧਰ, ਸ੍ਰਿਸ਼ਟ ਸਬਾਈ ਕਰ ਪਿਆਰ। ਸ੍ਰਿਸ਼ਟ ਸਬਾਈ ਸਚ ਪਿਆਰ, ਇਕ ਇਕੱਲਾ ਆਪ ਕਰਾਇੰਦਾ। ਨਾਮ ਮਰਦੰਗ ਵਜਾਏ ਸਤਾਰ, ਕੂਕ ਪੁਕਾਰ ਆਪ ਸੁਣਾਇੰਦਾ। ਸੂਰਜ ਚੰਦ ਸਤਾਰ ਕਰੇ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਕਾਇਨਾਤ ਵੇਖ ਵਖਾਇੰਦਾ। ਆਪ ਆਪਣੇ ਕਰੇ ਤਲਾਸ਼, ਬਣ ਖੰਡ ਫੇਰੀ ਪਾਇੰਦਾ । ਆਪਣੇ ਮੰਦਰ ਕਰੇ ਵਾਸ, ਸਾਚਾ ਕਾਅਬਾ ਆਪ ਸੁਹਾਇੰਦਾ। ਆਬ ਹਯਾਤ ਬੁਝਾਏ ਪਿਆਸ, ਅੰਮ੍ਰਿਤ ਜਾਮ ਆਪ ਉਠਾਇੰਦਾ। ਸਰਬ ਜੀਆਂ ਸਦ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਜੋ ਮਿਲਣ ਦੀ ਰੱਖੇ ਆਸ, ਇਸ਼ਟ ਦੇਵ ਦੇਵ ਇਸ਼ਟ ਆਪ ਪਰਗਟਾਇੰਦਾ। ਰਾਮਾ ਕ੍ਰਿਸ਼ਨਾ ਈਸਾ ਮੂਸਾ ਸੰਗ ਮੁਹੰਮਦ ਖੇਲੇ ਖੇਲ ਤਮਾਸ਼, ਨਾਨਕ ਗੋਬਿੰਦ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿ ਸੱਜਣ ਮੀਤ ਆਪਣਾ ਨਾਉਂ ਧਰਾਇੰਦਾ।