੨੨ ਜੇਠ ੨੦੧੮ ਬਿਕ੍ਰਮੀ ਮਾਈ ਲਛਮੀ ਦੇ ਗ੍ਰਹਿ ਪਿੰਡ ਸੀੜ ਜੰਮੂ
ਸੁਰਤ ਸੁਵਾਣੀ ਜਗਤ ਵੈਰਾਨੀ, ਪੰਜ ਤੱਤ ਅੰਤਰ ਰਹੀ ਕੁਰਲਾਈਆ। ਕਵਣ ਦੇਵੇ ਅੰਮ੍ਰਿਤ ਪਾਣੀ, ਠੰਡਾ ਜਲ ਪਿਆਈਆ। ਕਵਣ ਸੁਣਾਏ ਅਗੰਮੀ ਬਾਣੀ, ਅਨਹਦ ਸ਼ਬਦ ਨਾਦ ਵਜਾਈਆ। ਕਵਣ ਸੁਣਾਏ ਅਕਥ ਕਹਾਣੀ, ਆਪਣੀ ਮਹਿਮਾ ਆਪ ਗਣਾਈਆ। ਕਵਣ ਵਖਾਏ ਪਦ ਨਿਰਬਾਣੀ, ਨਿਰਭੈ ਰੂਪ ਕਰਾਈਆ। ਕਵਣ ਬਣਾਏ ਸਾਚੀ ਰਾਣੀ, ਘਰ ਸਾਚਾ ਸਗਨ ਮਨਾਈਆ। ਕਵਣ ਮਿਲਾਏ ਸਾਚਾ ਹਾਣੀ, ਘਰ ਸ਼ਬਦੀ ਬੇਪਰਵਾਹੀਆ। ਜਗਤ ਵਿਹੂਣੀ ਹੋਈ ਨਿਮਾਣੀ, ਬਲ ਆਪਣਾ ਨਜ਼ਰ ਕੋਇ ਨਾ ਆਈਆ। ਮਨ ਮਤ ਬੁਧ ਹੋਈ ਨਾਦਾਨੀ, ਨਿਰਗੁਣ ਰੂਪ ਨਾ ਸਕੇ ਕੋਇ ਦਰਸਾਈਆ। ਅਠਸਠ ਫਿਰ ਫਿਰ ਵੇਖਿਆ ਪਾਣੀ, ਦੁਰਮਤ ਮੈਲ ਨਾ ਕੋਇ ਧਵਾਈਆ। ਵੜ ਵੜ ਵੇਖਿਆ ਚਾਰ ਖਾਣੀ, ਆਪਣਾ ਆਸਣ ਲਾਈਆ। ਕੋਈ ਨਾ ਦੱਸੇ ਸਚ ਨਿਸ਼ਾਨੀ, ਘਰ ਸਾਚਾ ਨਾ ਕੋਇ ਵਖਾਈਆ। ਮੈਂ ਸੁਣਿਆ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਸੱਚਾ ਸੁਲਤਾਨੀ, ਆਦਿ ਜੁਗਾਦਿ ਜੁਗਾ ਜੁਗੰਤਰ ਜਗਤ ਨਿਮਾਣੀ ਲਏ ਤਰਾਈਆ। ਨੌਂ ਖੰਡ ਪ੍ਰਿਥਮੀ ਆਈ ਹਾਨੀ, ਮੇਰੀ ਸਾਰ ਕੋਇ ਨਾ ਪਾਈਆ। ਕੋਇ ਨਾ ਮਿਲਿਆ ਸੱਚਾ ਜਾਨੀ, ਦਿਲਬਰ ਦਰਦ ਨਾ ਕੋਇ ਵੰਡਾਈਆ। ਕਰ ਕਿਰਪਾ ਵਡ ਮਿਹਰਵਾਨੀ, ਦਰ ਤੇਰੇ ਸੀਸ ਝੁਕਾਈਆ। ਕੋਝੀ ਕਮਲੀ ਕਰ ਪਰਵਾਨੀ, ਨਾਮ ਪਰਵਾਨਾ ਹੱਥ ਫੜਾਈਆ। ਤੇਰਾ ਨਾਉਂ ਮੇਰੇ ਤਨ ਸੋਹੇ ਗਾਨੀ, ਮਨ ਕਾ ਮਣਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਹੂਣੀ ਰਹੀ ਕੁਰਲਾਈਆ। ਸੁਰਤੀ ਰੋਵੇ ਧਾਹਾਂ ਮਾਰ, ਉਚੀ ਕੂਕ ਕੂਕ ਪੁਕਾਰਿਆ। ਮੇਰਾ ਵਾਸਾ ਡੂੰਘੀ ਗਾਰ, ਕੋਈ ਦਿਸੇ ਨਾ ਪਾਰ ਕਿਨਾਰਿਆ। ਮੇਰਾ ਨਾਤਾ ਜੁੜਿਆ ਪੰਚਮ ਯਾਰ, ਕਾਮ ਕਰੋਧ ਲੋਭ ਮੋਹ ਹੰਕਾਰ ਫਿਰੇ ਬਲਕਾਰਿਆ। ਆਸਾ ਤ੍ਰਿਸਨਾ ਵੇਖਿਆ ਜਗਤ ਪਿਆਰ, ਮਾਇਆ ਮਮਤਾ ਮੋਹ ਬੰਧਨ ਇਕ ਰਖਾ ਲਿਆ। ਜੂਠਾ ਝੂਠਾ ਵੇਖ ਵਣਜਾਰ, ਸਾਚਾ ਹੱਟ ਨਜ਼ਰ ਕੋਇ ਨਾ ਆ ਰਿਹਾ। ਮੈਂ ਫਿਰ ਫਿਰ ਥੱਕੀ ਸਰਬ ਸੰਸਾਰ, ਸਾਚਾ ਸੰਗ ਨਾ ਕੋਇ ਨਿਭਾ ਰਿਹਾ। ਪੱਲਾ ਛੁਡਾਇਆ ਚਾਰ ਯਾਰ, ਮੁਹੰਮਦ ਅਪਣਾ ਮੁਖ ਭਵਾ ਰਿਹਾ। ਅਹਿਮਦ ਕਰੇ ਨਾ ਕੋਇ ਗੁਫ਼ਤਾਰ, ਦੀਦ ਸ਼ੁਨੀਦ ਨਾ ਕੋਇ ਕਰਾ ਰਿਹਾ। ਕਰ ਰਹਿਮਤ ਕਰੇ ਨਾ ਕੋਇ ਪਿਆਰ, ਸੁਹਬਤ ਕੋਇ ਨਾ ਸਚ ਜਣਾ ਰਿਹਾ। ਮੈਂ ਆਪਣਾ ਆਪ ਗਈ ਹਾਰ, ਮਾਣ ਤਾਣ ਨਾ ਕੋਇ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਤਰਾ ਰਿਹਾ। ਸੁਰਤ ਸੁਵਾਣੀ ਨੇਤਰ ਨੈਣਾਂ, ਨੀਰ ਨੀਰ ਵਹਾਈਆ। ਮੈਂ ਮਿਲ ਮਿਲ ਥੱਕੀ ਸਾਕ ਸੱਜਣ ਭਾਈ ਭੈਣਾਂ, ਸਗਲਾ ਸੰਗ ਨਾ ਕੋਇ ਨਿਭਾਈਆ। ਮੇਰਾ ਚੁੱਕਿਆ ਲੋਕਮਾਤ ਨਾ ਲਹਿਣਾ ਦੇਣਾ, ਹੌਲਾ ਭਾਰ ਨਾ ਕੋਇ ਕਰਾਈਆ। ਮੈਂ ਮੰਨਦੀ ਰਹੀ ਮਨ ਦਾ ਕਹਿਣਾ, ਮਨ ਚਾਰੋਂ ਕੁੰਟ ਭਵਾਈਆ। ਮੈਂ ਮਾਇਆ ਮਮਤਾ ਪਾਇਆ ਗਹਿਣਾ, ਕੂੜੀ ਨਾਰ ਵੇਸ ਵਟਾਈਆ। ਜੂਠ ਝੂਠ ਕੱਜਲ ਪਾਇਆ ਨੈਣਾਂ, ਕਲਜੁਗ ਰਹੀ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਸੁਰਤ ਸੁਵਾਣੀ ਰੋ ਰੋ ਮਾਰੇ ਕੂਕ, ਕੂਕ ਕੂਕ ਦੁਹਾਈਆ। ਤ੍ਰੈਗੁਣ ਅਗਨੀ ਰਹੀ ਫੂਕ, ਸਾਂਤਕ ਸਤਿ ਨਾ ਕੋਇ ਕਰਾਈਆ। ਆਵਣ ਜਾਵਣ ਨਾ ਚੁੱਕੇ ਚੂਕ, ਗੇੜਾ ਗੇੜ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਜਣਾਈਆ। ਸੁਰਤ ਸੁਵਾਣੀ ਆਸਾ ਮੰਦ, ਚਾਰ ਕੁੰਟ ਵੇਖ ਵਖਾਇਆ। ਮੈਂ ਦੁਹਾਗਣ ਭਾਗਾਂਮੰਦ, ਮੇਰਾ ਰੰਗ ਨਾ ਕਿਸੇ ਰੰਗਾਇਆ। ਡੂੰਘੀ ਕੰਦਰ ਵੜ ਕੇ ਬੈਠੀ ਨਾ ਕੋਈ ਸੂਰਜ ਨਾ ਕੋਈ ਚੰਦ, ਪਰਕਾਸ਼ ਪਰਕਾਸ਼ ਨਾ ਕੋਇ ਧਰਾਇਆ। ਪੰਜ ਤੱਤ ਕਾਇਆ ਕੋਠੜੀ ਕਰਿਆ ਬੰਦ, ਆਪਣਾ ਦਰ ਦਰਵਾਜ਼ਾ ਆਪੇ ਬੰਦ ਰਖਾਇਆ। ਚਾਰੋਂ ਕੁੰਟ ਮੇਰੇ ਕੰਧ, ਮਾਇਆ ਮਮਤਾ ਪਰਦਾ ਪਾਇਆ। ਮੈਂ ਨਿਮਾਣੀ ਹੋਈ ਨੰਗ, ਸੀਸ ਪੱਲੂ ਨਾ ਕੋਇ ਰਖਾਇਆ। ਮੇਰਾ ਵਾਸਾ ਕਰਿਆ ਵਿਚ ਗੰਦ, ਜਗਤ ਨੇਤਰ ਦਿਸ ਕਿਸੇ ਨਾ ਆਇਆ। ਮੈਂ ਮੰਗਾਂ ਮੰਗ ਕਵਣ ਸੁਣਾਏ ਸੁਹਾਗੀ ਛੰਦ, ਮੇਰਾ ਦੁੱਖੜਾ ਦਏ ਮਿਟਾਇਆ। ਮੇਰੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਕਵਣ ਸਿੰਘਾਸਣ ਸੋਭਾ ਪਾਇਆ। ਮੇਰਾ ਆਵਣ ਜਾਵਣ ਚੁਕਾਏ ਪੰਧ, ਸਾਚਾ ਮਾਰਗ ਦਏ ਵਖਾਇਆ। ਮੇਰਾ ਚੁੱਕੇ ਅੰਧੇਰਾ ਅੰਧ, ਏਕਾ ਨੂਰ ਕਰੇ ਰੁਸ਼ਨਾਇਆ। ਮੈਂ ਸੁਣਿਆ ਸਦਾ ਬਖ਼ਸ਼ੰਦ, ਸਰਨ ਪੜ੍ਹੇ ਦੀ ਲਾਜ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਇਆ। ਸੁਰਤ ਸੁਵਾਣੀ ਕਰ ਪੁਕਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਮੈਂ ਨਿਮਾਣੀ ਡਿਗੀ ਮੂੰਹ ਦੇ ਭਾਰ, ਕਲਜੁਗ ਸਕੇ ਨਾ ਕੋਇ ਉਠਾਈਆ। ਉਤੋਂ ਧੱਕਾ ਰਹੇ ਮਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਮੈਂ ਫਿਰ ਫਿਰ ਥੱਕੀ ਚਾਰ ਕੁੰਟ ਨੌਂ ਖੰਡ ਪ੍ਰਿਥਮੀ ਵਿਚ ਸੰਸਾਰ, ਪੱਲਾ ਨਾਮ ਨਾ ਕੋਇ ਫੜਾਈਆ। ਮੁੱਲਾ ਸ਼ੇਖ਼ ਮੁਸਾਇਕ ਪੀਰ ਪੈਗ਼ੰਬਰ ਦਸਤਗੀਰ ਹੋਏ ਦਸਤ ਬਰਦਾਰ, ਦਾਮਨਗੀਰ ਨਾ ਕੋਇ ਅਖਵਾਈਆ। ਪੰਡਤ ਪਾਂਧੇ ਥੱਕੇ ਮਾਂਦੇ ਅਠਸਠ ਤੀਰਥ ਨੀਰ ਕਰ ਵਿਚਾਰ, ਸਾਚਾ ਸੀਰ ਨਾ ਕੋਇ ਪਿਲਾਈਆ। ਗ੍ਰੰਥੀ ਪੰਥੀ ਗਏ ਹਾਰ ਨਜ਼ਰ ਨਾ ਆਏ ਸਤਿ ਕਰਤਾਰ, ਨਾਨਕ ਗੋਬਿੰਦ ਮੇਲ ਨਾ ਕੋਇ ਮਿਲਾਈਆ। ਮੰਦਰ ਮਸਜਦ ਗੁਰੂਦਵਾਰ ਨਾਰ ਵੇਸਵਾ ਬਣਿਆ ਸੰਸਾਰ, ਵਿਭਚਾਰ ਰਹੇ ਕਮਾਈਆ। ਨਜ਼ਰ ਨਾ ਆਏ ਕਿਸੇ ਸਚ ਦਰਬਾਰ, ਜੂਠੇ ਝੂਠੇ ਮਾਇਆ ਲੂਠੇ ਅਗਨੀ ਤੱਤ ਰਹੇ ਤਪਾਈਆ। ਮੱਕਾ ਕਾਅਬਾ ਦੋ ਦੋ ਆਬਾ ਫਿਰ ਕੇ ਆਈ ਮਿਲੇ ਨਾ ਸਾਂਝਾ ਯਾਰ, ਜਿਸ ਅੱਗੇ ਦੁੱਖੜਾ ਦਿਆਂ ਸੁਣਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਨੇਤਰ ਤੱਕ ਤੱਕ ਹੋਈ ਘਾਇਲ, ਕੀਤੀ ਘਾਲ ਪੂਰੀ ਨਾ ਕੋਇ ਕਰਾਈਆ। ਚੌਦਾਂ ਲੋਕ ਵੇਖਿਆ ਹੱਟ ਕੋਈ ਨਾ ਲੱਭੇ ਸਚ ਦਲਾਲ, ਸਚ ਦਲਾਲੀ ਨਾ ਕੋਇ ਕਰਾਈਆ। ਜਾ ਜਾ ਪੁਛਿਆ ਕਾਲ ਮਹਾਕਾਲ, ਆਪਣਾ ਹਾਲ ਸੁਣਾਈਆ। ਅੰਤਮ ਹੋਏ ਸਾਰੇ ਬੇਹਾਲ, ਸੀਸ ਸਕੇ ਨਾ ਕੋਇ ਉਠਾਈਆ। ਰਾਏ ਧਰਮ ਅੱਗੇ ਰੱਖਿਆ ਇਕ ਸਵਾਲ, ਕਵਣ ਫੰਦ ਦਏ ਕਟਾਈਆ। ਚਿਤਰ ਗੁਪਤ ਕੋਲੋਂ ਪੁਛਿਆ ਹਾਲ, ਮੇਰਾ ਲੇਖਾ ਕਵਣ ਮੁਕਾਈਆ। ਕਲਜੁਗ ਅੰਤਮ ਸਾਰੇ ਦੱਸਣ ਬਿਨ ਪਾਰਬ੍ਰਹਮ ਪਤਿਪਰਮੇਸ਼ਵਰ ਕੋਇ ਨਾ ਸਕੇ ਤੇਰੀ ਸੁਰਤ ਸੰਭਾਲ, ਸੁਰਤੀ ਸੁਰਤ ਨਾ ਕੋਇ ਉਠਾਈਆ। ਅਸੀਂ ਖ਼ਾਲੀ ਹੱਥ ਹੋਏ ਕੰਗਾਲ, ਹਰਿ ਕਾ ਨਾਮ ਹੱਥ ਨਾ ਕੋਇ ਵਖਾਈਆ। ਅੰਤਮ ਪਰਗਟ ਹੋਏ ਇਕ ਅਕਾਲ, ਸਭ ਦਾ ਮਾਣ ਦਏ ਗਵਾਈਆ। ਕੋਈ ਰਹਿਣ ਨਾ ਦੇਵੇ ਅਠਸਠ ਤੀਰਥ ਤਾਲ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਚਰਨਾਂ ਵਿਚ ਦਬਾਈਆ। ਉਚੇ ਟਿੱਲੇ ਪਰਬਤ ਡੂੰਘੇ ਸਾਗਰ ਵੇਖੇ ਆਪ ਸੰਭਾਲ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਦਇਆ ਕਰੇ ਦੀਨ ਦਿਆਲ, ਹਰਿ ਠਾਕਰ ਸੱਚਾ ਸ਼ਹਿਨਸ਼ਾਹੀਆ। ਹਰਿਜਨ ਵੇਖੇ ਸਾਚੇ ਲਾਲ, ਲਾਲ ਅਨਮੁਲੜੇ ਆਪ ਬਣਾਈਆ। ਅੰਦਰੇ ਅੰਦਰ ਕਰੇ ਸੰਭਾਲ, ਔਦਾਂ ਜਾਂਦਾ ਦਿਸ ਨਾ ਆਈਆ। ਘਰ ਦੀਪਕ ਜੋਤ ਦੇਵੇ ਬਾਲ, ਤੇਰੇ ਮੰਦਰ ਕਰੇ ਰੁਸ਼ਨਾਈਆ। ਹਾਲ ਮੁਰੀਦਾਂ ਸੁਣੇ ਬੇਹਾਲ, ਗੋਬਿੰਦ ਲੇਖਾ ਲੇਖੇ ਪਾਈਆ। ਤ੍ਰੈਗੁਣ ਅਤੀਤਾ ਤੋੜੇ ਤੇਰਾ ਜੰਜਾਲ, ਤ੍ਰੈਗੁਣ ਮਾਇਆ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸੁਰਤ ਲਏ ਮਿਲਾਈਆ। ਗੁਰਮੁਖ ਗੁਰ ਗੁਰ ਤੇਰੀ ਸੁਰਤ, ਹਰਿ ਆਪਣੇ ਰੰਗ ਰੰਗਾਇੰਦਾ। ਮੇਲ ਮਿਲਾਵਾ ਅਕਾਲ ਮੂਰਤ, ਮੂਰਤ ਅਕਾਲ ਆਪ ਅਖਵਾਇੰਦਾ। ਘਟ ਨਾਦ ਵਜਾਏ ਸਾਚੀ ਤੂਰਤ, ਤੁਰੀਆ ਰਾਗ ਸੁਣਾਇੰਦਾ। ਨਜ਼ਰ ਨਾ ਆਏ ਜੋ ਦਿਸੇ ਦੂਰਤ, ਦੂਰ ਨੇੜਾ ਪੰਧ ਮੁਕਾਇੰਦਾ। ਆਸਾ ਮਨਸਾ ਸਦ ਸਦ ਪੂਰਤ, ਆਸ ਨਰਾਸ ਨਾ ਕੋਇ ਕਰਾਇੰਦਾ। ਹਜ਼ਰਤ ਸਦਾ ਹਾਜ਼ਰ ਹਜ਼ੂਰਤ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਨਾਤਾ ਤੋੜੇ ਕੂੜੋ ਕੂੜਤ, ਸਚ ਸੁੱਚ ਇਕ ਵਖਾਇੰਦਾ। ਸੁਰਤ ਸੁਵਾਣੀ ਤੇਰੀ ਪੂਰੀ ਕਰੇ ਜ਼ਰੂਰਤ, ਜ਼ਰ ਜੋਬਨ ਤੇਰਾ ਵੇਖ ਵਖਾਇੰਦਾ। ਤੇਰਾ ਪਰਕਾਸ਼ ਵੇਖੇ ਆਪਣਾ ਨੂਰਤ, ਨੂਰ ਨੁਰਾਨਾ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ। ਸੁਰਤ ਸੁਵਾਣੀ ਤੇਰੀ ਸੁਣ ਪੁਕਾਰ, ਹਰਿ ਸਤਿਗੁਰ ਦਇਆ ਕਮਾਈਆ। ਗੁਰਸਿਖ ਕਾਇਆ ਅੰਦਰ ਵਾੜ, ਤੇਰਾ ਦੁਖੜਾ ਦਏ ਮਿਟਾਈਆ। ਕਰ ਪਰਕਾਸ਼ ਬਹੱਤਰ ਨਾੜ, ਲੋਅ ਦੀਪ ਪਾਤਾਲ ਮੰਡਲ ਤੇਰੀ ਨਜ਼ਰੀ ਆਈਆ। ਤੇਰੀ ਅਗਨੀ ਤਪੇ ਨਾ ਹਾੜ, ਹਾੜ ਸਤਾਰਾਂ ਤੇਰੀ ਅੱਗ ਬੁਝਾਈਆ। ਤੇਰਾ ਮਿਲਾਏ ਸੱਚਾ ਲਾੜ, ਏਕਾ ਦੂਲ੍ਹਾ ਦਏ ਵਡਿਆਈਆ। ਤੂੰ ਸੁਹਾਗਣ ਬਣਨਾ ਨਾਰ, ਹੱਥੀਂ ਮੈਂਹਦੀ ਲਾਲ ਰੰਗਾਈਆ। ਬਸਤਰ ਦੇਵੇ ਅਪਰ ਅਪਾਰ, ਸਾਚਾ ਭੂਸ਼ਨ ਤਨ ਸੁਹਾਈਆ। ਨੇਤਰ ਨੈਣ ਕਜਲਾ ਪਾਏ ਨਾਮ ਅਪਾਰ, ਦੋ ਜਹਾਨਾਂ ਆਪ ਮਟਕਾਈਆ। ਨੱਥ ਸੁਹਾਗ ਕਰੇ ਸ਼ੰਗਾਰ, ਨਾਮ ਡੋਰੀ ਆਪ ਲਟਕਾਈਆ। ਸੀਸ ਗੁੰਦੇ ਵਿਚ ਸੰਸਾਰ, ਖੁਲ੍ਹੀ ਗੁਤ ਨਾ ਫੇਰ ਵਖਾਈਆ। ਸਖ਼ੀਆਂ ਸੁਣਾਏ ਮੰਗਲਾਚਾਰ, ਘਰ ਗੀਤ ਗੋਬਿੰਦ ਅਲਾਈਆ। ਏਕਾ ਦਿਵਸ ਦਏ ਵਿਚਾਰ, ਹਾੜ ਸਤਾਰਾਂ ਸਾਹ ਸੁਧਾਈਆ। ਗੁਰਮੁਖ ਸਖ਼ੀਆਂ ਵਰੇ ਏਕਾ ਵਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਨਾਤਾ ਤੋੜੇ ਸਰਬ ਸੰਸਾਰ, ਸਾਚਾ ਬੰਧਨ ਏਕਾ ਪਾਈਆ। ਘਰ ਮੇਲਾ ਕੰਤ ਭਤਾਰ, ਘਰ ਸੁਹੰਜਣੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸੁਵਾਣੀ ਮੇਲੇ ਸਾਚਾ ਹਾਣੀ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਸ਼ਬਦੀ ਸੁਰਤੀ ਹਰਿ ਹਰਿ ਮੇਲਾ, ਹਰਿਜਨ ਹਰਿ ਜੂ ਹਰਿ ਮੰਦਰ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸੱਜਣ ਸੁਹੇਲਾ, ਸਤਿਗੁਰ ਸਾਚਾ ਸੰਗ ਨਿਭਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਕਰੇ ਖੇਲ ਇਕ ਇਕੇਲਾ, ਅਕਲ ਕਲ ਧਾਰੀ ਭੇਵ ਨਾ ਆਇੰਦਾ। ਵਸਣਹਾਰਾ ਧਾਮ ਨਵੇਲਾ, ਹਰ ਘਟ ਆਪਣੀ ਜੋਤ ਜਗਾਇੰਦਾ। ਕਲਜੁਗ ਅੰਤਮ ਜੰਗਲ ਜੂਹ ਉਜਾੜ ਪਹਾੜ ਵੇਖੇ ਬੇਲਾ, ਸ਼ੇਰ ਸਿੰਘ ਸਿੰਘ ਸ਼ੇਰ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸੁਵਾਣੀ ਆਪ ਬਚਾਇੰਦਾ। ਸਿੰਘ ਸ਼ੇਰ ਮਾਰੇ ਭਬਕ, ਕਲਜੁਗ ਅੰਤਮ ਵੇਖ ਵਖਾਈਆ। ਏਕਾ ਵਾਰ ਹਿਲਾਏ ਚੌਦਾਂ ਤਬਕ, ਚੌਦਾਂ ਲੋਕ ਦਏ ਦੁਹਾਈਆ। ਲੱਖ ਚੁਰਾਸੀ ਦੇਵੇ ਏਕਾ ਸਬਕ, ਏਕਾ ਸੰਖਿਆ ਦਏ ਪੜ੍ਹਾਈਆ। ਪਿਛਲਾ ਲੇਖਾ ਕਰੇ ਜ਼ਬਤ, ਜ਼ਾਬਰ ਆਪਣਾ ਜ਼ੋਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਹਾਈਆ। ਸੁਰਤ ਸੁਵਾਣੀ ਸੁਰਤ ਸੰਭਾਲੇ, ਚਾਰ ਕੁੰਟ ਉਠ ਧਾਇਆ। ਆਪੇ ਕੱਟੇ ਜਗਤ ਜੰਜਾਲੇ, ਜਗਤ ਜੰਜਾਲ ਰਹੇ ਨਾ ਰਾਇਆ। ਗੁਰਮੁਖਾਂ ਦੱਸੇ ਰਾਹ ਸੁਖਾਲੇ, ਸਾਚਾ ਮਾਰਗ ਏਕਾ ਲਾਇਆ। ਫੜ ਫੜ ਸ਼ਾਹ ਬਣਾਏ ਕੰਗਾਲੇ, ਕੰਗਾਲੋਂ ਸ਼ਾਹ ਆਪ ਕਰਾਇਆ। ਹਰਿਜਨ ਵਸੇ ਤੇਰੇ ਨਾਲੇ, ਸਦਾ ਸੁਹੇਲਾ ਸੰਗ ਨਿਭਾਇਆ। ਮਨਮੁਖਾਂ ਮੁਖ ਹੋਏ ਕਾਲੇ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇਆ। ਪੱਤ ਨਾ ਦਿਸੇ ਕਿਸੇ ਡਾਲੇ, ਪੱਤਝੜ ਕਲਜੁਗ ਰਿਹਾ ਵਖਾਇਆ। ਬਿਨ ਹਰਿ ਨਾਮੇ ਪੰਜ ਤੱਤ ਕਾਇਆ ਭਾਂਡੇ ਹੋਏ ਖ਼ਾਲੇ, ਵਸਤ ਅਮੋਲਕ ਵਿਚ ਨਾ ਕੋਇ ਟਿਕਾਇਆ। ਕਲਜੁਗ ਅੰਤਮ ਚਲੀ ਅਵੱਲੜੀ ਚਾਲੇ, ਚਾਲ ਨਿਰਾਲੀ ਇਕ ਰਖਾਇਆ। ਵਸਣਹਾਰਾ ਵਸੇ ਸੱਚੀ ਧਰਮਸਾਲੇ, ਧਰਮ ਦਵਾਰਾ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਖਾਇਆ। ਸੁਰਤ ਸੁਵਾਣੀ ਵੇਖੇ ਵੇਸ, ਹਰਿ ਸਤਿਗੁਰ ਰੂਪ ਧਰਾਇਆ। ਜਿਸ ਨੂੰ ਮੰਨਦੇ ਰਹੇ ਬ੍ਰਹਮਾ ਵਿਸ਼ਨ ਮਹੇਸ਼, ਸ਼ੰਕਰ ਨਿਉਂ ਨਿਉਂ ਸੀਸ ਝੁਕਾਇਆ। ਜਿਸ ਨੂੰ ਕਰੋੜ ਤੇਤੀਸਾ ਕਰੇ ਆਦੇਸ, ਸੁਰਪਤ ਰਿਹਾ ਧਿਆਨ ਲਗਾਇਆ। ਜਿਸ ਨੂੰ ਗੁਰ ਅਵਤਾਰ ਕਹਿੰਦੇ ਰਹੇ ਰਹੇ ਹਮੇਸ਼, ਨਾ ਮਰੇ ਨਾ ਜਾਇਆ। ਜਿਸ ਦਾ ਦਰਸ਼ਨ ਕਰ ਕਰ ਆਪਣਾ ਆਪ ਰਹੇ ਪੇਖ, ਪੇਖਤ ਪੇਖਤ ਪੇਖਤ ਨਜ਼ਰੀ ਆਇਆ। ਜਿਸ ਨੂੰ ਕਹਿੰਦੇ ਮਿਲਿਆ ਮੇਲ ਗੁਰ ਦਸਮੇਸ, ਪੁਰਖ ਅਕਾਲ ਵਡ ਵਡਿਆਇਆ। ਪੁਰਖ ਅਕਾਲ ਨਾ ਦਾੜ੍ਹੀ ਨਾ ਮੁੱਛ ਕੇਸ, ਸੀਸ ਜਗਦੀਸ ਨਾ ਕੋਇ ਮੁੰਡਾਇਆ। ਘਟ ਘਟ ਅੰਤਰ ਆਪੇ ਜਾਣੇ ਆਪਣਾ ਲੇਖ, ਲਿਖ ਲਿਖ ਲੇਖਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸੁਰਤ ਲਏ ਜਗਾਇਆ। ਸੁਰਤੀ ਸੁਰਤ ਸ਼ਬਦ ਜਗਾ, ਏਕਾ ਹੁਕਮ ਸੁਣਾਈਆ। ਜੁਗ ਵਿਛੜੇ ਜਗ ਲਏ ਮਿਲਾ, ਜਾਗਰਤ ਜੋਤ ਕਰ ਰੁਸ਼ਨਾਈਆ। ਕਾਗੋਂ ਹੰਸ ਲਏ ਬਣਾ, ਹੰਸ ਕਾਗ ਆਪ ਬਣਾਈਆ। ਸਹੰਸਾ ਵਿਚੋਂ ਗੁਰਮੁਖ ਵਿਰਲਾ ਲਏ ਪਰਗਟਾ, ਜਿਸ ਜਨ ਆਪਣੀ ਬੂਝ ਬੁਝਾਈਆ। ਮੂਰਖ ਮੂੜ੍ਹੇ ਝੂਠੇ ਧੰਦੇ ਦੇਵੇ ਲਾ, ਨਿੰਦਕ ਨਿੰਦਿਆ ਮੁਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਲਏ ਪਰਨਾਈਆ। ਗੁਰਮੁਖ ਸੁਰਤੀ ਹਰਿ ਸਤਿਗੁਰ ਪਾਇਆ, ਮਿਟਿਆ ਮਾਣ ਅਭਮਾਨ। ਮਨ ਕਾ ਭੈ ਰਹੇ ਨਾ ਰਾਇਆ, ਨਿਰਭੌ ਘਰ ਵਿਚ ਕਰੇ ਆਪ ਪਰਵਾਨ। ਪੰਜਾਂ ਕੋਲੋਂ ਡਰ ਡਰ ਜੋ ਵਕ਼ਤ ਲੰਘਾਇਆ, ਕਰ ਕਿਰਪਾ ਨਾਤਾ ਤੋੜੇ ਪੰਜ ਸ਼ੈਤਾਨ। ਗੁਰ ਦਰ ਮੰਦਰ ਮਸਜਦ ਵੜ ਵੜ ਜੋ ਬੈਠੀ ਰਹੀ ਰਾਹ ਤਕਾਇਆ, ਕਵਣ ਵੇਲਾ ਮਿਲੇ ਭਗਵਾਨ। ਪੁਰਖ ਅਬਿਨਾਸ਼ੀ ਖੇਲ ਰਚਾਇਆ, ਕਿਰਪਾ ਕਰੀ ਗੁਣ ਨਿਧਾਨ। ਮੈਂ ਕੋਝੀ ਕਮਲੀ ਜਗਤ ਵਿਹੂਣੀ ਆਪ ਉਠਾਇਆ, ਚਰਨ ਧੂੜੀ ਦੇਵੇ ਦਾਨ। ਜਨਮ ਜਨਮ ਦੀ ਮੈਲ ਗਵਾਇਆ, ਆਪਣੇ ਦਰ ਕਰੇ ਪਰਵਾਨ। ਜਗਤ ਕੁਚੱਜੀ ਗਲੇ ਲਗਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਮੈਂ ਆਈ ਭੱਜੀ ਹਰਿ ਦਰਸ਼ਨ ਪਾਇਆ, ਪਾਇਆ ਪੁਰਖ ਪੁਰਖ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪੇ ਆਣ। ਹਰਿਜਨ ਸੁਰਤੀ ਚੁੱਕਿਆ ਪੰਧ, ਲੱਖ ਚੁਰਾਸੀ ਗੇੜ ਨਾ ਕੋਇ ਭਵਾਈਆ। ਪੁਰਖ ਅਕਾਲ ਸੁਣਾਇਆ ਏਕਾ ਛੰਦ, ਆਤਮ ਪਰਮਾਤਮ ਲਏ ਮਿਲਾਈਆ। ਤੇਰੀ ਨੰਗੀ ਹੋਣ ਨਾ ਦੇਵੇ ਕੰਡ, ਉਪਰ ਪਰਦਾ ਆਪ ਰਖਾਈਆ। ਤੇਰਾ ਵਾਸਾ ਕੱਢੇ ਵਿਚੋਂ ਬ੍ਰਹਿਮੰਡ, ਆਪ ਆਪਣਾ ਮੇਲ ਮਿਲਾਈਆ। ਸਾਚੇ ਘਰ ਵਖਾਏ ਪਰਮਾਨੰਦ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਰੰਗ ਸਮਾਈਆ। ਗੁਰਮੁਖ ਸੁਰਤੀ ਮੇਲ ਮਿਲੰਨਾ, ਮਿਲਿਆ ਸ੍ਰੀ ਭਗਵਾਨ। ਆਵਣ ਜਾਵਣ ਬੇੜਾ ਭੰਨਾ, ਪੈਂਡਾ ਮੁਕਿਆ ਦੋ ਜਹਾਨ। ਕਰੇ ਵਸੇਰਾ ਬਿਨ ਛੰਪਰ ਛੰਨਾ, ਨਾ ਕੋਈ ਮੰਦਰ ਨਾ ਮਕਾਨ। ਪੈਜ ਰਖਾਏ ਜਿਉਂ ਜੱਟ ਧੰਨਾ, ਪਰਮ ਪੁਰਖ ਹਰਿ ਸੁਲਤਾਨ। ਸਾਹਿਬ ਸਤਿਗੁਰ ਏਕਾ ਮੰਨਾ, ਗੁਰਮੁਖ ਸੁਰਤੀ ਕਰੇ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਜੂ ਮੇਲੇ ਆਣ। ਹਰਿ ਮਿਲਿਆ ਵਰ ਪਾਇਆ ਪਾਰਬ੍ਰਹਮ, ਪਰਮ ਪੁਰਖ ਸੁਲਤਾਨਾ। ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਵਖਾਨਾ। ਹੱਡ ਮਾਸ ਨਾੜੀ ਤਨ ਪੰਜ ਤੱਤ ਨਾ ਕੋਇ ਕੰਮ, ਜੋਤੀ ਜੋਤ ਜੋਤ ਸਮਾਨਾ। ਨਾਦ ਅਨਾਦੀ ਏਕਾ ਰਾਗ ਸੁਣੇ ਬਿਨ ਕੰਨ, ਰਸਨਾ ਜਿਹਵਾ ਨਾ ਕੋਇ ਰਖਾਨਾ। ਵੇਖੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜੋਤ ਡਗਮਗਾਨਾ। ਗੁਰਸਿਖਾਂ ਸਤਿਗੁਰ ਬੇੜਾ ਦੇਵੇ ਬੰਨ੍ਹ, ਸਚਖੰਡ ਬਹਾਏ ਦੇਵੇ ਸ਼ਬਦ ਬਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸੁਰਤੀ ਦੇਵੇ ਦਾਨ, ਅਕਾਲ ਮੂਰਤੀ ਹੋ ਮਿਹਰਵਾਨ, ਸਚਖੰਡ ਵਖਾਏ ਇਕ ਨਿਸ਼ਾਨ, ਆਪ ਆਪਣੇ ਵਿਚ ਮਿਲਾਨਾ।
