Granth 09 Likhat 132: 12 Jeth 2017 Bikarmi Sardara Singh Fakir Singh de Ghar Pind Seerh Jila Jammu

੧੨ ਜੇਠ ੨੦੧੭ ਬਿਕ੍ਰਮੀ ਸਰਦਾਰਾ ਸਿੰਘ ਫ਼ਕੀਰ ਸਿੰਘ ਦੇ ਘਰ ਪਿੰਡ ਸੀੜ ਜ਼ਿਲਾ ਜੰਮੂ

ਸਤਿ ਪੁਰਖ ਨਿਰੰਜਣ ਸਰਬ ਗੁਣਵੰਤ, ਆਦਿ ਜੁਗਾਦਿ ਸਮਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਅੰਤ, ਬੇਪਰਵਾਹ ਏਕਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਮਹਿਮਾ ਅਗਣਤ, ਭੇਵ ਅਭੇਦ ਨਾ ਕੋਈ ਪਾਇੰਦਾ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਆਪਣੀ ਖੇਲ ਖਿਲਾਇੰਦਾ। ਏਕੰਕਾਰਾ ਹਰਿ ਨਿਰੰਕਾਰ, ਦਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਹੋ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ, ਜਲਵਾ ਨੂਰ ਨੂਰ ਉਪਜਾਈਆ। ਸ੍ਰੀ ਭਗਵਾਨ ਏਕਾ ਵਸੇ ਸਚਖੰਡ ਸੱਚੇ ਦਵਾਰ, ਥਿਰ ਘਰ ਆਪਣਾ ਆਸਣ ਲਾਈਆ। ਪਾਰਬ੍ਰਹਮ ਪ੍ਰਭ ਜਾਏ ਆਪਣੀ ਧਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਲ ਕਲ ਆਪ ਅਖਵਾਈਆ। ਸੋ ਪੁਰਖ ਨਿਰੰਜਣ ਅਕਲ ਕਲ ਧਾਰੀ, ਰੂਪ ਅਨੂਪ ਰੇਖ ਰੰਗ ਨਾ ਕੋਈ ਜਣਾਇੰਦਾ। ਹਰਿ ਪੁਰਖ ਨਿਰੰਜਣ ਖੇਲ ਅਪਾਰੀ, ਇਕ ਇਕੱਲਾ ਆਪ ਕਰਾਇੰਦਾ। ਏਕੰਕਾਰਾ ਸਹਿਜ ਸਿਕਦਾਰੀ, ਦਰਗਹਿ ਸਾਚੀ ਆਪ ਕਮਾਇੰਦਾ। ਆਦਿ ਨਿਰੰਜਣ ਨਿਰਗੁਣ ਰੂਪ ਅਗੰਮ ਅਪਾਰੀ, ਆਪ ਆਪਣਾ ਆਪ ਪ੍ਰਗਟਾਇੰਦਾ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਰਾਜਨ ਰਾਜ ਏਕਾ ਵਸੇ ਉਚ ਮਹੱਲ ਅਟੱਲ ਮੁਨਾਰੀ, ਤਖ਼ਤ ਤਾਜ ਆਪ ਸੁਹਾਇੰਦਾ। ਸ੍ਰੀ ਭਗਵਾਨ ਆਪ ਉਠਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨ, ਨਿਰਗੁਣ ਖੇਲ ਕਰੇ ਮਹਾਨ, ਖੇਲ ਅਵੱਲੜੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵਾਨਾ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਵਸੇ ਸਚ ਮਕਾਨਾ, ਛੱਪਰ ਛੰਨ ਨਾ ਕੋਈ ਛੁਹਾਈਆ। ਏਕੰਕਾਰਾ ਗੁਣ ਨਿਧਾਨਾ, ਗੁਣ ਅਵਗੁਣ ਨਾ ਕੋਈ ਜਣਾਈਆ। ਆਦਿ ਨਿਰੰਜਣ ਆਪਣੀ ਕਲ ਆਪ ਵਰਤਾਨਾ, ਦੂਸਰ ਸੰਗ ਨਾ ਕੋਈ ਰਖਾਈਆ। ਸ੍ਰੀ ਭਗਵਾਨ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਅਬਿਨਾਸ਼ੀ ਕਰਤਾ ਜੁਗਾ ਜੁਗੰਤਰ ਕਰੇ ਖੇਲ ਮਹਾਨਾ, ਨਾ ਮਰੇ ਨਾ ਜਾਈਆ। ਪਾਰਬ੍ਰਹਮ ਆਪਣੇ ਘਰ ਮੰਗੇ ਦਾਨਾ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵੇਸ ਵਟਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਹਰਿ ਪੁਰਖ ਨਿਰੰਜਣ ਵਸੇ ਸਚ ਮਹੱਲਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਏਕੰਕਾਰਾ ਆਪਣੀ ਜੋਤੀ ਆਪੇ ਰਲਾ, ਮਾਤ ਪਿਤ ਨਾ ਕੋਈ ਬਣਾਇੰਦਾ। ਆਦਿ ਨਿਰੰਜਣ ਸੁਤੇ ਪਰਕਾਸ਼ ਆਪੇ ਬੱਲਾ, ਬਾਤੀ ਤੇਲ ਨਾ ਕੋਈ ਟਿਕਾਇੰਦਾ। ਸ੍ਰੀ ਭਗਵਾਨ ਸਚ ਸਿੰਘਾਸਣ ਏਕਾ ਮੱਲਾ, ਪਾਵਾ ਚੂਲ ਨਾ ਕੋਈ ਰਖਾਇੰਦਾ। ਅਬਿਨਾਸ਼ੀ ਕਰਤਾ ਵਸੇ ਨੇਹਚਲ ਧਾਮ ਅਟੱਲਾ, ਦਿਸ ਕਿਸੇ ਨਾ ਆਇੰਦਾ। ਪਾਰਬ੍ਰਹਮ ਆਪੇੇ ਫੜੇ ਆਪਣਾ ਪੱਲਾ, ਆਪਣਾ ਸੰਗ ਆਪ ਨਿਭਾਇੰਦਾ। ਸੋ ਪੁਰਖ ਨਿਰੰਜਣ ਸੋਭਾਵੰਤ, ਏਕਾ ਰੰਗ ਸਮਾਇਆ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਨਿਰਗੁਣ ਆਪਣਾ ਰੂਪ ਵਟਾਇਆ। ਏਕੰਕਾਰਾ ਆਪਣੀ ਮਹਿਮਾ ਆਪੇ ਜਾਣੇ ਅਗਣਤ, ਆਪਣਾ ਲੇਖਾ ਆਪਣੇ ਵਿਚ ਟਿਕਾਇਆ। ਆਦਿ ਨਿਰੰਜਣ ਖੇਲੇ ਖੇਲ ਆਦਿ ਅੰਤ, ਮਧ ਆਪਣਾ ਵੇਸ ਵਟਾਇਆ। ਸ੍ਰੀ ਭਗਵਾਨ ਦੋ ਜਹਾਨ ਬਣਾਏ ਬਣਤ, ਨਿਸ਼ਅੱਖਰ ਆਪ ਉਪਾਇਆ। ਪਾਰਬ੍ਰਹਮ ਆਪੇ ਹੋਏ ਦਰ ਦਰਵੇਸ਼ਾ ਮੰਗਤ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਆਦਿ ਜੁਗਾਦੀ ਆਪਣੀ ਰਚਨ ਆਪ ਰਚਾਇਆ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਤਖ਼ਤ ਤਾਜ ਇਕ ਹੰਢਾਇੰਦਾ। ਹਰਿ ਪੁਰਖ ਨਿਰੰਜਣ ਰਾਜ ਰਾਜਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਏਕੰਕਾਰਾ ਬਣ ਦਰਬਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਆਦਿ ਨਿਰੰਜਣ ਆਪਣੀ ਮੰਨੇ ਆਪੇ ਆਣ, ਆਪਣਾ ਹੁਕਮ ਆਪ ਚਲਾਇੰਦਾ। ਸ੍ਰੀ ਭਗਵਾਨ ਵੇਖੇ ਮਾਰ ਧਿਆਨ, ਆਪਣਾ ਪਰਦਾ ਆਪੇ ਲਾਹਿੰਦਾ। ਅਬਿਨਾਸ਼ੀ ਕਰਤਾ ਆਪੇ ਹੋਏ ਜਾਣੀ ਜਾਣ, ਆਪਣਾ ਲੇਖਾ ਆਪ ਗਣਾਇੰਦਾ। ਪਾਰਬ੍ਰਹਮ ਏਕਾ ਮੰਗੇ ਦਾਨ, ਦਾਤਾ ਦਾਨੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਹਰਿ ਬੇਅੰਤ, ਆਪੇ ਨਾਰ ਆਪੇ ਕੰਤ, ਆਪਣੀ ਸੇਜ ਆਪ ਹੰਢਾਇੰਦਾ। ਸੋ ਪੁਰਖ ਨਿਰੰਜਣ ਨਾਰੀ ਕੰਤਾ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਆਪ ਬਣਾਏ ਆਪਣੀ ਬਣਤਾ, ਆਪਣੀ ਸੇਜਾ ਆਪ ਹੰਢਾਇੰਦਾ। ਏਕੰਕਾਰਾ ਆਪਣੀ ਚੋਲੀ ਆਪੇ ਰੰਗਦਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਆਦਿ ਨਿਰੰਜਣ ਆਪਣਾ ਦਰ ਆਪੇ ਲੰਘਦਾ, ਦੂਸਰ ਦਰ ਨਾ ਕੋਇ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਸੇਜ ਪਲੰਘ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਆਪੇ ਵੜ, ਆਪ ਆਪਣਾ ਆਸਣ ਲਾਇੰਦਾ। ਦਰ ਘਰ ਸਾਚੇ ਆਪੇ ਵੜਿਆ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਆਪਣੇ ਪੌੜੇ ਆਪੇ ਚੜ੍ਹਿਆ, ਦਿਸ ਕਿਸੇ ਨਾ ਆਇੰਦਾ। ਆਪਣਾ ਘਾੜਣ ਆਪੇ ਘੜਿਆ, ਸਚਖੰਡ ਦਵਾਰਾ ਨਾਉਂ ਧਰਾਇੰਦਾ। ਸਚਖੰਡ ਅੰਦਰ ਥਿਰ ਘਰ ਆਪੇ ਕਰਿਆ, ਘਰ ਘਰ ਵਿਚ ਆਪ ਸਮਾਇੰਦਾ। ਆਪੇ ਪੁਰਖ ਨਾਰੀ ਨਰਿਆ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਆਪਣਾ ਆਪ ਆਪੇ ਵਰਿਆ, ਹਰਿ ਜੂ ਆਪਣੇ ਮੰਦਰ ਸੋਭਾ ਪਾਇੰਦਾ। ਆਪਣਾ ਭੋਗ ਬਿਲਾਸ ਨਿਰਗੁਣ ਨਿਰਗੁਣ ਸੰਗ ਕਰਿਆ, ਤਤਵ ਤਤ ਨਾ ਕੋਇ ਕਰਾਇੰਦਾ। ਆਪਣੇ ਅੰਦਰ ਆਪੇ ਵੜਿਆ, ਆਪਣੀ ਬਿੰਦ ਆਪ ਟਿਕਾਇੰਦਾ। ਆਪੇ ਬਾਹਰ ਦਰ ਦਵਾਰ ਆਏ ਖੜਿਆ, ਰੂਪ ਅਨੂਪ ਆਪ ਵਟਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਨਿਸ਼ਅੱਖਰ ਆਪਣਾ ਜਾਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਕਰ ਤਿਆਰ, ਜੋਤ ਜਗਾਏ ਅਗੰਮ ਅਪਾਰ, ਏਕੰਕਾਰਾ ਖੇਲ ਨਿਆਰ, ਖੇਲ ਅਵੱਲਾ ਆਪ ਕਰਾਇੰਦਾ। ਸਚ ਮਹੱਲਾ ਕਰ ਤਿਆਰਾ, ਹਰਿ ਸਾਚਾ ਖੇਲ ਖਿਲਾਇੰਦਾ। ਏਕਾ ਦੀਪਕ ਕਰ ਉਜਿਆਰਾ, ਆਦਿ ਜੁਗਾਦੀ ਡਗਮਗਾਇੰਦਾ। ਰਵ ਸਸ ਨਾ ਕੋਇ ਸਤਾਰਾ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਮੰਡਲ ਮੰਡਪ ਨਾ ਕੋਇ ਹੁਲਾਰਾ, ਆਕਾਸ਼ ਪਰਕਾਸ਼ ਨਾ ਕੋਇ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਸੋਹੇ ਦਵਾਰਾ, ਤ੍ਰੈਗੁਣ ਤਤ ਨਾ ਕੋਇ ਜਣਾਇੰਦਾ। ਪੰਜ ਤਤ ਨਾ ਕੋਇ ਅਧਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾ ਰੂਪ ਵਟਾਇੰਦਾ। ਜੰਗਲ ਜੂਹ ਨਾ ਕੋਇ ਪਹਾੜਾ, ਜਲ ਥਲ ਨਾ ਕੋਇ ਡੇਰਾ ਲਾਇੰਦਾ। ਸਾਧ ਸੰਤ ਨਾ ਗੁਰ ਪੀਰ ਕੋਈ ਅਵਤਾਰਾ, ਏਕੰਕਾਰਾ ਆਪਣੀ ਕਲ ਵਰਤਾਇੰਦਾ। ਨਾ ਕੋਈ ਨਾਮ ਸ਼ਬਦ ਬੋਲੇ ਜੈਕਾਰਾ, ਧੁਨ ਨਾਦ ਨਾ ਕੋਇ ਵਜਾਇੰਦਾ। ਨਾ ਕੋਇ ਅੰਮ੍ਰਿਤ ਵੇਖੇ ਠੰਡਾ ਠਾਰਾ, ਜਲ ਧਾਰਾ ਨਾ ਕੋਇ ਬਣਾਇੰਦਾ। ਨਾ ਕੋਈ ਨਿਉਂ ਨਿਉਂ ਕਰੇ ਨਿਮਸਕਾਰਾ, ਸੀਸ ਜਗਦੀਸ਼ ਨਾ ਕੋਇ ਝੁਕਾਇੰਦਾ। ਲੱਖ ਚੁਰਾਸੀ ਨਾ ਕੋਇ ਪਸਾਰਾ, ਘੜ ਭਾਂਡੇ ਨਾ ਕੋਇ ਬਣਾਇੰਦਾ। ਨਾ ਕੋਈ ਚਿਲਾ ਤੀਰ ਕਮਾਨ ਤੇਜ਼ ਕਟਾਰਾ, ਸ਼ਸਤਰ ਬਸਤਰ ਨਾ ਕੋਇ ਰਖਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰਾ, ਜਗਤ ਸੇਜ ਨਾ ਕੋਇ ਹੰਢਾਇੰਦਾ। ਨਾ ਕੋਈ ਦਿਸੇ ਵਡ ਭੰਡਾਰਾ, ਫੜ ਹੱਥ ਨਾ ਕੋਇ ਵਰਤਾਇੰਦਾ। ਚੌਦਾਂ ਲੋਕ ਨਾ ਕੋਇ ਅਖਾੜਾ, ਤ੍ਰੈਭਵਨ ਨਾ ਕੋਇ ਫਿਰਾਇੰਦਾ। ਕਰੋੜ ਤੇਤੀਸ ਨਾ ਕਰੇ ਕੋਇ ਪਿਆਰਾ, ਸੁਰਪਤ ਰਾਜਾ ਇੰਦ, ਰਾਗ ਤਾਲ ਨਾ ਕੋਇ ਵਜਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਰਾਜ ਰਾਜਾਨ ਨਾ ਕੋਇ ਅਖਵਾਇੰਦਾ। ਨਾ ਕੋਈ ਦਰ ਦਰਵੇਸ਼ ਮੰਗੇ ਬਣ ਭਿਖਾਰਾ, ਗਲ ਅਲਫ਼ੀ ਨਾ ਕੋਇ ਹੰਢਾਇੰਦਾ। ਚਾਰ ਵਰਨ ਨਾ ਕੋਇ ਸਹਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਨਾ ਕੋਇ ਰੰਗਾਇੰਦਾ। ਨਾ ਕੋਈ ਬੰਨ੍ਹੇ ਸੀਸ ਦਸਤਾਰਾ, ਮੂੰਡ ਮੁੰਡਾਇਆ ਨਾ ਕੋਇ ਰਖਾਇੰਦਾ। ਸਤਿ ਪੁਰਖ ਨਿਰੰਜਣ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਰਚਨਾ ਆਪ ਰਚਾਇੰਦਾ। ਸਚਖੰਡ ਸੁਹਾਏ ਇਕ ਦਵਾਰਾ, ਆਦਿ ਆਦਿ ਆਪਣਾ ਖੇਲ ਕਰਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਹੁਕਮੀ ਹੁਕਮ ਆਪ ਸੁਣਾਇੰਦਾ। ਨਿਰਗੁਣ ਰੂਪ ਆਪੇ ਪਾਏ ਆਪਣੀ ਸਾਰਾ, ਮਨ ਮਤ ਬੁੱਧ ਨਾ ਕੋਇ ਧਰਾਇੰਦਾ। ਕਾਮ ਕਰੋਧ ਲੋਭ ਮੋਹ ਨਾ ਕੋਇ ਹੰਕਾਰਾ, ਆਸਾ ਤ੍ਰਿਸ਼ਨਾ ਨਾ ਮੇਲ ਮਿਲਾਇੰਦਾ। ਪੂਤ ਸਪੂਤ ਨਾ ਸੁੱਤ ਦੁਲਾਰਾ, ਮਾਤ ਗਰਭ ਨਾ ਕੋਇ ਫੇਰੀ ਪਾਇੰਦਾ। ਰੰਗ ਰੰਲੀਆਂ ਮਾਣੇ ਨਾ ਨਾਲ ਕੋਈ ਨਾਰ ਭਤਾਰਾ, ਸਗਲਾ ਸੰਗ ਨਾ ਕੋਇ ਵਖਾਇੰਦਾ। ਚਾਰ ਵੇਦ ਨਾ ਕੋਇ ਲਿਖਾਰਾ, ਚਾਰੇ ਮੁਖ ਨਾ ਕੋਇ ਗਾਇੰਦਾ। ਅਠਾਰਾਂ ਪੁਰਾਨ ਨਾ ਕੋਇ ਸਹਾਰਾ, ਚੌਦਾਂ ਵਿਦਿਆ ਨਾ ਕੋਇ ਪੜ੍ਹਾਇੰਦਾ। ਗੀਤਾ ਗਿਆਨ ਨਾ ਕਰੇ ਆਧਾਰਾ, ਦਸ ਅੱਠ ਅਠਾਰਾਂ ਨਾ ਮੇਲ ਮਿਲਾਇੰਦਾ। ਨੌ ਨਿਧਾਂ ਨਾ ਦਿਸਣ ਦਵਾਰਾ, ਅਠਾਰਾਂ ਸਿਧਾਂ ਨਾ ਰੂਪ ਵਟਾਇੰਦਾ। ਜੋਗ ਅਭਿਆਸ ਜਪ ਤਪ ਹਠ ਸਤਿ ਸੰਜਮ ਨੇਮ ਨਾ ਕੋਇ ਕਰੇ ਦਰਬਾਰਾ, ਹਵਨੀ ਹਵਨ ਨਾ ਕੋਇ ਵਖਾਇੰਦਾ। ਧੂਪ ਦੀਪ ਘਿਰਤ ਦੀਵਾ ਬਾਤੀ ਨਾ ਕਰੇ ਕੋਇ ਉਜਿਆਰਾ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ, ਖੇਲ ਤਮਾਸ਼ਾ ਪੁਰਖ ਅਬਿਨਾਸ਼ਾ ਆਪਣਾ ਆਪ ਕਰਾਇੰਦਾ। ਸਚਖੰਡ ਦਵਾਰਾ ਹਰਿ ਮਿਹਰਵਾਨ, ਏਕੰਕਾਰਾ ਜੋਤ ਜਗਾਈਆ। ਸਤਿ ਪੁਰਖ ਨਿਰੰਜਣ ਖੇਲ ਮਹਾਨ, ਦਰ ਘਰ ਸਾਚੇ ਆਪ ਕਰਾਈਆ। ਸਾਚੇ ਤਖ਼ਤ ਬੈਠ ਸੱਚਾ ਸੁਲਤਾਨ, ਆਪ ਆਪਣੀ ਲਏ ਅੰਗੜਾਈਆ। ਆਪੇ ਹੋਏ ਵਡ ਮਿਹਰਵਾਨ, ਮਿਹਰਵਾਨ ਆਪਣੀ ਦਇਆ ਕਮਾਈਆ। ਸਤਿ ਸਰੂਪੀ ਇਕ ਚੜ੍ਹਾਏ ਸਚ ਨਿਸ਼ਾਨ, ਜੋਤੀ ਧਾਰਾ ਆਪ ਬਦਲਾਈਆ। ਪਹਿਲੇ ਘਰ ਗੁਣ ਨਿਧਾਨ, ਲਾਲਣ ਲਾਲ ਰੂਪ ਵਟਾਈਆ। ਦੂਜੇ ਦਰ ਕਰ ਧਿਆਨ, ਕੰਚਨ ਆਪਣਾ ਗੜ੍ਹ ਸੁਹਾਈਆ। ਤੀਜਾ ਵੇਸ ਸ੍ਰੀ ਭਗਵਾਨ, ਸੂਹਾ ਸਾਲਸ ਆਪ ਅਖਵਾਈਆ। ਚੌਥੇ ਘਰ ਹੋ ਪਰਧਾਨ, ਸਤਿ ਸਫੈਦੀ ਧਾਰ ਵਹਾਈਆ। ਪੰਚਮ ਆਪਣਾ ਆਪ ਕਰ ਪਛਾਣ, ਪੀਲਾ ਰੂਪ ਵਟਾਈਆ। ਛੇਵੇਂ ਵੇਖਣਹਾਰਾ ਛੱਪਰ ਛੰਨ ਮਕਾਨ, ਨੀਲੀ ਧਾਰ ਧਾਰ ਬੰਧਾਈਆ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨ, ਕਾਲਾ ਰੰਗ ਸੂਰਾ ਸਰਬੰਗ, ਦਰ ਘਰ ਸਾਚੇ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਸਚ ਵਸੇਰਾ ਦਰ ਘਰ ਸਾਚਾ ਆਪ ਸੁਹਾਈਆ। ਦਰ ਘਰ ਸਾਚਾ ਹਰਿ ਸੁਹੰਜਣਾ, ਥਿਰ ਘਰ ਸਾਚੇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣਾ, ਨਿਰਗੁਣ ਬੈਠਾ ਡੇਰਾ ਲਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਦੀਨਾਂ ਨਾਥ ਆਪ ਅਖਵਾਈਆ। ਆਪੇ ਬਣੇ ਆਪਣਾ ਸੱਜਣਾ, ਆਪ ਆਪਣਾ ਸੰਗ ਰਖਾਈਆ। ਆਪੇ ਕਰੇ ਆਪਣਾ ਮਜਣਾ, ਆਪ ਆਪਣਾ ਅੰਮ੍ਰਿਤ ਲਏ ਪਰਗਟਾਈਆ। ਨਾ ਘੜਿਆ ਨਾ ਭੱਜਣਾ, ਘੜਣ ਭੰਨਣਹਾਰ ਆਪ ਅਖਵਾਈਆ। ਸਾਚੇ ਤਖ਼ਤ ਸਾਚੇ ਭੂਪ, ਹਰਿ ਭਗਵਾਨ ਬਹਿ ਬਹਿ ਸਜਣਾ, ਦਰਗਹਿ ਸਾਚੀ ਧਾਮ ਸੁਹਾਈਆ। ਆਪਣਾ ਪਰਦਾ ਆਪੇ ਕੱਜਣਾ, ਦੂਸਰ ਹੋਰ ਨਾ ਕੋਇ ਵਖਾਈਆ। ਆਪਣਾ ਚਲਾਏ ਸਚ ਜਹਾਜ਼ਨਾ, ਨਿਰਗੁਣ ਨਿਰਗੁਣ ਬਣ ਰਥਵਾਹੀਆ। ਆਪੇ ਰਚਿਆ ਆਪਣਾ ਕਾਜਨਾ, ਕਰਤਾ ਪੁਰਖ ਵੱਡ ਵਡਿਆਈਆ। ਆਪਣਾ ਸਾਜਣ ਆਪੇ ਸਾਜਣਾ, ਅਕਾਲ ਮੂਰਤ ਬੇਪਰਵਾਹੀਆ। ਆਪੇ ਹੋਏ ਸ਼ਾਹ ਨਵਾਬਣਾ, ਜੂਨੀ ਰਹਿਤ ਭੇਵ ਨਾ ਰਾਈਆ। ਆਪਣੀ ਕਰੇ ਆਪ ਆਰਾਧਣਾ, ਆਪਣਾ ਨਾਉਂ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵਸਿਆ, ਆਦਿ ਜੁਗਾਦੀ ਫਿਰੇ ਨੱਸਿਆ, ਨੱਸਣਹਾਰਾ ਦਿਸ ਨਾ ਆਈਆ। ਸਚ ਮਹੱਲਾ ਉਚ ਅਟਾਰੀ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤ ਜਗਾਏ ਏਕੰਕਾਰੀ ਨਿਰਾਕਾਰੀ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਘਰ ਮੰਦਰ ਸੋਹੇ ਬੰਕ ਦਵਾਰੀ, ਧੁਰ ਦਰਬਾਰੀ ਆਪ ਸੁਹਾਇੰਦਾ। ਆਪਣਾ ਮੇਲਾ ਕਰੇ ਪੁਰਖ ਨਾਰੀ, ਆਪ ਆਪਣੀ ਸੇਜ ਹੰਢਾਇੰਦਾ। ਜੋਤੀ ਸ਼ਕਤੀ ਖੇਲ ਨਿਆਰੀ, ਜੁਗਤੀ ਆਪਣੀ ਆਪ ਬਣਾਇੰਦਾ। ਆਪੇ ਮਾਤ ਪਿਤ ਬਣੇ ਵਡ ਸੰਸਾਰੀ, ਪੂਤ ਸਪੂਤਾ ਆਪਣਾ ਆਪ ਪਰਗਟਾਇੰਦਾ। ਸੁੱਤ ਦੁਲਾਰਾ ਕਰ ਤਿਆਰੀ, ਸ਼ਬਦੀ ਨਾਉਂ ਰਖਾਇੰਦਾ। ਸਾਰ ਸ਼ਬਦ ਇਕ ਆਧਾਰ, ਆਪ ਆਪਣੇ ਵਿਚ ਟਿਕਾਇੰਦਾ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜ਼ਾਹਰ, ਆਪੇ ਸਚਖੰਡ ਵਸਾਏ ਸਚ ਦਵਾਰ, ਥਿਰ ਘਰ ਆਸਣ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਡਲ ਪਾਵੇ ਰਾਸ, ਰਵ ਸਸ ਨਾ ਕੋਇ ਪਰਕਾਸ਼, ਗਗਨ ਗਗਨੰਤਰ ਨਾ ਕੋਇ ਵਖਾਇੰਦਾ। ਸਾਚੇ ਮੰਦਰ ਖੇਲ ਅਪਾਰਾ, ਸੁੱਤ ਦੁਲਾਰਾ ਆਪਣਾ ਆਪ ਉਪਜਾਈਆ। ਸਾਚੇ ਸੁੱਤ ਕਰੇ ਪਿਆਰਾ, ਆਪਣੀ ਗੋਦ ਬਹਾਈਆ। ਆਪੇ ਕਰਾਏ ਵਣਜ ਵਣਜਾਰਾ, ਏਕਾ ਵਸਤੂ ਹੱਥ ਫੜਾਈਆ। ਤੇਰਾ ਰੂਪ ਮੇਰੀ ਧਾਰਾ, ਮੇਰੀ ਜੋਤ ਤੇਰਾ ਸਹਾਰਾ, ਤੇਰਾ ਨਾਮ ਮੇਰਾ ਜੈਕਾਰਾ, ਤੇਰਾ ਘਰ ਮੇਰਾ ਦਰਬਾਰਾ, ਦਰ ਦਰਬਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੁੱਤ ਕਰ ਤਿਆਰ, ਸਾਰ ਸ਼ਬਦ ਭਰੇ ਭੰਡਾਰ, ਸਚਖੰਡ ਦਵਾਰਾ ਆਪਣਾ ਹੁਕਮ ਸੁਣਾਈਆ। ਸਾਚਾ ਹੁਕਮ ਸਾਚਾ ਰਾਣਾ, ਹਰਿ ਸਾਚਾ ਸਚ ਉਪਜਾਇੰਦਾ। ਪੂਤ ਸਪੂਤੇ ਮੰਨਣਾ ਪਏ ਭਾਣਾ, ਭਾਣੇ ਅੰਦਰ ਸਭ ਵਖਾਇੰਦਾ। ਤੇਰਾ ਰੱਖਾਂ ਦੋ ਜਹਾਨ ਮਾਣਾ, ਸਿਰ ਆਪਣਾ ਹੱਥ ਟਿਕਾਇੰਦਾ। ਮੇਰਾ ਤਾਲ ਤੇਰਾ ਗਾਣਾ, ਤੇਰਾ ਰਾਗ ਮੇਰਾ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦੇਵੇ ਏਕਾ ਵਰ, ਸਾਚੇ ਸੁੱਤ ਆਪ ਸਮਝਾਇੰਦਾ। ਸ਼ਬਦ ਦੁਲਾਰਾ ਸੁੱਤ, ਸਤਿ ਪੁਰਖ ਨਿਰੰਜਣ ਅੱਗੇ ਸੀਸ ਝੁਕਾਈਆ। ਕਿਰਪਾ ਕਰ ਅਬਿਨਾਸ਼ੀ ਅਚੁੱਤ, ਹਉਂ ਸੇਵਕ ਸੇਵ ਕਮਾਈਆ। ਤੇਰੀ ਸੋਹੇ ਸਾਚੀ ਰੁੱਤ, ਰੁੱਤ ਬੁਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਘਰ ਸਾਚਾ ਝੋਲੀ ਪਾਈਆ। ਵਰ ਘਰ ਸਾਚਾ ਹਰਿ ਨਿਰੰਕਾਰ, ਸ਼ਬਦ ਸ਼ਬਦੀ ਆਪ ਸੁਣਾਇੰਦਾ। ਤੇਰੀ ਸੇਵਾ ਅਗੰਮ ਅਪਾਰ, ਅਗੰਮ ਅਗੰਮੜਾ ਆਪ ਲਗਾਇੰਦਾ। ਤੇਰੇ ਸਿਰ ਹੱਥ ਇਕ ਕਰਤਾਰ, ਤੇਰੀ ਰਚਨਾ ਆਪ ਰਚਾਇੰਦਾ। ਤੇਰਾ ਰੂਪ ਨਿਰਗੁਣ ਧਾਰ, ਦਿਸ ਕਿਸੇ ਨਾ ਆਇੰਦਾ। ਤੇਰੀ ਵੰਡ ਵੰਡੇ ਅਪਰ ਅਪਾਰ, ਤੇਰੀ ਝੋਲੀ ਆਪ ਭਰਾਇੰਦਾ। ਬ੍ਰਹਿਮੰਡ ਖੰਡ ਕਰ ਤਿਆਰ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸੁੱਤ ਦੁਲਾਰਾ ਉਠਿਆ, ਹਰਿ ਸ਼ਬਦੀ ਨੌਜਵਾਨ। ਪ੍ਰਭ ਸਤਿਗੁਰ ਮੇਰਾ ਤੁਠਿਆ, ਹੋਇਆ ਆਪ ਮਿਹਰਵਾਨ। ਸਾਚੀ ਵਸਤ ਦੇਣੀ ਏਕਾ ਮੁੱਠਿਆ, ਹਉਂ ਮੰਗੇ ਭਿਖਕ ਦਾਨ। ਮੇਰਾ ਦਰ ਨਾ ਜਾਏ ਲੁੱਟਿਆ, ਆਦਿ ਜੁਗਾਦੀ ਝੁਲਦਾ ਰਹੇ ਨਿਸ਼ਾਨ। ਮੇਰਾ ਬੂਟਾ ਨਾ ਜਾਏ ਪੁਟਿਆ, ਪੁਰਖ ਅਬਿਨਾਸ਼ੀ ਹਉਂ ਤੇਰੀ ਸੰਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸ੍ਰੀ ਭਗਵਾਨ। ਸ੍ਰੀ ਭਗਵਾਨ ਅਗੰਮ ਜਣਾਈ, ਸ਼ਬਦ ਸਾਰ ਸਮਝਾਇਆ। ਤੇਰੀ ਰਚਨਾ ਆਪ ਰਚਾਈ, ਮਾਤ ਪਿਤ ਆਪ ਅਖਵਾਇਆ। ਤੇਰੀ ਸੇਵਾ ਰਿਹਾ ਕਮਾਈ, ਦਾਈ ਦਾਇਆ ਨਾ ਕੋਇ ਲਗਾਇਆ। ਤੇਰੀ ਕਦੇ ਨਾ ਹੋਈ ਜੁਦਾਈ, ਤੇਰਾ ਵਿਛੋੜਾ ਮੋਹੇ ਨਾ ਭਾਇਆ। ਤੇਰੀ ਵਜਦੀ ਰਹੇ ਵਧਾਈ, ਸਚਖੰਡ ਸਾਚੇ ਸੋਭਾ ਪਾਇਆ। ਤੇਰੇ ਸਿਰ ਸਮਰਥ ਹੱਥ ਰਿਹਾ ਟਿਕਾਈ, ਆਪਣੀ ਵਥ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਚਾ ਵਰ, ਦਰਗਹਿ ਸਾਚੀ ਧਾਮ ਸੁਹਾਇਆ। ਦਰਗਹਿ ਸਾਚੀ ਵਰ ਘਰ ਪਾ, ਹਰਿ ਸ਼ਬਦ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਮਿਲਿਆ ਬੇਪਰਵਾਹ, ਨਾ ਕੋਈ ਨਾਤਾ ਤੋੜ ਤੁੜਾਇੰਦਾ। ਏਕਾ ਦੇਵੇ ਸਿਫ਼ਤ ਸਲਾਹ, ਸਾਚੀ ਸਿਖਿਆ ਇਕ ਸਮਝਾਇੰਦਾ। ਏਕਾ ਬਣੇ ਸਚ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਇਕ ਵਖਾਏ ਆਪਣਾ ਰਾਹ, ਆਪਣਾ ਮਾਰਗ ਆਪੇ ਲਾਇੰਦਾ। ਇਕ ਧਰਾਇਆ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਮੇਰੀ ਸੇਵਾ ਦਿਤੀ ਲਾ, ਆਪ ਆਪਣਾ ਹੁਕਮ ਸੁਣਾਇੰਦਾ। ਹੁਕਮ ਵਰਤੇ ਥਾਉਂ ਥਾਂ, ਥਾਨ ਥਨੰਤਰ ਨਜ਼ਰ ਕੋਇ ਨਾ ਆਇੰਦਾ। ਸਚਖੰਡ ਬੈਠਾ ਮਤਾ ਰਿਹਾ ਪਕਾ, ਥਿਰ ਘਰ ਆਪਣਾ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਆਪ ਸੁਹਾਇੰਦਾ। ਸੁਣ ਸ਼ਬਦ ਕਰ ਧਿਆਨ, ਹਰਿ ਸਾਚੇ ਸਚ ਜਣਾਇਆ। ਏਕਾ ਰੂਪ ਸ੍ਰੀ ਭਗਵਾਨ, ਦੂਸਰ ਵੇਸ ਨਾ ਕੋਇ ਕਰਾਇਆ। ਤੇਰਾ ਪਾਏ ਤੇਰੀ ਆਣ, ਮੇਰਾ ਭਾਣਾ ਤੇਰੇ ਸਿਰ ਰਖਾਇਆ। ਮੇਰਾ ਸ਼ਬਦ ਤੇਰਾ ਗਿਆਨ, ਮੇਰਾ ਹੁਕਮ ਤੇਰਾ ਫ਼ਰਮਾਣ, ਦੋ ਜਹਾਨਾਂ ਦਏ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਾਚੀ ਇਛਿਆ ਪੂਰ ਕਰਾਇਆ। ਸਾਚੀ ਇਛਿਆ ਭਿਛਿਆ ਝੋਲੀ ਭਰ, ਸਾਚੇ ਸੁੱਤ ਖ਼ੁਸ਼ੀ ਮਨਾਈਆ। ਨਿਰਭੌ ਚੁਕਾਇਆ ਆਪਣਾ ਡਰ, ਨਿਰਵੈਰ ਆਪਣਾ ਰੂਪ ਦਰਸਾਈਆ। ਅਕਾਲ ਮੂਰਤ ਕਰਨੀ ਕਰ, ਕਰਤਾ ਪੁਰਖ ਕਰੇ ਕੁੜਮਾਈਆ। ਅਜੂਨੀ ਰਹਿਤ ਮਿਲਿਆ ਹਰਿ, ਆਦਿ ਜੁਗਾਦਿ ਹੋਏ ਸਹਾਈਆ। ਏਕੰਕਾਰਾ ਲੜ ਲਿਆ ਫੜ, ਨਾ ਕੋਈ ਛੋੜੇ ਨਾ ਛੋੜ ਛੁੜਾਈਆ। ਏਕਾ ਅੱਖਰ ਆਪਣਾ ਆਪੇ ਪੜ੍ਹ, ਆਪ ਆਪਣੇ ਵਿਚ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਲੇਖ ਸਮਝਾਈਆ। ਸੁੱਤ ਦੁਲਾਰਾ ਹੋ ਮਿਹਰਵਾਨ, ਆਪਣੀ ਰਚਨਾ ਆਪ ਰਚਾਇੰਦਾ। ਆਪਣੇ ਮੰਦਰ ਮਾਰ ਧਿਆਨ, ਆਪਣਾ ਅੰਦਰ ਫੋਲ ਫੁਲਾਇੰਦਾ। ਆਪੇ ਵੇਖੇ ਆਪਣਾ ਹਾਣ, ਆਪ ਆਪਣਾ ਮੇਲ ਮਿਲਾਇੰਦਾ। ਆਪ ਆਪਣਾ ਕਰ ਪਰਵਾਨ, ਆਪ ਆਪਣੇ ਗਲੇ ਲਗਾਇੰਦਾ। ਆਪੇ ਵਸੇ ਸਚ ਮਕਾਨ, ਸਾਚਾ ਡੇਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇੰਦਾ। ਸਾਚੀ ਰਚਨਾ ਹਰਿ ਰਚਾਏ, ਖੇਲੇ ਖੇਲ ਬੇਪਰਵਾਹੀਆ। ਆਪਣੀ ਵੰਡ ਆਪ ਵੰਡਾਏ, ਇਕ ਕਿਰਨ ਸਚਖੰਡ ਦਵਾਰਿਉਂ ਬਾਹਰ ਕਢਾਈਆ। ਲੋਆਂ ਪੁਰੀਆਂ ਬਣਤ ਬਣਾਏ, ਰਵ ਸਸ ਕਰੇ ਰੁਸ਼ਨਾਈਆ। ਮੰਡਲ ਮੰਡਪ ਵੇਖ ਵਖਾਏ, ਦੀਪਕ ਤਾਰਕਾ ਆਪ ਜਗਾਈਆ। ਆਪਣਾ ਰੂਪ ਆਪ ਪਰਗਟਾਏ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਾਕਾਰ ਸਾਕਾਰ ਆਪ ਹੋ ਜਾਏ, ਵਿਸ਼ਵ ਖੇਲ ਬੇਪਰਵਾਹੀਆ। ਵਿਸ਼ਨੂੰ ਆਪਣਾ ਨਾਉਂ ਧਰਾਏ, ਘਰ ਅੰਮ੍ਰਿਤ ਤਾਲ ਸੁਹਾਈਆ। ਅੰਮ੍ਰਿਤ ਜਲ ਆਪ ਭਰਾਏ, ਆਪਣੀ ਨਾਭੀ ਲਏ ਟਿਕਾਈਆ। ਆਪਣਾ ਬੂਟਾ ਆਪੇ ਲਾਏ, ਆਪਣੀ ਹੱਥੀਂ ਸੇਵ ਕਮਾਈਆ। ਆਪਣਾ ਫੁੱਲ ਆਪ ਖਲਾਏ, ਅੱਠੇ ਪੰਖੜੀਆਂ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਰੂਪ ਵਟਾਏ, ਬ੍ਰਹਮ ਆਪਣਾ ਨਾਉਂ ਧਰਾਈਆ। ਸ਼ਬਦ ਦੁਲਾਰਾ ਸੇਵ ਕਮਾਏ, ਸਾਚੀ ਰਚਨਾ ਵੇਖ ਵਖਾਈਆ। ਧੁਰ ਫ਼ਰਮਾਣਾ ਹੁਕਮ ਸੁਣਾਏ, ਏਕਾ ਸ਼ਬਦ ਕਰੇ ਪੜ੍ਹਾਈਆ। ਸੁੰਨ ਅਗੰਮੀ ਫੋਲ ਫੁਲਾਏ, ਧੂਆਂਧਾਰ ਵੇਖ ਵਖਾਈਆ। ਆਪਣਾ ਸ਼ੰਕਰ ਰੂਪ ਵਟਾਏ, ਲੇਖਾ ਕਰੇ ਬੇਪਰਵਾਹੀਆ। ਤ੍ਰੈ ਤ੍ਰੈ ਲੇਖਾ ਵੇਖ ਵਖਾਏ, ਤ੍ਰੈਗੁਣ ਵਿਚ ਕਦੇ ਨਾ ਆਈਆ। ਤ੍ਰੈਗੁਣ ਮਾਇਆ ਰਚਨ ਰਚਾਏ, ਰਜੋ ਤਮੋ ਸਤੋ ਕਰੇ ਕੁੜਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰਾ ਵਡ ਬਲਵਾਨ, ਖੇਲੇ ਖੇਲ ਹਰ ਘਟ ਥਾਈਂਆ। ਤ੍ਰੈਗੁਣ ਮਾਇਆ ਕਰ ਪਰਧਾਨ, ਬ੍ਰਹਮੇ ਵਿਸ਼ਨ ਸ਼ਿਵ ਝੋਲੀ ਪਾਈਆ। ਪੰਜ ਤਤ ਤਤ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪ ਆਪਣਾ ਰੰਗ ਰੰਗਾਈਆ। ਪੰਜ ਪੰਜੀ ਮੇਲ ਵਿਚ ਜਹਾਨ, ਨਿਰਗੁਣ ਸਰਗੁਣ ਵੇਖ ਵਖਾਈਆ। ਸਰਗੁਣ ਸਾਚਾ ਕਰ ਪਰਵਾਨ, ਬੂੰਦ ਰਕਤ ਮੇਲ ਮਿਲਾਈਆ। ਹੱਡ ਮਾਸ ਨਾੜੀ ਚੰਮ ਬਣਾਏ ਇਕ ਮਕਾਨ, ਬਹੱਤਰ ਨਾੜੀ ਤਿੰਨ ਸੌ ਸੱਠ ਹਾਡੀ ਜੋੜ ਜੁੜਾਈਆ। ਨੌ ਦਰ ਖੋਲ੍ਹ ਦੁਕਾਨ, ਜਗਤ ਵਾਸਨਾ ਵਿਚ ਭਰਾਈਆ। ਨਾਲ ਰਲਾਏ ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਸ਼ੈਤਾਨ, ਆਸਾ ਤ੍ਰਿਸ਼ਨਾ ਮੇਲ ਮਿਲਾਈਆ। ਹਉਮੇ ਹੰਗਤਾ ਗੱਡ ਨਿਸ਼ਾਨ, ਉਚਾ ਬੁਰਜ ਦਏ ਵਖਾਈਆ। ਮਨ ਮਨੂਆ ਕਰ ਪਰਧਾਨ, ਸਚ ਸਿਕਦਾਰ ਇਕ ਬਣਾਈਆ। ਮਤ ਮਤਵਾਲੀ ਖੇਲ ਮਹਾਨ, ਨਿਰਗੁਣ ਆਪਣੀ ਅੰਸ ਉਪਜਾਈਆ। ਬੁੱਧ ਬਬੇਕੀ ਕਰੇ ਪਛਾਣ, ਆਪਣੀ ਵਸਤ ਆਪਣੇ ਹੱਥ ਰਖਾਈਆ। ਕਰੇ ਖੇਲ ਸ੍ਰੀ ਭਗਵਾਨ, ਘਰ ਘਰ ਵਿਚ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਕਰੇ ਪਿਆਰਾ, ਕਰੇ ਖੇਲ ਅਪਰ ਅਪਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਕਾਇਆ ਮੰਦਰ ਬਣਿਆ ਬੰਕ ਦਵਾਰ, ਨੌ ਦਰ ਹਰਿ ਹਰਿ ਵੇਖ ਵਖਾਇੰਦਾ। ਪਾਵੇ ਸਾਰ ਅੰਧੇਰੀ ਡੂੰਘੀ ਗਾਰ, ਡੂੰਘੀ ਕੰਦਰ ਫੋਲ ਫੁਲਾਇੰਦਾ। ਕਰੇ ਖੇਲ ਅਪਰ ਅਪਾਰ, ਆਪਣੀ ਰਚਨਾ ਆਪ ਰਚਾਇੰਦਾ। ਸੁਖਮਨ ਟੇਢੀ ਬੰਕ ਅੰਧ ਅੰਧਿਆਰ, ਧੂਆਂਧਾਰ ਸਰਬ ਵਖਾਇੰਦਾ। ਤ੍ਰਬੈਣੀ ਨੈਣੀ ਖੇਲ ਅਪਾਰ, ਆਪ ਆਪਣਾ ਰੰਗ ਰੰਗਾਇੰਦਾ। ਘਰ ਮੰਦਰ ਅੰਮ੍ਰਿਤ ਧਾਰ, ਨਾਭੀ ਕਵਲ ਆਪ ਭਰਾਇੰਦਾ। ਘਰ ਮਾਨ ਸਰੋਵਰ ਕਰ ਤਿਆਰ, ਸਾਚਾ ਜਲ ਵਿਚ ਟਿਕਾਇੰਦਾ। ਘਰ ਅਨਹਦ ਸ਼ਬਦ ਸੱਚੀ ਧੁਨਕਾਰ, ਦਿਵਸ ਰੈਣ ਤਾਲ ਵਜਾਇੰਦਾ। ਘਰ ਪੰਚਮ ਸਖੀਆਂ ਗਾਇਣ ਵਾਰੋ ਵਾਰ, ਗੀਤ ਗੋਬਿੰਦ ਇਕ ਅਲਾਇੰਦਾ। ਘਰ ਬਜ਼ਰ ਕਪਾਟੀ ਲਾਏ ਪਾੜ, ਬੰਦ ਦਰਵਾਜ਼ਾ ਆਪ ਕਰਾਇੰਦਾ। ਘਰ ਆਤਮ ਸੇਜਾ ਕਰ ਤਿਆਰ, ਘਰ ਘਰ ਵਿਚ ਜੋਤ ਜਗਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਰੂਪ ਅਨੂਪ ਆਪ ਦਰਸਾਇੰਦਾ। ਘਰ ਸੁਰਤ ਸਵਾਣੀ ਕਰੇ ਪਿਆਰ, ਆਪਣਾ ਮੇਲਾ ਮੇਲ ਮਿਲਾਇੰਦਾ। ਘਰ ਸ਼ਬਦ ਹਾਣੀ ਮਿਲੇ ਸਾਚਾ ਯਾਰ, ਸਾਚੀ ਸੇਜ ਹੰਢਾਇੰਦਾ। ਘਰ ਰੰਗ ਰਲੀਆਂ ਮਾਣੇ ਨਾਲ ਭਤਾਰ, ਪ੍ਰੇਮ ਪਿਆਰ ਇਕ ਵਖਾਇੰਦਾ। ਘਰ ਨਾਤਾ ਤੁਟੇ ਸਰਬ ਸੰਸਾਰ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਘਰ ਕੋਟਨ ਕੋਟ ਰਵ ਸਸ ਕਰਨ ਉਜਿਆਰ, ਬਾਰਾਂ ਰਾਸੀ ਮੁਖ ਸ਼ਰਮਾਇੰਦਾ। ਆਪਣੀ ਵਸਤ ਹੱਥ ਰੱਖ ਕਰਤਾਰ, ਕਾਇਆ ਮੰਦਰ ਅੰਦਰ ਬੰਦ ਕਰਾਇੰਦਾ। ਸਾਚਾ ਗੁਰ ਸਤਿਗੁਰ ਹੋ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਲੋਕਮਾਤ ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਸਾਚੀ ਰਚਨਾ ਹਰਿ ਹਰਿ ਰਚ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇੰਦਾ। ਹਰਿ ਕਾ ਸ਼ਬਦ ਅੰਦਰ ਵਸੇ ਸਚ, ਦਿਸ ਕਿਸੇ ਨਾ ਆਇੰਦਾ। ਮਨ ਮਨੂਆ ਦਹਿ ਦਿਸ਼ਾ ਰਿਹਾ ਨੱਚ, ਚਾਰੋਂ ਕੁੰਟ ਫੇਰਾ ਪਾਇੰਦਾ। ਕਾਇਆ ਮਾਟੀ ਭਾਂਡਾ ਦਿਸੇ ਕੱਚ, ਕੰਚਨ ਗੜ੍ਹ ਨਾ ਕੋਈ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਪੌਣੀ ਸਾਰ, ਲੋਕਮਾਤ ਲਏ ਅਵਤਾਰ, ਆਪਣੀ ਧਾਰਾ ਆਪ ਬੰਧਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਕਰਤਾ ਪੁਰਖ ਆਪ ਕਰਾਈਆ। ਪੰਜ ਤਤ ਕਰੇ ਪਿਆਰਾ, ਪਾਰਬ੍ਰਹਮ ਬ੍ਰਹਮ ਵੇਖ ਵਖਾਈਆ। ਸ਼ਬਦ ਅਗੰਮੀ ਭੇਵ ਨਿਆਰਾ, ਭੇਵ ਅਭੇਦਾ ਆਪ ਖੁਲਾਈਆ। ਗੁਰ ਗੁਰ ਰੂਪ ਪ੍ਰਗਟ ਹੋ ਵਿਚ ਸੰਸਾਰਾ, ਆਪਣਾ ਨਾਉਂ ਦਏ ਜਣਾਈਆ। ਸਾਚੇ ਭਗਤਾਂ ਕਰੇ ਪਿਆਰਾ, ਭਗਤ ਭਗਵੰਤ ਮੇਲ ਮਿਲਾਈਆ। ਮੇਟ ਮਿਟਾਏ ਪੰਚ ਵਿਕਾਰਾ, ਜੂਠ ਝੂਠ ਰਹਿਣ ਨਾ ਪਾਈਆ। ਆਸਾ ਤ੍ਰਿਸ਼ਨਾ ਕਰੇ ਖ਼ਵਾਰਾ, ਹਉਂਮੇ ਹੰਗਤਾ ਗੜ੍ਹ ਤੁੜਾਈਆ। ਕਾਇਆ ਮੰਦਰ ਕਰ ਉਜਿਆਰਾ, ਧੂੰਆਂਧਾਰ ਦਏ ਗਵਾਈਆ। ਆਪਣਾ ਨਾਮ ਬੋਲ ਜੈਕਾਰਾ, ਪੰਚਮ ਤਤ ਦਏ ਸਮਝਾਈਆ। ਗਿਆਨ ਧਿਆਨ ਹਰਿ ਨਿਰੰਕਾਰਾ, ਏਕਾ ਇਸ਼ਟ ਦਏ ਵਖਾਈਆ। ਬੋਧ ਅਗਾਧ ਬੋਲ ਜੈਕਾਰਾ, ਬੁੱਧ ਬਬੇਕ ਆਪ ਕਰਾਈਆ। ਸਤਿਗੁਰ ਰੂਪ ਵਖਾਏ ਅਗੰਮ ਅਪਾਰਾ, ਸ਼ਬਦੀ ਸ਼ਬਦ ਆਪਣਾ ਸ਼ਬਦ ਸੁਣਾਈਆ। ਨੌ ਦਵਾਰੇ ਕਰੇ ਪਾਰ ਕਿਨਾਰਾ, ਅੱਧਵਿਚਕਾਰ ਨਾ ਕੋਇ ਰਖਾਈਆ। ਸੁਖਮਨ ਨਾੜੀ ਹੋ ਉਜਿਆਰਾ ਆਪਣਾ ਦਰਸ ਦਏ ਕਰਾਈਆ। ਫੜ ਫੜ ਬਾਹੋਂ ਕਰੇ ਪਾਰ ਕਿਨਾਰਾ, ਡੂੰਘੀ ਗਾਰਾ ਪੰਧ ਮੁਕਾਈਆ। ਜੋਤ ਨਿਰੰਜਣ ਕਰ ਉਜਿਆਰਾ, ਘਰ ਸਾਚਾ ਵੇਖ ਵਖਾਈਆ। ਭਗਤਾਂ ਵਖਾਏ ਇਕ ਦਵਾਰਾ, ਆਪ ਆਪਣੀ ਬੂਝ ਬੁਝਾਈਆ। ਸਾਚੇ ਅੰਮ੍ਰਿਤ ਨੁਹਾਏ ਠੰਡੇ ਠਾਰਾ, ਕਾਗ ਹੰਸ ਰੂਪ ਵਟਾਈਆ। ਏਕਾ ਚੋਗ ਚੁਗਾਏ ਚੁਗਾਵਣਹਾਰਾ, ਆਪਣਾ ਨਾਉਂ ਰਸਨਾ ਮੁਖ ਲਗਾਈਆ। ਇਕ ਸੁਣਾਏ ਸੱਚੀ ਧੁਨਕਾਰਾ, ਧੁਨ ਆਤਮਕ ਨਾਦ ਵਜਾਈਆ। ਬਜ਼ਰ ਕਪਾਟੀ ਕਰੇ ਪਾਰ ਕਿਨਾਰਾ, ਆਰ ਪਾਰ ਆਪਣਾ ਰੂਪ ਦਰਸਾਈਆ। ਸੁਰਤੀ ਸ਼ਬਦੀ ਮੇਲਾ ਕੰਤ ਭਤਾਰਾ, ਆਤਮ ਸੇਜ ਵੱਜੇ ਵਧਾਈਆ। ਦਸਮ ਦੁਆਰੀ ਖੇਲ ਨਿਆਰਾ, ਸਤਿਗੁਰ ਪੂਰਾ ਆਪ ਕਰਾਈਆ। ਘਰ ਮੰਦਰ ਸੋਹੇ ਉਚ ਮੁਨਾਰਾ, ਅਸਥਿਲ ਵੇਖੇ ਬੇਪਰਵਾਹੀਆ। ਆਪਣੀ ਜਾਣੇ ਆਪੇ ਕਾਰਾ, ਸੰਤ ਸੁਹੇਲੇ ਨਾਲ ਮਿਲਾਈਆ। ਦਸਮ ਦੁਆਰੀ ਹੋਏ ਬਾਹਰਾ, ਸੁੰਨ ਅਗੰਮੀ ਪਾਰ ਕਰਾਈਆ। ਕਰੇ ਖੇਲ ਏਕੰਕਾਰਾ, ਅਕਲ ਕਲ ਵੱਡੀ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚੌਦਾਂ ਲੋਕਾਂ ਕਰੇ ਪਾਰ ਕਿਨਾਰਾ, ਬ੍ਰਹਮਾ ਵਿਸ਼ਨ ਸ਼ਿਵ ਰਹੇ ਰਾਹ ਤਕਾਈਆ। ਜਨ ਭਗਤਾਂ ਵਖਾਏ ਇਕ ਦਰਬਾਰਾ, ਦਰਗਹਿ ਸਾਚੀ ਧਾਮ ਜਣਾਈਆ। ਅਲੱਖ ਅਲੱਖਣਾ ਕਰੇ ਖੇਲ ਨਿਆਰਾ, ਲੇਖਾ ਲੇਖ ਨਾ ਲਿਖਿਆ ਜਾਈਆ। ਅਗੰਮ ਅਗੰਮੜਾ ਅਗੰਮੜੀ ਕਾਰਾ, ਅਗੰਮੜੇ ਧਾਮ ਆਪ ਵਖਾਈਆ। ਸਤਿ ਪੁਰਖ ਨਿਰੰਜਣ ਆਪੇ ਕਰੇ ਆਪਣੇ ਸਤਿ ਵਰਤਾਰਾ, ਸਚ ਸਾਚੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਜੋਤੀ ਸ਼ਬਦੀ ਜੋੜਾ, ਪੰਜ ਤਤ ਮੇਲ ਮਿਲਾਇੰਦਾ। ਸੋ ਪੁਰਖ ਨਿਰੰਜਣ ਸੱਸੇ ਉਪਰ ਲਾਇਆ ਹੋੜਾ, ਬ੍ਰਹਮ ਹੰ ਰੂਪ ਵਟਾਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਜਨ ਸੰਤਾਂ ਆਪੇ ਬੌਹੜਾ, ਆਪ ਆਪਣਾ ਰੂਪ ਦਰਸਾਇੰਦਾ। ਉਚ ਮਹੱਲ ਅਟੱਲ ਲਗਾਇਆ ਆਪਣਾ ਪੌੜਾ, ਚੌਥਾ ਡੰਡਾ ਇਕ ਰਖਾਇੰਦਾ। ਗੁਰਮੁਖਾਂ ਲੱਗੀ ਬੁਝਾਏ ਪਿਆਸ ਆਤਮ ਔੜਾ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਲੱਖ ਚੁਰਾਸੀ ਰੀਠਾ ਵੇਖੇ ਕੌੜਾ, ਘਰ ਘਰ ਅੰਦਰ ਫੋਲ ਫੁਲਾਇੰਦਾ। ਦੋ ਜਹਾਨਾਂ ਫਿਰੇ ਦੌੜਾ, ਸੇਵਕ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਆਪਣਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਹਰਿ ਨਿਰੰਕਾਰ, ਸਚਖੰਡ ਸਾਚੇ ਡੇਰਾ ਲਾਇੰਦਾ। ਗੁਰ ਗੁਰ ਰੂਪ ਵਿਚ ਸੰਸਾਰ, ਨਾਮ ਨਿਧਾਨ ਏਕਾ ਏਕ ਪ੍ਰਗਟਾਇੰਦਾ। ਭਗਤ ਭਗਵੰਤ ਖੇਲ ਮਹਾਨ, ਦਰ ਘਰ ਸਾਚੇ ਮੇਲ ਮਿਲਾਇੰਦਾ। ਸਾਚੇ ਸੰਤਾਂ ਕਰੇ ਪਰਧਾਨ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਗੁਰਮੁਖਾਂ ਲੱਖ ਚੁਰਾਸੀ ਚੁਕਾਏ ਕਾਨ, ਮਾਤ ਗਰਭ ਫੰਦ ਕਟਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਦਰ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰ ਇਕ ਅਵਤਾਰ, ਏਕਾ ਸ਼ਬਦ ਇਕ ਭੰਡਾਰ, ਏਕਾ ਦਾਤਾ ਦੇਵਣਹਾਰ, ਜੁਗ ਜੁਗ ਲੋਕਮਾਤ ਵਰਤਾਰ, ਏਕਾ ਸ਼ਬਦ ਦੇਵ ਗੁਰ ਇਸ਼ਟ, ਹਰਿ ਸਾਚਾ ਸਚ ਵਡਿਆਈਆ। ਏਕਾ ਸ਼ਬਦ ਖੁਲ੍ਹਾਏ ਦ੍ਰਿਸ਼ਟ, ਏਕਾ ਦ੍ਰਿਸ਼ਟ ਵੇਖ ਵਖਾਈਆ। ਏਕਾ ਰੂਪ ਦਿਸੇ ਸਰਬ ਸ੍ਰਿਸ਼ਟ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਗੁਰ ਮਿਹਰਵਾਨ, ਏਕਾ ਜਾਣੇ ਦੋ ਜਹਾਨ, ਦੋ ਜਹਾਨਾਂ ਖੇਲ ਖਿਲਾਇੰਦਾ। ਸ਼ਬਦ ਗੁਰ ਸੂਰਾ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਬੰਨ੍ਹੇ ਭਗਤੀ ਗਾਨਾ, ਸਾਚਾ ਸਗਨ ਮਨਾਇੰਦਾ। ਸੰਤਾਂ ਦੇਵੇ ਇਕ ਨਿਸ਼ਾਨਾ, ਸਾਚਾ ਮਾਰਗ ਇਕ ਵਖਾਇੰਦਾ। ਗੁਰਮੁਖਾਂ ਸੁਣਾਏ ਏਕਾ ਰਾਗ ਕਾਨਾ, ਧੁਨੀ ਧੁਨ ਨਾਦ ਵਜਾਇੰਦਾ। ਗੁਰਮੁਖਾਂ ਚਰਨ ਧੂੜ ਧੂੜ ਸਚ ਅਸ਼ਨਾਨਾ,  ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਆਪ ਕਰਾਏ ਏਕੰਕਾਰ, ਸ਼ਬਦ ਸ਼ਬਦੀ ਸੇਵ ਕਮਾਇੰਦਾ। ਸ਼ਬਦ ਉਜਾਲਾ ਗੁਰ ਗੋਪਾਲਾ, ਪਾਰਬ੍ਰਹਮ ਪੁਰਖ ਸਮਰਥਿਆ। ਲੇਖਾ ਜਾਣੇ ਕਾਲ ਮਹਾਂਕਾਲਾ, ਆਪ ਚਲਾਏ ਆਪਣਾ ਰਥਿਆ। ਆਪੇ ਤੋੜੇ ਜਗਤ ਜੰਜਾਲਾ, ਆਪੇ ਵਸੇ ਘਟ ਘਟਿਆ। ਆਪੇ ਫਲ ਲਗਾਏ ਸਾਚੇ ਡਾਲ੍ਹਾ, ਆਪੇ ਵੇਖ ਵਖਾਏ ਪਤ ਡਾਲ੍ਹੀ ਪਤਿਆ। ਆਪੇ ਫਿਰੇ ਹੱਥ ਖਾਲਾ, ਆਪੇ ਭਗਤਾਂ ਚੋਲੀ ਆਪਣੇ ਨਾਮ ਰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਲੋਕਮਾਤ ਲਏ ਅਵਤਾਰਾ, ਨਿਰਗੁਣ ਸਰਗੁਣ ਆਪਣਾ ਰੂਪ ਵਟਾਇੰਦਾ। ਨਿਰਗੁਣ ਸਰਗੁਣ ਸਾਚਾ ਮੇਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਇੰਦਾ। ਏਕੰਕਾਰਾ ਸੱਜਣ ਸੁਹੇਲਾ, ਜੁਗ ਜੁਗ ਸੰਗ ਨਿਭਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਚਾੜ੍ਹੇ ਤੇਲਾ, ਘਟ ਘਟ ਦੀਪ ਆਪ ਜਗਾਇੰਦਾ। ਅਬਿਨਾਸ਼ੀ ਕਰਤਾ ਆਪ ਜਾਣੇ ਆਪਣਾ ਵਕਤ ਵੇਲਾ, ਵੇਦ ਪੁਰਾਨ ਭੇਵ ਨਾ ਪਾਇੰਦਾ। ਸ੍ਰੀ ਭਗਵਾਨ ਜੁਗ ਜੁਗ ਆਪਣਾ ਖੇਲ ਅਚਰਜ ਆਪੇ ਖੇਲਾ, ਮਹਿਮਾ ਗਣਤ ਨਾ ਕੋਇ ਗਣਾਇੰਦਾ। ਪਾਰਬ੍ਰਹਮ ਆਪਣੇ ਧਾਮ ਆਪੇ ਵਸੇ ਇਕ ਇਕੇਲਾ, ਰੂਪ ਅਨੂਪ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਕਰਣੇਹਾਰਾ, ਨਿਰਗੁਣ ਸਰਗੁਣ ਲੈ ਅਵਤਾਰਾ, ਲੱਖ ਚੁਰਾਸੀ ਪਾਵੇ ਸਾਰਾ, ਲੋਕਮਾਤ ਜੋਤ ਜਗਾਇੰਦਾ। ਲੋਕਮਾਤ ਜਗੇ ਹਰਿ ਜੋਤ, ਨਿਰਗੁਣ ਸਰਗੁਣ ਵਿਚ ਟਿਕਾਈਆ। ਸਤਿਗੁਰ ਪੂਰਾ ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਲੇਖਾ ਜਾਣੇ ਕੋਟੀ ਕੋਟ, ਕੋਟੀ ਕੋਟ ਰੂਪ ਵਟਾਈਆ। ਜਨ ਭਗਤਾਂ ਤਨ ਨਗਾਰੇ ਲਗਾਏ ਚੋਟ, ਸ਼ਬਦ ਡੰਕਾ ਇਕ ਵਜਾਈਆ। ਮਾਇਆ ਮਮਤਾ ਵਾਸਨਾ ਕੱਢੇ ਖੋਟ, ਸਚ ਸੁੱਚ ਆਪ ਸਮਝਾਈਆ। ਆਪ ਉਠਾਏ ਆਹਲਣਿਉਂ ਡਿੱਗੇ ਬੋਟ, ਗੁਰ ਮੰਤਰ ਨਾਮ ਦ੍ਰਿੜਾਈਆ। ਇਕ ਰਖਾਏ ਚਰਨ ਓਟ, ਦੂਜੀ ਹੋਰ ਨਾ ਕੋਇ ਸਰਨਾਈਆ। ਨਾਮ ਭੰਡਾਰਾ ਦਏ ਅਤੋਟ, ਚੋਰ ਯਾਰ ਠੱਗ ਲੁੱਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਜੁਗ ਜੁਗ ਅਵਤਾਰ ਹਰਿ ਭਗਵੰਤ, ਭਗਤਾਂ ਪੈਜ ਰਖਾਇੰਦਾ। ਲੇਖਾ ਜਾਣੇ ਸਾਚੇ ਸੰਤ, ਸੰਤ ਸਤਿਗੁਰ ਮੇਲ ਮਿਲਾਇੰਦਾ। ਗੁਰਮੁਖ ਮੇਲਾ ਨਾਰੀ ਕੰਤ, ਘਰ ਮੰਦਰ ਸੇਜ ਹੰਢਾਇੰਦਾ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਕਰ ਕਿਰਪਾ ਗੜ੍ਹ ਤੋੜੇ ਹਉਮੇ ਹੰਗਤ, ਭੁੱਖ ਨੰਗਤ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਪੇਖਿਆ, ਪਰਮ ਪੁਰਖ ਕਰਤਾਰ। ਆਪੇ ਲਿਖਣਹਾਰਾ ਲੇਖਿਆ, ਆਪੇ ਵੇਖੇ ਵਿਚ ਸੰਸਾਰ। ਆਪੇ ਧਾਰੇ ਆਪਣਾ ਭੇਖਿਆ, ਆਪੇ ਗੁਰ ਸਤਿਗੁਰ ਲੈ ਅਵਤਾਰ। ਆਪੇ ਲੇਖਾ ਜਾਣੇ ਮੁੱਛ ਦਾੜ੍ਹੀ ਕੇਸਿਆ, ਆਪੇ ਮੂੰਡ ਮੁੰਡਾਏ ਸਿਰਜਣਹਾਰ। ਆਪੇ ਵੇਖੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਆਪੇ ਵੇਦ ਵੇਦਾਂਤਾ ਪਾਵੇ ਸਾਰ। ਆਪੇ ਸੱਚਾ ਨਰ ਨਰੇਸ਼ਿਆ, ਆਪੇ ਭੂਪ ਹੋਏ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਭਗਤਨ ਕਰੇ ਪਿਆਰ। ਆਪੇ ਭਗਤ ਦਵਾਰਾ ਮੰਗਦਾ, ਜੁਗਾ ਜੁਗੰਤਰ ਸਾਚੀ ਕਾਰ। ਆਪੇ ਸੰਤਨ ਚੋਲੀ ਰੰਗਦਾ, ਰੰਗ ਮਜੀਠੀ ਏਕਾ ਚਾੜ੍ਹ। ਆਪੇ ਗੁਰਮੁਖਾਂ ਅੰਦਰ ਲੰਘਦਾ, ਆਪਣਾ ਬੰਦ ਖੋਲ੍ਹ ਕਿਵਾੜ। ਆਪੇ ਗੁਰਸਿਖਾਂ ਨਾਲ ਹੰਢਦਾ, ਮਰੇ ਨਾ ਜੰਮੇ ਵਿਚ ਸੰਸਾਰ। ਆਪੇ ਨਾਮ ਅਨਮੁਲਾ ਆਪਣਾ ਵੰਡਦਾ, ਸਾਚੇ ਕੰਡੇ ਤੋਲਣਹਾਰ। ਆਪੇ ਲੇਖਾ ਚੁਕਾਏ ਭੇਖ ਪਖੰਡ ਦਾ, ਕੂੜੀ ਕਿਰਿਆ ਦਏ ਨਿਵਾਰ। ਆਪੇ ਲੇਖਾ ਜਾਣੇ ਜੇਰਜ ਅੰਡ ਦਾ, ਉਤਭੁਜ ਸੇਤਜ ਪਾਵੇ ਸਾਰ। ਆਪੇ ਪਰਦਾ ਲਾਹੇ ਖੰਡ ਬ੍ਰਹਿਮੰਡ ਦਾ, ਨਵ ਸਤ ਹੋਏ ਉਜਿਆਰ। ਆਪੇ ਵੇਖੇ ਪਰਕਾਸ਼ ਸੂਰਜ ਚੰਨ ਦਾ, ਆਪ ਆਪਣੀ ਕਿਰਨ ਕਰ ਉਜਿਆਰ। ਆਪੇ ਧਰਤ ਧਵਲ ਆਕਾਸ਼ ਬੇੜਾ ਬੰਨ੍ਹਦਾ, ਸ਼ਬਦ ਡੋਰੀ ਅਪਰ ਅਪਾਰ। ਆਪੇ ਸਚਖੰਡ ਦਵਾਰੇ ਦਰਗਹਿ ਸਾਚੀ ਬਹਿ ਬਹਿ ਵਸਦਾ, ਆਪੇ ਲੱਖ ਚੁਰਾਸੀ ਕਰੇ ਪਸਾਰ। ਆਪੇ ਜੂਨੀ ਰਹਿਤ ਹੋ ਹੋ ਨੱਸਦਾ, ਆਪੇ ਜੂਨਾਂ ਅੰਦਰ ਖਾਵੇ ਮਾਰ। ਆਪੇ ਤੀਰ ਨਿਰਾਲਾ ਕਸਦਾ, ਸ਼ਬਦ ਅਗੰਮੀ ਮਾਰੇ ਬਾਣ। ਆਪੇ ਤ੍ਰੈਗੁਣ ਮਾਇਆ ਹੋ ਹੋ ਡੱਸਦਾ, ਆਪੇ ਬਣੇ ਪੰਜ ਸ਼ੈਤਾਨ। ਆਪੇ ਅੰਮ੍ਰਿਤ ਜਾਮ ਪਿਆਏ ਸਾਚੇ ਰਸ ਦਾ, ਆਪੇ ਹੋਏ ਨਿਗਹਬਾਨ। ਆਪੇ ਪੰਚ ਵਿਕਾਰਾ ਪੈਰਾਂ ਹੇਠਾਂ ਝੱਸਦਾ, ਆਪੇ ਨਾਲ ਰਲਾਏ ਵਡ ਬਲਵਾਨ। ਆਪੇ ਗੁਰਮੁਖਾਂ ਆਪਣਾ ਮਾਰਗ ਦੱਸਦਾ, ਜੁਗਾ ਜੁਗੰਤਰ ਖੇਲ ਮਹਾਨ। ਆਪੇ ਗੁਰਸਿਖਾਂ ਅੰਦਰ ਵਸਦਾ, ਕਾਇਆ ਮੰਦਰ ਸਚ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਸਰੂਪੀ ਹਰਿ ਭਗਵਾਨ। ਹਰਿ ਭਗਵਾਨ ਪੁਰਖ ਅਗੰਮੜਾ, ਅਗੰਮੜੀ ਕਾਰ ਕਰਾਇੰਦਾ। ਹੱਡ ਮਾਸ ਨਾ ਦਿਸੇ ਚੰਮੜਾ, ਰੱਤੀ ਰੱਤ ਨਾ ਕੋਇ ਵਖਾਇੰਦਾ। ਮਾਲ ਧਨ ਨਾ ਕੋਈ ਦਮੜੀ ਦਮੜਾ, ਖ਼ਾਲੀ ਹੱਥ ਸਦ ਫਿਰਾਇੰਦਾ। ਮਾਤ ਪਿਤ ਨਾ ਅੰਮੀ ਅਮੜਾ, ਸਾਚੀ ਗੋਦ ਨਾ ਕੋਇ ਸੁਹਾਇੰਦਾ। ਆਪੇ ਜਾਣੇ ਆਪਣਾ ਕੰਮੜਾ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਕਰੇ ਖੇਲ ਅਪਾਰਾ, ਜਨ ਭਗਤਾਂ ਦੇਵੇ ਸ਼ਬਦ ਹੁਲਾਰਾ, ਚੌਦਾਂ ਲੋਕਾਂ ਪਾਰ ਕਿਨਾਰਾ, ਸਚ ਦਵਾਰਾ ਇਕ ਵਖਾਇੰਦਾ। ਸਚ ਦਵਾਰਾ ਸਤਿਗੁਰ ਮੀਤ, ਗੁਰਸਿਖ ਇਕ ਵਖਾਈਆ। ਅੱਠੇ ਪਹਿਰ ਪਰਖੇ ਨੀਤ, ਹਰਿਜਨ ਸਗਲਾ ਸੰਗ ਨਿਭਾਈਆ। ਕਰੇ ਕਰਾਏ ਪਤਿਤ ਪੁਨੀਤ, ਗੁਰ ਪੂਰੇ ਵਡ ਵਡਿਆਈਆ। ਮਨ ਮਨੂਆ ਨਾ ਜਾਏ ਜੀਤ, ਸ਼ਬਦ ਡੋਰੀ ਤੰਦ ਬੰਧਾਈਆ। ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਨਾ ਕੋਇ ਰਖਾਈਆ। ਇਕ ਬੰਧਾਏ ਚਰਨ ਪ੍ਰੀਤ, ਸਾਚੀ ਰੀਤ ਮਾਤ ਵਖਾਈਆ। ਸ਼ਬਦ ਸੁਣਾਏ ਸੁਹਾਗੀ ਗੀਤ, ਘਰ ਮੰਦਰ ਅੰਦਰ ਅਨਹਦ ਤਾਲ ਵਜਾਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਧਾਮ ਵਖਾਏ ਇਕ ਅਨਡੀਠ, ਜਗਤ ਨੇਤਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਮਹਾਨਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਇਕ ਇਕੱਲਾ ਏਕੰਕਾਰ, ਘਰ ਸਾਚੇ ਸੋਭਾ ਪਾਇੰਦਾ। ਦੂਜਾ ਆਪਣਾ ਕਰ ਪਸਾਰ, ਆਪ ਆਪਣਾ ਖੇਲ ਖਿਲਾਇੰਦਾ। ਤੀਜਾ ਭਗਤਾਂ ਨੇਤਰ ਦਏ ਅਪਾਰ, ਦੋਏ ਲੋਚਣ ਬੰਦ ਵਖਾਇੰਦਾ। ਚੌਥੇ ਪਦ ਸੱਚੀ ਸਰਕਾਰ, ਘਰ ਸਾਚਾ ਆਸਣ ਲਾਇੰਦਾ। ਪੰਚਮ ਸ਼ਬਦ ਧੁਨ ਜੈਕਾਰ, ਆਪ ਆਪਣਾ ਰਾਗ ਸੁਣਾਇੰਦਾ। ਛੇਵੇਂ ਮੰਦਰ ਅਗੰਮ ਅਪਾਰ, ਨਾ ਕੋਈ ਦੀਸੇ ਚਾਰ ਦਵਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਕਰੇ ਸਾਚੀ ਕਾਰ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਅਠਵੇਂ ਅੱਠਾਂ ਤੱਤਾਂ ਵਸੇ ਬਾਹਰ, ਮਨ ਮਤ ਬੁੱਧ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤਤ ਨਾ ਕੋਇ ਬਣਾਇੰਦਾ। ਨਾਵੇਂ ਨੌ ਦਰ ਬੇੜਾ ਕਰੇ ਪਾਰ, ਡੂੰਘੀ ਕਵਰੀ ਭਵਰੀ ਪਾਵੇ ਸਾਰ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਦਸਵੇਂ ਦਰ ਘਰ ਮੇਲਾ ਸੱਚੀ ਸਰਕਾਰ, ਸੁਰਤ ਸ਼ਬਦੀ ਮੇਲ ਮਿਲਾਇੰਦਾ। ਗੁਰਮੁਖ ਗੁਰਸਿਖ ਹਰਿ ਭਗਤ ਹਰਿਜਨ ਆਪ ਸੁਹਾਏ ਆਪਣੇ ਸਚ ਦਰਬਾਰ, ਦਰ ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਮਿਹਰਵਾਨ, ਸਤਿਗੁਰ ਦੇਵੇ ਧੁਰ ਫ਼ਰਮਾਣ, ਧੁਰ ਦੀ ਬਾਣ ਆਪ ਰਖਾਇੰਦਾ । ਸਤਿਗੁਰ ਪੂਰਾ ਸੱਚਾ ਜਾਣੀਏ, ਪੰਜ ਤਤ ਕਰੇ ਪਛਾਣ। ਸਤਿਗੁਰ ਪੂਰਾ ਜਾਣੀਏ, ਰੱਤੀ ਰਤ ਦੇਵੇ ਮਾਣ। ਸਤਿਗੁਰ ਪੂਰਾ ਜਾਣੀਏ, ਨਾਤਾ ਤੋੜੇ ਪੰਜ ਸ਼ੈਤਾਨ। ਸਤਿਗੁਰ ਪੂਰਾ ਜਾਣੀਏ, ਚਰਨ ਵਖਾਏ ਇਕ ਧਿਆਨ। ਸਤਿਗੁਰ ਪੂਰਾ ਜਾਣੀਏ, ਬਿਰਹੋਂ ਮਾਰੇ ਏਕਾ ਬਾਣ। ਸਤਿਗੁਰ ਪੂਰਾ ਜਾਣੀਏ, ਦੇਵੇ ਨਾਮ ਗੁਣ ਨਿਧਾਨ। ਸਤਿਗੁਰ ਪੂਰਾ ਜਾਣੀਏ, ਸ਼ਬਦ ਬਿਠਾਏ ਇਕ ਬਬਾਣ। ਸਤਿਗੁਰ ਪੂਰਾ ਜਾਣੀਏ ਅੰਮ੍ਰਿਤ ਦੇਵੇ ਪੀਣ ਖਾਣ। ਸਤਿਗੁਰ ਪੂਰਾ ਜਾਣੀਏ, ਦਰ ਘਰ ਸਾਚੇ ਦੇਵੇ ਮਾਣ। ਸਤਿਗੁਰ ਪੂਰ ਜਾਣੀਏ, ਏਕਾ ਬਖ਼ਸ਼ੇ ਬ੍ਰਹਮ ਗਿਆਨ। ਸਤਿਗੁਰ ਪੂਰਾ ਜਾਣੀਏ, ਉਪਜਾਏ ਧੁਨ ਸੱਚੀ ਧੁਨਕਾਨ। ਸਤਿਗੁਰ ਪੂਰਾ ਜਾਣੀਏ, ਨਾਤਾ ਤੋੜੇ ਪਵਣ ਮਸਾਣ। ਸਤਿਗੁਰ ਪੂਰਾ ਜਾਣੀਏ, ਏਕਾ ਆਪਣੀ ਰੱਖੇ ਆਣ। ਸਤਿਗੁਰ ਪੂਰਾ ਜਾਣੀਏ, ਕਾਇਆ ਮੰਦਰ ਅੰਦਰ ਵਖਾਏ ਸਚ ਦੁਕਾਨ। ਸਤਿਗੁਰ ਪੂਰਾ ਜਾਣੀਏ, ਦੋ ਜਹਾਨਾਂ ਹੋਵੇ ਸੰਗ ਮਾਤਲੋਕ ਲੱਖ ਚੁਰਾਸੀ ਫੰਦ ਕਟਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਧੁਰ ਮਾਣ। ਸਤਿਗੁਰ ਪੂਰਾ ਜਾਣੀਏ, ਦਰਸ ਦਖਾਏ ਸਾਖਯਾਤ। ਸਤਿਗੁਰ ਪੂਰਾ ਜਾਣੀਏ, ਗੁਰਸਿਖ ਬਣਾਏ ਪਾਰਜ਼ਾਤ। ਸਤਿਗੁਰ ਪੂਰਾ ਜਾਣੀਏ, ਸ਼ਬਦ ਅਗੰਮੀ ਦੇਵੇ ਦਾਤ। ਸਤਿਗੁਰ ਪੂਰਾ ਜਾਣੀਏ, ਚਰਨ ਕਵਲ ਬੰਧਾਏ ਨਾਤ। ਸਤਿਗੁਰ ਪੂਰਾ ਜਾਣੀਏ, ਇਕ ਬਬਾਣਾ ਸੁਹਾਏ ਆਤਮ ਸੇਜਾ ਸਾਚੀ ਖਾਟ। ਸਤਿਗੁਰ ਪੂਰਾ ਜਾਣੀਏ, ਨਾਤਾ ਤੋੜੇ ਤੀਰਥ ਤਾਟ। ਸਤਿਗੁਰ ਪੂਰਾ ਜਾਣੀਏ, ਦੋ ਜਹਾਨਾਂ ਨੇੜੇ ਰੱਖੇ ਵਾਟ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਗਾਏ ਇਕ ਲਲਾਟ। ਸਤਿਗੁਰ ਪੂਰਾ ਜਾਣੀਏ, ਪਾਰਬ੍ਰਹਮ ਪੁਰਖ ਸਮਰਥ। ਸਤਿਗੁਰ ਪੂਰਾ ਜਾਣੀਏ, ਜੁਗ ਜੁਗ ਚਲਾਏ ਰਥ। ਸਤਿਗੁਰ ਪੂਰਾ ਜਾਣੀਏ, ਏਕਾ ਦੇਵੇ ਨਾਮ ਵੱਥ। ਸਤਿਗੁਰ ਪੂਰਾ ਜਾਣੀਏ, ਲੇਖਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ। ਸਤਿਗੁਰ ਪੂਰਾ ਜਾਣੀਏ, ਕਾਇਆ ਮੰਦਰ ਅੰਦਰ ਆਪਣੀ ਬਦਲੇ ਆਪ ਕਰਵਟ। ਸਤਿਗੁਰ ਪੂਰਾ ਜਾਣੀਏ, ਜਗਤ ਵਿਛੋੜਾ ਮੇਟੇ ਫੱਟ। ਸਤਿਗੁਰ ਪੂਰਾ ਜਾਣੀਏ, ਹਰਿ ਮੰਦਰ ਸਾਚੇ ਵਸੇ ਆਦਿ ਜੁਗਾਦਿ ਨਾ ਜਾਏ ਢੱਠ। ਸਤਿਗੁਰ ਪੂਰਾ ਜਾਣੀਏ, ਆਪਣੀ ਹੱਥੀਂ ਗੇੜੇ ਆਪਣੀ ਲੱਠ। ਸਤਿਗੁਰ ਪੂਰਾ ਜਾਣੀਏ, ਸ਼ਬਦ ਪਹਿਨਾਏ ਤਨ ਪੱਟ। ਸਤਿਗੁਰ ਪੂਰਾ ਜਾਣੀਏ, ਅੰਮ੍ਰਿਤ ਆਤਮ ਦੇਵੇ ਝੱਟ। ਸਤਿਗੁਰ ਪੂਰਾ ਜਾਣੀਏ, ਲੇਖਾ ਚੁਕਾਏ ਆਨ ਬਾਟ। ਸਤਿਗੁਰ ਪੂਰਾ ਜਾਣੀਏ, ਗਹਿਰ ਗੰਭੀਰ ਗੁਣੀ ਗਹਿੰਦ। ਸਤਿਗੁਰ ਪੂਰਾ ਜਾਣੀਏ, ਅੰਮ੍ਰਿਤ ਆਤਮ ਦੇਵੇ ਸਾਗਰ ਸਿੰਧ। ਸਤਿਗੁਰ ਪੂਰਾ ਜਾਣੀਏ, ਗੁਰਮੁਖ ਉਪਜਾਏ ਆਪਣੀ ਬਿੰਦ। ਸਤਿਗੁਰ ਪੂਰਾ ਜਾਣੀਏ, ਜਗਤ ਜਹਾਨਾਂ ਮਿਟਾਏ ਚਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਸਦਾ ਬਖ਼ਸ਼ਿੰਦ। ਸਤਿਗੁਰ ਪੂਰਾ ਜਾਣੀਏ, ਏਕਾ ਏਕੰਕਾਰਾ। ਸਤਿਗੁਰ ਪੂਰਾ ਜਾਣੀਏ, ਵਸੇ ਸਚਖੰਡ ਸੱਚੇ ਦਵਾਰਾ। ਸਤਿਗੁਰ ਪੂਰਾ ਜਾਣੀਏ, ਥਿਰ ਘਰ ਖੋਲ੍ਹੇ ਬੰਦ ਕਿਵਾੜਾ। ਸਤਿਗੁਰ ਪੂਰਾ ਜਾਣੀਏ, ਸੁੰਨ ਅਗੰਮੀ ਕਰੇ ਪਾਰ ਕਿਨਾਰਾ। ਸਤਿਗੁਰ ਪੂਰਾ ਜਾਣੀਏ, ਦਸਮ ਦੁਆਰੀ ਪਾਵੇ ਸਾਰਾ। ਸਤਿਗੁਰ ਪੂਰਾ ਜਾਣੀਏ, ਬੰਦ ਕਵਾੜੀ ਖੋਲ੍ਹੇ ਤਾਲਾ। ਸਤਿਗੁਰ ਪੂਰਾ ਜਾਣੀਏ, ਅੰਮ੍ਰਿਤ  ਮਾਰੇ ਇਕ ਉਛਾਲਾ। ਸਤਿਗੁਰ ਪੂਰਾ ਜਾਣੀਏ, ਏਕਾ ਰਾਗ ਸੁਣਾਏ ਸੱਚੀ ਧੁਨਕਾਨਾ। ਸਤਿਗੁਰ ਪੂਰਾ ਜਾਣੀਏ, ਮੇਲ ਮਿਲਾਏ ਕਾਇਆ ਮੰਦਰ ਸਚ ਮਕਾਨਾ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਸ੍ਰੀ ਭਗਵਾਨਾ। ਸਤਿਗੁਰ ਸੱਚਾ ਜਾਣੀਏ, ਹਰਿ ਸੱਚਾ ਸਾਹਿਬ ਕੰਤ। ਸਤਿਗੁਰ ਸੱਚਾ ਜਾਣੀਏ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਸਤਿਗੁਰ ਸੱਚਾ ਜਾਣੀਏ, ਏਕਾ ਸ਼ਬਦ ਜਣਾਏ ਮਣੀਆ ਮੰਤ। ਸਤਿਗੁਰ ਸੱਚਾ ਜਾਣੀਏ, ਮੂਰਖ ਮੂੜ ਬਣਾਏ ਚਤੁਰ ਸੁਘੜ ਦੇਵੇ ਵਡਿਆਈ ਵਿਚ ਜੀਵ ਜੰਤ। ਸਤਿਗੁਰ ਪੂਰਾ ਜਾਣੀਏ, ਗੜ੍ਹ ਤੋੜੇ ਹਉਮੇ ਹੰਗਤ। ਸਤਿਗੁਰ ਪੂਰਾ ਜਾਣੀਏ ਆਪ ਮਿਲਾਏ ਆਪਣੀ ਸੰਗਤ। ਸਤਿਗੁਰ ਪੂਰਾ ਜਾਣੀਏ, ਅੰਮ੍ਰਿਤ ਜਾਮ ਪਿਆਏ ਆਪ ਬਹਾਏ ਆਪਣੀ ਪੰਗਤ। ਸਤਿਗੁਰ ਪੂਰਾ ਜਾਣੀਏ, ਅੰਗੀ ਕਾਰ ਕਰੇ ਆਪ ਲਗਾਏ ਆਪਣੇ ਅੰਗਤ। ਸਤਿਗੁਰ ਪੂਰਾ ਜਾਣੀਏ, ਦੂਜੇ ਦਰ ਨਾ ਜਾਏ ਮੰਗਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਤਿਗੁਰ ਸੱਚਾ ਸ਼ਾਹ, ਗੁਰਮੁਖਾਂ ਬਣੇ ਆਪ ਮਲਾਹ, ਲੱਖ ਚੁਰਾਸੀ ਕੱਟੇ ਫਾਹ, ਮਾਨਸ ਜਨਮ ਪੈਜ ਸਵਾਰੀਆ। ਸਤਿਗੁਰ ਪੂਰਾ ਜਾਣੀਏ, ਦੇਵੇ ਸਤਿ ਸੰਤੋਖ ਗਿਆਨ। ਸਤਿਗੁਰ ਪੂਰਾ ਜਾਣੀਏ, ਜਨਮ ਕਰਮ ਪਾਏ ਨੀਸ਼ਾਨ। ਸਤਿਗੁਰ ਪੂਰਾ ਜਾਣੀਏ, ਆਪਣੇ ਨੇਤਰ ਵੇਖੇ ਮਾਰ ਧਿਆਨ। ਸਤਿਗੁਰ ਪੂਰਾ ਜਾਣੀਏ, ਆਪਣੀ ਦ੍ਰਿਸ਼ਟੀ ਦੇਵੇ ਗਿਆਨ। ਸਤਿਗੁਰ ਪੂਰਾ ਜਾਣੀਏ, ਲੱਖ ਚੁਰਾਸੀ ਸਰਬ ਸ੍ਰਿਸ਼ਟ ਕਰੇ ਪਹਿਚਾਨ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਾਲੀ ਦੋ ਜਹਾਨ। ਸਤਿਗੁਰ ਪੂਰਾ ਜਾਣੀਏ, ਨਾਤਾ ਤੋੜੇ ਜੋਗ ਅਭਿਆਸ। ਸਤਿਗੁਰ ਪੂਰਾ ਜਾਣੀਏ, ਜਨ ਭਗਤਾਂ ਹੋਵੇ ਦਾਸੀ ਦਾਸ। ਸਤਿਗੁਰ ਪੂਰਾ ਜਾਣੀਏ, ਗੁਰਮੁਖਾਂ ਅੰਦਰ ਕਰੇ ਵਾਸ। ਸਤਿਗੁਰ ਪੂਰਾ ਜਾਣੀਏ, ਜਗਤ ਤ੍ਰਿਸ਼ਨਾ ਬੁਝਾਏ ਪਿਆਸ। ਸਤਿਗੁਰ ਪੂਰਾ ਜਾਣੀਏ, ਆਦਿ ਜੁਗਾਦਿ ਨਾ ਜਾਏ ਵਿਨਾਸ। ਸਤਿਗੁਰ ਪੂਰਾ ਜਾਣੀਏ, ਲੇਖਾ ਜਾਣੇ ਪ੍ਰਿਥਮੀ ਆਕਾਸ਼। ਸਤਿਗੁਰ ਪੂਰਾ ਜਾਣੀਏ, ਘਰ ਮੰਡਲ ਪਾਵੇ ਰਾਸ। ਸਤਿਗੁਰ ਪੂਰਾ ਜਾਣੀਏ, ਪੂਰੀ ਕਰੇ ਆਸ। ਸਤਿਗੁਰ ਪੂਰਾ ਜਾਣੀਏ, ਜਗਤ ਜੰਜਾਲਾ ਤੋੜੇ ਝੂਠਾ ਬਨਵਾਸ। ਸਤਿਗੁਰ ਪੂਰਾ ਜਾਣੀਏ, ਘਰ ਨਿਰਮਲ ਜੋਤ ਕਰੇ ਪ੍ਰਕਾਸ਼। ਸਤਿਗੁਰ ਪੂਰਾ ਜਾਣੀਏ, ਘਰ ਤਖ਼ਤ ਬੈਠੇ ਸ਼ਾਹੋ ਸ਼ਾਬਾਸ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਏਕਾ ਜਾਣੇ ਆਪਣੀ ਰਾਸ। ਸਤਿਗੁਰ ਪੂਰਾ ਜਾਣੀਏ, ਦੀਨ ਦਰਦ ਦੁੱਖ ਭੰਜਣ। ਸਤਿਗੁਰ ਪੂਰਾ ਜਾਣੀਏ, ਨੇਤਰ ਨਾਮ ਪਾਏ ਇਕ ਅੰਜਨ। ਸਤਿਗੁਰ ਪੂਰਾ ਜਾਣੀਏ, ਚਰਨ ਧੂੜ ਕਰਾਏ ਸਾਚਾ ਮਜਨ। ਸਤਿਗੁਰ ਪੂਰਾ ਜਾਣੀਏ, ਦੋ ਜਹਾਨਾਂ ਬਣੇ ਸੱਜਣ। ਸਤਿਗੁਰ ਪੂਰਾ ਜਾਣੀਏ, ਆਦਿ ਅੰਤ ਪਰਦੇ ਕੱਜਣ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲਾਏ ਸਚ ਜਹਾਜਨ। ਸਤਿਗੁਰ ਪੂਰਾ ਜਾਣੀਏ, ਹਰਿ ਸੱਚਾ ਸ਼ਹਿਨਸ਼ਾਹ। ਸਤਿਗੁਰ ਪੂਰਾ ਜਾਣੀਏ, ਵਡ ਸਿਫ਼ਤੀ ਸਿਫ਼ਤ ਸਲਾਹ। ਸਤਿਗੁਰ ਪੂਰਾ ਜਾਣੀਏ, ਜਨ ਭਗਤਾਂ ਬਣੇ ਆਪ ਮਲਾਹ। ਸਤਿਗੁਰ ਪੂਰਾ ਜਾਣੀਏ, ਗੁਰਸਿਖਾਂ ਭਾਰ ਆਪਣੇ ਸੀਸ ਲਏ ਉਠਾ। ਸਤਿਗੁਰ ਪੂਰਾ ਜਾਣੀਏ, ਫੜ ਫੜ ਬਾਹੋਂ ਆਪਣੇ ਰਾਹੇ ਦੇਵੇ ਪਾ। ਸਤਿਗੁਰ ਪੂਰਾ ਜਾਣੀਏ, ਅੰਤਮ ਕਰੇ ਸਚ ਨਿਆਂ। ਸਤਿਗੁਰ ਪੂਰਾ ਜਾਣੀਏ, ਹੰਸ ਬਣਾਏ ਕਾਂ। ਸਤਿਗੁਰ ਪੂਰਾ ਜਾਣੀਏ, ਗੁਰਮੁਖਾਂ ਲਾਡ ਲਡਾਏ ਜਿਉਂ ਬਾਲਕ ਮਾਂ। ਸਤਿਗੁਰ ਪੂਰਾ ਜਾਣੀਏ, ਸਿਰ ਰੱਖੇ ਸਦਾ ਠੰਡੀ ਛਾਂ। ਸਤਿਗੁਰ ਪੂਰਾ ਜਾਣੀਏ, ਕਰ ਕਿਰਪਾ ਦਰਗਹ ਸਾਚੀ ਲਏ ਬਹਾ। ਸਤਿਗੁਰ ਪੂਰਾ ਜਾਣੀਏ, ਨਿਥਾਵਿਆਂ ਦੇਵੇ ਸਾਚਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਨਾਂ। ਸਤਿਗੁਰ ਪੂਰਾ ਜਾਣੀਏ, ਦਿਬ ਦ੍ਰਿਸ਼ਟ ਦਏ ਖੁਲ੍ਹਾਈਆ। ਸਤਿਗੁਰ ਪੂਰਾ ਜਾਣੀਏ, ਮਿਹਰਵਾਨ ਇਕ ਅਖਵਾਈਆ। ਸਤਿਗੁਰ ਪੂਰਾ ਜਾਣੀਏ, ਜਪ ਤਪ ਹਠ ਨਾ ਕੋਈ ਕਰਾਈਆ। ਸਤਿਗੁਰ ਪੂਰਾ ਜਾਣੀਏ, ਧੂਣੀ ਅੱਗ ਨਾ ਕੋਈ ਤਪਾਈਆ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਈਆ। ਸਤਿਗੁਰ ਸੋ ਬਲਵਾਨ, ਗੁਰਸਿਖਾਂ ਦਇਆ ਕਮਾਇੰਦਾ। ਏਕਾ ਦੇਵੇ ਨਾਮ ਬਿਬਾਨ, ਫੜ ਬਾਹੋਂ ਉਪਰ ਬਹਾਇੰਦਾ। ਆਪਣੀ ਦ੍ਰਿਸ਼ਟੀ ਲੇਖਾ ਚੁਕਾਏ ਦੋ ਜਹਾਨ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਆਪ ਅਖਵਾਇੰਦਾ। ਸਤਿਗੁਰ ਸੱਚਾ ਸਚ ਹੈ, ਸਰਬ ਕਲਾ ਭਰਪੂਰ। ਸਤਿਗੁਰ ਸੱਚਾ ਸਚ ਹੈ, ਸਦਾ ਸਦਾ ਹਾਜ਼ਰ ਹਜ਼ੂਰ। ਸਤਿਗੁਰ ਸੱਚਾ ਸਚ ਹੈ, ਏਕਾ ਏਕ ਜੋਤੀ ਨੂਰ। ਸਤਿਗੁਰ ਸੱਚਾ ਸਚ ਹੈ, ਨਾਤਾ ਤੋੜੇ ਕੂੜੋ ਕੂੜ। ਸਤਿਗੁਰ ਸੱਚਾ ਸਚ ਹੈ, ਗੁਰਮੁਖਾਂ ਬਖ਼ਸ਼ੇ ਚਰਨ ਧੂੜ। ਸਤਿਗੁਰ ਸੱਚਾ ਸਚ ਹੈ, ਏਕਾ ਰੰਗ ਰੰਗਾਏ ਗੂੜ੍ਹ। ਸਤਿਗੁਰ ਸੱਚਾ ਸਚ ਹੈ, ਸੁਘੜ ਬਣਾਏ ਮੂਰਖ ਮੂੜ। ਸਤਿਗੁਰ ਸੱਚਾ ਸਚ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਚੁਕਾਏ ਨੇੜੇ ਦੂਰ। ਸਤਿਗੁਰ ਸੱਚਾ ਏਕ ਹੈ, ਏਕੋ ਪੁਰਖ ਅਖਵਾਏ। ਜੁਗ ਜੁਗ ਭਗਤਾਂ ਬਖ਼ਸ਼ੇ ਸਾਚੀ ਟੇਕ ਹੈ, ਆਪ ਆਪਣੀ ਦਇਆ ਕਮਾਏ। ਕਰੇ ਕਰਾਏ ਬੁੱਧ ਬਬੇਕ ਹੈ, ਜਗਤ ਦਵੈਤੀ ਵੇਖ ਵਖਾਏ। ਆਪੇ ਲਿਖਣਹਾਰਾ ਲੇਖ ਹੈ, ਆਪਣਾ ਲੇਖਾ ਦਏ ਸਮਝਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪ ਚਲਾਏ ਆਪਣਾ ਮੰਤਰ, ਲੋਕਮਾਤ ਬੁਝਾਏ ਲੱਗੀ ਬਸੰਤਰ, ਸਾਂਤਕ ਸਤਿ ਆਪ ਵਰਤਾਏ। ਸਤਿਜੁਗ ਤ੍ਰੇਤਾ ਦੁਆਪਰ ਰਾਮ ਨਾਮ ਅਪਾਰਾ, ਸੋਲਾਂ ਕਲ ਖੇਲ ਖਿਲਾਈਆ। ਓਮ ਰੂਪ ਸੱਚੀ ਸਰਕਾਰਾ, ਇਸ਼ਟ ਦੇਵ ਸ੍ਰਿਸ਼ਟ ਸਬਾਈਆ। ਵਾਸਤਕ ਰੂਪ ਅਗੰਮ ਅਪਾਰਾ, ਵਿਸ਼ਨੂੰ ਆਪਣਾ ਨਾਉਂ ਧਰਾਈਆ। ਨਮੋ ਦੇਵ ਕਰੇ ਨਿਮਸਕਾਰਾ, ਨਮੋ ਨਮੋ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣਾ ਨਾਉਂ ਧਰਾਈਆ। ਸਤਿਜੁਗ ਤ੍ਰੇਤਾ ਉਤਰਿਆ ਪਾਰ, ਦੁਆਪਰ ਅੰਤ ਰਹਿਣ ਨਾ ਪਾਇਆ। ਗੁਰ ਪੀਰ ਸਾਧ ਸੰਤ ਲਏ ਅਵਤਾਰ, ਹੁਕਮੀ ਹੁਕਮ ਸਰਬ ਫਿਰਾਇਆ। ਹਰਿ ਹਰਿ ਨਾਉਂ ਬੋਲ ਜੈਕਾਰ, ਜੀਵਾਂ ਜੰਤਾਂ ਗਏ ਸਮਝਾਇਆ। ਪੁਰਖ ਅਬਿਨਾਸ਼ੀ ਏਕਾ ਏਕ ਘਰ ਸਾਚੇ ਵਸਣੇਹਾਰ, ਦੂਜਾ ਦਰ ਨਾ ਕੋਈ ਦਿਸਾਇਆ। ਚੌਥਾ ਜੁਗ ਕਰੇ ਪੁਕਾਰ, ਐੜਾ ਅਥਰਬਣ ਅੱਖ ਖੁਲ੍ਹਾਇਆ। ਬੋਧ ਗਿਆਨਾ ਵਿਚ ਸੰਸਾਰ, ਏਕਾ ਰਸਨਾ ਤੀਰ ਚਲਾਇਆ। ਪੁਰਖ ਅਬਿਨਾਸ਼ੀ ਭੇਵ ਨਿਆਰ, ਆਪ ਆਪਣਾ ਖੇਲ ਖਿਲਾਇਆ। ਆਪਣਾ ਕਲਮਾ ਕਰ ਤਿਆਰ, ਆਪਣਾ ਬੰਸ ਆਪ ਪੜ੍ਹਾਇਆ। ਸਾਚਾ ਸਜਦਾ ਪਰਵਰਦਿਗਾਰ, ਸੀਸ ਜਗਦੀਸ਼ ਆਪ ਝੁਕਾਇਆ। ਈਸਾ ਮੂਸਾ ਖੋਲ੍ਹ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੂਪ ਆਪ ਵਟਾਇਆ। ਈਸਾ ਮੂਸਾ ਕਾਲਾ ਸੂਸਾ ਸ਼ਾਹ ਆਪਣੇ ਤਨ ਪਹਿਨਾਈਆ। ਏਕਾ ਸ਼ਬਦ ਇਕ ਹਦੀਸਾ, ਏਕਾ ਹੁਕਮ ਸੁਣਾਈਆ। ਲੇਖਾ ਜਾਣੇ ਤੀਸ ਬਤੀਸਾ, ਭੇਵ ਅਭੇਦ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਵਰਦਿਗਾਰ ਸਾਂਝਾ ਯਾਰ, ਨੂਰੋ ਨੂਰ ਅਲਾਈਆ। ਨੂਰ ਇਲਾਹੀ ਅੱਲਾ ਨੂਰ, ਮੁਕਾਮੇ ਹੱਕ ਸੁਹਾਇੰਦਾ। ਆਪਣਾ ਵਜਾਏ ਸਾਚਾ ਤੂਰ, ਨਾਦ ਅਨਾਦੀ ਆਪ ਅਲਾਇੰਦਾ। ਆਪੇ ਹੋਏ ਜਲਵਾ ਹਜ਼ੂਰ, ਬੇਪਰਵਾਹ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਇਕ ਇਕੱਲਾ, ਲੇਖਾ ਲੇਖ ਨਾ ਲਿਖਿਆ ਜਾਈਆ। ਆਪੇ ਨਾਉਂ ਧਰਾਏ ਰਾਣੀ ਅੱਲਾ, ਐਨਲਹੱਕ ਨਾਅਰਾ ਲਾਈਆ। ਆਪਣੇ ਹੱਥ ਉਠਾਏ ਜਗਤ ਮਸਲਾ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਕਲਮਾ ਅਮਾਮ ਕਾਇਨਾਤ ਸਚ ਸੰਦੇਸ਼ ਘੱਲਾ, ਅੰਜੀਲ ਕੁਰਾਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗ ਮੁਹੰਮਦ ਚਾਰ ਯਾਰ ਆਪੇ ਵਸੇ ਸਚ ਮਹੱਲਾ, ਚੌਦਾਂ ਤਬਕਾਂ ਵੇਖ ਵਖਾਈਆ। ਚੌਦਾਂ ਤਬਕਾਂ ਕੁੰਡਾ ਖੋਲ੍ਹ, ਜ਼ਿਮੀ ਅਸਮਾਨਾਂ ਫੋਲ ਫੁਲਾਇੰਦਾ। ਏਕਾ ਊਚੀ ਕੂਕੇ ਬੋਲ, ਨਾਅਰਾ ਹੱਕ ਆਪ ਲਾਇੰਦਾ। ਏਕਾ ਤੋਲੇ ਸਾਚਾ ਤੋਲ, ਤੋਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦਿ ਆਪਣੀ ਰਚਨਾ ਵੇਖ ਵਖਾਇੰਦਾ। ਆਪਣੀ ਰਚਨਾ ਵੇਖਣਹਾਰਾ, ਸ੍ਰਿਸ਼ਟ ਸਬਾਈ ਵੇਖ ਵਖਾਈਆ । ਨਿਰਗੁਣ ਜੋਤੀ ਕਰ ਉਜਿਆਰਾ, ਨਾਨਕ ਪੰਜ ਤਤ ਕਰੇ ਕੁੜਮਾਈਆ। ਸਚਖੰਡ ਸੁਹਾਏ ਇਕ ਦਵਾਰਾ, ਸਰਗੁਣ ਨਿਰਗੁਣ ਮੇਲ ਮਿਲਾਈਆ। ਏਕਾ ਨਾਮ ਸਤਿ ਬੋਲ ਜੈਕਾਰਾ, ਚਾਰ ਵਰਨਾਂ ਕਰੇ ਪੜ੍ਹਾਈਆ। ਏਕਾ ਜੋਤ ਨੂਰ ਦਸ ਉਜਿਆਰਾ, ਗੋਬਿੰਦ ਫ਼ਤਿਹ ਇਕ ਗਜਾਈਆ। ਕਲਜੁਗ ਚਾਰੋਂ ਕੁੰਟ ਬਣ ਅੰਧਿਆਰਾ, ਸਾਚਾ ਚੰਦ ਨਾ ਕੋਈ ਵਖਾਈਆ। ਸ੍ਰਿਸ਼ਟ ਸਬਾਈ ਧੂਆਂਧਾਰਾ, ਧਰਤ ਧਵਲ ਦਏ ਦੁਹਾਈਆ। ਸ਼ਾਹ ਸੁਲਤਾਨ ਨਾ ਕੋਈ ਸਿਕਦਾਰਾ, ਸਾਚਾ ਤਖ਼ਤ ਨਾ ਕੋਈ ਹੰਢਾਈਆ। ਸਾਧ ਸੰਤ ਆਤਮ ਅੰਤਰ ਨਾ ਦਏ ਕੋਈ ਹੁਲਾਰਾ, ਸ਼ਬਦ ਹਲੂਣਾ ਨਾ ਕੋਈ ਲਗਾਈਆ। ਮਾਇਆ ਰਾਣੀ ਘਰ ਘਰ ਸੁੱਤੀ ਪੈਰ ਪਸਾਰਾ, ਲੋਕਮਾਤ ਨਾ ਲਏ ਅੰਗੜਾਈਆ। ਕਲਜੁਗ ਕੂੜ ਕੁੜਿਆਰਾ ਕਰੇ ਖ਼ਵਾਰਾ, ਜੂਠ ਝੂਠ ਵੱਜੀ ਵਧਾਈਆ। ਕੋਈ ਨਾ ਚੜ੍ਹੇ ਕਾਇਆ ਮੰਦਰ ਉਚ ਮੁਨਾਰਾ, ਘਰ ਘਰ ਥੱਕੇ ਪਾਂਧੀ ਰਾਹੀਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਹਰਿਜਨ ਸਾਚੇ ਲਏ ਜਗਾਈਆ। ਕਿਸੇ ਹੱਥ ਨਾ ਆਏ ਮੰਦਰ ਮਸਜਿਦ ਗੁਰੂਦੁਆਰਾ, ਕਾਇਆ ਕਾਅਬਾ ਬੈਠਾ ਰੂਪ ਛੁਪਾਈਆ। ਜਿਸ ਜਨ ਕਰੇ ਆਪ ਸਚ ਪਿਆਰਾ, ਆਪ ਆਪਣੀ ਬੂਝ ਬੁਝਾਈਆ। ਤੁਰੀਆ ਰਾਗ ਬੋਲ ਜੈਕਾਰਾ, ਸੁਫਨ ਸਖੋਪਤ ਜਾਗਰਤ ਪੰਧ ਮੁਕਾਈਆ। ਬੈਖ਼ਰੀ ਮਧਮ ਪਸੰਤੀ ਕਰੇ ਪਾਰ ਕਿਨਾਰਾ, ਆਪ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੁਰਖ ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਕਲਜੁਗ ਵੇਲਾ ਅੰਤਮ ਆਇਆ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਜੋਤੀ ਜਾਮਾ ਭੇਖ ਵਟਾਇਆ, ਨਿਹਕਲੰਕ ਨਾਉਂ ਧਰਾਇੰਦਾ। ਸ਼ਬਦ ਡੰਕਾ ਇਕ ਵਜਾਇਆ, ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਉਠਾਇੰਦਾ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਜਗਾਇਆ, ਸਾਧਾਂ ਸੰਤਾਂ ਪਰਦਾ ਲਾਹਿੰਦਾ। ਗੁਰਮੁਖਾਂ ਫੜ ਫੜ ਮੇਲ ਮਿਲਾਇਆ, ਆਪ ਆਪਣੀ ਗੋਦ ਬਹਾਇੰਦਾ। ਸਚ ਸੁੱਚ ਜਪ ਤਪ ਇਕ ਵਖਾਇਆ, ਚਰਨ ਸਰਨ ਇਕ ਤਕਾਇੰਦਾ। ਜੋਗ ਅਭਿਆਸ ਵਿਚ ਪਰਭਾਸ ਡੇਰਾ ਇਕ ਵਖਾਇਆ, ਜੋ ਜਨ ਸੋਹੰ ਸੋ ਰਸਨਾ ਗਾਇੰਦਾ। ਜਨਮ ਮਰਨ ਦਾ ਗੇੜ ਕਟਾਇਆ, ਲੱਖ ਚੁਰਾਸੀ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮਿਲਣ ਦੀ ਸਾਚੀ ਬਿਧ, ਆਪਣੀ ਆਪ ਸਮਝਾਇੰਦਾ। ਹਰਿ ਮਿਲੇ ਹਰਿ ਦਵਾਰ, ਹਰੀ ਹਰਿ ਕਾ ਰੂਪ ਵਟਾਈਆ। ਘਰ ਮੰਦਰ ਬੈਠਾ ਕਰ ਪਸਾਰ, ਜਲ ਥਲ ਹੱਥ ਕਿਸੇ ਨਾ ਆਈਆ । ਕਲਜੁਗ ਠੱਗਿਆ ਠਗ ਬਣ ਸਰਬ ਸੰਸਾਰ, ਸ਼ਾਹ ਰਗ ਉਪਰ ਚੜ੍ਹ ਕੋਇ ਨਾ ਜਾਈਆ। ਤਪਿਆ ਅਗਨੀ ਅੱਗ ਝੂਠ ਅੰਗਿਆਰ, ਪੰਜ ਤਤ ਰਿਹਾ ਜਲਾਈਆ। ਸੁਰਤ ਸਵਾਣੀ ਹੋਈ ਨਾਰ ਵਿਭਚਾਰ, ਸ਼ਬਦ ਕੰਤ ਨਾ ਕੋਇ ਹੰਢਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਪੜ੍ਹ ਪੁਸਤਕ ਵਾਦ ਵਧਾਈਆ। ਪੀਆ ਪ੍ਰੀਤਮ ਨਾ ਕਰਿਆ ਸਚ ਪਿਆਰ, ਸੁੰਞੀ ਸੇਜ ਵਿਛਾਈਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਉਜਿਆਰ, ਗੁਰਸਿਖ ਗ਼ਰੀਬ ਨਿਮਾਣੇ ਲਏ ਉਠਾਈਆ। ਫੜ ਫੜ ਆਪਣੇ ਮੰਦਰ ਆਪੇ ਦੇਵੇ ਵਾੜ, ਰਾਹ ਵਿਚ ਨਾ ਕੋਇ ਅਟਕਾਈਆ। ਗੁਰਸਿਖ ਤੇਰੇ ਚਰਨਾਂ ਹੇਠ ਦਬਾਏ ਪੰਚਮ ਧਾੜ, ਨੌ ਨਿਧ ਅਠਾਰਾਂ ਸਿਧ ਤੇਰੇ ਦਵਾਰੇ ਰੋਵਣ ਦੇਣ ਦੁਹਾਈਆ। ਰਾਏ ਧਰਮ ਨਾ ਕਰੇ ਖ਼ਵਾਰ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ, ਵੇਲੇ ਅੰਤ ਨਾ ਲਏ ਪਰਨਾਈਆ। ਸਤਿਗੁਰ ਪੂਰਾ ਕਰੇ ਪਿਆਰ, ਆਪਣੀ ਗੋਦੀ ਲਏ ਉਠਾਈਆ। ਸਚਖੰਡ ਦਵਾਰੇ ਦੇਵੇ ਵਾੜ, ਉਚੇ ਡੰਡੇ ਆਪ ਚੜ੍ਹਾਈਆ। ਗੁਰਸਿਖ ਕੋਈ ਨਾ ਡੁੱਬੇ ਵਿਚ ਮੰਝਧਾਰ, ਜਿਸ ਹਰਿ ਮਿਲਿਆ ਬੇਪਰਵਾਹੀਆ। ਏਕਾ ਸ਼ਬਦ ਸੋਹੰ ਗੌਣਾ ਬੋਲ ਜੈਕਾਰ, ਬ੍ਰਹਮ ਪਾਰਬ੍ਰਹਮ ਸਮਾਈਆ। ਚਾਰ ਜੁਗ ਦਾ ਕਰਜਾ ਦਏ ਉਤਾਰ, ਚੌਥੇ ਜੁਗ ਵੇਖ ਵਖਾਈਆ। ਪਰਗਟ ਹੋ ਸੱਚੀ ਸਰਕਾਰ, ਸਾਚੇ ਤਖ਼ਤ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਘਰ ਮੰਦਰ ਵੱਜੇ ਵਧਾਈਆ। ਗੁਰਸਿਖ ਸਾਚੇ ਦਰਸ਼ਨ ਪੌਣਾ, ਨੇਤਰ ਨੈਣ ਨੈਣ ਦਰਸਾਇੰਦਾ। ਮਾਣਸ ਜਨਮ ਪੰਧ ਮੁਕੌਣਾ, ਸਾਕ ਸੱਜਣ ਸੈਣ ਆਪ ਹੋ ਜਾਇੰਦਾ। ਆਪਣੀ ਗੋਦ ਆਪ ਉਠੌਣਾ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਦੱਸੇ ਜਾਪ, ਕੋਟ ਜਨਮ ਦੇ ਉਤਾਰੇ ਪਾਪ, ਤ੍ਰੈਗੁਣ ਮਾਇਆ ਰਹੀ ਕਾਂਪ, ਤੀਨੋਂ ਤਾਪ ਮੇਟ ਮਿਟਾਇੰਦਾ। ਸਤਿਗੁਰ ਸੱਚਾ ਹਰਿ ਹਰਿ ਆਇਆ, ਘਰ ਸਾਚੇ ਵੱਜੀ ਵਧਾਈਆ। ਗੁਰਮੁਖ ਸਾਚੇ ਲਏ ਜਗਾਇਆ, ਜਾਗਰਤ ਜੋਤ ਕਰ ਰੁਸ਼ਨਾਈਆ। ਆਪ ਆਪਣਾ ਮੇਲ ਮਿਲਾਇਆ, ਦੂਈ ਦਵੈਤੀ ਮੇਟ ਮਿਟਾਈਆ। ਚਿੰਤਾ ਸੋਗ ਹਰਖ਼ ਦਏ ਗਵਾਇਆ, ਅੰਮ੍ਰਿਤ ਮੇਘ ਆਪ ਬਰਸਾਈਆ। ਗ਼ਰੀਬ ਨਿਮਾਣਿਆਂ ਉਪਰ ਤਰਸ ਕਮਾਇਆ, ਤ੍ਰੈਕਾਲ ਦਰਸੀ ਆਪਣਾ ਫੇਰਾ ਪਾਈਆ। ਅਰਸ਼ ਫ਼ਰਸ਼ ਕੁਰਸ਼ ਕੁਰਾ ਵੇਖ ਵਖਾਇਆ, ਕਾਦਰ ਕੁਦਰਤ ਰੂਪ ਵਟਾਈਆ। ਸਾਚਾ ਸਾਲਸ ਬਣ ਕੇ ਆਇਆ, ਕਲਜੁਗ ਸਤਿਜੁਗ ਕਰੇ ਨਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਮੇਲ ਮਿਲਾਵਾ ਸਾਚੀ ਥਾਈਂਆ। ਹਰਿਜਨ ਹਰਿ ਹਰਿ ਪਾਵਣਾ, ਗੁਰ ਸਤਿਗੁਰ ਸਾਚਾ ਮੀਤ। ਘਰ ਮੰਗਲ ਏਕਾ ਗਾਵਣਾ, ਸੋ ਪੁਰਖ ਨਿਰੰਜਣ ਸੁਹਾਗੀ ਗੀਤ। ਡੂੰਘੀ ਕੰਦਰ ਵੜ ਨਾ ਕਿਸੇ ਧਿਆਵਣਾ, ਹਰਿ ਵਸਣਹਾਰਾ ਚੀਤ। ਉਚੀ ਕੂਕ ਨਾ ਕਿਸੇ ਸੁਣਾਵਣਾ, ਕਿਸੇ ਹੱਥ ਨਾ ਆਏ ਮੰਦਰ ਮਸੀਤ। ਘਰ ਘਰ ਆਪਣਾ ਮੰਦਰ ਆਪ ਸੁਹਾਵਣਾ, ਗੁਰਸਿਖ ਕਰ ਕਰ ਪਤਿਤ ਪੁਨੀਤ। ਦੀਪਕ ਜੋਤੀ ਆਪ ਜਗਾਵਣਾ, ਆਪੇ ਬਹਿ ਬਹਿ ਗਾਏ ਗੀਤ। ਆਪਣਾ ਦਰਸ ਆਪ ਕਰਾਵਣਾ, ਧਾਮ ਵਖਾਏ ਇਕ ਅਨਡੀਠ । ਸੋਹੰ ਹੰਸਾ ਚੋਗ ਚੁਗਾਵਣਾ, ਸਤਿਜੁਗ ਸਾਚੀ ਚਲੇ ਰੀਤ। ਬੰਸ ਸਰਬੰਸਾ ਆਪ ਤਰਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗਾਏ ਹਸਤ ਕੀਟ। ਗੁਰਸਿਖ ਸੱਜਣ ਸੱਚਾ ਪਾਇਆ, ਸਤਿਗੁਰ ਦੀਨ ਦਿਆਲ। ਜਗਤ ਵਿਛੋੜਾ ਫੰਦ ਕਟਾਇਆ, ਕਲਜੁਗ ਅੰਤਮ ਏਕਾ ਘਾਲੀ ਘਾਲ। ਗੁਰ ਚਰਨ ਮਨ ਚਿਤ ਜੋੜ ਜੁੜਾਇਆ, ਫਲ ਲੱਗਾ ਸਾਚੇ ਡਾਲ੍ਹ। ਸਤਿਗੁਰ ਪੂਰਾ ਸਾਚੀ ਘੋੜੀ ਲਏ ਬਹਾਇਆ, ਆਪੇ ਚਲੇ ਨਾਲ ਨਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਲੇਖਾ ਜਾਣੇ ਸ਼ਾਹ ਕੰਗਾਲ। ਸ਼ਾਹ ਕੰਗਾਲ ਕਲਜੁਗ ਲੁਟਿਆ, ਸਾਚੀ ਵਸਤ ਨਾ ਕਿਸੇ ਕੋਲ। ਕਲਜੁਗ ਜੀਵਾਂ ਭਾਗ ਨਿਖੁਟਿਆ, ਮਾਇਆ ਮਮਤਾ ਰਹੀ ਵਿਰੋਲ। ਧੁਰ ਦਰਗਾਹੋਂ ਨਾਤਾ ਤੁਟਿਆ, ਨੌ ਖੰਡ ਪ੍ਰਿਥਮੀ ਵੱਜੇ ਢੋਲ। ਹਰਿ ਕਾ ਸ਼ਬਦ ਤੀਰ ਨਿਰਾਲਾ ਛੁੱਟਿਆ, ਲੱਖ ਚੁਰਾਸੀ ਪਰਦਾ ਦੇਵੇ ਖੋਲ੍ਹ। ਜੂਠਾ ਝੂਠਾ ਬੂਟਾ ਜਾਏ ਪੁਟਿਆ, ਲੱਗਾ ਰਹੇ ਨਾ ਉਪਰ ਧਵਲ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਪੂਰਾ ਕਰੇ ਕੌਲ। ਗੁਰਮੁਖ ਮਨ ਵੱਜੀ ਵਧਾਈ, ਮਨ ਮਮਤਾ ਜਗਤ ਗਵਾਈਆ। ਮਨ ਪੰਖੀ ਉਡ ਉਡ ਦਹਿ ਦਿਸ਼ ਨਾ ਜਾਈ, ਨਿਉਂ ਨਿਉਂ ਬੈਠਾ ਸੀਸ ਝੁਕਾਈਆ। ਸਤਿਗੁਰ ਸੋਟੀ ਸ਼ਬਦ ਹੱਥ ਉਠਾਈ, ਆਪਣਾ ਬਲ ਆਪ ਵਖਾਈਆ। ਆਤਮ ਵਾਸਨਾ ਖੋਟੀ ਕੱਢ ਧਰਾਈ, ਝੂਠੀ ਵਿਖ ਰਹਿਣ ਨਾ ਪਾਈਆ। ਮਾਇਆ ਰਾਣੀ ਚੋਟੀ ਆਪ ਕਟਾਈ, ਦਰ ਦਰ ਦੇਵੇ ਅੰਤ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਿਰ ਹੱਥ ਧਰ, ਸਮਰਥ ਸੇਵ ਕਮਾਈਆ। ਸਾਹਿਬ ਸਮਰਥ ਸਰਬ ਗੁਣਵੰਤਾ, ਜੀਆਂ ਦਾਤਾ ਇਕ ਅਖਵਾਇੰਦਾ। ਸਤਿਜੁਗ ਬਣਾਏ ਸਾਚੀ ਬਣਤਾ, ਕਲਜੁਗ ਕੂੜ ਕੁੜਿਆਰਾ ਮੇਟ ਮਿਟਾਇੰਦਾ। ਗੁਰਮੁਖਾਂ ਦਵਾਰੇ ਆਪੇ ਬਣੇ ਮੰਗਤਾ, ਪ੍ਰੇਮ ਭਿਛਿਆ ਮੰਗ ਮੰਗਾਇੰਦਾ। ਔਂਦਾ ਜਾਂਦਾ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਕਦੇ ਨਾ ਸੰਗਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਕਾਰ ਸਰਗੁਣ ਸਾਕਾਰ ਦੋਹਾਂ ਵਿਚੋਲਾ ਸ਼ਬਦ ਧਾਰ, ਆਰ ਪਾਰ ਆਪਣੀ ਖੇਲ ਖਿਲਾਇੰਦਾ। ਗੁਰਮੁਖ ਗੁਰਸਿਖ ਭਗਤ ਭਗਵੰਤ ਸੰਤ ਕੰਤ ਲਏ ਉਭਾਰ, ਆਪ ਆਪਣੇ ਗਲੇ ਲਗਾਇੰਦਾ। ਸਤਿਗੁਰ ਪੂਰਾ ਜੋਧਾ ਸੂਰਬੀਰ ਬਲੀ ਬਲਕਾਰ, ਆਪਣਾ ਬਲ ਆਪ ਰਖਾਇੰਦਾ। ਗੁਰਸਿਖਾਂ ਕਰੇ ਸਚ ਪਿਆਰ, ਸਾਚੀ ਸਮਗਰੀ ਹੱਥ ਫੜਾਇੰਦਾ। ਜੋ ਜਨ ਇਕ ਵਾਰ ਏਕੰਕਾਰ ਕਰੇ ਨਿਮਸਕਾਰ, ਮੰਝਧਾਰ ਨਾ ਕੋਇ ਡੁਬਾਇੰਦਾ। ਕਲਜੁਗ ਅੰਤਮ ਵੇਖ ਵਿਚਾਰ, ਨਿਰਾਹਾਰ ਨਿਰਾਕਾਰ ਨਿਰਾਧਾਰ ਨਿਰਧਨ ਆਪਣੇ ਰੰਗ ਰੰਗਾਇੰਦਾ। ਜਗਤ ਮਹੱਲੇ ਵਿਚੋਂ ਕੱਢ ਆਪਣੇ ਮਹੱਲੇ ਲਏ ਵਾੜ, ਦਰ ਦਰਵਾਜ਼ਾ ਬੰਦ ਕਰਾਇੰਦਾ। ਮਨਮੁਖਾਂ ਮਗਰ ਲਗਾਈ ਪੰਚਮ ਧਾੜ, ਅੱਗੇ ਹੋ ਨਾ ਕੋਇ ਬਚਾਇੰਦਾ। ਘਰ ਘਰ ਦਰ ਦਰ ਤਪੇ ਅਗਨੀ ਤੱਤੀ ਹਾੜ, ਤ੍ਰੈਗੁਣ ਲੰਬੂ ਏਕਾ ਲਾਇੰਦਾ। ਨੌ ਦਵਾਰੇ ਨੌ ਖੰਡ ਹੋਈ ਉਜਾੜ, ਸਾਚਾ ਘਰ ਨਾ ਕੋਇ ਦਸਾਇੰਦਾ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਫੜ ਫੜ ਡੁੱਬਦੇ ਪਾਥਰ ਜਾਏ ਤਾਰ, ਜਿਸ ਜਨ ਆਪਣਾ ਚਰਨ ਛੁਹਾਇੰਦਾ। ਸਤਿਜੁਗ ਬੱਧੀ ਸਾਚੀ ਧਾਰ, ਏਕਾ ਮੰਤਰ ਅੰਤਰ ਮੁਖ ਰਖਾਇੰਦਾ। ਕਿਸੇ ਆਪਣਾ ਨਾਮ ਨਾ ਦੱਸੇ ਅੰਦਰ ਵਾੜ, ਉਚੀ ਕੂਕ ਆਪ ਸੁਣਾਇੰਦਾ। ਸਾਚੇ ਪੌੜੇ ਦੇਵੇ ਚਾੜ੍ਹ, ਜੋ ਜਨ ਸਰਨਾਈ ਆਇੰਦਾ। ਗੁਰਸਿਖ ਬਣਾਏ ਸਾਚਾ ਲਾੜ, ਨਾਰੀ ਕੰਤ ਰੂਪ ਵਟਾਇੰਦਾ। ਗੁਰਮੁਖ ਗੁਰਸਿਖ ਸਖੀਆਂ ਗਾਵਣ ਮੰਗਲਾਚਾਰ, ਘਰ ਘਰ ਆਪਣਾ ਗੀਤ ਸੁਣਾਇੰਦਾ। ਵਾਹ ਵਾ ਹਰਿ ਹਰਿ ਪਾਇਆ ਕੰਤ ਭਤਾਰ, ਵਿਛੜ ਕਦੇ ਨਾ ਜਾਇੰਦਾ। ਕਲਜੁਗ ਜੀਵ ਉਚੀ ਕੂਕਣ ਰੋਵਣ ਬਾਂਹ ਹੁਲਾਰ, ਪੀਆ ਪ੍ਰੀਤਮ ਨਾ ਕੋਇ ਮਿਲਾਇੰਦਾ। ਨਾਰ ਦੁਹਾਗਣ ਹੋਈ ਵਿਭਚਾਰ, ਜੂਠ ਝੂਠ ਤਨ ਸ਼ਿੰਗਾਰ ਕਰਾਇੰਦਾ। ਗੁਰਮੁਖ ਪਾਇਆ ਏਕਾ ਕੱਜਲ ਆਪਣਾ ਨੈਣ ਉਘਾੜ, ਨਾਮ ਨਿਧਾਨਾ ਹਰਿ ਭਗਵਾਨਾ ਇਕ ਵਖਾਇੰਦਾ। ਜੋ ਜਨ ਮੰਗੇ ਹਰਿ ਹਰਿ ਨਾਉਂ ਬਣ ਭਿਖਾਰ, ਕਾਇਆ ਨਗਰ ਖੇੜਾ ਆਪ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਅਪਾਰਾ, ਨਿਹਕਲੰਕ ਲੈ ਅਵਤਾਰਾ, ਨਿਰਗੁਣ ਸਰਗੁਣ ਸਾਚੀ ਧਾਰਾ, ਸ਼ਬਦ ਸ਼ਬਦ ਸ਼ਬਦੀ ਸ਼ਬਦ ਰੂਪ ਸਮਾਇੰਦਾ।