Granth 10 Likhat 151: 24 Jeth 2018 Bikarmi Rasia Ram de Greh Badipur Jammu

੨੪ ਜੇਠ ੨੦੧੮ ਬਿਕ੍ਰਮੀ ਰਸੀਆ ਰਾਮ ਦੇ ਗ੍ਰਹਿ ਬਦੀਪੁਰ ਜੰਮੂ

ਹਰਿਜਨ ਹਰਿ ਹਰਿ ਆਤਮ ਰਸ, ਪ੍ਰੇਮ ਪਿਆਰ ਇਕ ਜਣਾਇੰਦਾ। ਹਿਰਦੇ ਅੰਦਰ ਵਸ ਵਸ, ਰੂਪ ਅਨੂਪ ਆਪ ਵਖਾਇੰਦਾ। ਤੀਰ ਨਿਰਾਲਾ ਮਾਰੇ ਕਸ ਕਸ, ਤਿਖੀ ਮੁਖੀ ਨਾਮ ਰਖਾਇੰਦਾ। ਮਾਰਗ ਆਪਣਾ ਦੱਸ ਦੱਸ, ਦੇ ਮਤ ਤੱਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਰਸ ਇਕ ਚਖਾਇੰਦਾ। ਅੰਮ੍ਰਿਤ ਰਸ ਸਦਾ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਜਾਣੇ ਮੀਠਾ, ਜਿਸ ਬਿਨ ਰਸਨਾ ਜੇਹਵਾ ਚਖਾਇੰਦਾ। ਕਰੇ ਕਰਾਏ ਠਾਂਡਾ ਸੀਤਾ, ਅਗਨੀ ਤੱਤ ਬੁਝਾਇੰਦਾ। ਘਰ ਮਿਲਾਏ ਪਰਮ ਪੁਰਖ ਮੀਤਾ, ਗੁਰ ਸਤਿਗੁਰ ਰੰਗ ਚੜ੍ਹਾਇੰਦਾ। ਮਾਣਸ ਮਾਨੁਖ ਪਰਖੇ ਨੀਤਾ, ਨਿਤ ਨਿਤ ਵੇਸ ਵਟਾਇੰਦਾ। ਅੱਖਰ ਪੜ੍ਹਾਏ ਸਾਚੀ ਗੀਤਾ, ਗਿਆਨ ਗੋਝ ਆਪ ਖੁਲ੍ਹਾਇੰਦਾ। ਹੰ ਰੰਗਾਏ ਹਸਤ ਕੀਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸ ਆਤਮ ਆਪ ਚਖਾਇੰਦਾ। ਆਤਮ ਰਸ ਹਰਿਜਨ ਚਖ, ਚੇਤਨ ਰੂਪ ਹੋ ਜਾਈਆ। ਲੱਖ ਚੁਰਾਸੀ ਨਾਲੋਂ ਹੋ ਹੋ ਵੱਖ, ਆਪਣਾ ਮੰਦਰ ਆਪ ਸੁਹਾਈਆ। ਰਾਹ ਤੱਕੇ ਹੋਏ ਪ੍ਰਭੂ ਪਰਤਖ, ਪੀਆ ਪ੍ਰੀਤਮ ਦਰਸ ਦਿਖਾਈਆ। ਜਗਤ ਲੱਜਿਆ ਲਏ ਰੱਖ, ਮਨ ਵਾਸਨਾ ਦਏ ਮਿਟਾਈਆ। ਮੇਰੀ ਖੋਲ੍ਹੇ ਆਪਣੀ ਅੱਖ, ਜਗਤ ਨੇਤਰ ਮਾਣ ਗਵਾਈਆ। ਭਾਗ ਲਗਾਏ ਕੁੱਲੀ ਕੱਖ, ਸਾਚਾ ਬੰਕ ਦਏ ਸੁਹਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਤ੍ਰਿਸਨਾ ਤ੍ਰਿਖਾ ਬੁਝਾਈਆ। ਬਣ ਕੇ ਕਾਹਨ ਪਾਏ ਰਾਸ, ਸਾਚੀ ਗੋਪੀ ਨਾਲ ਮਿਲਾਈਆ। ਭਾਗ ਲਗਾਏ ਜੰਗਲ ਜੂਹ ਪਰਭਾਸ, ਪੱਤ ਡਾਲ੍ਹੀ ਆਪ ਮਹਿਕਾਈਆ। ਜੀਵੰਦਿਆਂ ਕਰੇ ਬੰਦ ਖ਼ਲਾਸ, ਮਰਿਆਂ ਫੰਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਜਾਮ ਇਕ ਪਿਆਈਆ। ਅੰਮ੍ਰਿਤ ਜਾਮ ਆਤਮ ਮਦਿ, ਮਧਰ ਨੈਣ ਆਪ ਪਿਆਇੰਦਾ। ਹਰਿਜਨ ਹਰਿ ਹਰਿ ਆਪੇ ਸਦ, ਘਰ ਘਰ ਵੇਖ ਵਖਾਇੰਦਾ। ਜਗਤ ਕਰਾਏ ਪਾਰ ਹੱਦ, ਜੁਗਤ ਜੁਗ ਸਮਝਾਇੰਦਾ। ਨਾਮ ਸੁਣਾਏ ਏਕਾ ਨਦ, ਸਾਚਾ ਰਾਗ ਅਲਾਇੰਦਾ। ਲੇਖਾ ਚੁੱਕੇ ਬ੍ਰਹਮ ਬ੍ਰਹਿਮਾਦ, ਬ੍ਰਹਮ ਮੇਲਾ ਆਪ ਕਰਾਇੰਦਾ। ਹੋਏ ਸਹਾਈ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਰੱਖੇ ਲਾਜ ਸੰਤ ਸਾਧ, ਸਾਜਨ ਮੀਤ ਸੇਵ ਕਮਾਇੰਦਾ। ਜੋ ਜਨ ਹਿਰਦੇ ਅੰਤਰ ਰਹੇ ਅਰਾਧ, ਤਿਸ ਜਨ ਏਕਾ ਰੰਗ ਰੰਗਾਇੰਦਾ। ਜਗਤ ਜੰਜਾਲੇ ਵਿਚੋਂ ਕਾਢ, ਜਮ ਕੀ ਫਾਸੀ ਫੰਦ ਕਟਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਇੰਦਾ। ਦਇਆ ਕਰੇ ਮੋਹਣ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਰਸ ਇਕ ਵਖਾਇੰਦਾ। ਅੰਮ੍ਰਿਤ ਰਸ ਹਰਿ ਨਿਰੰਕਾਰਾ, ਹਰਿਜਨ ਸਾਚੇ ਸਚ ਜਣਾਈਆ। ਆਦਿ ਜੁਗਾਦੀ ਦੇਵਣਹਾਰਾ, ਜੁਗ ਜੁਗ ਆਪ ਵਰਤਾਈਆ। ਅਤੋਟ ਅਤੁਟ ਰੱਖੇ ਭੰਡਾਰਾ, ਦਿਸ ਕਿਸੇ ਨਾ ਆਈਆ। ਸਤਿ ਸੰਤੋਖੀ ਠੰਡਾ ਠਾਰਾ, ਅਗਨੀ ਤੱਤ ਨਾ ਕੋਇ ਤਪਾਈਆ। ਹਰਿਜਨ ਦੇਵੇ ਕਰ ਪਿਆਰਾ, ਪ੍ਰੇਮ ਪਿਆਲਾ ਜਾਮ ਪਿਆਈਆ। ਅੱਠੇ ਪਹਿਰ ਰਹੇ ਖ਼ੁਮਾਰਾ, ਨਸ਼ਾ ਉਤਰ ਕਦੇ ਨਾ ਜਾਈਆ। ਰਾਹ ਤੱਕੇ ਏਕਾ ਮੀਤ ਮੁਰਾਰਾ, ਨੇਤਰ ਨੈਣ ਨੈਣ ਉਠਾਈਆ। ਮਿਲ ਸੱਜਣ ਸਾਂਝੇ ਯਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਸ ਦਏ ਵਡਿਆਈਆ। ਏਕਾ ਰਸ ਵਡ ਵਡਿਾਇੰਦਾ, ਹਰਿ ਵੱਡਾ ਵਡ ਵਡਿਆਈ। ਧਰੂ ਪ੍ਰਹਿਲਾਦ ਰਿਹਾ ਚਖਾਇੰਦਾ, ਬਲ ਰਸਨਾ ਮੁਖ ਲਗਾਈ। ਅਮਰੀਕ ਚਰਨੋਦਕ ਮੁਖ ਲਗਾਇੰਦਾ, ਮਿਲਿਆ ਮੇਲ ਹਰਿ ਗੋਸਾਈਂ। ਜਨਕ ਪੀ ਪੀ ਖ਼ੁਸ਼ੀ ਮਨਾਇੰਦਾ, ਅੱਠੇ ਪਹਿਰ ਵੱਜੇ ਵਧਾਈ। ਹਰੀ ਚੰਦ ਹਰਿ ਹਰਿ ਹਰਿ ਜਸ ਗਾਇੰਦਾ, ਰਾਜ ਜੋਗ ਇਕ ਰਖਾਈ। ਬਿਦਰ ਘਰ ਭੋਗ ਲਗਾਇੰਦਾ, ਕਰੇ ਖੇਲ ਬੇਪਰਵਾਹੀ। ਸੁਦਾਮਾ ਤੰਦਲ ਮੁਖ ਰਖਾਇੰਦਾ, ਭਗਵਨ ਨਿਉਂ ਨਿਉਂ ਸੀਸ ਝੁਕਾਈ। ਜੈ ਦੇਵ ਏਕਾ ਅੱਖਰ ਆਪ ਪੜ੍ਹਾਇੰਦਾ, ਦੇ ਮਤ ਰਿਹਾ ਸਮਝਾਈ। ਨਾਮਾ ਆਪਣੇ ਰੰਗ ਰੰਗਾਇੰਦਾ, ਭੋਗ ਲਗਾਏ ਬੇਪਰਵਾਹੀ। ਰੂਪ ਅਨੂਪ ਆਪ ਵਟਾਇੰਦਾ, ਸੈਣ ਤਾਰੇ ਬਣ ਬਣ ਸ਼ਾਹੀ। ਕਬੀਰਾ ਆਪਣਾ ਖੇਲ ਖਿਲਾਇੰਦਾ, ਬਨਾਰਸ ਥੇਟਾ ਬਣੇ ਰਾਹੀ। ਰਵਦਾਸ ਚਮਾਰਾ ਸੇਵ ਲਗਾਇੰਦਾ, ਪਾਹਨ ਗੰਢੇ ਫੜ ਫੜ ਪਾਹੀ। ਗਨਕਾ ਪੂਤਨਾ ਖੇਲ ਖਿਲਾਇੰਦਾ, ਅਜਾਮਲ ਲੇਖਾ ਲਿਖੇ ਨਾਹੀਂ। ਬੱਧਕ ਆਪਣੇ ਅੰਗ ਲਗਾਇੰਦਾ, ਤੀਰ ਨਿਸ਼ਾਨਾ ਭੁੱਲੇ ਨਾਹੀਂ। ਜੁਗ ਜੁਗ ਜਿਸ ਜਨ ਆਪਣਾ ਰਸ ਚਖਾਇੰਦਾ, ਜਗਤ ਤ੍ਰਿਸਨਾ ਦਏ ਮਿਟਾਈ। ਕਾਗੋਂ ਹੰਸ ਆਪ ਉਡਾਇੰਦਾ, ਮਾਣਕ ਮੋਤੀ ਚੋਗ ਚੁਗਾਈ। ਹਉਮੇ ਹੰਗਤਾ ਰੋਗ ਗਵਾਇੰਦਾ, ਦੁਰਮਤ ਮੈਲ ਧੋਵੇ ਲੱਗੀ ਸ਼ਾਹੀ। ਸਚ ਸੰਜੋਗ ਆਪ ਰਖਾਇੰਦਾ, ਪਾਰਬ੍ਰਹਮ ਪ੍ਰਭ ਬੇਪਰਵਾਹੀ। ਕਲਜੁਗ ਅੰਤਮ ਰੂਪ ਵਟਾਇੰਦਾ, ਹਰਿਜਨ ਵੇਖੇ ਥਾਉਂ ਥਾਈਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਏਕਾ ਰਿਹਾ ਵਖਾਈ। ਅੰਮ੍ਰਿਤ ਰਸ ਸਚ ਪਿਆਲਾ, ਹਰਿ ਜਿਸ ਜਨ ਆਪ ਪਿਆਈਆ। ਕਰ ਕਿਰਪਾ ਦੇਵੇ ਦੀਨ ਦਿਆਲਾ, ਦੀਨਨ ਰੱਛਿਆ ਆਪ ਕਮਾਈਆ। ਵਰਨ ਬਰਨ ਜਗ ਤੋੜ ਜੰਜਾਲਾ, ਜਾਗਰਤ ਜੋਤ ਇਕ ਸਮਝਾਈਆ। ਨਾਤਾ ਤੋੜ ਸ਼ਾਹ ਕੰਗਾਲਾ, ਆਤਮ ਬ੍ਰਹਮ ਦਏ ਸਮਝਾਈਆ। ਸਰਬ ਜੀਆਂ ਕਰੇ ਪ੍ਰਿਤਪਾਲਾ, ਵਡ ਦਾਤਾ ਬੇਪਰਵਾਹੀਆ। ਜੁਗਾ ਜੁਗੰਤਰ ਖੇਲ ਨਿਰਾਲਾ, ਜੁਗ ਕਰਤਾ ਆਪ ਕਰਾਈਆ। ਕਲਜੁਗ ਅੰਤਮ ਦੱਸੇ ਰਾਹ ਸੁਖਾਲਾ, ਸੁਖ ਸਾਗਰ ਦਏ ਸਮਝਾਈਆ। ਸੋਹੰ ਪਾਏ ਜਗ ਸਾਚੀ ਮਾਲਾ, ਆਤਮ ਪਰਮਾਤਮ ਰੰਗ ਰੰਗਾਈਆ। ਲੇਖਾ ਚੁੱਕੇ ਕਾਲ ਮਹਾਕਾਲਾ, ਕਾਲ ਗਰਾਸ ਨਾ ਅੰਤਮ ਖਾਈਆ। ਫਲ ਲਗਾਏ ਸਾਚੇ ਡਾਲਾ, ਪੱਤ ਡਾਲ੍ਹੀ ਆਪ ਮਹਿਕਾਈਆ। ਅੰਮ੍ਰਿਤ ਰਸ ਨਿਝਰ ਧਾਰ ਏਕਾ ਦੇਵੇ ਸਤਿ ਪਿਆਲਾ, ਰਾਮ ਨਾਮ ਜਾਮ ਪਿਆਈਆ। ਹਰਿਜਨ ਲੇਖੇ ਲੱਗੇ ਘਾਲਾ, ਜੋ ਜਨ ਜਨ ਕੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਸ ਦਏ ਉਪਾਈਆ। ਰਸ ਉਪਾਇਆ ਆਤਮ ਧਾਰ, ਤ੍ਰੈਗੁਣ ਭੇਵ ਕੋਇ ਨਾ ਪਾਇੰਦਾ। ਅੰਤਰ ਆਤਮ ਕਰ ਪਿਆਰ, ਤ੍ਰੈਗੁਣ ਅਤੀਤਾ ਆਪ ਪਿਆਇੰਦਾ। ਅੰਤਰ ਅੰਦਰ ਕਰੇ ਠੰਡਾ ਠਾਰ, ਤ੍ਰੈਗੁਣ ਅਗਨੀ ਤੱਤ ਬੁਝਾਇੰਦਾ। ਅੰਦਰ ਮੰਦਰ ਕਰੇ ਬਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰਸ ਚਖਾਇੰਦਾ। ਪੀ ਰਸ ਮਿਲੇ ਰਾਮ, ਰਸ ਰਾਮ ਰੂਪ ਵਟਾਈਆ। ਜਗਤ ਨੇਹਫਲ ਦਿਸੇ ਕਾਮ, ਹਰਿ ਚਰਨ ਦਿਸੇ ਸੱਚੀ ਸਰਨਾਈਆ। ਸਤਿ ਪਿਆਲਾ ਪੀਤਾ ਜਾਮ, ਜਮ ਕਾ ਫਾਸ ਰਹਿਣ ਨਾ ਪਾਈਆ। ਜਿਸ ਜਨ ਹਰਿ ਜੂ ਹਰਿ ਹਰਿ ਮਿਲੇ ਆਣ, ਤਿਸ ਭਗਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਸ ਰਾਮ ਆਪ ਚਖਾਈਆ। ਚੱਖ ਰਸ ਹੋਇਆ ਸਾਂਤ, ਜਿਸ ਅੰਮ੍ਰਿਤ ਹਰਿ ਹਰਿ ਪਾਇਆ। ਅੰਤਰ ਅੰਤਰ ਰਹੇ ਇਕਾਂਤ, ਗ੍ਰਹਿ ਮੰਦਰ ਆਪ ਸੁਹਾਇਆ। ਏਕਾ ਰੰਗ ਰੰਗਾਏ ਦਿਵਸ ਰਾਤ, ਘੜੀ ਪਲ ਨਾ ਕੋਇ ਜਣਾਇਆ। ਰਸ ਰਾਮ ਸੁਣਾਏ ਸਾਚੀ ਗਾਥ, ਅੱਖਰ ਆਪਣਾ ਆਪ ਪੜ੍ਹਾਇਆ। ਲੇਖਾ ਜਾਣੇ ਮਸਤਕ ਮਾਥ, ਪੂਰਬ ਲਹਿਣਾ ਵੇਖ ਵਖਾਇਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਰਸ ਆਪ ਸਾਲਾਹਿਆ। ਹਰਿ ਰਸ ਸਾਲਾਹ ਸਾਲਾਹਵਣ ਯੋਗ, ਕਰੋੜ ਤੇਤੀਸਾ ਕਲਜੁਗ ਰਹੇ ਬਿਲਲਾਈਆ। ਨਾਮ ਨਿਧਾਨ ਜਿਸ ਜਨ ਪੀਤਾ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਮਿਲ ਰਾਮ ਹੋਇਆ ਠੰਡਾ ਸੀਤਾ, ਜਿਉਂ ਸੀਤਾ ਰਾਮ ਮਿਲ ਮਿਲ ਖ਼ੁਸ਼ੀ ਮਨਾਈਆ। ਧਾਮ ਵਖਾਏ ਇਕ ਅਨਡੀਠਾ, ਸਚ ਸਿੰਘਾਸਣ ਸੋਭਾ ਪਾਈਆ। ਬੈਠਾ ਰਹੇ ਇਕ ਅਤੀਤਾ, ਪਾਰਬ੍ਰਹਮ ਬੇਪਰਵਾਹੀਆ। ਆਦਿ ਜੁਗਾਦਿ ਸਦਾ ਸੁਹੇਲਾ ਸਾਜਣ ਮੀਤਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਸਾਚਾ ਰਸ ਮੁਖ ਚੁਆਈਆ। ਸਾਚਾ ਰਸ ਮੁਖਾਰ ਬਿੰਦ, ਬੂੰਦ ਬੂੰਦ ਆਪ ਟਪਕਾਇੰਦਾ। ਕਾਇਆ ਗਾਗਰ ਬਣਾਏ ਸਾਗਰ ਸਿੰਧ, ਸਰੋਵਰ ਸਾਚਾ ਤਾਲ ਭਰਾਇੰਦਾ। ਕਿਰਪਾ ਕਰੇ ਗਹਿਰ ਗੰਭੀਰ ਗੁਣੀ ਗਹਿੰਦ, ਗੋਬਿੰਦ ਆਪਣੇ ਰੰਗ ਰੰਗਾਇੰਦਾ। ਹਰਿਜਨ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਅੰਮ੍ਰਿਤ ਮੇਘ ਬਰਸੇ ਘਨਘੋਰ, ਕਿਰਪਾਨਿਧ ਦਇਆ ਕਮਾਈਆ। ਸਾਂਤਕ ਸਤਿ ਕਰਾਏ ਪੰਜ ਚੋਰ, ਤ੍ਰਿਸਨਾ ਤ੍ਰਿਪਤ ਕਰਾਈਆ। ਕਾਇਆ ਮੰਦਰ ਅੰਦਰ ਸ਼ਬਦ ਅਨਾਦ ਬੋਲੇ ਏਕਾ ਮੋਰ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਅੰਮ੍ਰਿਤ ਰਸ ਸਾਚਾ ਰੰਗ, ਹਰਿਜਨ ਸਾਚੇ ਆਪ ਚੜ੍ਹਾਇੰਦਾ। ਕਿਰਪਾ ਕਰੇ ਸੂਰਾ ਸਰਬੰਗ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਕਾਇਆ ਅੰਦਰ ਵਖਾਏ ਸਚ ਅਨੰਦ, ਅਨੰਦ ਆਪਣਾ ਰੂਪ ਵਟਾਇੰਦਾ। ਸਚ ਪਰਕਾਸ਼ ਚੜ੍ਹਾਏ ਚੰਦ, ਝੂਠ ਅੰਧੇਰਾ ਅੰਧ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਦੇਵੇ ਏਕਾ ਰਸ, ਪ੍ਰੇਮ ਵਸਤ ਝੋਲੀ ਪਾਇੰਦਾ। ਪ੍ਰੇਮ ਰਸ ਸਰਬ ਸਿਰਤਾਜ, ਤਾਜਗੀਰ ਸੀਸ ਝੁਕਾਈਆ। ਭਗਤ ਭਗਵੰਤ ਦੇਵੇ ਸੱਚਾ ਰਾਜ, ਦਰਗਹਿ ਸਾਚੀ ਧਾਮ ਬਹਾਈਆ। ਬਿਨ ਪ੍ਰੇਮ ਨਾ ਹੋਏ ਕੋਈ ਪੂਰਾ ਕਾਜ, ਭਗਤ ਭਗਵੰਤ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਰਸੀਆ ਰਾਮ ਰਾਮ ਰਸ ਕਾਇਆ ਅੰਦਰ ਰਸਿਕ ਰਸਿਕ ਝਿਰਨਾ ਰਿਹਾ ਝਿਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਬਖ਼ਸ਼ੇ ਚਰਨ ਸਰਨ ਸਰਨ ਚਰਨ ਸੱਚੀ ਸਰਨਾਈਆ।