Granth 10 Likhat 153: 16 Harh 2018 Bikarmi Darbar wich Dayea Hoyi Jethuwal

੧੬ ਹਾੜ ੨੦੧੮ ਬਿਕ੍ਰਮੀ ਦਰਬਾਰ ਵਿਚ ਦਇਆ ਹੋਈ ਜੇਠੂਵਾਲ

ਕ਼ੁਦਰਤ ਖੇਲ ਵੇਖੇ ਹਰਿ ਕ਼ਾਦਰ, ਬੇਐਬ ਐਬ ਖ਼ੁਦਾਇਆ। ਫ਼ਕੀਰ ਹਕੀਰ ਸ਼ਾਹ ਬਣਿਆ ਗਦਾਗਰ, ਦਰ ਦਰਵੇਸ਼ ਦਰ ਦਰ ਫੇਰੀ ਪਾਇਆ। ਸਿਦਕ ਸਬੂਰੀ ਰੱਖੇ ਸਾਬਰ, ਸਾਦਰ ਕਰੀਮ ਆਪਣਾ ਕਰਮ ਕਮਾਇਆ। ਕਲਮਾ ਅਮਾਮ ਜਾਣੇ ਦਾਦਰ, ਹਜ਼ਾਰਾ ਦਰੂਦ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਤ ਬਦਸਤ ਤੇਗ਼ ਵੇਖ ਵਖਾਇਆ। ਦਸਤ ਬਦਸਤ ਖੇਲ ਅਵੱਲਾ, ਦਹਿ ਦਿਸ਼ਾ ਆਪ ਕਰਾਈਆ। ਆਲਮੀਨ ਅੱਲਾ ਹੂ ਅੱਲਾ, ਹੱਕ ਮੁਸੱਲਾ ਇਕ ਵਿਛਾਈਆ। ਨੂਰ ਜਲਾਲ ਏਕਾ ਜਲਵਾ, ਜੋਬਨ ਜ਼ਹੂਰ ਵਡੀ ਵਡਿਆਈਆ। ਕ਼ਾਦਰ ਕ਼ੁਦਰਤ ਵੇਖੇ ਬਿਸਮਿੱਲਾ, ਬਿਸਮਲ ਆਪਣਾ ਖੇਲ ਵਖਾਈਆ। ਚੌਦਾਂ ਤਬਕ ਕੱਢਿਆ ਚਿੱਲਾ, ਚੱਕਰ ਚਿਹਨ ਨਾ ਕੋਇ ਜਣਾਈਆ। ਲੇਖਾ ਜਾਣੇ ਕੋਹਤੂਰ ਸਿਲਾ, ਸਾਲਬ ਸਲਬ ਬੇਪਰਵਾਹੀਆ। ਪੀਰ ਪੈਗ਼ੰਬਰ ਮਹਿਬੂਬ ਆਪੇ ਮਿਲਾ, ਮਹਿਵ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲਕ ਵੇਖੇ ਖ਼ਲਕ ਖ਼ੁਦਾਈਆ। ਖ਼ਾਲਕ ਖ਼ਲਕ ਖੇਲ ਮਖ਼ਲੂਕ, ਮਾਲਕ ਮੌਲਾ ਖੇਲ ਖਿਲਾਇੰਦਾ। ਨਾਬੀਨਾ ਨਾਦਾਨ ਵਸੇ ਕਲਬੂਤ, ਕਲਮਾ ਕਲਾਮ ਕੁਰਾ ਕ਼ੁਰਾਨ ਆਪ ਜਣਾਇੰਦਾ। ਦਰ ਦਰਵੇਸ਼ ਫਿਰੇ ਆਪਣੀ ਕੂਟ, ਬੇਦਰ ਦਰਦ ਵੰਡਾਇੰਦਾ। ਸਚ ਈਮਾਨ ਅਮਾਮ ਵਖਾਏ ਸਬੂਤ, ਸਾਬਤ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੁਰਾਨਾ ਵੇਸ ਵਟਾਇੰਦਾ। ਨੂਰ ਨੁਰਾਨਾ ਅਜ਼ੀਮ ਆਜ਼ਮ, ਬੇਐਬ ਪਰਵਰਦਿਗਾਰਿਆ। ਦੇਵੇ ਤਾਲੀਮ ਤਾਜ਼ੀਮ ਕਾਇਨਾਤ ਏਕਾ ਬਾਤਨ, ਆਲਮ ਉਲਮਾ ਖੇਲ ਖਿਲਾ ਰਿਹਾ। ਵੇਸ ਵਟਾਏ ਬਣ ਬਣ ਮਕਤੂਲ ਕਾਤਲ, ਰੂਪ ਅਨੂਪ ਆਪ ਧਰਾ ਰਿਹਾ। ਲੇਖਾ ਜਾਣੇ ਧਾਮ ਮੁਕੱਦਸ ਬਾਤਲ, ਬੈਤਲ ਆਪਣਾ ਖੇਲ ਖਿਲਾ ਰਿਹਾ। ਵੇਸ ਵਟਾਏ ਆਪ ਰਸਾਤਲ, ਤਲਾਤਲ ਦਿਸ ਕਿਸੇ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵੇਸ਼ ਨਾਉਂ ਰਖਾ ਲਿਆ। ਦਰ ਦਰਵੇਸ਼ ਪਰਵਰਦਿਗਾਰ, ਅਲਖ ਅਗੰਮ ਵਡੀ ਵਡਿਆਈਆ। ਕਲਮਾ ਕਲਾਮ ਕਰ ਤਿਆਰ, ਕ਼ੁਦਰਤ ਕ਼ਾਦਰ ਦਏ ਸਮਝਾਈਆ। ਅਮਾਮ ਅਮਾਮਾ ਦੇਵੇ ਪੈਗ਼ਾਮ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਇਕ ਸੰਦੇਸਾ ਸਚ ਸਲਾਮ, ਅਲੈਕਮ ਆਪਣਾ ਹੁਕਮ ਜਣਾਈਆ। ਲੇਖਾ ਜਾਣੇ ਮੂਲ ਬਨਾਮ, ਹਰਫ਼ ਸਤਰ ਨਾ ਕੋਇ ਵਡਿਆਈਆ। ਚੌਦਾਂ ਤਬਕ ਵੇਖ ਗ਼ੁਲਾਮ, ਗ਼ਫ਼ਲਤ ਵੇਖੇ ਥਾਉਂ ਥਾਈਂਆ। ਕਾਲਾ ਸੂਸਾ ਜਗਤ ਨਜ਼ਾਮ, ਸਚ ਤਾਲੀਮ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵੇਸ਼ ਵੇਸ ਵਟਾਈਆ। ਦਰ ਦਰਵੇਸ਼ ਪਰਵਰਦਿਗਾਰਾ, ਚੌਦਾਂ ਹੱਟ ਫੇਰਾ ਪਾਇੰਦਾ। ਚੌਦਾਂ ਤਬਕ ਕੂਕ ਪੁਕਾਰਾ, ਹੂ ਹੂ ਨਾਅਰਾ ਸਰਬ ਲਗਾਇੰਦਾ। ਤੂ ਹੀ ਤੂੰ ਨਾ ਦਿਸੇ ਮੀਤ ਮੁਰਾਰਾ, ਤੇਰਾ ਤਸਵੱਰ ਨਾ ਕੋਇ ਜਣਾਇੰਦਾ । ਤੇਰਾ ਹੱਕ ਨਾ ਦਿਸੇ ਕੋਇ ਨਾਅਰਾ, ਬਾਂਗ ਸਦਾ ਨਾ ਕੋਇ ਸੁਣਾਇੰਦਾ। ਮੱਕਾ ਕਾਅਬਾ ਹੁਜਰਾ ਦਿਸੇ ਨਾ ਕੋਇ ਮਨਾਰਾ, ਮਹਿਰਾਬ ਰੰਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਵੇਸ ਧਰਾਏ ਹੱਕ ਜਾਨਬ ਜਨਾਬ, ਆਪਣਾ ਵੇਸ ਵਟਾਈਆ। ਲੇਖਾ ਜਾਣੇ ਆਬੀ ਆਬ, ਹਯਾਤ ਆਪਣੇ ਰੰਗ ਸਮਾਈਆ। ਆਪੇ ਕਾਤਬ ਆਪੇ ਹੋਏ ਮੁਖਾਤਬ ਆਪੇ ਦਏ ਜਵਾਬ, ਲਾਜਵਾਬ ਲਾਸ਼ਰੀਕ ਆਪ ਹੋ ਜਾਈਆ। ਆਪੇ ਸ਼ਾਹ ਬਣ ਨਵਾਬ, ਸ਼ਾਹ ਪਾਤਸ਼ਾਹ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਰਾਏ ਖੇਲ ਇਲਾਹੀ ਅੱਲਾ, ਐਨਲਹਕ ਵੇਖ ਵਖਾਇੰਦਾ। ਮੁਕਾਮੇ ਹੱਕ ਹੱਕ ਉਚਾ ਟਿੱਲਾ, ਦਰ ਦਰਵੇਸ਼ ਦਰ ਸੁਹਾਇੰਦਾ। ਆਪਣੇ ਨੂਰ ਜ਼ਹੂਰ ਹੋਇਆ ਬਿਸਮਿੱਲਾ, ਬਿਸਮਿਲ ਆਪਣੀ ਧਾਰ ਬੰਧਾਇੰਦਾ। ਆਪਣੀ ਜ਼ਾਤ ਆਪੇ ਮਿਲਾ ਦੂਸਰ ਰੰਗ ਨਾ ਕੋਇ ਵਖਾਇੰਦਾ। ਆਪ ਸੁਹਾਏ ਆਪਣਾ ਟਿੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਤੁੜਾਇੰਦਾ। ਬੰਧਨ ਤੋੜੇ ਬੰਦੀ ਬੰਦ, ਬੰਦਗੀ ਆਪਣੀ ਵਿਚ ਸਮਾਈਆ। ਲੇਖਾ ਜਾਣੇ ਨਵਚੰਦੀ ਚੰਦ, ਚੌਦਸ ਆਪਣਾ ਹੁਕਮ ਵਰਤਾਈਆ। ਆਦਿ ਜੁਗਾਦਿ ਮੁਕਾਏ ਪੰਧ, ਜੁਗ ਜੁਗ ਬਣ ਬਣ ਪਾਂਧੀ ਰਾਹੀਆ। ਗਹਿਰ ਗੰਭੀਰ ਸੁਣਾਏ ਛੰਦ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਆਕਬਤ ਉਕਬ ਜਣਾਏ ਪਰਮਾਨੰਦ, ਉਲਫ਼ਤ ਆਰਫ ਨਾ ਕੋਇ ਵਖਾਈਆ। ਦਰ ਦਰਵੇਸ਼ ਨਰ ਨਰੇਸ਼ ਵੇਖੇ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਭੇਵ ਅਭੇਦ ਰਖਾਇੰਦਾ। ਜਗਤ ਜੁਗ ਹੋ ਉਜਿਆਰਾ, ਜਾਗਰਤ ਜੋਤ ਡਗਮਗਾਇੰਦਾ। ਤ੍ਰੈ ਤ੍ਰੈ ਲੇਖਾ ਪਾਰ ਕਿਨਾਰਾ, ਪੰਚਮ ਪੰਚਮ ਮੋਹ ਤੁੜਾਇੰਦਾ। ਗੁਰ ਅਵਤਾਰ ਲੈ ਸਹਾਰਾ, ਏਕੰਕਾਰਾ ਓਟ ਤਕਾਇੰਦਾ। ਭਗਤ ਭਗਵੰਤ ਬੋਲ ਜੈਕਾਰਾ, ਏਕਾ ਨਾਅਰਾ ਨਾਮ ਸੁਣਾਇੰਦਾ। ਸੰਤ ਕੰਤ ਇਕ ਦਵਾਰਾ, ਘਰ ਸਾਚਾ ਆਪ ਵਡਿਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਕਲਜੁਗ ਆਪਣਾ ਵੇਖ ਵਖਾਇੰਦਾ। ਸਚ ਸੰਦੇਸ ਧੁਰ ਦਰਬਾਰਾ, ਨਰ ਨਰੇਸ਼ ਆਪ ਜਣਾਇੰਦਾ। ਕਾਲਾ ਸੂਸਾ ਕਰ ਤਿਆਰਾ, ਮਾਟੀ ਖ਼ਾਕੀ ਪਰਦਾ ਪਾਇੰਦਾ। ਅੰਤਰ ਜਲਵਾ ਨੂਰ ਉਜਿਆਰਾ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਨਾਦ ਧੁਨ ਸੱਚੀ ਧੁਨਕਾਰਾ, ਬਾਂਗ ਸਦਾ ਆਪ ਸੁਣਾਇੰਦਾ। ਆਪਣਾ ਖੋਲ੍ਹ ਬੰਦ ਕਿਵਾੜਾ, ਨੂਰੀ ਜਲਵਾ ਆਪ ਦਰਸਾਇੰਦਾ। ਆਬੇ ਹਯਾਤ ਠੰਡੀ ਠਾਰਾ, ਅੰਮ੍ਰਿਤ ਮੇਘ ਬਰਸਾਇੰਦਾ। ਆਪਣਾ ਨੂਰ ਕਰ ਪਸਾਰਾ, ਜੋਤੀ ਜੋਤ ਡਗਮਗਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਆਇਤ ਸ਼ਰਾਇਤ ਨਾ ਕੋਇ ਰਖਾਇੰਦਾ। ਲਾਸ਼ਰੀਕ ਹੋ ਤਿਆਰਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ ਆਪ ਸੁਣਾਇੰਦਾ। ਸਚ ਸੰਦੇਸਾ ਹਰਿ ਕਰਤਾਰ, ਕਿਰਪਾਨਿਧ ਆਪ ਜਣਾਈਆ। ਪੀਰ ਪੀਰਾਂ ਬਣ ਸਿਕਦਾਰ, ਸ਼ਾਹ ਪਾਤਸ਼ਾਹ ਬਣੇ ਸੱਚਾ ਸ਼ਹਿਨਸ਼ਾਹੀਆ। ਗੁਫ਼ਤਮ ਕਰੇ ਸੱਚੀ ਗੁਫ਼ਤਾਰ, ਸਤਾਰ ਅਵਰ ਨਾ ਕੋਇ ਹਿਲਾਈਆ। ਅਹਿਬਾਬ ਰਬਾਬ ਵਜਾਏ ਆਪਣੀ ਵਾਰ, ਬੇਪਰਵਾਹ ਵਡੀ ਵਡਿਆਈਆ। ਤਾਲਬ ਤੁਲਬਾ ਕਰੇ ਤਲਬਗਾਰ, ਤਾਲੀਮ ਤਾਜ਼ੀਮ ਅਜ਼ੀਮ ਇਕ ਸੁਣਾਈਆ। ਨਫ਼ਰ ਨਫ਼ਰਤ ਕਰੇ ਸਰਬ ਸੰਸਾਰ, ਨਫ਼ਸ ਹਵਸ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਦਏ ਸਮਝਾਈਆ। ਏਕਾ ਦਰ ਹਰਿ ਦਰਵੇਸ਼, ਦੀਨਾਂ ਨਾਥ ਆਪ ਜਣਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਜੁਗਾ ਜੁਗੰਤਰ ਆਪ ਸੁਹਾਇੰਦਾ। ਆਪਣਾ ਖੇਲ ਆਪੇ ਰਿਹਾ ਵੇਖ, ਦੂਸਰ ਅਵਰ ਨਾ ਸੰਗ ਰਲਾਇੰਦਾ। ਨੂਰੀ ਨੂਰ ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੂੰਡ ਨਾ ਰੂਪ ਵਟਾਇੰਦਾ। ਬੇਐਬ ਵਸੇ ਆਪਣੇ ਦੇਸ, ਆਪਣੀ ਵਰੇਸ ਨਾ ਕਿਸੇ ਜਣਾਇੰਦਾ। ਪੀਰ ਪੈਗ਼ੰਬਰ ਨਾ ਕੋਈ ਜਾਣੇ ਮੁੱਲਾਂ ਸ਼ੇਖ਼, ਸ਼ਖ਼ਸੀਅਤ ਭੇਦ ਨਾ ਕੋਇ ਜਣਾਇੰਦਾ। ਤਸਬੀ ਤਕਵਾ ਨਾ ਕੋਈ ਸਕੇ ਵੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਵਰਤਾਰਾ, ਨਿਰਗੁਣ ਨਿਰਵੈਰ ਆਪ ਵਰਤਾਈਆ। ਖ਼ਾਲਕ ਖ਼ਲਕ ਦੇ ਸਹਾਰਾ, ਦੀਦ ਈਦ ਵੰਡ ਵੰਡਾਈਆ। ਚੰਦ ਭਾਨ ਸੂਰਜ ਮੰਡਲ ਵੰਡ ਸਤਾਰਾ, ਨੀਲ ਬਸਤਰ ਰੰਗ ਰੰਗਾਈਆ। ਹਰਖ ਸੋਗ ਵਸੇ ਬਾਹਰਾ, ਚਿੰਤਾ ਦੁੱਖ ਨਾ ਕੋਇ ਰਖਾਈਆ। ਲੋਕ ਪਰਲੋਕ ਇਕ ਜੈਕਾਰਾ, ਨਾਮ ਮਰਦੰਗਾ ਮਰਦੰਗ ਵਜਾਈਆ। ਕਲਜੁਗ ਖੇਲ ਕਰੇ ਨਿਆਰਾ, ਰੂਪ ਅਨੂਪ ਆਪ ਵਟਾਈਆ। ਜਗਤ ਰਸੂਲ ਬਣ ਵਣਜਾਰਾ, ਏਕਾ ਹੁਕਮ ਕਰੇ ਕ਼ਬੂਲ ਸੀਸ ਜਗਦੀਸ ਆਪ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਸਮ ਦਏ ਸਮਝਾਈਆ। ਏਕਾ ਇਸਮ ਹਰਿ ਕਰਤਾਰ, ਉਸਤਤ ਨਿੰਦਾ ਨਾ ਕੋਇ ਵਡਿਆਈਆ। ਕਾਇਆ ਜਿਸਮ ਨਾ ਕੋਇ ਵਿਚਾਰ, ਤਨ ਮਾਟੀ ਖ਼ਾਕ ਨਾ ਕੋਇ ਵਡਿਆਈਆ। ਜੋਤ ਨੂਰ ਅਗੰਮੀ ਧਾਰ, ਜ਼ਹੂਰ ਜਲਵਾ ਹਰਿ ਰੁਸ਼ਨਾਈਆ। ਸ਼ਬਦ ਨਾਦ ਧੁੰਨ ਜੈਕਾਰ, ਏਕਾ ਹੁਕਮ ਸੱਚੀ ਸ਼ਨਵਾਈਆ। ਸਚ ਪੈਗ਼ੰਬਰ ਕਰੇ ਖ਼ਬਰਦਾਰ, ਸਚ ਕਲਮਾ ਇਕ ਜਣਾਈਆ। ਆਇਤ ਸ਼ਰਾਇਤ ਰਖਾਏ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਰੇ ਕਰਮ ਪੜ੍ਹਾਈਆ। ਸਚ ਪੜ੍ਹਾਈ ਪੀਰਨ ਪੀਰ, ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਤਤਵ ਤਤ ਦਏ ਧੀਰ, ਤੀਰ ਨਿਰਾਲਾ ਆਪ ਲਗਾਇੰਦਾ। ਜਗਤ ਸ਼ਰਅ ਪਾ ਜ਼ੰਜੀਰ, ਆਪ ਆਪਣਾ ਹੁਕਮ ਵਰਤਾਇੰਦਾ। ਚੌਦਾਂ ਲੋਕ ਚੌਦਾਂ ਤਬਕ ਵਖਾਏ ਚੋਟੀ ਅਖ਼ੀਰ, ਅੱਗੇ ਲੇਖਾ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਲਮਾ ਆਪ ਪੜ੍ਹਾਇੰਦਾ। ਸਾਚਾ ਕਲਮਾ ਆਲਮੀਨ, ਏਕਾ ਬਿਸਮਲ ਰੂਪ ਵਖਾਈਆ। ਮੇਰਾ ਮੇਰੀ ਕਰੇ ਤੌਹੀਨ, ਕਲ ਵੇਖੇ ਸਰਬ ਲੋਕਾਈਆ। ਕਲਮਾ ਅਸਵ ਨਾ ਕੋਈ ਪਾਏ ਜ਼ੀਨ, ਸ਼ਾਹਸਵਾਰ ਕੋਇ ਨਜ਼ਰ ਨਾ ਆਈਆ। ਜਗਤ ਝਗੜਾ ਮਜ਼੍ਹਬ ਦੀਨ, ਇਸਲਾਮ ਅਮਾਮ ਨਾ ਕੋਇ ਵਖਾਈਆ। ਸ਼ਰਅ ਸ਼ਰੀਅਤ ਵਸ ਕੀਨ, ਵਸਲ ਜੁਮਾਲ ਮਹਿਬੂਬ ਨਾ ਦੇਵੇ ਕੋਇ ਵਖਾਈਆ। ਅੱਖਰ ਜਾਣੇ ਨਾ ਕੋਇ ਸੀਨ, ਤ੍ਰੈ ਮੁਖ ਦੇਣ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਈਆ। ਵੇਸ ਧਰਾਏ ਹਰਿ ਕਰਤਾਰਾ, ਭੇਵ ਕੋਇ ਨਾ ਪਾਇੰਦਾ। ਇਕ ਅਮਾਮ ਪੈਗ਼ੰਬਰ ਸਹਾਰਾ, ਰਸੂਲ ਨਬੀ ਆਪ ਪੜ੍ਹਾਇੰਦਾ। ਕਾਤਬ ਕਰਤਾ ਬਣ ਲਿਖਾਰਾ, ਹੱਕ ਹਕ਼ੀਕ਼ਤ ਆਪ ਜਣਾਇੰਦਾ। ਸਚ ਈਮਾਨ ਵਿਚ ਸੰਸਾਰਾ, ਹੁਕਮ ਹਾਕਮ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਬੰਧਨ ਪਾਏ ਹਰਿ ਕਰਤਾਰ, ਜੁਗਾ ਜੁਗੰਤਰ ਖੇਲ ਖਿਲਾਈਆ। ਕਾਲੀ ਅਲਫ਼ੀ ਤਨ ਸ਼ੰਗਾਰ, ਨੀਲ ਬਸਤਰ ਬਨ ਬਨਵਾਰੀ ਰੂਪ ਅਨੂਪ ਧਰਾਈਆ। ਸਚ ਮੁਸੱਲਾ ਪਰਵਰਦਿਗਾਰ, ਧਰਨੀ ਧਰਤ ਧਵਲ ਦਏ ਹੁਲਾਰ, ਖ਼ਾਕੀ ਖ਼ਾਕ ਆਸਣ ਲਾਈਆ। ਕਲਮਾ ਕਲਾਮ ਸਚ ਗੁਫ਼ਤਾਰ, ਡੂੰਘੀ ਕੰਦਰ ਕਰ ਪਿਆਰ, ਦਰ ਦਰਵਾਜ਼ਾ ਬੰਦ ਖੁਲ੍ਹਾਈਆ। ਮੱਕਾ ਕਾਅਬਾ ਖੇਲ ਨਿਆਰ, ਦੋ ਦੋ ਆਬਾ ਮੀਤ ਮੁਰਾਰ, ਦਰ ਦਰਵੇਸ਼ਾ ਨਰ ਨਰੇਸ਼ਾ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲਖ ਅਗੋਚਰ ਅਗੰਮ ਅਥਾਹ, ਕਰੇ ਖੇਲ ਬੇਪਰਵਾਹ, ਦੂਸਰ ਅਵਰ ਨਾ ਕੋਇ ਵਡਿਆਈਆ। ਬੇਪਰਵਾਹ ਇਲਾਹੀ ਅੱਲਾ, ਆਪ ਆਪਣਾ ਖੇਲ ਖਿਲਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਉਚੇ ਟਿੱਲੇ ਸੋਭਾ ਪਾਇੰਦਾ। ਆਪਣੇ ਨੂਰ ਆਪੇ ਰੱਲਾ, ਜੋਤੀ ਜੋਤ ਡਗਮਗਾਇੰਦਾ। ਆਪਣਾ ਸੰਦੇਸ ਆਪੇ ਘੱਲਾ, ਨਰ ਨਰੇਸ਼ ਆਪ ਸੁਣਾਇੰਦਾ। ਆਪਣਾ ਫੜਾਏ ਆਪੇ ਪੱਲਾ, ਪੀਰ ਪੈਗ਼ੰਬਰ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ । ਕਲਜੁਗ ਖੇਲ ਹਰਿ ਕਰਤਾਰਾ, ਇਕ ਇਕੱਲਾ ਆਪ ਕਰਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਬਣਤ ਜਣਾਈਆ। ਏਕਾ ਅਲਫ਼ੀ ਇਕ ਸ਼ੰਗਾਰਾ, ਏਕਾ ਬਸਤਰ ਤਨ ਛੁਹਾਈਆ। ਏਕਾ ਕਾਤਬ ਬਣੇ ਲਿਖਾਰਾ, ਨਾ ਕੋਈ ਲਿਖੇ ਕ਼ਲਮ ਸ਼ਾਹੀਆ। ਉਚੀ ਕੂਕ ਕੂਕ ਕਰਨ ਪੁਕਾਰਾ, ਏਕਾ ਨਾਅਰਾ ਨਾਮ ਲਗਾਈਆ। ਹੁਕਮੀ ਹੁਕਮ ਵਰਤੇ ਵਰਤਾਰਾ, ਅਭੁਲ ਬੇਪਰਵਾਹੀਆ। ਈਸਾ ਮੂਸਾ ਕਰ ਤਿਆਰਾ, ਤਨ ਸ਼ੰਗਾਰਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅਲਿਫ਼ ਦਏ ਵਡਿਆਈਆ। ਏਕਾ ਅਲਫ਼ੀ ਏਕਾ ਅਲਫ਼, ਹਰਿ ਸਾਚਾ ਆਪ ਜਣਾਇੰਦਾ। ਪੀਰ ਪੈਗ਼ੰਬਰ ਚੁੱਕਣ ਹਲਫ਼, ਸੀਸ ਜਗਦੀਸ ਆਪ ਨਿਵਾਇੰਦਾ। ਲੇਖਾ ਜਾਣੇ ਆਪਣੀ ਤਰਫ਼, ਕੂਟ ਦਿਸ਼ਾ ਨਾ ਕੋਇ ਜਣਾਇੰਦਾ। ਵਸਣਹਾਰਾ ਅਰਸ਼ ਫ਼ਰਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਅਰਸ਼ ਫ਼ਰਸ਼ ਖੇਲ ਖ਼ੁਦਾਵੰਦ, ਵੇਖੇ ਖ਼ਲਕ ਬੇਪਰਵਾਹੀਆ। ਆਫ਼ਤਾਬ ਵੇਖੇ ਚੰਦ, ਕਰ ਤਲੂਹ ਕਰੇ ਰੁਸ਼ਨਾਈਆ। ਹੁਕਮੀ ਹੁਕਮ ਧੁਰ ਫ਼ਰਮਾਨਾ ਅਗੰਮੀ ਛੰਦ, ਕਲਮਾ ਕਲਾਮ ਆਪ ਪੜ੍ਹਾਈਆ। ਪੀਰ ਪੈਗ਼ੰਬਰ ਗਾਇਣ ਬੱਤੀ ਦੰਦ, ਰਸਨਾ ਜੇਹਵਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਰਖਾਈਆ। ਹਰਿ ਹਰਿ ਭੇਵ ਅਵੱਲੜਾ, ਆਦਿ ਜੁਗਾਦੀ ਕਾਰ। ਆਪਣਾ ਆਸਣ ਸਚ ਸਿੰਘਾਸਣ ਆਪੇ ਮਲੜਾ, ਸਾਚੇ ਤਖ਼ਤ ਬਹੇ ਸੱਚੀ ਸਰਕਾਰ। ਸਚ ਸੰਦੇਸ ਏਕਾ ਘਲੜਾ, ਪੀਰਨ ਪੀਰ ਕਰ ਖ਼ਬਰਦਾਰ। ਆਪ ਫੜਾਏ ਆਪਣਾ ਪਲੜਾ, ਦਇਆ ਕਮਾਏ ਸਾਂਝਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਣਾਏ ਸੱਚੀ ਗੁਫ਼ਤਾਰ। ਸਚ ਗੁਫ਼ਤਾਰ ਸੁਣਾਏ ਸ਼ੁਨੀਦ, ਦੀਦ ਈਦ ਚੰਦ ਚੜ੍ਹਾਈਆ। ਹੱਕ ਪਿਆਰ ਮੇਰੀ ਬਕਰੀਦ, ਬਈਦ ਸਈਦ ਕਰੇ ਜਣਾਈਆ । ਈਸਾ ਮੂਸਾ ਕਰ ਤਾਈਦ, ਤਸਬੀ ਕਲਮੇ ਨਾਲ ਰਲਾਈਆ। ਸ਼ਰਅ ਸ਼ਰੀਅਤ ਹੱਕ ਰਸੀਦ, ਰਾਸਤਾ ਬਰਾਸਤਾ ਰੂਪ ਵਟਾਈਆ। ਮੇਰਾ ਕਲਮਾ ਕਰੇ ਸ਼ਹੀਦ, ਤੀਰ ਤਲਵਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਈਆ। ਧੁਰ ਫ਼ਰਮਾਨ ਸਚ ਸੰਦੇਸਾ ਸ਼ਾਹ ਪਾਤਸ਼ਾਹ ਆਪ ਸੁਣਾਇੰਦਾ। ਈਸਾ ਮੂਸਾ ਕਾਲਾ ਵੇਸਾ, ਵੇਸ ਅਨੇਕ ਰਖਾਇੰਦਾ। ਸੰਗ ਮੁਹੰਮਦ ਚੁੱਕੇ ਲੇਖਾ, ਚੌਦਾਂ ਤਬਕ ਫੋਲ ਫੋਲਾਇੰਦਾ। ਚੌਦਸ ਚੌਦਾਂ ਰੱਖਿਆ ਸਾਇਆ ਹੇਠਾਂ, ਸੀਸ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪਣੇ ਹੱਥ ਰਖਾਇੰਦਾ। ਸਾਚਾ ਵੇਲਾ ਸ੍ਰੀ ਭਗਵਾਨ, ਆਪਣੇ ਹੱਥ ਰਖਾਈਆ। ਈਸਾ ਮੂਸਾ ਦੇਵੇ ਧੁਰ ਫ਼ਰਮਾਨ, ਪੰਜ ਤੱਤ ਕਰੇ ਜਣਾਈਆ। ਅੰਤਰ ਕੱਢੇ ਪੰਜ ਸ਼ੈਤਾਨ, ਪੰਜ ਵਕ਼ਤ ਇਕ ਈਮਾਨ, ਪੰਜ ਵਕ਼ਤ ਕਰੇ ਪੜ੍ਹਾਈਆ। ਏਕਾ ਰਾਗ ਸੁਣਾਏ ਕਾਨ, ਰਾਗ ਧੁੰਨ ਇਕ ਵਜਾਈਆ। ਮੇਰੀ ਸਿਫ਼ਤ ਤੇਰੀ ਕ਼ੁਰਾਨ, ਤੇਰਾ ਇਸ਼ਕ ਮੇਰੀ ਵਡਿਆਈਆ। ਤੂੰ ਮਾਸ਼ੂਕ ਬਣ ਨਾਦਾਨ, ਨੇਤਰ ਨੈਣ ਰਾਹ ਤਕਾਈਆ। ਮੈਂ ਵੇਖਾਂ ਕਰਾਂ ਤੇਰੀ ਪਛਾਣ, ਭੁਲ ਕਦੇ ਨਾ ਜਾਈਆ। ਮੇਰਾ ਵਾਸਾ ਵਿਚ ਜਹਾਨ, ਚੌਦਾਂ ਲੋਕ ਮੇਰੇ ਚਰਨ ਸੇਵ ਕਮਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਅਵਤਾਰ, ਪੀਰ ਪੈਗ਼ੰਬਰ ਮੇਰਾ ਨਾਉਂ ਸਦਾ ਸਦ ਗਾਣ, ਏਕਾ ਅਲਿਫ਼ ਕਰਾਂ ਪੜ੍ਹਾਈਆ। ਮੇਰਾ ਕਾਅਬਾ ਸਚ ਨਿਸ਼ਾਨ, ਮੈਂ ਵਸਾਂ ਇਕ ਅਮਾਮ ਦੂਸਰ ਅਵਰ ਨਾ ਕੋਇ ਰਖਾਈਆ। ਮੇਰਾ ਹੁਕਮ ਤੇਰਾ ਪੈਗ਼ਾਮ, ਕਲਜੁਗ ਗਾਵੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਜੀਲ ਕ਼ੁਰਾਨ ਦਏ ਵਡਿਆਈਆ। ਅੰਜੀਲ ਆਜ਼ਮ ਨੂਰ ਦਰਸਾਇਆ, ਏਕਾ ਹੁਕਮ ਜਣਾਇੰਦਾ। ਮੁਰਸ਼ਦ ਮੁਰੀਦ ਫੜ ਉਠਾਇਆ, ਠੋਕਰ ਕਲਮਾ ਨਾਮ ਲਗਾਇੰਦਾ। ਜਲਵਾ ਜਲਾਲ ਨੂਰ ਬੇਮਿਸਾਲ ਆਪ ਵਖਾਇਆ, ਪਰਦਾ ਆਪਣਾ ਆਪ ਚੁਕਾਇੰਦਾ। ਸਯਦਾ ਸੀਸ ਜਗਦੀਸ ਝੁਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਦਰ ਆਪ ਖੁਲ੍ਹਾਇਆ। ਦਰ ਦਰਵਾਜ਼ਾ ਖੋਲ੍ਹਿਆ, ਖੋਲ੍ਹੇ ਬੰਦ ਕਿਵਾੜ। ਮੁਰਸ਼ਦ ਮੁਰੀਦਾਂ ਅੰਦਰ ਬੋਲਿਆ, ਕਿਰਪਾ ਕਰ ਅਪਰ ਅਪਾਰ। ਪੰਜ ਤੱਤ ਕਾਇਆ ਚੋਲਾ ਆਪੇ ਫੋਲਿਆ, ਦੂਈ ਦਵੈਤੀ ਪਰਦਾ ਪਾੜ। ਡੂੰਘੀ ਕੰਦਰ ਗਾਏ ਢੋਲਿਆ, ਬੇਐਬ ਪਰਵਰਦਿਗਾਰ। ਮੈਂ ਹਰ ਘਟ ਅੰਦਰ ਮੌਲਿਆ, ਮੌਲਾ ਰੂਪ ਮੇਰਾ ਸੰਸਾਰ। ਮੈਂ ਆਪਣੇ ਕੰਡੇ ਆਪਾ ਤੋਲਿਆ, ਇਕ ਇਕੱਲਾ ਤੋਲਾ ਬਣਿਆ ਤੋਲਣਹਾਰ। ਲੋਕਮਾਤ ਦਸਾਵਾਂ ਇਕ ਵਿਚੋਲਿਆ, ਕਾਇਆ ਚੋਲਾ ਕਰ ਤਿਆਰ। ਆਪਣਾ ਰੱਖਾਂ ਪਰਦਾ ਉਹਲਿਆ, ਨੇਤਰ ਨੈਣ ਨਾ ਪਾਵੇ ਕੋਇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਏ ਆਪਣੀ ਕਾਰ। ਸਾਚੀ ਕਾਰ, ਈਸਾ ਮੂਸਾ ਈਸ਼ਰ ਹਰਿ ਜਣਾਈਆ। ਜਗਦੀਸ਼ਰ ਕਰੇ ਸਚ ਵਿਹਾਰ, ਤਪੀਸ਼ਵਰ ਕੋਇ ਰਹਿਣ ਨਾ ਪਾਈਆ। ਦਰ ਦਰਵੇਸ਼ ਬਣੇ ਭਿਖਾਰ, ਦਰਦੀਆਂ ਦਰਦ ਆਪ ਵੰਡਾਈਆ। ਚੌਦਾਂ ਲੋਕਾਂ ਚਰਨਾਂ ਹੇਠ ਲਤਾੜ, ਚੌਦਾਂ ਤਬਕਾਂ ਠੋਕਰ ਦਏ ਲਗਾਈਆ। ਚਾਰੋਂ ਕੁੰਟ ਵੇਖੇ ਜੰਗਲ ਜੂਹ ਉਜਾੜ ਪਹਾੜ, ਪਰਬਤ ਟਿੱਲੇ ਫੋਲ ਫੋਲਾਈਆ। ਕਵਣ ਕਾਅਬੇ ਬੈਠਾ ਰਾਹ ਤਕੇ ਪਰਵਰਦਿਗਾਰ, ਨੇਤਰ ਨੈਣ ਨੈਣ ਉਠਾਈਆ। ਕਵਣ ਡੂੰਘੀ ਕੰਦਰ ਲੁਕਿਆ ਵਿਚ ਅੰਧਿਆਰ, ਚੌਧਵੀ ਚੰਦ ਨਾ ਕੋਇ ਚੜ੍ਹਾਈਆ। ਕਵਣ ਅਲਿਫ਼ ਕਰੇ ਦਰਕਾਰ, ਕਵਣ ਹਲਫ਼ੀਆ ਹਲਫ਼ ਉਠਾਈਆ। ਭੁਲ ਨਾ ਜਾਣਾ ਵਿਚ ਸੰਸਾਰ, ਸਾਹਿਬ ਸੁਲਤਾਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਰਿਹਾ ਲਗਾਈਆ। ਸੁਣ ਫ਼ਰਮਾਨ ਸੀਸ ਝੁਕਾਇਆ, ਨੇਤਰ ਨੈਣ ਸ਼ਰਮਾ। ਤੂੰ ਸਾਹਿਬ ਮੇਰਾ ਖ਼ੁਦਾਇਆ, ਹਉਂ ਮੰਗਾਂ ਤੇਰੀ ਪਨਾਹ। ਤੇਰਾ ਸਯਦਾ ਇਕ ਰਖਾਇਆ, ਦੋਏ ਦੋਏ ਜੋੜ ਕਰਾਂ ਸਰਨਾ। ਤੂੰ ਪਰਦਾ ਮੇਰਾ ਉਠਾਇਆ, ਜਲਵਾ ਆਪਣਾ ਨੂਰ ਧਰਾ। ਮੈਂ ਅਗਨੀ ਸੜਦਾ ਠੰਡਾ ਠਾਰ ਕਰਾਇਆ, ਆਬ ਹਯਾਤ ਪਿਆ। ਮੇਰਾ ਕਾਇਆ ਮਕਬਰਾ ਜੰਨਤ ਰੂਪ ਵਟਾਇਆ, ਦਰਸ ਤੇਰਾ ਨੂਰੀ ਏਕਾ ਪਾ। ਮੈਂ ਗਲ ਵਿਚ ਪੱਲੂ ਪਾਇਆ, ਮੇਰੇ ਬਖ਼ਸ਼ੀਂ ਸਰਬ ਗੁਨਾਹ। ਆਦਿ ਜੁਗਾਦਿ ਬਖ਼ਸ਼ੰਦੜ ਤੇਰਾ ਨਾਉਂ ਸੁਣਾਇਆ, ਤੂੰ ਸਭ ਦਾ ਸਾਂਝਾ ਪੀਰ ਖ਼ੁਦਾ। ਤੇਰੀ ਖ਼ਲਕ ਤੇਰਾ ਨਾਉਂ ਵਡਿਆਇਆ, ਮੈਂ ਬਣ ਬਣ ਰਹਿਬਰ ਤੇਰਾ ਢੋਲਾ ਦਿਆਂ ਸੁਣਾ। ਤੂੰ ਰਹਿਮਤ ਕਰ ਮੇਰੇ ਤੇ ਸਾਈਆ, ਤੇਰੀ ਰਹਿਮਤ ਮੇਰੀ ਪਕੜੇ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਦੇਣੀ ਠੰਡੀ ਛਾਂ। ਮੰਗੇ ਮੰਗ ਬਣ ਪੈਗ਼ੰਬਰ, ਸੀਸ ਸੀਸ ਝੁਕਾਈਆ। ਪੰਜ ਤੱਤ ਰਚਿਆ ਮੇਰਾ ਸਵੰਬਰ, ਮੇਰੀ ਆਸਾ ਤੇਰੀ ਦਾਸੀ ਦਾਸਾ ਬਣ ਬਣ ਸੇਵਕ ਸੇਵ ਕਮਾਈਆ। ਤੇਰੇ ਹੁਕਮੇ ਅੰਦਰ ਵੇਖਾਂ ਤੇਰਾ ਅਡੰਬਰ, ਵਡ ਸਾਹਿਬ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਗੁਣ ਸਮਝਾਈਆ। ਏਕਾ ਗੁਣ ਹਰਿ ਸਮਝੌਣਾ, ਈਸਾ ਮੂਸਾ ਮੰਗ ਮੰਗਾਇੰਦਾ। ਕਵਣ ਵੇਲਾ ਅੰਤਮ ਔਣਾ, ਦਰ ਦਰਵੇਸ਼ ਮੇਲ ਮਿਲਾਇੰਦਾ। ਕਵਣ ਕੂਟੇ ਆਸਣ ਲੌਣਾ, ਕਵਣ ਹੁਜਰਾ ਸੋਭਾ ਪਾਇੰਦਾ। ਕਵਣ ਨਗਾਰਾ ਚੋਟ ਲਗੌਣਾ, ਕਵਣ ਵੇਲਾ ਵਕ਼ਤ ਵਖਾਇੰਦਾ। ਕਵਣ ਕਲਮਾ ਨਬੀ ਰਸੂਲਾਂ ਗੌਣਾ, ਤੇਰਾ ਨਾਉਂ ਸਰਬ ਸਾਲਾਹਿੰਦਾ। ਕਵਣ ਵੇਲਾ ਵਿਛੜਿਆਂ ਮੇਲ ਮਿਲੌਣਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਕਵਣ ਵੇਲਾ ਘਰ ਮਾਹੀ ਸਾਚਾ ਪੌਣਾ, ਮਿਲਿਆ ਮੇਲ ਨਾ ਕੋਇ ਤੁੜਾਇੰਦਾ । ਏਕਾ ਅੱਖਰ ਨਿਸ਼ ਆਪਣਾ ਆਪ ਸਮਝੌਣਾ, ਹਉਂ ਅਧੀਨ ਪਰਬੀਨ ਮੰਗ ਮੰਗਾਇੰਦਾ। ਕਵਣ ਮਕਤਬ ਆਪਣਾ ਸਬਕ ਪੜ੍ਹੌਣਾ, ਕਾਗਦ ਕ਼ਲਮ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਮੰਗੇ ਮੰਗ ਬਣ ਪਾਖ਼ਾਕ, ਖ਼ਾਕੀ ਖ਼ਾਕ ਮਾਣ ਗਵਾਇੰਦਾ । ਮੇਰੀ ਤ੍ਰਿਸਨਾ ਤੇਰਾ ਨਾਤ, ਤੇਰਾ ਨਾਤਾ ਮੇਰੀ ਜ਼ਾਤ, ਦੂਸਰ ਰੂਪ ਨਾ ਕੋਇ ਵਖਾਇੰਦਾ। ਤੁਧ ਬਿਨ ਅਵਰ ਨਾ ਦਿਸੇ ਕੋਇ ਵਿਚ ਕਾਇਨਾਤ, ਚਾਰੋਂ ਕੁੰਟ ਵੇਖ ਵਖਾਇੰਦਾ । ਮੇਰੀ ਉਮਤ ਤੇਰੀ ਦਾਤ, ਤੇਰੀ ਦਾਤ ਮੋਹੇ ਵਰਤਾਇੰਦਾ। ਕਵਣ ਵੇਲਾ ਦਏ ਨਿਜਾਤ, ਜਗਤ ਬੰਧਨ ਤੋੜ ਤੁੜਾਇੰਦਾ। ਚੌਦਾਂ ਤਬਕ ਰਖਾਇਆ ਹਾਟ, ਬਣ ਵਣਜਾਰਾ ਸੇਵ ਕਮਾਇੰਦਾ। ਚੌਦਾਂ ਸਦੀਆਂ ਖੱਟੀ ਖਾਟ, ਨਵ ਨੌਂ ਫੇਰਾ ਪਾਇੰਦਾ। ਚੌਧਵੀਂ ਚੰਦ ਨਾ ਦਿਸੇ ਅੰਧੇਰੀ ਰਾਤ, ਅੰਧ ਅੰਧੇਰ ਨਾ ਕੋਇ ਮਿਟਾਇੰਦਾ। ਕਰ ਕਿਰਪਾ ਕਰਨਾ ਪਾਕੀ ਪਾਕ, ਤੂੰ ਪਤਿਤ ਪੁਨੀਤ ਆਪ ਤਰਾਇੰਦਾ। ਹਉਂ ਮੰਗਾਂ ਤੇਰੀ ਖਾਟ, ਤੇਰਾ ਵਿਛੋੜਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲਾ ਅੰਤਮ ਦਿਸ ਕਿਸੇ ਨਾ ਆਇੰਦਾ। ਪਾਰਬ੍ਰਹਮ ਪ੍ਰਭ ਦਇਆ ਕਮਾ, ਧੀਰਜ ਧੀਰ ਦਏ ਸਲਾਹੀਆ। ਆਦਿ ਜੁਗਾਦੀ ਬੇਪਰਵਾਹ, ਜੁਗ ਜੁਗ ਆਪਣਾ ਵੇਸ ਧਰਾਈਆ। ਕਲਜੁਗ ਅੰਤਮ ਬਣੇ ਮਲਾਹ, ਨੂਰ ਜ਼ਹੂਰ ਕਰ ਰੁਸ਼ਨਾਈਆ। ਕਾਗ਼ਜ਼ ਕ਼ਲਮ ਨਾ ਰੱਖੇ ਕੋਈ ਸ਼ਾਹ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਆਪਣਾ ਮਾਰਗ ਆਪੇ ਲਏ ਚਲਾ, ਦੋ ਜਹਾਨਾਂ ਫੇਰਾ ਪਾਈਆ। ਪੀਰ ਪੈਗ਼ੰਬਰ ਗੁਰ ਅਵਤਾਰਾਂ ਸਾਧਾਂ ਸੰਤਾਂ ਭਗਤਾਂ ਦੇਵੇ ਇਕ ਸਲਾਹ, ਸਲਾਹਗੀਰ ਆਪ ਹੋ ਜਾਈਆ। ਸਭ ਦਾ ਪਰਦਾ ਦਏ ਉਠਾ, ਮੁਖ ਨਕ਼ਾਬ ਨਾ ਕੋਇ ਰਖਾਈਆ। ਅਮਾਮ ਅਮਾਮਾਂ ਪਰਗਟ ਹੋਏ ਆਪ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਏਕਾ ਥਿਤ ਵਾਰ ਦਏ ਜਣਾ, ਭੁਲ ਰਹੇ ਨਾ ਰਾਈਆ। ਕਲਜੁਗ ਅੰਤਮ ਆਵੇ ਹਰਿ ਸੱਚਾ ਸ਼ਹਿਨਸ਼ਾਹ, ਨਿਹਕਲੰਕਾ ਨਾਉਂ ਰਖਾਈਆ। ਬੀਸ ਲੇਖਾ ਦਏ ਸਮਝਾ, ਇਕ ਅੱਠ ਦਏ ਵਡਿਆਈਆ। ਦੋਆ ਦੋ ਜਹਾਨਾਂ ਬਣੇ ਗਵਾਹ, ਸਿਫ਼ਰਾ ਮੂਲ ਨਾ ਕੋਇ ਰਖਾਈਆ। ਏਕਾ ਆਪਣਾ ਨੂਰ ਧਰਾ, ਅਠ ਤੱਤ ਕਰੇ ਕੁੜਮਾਈਆ। ਇਕ ਇਕੱਲਾ ਹਰਿ ਖ਼ੁਦਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੱਤ ਤਬਕ ਚਰਨਾਂ ਹੇਠ ਦਬਾ, ਸੱਤਾਂ ਬਖ਼ਸ਼ੇ ਚਰਨ ਧੂੜ ਮਸਤਕ ਸੱਚੀ ਸ਼ਾਹੀਆ। ਏਕਾ ਸਾਤਾ ਮੇਲ ਮਿਲਾ, ਦਸ ਸੱਤ ਦਏ ਵਡਿਆਈਆ। ਪੰਜਾਂ ਤੱਤਾਂ ਮੂਲ ਚੁਕਾ, ਊੜਾ ਐੜਾ ਈੜੀ ਸੱਸਾ ਹਾਹਾ ਪੰਚਮ ਰੰਗ ਆਪ ਰੰਗਾਈਆ। ਹਾਹੇ ਅੱਗੇ ਕੰਨਾ ਲਾ, ਸਰਗੁਣ ਰੂਪ ਵਖਾਈਆ। ਸਭ ਦੀ ੜਾੜ ਦਏ ਮਿਟਾ, ਜਿਉਂ ਪੈਂਤੀਸ ਅੱਗੇ ੜਾੜਾ ਆਪਣਾ ਅੰਕ ਨਾ ਕੋਇ ਜਣਾਈਆ। ਈਸਾ ਮੂਸਾ ਅੰਤਮ ਲਹਿਣਾ ਦਏ ਮੁਕਾ, ਕ਼ਾਦਰ ਕਰੀਮ ਭੁਲ ਕਦੇ ਨਾ ਜਾਈਆ। ਵੇਲੇ ਅੰਤ ਚਰਨ ਦਵਾਰ ਲਏ ਬੁਲਾ, ਸਚ ਸੰਦੇਸ ਸੁਣਾਈਆ। ਧੁਰ ਫ਼ਰਮਾਨਾ ਜੋ ਦਿਤਾ ਸੁਣਾ ਤੇਰੀ ਸੇਵ ਲਗਾਈਆ। ਅੰਤਮ ਘਰ ਘਰ ਵੇਖੇ ਜਾ, ਕਵਣ ਕਰੇ ਤੇਰੀ ਪੜ੍ਹਾਈਆ। ਤੇਰੀ ਰਾਣੀ ਤੇਰੇ ਨਾਲ ਕਰੇ ਕਵਣ ਨਿਕਾਹ, ਕਵਣ ਬੈਠੀ ਮੁਖ ਭਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਲੋਕਮਾਤ ਬੀਸ ਅਠਾਰਾਂ ਹਾੜ ਸਤਾਰਾਂ ਸਚ ਅਦਾਲਤ, ਲਏ ਲਗਾ, ਨਾ ਮੰਗੇ ਕੋਈ ਗਵਾਹੀਆ। ਆਪਣੇ ਗਲ ਵਿਚ ਅਲਫ਼ੀ ਪਾ, ਸਭ ਦੀ ਅਲਫ਼ੀ ਦਏ ਉਠਾਈਆ। ਦੋ ਹਰਫ਼ੀ ਗੱਲ ਦਏ ਮੁਕਾ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਫ਼ਾਰਸ਼ੀ ਅਰਬੀ ਜੋ ਲੇਖਾ ਦਿਤਾ ਲਗਾ, ਅਰਸ਼ੀ ਆਪਣੀ ਰਹਿਮਤ ਆਪ ਕਮਾਈਆ। ਆਪਣੀ ਬਰਦੀ ਆਪਣੇ ਚਰਨਾਂ ਵਿਚ ਲਏ ਬਹਾ, ਅੰਤਮ ਮੇਟੇ ਝੂਠੀ ਸ਼ਾਹੀਆ। ਚਾਰ ਕੁੰਟ ਆਪਣਾ ਨਾਅਰਾ ਦਏ ਸੁਣਾ, ਗੁਰ ਅਵਤਾਰਾਂ ਆਦਿ ਜੁਗਾਦਿ ਜੋ ਰਿਹਾ ਸੁਣਾਈਆ। ਸੋਹੰ ਰੂਪ ਬੇਪਰਵਾਹ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਹੰ ਰੂਪ ਮਖ਼ਲੂਕ ਵੇਖੇ ਆਪੇ ਖ਼ੁਦਾ, ਖ਼ਾਲਕ ਖ਼ਲਕ ਏਕਾ ਰੰਗ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਵੀ ਭਰਮ ਦਏ ਵਖਾਈਆ। ਹਰਿ ਲਗਾਏ ਸਚ ਅਦਾਲਤ, ਅਦਲੀ ਅਦਲ ਕਮਾਈਆ। ਅਬਿਨਾਸ਼ੀ ਠਾਕਰ ਕਰੇ ਵਕਾਲਤ, ਵਕੀਲ ਦਲੀਲ ਨਾ ਕੋਇ ਰਖਾਈਆ। ਪਾਰਬ੍ਰਹਮ ਪ੍ਰਭ ਬਣੇ ਸਾਲਸ, ਦੋ ਜਹਾਨਾਂ ਸੱਚਾ ਸ਼ਹਿਨਸ਼ਾਹੀਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਨਾ ਆਇਆ ਵਿਚ ਆਲਸ, ਸਭ ਦਾ ਲੇਖਾ ਆਪਣੀ ਝੋਲੀ ਰਿਹਾ ਵਖਾਈਆ। ਜੁਗਾ ਜੁਗਾਂ ਦੀ ਵੇਖੇ ਨਾਲਸ਼, ਅਭੁਲ ਭੁਲ ਕਦੇ ਨਾ ਜਾਈਆ। ਕਲਜੁਗ ਅੰਤਮ ਗੋਬਿੰਦ ਲੇਖਾ ਗੋਬਿੰਦ ਵੇਖੇ ਖ਼ਾਲਸ, ਖ਼ਾਲਸ ਆਪਣਾ ਰੂਪ ਪਰਗਟਾਈਆ । ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਦੁਰਮਤ ਮੈਲ ਵੇਖੇ ਕਾਲਖ, ਜਗਤ ਟਿੱਕਾ ਨਾ ਸਕੇ ਕੋਇ ਧਵਾਈਆ। ਵਿਸ਼ਨ ਬ੍ਰਹਮਾ ਸ਼ਿਵ ਇੰਦਰ ਇੰਦਰਾਸਣ ਛੱਡ ਸਿੰਘਾਸਣ ਨੇਤਰ ਨੈਣ ਛਹਿਬਰ ਕਰਨ ਬਾਰਸ਼, ਕਰੋੜ ਛਿਆਨਵਾਂ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਜੁਗ ਚਾਰ ਵੇਦ ਚਾਰ ਵਰਨ ਚਾਰ ਖਾਣੀ ਚਾਰ ਬਾਣੀ ਕਿਸੀ ਦੀ ਮੰਨੇ ਨਾ ਕੋਈ ਸਫ਼ਾਰਸ਼, ਜੁਗ ਜੁਗ ਲੇਖਾ ਸਭ ਦਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਏਕਾ ਧੁੰਨ ਨਾਦ ਵਜਾਈਆ। ਚਾਰ ਜੁਗ ਦਾ ਸਤਿ ਦਰਬਾਰਾ, ਸੋ ਪੁਰਖ ਨਿਰੰਜਣ ਆਪ ਲਗਾਈਆ। ਚਾਰ ਜੁਗ ਦਾ ਵੇਖ ਵਰਤਾਰਾ, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਚਾਰ ਜੁਗ ਦਾ ਕਰ ਪਸਾਰਾ, ਏਕੰਕਾਰਾ ਵੇਸ ਵਟਾਈਆ। ਚਾਰ ਜੁਗ ਦਾ ਵੇਖ ਅਖਾੜਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਚਾਰ ਜੁਗ ਦੀ ਹਾਹਾਕਾਰਾ, ਸ੍ਰੀ ਭਗਵਾਨ ਕਰੇ ਸ਼ਨਵਾਈਆ। ਚਾਰ ਜੁਗ ਦਾ ਮੇਟੇ ਵਿਭਚਾਰਾ, ਅਬਿਨਾਸ਼ੀ ਕਰਤਾ ਹੋਏ ਸਹਾਈਆ। ਚਾਰ ਜੁਗ ਦਾ ਲੇਖਾ ਜਾਣੇ ਗੁਰ ਅਵਤਾਰਾ, ਪਾਰਬ੍ਰਹਮ ਬੇਪਰਵਾਹੀਆ। ਨਿਰਗੁਣ ਸਰਗੁਣ ਕਰੇ ਖੇਲ ਆਪ ਅਪਾਰਾ, ਲੋਕਮਾਤ ਵੱਜੀ ਵਧਾਈਆ। ਬੀਸ ਬਿਕ੍ਰਮੀ ਸੰਨ ਅਠਾਰਾਂ ਹਾੜ ਸਤਾਰਾਂ ਕਰੇ ਵਿਹਾਰਾ, ਬਿਉਹਾਰੀ ਆਪਣਾ ਵਿਵਹਾਰ ਵਖਾਈਆ। ਸੱਚਾ ਹੁਕਮ ਸੱਚਾ ਵਰਤਾਰਾ, ਸੱਚਾ ਸ਼ਹਿਨਸ਼ਾਹ ਸਾਚੀ ਖੇਲ ਆਪ ਕਰਾਈਆ। ਚਾਰ ਜੁਗ ਬੇਅੰਤ ਬੇਅੰਤ ਬੇਅੰਤ ਜਿਸ ਨੂੰ ਕਹਿ ਕਹਿ ਗਏ ਪੁਕਾਰਾ, ਸੋ ਆਪਣਾ ਭੇਵ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।