੩ ਸਾਵਣ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਦੇ ਗ੍ਰਹਿ ਰਾਮ ਦੀਵਾਲੀ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਠਾਂਡਾ ਦਰਬਾਰਾ, ਹਰਿ ਪੁਰਖ ਨਿਰੰਜਣ ਆਪ ਉਪਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਨਿਰਾਕਾਰਾ, ਜੋਤੀ ਜੋਤ ਡਗਮਗਾਇੰਦਾ । ਅਬਿਨਾਸ਼ੀ ਕਰਤਾ ਅਗੰਮ ਅਪਾਰਾ, ਅਲਖ ਅਲਖਣਾ ਸ੍ਰੀ ਭਗਵਾਨ ਸਚ ਨਿਸ਼ਾਨ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਅਜੂਨੀ ਰਹਿਤ ਕਰ ਪਸਾਰਾ, ਪੁਰਖ ਅਕਾਲ ਆਪਣਾ ਰੂਪ ਆਪ ਧਰਾਇੰਦਾ। ਸਚਖੰਡ ਖੋਲ੍ਹ ਸਚ ਕਿਵਾੜਾ, ਤਖ਼ਤ ਨਿਵਾਸੀ ਵਸੇ ਸਾਚਾ ਲਾੜਾ, ਪਰਮ ਪੁਰਖ ਸੋਭਾ ਪਾਇੰਦਾ। ਥਿਰ ਘਰ ਜਾਣੇ ਆਪਣੀ ਧਾਰਾ, ਕਰੇ ਖੇਲ ਆਪ ਕਰਤਾਰਾ, ਕਰਤਾ ਪੁਰਖ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਸਚਖੰਡ ਦਵਾਰਾ ਸਾਚਾ ਮੰਦਰ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਵਸੇ ਅੰਦਰ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਸਰਬ ਗੁਣ ਅੰਤਰ, ਆਦਿ ਨਿਰੰਜਣ ਆਪ ਉਪਾਏ ਆਪਣੀ ਬਸੰਤਰ, ਜੋਤ ਅਗਨ ਅਗਨ ਰੁਸ਼ਨਾਈਆ। ਸ੍ਰੀ ਭਗਵਾਨ ਬਣਾਏ ਬਣਤਰ, ਅਬਿਨਾਸ਼ੀ ਕਰਤਾ ਸੇਵ ਕਮਾਈਆ। ਪਾਰਬ੍ਰਹਮ ਬੇਅੰਤ ਬੇਅੰਤ ਸਾਚੇ ਧਾਮ ਸੋਭਾਵੰਤ, ਅਗੰਮ ਅਥਾਹ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪੇ ਵੜ, ਸਚ ਦਵਾਰਾ ਦਏ ਵਡਿਆਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਨਾਰੀ ਕੰਤ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਏਕੰਕਾਰਾ ਆਦਿ ਅੰਤ, ਆਦਿ ਜੁਗਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚਾ ਆਪ ਸੁਹਾਇੰਦਾ। ਸਚਖੰਡ ਦਵਾਰ ਸੁਹੰਜਣਾ, ਸੋਭਾਵੰਤ ਕਰੇ ਨਿਰੰਕਾਰ। ਜੋਤ ਜਗਾਏ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਇ ਪਸਾਰ। ਕਰੇ ਖੇਲ ਦਰਦ ਦੁੱਖ ਭੈ ਭੰਜਨਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪਣਾ ਕਰੇ ਆਪ ਵਿਚਾਰ। ਸਚ ਵਿਚਾਰਾ ਹਰਿ ਨਿਰੰਕਾਰਾ, ਨਿਰਗੁਣ ਆਪਣਾ ਆਪ ਕਰਾਈਆ। ਆਪਣੀ ਇਛਿਆ ਭਰ ਭੰਡਾਰਾ, ਦਰ ਸਾਚੇ ਆਪ ਵਰਤਾਈਆ। ਸਾਚਾ ਸੁਤ ਆਪ ਉਭਾਰਾ, ਸ਼ਬਦੀ ਸ਼ਬਦ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਬੰਧਨ ਪਾਈਆ। ਪੰਜ ਤੱਤ ਬੋਲ ਜੈਕਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਸਰਗੁਣ ਲਾਏ ਇਕ ਅਖਾੜਾ, ਤਾਲ ਤਲਵਾੜਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਈਆ। ਰੂਪ ਅਨੂਪ ਸ਼ਾਹੋ ਭੂਪਾ, ਭੂਪਤ ਆਪਣੀ ਖੇਲ ਖਿਲਾਇੰਦਾ। ਵਸਣਹਾਰਾ ਚਾਰੋ ਕੂਟਾਂ, ਦਹਿ ਦਿਸ਼ਾ ਆਪਣਾ ਆਸਣ ਲਾਇੰਦਾ। ਖੇਲ ਕਰਾਏ ਸਦਾ ਅਨ ਰੰਗ ਰੂਪਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਚੜ੍ਹ, ਸਾਚਾ ਘਾੜਨ ਆਪ ਘੜਾਇੰਦਾ। ਘਾੜਤ ਘੜੇ ਪੁਰਖ ਬਿਧਾਤਾ, ਆਪਣੀ ਬਣਤ ਹਰਿ ਆਪ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬੱਧਾ ਨਾਤਾ, ਸਾਚਾ ਜੋੜਾ ਜੋੜ ਜੁੜਾਈਆ। ਆਪੇ ਬਣੇ ਪਿਤਾ ਮਾਤਾ, ਦਾਈ ਦਾਇਆ ਸੇਵ ਕਮਾਈਆ। ਆਪ ਸੁਣਾਏ ਆਪਣੀ ਗਾਥਾ, ਅਗੰਮ ਅਗੰਮੜੀ ਕਰੇ ਪੜ੍ਹਾਈਆ। ਸਰਬ ਕਲ ਹਰਿ ਸਮਰਾਥਾ, ਸਮਰਥ ਪੁਰਖ ਬੇਪਰਵਾਹੀਆ। ਏਕਾ ਦੇਵੇ ਅਮੋਲਕ ਦਾਤਾ, ਦਾਨੀ ਆਪਣਾ ਨਾਮ ਵਰਤਾਈਆ। ਬੈਠਾ ਰਹੇ ਇਕ ਇਕਾਂਤਾ, ਆਦਿ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਗੁਣ ਸਰਗੁਣ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਥਿਰ ਘਰ ਸਾਚਾ ਵਡ ਵਡਿਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਸ਼ਬਦੀ ਡੋਰ ਹੱਥ ਰਖਾਇੰਦਾ। ਏਕਾ ਦੋਆ ਮੇਟਾ ਸੱਲਾ, ਏਕਾ ਘਰ ਵਖਾਇੰਦਾ। ਜੋਤੀ ਨੂਰ ਆਪੇ ਰੱਲਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛਲ ਅਛੇਦਾ ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਚੁੱਕ, ਆਪਣਾ ਭੇਵ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਉਜਲ ਕਰੇ ਮੁਖ, ਦੇ ਮਤ ਗਿਆਨ ਦ੍ਰਿੜਾਈਆ। ਆਸਾ ਤ੍ਰਿਸਨਾ ਮੇਟੇ ਭੁੱਖ, ਏਕਾ ਦਰਸੀ ਦਰਸ ਵਖਾਈਆ। ਹਰਿ ਕਾ ਬੂਟਾ ਨਾ ਜਾਏ ਸੁੱਕ, ਅੰਮ੍ਰਿਤ ਸਿੰਚ ਹਰਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੁਲ ਫੁਲਵਾੜੀ ਆਪ ਮਹਿਕਾਈਆ। ਫੁਲ ਫੁਲਵਾੜੀ ਲਾਇਆ ਬਾਗ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਜੋਤੀ ਦੀਪਕ ਜਗੇ ਚਿਰਾਗ਼, ਅੰਧ ਅੰਧੇਰ ਨਾ ਕੋਇ ਵਖਾਇੰਦਾ। ਸਚਖੰਡ ਨਿਵਾਸੀ ਗਿਆ ਜਾਗ, ਥਿਰ ਘਰ ਆਪਣਾ ਚਰਨ ਟਿਕਾਇੰਦਾ। ਸ਼ਬਦੀ ਸੁਤ ਦੇਵੇ ਇਕ ਵੈਰਾਗ, ਵੈਰਾਗੀ ਆਪਣਾ ਵੈਰਾਗ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਕੜੇ ਵਾਗ, ਡੋਰੀ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਬਣਾਏ ਸਾਕ, ਸੱਜਣ ਆਪਣਾ ਮੇਲ ਮਿਲਾਇੰਦਾ। ਤ੍ਰੈਗੁਣ ਮੇਲ ਮਿਲਾਏ ਪ੍ਰਭ ਆਪ, ਪੰਜ ਤੱਤ ਸਾਚਾ ਖੇਲ ਖਿਲਾਇੰਦਾ। ਰੂਪ ਧਰਾਏ ਨਟੂਆ ਨਾਟ, ਨਾਟਕ ਆਪਣਾ ਵੇਖ ਵਖਾਇੰਦਾ। ਆਪੇ ਜਾਣੇ ਆਪਣਾ ਘਾਟ, ਸਚ ਦਵਾਰੇ ਸੋਭਾ ਪਾਇੰਦਾ। ਇਕ ਸੁਣਾਈ ਸਾਚੀ ਗਾਥ, ਵਿਸ਼ਨੂੰ ਵਿਸ਼ਵ ਆਪ ਕਰਾਇੰਦਾ। ਬ੍ਰਹਮਾ ਮੇਲਾ ਕਮਲਾਪਾਤ, ਪਾਰਬ੍ਰਹਮ ਬ੍ਰਹਮ ਵੇਖ ਵਖਾਇੰਦਾ। ਪੂਰਾ ਕਰੇ ਏਕਾ ਘਾਟ, ਸਾਚੀ ਵਸਤ ਝੋਲੀ ਪਾਇੰਦਾ । ਏਕਾ ਅੱਖਰ ਨਿਸ਼ਅੱਖਰ ਪਾਠ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਸਾਹਿਬ ਸੁਲਤਾਨ ਪੁਛੇ ਵਾਤ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਅੰਤ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰਾ ਵਸਣਹਾਰਾ ਠਾਂਡੇ ਦਰਬਾਰਾ, ਲੋਕਮਾਤ ਮਾਰ ਝਾਤ ਦੋ ਜਹਾਨਾਂ ਆਪਣਾ ਰੂਪ ਧਰਾਇੰਦਾ। ਆਦਿ ਨਿਰੰਜਣ ਕਰ ਪਸਾਰਾ, ਜੋਤ ਨਿਰੰਜਣ ਦਏ ਹੁਲਾਰਾ, ਲੱਖ ਚੁਰਾਸੀ ਡਗਮਗਾਇੰਦਾ। ਸ੍ਰੀ ਭਗਵਾਨ ਸਾਚੀ ਕਾਰਾ, ਊਚਾਂ ਨੀਚਾਂ ਰਾਓ ਰੰਕਾਂ ਪਾਵੇ ਸਾਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਮੀਤ ਮੁਰਾਰਾ ਇਕ ਸੁਣਾਏ ਸ਼ਬਦ ਜੈਕਾਰਾ, ਨਾਦ ਅਨਾਦੀ ਨਾਦ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਆਧਾਰਾ, ਏਕਾ ਮੰਤਰ ਗੁਰੂ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਸੰਗ ਰਖਾਇੰਦਾ। ਦੂਸਰ ਅਵਰ ਨਾ ਕੋਇ ਸੰਗ, ਸਤਿ ਪੁਰਖ ਨਿਰੰਜਣ ਆਪਣੀ ਖੇਲ ਖਿਲਾਈਆ। ਨਵ ਨੌਂ ਚਾਰ ਪੈਂਡਾ ਗਿਆ ਲੰਘ, ਕਲਜੁਗ ਵੇਲਾ ਅੰਤਮ ਆਈਆ। ਪਰਗਟ ਹੋਏ ਸੂਰਾ ਸਰਬੰਗ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾਮ ਵਜਾਏ ਇਕ ਮਰਦੰਗ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲਏ ਉਠਾਈਆ। ਦੋ ਜਹਾਨਾਂ ਵੇਖੇ ਲੰਘ, ਆਵਣ ਜਾਵਣ ਖੇਲ ਖਿਲਾਈਆ। ਗੁਰ ਪੀਰ ਅਵਤਾਰ ਧੁਰ ਦਰਬਾਰੇ ਲਏ ਸੱਦ, ਸ਼ਬਦ ਸੰਦੇਸਾ ਇਕ ਸੁਣਾਈਆ। ਵਰਨ ਬਰਨ ਬੱਧੀ ਹੱਦ, ਜਗਤ ਮਾਰਗ ਵੇਖ ਵਖਾਈਆ। ਪੁਰਖ ਅਕਾਲ ਦੀਨ ਦਿਆਲ ਕਿਉਂ ਲੋਕਮਾਤ ਵਿਚੋਂ ਦਿਤਾ ਕੱਢ, ਜਿਸ ਤੁਹਾਡੀ ਬਣਤ ਬਣਾਈਆ। ਜੁਗ ਚੌਕੜੀ ਲਡੌਂਦਾ ਰਿਹਾ ਲਡ, ਜਿਉਂ ਬਾਲਕ ਮਾਤਾ ਗੋਦ ਸਖਾਈਆ। ਕਲਜੁਗ ਅੰਤਮ ਲੱਖ ਚੁਰਾਸੀ ਪੁਰਖ ਅਬਿਨਾਸ਼ੀ ਨਾਲੋਂ ਹੋਈ ਅੱਡ, ਪੱਲੂ ਨਾਲ ਪੱਲੂ ਨਾ ਕੋਇ ਬੰਧਾਈਆ। ਕਲਜੁਗ ਕੂੜ ਕੁੜਿਆਰਾ ਜਗਤ ਨਿਸ਼ਾਨਾ ਦਿਤਾ ਗੱਡ, ਜੂਠ ਝੂਠ ਵੱਜੀ ਵਧਾਈਆ। ਅਨਹਦ ਸ਼ਬਦ ਘਟ ਮੰਦਰ ਬੈਠ ਸੁਣਿਆ ਨਾ ਕਿਸੇ ਨਦ, ਅਨਹਦ ਨਾਦ ਨਾ ਕੋਇ ਵਜਾਈਆ। ਝੂਠੀ ਪੀ ਪੀ ਬੈਠੇ ਮਦਿ, ਹਰਿ ਕਾ ਨਾਮ ਸਰੂਰ ਨਾ ਕੋਇ ਰਖਾਈਆ। ਚਾਰ ਵਰਨ ਨਾ ਬਣੀ ਸਾਚੀ ਯਦ, ਪੁਰਖ ਅਕਾਲ ਨਾ ਕੋਇ ਮਨਾਈਆ। ਕੋਇ ਕ੍ਰਿਸ਼ਨ ਕੋਇ ਰਾਮ ਨਾਲ ਗਿਆ ਬੱਝ, ਕੋਈ ਈਸਾ ਮੂਸਾ ਸਯਦਾ ਰਹੇ ਕਰਾਈਆ। ਕੋਈ ਮੁਹੰਮਦ ਕੋਲ ਰਿਹਾ ਸਜ, ਚਾਰ ਯਾਰੀ ਵਡ ਵਡਿਆਈਆ। ਕੋਈ ਮੱਕੇ ਕਾਅਬੇ ਕਰੇ ਹੱਜ, ਕਾਇਆ ਮੰਦਰ ਅੰਦਰ ਨਾ ਕੋਇ ਫੋਲ ਫੋਲਾਈਆ। ਕੋਈ ਨਾਨਕ ਨਿਰਗੁਣ ਰਿਹਾ ਸੱਦ, ਕੋਈ ਗੋਬਿੰਦ ਰਿਹਾ ਧਿਆਈਆ। ਚਾਰ ਕੁੰਟ ਵਰਨ ਬਰਨ ਆਪਣਾ ਇਸ਼ਟ ਕਰ ਕਰ ਬੈਠੇ ਪਜ, ਸਾਚਾ ਦਰ ਨਾ ਕੋਇ ਵਖਾਈਆ। ਮੰਦਰ ਮਸਜਦ ਗੁਰੂਦਵਾਰ ਜਗਤ ਕਾਮਨਾ ਰਹੀ ਨੱਚ, ਸਚ ਸੁੱਚ ਨਾ ਕੋਇ ਵਡਿਆਈਆ। ਕਾਚੀ ਮਾਟੀ ਹੋਈ ਕੱਚ, ਕੰਚਨ ਰੂਪ ਨਾ ਕੋਇ ਵਟਾਈਆ। ਪੁਰਖ ਅਕਾਲ ਨਾ ਮਿਲਿਆ ਕਿਸੇ ਸਚ, ਸਚ ਸੁੱਚ ਨਜ਼ਰ ਕਿਤੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਜੁਗ ਦੀ ਏਕਾ ਚੌਕੜ, ਨੌਂ ਨੌਂ ਚਾਰ ਵੇਖੇ ਥਾਉਂ ਥਾਈਂਆ। ਨੌ ਨੌ ਚਾਰ ਚੌਕੜੀ ਤੇਰਾ ਅੰਤਮ ਪੰਧ, ਸੋ ਪੁਰਖ ਅਬਿਨਾਸ਼ੀ ਆਪ ਮੁਕਾਇੰਦਾ। ਘਰ ਘਰ ਵੇਖਿਆ ਸੁਣਿਆ ਛੰਦ, ਹਰਿ ਕਾ ਛੰਦ ਨਾ ਕੋਇ ਗਾਇੰਦਾ। ਨਿਰਗੁਣ ਨਿਰਵੈਰ ਨਾ ਚੜ੍ਹਿਆ ਚੰਦ, ਜੋਤੀ ਜੋਤ ਨਾ ਕੋਇ ਜਗਾਇੰਦਾ। ਘਟ ਪਾਇਆ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਰਖਾਇੰਦਾ। ਮਦਿਰਾ ਮਾਸ ਰਸਨਾ ਲਾਇਆ ਗੰਦ, ਆਤਮ ਅੰਤਰ ਅੰਮ੍ਰਿਤ ਝਿਰਨਾ ਨਾ ਕੋਇ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਵੇਖ ਵਖਾਇੰਦਾ। ਕਲਜੁਗ ਕਿਰਿਆ ਕੂੜ ਪਸਾਰਾ, ਕੂੜਾ ਡੰਕਾ ਰਿਹਾ ਵਜਾਈਆ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਨਾਰ ਕੰਤ ਨਾ ਕੋਇ ਪਿਆਰਾ, ਪਿਤਾ ਪੂਤ ਨਾ ਕੋਇ ਵਡਿਆਈਆ। ਭੈਣਾਂ ਭੱਯਾ ਦਿਸੇ ਵਿਭਚਾਰਾ, ਮਮਤਾ ਮੋਹ ਫਿਰੇ ਹਲਕਾਈਆ। ਹਉਮੇ ਹੰਗਤਾ ਬੋਲ ਜੈਕਾਰਾ, ਕਾਇਆ ਮੰਦਰ ਗੜ੍ਹ ਬਣਾਈਆ। ਸਾਚਾ ਦਿਸੇ ਨਾ ਇਕ ਦਵਾਰਾ, ਗੁਰੂਦਵਾਰਾ, ਨਜ਼ਰ ਕਿਸੇ ਨਾ ਆਈਆ। ਮਨ ਦਹਿ ਸਿਰ ਫਿਰੇ ਹੰਕਾਰਾ, ਮਨਮਤੀ ਰਾਹ ਚਲਾਈਆ। ਗੁਰਮਤ ਹੋਇਆ ਪਾਰ ਕਿਨਾਰਾ, ਗੁਰ ਗੁਰ ਬੂਝ ਨਾ ਕੋਇ ਬੁਝਾਈਆ। ਰੰਗ ਰਲੀਆਂ ਮਾਣੇ ਸਰਬ ਸੰਸਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਹੰਢਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਜੁਗਾ ਜੁਗੰਤ ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਇਕ ਅਖਵਾਈਆ। ਵੇਦ ਵਿਆਸਾ ਕਰੇ ਪਿਆਰਾ, ਉਚੀ ਕੂਕ ਕੂਕ ਸੁਣਾਈਆ। ਮੂਸਾ ਕਰੇ ਨਿਮਸਕਾਰਾ, ਸਯਦਾ ਸੀਸ ਝੁਕਾਈਆ। ਈਸਾ ਦੋਏ ਜੋੜ ਬਣੇ ਭਿਖਾਰਾ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਹੋ ਮਿਹਰਵਾਨ ਪਰਵਰਦਿਗਾਰਾ, ਇਕ ਮੁਹੰਮਦ ਮੰਗ ਮੰਗਾਈਆ। ਨਾਨਕ ਬੋਲੇ ਉਤਰੇ ਮਹਾਂਬਲੀ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਦਿਤਾ ਸਰਬ ਸਹਾਰਾ, ਫਤਿਹ ਡੰਕਾ ਇਕ ਵਜਾਈਆ। ਸੰਬਲ ਨਗਰੀ ਧਾਮ ਉਜਿਆਰਾ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਪਰਗਟ ਹੋਏ ਵਿਚ ਸੰਸਾਰਾ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਖੰਡਾ ਫੜੇ ਤੇਜ਼ ਕਟਾਰਾ, ਦੋ ਜਹਾਨਾਂ ਆਪ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਾਰ ਕਿਨਾਰਾ, ਕਰੋੜ ਤੇਤੀਸਾ ਦਏ ਮਿਟਾਈਆ। ਸੁਰਪਤ ਰਾਜਾ ਇੰਦ ਕਰੇ ਖ਼ਵਾਰਾ, ਸਭ ਦਾ ਲੇਖਾ ਦਏ ਮੁਕਾਈਆ। ਲੱਖ ਚੁਰਾਸੀ ਆਰ ਪਾਰਾ, ਚਾਰੇ ਖਾਣੀ ਚਾਰੇ ਬਾਣੀ ਆਪਣੀ ਝੋਲੀ ਪਾਈਆ। ਚਾਰ ਵੇਦ ਰੋਵਣ ਜ਼ਾਰੋ ਜ਼ਾਰਾ, ਪੁਰਾਨ ਅਠਾਰਾਂ ਧੀਰ ਨਾ ਕੋਇ ਧਰਾਈਆ। ਸ਼ਾਸਤਰ ਸਿਮਰਤ ਆਏ ਹਾਰਾ, ਜੁਗ ਚੌਕੜੀ ਵੇਲਾ ਰਿਹਾ ਵਿਹਾਈਆ। ਗੀਤਾ ਗਿਆਨ ਨਾ ਕੋਇ ਪਸਾਰਾ, ਦਸ ਅੱਠ ਡੇਰਾ ਦੇਵੇ ਢਾਹੀਆ। ਅੰਜੀਲ ਕ਼ੁਰਾਨਾਂ ਕੱਢੇ ਬਾਹਰਾ, ਏਕਾ ਕਲਮਾ ਸੁਣਾਏ ਕਲਾਮ ਇਲਾਹੀਆ। ਸਰਬ ਜੀਆਂ ਦਾ ਸਾਂਝਾ ਯਾਰਾ, ਕਰੇ ਖੇਲ ਅਪਰ ਅਪਾਰਾ, ਮੁਕਾਮੇ ਹੱਕ ਹੋ ਉਜਿਆਰਾ, ਜਲਵਾ ਨੂਰ ਇਕ ਦਰਸਾਈਆ। ਏਕਾ ਬੋਲ ਸਤਿ ਜੈਕਾਰਾ, ਨਾਮ ਨਾਮ ਦਏ ਆਧਾਰਾ, ਏਕਾ ਡੰਕਾ ਵੱਜੇ ਵਿਚ ਸੰਸਾਰਾ, ਫਤਿਹ ਆਪਣੇ ਹੱਥ ਰਖਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਦੇਵਣਹਾਰਾ ਭੰਡਾਰਾ, ਜੁਗ ਜੁਗ ਵਰਤੇ ਵਰਤਾਵੇ ਵਿਚ ਸੰਸਾਰਾ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਲੋਕਮਾਤ ਮਾਰ ਝਾਤ ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਜਗਤ ਸਿੰਘਾਸਣ, ਸਿੰਘ ਆਸਣ ਭੇਵ ਨਾ ਰਾਇਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਵੇਸ ਵਟਾਇਆ। ਲੇਖਾ ਜਾਣੇ ਪ੍ਰਿਥਮੀ ਆਕਾਸਣ, ਗਗਨ ਪਾਤਾਲਾਂ ਫੋਲ ਫੋਲਾਇਆ। ਮੰਡਲ ਮੰਡਪ ਵੇਖੇ ਰਾਸਣ, ਪੁਰੀਆਂ ਲੋਆਂ ਪਰਦਾ ਲਾਹਿਆ। ਲੇਖਾ ਜਾਣੇ ਚੌਦਾਂ ਲੋਕ ਭੋਗ ਬਲਾਸਣ, ਭੇਵ ਅਭੇਦ ਦਏ ਖੁਲ੍ਹਾਇਆ। ਚੌਦਾਂ ਤਬਕ ਲੇਖਾ ਜਾਣੇ ਸ਼ਾਹੋ ਸ਼ਾਬਾਸਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇਆ। ਕਲਜੁਗ ਅੰਤ ਸਰਬ ਵਿਨਾਸਨ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਡੌਰੂ ਡੰਕਾ ਨਾਮ ਵਜਾਇਆ। ਡੌਰੂ ਡੰਕਾ ਹਰਿ ਕਾ ਨਾਉਂ, ਆਦਿ ਜੁਗਾਦਿ ਹਰੀ ਹਰਿ ਆਪ ਵਜਾਇੰਦਾ। ਕਰੇ ਖੇਲ ਅਗੰਮ ਅਥਾਹੋ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਰਾਏ ਸਚ ਨਿਆਉਂ, ਸਚ ਸਿੰਘਾਸਣ ਸੋਭਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖੇ ਕਾਉਂ, ਘਟ ਘਟ ਲੇਖਾ ਆਪਣਾ ਆਪ ਵਖਾਇੰਦਾ। ਗੁਰਮੁਖ ਵਿਰਲੇ ਆਪ ਉਠਾਏ ਫੜ ਫੜ ਬਾਹੋਂ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸਦਾ ਸੁਹੇਲਾ ਇਕ ਇਕੇਲਾ ਸਿਰ ਰੱਖੇ ਠੰਡੀ ਛਾਉਂ, ਸਤਿਗੁਰ ਪੂਰਾ ਆਪਣਾ ਨਾਉਂ ਪਰਗਟਾਇੰਦਾ। ਚਾਰ ਵਰਨਾਂ ਬਣੇ ਪਿਤਾ ਮਾਉਂ, ਊਚ ਨੀਚ ਨਾ ਵੰਡ ਵੰਡਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਕ਼ਾਦਰ ਕ਼ੁਦਰਤ ਵੇਖਣਹਾਰਾ, ਰੂਪ ਅਨੂਪ ਧਰਾਈਆ। ਪਰਗਟ ਹੋਏ ਮਹਾਂਬਲੀ ਅਵਤਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਲੋਕਮਾਤ ਬਣਾਏ ਸਚਖੰਡ ਦਵਾਰਾ, ਸਚ ਸਿੰਘਾਸਣ ਆਸਣ ਸੋਭਾ ਪਾਈਆ। ਸ਼ਬਦ ਲਗਾਏ ਏਕਾ ਨਾਅਰਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੀਜਾ ਨੈਣ ਖੋਲ੍ਹ ਕਿਵਾੜਾ, ਹਰਿਜਨ ਸਾਚੇ ਲਏ ਜਗਾਈਆ। ਚੌਥੇ ਪਦ ਕਰ ਪਸਾਰਾ, ਗੁਰਮੁਖ ਮੇਲੇ ਸਹਿਜ ਸੁਭਾਈਆ। ਪੰਚਮ ਨਾਦ ਸ਼ਬਦ ਧੁੰਨਕਾਰਾ, ਧੁੰਨ ਅਨਾਦੀ ਆਪ ਸੁਣਾਈਆ। ਅੰਮ੍ਰਿਤ ਆਤਮ ਦੇਵੇ ਠੰਡੀ ਠਾਰਾ, ਅਠਸਠ ਗੁਰਸਿਖ ਫੇਰਾ ਕੋਇ ਨਾ ਪਾਈਆ। ਘਰ ਵਿਚ ਘਰ ਵਖਾਏ ਸੱਚਾ ਗੁਰੂਦਵਾਰਾ, ਸਤਿਗੁਰ ਬੈਠਾ ਜੋਤ ਜਗਾਈਆ। ਸਾਚੀ ਸਖ਼ੀਆਂ ਮੰਗਲਚਾਰਾ, ਅਨੰਦ ਮੰਗਲ ਏਕਾ ਗਾਈਆ। ਗੁਰਸਿਖਾਂ ਕਰੇ ਸਦ ਪਿਆਰਾ, ਆਪ ਆਪਣੇ ਦਰ ਬਹਾਈਆ। ਨਾਰੀ ਕੰਤ ਹੋ ਉਜਿਆਰਾ, ਰੰਗ ਬਸੰਤ ਇਕ ਚੜ੍ਹਾਈਆ। ਏਕਾ ਮਣੀਆ ਮੰਤ ਦਏ ਸਹਾਰਾ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਸਾਚਾ ਸੰਤ ਹਰਿ ਕਰੇ ਪਿਆਰਾ, ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਮਾਇਆ ਝੂਠੀ ਛਾਇਆ, ਗੁਰਸਿਖਾਂ ਉਤੋਂ ਦਏ ਉਡਾਈਆ। ਗੁਰਸਿਖ ਤੇਰਾ ਵੱਡਾ ਘਰ, ਸੋ ਪੁਰਖ ਨਿਰੰਜਣ ਆਪ ਬਣਾਇਆ। ਨਿਰਭੌ ਚੁਕਾਏ ਤੇਰਾ ਡਰ, ਭੈ ਹੋਰ ਨਾ ਕੋਇ ਰਖਾਇਆ। ਤੇਰੇ ਆਤਮ ਖੁਲ੍ਹਾਏ ਸਾਚਾ ਸਰ, ਨਿਝਰ ਝਿਰਨਾ ਦਏ ਝਿਰਾਇਆ। ਤੇਰਾ ਦੀਪਕ ਤੇਰੇ ਅੰਦਰ ਜਾਏ ਬਲ, ਜੋਤੀ ਜੋਤ ਹੋਏ ਰੁਸ਼ਨਾਇਆ। ਇਕ ਵਖਾਏ ਨਿਹਚਲ ਧਾਮ ਅਟੱਲ, ਸਤਿਗੁਰ ਸੱਚਾ ਆਸਣ ਲਾਇਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲ, ਬੇਅੰਤ ਖੇਲ ਖਿਲਾਇਆ। ਹਰਿਜਨ ਮੇਲੇ ਨਾ ਲਾਏ ਘੜੀ ਪਲ, ਨੇਤਨ ਨੇਤ ਆਪਣਾ ਦਰਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਫਲ, ਅੰਮ੍ਰਿਤ ਮੇਵਾ ਮੁਖ ਚੁਆਇਆ। ਅੰਮ੍ਰਿਤ ਮੇਵਾ ਸਾਚਾ ਰਸ, ਗੁਰ ਗੁਰ ਗੁਰਮੁਖਾਂ ਆਪ ਚਖਾਈਆ। ਹਿਰਦੇ ਅੰਦਰ ਜਾਏ ਵਸ, ਹਰਿ ਦਾਤਾ ਬੇਪਰਵਾਹੀਆ। ਕਰੇ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰ ਦਏ ਮਿਟਾਈਆ। ਅੰਮ੍ਰਿਤ ਜਾਮ ਪਿਆਏ ਹੱਸ ਹੱਸ, ਸਚ ਪਿਆਲਾ ਹੱਥ ਉਠਾਈਆ। ਤੀਰ ਅਣਿਯਾਲਾ ਮਾਰੇ ਕਸ, ਸ਼ਬਦ ਨਿਰਾਲਾ ਬਾਣ ਚਲਾਈਆ। ਪੰਚ ਵਿਕਾਰਾ ਜਾਏ ਢੱਠ, ਹਉਮੇਂ ਗੜ੍ਹ ਦਏ ਤੁੜਾਈਆ। ਮਨ ਮਨੂਆ ਫੇਰੇ ਉਲਟੀ ਲਠ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਧੀਰਜ ਵਖਾਏ ਸਾਚਾ ਜਤ, ਸਤਿ ਸੰਤੋਖ ਪੱਲੇ ਗੰਢ ਬੰਧਾਈਆ। ਕਲਜੁਗ ਅਗਨੀ ਵਿਚੋਂ ਲਏ ਰੱਖ, ਜਿਸ ਜਨ ਆਪਣਾ ਦਰਸ ਦਿਖਾਈਆ। ਨਿਰਗੁਣ ਰੂਪ ਕਰ ਪਰਤੱਖ, ਸਾਖਿਆਤ ਸਰਗੁਣ ਲਏ ਸਮਝਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਨਾਲੋਂ ਕਰੇ ਵੱਖ, ਆਪ ਆਪਣਾ ਬੰਧਨ ਪਾਈਆ। ਸਤਿ ਸਤਿਵਾਦੀ ਏਕਾ ਪਾਈ ਨੱਥ, ਨਾਮ ਡੋਰੀ ਹੱਥ ਉਠਾਈਆ। ਇਕ ਦ੍ਰਿੜਾਇਆ ਪੂਜਾ ਪਾਠ, ਏਕਾ ਕਰੇ ਸਚ ਪੜ੍ਹਾਈਆ। ਲੇਖਾ ਚੁੱਕੇ ਤੀਰਥ ਤਾਟ, ਘਰ ਸਰੋਵਰ ਦਏ ਵਖਾਈਆ। ਗੁਰਸਿਖ ਵਿਕੇ ਨਾ ਕਿਸੇ ਹਾਟ, ਕਰਤਾ ਕ਼ੀਮਤ ਆਪੇ ਪਾਈਆ। ਕਲਜੁਗ ਖੇਲ ਬਾਜ਼ੀਗਰ ਨਾਟ, ਕਲਜੁਗ ਅੰਤਮ ਸਫ਼ਾ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਕੂੜੀ ਸਫ਼ਾ ਮਲੇਛ, ਚਾਰ ਵਰਨ ਦਰਸਾਇਆ। ਕਰੇ ਖੇਲ ਦੱਸ ਦਸਮੇਸ਼, ਦਹਿ ਦਿਸ਼ਾ ਫੇਰਾ ਪਾਇਆ। ਪਕੜ ਉਠਾਏ ਵਿਸ਼ਨ ਬ੍ਰਹਮ ਮਹੇਸ਼, ਸੋਇਆ ਕੋਇ ਰਹੇ ਨਾ ਰਾਇਆ। ਲੇਖਾ ਜਾਣੇ ਰਿਖੀ ਕੇਸ਼, ਗੋਵਰਧਨ ਆਪਣੀ ਧਾਰ ਬੰਧਾਇਆ। ਦੋ ਜਹਾਨਾਂ ਨਰ ਨਰੇਸ਼, ਪੁਰਖ ਅਕਾਲ ਇਕ ਮਨਾਇਆ। ਆਦਿ ਜੁਗਾਦੀ ਰਿਹਾ ਵੇਖ, ਸਚਖੰਡ ਸਾਚੇ ਸੋਭਾ ਪਾਇਆ। ਕਲਜੁਗ ਅੰਤਮ ਘਰ ਘਰ ਹੋਇਆ ਭੇਖ, ਕੋਟਨ ਕੋਟ ਗੁਰ ਗੁਰ ਬੈਠੇ ਰੂਪ ਵਟਾਇਆ। ਆਪਣਾ ਜਾਣੇ ਨਾ ਕੋਈ ਲੇਖ, ਜੀਵਾਂ ਲੇਖਾ ਰਹੇ ਮਿਟਾਇਆ। ਆਪਣਾ ਸਤਿਗੁਰ ਆਪਣੇ ਨੇਤਰ ਨਾ ਲਿਆ ਪੇਖ, ਆਪ ਸਤਿਗੁਰ ਬਣ ਬਣ ਸੀਸ ਛਤਰ ਰਹੇ ਝੁਲਾਇਆ। ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦੀ ਚੋਟੀ ਮੁੰਨੇ ਜੂਠਿਆਂ ਝੂਠਿਆਂ ਰਹਿਣ ਨਾ ਦੇਵੇ ਭੇਖ, ਮੁੱਛ ਦਾੜ੍ਹੀ ਕੇਸ ਨਾ ਲੇਖੇ ਲਾਇਆ। ਜਿਸ ਟੇਕ ਰਖਾਈ ਦਸ ਦਸਮੇਸ, ਦਰ ਦਵਾਰੇ ਹੋਏ ਸਹਾਇਆ। ਫੜ ਫੜ ਬਾਹੋਂ ਪਿਛਲੀ ਮੇਟੇ ਰੇਖ, ਅਗਲਾ ਲੇਖਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਆਪਣਾ ਕੀਤਾ ਗਿਆ ਹਰ, ਵੇਲੇ ਅੰਤ ਦਏ ਸਜ਼ਾਇਆ। ਆਪਣਾ ਕੀਤਾ ਆਪੇ ਹਰ, ਚਾਰ ਵਰਨ ਪਛਤਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰਹੇ ਡਰ, ਸਾਂਤਕ ਸਤਿ ਨਾ ਕੋਇ ਰਖਾਈਆ। ਇਕ ਦੂਜੇ ਦਾ ਸਾੜਨ ਘਰ, ਆਪਣਾ ਘਰ ਸਕੇ ਨਾ ਕੋਇ ਬਚਾਈਆ। ਵੰਡਣ ਵੰਡਾਂ ਵੰਡ ਵੰਡ ਆਪਣੀ ਹੱਦ ਤੇ ਰਹੇ ਖੜ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਮੁਸਲਿਮ ਹਿੰਦੂ ਸਿੱਖ ਈਸਾਈ ਦੀਨ ਮਜ਼੍ਹਬ ਵਿਚ ਬੈਠੇ ਅੜ, ਦੀਨਾਂ ਨਾਥ ਦਿਸੇ ਨਾ ਸੱਚਾ ਮਾਹੀਆ। ਚਾਰ ਵਰਨ ਦੀ ਉਖੜੇ ਜੜ੍ਹ, ਚੌਥਾ ਜੁਗ ਨਾਲ ਰਲਾਈਆ। ਆਪਣਾ ਆਪਣਾ ਕਲਮਾ ਸਾਰੇ ਰਹੇ ਪੜ੍ਹ, ਸਚ ਹਦੀਸ ਨਾ ਕੋਇ ਰਖਾਈਆ। ਮਾਣ ਅਭਿਮਾਨ ਹੋਇਆ ਨਾਰੀ ਨਰ, ਨਰ ਨਰਾਇਣ ਨਾ ਕੋਇ ਧਿਆਈਆ। ਕੋਈ ਮੰਦਰ ਕੋਈ ਮਸਜਦ ਕੋਈ ਗੁਰੂਦਵਾਰੇ ਬੈਠਾ ਵੜ, ਕੋਈ ਸ਼ਿਵਦਵਾਲੇ ਮਠ ਰਿਹਾ ਸੀਸ ਝੁਕਾਈਆ। ਹਰਿ ਕਾ ਨਾਮ ਨਾ ਪੱਲੂ ਲਿਆ ਫੜ, ਸਿਲ ਪੂਜਸ ਵਕ਼ਤ ਲੰਘਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਵੜ ਵੜ ਰਹੇ ਠਰ, ਅਗਨੀ ਤੱਤ ਨਾ ਕੋਇ ਗਵਾਈਆ। ਲੋਕਾਂ ਸੁਣੌਂਦੇ ਹਰੀ ਓਮ ਹਰੀ ਹਰਿ, ਅੰਦਰ ਪੰਜ ਸ਼ੈਤਾਨਾ ਬੈਠਾ ਡੇਰਾ ਲਾਈਆ। ਗੁਰ ਗੋਬਿੰਦ ਸੂਰਾ ਚਾਰ ਵਰਨ ਉਚੀ ਕੂਕ ਏਕਾ ਵਾਰ ਗਿਆ ਦੱਸ, ਪੁਰਖ ਅਕਾਲ ਇਕ ਮਨਾਈਆ। ਅੰਤਮ ਪੰਜ ਤੱਤ ਖੇੜਾ ਸਭ ਦਾ ਹੋਇਆ ਭੱਠ, ਗੁਰ ਪੀਰ ਅਵਤਾਰ ਕੋਇ ਰਹਿਣ ਨਾ ਪਾਈਆ। ਇਕ ਇਕੱਲਾ ਪੁਰਖ ਸਮਰਥ, ਦੋ ਜਹਾਨਾਂ ਜਿਸ ਦੀ ਸੱਚੀ ਸ਼ਹਿਨਸ਼ਾਹੀਆ। ਜੁਗ ਜੁਗ ਚਲਾਏ ਰਥ, ਰਥ ਰਥਵਾਹੀ ਵੇਸ ਵਟਾਈਆ। ਆਪਣੀ ਮਹਿਮਾ ਸੁਣਾਏ ਅਕਥ, ਗੁਰ ਅਵਤਾਰ ਸੇਵਾ ਲਾਈਆ। ਸਾਚਾ ਮਾਰਗ ਆਦਿ ਜੁਗਾਦਿ ਦੱਸ, ਜੁਗ ਜੁਗ ਬੂਝ ਬੁਝਾਈਆ। ਭਗਤ ਭਗਵੰਤ ਭਗਤਾਂ ਹੋਏ ਵਸ, ਦੂਸਰ ਦਰ ਨਾ ਕਦੇ ਆਈਆ। ਜੋ ਪ੍ਰਭ ਮਿਲਣ ਦੀ ਰੱਖੇ ਆਸ, ਵੇਲੇ ਅੰਤ ਪੂਰ ਕਰਾਈਆ। ਹਰਿ ਸੰਤ ਨਾ ਹੋਏ ਕਦੇ ਵਿਨਾਸ, ਅਬਿਨਾਸ਼ੀ ਆਪਣਾ ਮੇਲ ਮਿਲਾਈਆ। ਗੁਰਮੁਖ ਤੇਰਾ ਨਾਉਂ ਕਰੇ ਪਰਕਾਸ਼, ਲੋਕਮਾਤ ਵਜਦੀ ਰਹੇ ਵਧਾਈਆ। ਗੁਰਸਿਖ ਤੇਰੀ ਕਰੇ ਬੰਦ ਖ਼ਲਾਸ, ਰਾਏ ਧਰਮ ਨਾ ਦਏ ਸਜ਼ਾਈਆ। ਚਰਨ ਕਵਲ ਰਖਾਏ ਨਿਵਾਸ, ਸਚਖੰਡ ਦਵਾਰੇ ਸੋਭਾ ਪਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਵਿਸ਼ਨ ਬ੍ਰਹਮਾ ਸ਼ਿਵ ਗੁਰਸਿਖ ਤੇਰਾ ਉਠ ਉਠ ਦਰਸਨ ਪਾਈਆ। ਤੇਰਾ ਨਾਤਾ ਤੁਟੇ ਜੰਗਲ ਜੂਹ ਉਜਾੜ ਪਰਭਾਸ, ਸਮੁੰਦ ਸਾਗਰ ਤੇਰੇ ਚਰਨਾਂ ਧੂੜ ਮਸਤਕ ਟਿੱਕਾ ਲਾਏ ਧੋਵੇ ਆਪਣੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਨਿਰਗੁਣ ਹੋ ਕੇ ਨਿਰਗੁਣ ਆਇਆ, ਨਿਰਵੈਰ ਪੁਰਖ ਅਕਾਲ। ਅਜੂਨੀ ਰਹਿਤ ਵੇਸ ਵਟਾਇਆ, ਦੀਨਾ ਬੰਧਪ ਦੀਨ ਦਿਆਲ। ਮੂਰਤ ਅਕਾਲ ਖੇਲ ਖਿਲਾਇਆ, ਨੂਰੀ ਜਲਵਾ ਇਕ ਜਲਾਲ। ਨੂਰੋ ਨੂਰ ਡਗਮਗਾਇਆ, ਕਰੇ ਖੇਲ ਬੇਮਿਸਾਲ। ਤੂਰਤ ਨਾਦ ਇਕ ਵਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪੇ ਘਾਲੇ ਆਪਣੀ ਘਾਲ। ਘਾਲੇ ਘਾਲ ਬੇਪਰਵਾਹ, ਪੰਜ ਤੱਤ ਚੋਲਾ ਨਾ ਕੋਏ ਰਖਾਈਆ। ਜੋਤ ਸਰੂਪੀ ਬਣ ਮਲਾਹ, ਸ਼ਬਦੀ ਬੇੜਾ ਨਾਲ ਉਠਾਈਆ। ਲੱਖ ਚੁਰਾਸੀ ਵੇਖੇ ਥਾਉਂ ਥਾਂ, ਕੋਟਨ ਕੋਟ ਬ੍ਰਹਿਮੰਡ ਖੰਡ ਏਕਾ ਨੇਤਰ ਵੇਖ ਵਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵੰਤ ਪਕੜਨਹਾਰਾ ਬਾਂਹ, ਸੰਤ ਕੰਤ ਲਏ ਮਿਲਾਈਆ। ਗੁਰਮੁਖ ਸੱਜਣ ਲਏ ਉਠਾ, ਗੁਰ ਗੁਰ ਮੇਲਾ ਸਹਿਜ ਸੁਭਾਈਆ। ਗੁਰਸਿਖ ਸਾਚੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਆਪਣੀ ਬਾਣੀ ਦਏ ਸਮਝਾ, ਤੁਰੀਆ ਰਾਗ ਇਕ ਅਲਾਈਆ। ਮਧਮ ਬੈਖਰੀ ਆਪੇ ਗਾ, ਪਰਾ ਪਸੰਤੀ ਆਪੇ ਰਿਹਾ ਸੁਣਾਈਆ। ਆਪਣੇ ਮੰਦਰ ਡੇਰਾ ਲਾ, ਸਾਚਾ ਮੰਦਰ ਆਪ ਉਪਾਈਆ। ਝੂਠਾ ਜੰਦਰ ਦਏ ਤੁੜਾ, ਬਜਰ ਕਪਾਟੀ ਰਹੇ ਨਾ ਰਾਈਆ। ਸਾਚੀ ਹਾਟੀ ਦਏ ਖੁਲ੍ਹਾ, ਵਣਜ ਵਣਜਾਰਾ ਬਣ ਕੇ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਲਏ ਫੜ, ਨਿਰਗੁਣ ਸਰਗੁਣ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਸਚ ਮਹੱਲੇ ਜਾਏ ਚੜ੍ਹ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਤਮ ਸੇਜਾ ਆਪਣਾ ਆਸਣ ਲਾਈਆ। ਆਤਮ ਸੇਜਾ ਪਾਰਬ੍ਰਹਮ, ਬ੍ਰਹਮ ਮੇਲਾ ਸਹਿਜ ਸੁਭਾਇਆ। ਨਿਰਗੁਣ ਨਿਰਵੈਰ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਇਆ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਚਿੰਤਾ ਰੋਗ ਨਾ ਕੋਇ ਰਖਾਇਆ। ਪਵਣ ਸਵਾਸ ਨਾ ਕੋਇ ਦਮ, ਰਸਨਾ ਜੇਹਵਾ ਨਾ ਕੋਇ ਹਿਲਾਇਆ। ਇਸ਼ਟ ਗੁਰਦੇਵ ਨਾ ਕੋਇ ਰਿਹਾ ਮੰਨ, ਸੀਸ ਜਗਦੀਸ ਨਾ ਕੋਇ ਝੁਕਾਇਆ। ਨਾ ਕੋਈ ਜਨਨੀ ਦਿਸੇ ਜਨ, ਜਨ ਜਣੇਂਦੀ ਨਾ ਕੋਇ ਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰਿਆ ਖੇਲ ਸਾਚੇ ਹਰਿ, ਹਰਿਜਨ ਆਪਣਾ ਬੰਧਨ ਪਾਇਆ। ਬੰਧਨ ਪਾਏ ਨਾਮ ਡੋਰ, ਪੁਰਖ ਅਕਾਲ ਦਇਆ ਕਮਾਈਆ। ਗੁਰਸਿਖਾਂ ਬੰਨ੍ਹੇ ਪੰਜ ਚੋਰ, ਆਪ ਆਪਣੀ ਸੇਵ ਕਮਾਈਆ। ਸ਼ਾਹ ਸਵਾਰਾ ਚੜ੍ਹ ਕੇ ਆਇਆ ਸਾਚੇ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਆਦਿ ਜੁਗਾਦਿ ਨਿਭਾਏ ਲੱਗੀ ਤੋੜ, ਅਧਵਿਚਕਾਰ ਨਾ ਤੋੜ ਤੁੜਾਈਆ। ਸੱਸੇ ਉਪਰ ਲਾਇਆ ਹੋੜ, ਨਿਰਗੁਣ ਸਰਗੁਣ ਰੂਪ ਵਟਾਈਆ। ਹੰ ਬ੍ਰਹਮ ਜਾਏ ਬੌਹੜ, ਪਾਰਬ੍ਰਹਮ ਹੋਏ ਸਹਾਈਆ। ਜਨਮ ਜਨਮ ਦੀ ਬੁਝਾਏ ਪਿਆਸ ਜੋ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਵੇਖੇ ਫਲ ਰੀਠਾ ਕੌੜ, ਰਸ ਰਸਨਾ ਵੇਖ ਵਖਾਈਆ।
