੫ ਸਾਵਣ ੨੦੧੮ ਬਿਕ੍ਰਮੀ ਗੱਜਣ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਸਤਿਗੁਰ ਸੱਚਾ ਹਰਿ ਦਲੇਰ, ਆਦਿ ਜੁਗਾਦਿ ਦਇਆ ਕਮਾਇੰਦਾ। ਪੁਰਖ ਅਗੰਮਾ ਕਰ ਕਰ ਮਿਹਰ, ਦੀਨਨ ਆਪਣੇ ਰੰਗ ਰੰਗਾਇੰਦਾ। ਲੱਖ ਚੁਰਾਸੀ ਜੀਵ ਜੰਤ ਸ਼ਬਦ ਅਨਾਦੀ ਰਿਹਾ ਘੇਰ, ਨਵ ਨੌਂ ਆਪਣਾ ਫੇਰਾ ਪਾਇੰਦਾ। ਹਰਿਜਨ ਤਾਰੇ ਨਾ ਲਾਏ ਦੇਰ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਵਡ ਦਲੇਰ ਸ੍ਰੀ ਭਗਵਾਨਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਸਾਚੇ ਧਾਮ ਮਕਾਨਾ, ਸਚਖੰਡ ਸਾਚੇ ਆਸਣ ਲਾਈਆ। ਏਕੰਕਾਰਾ ਜੋਧਾ ਸੂਰਬੀਰ ਬਲੀ ਬਲਵਾਨਾ, ਨਿਰਭੌ ਆਪਣਾ ਨਾਮ ਧਰਾਈਆ। ਆਦਿ ਨਿਰੰਜਣ ਜੋਤੀ ਨੂਰ ਡਗਮਗਾਨਾ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨਾ, ਸ਼ਾਹੋ ਭੂਪ ਵਡ ਵਡਿਆਈਆ। ਸ੍ਰੀ ਭਗਵਾਨ ਆਦਿ ਜੁਗਾਦੀ ਨੌਜਵਾਨਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਵੇਸ ਅਨੇਕ ਵਟਾਈਆ। ਸ਼ਬਦੀ ਸ਼ਬਦ ਸਚ ਤਰਾਨਾ, ਨਾਦ ਅਨਾਦੀ ਆਪਣਾ ਆਪ ਉਪਾਈਆ। ਥਿਰ ਘਰ ਖੋਲ੍ਹੇ ਇਕ ਦੁਕਾਨਾ, ਦਰ ਦਰਵਾਜੇ ਸੋਭਾ ਪਾਈਆ। ਆਪ ਸੁਣਾਏ ਆਪਣਾ ਗਾਣਾ, ਤਾਰ ਸਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਈਆ। ਹਰਿ ਦਲੇਰ ਵਡ ਬੇਅੰਤ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਸਾਚੇ ਧਾਮ ਸੋਭਾਵੰਤ, ਹਰਿ ਪੁਰਖ ਨਿਰੰਜਣ ਸਚ ਸਿੰਘਾਸਣ ਆਪਣਾ ਆਸਣ ਲਾਈਆ। ਏਕੰਕਾਰਾ ਖੇਲ ਅਪਾਰਾ ਨਾਰੀ ਕੰਤ, ਨਰ ਨਰਾਇਣ ਵਡੀ ਵਡਿਆਈਆ। ਆਦਿ ਨਿਰੰਜਣ ਮਹਿਮਾ ਅਗਣਤ, ਅਲਖ ਅਗੋਚਰ ਬੇਪਰਵਾਹੀਆ। ਅਬਿਨਾਸ਼ੀ ਕਰਤਾ ਆਪ ਉਪਾਏ ਆਪਣਾ ਮੰਤ, ਨਿਸ਼ਅੱਖਰ ਨਾਉਂ ਧਰਾਈਆ। ਸ੍ਰੀ ਭਗਵਾਨ ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਈਆ। ਪਾਰਬ੍ਰਹਮ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਜੋਤੀ ਜਾਤਾ ਪੁਰਖ ਬਿਧਾਤਾ ਜਾਗਰਤ ਜੋਤ ਜੋਤ ਰੁਸ਼ਨਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਆਪਣਾ ਬਲ ਆਪ ਉਪਜਾਈਆ। ਬਲ ਧਾਰ ਸ੍ਰੀ ਭਗਵਾਨਾ, ਆਪਣੀ ਖੇਲ ਆਪ ਖਿਲਾਇੰਦਾ। ਸਾਚੇ ਤਖ਼ਤ ਬੈਠ ਰਾਜ ਰਾਜਾਨਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਬੋਧ ਅਗਾਧੀ ਨਾਮ ਤਰਾਨਾ, ਧੁਰ ਫ਼ਰਮਾਨਾ ਆਪ ਅਲਾਇੰਦਾ। ਲੇਖਾ ਜਾਣੇ ਦੋ ਜਹਾਨਾ, ਰੂਪ ਅਨੂਪ ਆਪ ਵਟਾਇੰਦਾ। ਨਿਰਗੁਣ ਨਿਰਵੈਰ ਸਾਚਾ ਕਾਹਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਸਾਚਾ ਕਾਹਨ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਨਾਦ ਨਾਦ ਧੁਨਕਾਰਾ, ਨਾਦੀ ਨਾਦ ਆਪ ਵਜਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਖੇਲ ਖਿਲਾਇੰਦਾ। ਕਰਨੀ ਕਿਰਤ ਕਰੇ ਕਰਤਾਰਾ, ਕਰਤਾ ਪੁਰਖ ਆਪਣਾ ਖੇਲ ਆਪ ਕਰਾਇੰਦਾ। ਸਾਚੇ ਧਾਮ ਹੋ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਦਰ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਪਰਗਟ ਹੋ ਆਦਿ ਨਿਰੰਜਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਆਪਣਾ ਦਰਦ ਆਪ ਵੰਡਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣਾ ਕਰੇ ਆਪੇ ਮਜਨਾ, ਸਰ ਸਰੋਵਰ ਆਪ ਸੁਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣਾ ਪਰਦਾ ਆਪੇ ਕੱਜਣਾ, ਸਾਚੀ ਸੇਵਾ ਆਪਣੇ ਹੱਥ ਰਖਾਈਆ। ਪੁਰਖ ਅਕਾਲ ਨਾ ਘੜਿਆ ਨਾ ਭੱਜਣਾ, ਨਾ ਮਰੇ ਨਾ ਜਾਈਆ। ਸਚ ਨਗਾਰਾ ਸਚਖੰਡ ਦਵਾਰਾ ਏਕਾ ਵੱਜਣਾ, ਤਾਲ ਤਲਵਾੜਾ ਨਾ ਕੋਇ ਰਖਾਈਆ। ਥਿਰ ਘਰ ਵਾਸੀ ਥਿਰ ਦਰਬਾਰੇ ਬਹਿ ਬਹਿ ਸਜਣਾ, ਸਚ ਦਵਾਰਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਖਿਲਾਇੰਦਾ, ਸੋ ਪੁਰਖ ਨਿਰੰਜਣ ਵਡ ਮਿਹਰਵਾਨ। ਆਦਿ ਜੁਗਾਦਿ ਵੇਸ ਵਟਾਇੰਦਾ, ਹਰਿ ਪੁਰਖ ਨਿਰਜੰਣ ਨੌਜਵਾਨ। ਰੂਪ ਅਨੂਪ ਆਪ ਧਰਾਇੰਦਾ, ਏਕੰਕਾਰਾ ਜੋਧਾ ਸੂਰਬੀਰ ਬਲੀ ਬਲਵਾਨ। ਸ਼ਾਹੋ ਭੂਪ ਆਪ ਅਖਵਾਇੰਦਾ, ਆਦਿ ਨਿਰੰਜਣ ਰਾਜ ਰਾਜਾਨ। ਸਾਚੇ ਤਖ਼ਤ ਸੋਭਾ ਪਾਇੰਦਾ, ਅਬਿਨਾਸ਼ੀ ਕਰਤਾ ਵਡ ਦਾਤਾ ਦਾਨੀ ਕਰੇ ਦਾਨ। ਹੁਕਮੀ ਹੁਕਮ ਆਪ ਫਿਰਾਇੰਦਾ, ਪਾਰਬ੍ਰਹਮ ਪੁਰਖ ਸੁਲਤਾਨ। ਆਪਣੀ ਇਛਿਆ ਆਪ ਪਰਗਟਾਇੰਦਾ, ਥਿਰ ਘਰ ਬੈਠ ਸੱਚੇ ਮਕਾਨ। ਸਚ ਭੰਡਾਰਾ ਆਪ ਵਰਤਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸਚ ਭੰਡਾਰ ਹਰਿ ਨਿਰੰਕਾਰਾ, ਨਿਰਗੁਣ ਨਿਰਗੁਣ ਆਪ ਵਰਤਾਈਆ। ਸਚਖੰਡ ਵਸੇ ਵਸਣਹਾਰਾ, ਥਿਰ ਘਰ ਆਪਣਾ ਚਰਨ ਟਿਕਾਈਆ। ਏਕਾ ਦੂਜਾ ਭੇਵ ਨਿਆਰਾ, ਨਿਰਭੌ ਆਪਣੀ ਖੇਲ ਖਿਲਾਈਆ। ਅਜੂਨੀ ਰਹਿਤ ਪੁਰਖ ਅਕਾਲਾ ਦੀਨ ਦਿਆਲਾ, ਅਪਰੰਪਰ ਆਪਣੀ ਰੀਤ ਚਲਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਰਾਜ ਰਾਜਾਨ ਆਪਣਾ ਆਸਣ ਆਪ ਵਡਿਆਈਆ। ਦਰ ਦਰਵੇਸ ਬਣ ਭਿਖਾਰਾ, ਸੀਸ ਜਗਦੀਸ ਆਪ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਘਰ, ਸਚਖੰਡ ਦਵਾਰ ਵਡੀ ਵਡਿਆਈਆ। ਸਚਖੰਡ ਦਵਾਰਾ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਵਸਣਹਾਰਾ ਨਿਹਚਲ ਧਾਮ ਅਟਲਾ, ਉਚ ਅਗੰਮ ਅਥਾਹ ਬੇਪਰਵਾਹ ਆਪਣੀ ਕਲ ਆਪ ਵਰਤਾਇੰਦਾ। ਆਪਣੀ ਜੋਤ ਆਪੇ ਬਲਾ, ਦੀਪਕ ਅਵਰ ਨਾ ਕੋਇ ਜਣਾਇੰਦਾ। ਆਪਣਾ ਸੰਦੇਸ ਆਪੇ ਘੱਲਾ, ਸ਼ਬਦੀ ਸ਼ਬਦ ਹੁਕਮ ਸੁਣਾਇੰਦਾ। ਸ਼ਬਦੀ ਜੋਤੀ ਆਪੇ ਰੱਲਾ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚ ਘਰ ਦਵਾਰੇ ਆਸਣ ਲਾਈਆ। ਸਚਖੰਡ ਦਵਾਰਾ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਆਦਿ ਆਦਿ ਹੋ ਉਜਿਆਰਾ, ਜੁਗਾਦਿ ਆਪਣਾ ਬੰਧਨ ਪਾਇੰਦਾ। ਜੋਤੀ ਜਾਤਾ ਖੇਲ ਨਿਆਰਾ, ਜਾਗਰਤ ਜੋਤ ਆਪ ਜਗਾਇੰਦਾ। ਸ਼ਬਦੀ ਸ਼ਬਦ ਸ਼ਬਦ ਕਰ ਉਜਿਆਰਾ, ਸੁਤ ਅਨਾਦੀ ਨਾਉਂ ਧਰਾਇੰਦਾ। ਏਕਾ ਵਸਤ ਦੇਵੇ ਹਰਿ ਥਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਮੰਦਰ ਜੋਤ ਜਗਾਇੰਦਾ। ਸਾਚਾ ਮੰਦਰ ਪੁਰਖ ਅਕਾਲਾ, ਏਕਾ ਏਕ ਬਣਾਈਆ। ਸਚਖੰਡ ਦਵਾਰ ਸੱਚੀ ਧਰਮਸਾਲਾ, ਚਾਰ ਦੀਵਾਰ ਨਾ ਕੋਇ ਵਖਾਈਆ। ਜੋਤੀ ਨੂਰ ਨੂਰ ਉਜਾਲਾ, ਦੀਵਾ ਬਾਤੀ ਨਾ ਕੋਇ ਟਿਕਾਈਆ। ਕਰੇ ਖੇਲ ਆਪ ਨਿਰਾਲਾ, ਨਿਰਗੁਣ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਹੁਕਮ ਧੁਰ ਫ਼ਰਮਾਨਾ ਸਾਚਾ ਰਾਣਾ ਆਪ ਸੁਣਾਈਆ। ਸਾਚਾ ਰਾਣਾ ਏਕਾ ਸੁਤ ਉਠਾਏ ਵਡ ਬਲਵਾਨ, ਸ਼ਬਦੀ ਸ਼ਬਦੀ ਨਾਉਂ ਧਰਾਇੰਦਾ। ਆਦਿ ਜੁਗਾਦੀ ਵੇਖੇ ਆਣ, ਵੇਖਣਹਾਰਾ ਦਿਸ ਨਾ ਆਇੰਦਾ। ਹੁਕਮੀ ਹੁਕਮ ਪਾਏ ਆਣ, ਹੁਕਮੀ ਹੁਕਮ ਆਪ ਫਿਰਾਇੰਦਾ। ਏਕਾ ਦਾਤਾ ਦੇਵੇ ਦਾਨ, ਦਾਨੀ ਆਪਣੀ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਹਰਿ ਹਰਿ ਖੋਲ੍ਹ, ਸ਼ਬਦ ਸੁਤ ਦਏ ਵਡਿਆਈਆ। ਸਚ ਤਰਾਨਾ ਆਪੇ ਬੋਲ, ਤੁਰਯਾ ਰਾਗ ਆਪ ਸੁਣਾਈਆ। ਏਕਾ ਵਸਤ ਰੱਖੇ ਕੋਲ, ਦੇਵਣਹਾਰ ਆਪ ਹੋ ਜਾਈਆ। ਆਦਿ ਜੁਗਾਦਿ ਰਹੇ ਅਡੋਲ, ਅਡੁਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਡ ਦਲੇਰ ਹਰਿ ਹੋ ਜਾਈਆ। ਹਰਿ ਦਲੇਰ ਵਡ ਸ਼ਾਹ ਸੁਲਤਾਨਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਸ਼ਬਦ ਸੁਤ ਕਰ ਪਰਧਾਨਾ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਤ੍ਰੈ ਤ੍ਰੈ ਬੱਧਾ ਏਕਾ ਗਾਨਾ, ਤੰਦੀ ਤੰਦ ਨਾ ਕੋਇ ਵਖਾਇੰਦਾ। ਏਕਾ ਰਾਗ ਧੁਰ ਫ਼ਰਮਾਨਾ, ਧੁਰ ਦੀ ਬਾਣੀ ਆਪ ਸੁਣਾਇੰਦਾ। ਸਾਚਾ ਮੰਦਰ ਸਚ ਮਕਾਨਾ, ਸਚ ਨਿਸ਼ਾਨਾ ਇਕ ਰਖਾਇੰਦਾ। ਏਕਾ ਮਰਦ ਇਕ ਮਰਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਖਿਲਾਇੰਦਾ। ਏਕਾ ਮਰਦ ਇਕ ਮਰਦਾਨਾ, ਇਕ ਇਕੱਲਾ ਬੇਪਰਵਾਹੀਆ। ਏਕਾ ਮੰਦਰ ਇਕ ਮਕਾਨਾ, ਏਕਾ ਆਸਣ ਰਿਹਾ ਸੁਹਾਈਆ। ਏਕਾ ਰਾਗ ਇਕ ਤਰਾਨਾ, ਏਕਾ ਸ਼ਬਦ ਨਾਦ ਵਜਾਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਏਕ ਰਿਹਾ ਸੁਣਾਈਆ। ਏਕਾ ਦਾਨੀ ਏਕਾ ਦਾਨਾ, ਦੇਵਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਆਪ ਵਰਤਾਈਆ। ਵਸਤ ਅਮੋਲਕ ਹਰਿ ਹਰਿ ਧਾਰ, ਹਰਿ ਸਾਚਾ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਿਆ ਖ਼ਬਰਦਾਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਸ਼ਬਦੀ ਸ਼ਬਦ ਇਕ ਆਧਾਰ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਨਿਰਵੈਰ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਜੋਤ ਉਜਿਆਰ, ਨੂਰੋ ਨੂਰ ਨੂਰ ਧਰਾਇੰਦਾ। ਨਾ ਕੋਈ ਦੀਸੇ ਅਵਰ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਆਪਣਾ ਹੁਕਮ ਹਰਿ ਨਿਰੰਕਾਰਾ, ਨਿਸ਼ਅੱਖਰ ਕਰੇ ਪੜ੍ਹਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਆਦਿ ਪੁਰਖ ਹੋ ਉਜਿਆਰਾ, ਆਪਣੀ ਰਚਨਾ ਆਪ ਰਚਾਈਆ। ਸਾਚਾ ਸੁਤ ਸੁਤ ਦੁਲਾਰਾ, ਏਕਾ ਸ਼ਬਦ ਸ਼ਬਦ ਉਠਾਈਆ। ਸਚਖੰਡ ਦਵਾਰ ਲਗਾਇਆ ਇਕ ਅਖਾੜਾ, ਥਿਰ ਘਰ ਸਾਚੇ ਨਾਚ ਨਚਾਈਆ। ਆਪੇ ਵੇਖੇ ਵੇਖਣਹਾਰਾ, ਦੂਸਰ ਕੋਇ ਨਜ਼ਰ ਨਾ ਆਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਨਾ ਪੁਰਖ ਨਾ ਦਿਸੇ ਨਾਰਾ, ਨਰ ਨਰਾਇਣ ਆਪਣਾ ਨਾਉਂ ਧਰਾਈਆ। ਵਿਸ਼ਨ ਸ਼ਿਵ ਦਏ ਹੁਲਾਰਾ, ਸ਼ਬਦ ਹੁਲਾਰਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਵਟਾਈਆ। ਆਪਣਾ ਰੂਪ ਧਰ ਨਿਆਰ, ਆਪਣੀ ਕਲ ਵਰਤਾਈਆ। ਸਾਚੇ ਮੰਦਰ ਹੋ ਤਿਆਰ, ਸੋਭਾਵੰਤ ਰਿਹਾ ਸੁਹਾਈਆ। ਥਿਰ ਘਰ ਆਪਣਾ ਖੋਲ੍ਹ ਕਿਵਾੜ, ਚਰਨ ਕਵਲ ਲਏ ਟਿਕਾਈਆ। ਸੁਤ ਦੁਲਾਰਾ ਲਏ ਬਹਾਲ, ਮਸਤਕ ਟਿੱਕਾ ਚਰਨ ਧੂੜ ਲਾਵੇ ਸਿਰ ਰੱਖੇ ਹੱਥ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤੱਤ ਤੱਤ ਗਿਆਨ ਜਣਾਈਆ। ਆਪਣੀ ਰੱਖੇ ਉਤਮ ਜ਼ਾਤਿਆ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਜਗਾਏ। ਕਰੇ ਖੇਲ ਅਬਿਨਾਸ਼ੀ ਅਚੁਤਿਆ, ਅਨਭਵ ਆਪਣਾ ਰੂਪ ਵਟਾਏ। ਆਲਸ ਨਿੰਦਰਾ ਵਿਚ ਕਦੇ ਨਾ ਸੁੱਤਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪ ਦਸਾਏ। ਸਾਚਾ ਮਾਰਗ ਸਾਚਾ ਰਾਹ, ਹਰਿ ਸਾਚਾ ਸਚ ਜਣਾਈਆ। ਥਿਰ ਘਰ ਸਾਚੇ ਬਣ ਮਲਾਹ, ਸਾਚਾ ਬੇੜਾ ਆਪ ਚਲਾਈਆ। ਆਪ ਫੜਾਏ ਆਪਣੀ ਬਾਂਹ, ਪੱਲੂ ਪੱਲੂ ਨਾਲ ਬੰਧਾਈਆ। ਕਲਜੁਗ ਜਪਾਏ ਆਪਣਾ ਨਾਉਂ, ਨਿਸ਼ਅੱਖਰ ਕਰੇ ਪੜ੍ਹਾਈਆ। ਆਪੇ ਪਿਤਾ ਆਪੇ ਮਾਉਂ, ਆਪੇ ਬਾਲ ਲਏ ਉਪਜਾਈਆ। ਆਪੇ ਰੱਖੇ ਠੰਡੀ ਛਾਉਂ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਆਪੇ ਕਰੇ ਸਚ ਨਿਆਉਂ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਗੁਣ ਦਏ ਵਖਾਈਆ। ਏਕਾ ਗੁਣ ਗੁਣ ਨਿਧਾਨਾ, ਗੁਣਵੰਤਾ ਆਪ ਜਣਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਸੋਭਾ ਪਾਇੰਦਾ। ਏਕਾ ਵਖਾਏ ਸਚ ਨਿਸ਼ਾਨਾ, ਸਚਖੰਡ ਨਿਵਾਸਾ ਦਰ ਘਰ ਸਾਚੇ ਆਪ ਝੁਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਮੰਨਣੀ ਆਣਾ, ਅਭੁਲ ਭੁਲ ਕਦੇ ਨਾ ਜਾਇੰਦਾ। ਚਰਨ ਕਵਲ ਕਵਲ ਚਰਨ ਦੇਵੇ ਮਾਣਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਤ੍ਰੈ ਤ੍ਰੈ ਹੁਕਮ ਆਪ ਸੁਣਾਇੰਦਾ। ਤ੍ਰੈ ਤ੍ਰੈ ਹੁਕਮ ਹੁਕਮੀ ਧਾਰ, ਗੇੜਾ ਗੇੜੇ ਵਿਚ ਜਣਾਈਆ। ਕਰੇ ਖੇਲ ਹਰਿ ਨਿਰੰਕਾਰ, ਲੇਖਾ ਲੇਖ ਦਏ ਵਖਾਈਆ। ਵਿਸ਼ਨ ਤੇਰਾ ਵਿਸ਼ਵ ਆਧਾਰ, ਵਾਸਤਕ ਮੇਲਾ ਸਹਿਜ ਸੁਭਾਈਆ। ਬ੍ਰਹਮੇ ਤੇਰਾ ਬ੍ਰਹਮ ਆਧਾਰ, ਪਾਰਬ੍ਰਹਮ ਆਪਣੀ ਅੰਸ ਲਏ ਉਪਜਾਈਆ। ਸ਼ੰਕਰ ਤੇਰਾ ਸ਼ਸਤਰ ਨਿਆਰ, ਸ਼ਾਹ ਸੁਲਤਾਨਾ ਹੱਥ ਫੜਾਈਆ। ਤਿੰਨਾਂ ਵਿਚੋਲਾ ਬਣ ਕਰਤਾਰ, ਆਪਣੀ ਕ਼ੁਦਰਤ ਦਏ ਸਮਝਾਈਆ। ਸਾਚਾ ਢੋਲਾ ਗਾਇਆ ਏਕਾ ਵਾਰ, ਦੂਜੀ ਵਾਰ ਨਾ ਕਰੇ ਪੜ੍ਹਾਈਆ। ਲਿਖਣ ਪੜ੍ਹਨ ਤੋਂ ਵਸੇ ਬਾਹਰ, ਕਾਗਦ ਕ਼ਲਮ ਨਾ ਲਿਖੇ ਕੋਇ ਸ਼ਾਹੀਆ। ਪੁਰਖ ਅਬਿਨਾਸ਼ੀ ਸਚਖੰਡ ਬੈਠ ਸੱਚੇ ਦਰਬਾਰ, ਆਪਣਾ ਹੁਕਮ ਦਏ ਸੁਣਾਈਆ। ਆਦਿ ਜੁਗਾਦੀ ਹੋ ਤਿਆਰ, ਆਪਣੇ ਹੱਥ ਰੱਖੀ ਆਪਣੀ ਸ਼ਹਿਨਸ਼ਾਹੀਆ। ਸੂਰਜ ਚੰਨ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਰਖਾਈਆ। ਗਗਨ ਮੰਡਲ ਨਾ ਕੋਇ ਸਹਾਰ, ਧਰਤ ਧਵਲ ਨਾ ਕੋਇ ਵਖਾਈਆ। ਜਲ ਜਲ ਬਿੰਬ ਨਾ ਦਿਸੇ ਕਿਨਾਰ, ਮਹੀਅਲ ਖੇਲ ਨਾ ਕੋਇ ਖਲਾਈਆ। ਚੌਦਾਂ ਲੋਕ ਨਾ ਕੋਇ ਅਖਾੜ, ਚੌਦਾਂ ਤਬਕ ਨਾ ਕੋਇ ਵਡਿਆਈਆ। ਪੰਜ ਤੱਤ ਨਾ ਕੋਇ ਆਕਾਰ, ਤ੍ਰੈਗੁਣ ਨਾਚ ਨਾ ਕੋਇ ਨਚਾਈਆ। ਕਰੇ ਖੇਲ ਆਪ ਨਿਰੰਕਾਰ, ਆਦਿ ਪੁਰਖ ਬੇਪਰਵਾਹੀਆ। ਸਚਖੰਡ ਵਸੇ ਸੱਚੇ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਥਿਰ ਘਰ ਸਾਚੇ ਕਰ ਪਸਾਰ, ਸਚ ਪਸਾਰਾ ਲਏ ਧਰਾਈਆ। ਸ਼ਬਦੀ ਸ਼ਬਦ ਸ਼ਬਦ ਉਜਿਆਰ, ਬ੍ਰਹਮਾ ਵਿਸ਼ਨ ਸ਼ਿਵ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਤੱਤ ਤੱਤ ਗਿਆਨਾ, ਏਕਾ ਸ਼ਬਦ ਸ਼ਬਦ ਨਿਸ਼ਾਨਾ, ਏਕਾ ਰੂਪ ਸ੍ਰੀ ਭਗਵਾਨਾ, ਰੇਖ ਰੰਗ ਨਾ ਕੋਇ ਜਣਾਈਆ। ਸੁਣ ਵਿਸ਼ਨ ਉਠ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਮੇਰਾ ਨਾਉਂ ਤੇਰਾ ਦਾਨ, ਤੇਰਾ ਦਾਨ ਸਰਬ ਵਰਤਾਇੰਦਾ। ਉਠ ਬ੍ਰਹਮੇ ਬ੍ਰਹਮ ਕਰ ਪਰਵਾਨ, ਪਾਰਬ੍ਰਹਮ ਆਪਣੀ ਵੰਡ ਵੰਡਾਇੰਦਾ। ਏਕਾ ਰਾਗ ਸੁਣਾਏ ਕਾਨ, ਨਾਦੀ ਆਪਣਾ ਨਾਦ ਵਜਾਇੰਦਾ। ਉਠ ਸ਼ਿਵ ਮੰਗ ਚਰਨ ਧਿਆਨ, ਚਰਨ ਚਰਨੋਦਕ ਤੇਰੇ ਤਨ ਧੂੜੀ ਟਿੱਕਾ ਆਪ ਲਗਾਇੰਦਾ। ਏਕਾ ਦੇਵੇ ਧੁਰ ਫ਼ਰਮਾਨ, ਅਭੁਲ ਭੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਆਪਣਾ ਰੂਪ ਧਰਾਇੰਦਾ। ਸਾਚਾ ਖੇਲ ਕਰੇ ਕਰਤਾਰਾ, ਪਾਰਬ੍ਰਹਮ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਆਪੇ ਵੇਖੇ ਚਾਈਂ ਚਾਈਂਆ। ਨਿਰਗੁਣ ਨਿਰਗੁਣ ਦਏ ਆਧਾਰਾ, ਨਿਰਗੁਣ ਨਿਰਗੁਣ ਹੋਏ ਸਹਾਈਆ। ਸਰਗੁਣ ਰੂਪ ਹਰਿ ਕਰ ਪਸਾਰਾ, ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਦਏ ਖੁਲ੍ਹਾਈਆ। ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਆਦਿ ਪੁਰਖ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਸਾਰ, ਸਰਗੁਣ ਆਪਣਾ ਬੰਧਨ ਪਾਇੰਦਾ। ਆਪਣਾ ਨਾਉਂ ਰੱਖੇ ਨਿਰੰਕਾਰ, ਨਾਉਂ ਨਿਰੰਕਾਰਾ ਵੇਖ ਵਖਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਪ੍ਰੇਮ ਪਿਆਰ ਆਪ ਕਮਾਇੰਦਾ। ਸੋਹੰ ਆਪਣੀ ਕਰੇ ਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਏ ਦੋਏ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਿਸ਼ਅੱਖਰ ਪੜ੍ਹਨਾ, ਹਰਿ ਸਾਚਾ ਸਚ ਜਣਾਇੰਦਾ। ਸਚ ਦਵਾਰੇ ਸਦਾ ਸਦ ਵੜਨਾ, ਸਾਚਾ ਮਾਰਗ ਇਕ ਵਖਾਇੰਦਾ। ਨਾ ਜੀਣਾ ਨਾ ਕਦੇ ਮਰਨਾ, ਜੀਵਣ ਮਰਨ ਪਾਰਬ੍ਰਹਮ ਪ੍ਰਭ ਆਪਣੇ ਹੱਥ ਵਖਾਇੰਦਾ। ਸਾਚੀ ਤਰਨੀ ਆਪੇ ਤਰਨਾ, ਸਾਚੀ ਸਿਖਿਆ ਇਕ ਸਮਝਾਇੰਦਾ। ਨਿਰਭੌ ਹੋਏ ਕਦੇ ਨਾ ਡਰਨਾ, ਭੈ ਆਪਣਾ ਇਕ ਵਖਾਇੰਦਾ। ਮੇਰਾ ਭਾਣਾ ਸਦਾ ਸਿਰ ਜਰਨਾ, ਦੂਸਰ ਅਵਰ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਘਾੜਨ ਘੜਨਾ, ਘੜ ਭਾਂਡੇ ਆਪ ਸਮਝਾਇੰਦਾ। ਤ੍ਰੈਗੁਣ ਨਾਤਾ ਤੇਰਾ ਵਰਨਾ, ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਅਮੋਲਕ ਝੋਲੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੁਣ ਸੰਦੇਸਾ, ਦੋਏ ਜੋੜ ਚਰਨ ਨਿਮਸਕਾਰਿਆ। ਪਾਰਬ੍ਰਹਮ ਤੋਹੇ ਸਦਾ ਆਦੇਸਾ, ਹਉਂ ਬਲ ਬਲ ਬਲਹਾਰਿਆ। ਤੇਰਾ ਦਰਸ ਏਕਾ ਵਾਰ ਵੇਖਾ, ਭੁਲ ਨਾ ਜਾਣਾ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਆਏ ਦਰ ਭਿਖਾਰਿਆ। ਦਰ ਦਵਾਰ ਬਣ ਭਿਖਾਰੀ, ਵਿਸ਼ਨ ਬ੍ਰਹਮਾ ਸ਼ਿਵ ਮੰਗ ਮੰਗਾਈਆ। ਕਰ ਕਿਰਪਾ ਏਕਾ ਵਾਰੀ, ਤੋਟ ਰਹੇ ਨਾ ਰਾਈਆ। ਤੇਰੇ ਦਰ ਵੇਖੀਏ ਤੇਰੀ ਸੱਚੀ ਸਿਕਦਾਰੀ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਤੇਰੀ ਕਿਰਪਾ ਲੱਖ ਚੁਰਾਸੀ ਕਰ ਕਰ ਉਸਾਰੀ, ਘੜ ਘੜ ਭਾਂਡੇ ਲਏ ਬਣਾਈਆ। ਤੂ ਹੀ ਪੁਰਖ ਤੂ ਹੀ ਨਾਰੀ, ਤੇਰੀ ਕ਼ੁਦਰਤ ਤੇਰੀ ਗੋਦ ਬਹਾਈਆ। ਹਉਂ ਸੇਵਕ ਤੇਰੇ ਸੇਵਾਦਾਰੀ, ਸਾਚੀ ਸੇਵ ਦਰ ਤੇਰੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗੀ ਮੰਗ, ਨਿਰਗੁਣ ਅੱਗੇ ਝੋਲੀ ਡਾਹ। ਤੂੰ ਸਾਹਿਬ ਸੁਲਤਾਨ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ। ਤੇਰੀ ਸੇਜਾ ਵੇਖੀ ਇਕ ਪਲੰਘ, ਸਚਖੰਡ ਦਵਾਰੇ ਬੈਠਾ ਡਾਹ। ਅੱਠੇ ਪਹਿਰ ਵੱਜੇ ਮਰਦੰਗ, ਸ਼ਬਦ ਅਨਾਦੀ ਰਿਹਾ ਗਾ। ਕੋਈ ਨਾ ਸਕੇ ਅੱਗੇ ਲੰਘ, ਅਸੀਂ ਦਰ ਤੇ ਬੈਠੇ ਸੀਸ ਝੁਕਾ। ਤੇਰਾ ਦਰਸ ਪਰਮਾਨੰਦ, ਪਰਮ ਪੁਰਖ ਬੇਪਰਵਾਹ। ਸਾਡੀ ਨੰਗੀ ਨਾ ਹੋਵੇ ਕੰਡ, ਸਿਰ ਰੱਖਣਾ ਹੱਥ ਟਿੱਕਾ। ਇਕ ਸੁਣੌਣਾ ਸੁਹਾਗੀ ਛੰਦ, ਆਦਿ ਜੁਗਾਦਿ ਲਈਏ ਗਾ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਦੀਨਨ ਦਇਆ ਦਏ ਕਮਾ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਲਏ ਪੜ੍ਹਾ। ਵਿਸ਼ਨ ਬ੍ਰਹਮਾ ਸ਼ਿਵ ਹਰਿ ਪੜ੍ਹਾਏ, ਆਦਿ ਪੁਰਖ ਵਡੀ ਵਡਿਆਈਆ। ਨਿਰਗੁਣ ਸਰਗੁਣ ਢੋਲਾ ਏਕਾ ਗਾਏ, ਆਪ ਆਪਣਾ ਆਪ ਅਲਾਈਆ। ਆਪਣਾ ਚੋਲਾ ਆਪ ਬਦਲਾਏ, ਨਿਰਾਕਾਰ ਸਾਕਾਰ ਰੂਪ ਹੋ ਜਾਈਆ। ਆਪਣਾ ਪਰਦਾ ਉਹਲਾ ਆਪ ਉਠਾਏ, ਨਿਰਗੁਣ ਜੋਤ ਕਰ ਰੁਸ਼ਨਾਈਆ। ਸਾਚਾ ਤੋਲਾ ਤੋਲ ਇਕ ਤੁਲਾਏ, ਏਕਾ ਕੰਡਾ ਹੱਥ ਉਠਾਈਆ। ਧੁਰ ਦਾ ਗੋਲਾ ਸੇਵ ਕਮਾਏ, ਸੇਵਾਦਾਰ ਬਣੇ ਸਾਚਾ ਮਾਹੀਆ। ਸ਼ਬਦ ਵਿਚੋਲਾ ਇਕ ਰਖਾਏ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਦੀਨਨ ਆਪਣੀ ਗੋਦ ਬਹਾਇੰਦਾ। ਸਮਰਥ ਪੁਰਖ ਸਾਚੀ ਸਿਖਿਆ ਇਕ ਸਮਝਾ, ਸਾਖਿਆਤ ਰੂਪ ਵਟਾਇੰਦਾ। ਹਰਖ ਸੋਗ ਸਰਬ ਮਿਟਾ, ਏਕਾ ਜੋਗ ਨਾਮ ਸਿਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਰਚਨ ਰਚਾ, ਜੇਰਜ ਅੰਡ ਉਤਭੁਜ ਸੇਤਜ ਵਸਤ ਅਮੋਲਕ ਝੋਲੀ ਪਾਇੰਦਾ। ਤ੍ਰੈਗੁਣ ਮੇਲਾ ਸਹਿਜ ਸੁਭਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾ, ਪੰਜ ਦੱਸ ਰੰਗ ਰੰਗਾਇੰਦਾ। ਰਵ ਸਸ ਕਰ ਰੁਸ਼ਨਾ, ਜੋਤੀ ਕਿਰਨ ਦਏ ਟਿਕਾ, ਕਿਰਨ ਕਿਰਨ ਆਪ ਪਰਗਟਾਇੰਦਾ। ਮੰਡਲ ਮੰਡਪ ਪਲਕ ਵਖਾ, ਖ਼ਾਲਕ ਖ਼ਲਕ ਲਏ ਉਪਾ, ਖ਼ਲਕ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਸਮਝਾਇੰਦਾ। ਆਪਣੀ ਰਚਨਾ ਹਰਿ ਸਮਝਾਏ, ਵਿਸ਼ਨ ਭੁਲ ਕਦੇ ਨਾ ਜਾਈਆ। ਬ੍ਰਹਮਾ ਤੇਰੀ ਗੋਦ ਸੁਹਾਏ, ਬ੍ਰਹਮ ਪੂਤ ਸਪੂਤਾ ਜਾਈਆ। ਸ਼ੰਕਰ ਤੇਰੀ ਸੇਵ ਲਗਾਏ, ਜੋ ਘੜਿਆ ਭੰਨ ਵਖਾਈਆ। ਤਿੰਨਾਂ ਵਿਚੋਲਾ ਆਪ ਹੋ ਜਾਏ, ਆਦਿ ਜੁਗਾਦਿ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਖੇਲ ਖਿਲਾਏ, ਸਰਗੁਣ ਨਿਰਗੁਣ ਵੇਖ ਵਖਾਈਆ। ਆਦਿ ਆਦਿ ਢੋਲਾ ਸਰਬ ਗਾਏ, ਏਕਾ ਏਕ ਕਰੇ ਪੜ੍ਹਾਈਆ। ਸੋਹੰ ਰੂਪ ਪਾਏ ਥਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਏ। ਸੋਹੰ ਢੋਲਾ ਸਾਚਾ ਗੌਣਾ, ਆਦਿ ਪੁਰਖ ਸਮਝਾਇਆ। ਵਿਸ਼ਨ ਬ੍ਰਹਮਾ ਸ਼ਿਵ ਏਕਾ ਰੰਗ ਰੰਗੌਣਾ, ਰੰਗ ਉਤਰ ਕਦੇ ਨਾ ਜਾਇਆ। ਲੱਖ ਚੁਰਾਸੀ ਸੇਵ ਕਮੌਣਾ, ਪੰਜ ਤੱਤ ਵੇਖੇ ਥਾਉਂ ਥਾਇਆ। ਜੇਰਜ ਅੰਡਜ ਉਤਭੁਜ ਸੇਤਜ ਬੰਧਨ ਪੌਣਾ, ਬੰਦੀ ਬੰਦ ਆਪ ਰਖਾਇਆ। ਚਾਰੇ ਖਾਣੀ ਨਾਦ ਵਜੌਣਾ, ਚਾਰੇ ਬਾਣੀ ਬਾਣ ਲਗਾਇਆ। ਪਰਾ ਪਸੰਤੀ ਰੂਪ ਵਟੌਣਾ, ਮਧਮ ਬੈਖਰੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਦਏ ਸਮਝਾਇਆ। ਸੋਹੰ ਢੋਲਾ ਰਸਨਾ ਗਾ, ਏਕਾ ਤੱਤ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਮਝਾ, ਸਮਝ ਸਮਝ ਵਿਚ ਟਿਕਾਇੰਦਾ। ਲੱਖ ਚੁਰਾਸੀ ਘਾੜਤ ਲੈਣਾ ਘੜਾ, ਘੜਨ ਭੰਨਣਹਾਰ ਆਪਣਾ ਹੁਕਮ ਵਰਤਾਇੰਦਾ। ਘਟ ਘਟ ਅੰਦਰ ਆਪਣਾ ਆਸਣ ਦੇਣਾ ਲਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਏਕਾ ਵਸਤ ਮੰਗਣੀ ਆ, ਵਸਤ ਅਮੋਲਕ ਇਕ ਸਮਝਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਨਿਰੰਜਣ ਝੋਲੀ ਦੇਵੇ ਪਾ, ਘਰ ਘਰ ਵਿਚ ਆਪ ਰਖਾਇੰਦਾ। ਆਪਣਾ ਨਾਦ ਦਏ ਸੁਣਾ, ਘਟ ਘਟ ਨਾਦ ਆਪ ਵਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਭੁਲ ਨਾ ਜਾ, ਅਭੁਲ ਗੁਣ ਇਕ ਵਖਾਇੰਦਾ। ਸੋਹੰ ਢੋਲਾ ਏਕਾ ਗਾ, ਆਦਿ ਜੁਗਾਦਿ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਆਪਣਾ ਮਾਰਗ ਆਪੇ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੁਣਿਆ ਲਾ ਲਾ ਕੰਨ, ਦਰ ਦਰਵੇਸ਼ ਸੀਸ ਝੁਕਾਇਆ। ਤੂੰ ਸਾਹਿਬ ਬੇੜਾ ਦੇਣਾ ਬੰਨ੍ਹ, ਸਿਰ ਸਮਰਥ ਹੱਥ ਰਖਾਇਆ। ਆਦਿ ਜੁਗਾਦਿ ਕਹੀਏ ਧੰਨ ਧੰਨ, ਧੰਨ ਤੇਰੀ ਵਡਿਆਇਆ। ਤੂੰ ਵਸੇਂ ਬਿਨ ਛੱਪਰ ਛੰਨ, ਤੇਰਾ ਮੰਦਰ ਕਿਸੇ ਨਾ ਪਾਇਆ। ਤੂੰ ਜਨਨੀ ਤੂੰ ਸਾਚਾ ਜਨ, ਜਨ ਜਣੇਂਦੀ ਤੂੰ ਹੀ ਮਾਇਆ। ਤੂੰ ਘੜੇ ਤੂੰ ਲਈਂ ਭੰਨ, ਘੜਨ ਭੰਨਣਹਾਰ ਪੁਰਖ ਸਮਰਥ ਅਖਵਾਇਆ। ਤੂੰ ਆਦਿ ਜੁਗਾਦਿ ਦੇਵਾਂ ਡੰਨ, ਲੇਖਾ ਆਪਣੇ ਹੱਥ ਰਖਾਇਆ। ਹਉਂ ਤੁਧ ਬਿਨ ਹੋਏ ਅੰਨ੍ਹ, ਨੇਤਰ ਨੈਣ ਨਾ ਕੋਇ ਖੁਲ੍ਹਾਇਆ। ਤੇਰਾ ਪਰਕਾਸ਼ ਸਾਚਾ ਚੰਨ, ਅਨਭਵ ਤੇਰਾ ਰੂਪ ਸਮਾਇਆ। ਹਉਂ ਤੇਰਾ ਕਹਿਣਾ ਲਈਏ ਮੰਨ, ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਸਮਰਥ ਹੱਥ ਰਖਾਇਆ। ਹਉਂ ਮੰਗਣ ਆਏ ਦਰ ਦਰਵੇਸ਼, ਕਿਰਪਾ ਨਿਧ ਗੁਣ ਨਿਧਾਨਾ। ਇਕ ਵੇਰ ਨੇਤਰ ਫੇਰ ਹਰਿ ਜੂ ਵੇਖ, ਹਉਂ ਤੇਰੇ ਬਾਲ ਨਾਦਾਨਾ। ਸਾਡੀ ਆਪਣੀ ਹੱਥੀਂ ਲਿਖ ਰੇਖ, ਨਾ ਮੇਟੇ ਕੋਇ ਨਿਸ਼ਾਨਾ। ਆਦਿ ਜੁਗਾਦਿ ਤੇਰਾ ਦਰਸਨ ਲਈਏ ਪੇਖ, ਮੇਰੇ ਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ। ਤੂੰ ਰੱਖੀਂ ਸਾਇਆ ਹੇਠ, ਤੇਰਾ ਝੁਲਦਾ ਰਹੇ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਖ਼ਸ਼ਿਸ਼ ਕਰੀਂ ਸਾਚਾ ਦਾਨਾ। ਹਰਿ ਦਾਤਾ ਦਾਨੀ ਦਾਨ ਵੰਡਦਾ, ਗੁਣਵੰਤਾ ਬੇਪਰਵਾਹ। ਲੇਖਾ ਜਾਣੇ ਆਦਿ ਅੰਤ ਦਾ, ਬੇਅੰਤ ਆਪਣੀ ਖੇਲ ਖਿਲਾ। ਲੇਖਾ ਜਾਣੇ ਨਾਰੀ ਕੰਤ ਦਾ, ਨਰ ਨਰਾਇਣ ਹਰਿ ਰੂਪ ਵਟਾ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾ। ਹਰਿ ਹਰਿ ਭੇਵ ਖੁਲ੍ਹਾਇੰਦਾ, ਅਗੰਮ ਅਗੰਮੜਾ ਬੋਲ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਲਗਾਇੰਦਾ, ਆਦਿ ਜੁਗਾਦਿ ਰਹੇ ਅਡੋਲ। ਹੁਕਮੀ ਹੁਕਮ ਸਰਬ ਫਿਰਾਇੰਦਾ, ਤੋਲਣਹਾਰਾ ਸਾਚਾ ਤੋਲ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਇਕ ਵਖਾਇੰਦਾ, ਨਾ ਰਹਿਣਾ ਮਾਤ ਅਨਭੋਲ। ਚਾਰ ਜੁਗ ਦਾ ਬੰਧਨ ਪਾਇੰਦਾ, ਜਗਤ ਭੰਡਾਰਾ ਦੇਵੇ ਖੋਲ੍ਹ। ਲੱਖ ਚੁਰਾਸੀ ਆਪ ਵਰਤਾਇੰਦਾ, ਸਾਚੀ ਵਸਤ ਰੱਖੇ ਕੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਅੰਦਰ ਜਾਏ ਮੌਲ। ਹਰ ਘਟ ਅੰਦਰ ਵਸਣਾ, ਨਿਰਗੁਣ ਸਰਗੁਣ ਮੇਲ ਮਿਲਾ। ਪੰਜ ਤੱਤ ਅੰਦਰ ਬਹਿ ਬਹਿ ਹੱਸਣਾ, ਜੋਤੀ ਜੋਤ ਕਰ ਰੁਸ਼ਨਾ। ਸ਼ਬਦ ਨਿਰਾਲਾ ਤੀਰ ਕਸਣਾ, ਬਾਣ ਅਗੰਮਾ ਦਏ ਲਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾ। ਹਰਿ ਲੇਖਾ ਅਪਰ ਅਪਾਰ, ਪਾਰਬ੍ਰਹਮ ਜਣਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਆਵੇ ਵਾਰੋ ਵਾਰ, ਲੋਕਮਾਤ ਵੱਜੇੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਰਿਹਾ ਉਠਾਈਆ। ਤ੍ਰੈਗੁਣ ਬੰਧਨ ਪਾਏ ਸੰਸਾਰ, ਪੰਜ ਤੱਤ ਮੇਲਾ ਦਏ ਮਿਲਾਈਆ। ਨਿਰਗੁਣ ਸਰਗੁਣ ਕਰ ਪਸਾਰ, ਚਾਰੇ ਖਾਣੀ ਵੇਖ ਵਖਾਈਆ। ਚਾਰੇ ਬਾਣੀ ਦਏ ਭੰਡਾਰ, ਚਾਰ ਜੁਗ ਕਰੇ ਕੁੜਮਾਈਆ। ਚਾਰੋਂ ਕੁੰਟ ਬੋਲ ਜੈਕਾਰ, ਦਹਿ ਦਿਸ਼ਾ ਦਏ ਸੁਣਾਈਆ। ਨਿਰਗੁਣ ਸਰਗੁਣ ਦਏ ਆਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਕਰੇ ਖੇਲ ਬ੍ਰਹਿਮੰਡ ਖੰਡ, ਵਰਭੰਡ ਹੋ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪਣੇ ਹੱਥ ਰਖਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਵੰਡਣ ਵੰਡ, ਹਰਿ ਸਾਚਾ ਸਚ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰੇ ਖੰਡ ਖੰਡ, ਖੰਡਾ ਆਪਣੇ ਹੱਥ ਚਮਕਾਇੰਦਾ। ਕਲਜੁਗ ਔਧ ਜਾਏ ਹੰਢ, ਜੁਗ ਚੌਕੜੀ ਪੰਧ ਮੁਕਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਵੇਖੇ ਆਪਣਾ ਧੰਦ, ਸਾਚੇ ਧੰਦੇ ਤੋਹੇ ਲਾਇੰਦਾ। ਜੁਗਾ ਜੁਗੰਤਰ ਸੁਣਾਏ ਏਕਾ ਛੰਦ, ਨਾਮ ਨਾਮਾ ਆਪ ਪਰਗਟਾਇੰਦਾ। ਆਪੇ ਵਸੇ ਉਹਲੇ ਅੰਧੇਰੀ ਕੰਧ, ਪਰਦਾ ਮਾਤ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵਾਂ ਚੌਕੜੀ ਯੁਗ, ਨਵ ਨੌਂ ਚਾਰ ਹੁਕਮ ਵਰਤਾਇੰਦਾ। ਨਵ ਨੌਂ ਚਾਰ ਵਰਤਣਾ ਭਾਣਾ, ਜੁਗ ਜੁਗ ਹਰਿ ਹਰਿ ਖੇਲ ਖਿਲਾਈਆ। ਕਰੇ ਖੇਲ ਸ੍ਰੀ ਭਗਵਾਨਾ, ਭੇਵ ਅਭੇਦਾ ਭੇਵ ਛੁਪਾਈਆ। ਲੋਕਮਾਤ ਹੋਏ ਪਰਧਾਨਾ, ਨਿਰਗੁਣ ਸਰਗੁਣ ਰੂਪ ਧਰਾਈਆ। ਗੁਰ ਅਵਤਾਰ ਦਏ ਪਰਵਾਨਾ, ਧੁਰ ਸੰਦੇਸਾ ਸ਼ਬਦ ਸੁਣਾਈਆ। ਸਾਚੇ ਸੰਤਾਂ ਬੰਨ੍ਹੇ ਗਾਨਾ, ਹਰਿ ਨਾਮੇ ਸਗਨ ਮਨਾਈਆ। ਭਗਤਾਂ ਦੇਵੇ ਏਕਾ ਦਾਨਾ, ਆਤਮ ਪਰਮਾਤਮ ਝੋਲੀ ਪਾਈਆ। ਗੁਰਮੁਖਾਂ ਵਖਾਏ ਇਕ ਨਿਸ਼ਾਨਾ, ਸਚਖੰਡ ਦਵਾਰ ਰਿਹਾ ਝੁਲਾਈਆ। ਗੁਰਸਿਖਾਂ ਬਖ਼ਸ਼ੇ ਚਰਨ ਧਿਆਨਾ, ਨੇਤਰ ਨੈਣ ਨੈਣ ਖੁਲ੍ਹਾਈਆ। ਸ਼ਬਦ ਸੁਣਾਏ ਸਾਚਾ ਗਾਣਾ, ਬੋਧ ਅਗਾਧ ਪੜ੍ਹਾਈਆ। ਜੁਗ ਜੁਗ ਕਰੇ ਖੇਲ ਮਹਾਨਾ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਲਗਾਈਆ। ਜੁਗ ਚੌਕੜੀ ਖੇਲ ਕਰੌਣਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਚਾਰੋਂ ਕੁੰਟ ਵੇਖ ਵਖੌਣਾ, ਦਹਿ ਦਿਸ਼ਾ ਰੂਪ ਧਰਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਫੇਰਾ ਪੌਣਾ, ਰੂਪ ਰੰਗ ਨਾ ਕੋਇ ਵਖਾਇੰਦਾ। ਪ੍ਰਿਥਮੀ ਆਕਾਸ਼ ਡੰਕ ਵਜੌਣਾ, ਸ਼ਾਹੋ ਸ਼ਾਬਾਸ਼ੀ ਆਪਣਾ ਹੁਕਮ ਆਪ ਜਣਾਇੰਦਾ। ਨਿਰਗੁਣ ਸਰਗੁਣ ਅੰਦਰ ਵਾਸ ਰਖੌਣਾ, ਵਾਸ ਨਿਵਾਸਾ ਆਪ ਹੋ ਜਾਇੰਦਾ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪਰਬਤ ਆਸਣ ਲੌਣਾ, ਸਮੁੰਦ ਸਾਗਰ ਸੋਭਾ ਪਾਇੰਦਾ। ਗੁਰ ਅਵਤਾਰ ਨਾਉਂ ਧਰੌਣਾ, ਸਤਿ ਸਰੂਪ ਅਨੂਪ ਸਮਝਾਇੰਦਾ। ਭਗਤ ਭਗਵੰਤ ਮੇਲ ਮਿਲੌਣਾ, ਸੰਤ ਕੰਤ ਗੋਦ ਬਹੌਣਾ, ਗੁਰਮੁਖ ਆਪਣੇ ਦਰ ਸੁਹਾਇੰਦਾ। ਗੁਰਸਿਖ ਸਾਚੇ ਸਚ ਦ੍ਰਿੜੌਣਾ, ਨੇਤਰ ਨੈਣ ਇਕ ਖੁਲੌਣਾ, ਸ਼ਬਦ ਅਨਾਦੀ ਇਕ ਵਜੌਣਾ, ਅਨਹਦ ਆਪਣਾ ਰਾਗ ਸੁਣਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪਾਰ ਕਰੌਣਾ, ਚਾਰ ਜੁਗ ਤੇਈ ਅਵਤਾਰ ਸੇਵਾ ਲੌਣਾ, ਅਠਾਰਾਂ ਭਗਤ ਜੋਤ ਜਗੌਣਾ, ਦਸ ਗੁਰ ਸੰਗ ਰਖੌਣਾ, ਈਸਾ ਮੂਸਾ ਬੰਧਨ ਪੌਣਾ, ਚਾਰ ਯਾਰ ਸੰਗ ਮੁਹੰਮਦ ਅੱਲਾ ਰਾਣੀ ਖੇਲ ਖਿਲਾਈਆ। ਧੁਰ ਫ਼ਰਮਾਨਾ ਇਕ ਪੜ੍ਹੌਣਾ, ਰਾਮ ਨਾਮ ਆਪੇ ਗੌਣਾ, ਮੋਰ ਮੁਕਟ ਸੀਸ ਟਿਕੌਣਾ, ਹੂ ਹੂ ਨਾਅਰਾ ਆਪੇ ਲੌਣਾ, ਸਯਦਾ ਸੀਸ ਆਪ ਝੁਕੌਣਾ, ਨਾਮ ਸਤਿ ਆਪੇ ਗੌਣਾ, ਵਾਹਿਗੁਰੂ ਫ਼ਤਹਿ ਆਪ ਗਜਾਈਆ। ਚਾਰੇ ਖਾਣੀ ਪਰਦਾ ਲੌਹਣਾ, ਚਾਰੇ ਬਾਣੀ ਭੇਵ ਚੁਕੌਣਾ, ਚਾਰੇ ਵੇਦਾਂ ਪੰਧ ਮੁਕੌਣਾ, ਅਠਾਰਾਂ ਪੁਰਾਣ ਭੇਵ ਖੁਲੌਣਾ, ਗੀਤਾ ਗਿਆਨ ਇਕ ਦ੍ਰਿੜੌਣਾ, ਅੰਜੀਲ ਕ਼ੁਰਾਨ ਪੰਧ ਮੁਕੌਣਾ, ਸ਼ਬਦ ਬਬਾਣ ਇਕ ਉਠੌਣਾ, ਦੋ ਜਹਾਨ ਆਪ ਫਿਰੌਣਾ, ਨਵ ਨੌਂ ਚਾਰ ਲੇਖ ਮੁਕੌਣਾ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਉਤਰੇ ਪਾਰ, ਚਾਰ ਵਰਨ ਹੋਏ ਖ਼ਵਾਰ, ਜਗਤ ਵਿਦਿਆ ਨਾ ਕੋਇ ਆਧਾਰ, ਤੀਰਥ ਤਟ ਨਾ ਕੋਇ ਕਿਨਾਰ, ਅਠਸਠ ਨਾ ਵਣਜ ਵਪਾਰ, ਚੌਦਾਂ ਹੱਟ ਨਾ ਕੋਇ ਆਧਾਰ, ਤ੍ਰੈਲੋਕ ਨਾ ਕੋਇ ਅਖਾੜ, ਲੋਆਂ ਪੁਰੀਆਂ ਡੇਰਾ ਢਾਹੀਆ। ਚਾਰੋਂ ਕੁੰਟ ਹੋਏ ਅੰਧਿਆਰ, ਸਚ ਸੁੱਚ ਨਾ ਕੋਇ ਪਿਆਰ, ਪਿਤਾ ਪੂਤ ਨਾ ਕੋਇ ਆਧਾਰ, ਭਾਈ ਭੈਣ ਸਾਕ ਸੱਜਣ ਸੈਣ ਨਾ ਕੋਇ ਯਾਰ, ਨਾਤਾ ਤੁਟੇ ਥਾਉਂ ਥਾਈਂਆ। ਹਰਿ ਕਾ ਮੰਦਰ ਨਾ ਕੋਇ ਵਿਚਾਰ, ਦੀਵਾ ਬਾਤੀ ਨਾ ਕੋਇ ਪਸਾਰ, ਕਮਲਾਪਾਤੀ ਮਿਲੇ ਨਾ ਮੀਤ ਮੁਰਾਰ, ਭਰਮੇ ਭੁੱਲੇ ਨਾਰੀ ਨਾਰ, ਨਰ ਨਰਾਇਣ ਨਜ਼ਰ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਕਰੇ ਵਿਚਾਰ, ਸਚਖੰਡ ਬੈਠਾ ਸਾਚਾ ਮਾਹੀਆ। ਜੁਗ ਚੌਕੜੀ ਪਾਵੇ ਸਾਰ, ਗੁਰ ਅਵਤਾਰਾਂ ਲਏ ਉਠਾਲ, ਭਗਤ ਭਗਵੰਤ ਸੁਰਤ ਸੰਭਾਲ, ਸੁਰਤ ਸ਼ਬਦ ਵੇਖੇ ਵੇਖਣਹਾਰਾ, ਮੇਲਾ ਮੇਲ ਨਾ ਕੋਇ ਕਰਾਈਆ। ਗਾਵਤ ਗਾਏ ਸਰਬ ਸੰਸਾਰਾ, ਉਚੀ ਕੂਕ ਕੂਕ ਕਰੇ ਪੁਕਾਰਾ, ਨਾਤਾ ਜੋੜੇ ਨਾ ਕੋਇ ਗਿਰਵਰ ਗਿਰਧਾਰਾ, ਗਹਿਰ ਗੰਭੀਰ ਸਰਬ ਗੁਣ ਠਾਕਰ ਨਜ਼ਰ ਕਿਸੇ ਨਾ ਆਈਆ। ਚਾਰ ਕੁੰਟ ਹੋਏ ਵਿਭਚਾਰਾ, ਮਾਤ ਪੂਤ ਬਣੇ ਕੰਤ ਭਤਾਰਾ, ਘਰ ਘਰ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰਾ, ਧੀਰਜ ਜਤ ਸਤਿ ਸੰਤੋਖ ਬ੍ਰਹਮ ਮਤ ਨਾ ਕੋਇ ਰਖਾਈਆ। ਗੁਰ ਅਵਤਾਰ ਨਾ ਦੇਵੇ ਕੋਇ ਸਹਾਰਾ, ਜੂਠ ਝੂਠ ਲੱਗੇ ਅਖਾੜਾ, ਨਾਚ ਨਚਾਏ ਪੰਚਮ ਧਾੜਾ, ਮਾਇਆ ਮਮਤਾ ਫਿਰੇ ਵਾਹੋ ਦਾਹੀਆ। ਗੁਰਮੁਖ ਰੋਵੇ ਜ਼ਾਰੋ ਜ਼ਾਰਾ, ਧਰਨੀ ਧੌਲ ਕਰੇ ਪੁਕਾਰਾ, ਕਲਜੁਗ ਆਏ ਅੰਤਮ ਵਾਰਾ, ਨਵ ਨੌਂ ਚਾਰ ਨਾ ਦੇਵੇ ਕੋਇ ਸਹਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਲਿਖਿਆ ਲੇਖ ਆਪ ਕਰਤਾਰਾ, ਵੇਦ ਵਿਆਸਾ ਵੇਖ ਵਿਚਾਰਾ, ਮੂਸਾ ਬੋਲੇ ਕੂਕ ਜੈਕਾਰਾ, ਈਸਾ ਮੰਗੇ ਬਣ ਭਿਖਾਰਾ, ਮਗਰ ਆਵੇ ਵਾਹੋ ਦਾਹੀਆ। ਮੁਹੰਮਦ ਸਯਦਾ ਕਰੇ ਨਿਮਸਕਾਰਾ, ਬੇਐਬ ਖ਼ੁਦਾਈ ਪਰਵਰਦਿਗਾਰਾ, ਮੁਕਾਮੇ ਹੱਕ ਵਸੇ ਸਾਂਝਾ ਯਾਰਾ, ਲਾਸ਼ਰੀਕ ਸੱਚਾ ਸ਼ਹਿਨਸ਼ਾਹੀਆ। ਨਾਨਕ ਦੇਵੇ ਸਤਿ ਸਹਾਰਾ, ਊਚ ਊਚ ਅਗੰਮ ਅਪਾਰਾ, ਮਹਾਂਬਲੀ ਉਤਰੇ ਅਵਤਾਰਾ, ਮਾਤ ਪਿਤ ਨਾ ਕੋਇ ਬਣਾਈਆ। ਗੋਬਿੰਦ ਗੁਰ ਬਣ ਲਿਖਾਰਾ, ਏਕਾ ਅੱਖਰ ਬੰਨ੍ਹੇ ਧਾਰਾ, ਪਰਗਟ ਹੋਵੇ ਹਰਿ ਨਿਰੰਕਾਰਾ, ਆਪੇ ਵਸੇ ਧਾਮ ਨਿਆਰਾ, ਸੰਬਲ ਨਗਰ ਦਏ ਵਡਿਆਈਆ। ਨਿਹਕਲੰਕ ਹੋ ਉਜਿਆਰਾ, ਸ਼ਬਦ ਡੰਕ ਵਜਾਏ ਅਪਰ ਅਪਾਰਾ, ਰਾਓ ਰੰਕ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਕਲਜੁਗ ਕਰੇ ਪਾਰ ਕਿਨਾਰਾ, ਰਾਜ ਰਾਜਾਨਾਂ ਮਾਰੇ ਮਾਰਾ, ਸ਼ਾਹ ਸੁਲਤਾਨ ਕੋਇ ਰਹਿਣ ਨਾ ਪਾਈਆ। ਗਊ ਗ਼ਰੀਬਾਂ ਦਏ ਸਹਾਰਾ, ਪਰਗਟ ਹੋਏ ਆਪਣੀ ਵਾਰਾ, ਨਾ ਪੁਰਖ ਨਾ ਦਿਸੇ ਨਾਰਾ, ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਜੋਤੀ ਜੋਤ ਕਰੇ ਰੁਸ਼ਨਾਈਆ। ਖੜਗ ਖੰਡਾ ਤੇਜ਼ ਕਟਾਰਾ, ਦੋ ਜਹਾਨਾਂ ਪਾਵੇ ਸਾਰਾ, ਬ੍ਰਹਿਮੰਡਾਂ ਵੇਖੇ ਇਕ ਅਖਾੜਾ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੋਲਾਈਆ। ਸਤਿਜੁਗ ਸਾਚਾ ਧਰੇ ਆਪ ਕਰਤਾਰਾ, ਏਕਾ ਸ਼ਬਦ ਇਕ ਜੈਕਾਰਾ, ਏਕਾ ਮੰਦਰ ਏਕਾ ਗੁਰੂਦਵਾਰਾ, ਏਕਾ ਮਸਜਿਦ ਏਕਾ ਕਾਅਬਾ ਏਕਾ ਕਲਮਾ ਕਰੇ ਪੜ੍ਹਾਈਆ। ਏਕਾ ਸ਼ਾਹ ਇਕ ਨਵਾਬਾ, ਏਕਾ ਤਨ ਵਜਾਏ ਰਬਾਬਾ, ਏਕਾ ਮੇਲ ਮਿਲਾਏ ਸੱਚੇ ਅਹਿਬਾਬਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਨੂਰੋ ਨੂਰ ਖ਼ੁਦਾਈਆ। ਏਕਾ ਵੇਖੇ ਚੌਦਾਂ ਹਾਟਾ, ਕਰੇ ਖੇਲ ਪੁਰਖ ਸਮਰਾਥਾ, ਚੌਦਾਂ ਤਬਕਾਂ ਜਾਣੇ ਗਾਥਾ, ਆਲਮੀਨ ਕਰੇ ਖੇਲ ਬੇਪਰਵਾਹੀਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥਾ, ਰਵਦਾਸ ਚਮਾਰਾ ਰੱਖੇ ਸਾਥਾ, ਕਬੀਰਾ ਗਾਏ ਆਪਣੀ ਗਾਥਾ, ਨਾਨਕ ਨਿਰਗੁਣ ਸਗਲ ਵਸੂਰਾ ਲਾਥਾ, ਗੋਬਿੰਦ ਹਾਜ਼ਰ ਹਜ਼ੂਰਾ ਜ਼ਾਹਰ ਪੁਰਖ ਅਕਾਲਾ ਇਕ ਮਨਾਈਆ। ਆਪੇ ਹੋਏ ਜੋਤੀ ਜਾਤਾ, ਕਰੇ ਖੇਲ ਪੁਰਖ ਬਿਧਾਤਾ, ਮੇਟੇ ਰੈਣ ਅੰਧੇਰੀ ਰਾਤਾ, ਨਾ ਕੋਇ ਜ਼ਾਤ ਨਾ ਕੋਈ ਪਾਤਾ, ਨਾ ਕੋਈ ਵਰਨ ਨਾ ਕੋਈ ਬਰਨ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਏਕਾ ਹਰਿ ਬੰਨ੍ਹੇ ਨਾਤਾ, ਮਨ ਮਤ ਗਵਾਏ ਨਾਰ ਕਮਜ਼ਾਤਾ, ਉਤਮ ਰੱਖੇ ਸਭ ਦੀ ਜ਼ਾਤਾ, ਏਕਾ ਸ਼ਬਦ ਪਿਤਾ ਮਾਤਾ, ਗੁਰੂ ਗੁਰ ਇਕ ਅਖਵਾਈਆ। ਏਕਾ ਰਾਮ ਏਕਾ ਕ੍ਰਿਸ਼ਨ ਏਕਾ ਦੇਵੀ ਦੇਵ ਪੂਜਾ ਪਾਠਾ, ਏਕਾ ਸਰੋਵਰ ਮਾਰੇ ਠਾਠਾ, ਅੰਮ੍ਰਿਤ ਆਤਮ ਸਾਚਾ ਜਾਮ ਪਿਆਈਆ। ਏਕਾ ਪੂਰਾ ਕਰੇ ਘਾਟਾ, ਕਰੇ ਖੇਲ ਬਾਜ਼ੀਗਰ ਨਾਟਾ, ਚੌਦਾਂ ਲੋਕ ਫਿਰੇ ਨਾਠਾ, ਤ੍ਰੈਭਵਨ ਧਨੀ ਮਹਿਮਾ ਗਣਤ ਨਾ ਗਣੀ, ਲੇਖਾ ਲਿਖਤ ਵਿਚ ਨਾ ਆਈਆ। ਲੇਖਾ ਜਾਣੇ ਤ੍ਰੈਲੋਕੀ ਨਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੁਰਖ ਅਕਾਲਾ ਲੇਖਾ ਜਾਣੇ ਜੋਤ ਉਜਾਲਾ, ਆਦਿ ਸ਼ਕਤ ਆਦਿ ਭਵਾਨੀ ਨੂਰ ਜ਼ਹੂਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਉਠ ਉਠ ਜਾਗ, ਹਰਿ ਸਾਚਾ ਸਚ ਜਣਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਲੱਗਾ ਰਿਹਾ ਇਕ ਵੈਰਾਗ, ਜੁਗ ਚੌਕੜੀ ਪੰਧ ਮੁਕਾਇੰਦਾ। ਅੰਤਮ ਮਿਲੇ ਕੰਤ ਸੁਹਾਗ, ਗੀਤ ਸੁਹਾਗੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਵੈਰ ਪੁਰਖ ਆਪਣਾ ਖੇਲ ਖਿਲਾਇੰਦਾ। ਨਿਰਵੈਰ ਪੁਰਖ ਪੁਰਖ ਅਕਾਲਾ, ਨਿਰਗੁਣ ਨਿਰਵੈਰ ਆਪਣਾ ਖੇਲ ਖਿਲਾਈਆ। ਦੀਨਾਂ ਬੰਧਪ ਦੀਨ ਦਿਆਲਾ, ਦੀਨਾਂ ਨਾਥਾ ਗਲੇ ਲਗਾਈਆ। ਲੇਖਾ ਜਾਣੇ ਕਾਲ ਮਹਾਕਾਲਾ, ਮਹਾਕਾਲ ਹੋਏ ਸਹਾਈਆ। ਲੋਕਮਾਤ ਬਣਾਏ ਸਚਖੰਡ ਸੱਚੀ ਧਰਮਸਾਲਾ, ਸਾਢੇ ਤਿੰਨ ਹੱਥ ਸਚ ਸਿੰਘਾਸਣ ਘਾੜਤ ਲਏ ਘੜਾਈਆ। ਨਾਮ ਅਗੰਮੀ ਸ਼ਬਦੀ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਤੋੜਨਹਾਰਾ ਜਗਤ ਜੰਜਾਲਾ, ਤ੍ਰੈਗੁਣ ਫੰਦ ਦਏ ਕਟਾਈਆ। ਏਕਾ ਦੱਸੇ ਰਾਹ ਸੁਖਾਲਾ, ਚਾਰ ਵਰਨ ਕਰੇ ਪੜ੍ਹਾਈਆ। ਪਾਰਬ੍ਰਹਮ ਕਰੇ ਸਰਬ ਪ੍ਰਿਤਪਾਲਾ, ਪ੍ਰਿਤਪਾਲਕ ਇਕ ਅਖਵਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਦ ਚਲੇ ਨਾਲ ਨਾਲਾ, ਜੋ ਜਨ ਅੰਤਰ ਆਤਮ ਧਿਆਨ ਲਗਾਈਆ। ਘਟ ਘਟ ਅੰਦਰ ਜਿਸ ਦੀਪਕ ਬਾਲਾ, ਆਪਣੀ ਸੇਜਾ ਸੁੱਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਵੇਲਾ ਦਏ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਲ ਆਏ ਅੰਤ, ਅੰਤ ਕੋਇ ਰਹਿਣ ਨਾ ਪਾਇਆ। ਧਰੇ ਜੋਤ ਸ੍ਰੀ ਭਗਵੰਤ, ਨਿਰਗੁਣ ਜੋਤ ਜੋਤ ਰੁਸ਼ਨਾਇਆ। ਲੱਖ ਚੁਰਾਸੀ ਸਾਚਾ ਕੰਤ, ਨਾ ਮਰੇ ਨਾ ਜਾਇਆ। ਮਹਿਮਾ ਜਣਾਏ ਗਣ ਅਗਣਤ, ਚਾਰ ਵੇਦ ਭੇਵ ਨਾ ਰਾਇਆ। ਗੁਰ ਅਵਤਾਰ ਗਾਏ ਮੰਤ, ਮੰਤਰ ਨਾਮ ਇਕ ਦ੍ਰਿੜਾਇਆ। ਲੇਖਾ ਜਾਣੇ ਭਗਤ ਸੰਤ, ਗੁਰਮੁਖ ਗੁਰਸਿਖ ਲਏ ਉਠਾਇਆ। ਚਾਰ ਕੁੰਟ ਵੇਖੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਵੇਸ ਵਟਾਇਆ। ਜੀਵ ਜੰਤ ਭੁੱਖ ਨੰਗਤ, ਹਰਿ ਕਾ ਨਾਮ ਝੋਲੀ ਕਿਸੇ ਨਾ ਪਾਇਆ। ਮਿਲਿਆ ਮੇਲ ਨਾ ਸਾਚੀ ਸੰਗਤ, ਵਰਨ ਬਰਨ ਪਈ ਲੜਾਇਆ। ਅੰਗੀਕਾਰ ਨਾ ਕਰਿਆ ਅੰਗਦ, ਅੰਕ ਏਕਾ ਨਜ਼ਰ ਕਿਸੇ ਨਾ ਆਇਆ। ਹਰਿ ਕਾ ਨਾਮ ਭੋਜਨ ਛਕਿਆ ਨਾ ਸਾਚੀ ਪੰਗਤ, ਰਸਨਾ ਪੜ੍ਹ ਪੜ੍ਹ ਵਾਦ ਵਧਾਇਆ। ਦਰ ਦਰਵੇਸ਼ ਨਾ ਬਣਿਆ ਮੰਗਤ, ਮਨ ਕਾ ਮੋਹ ਨਾ ਕੋਇ ਚੁਕਾਇਆ। ਗੁਰਸਿਖ ਪੜ੍ਹਾਵੇ ਕਿਆ ਕੋਈ ਪੰਡਤ, ਪੰਡਤ ਪਾਂਧਾ ਪੜ੍ਹਨ ਪਾਠਸ਼ਾਲਾ ਕਦੇ ਨਾ ਜਾਇਆ। ਜਿਸ ਮਿਲਿਆ ਹਰਿ ਅਖੰਡਤ, ਅਖੰਡ ਰੂਪ ਦਏ ਦਰਸਾਇਆ। ਬ੍ਰਹਮੇ ਵਿਸ਼ਨ ਸ਼ਿਵ ਤੇਰੀ ਵੇਖੇ ਜੰਤ, ਲੱਖ ਚੁਰਾਸੀ ਫੋਲ ਫੋਲਾਇਆ। ਕਲਜੁਗ ਵੇਲਾ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਵਰਤਾਇਆ। ਏਕਾ ਹੁਕਮ ਵਰਤੇ ਭਗਵਾਨ, ਦੂਸਰ ਅਵਰ ਨਾ ਕੋਇ ਵਡਿਆਈਆ। ਪੁਰਖ ਅਬਿਨਾਸ਼ੀ ਆਏ ਵਿਚ ਮੈਦਾਨ, ਨਾਮ ਖੰਡਾ ਹੱਥ ਚਮਕਾਈਆ। ਕਲਜੁਗ ਮੇਟੇ ਝੂਠ ਦੁਕਾਨ, ਕੂੜੀ ਕਿਰਿਆ ਰਹੇ ਨਾ ਰਾਈਆ। ਤਖ਼ਤੋਂ ਲਾਹੇ ਰਾਜ ਰਾਜਾਨ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਦੇਵੇ ਇਕ ਗਿਆਨ, ਆਤਮ ਬ੍ਰਹਮ ਕਰੇ ਪੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਏ ਇਕ ਭਗਵਾਨ, ਦ੍ਰਿਸ਼ਟ ਇਸ਼ਟ ਦਏ ਵਖਾਈਆ। ਸਰਬ ਜੀਆਂ ਦਾ ਸਾਚਾ ਕਾਹਨ, ਲੱਖ ਚੁਰਾਸੀ ਗੋਦ ਬਹਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਏਕਾ ਰਾਗ ਸੁਣਾਏ ਕਾਨ, ਸੋਲਾਂ ਵਿਦਿਆ ਮੁਖ ਸ਼ਰਮਾਈਆ। ਸਤਿਜੁਗ ਸਾਚਾ ਮਾਰਗ ਲਾਏ ਆਣ, ਵਾਹਵਾ ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਨਾ ਮੰਨੇ ਕਿਸੇ ਦੀ ਆਣ, ਆਪਣਾ ਹੁਕਮ ਆਪ ਵਰਤਾਈਆ। ਗੁਰਮੁਖ ਗੁਰਸਿਖ ਸੱਜਣ ਸੁਹੇਲੇ ਆਪ ਪਛਾਣ, ਲੋਕਮਾਤ ਹੋਏ ਸਹਾਈਆ। ਦਰ ਦਰ ਘਰ ਘਰ ਦਰਸਣ ਦੇਵੇ ਆਣ, ਦੀਨ ਦੁਨੀ ਛੱਡੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਗਤ ਦ੍ਰਿਸ਼ਟੀ ਦਏ ਭਵਾਈਆ। ਜਗਤ ਦ੍ਰਿਸ਼ਟੀ ਕਲਜੁਗ ਚੰਮ, ਚਾਰ ਕੁੰਟ ਅੰਧੇਰਾ ਛਾਇਆ। ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਲੋਕਮਾਤ ਵੇਖ ਵਖਾਇਆ। ਮਨਮੁਖਤਾ ਦੇਵੇ ਡੰਨ, ਏਕਾ ਖੰਡਾ ਹੱਥ ਉਠਾਇਆ। ਕੂੜ ਕੁੜਿਆਰਾ ਦੇਵੇ ਭੰਨ, ਏਕਾ ਠੋਕਰ ਨਾਮ ਲਗਾਇਆ। ਆਤਮ ਬ੍ਰਹਮ ਨਾ ਜਾਣੇ ਕੋਇ ਬ੍ਰਹਿਮਣ, ਬ੍ਰਹਮ ਵੇਤਾ ਦਿਸ ਕਿਸੇ ਨਾ ਆਇਆ। ਪਾਹਨ ਪੱਥਰ ਕਦੇ ਨਾ ਬਣੇ ਜ਼ਾਮਨ, ਦਾਮਨਗੀਰ ਦਾਮਨ ਹੱਥ ਨਾ ਕਿਸੇ ਵਖਾਇਆ। ਪੰਜ ਤੱਤ ਅੰਤਰ ਕਾਮਨੀ ਕਾਮਨ, ਲੋਭ ਮੋਹ ਹੰਕਾਰ ਖੇਲ ਖਿਲਾਇਆ। ਚਾਰੋਂ ਕੁੰਟ ਅੰਧੇਰਾ ਸ਼ਾਮਨ, ਸ਼ਮਅ ਦੀਪ ਨਾ ਕੋਇ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵੇਖੇ ਮਨ ਹੰਕਾਰੀ ਰਾਵਣ, ਰਾਮ ਰੂਪ ਕਿਸੇ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਅੰਤਮ ਲੇਖਾ ਦਏ ਮੁਕਾਇਆ। ਲੇਖਾ ਤੇਰਾ ਮੁੱਕਣਾ, ਦੋ ਜਹਾਨਾਂ ਧਾਰ। ਵੇਲਾ ਅੰਤਮ ਢੁਕਣਾ, ਨਾ ਕੋਈ ਪਾਵੇ ਸਾਰ। ਪੁਰਖ ਅਗੰਮਾ ਏਕਾ ਬੁੱਕਣਾ, ਦੋ ਜਹਾਨਾਂ ਕਰੇ ਖ਼ਬਰਦਾਰ। ਕਲਜੁਗ ਅੰਤਮ ਝੂਠ ਦਵਾਰਾ ਲੁੱਟਣਾ, ਕੂੜ ਕੁੜਿਆਰਾ ਮਾਰੇ ਮਾਰ। ਲੱਖ ਚੁਰਾਸੀ ਭਾਗ ਨਿਖੁਟਣਾ, ਜਿਸ ਵਿਸਿਰਿਆ ਕਰਤਾਰ। ਗੁਰਮੁਖਾਂ ਉਪਰ ਹਰਿ ਜੂ ਤੁੱਠਣਾ, ਦੇਵੇ ਦਰਸ ਦੀਦਾਰ। ਅੰਤਮ ਰੱਖੇ ਏਕਾ ਮੁਠਣਾ, ਮੁੱਠੀ ਲੱਖ ਚੁਰਾਸੀ ਵਿਚੋਂ ਲਏ ਨਿਕਾਲ। ਜਿਸ ਰੱਖੀ ਏਕਾ ਓਟਨਾ ਸ਼ਬਦ ਚੋਟ ਲਗਾਏ ਸਾਚਾ ਤਾਲ। ਮਾਇਆ ਮਮਤਾ ਕੱਢੇ ਖੋਟਨਾ, ਸਾਚਾ ਮਾਰਗ ਦਏ ਵਖਾਲ। ਦੇਵੇ ਨਾਮ ਭੰਡਾਰ ਅਤੋਟਣਾ, ਨਿਖੁਟ ਜਾਏ ਨਾ ਵਿਚ ਸੰਸਾਰ। ਅੰਤ ਮਿਲਾਏ ਜੋਤੀ ਜੋਤਨਾ, ਜੋਤੀ ਸ਼ਬਦੀ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸਾਚਾ ਹਰਿ, ਲੱਖ ਚੁਰਾਸੀ ਘਟ ਘਟ ਵਾਸੀ ਵੇਖੇ ਪਤ ਡਾਲ੍ਹ। ਅੱਠ ਬੋਤਲਾਂ ਅੱਠ ਤੱਤ ਕੱਢਿਆ ਅਰਕ, ਗੁਰ ਸਤਿਗੁਰ ਦਇਆ ਕਮਾਈਆ। ਨੌਂ ਜਨਮ ਦਾ ਨਿਕਲਿਆ ਫ਼ਰਕ, ਫ਼ਰਮਾਬਰਦਾਰ ਹੋਏ ਸਹਾਈਆ। ਜਨਮ ਜਨਮ ਦਾ ਉਲਟਿਆ ਵਰਕ, ਵਰਕਾ ਵਰਕਾ ਦਏ ਉਲਟਾਈਆ। ਨਾਵਾਂ ਜਨਮ ਲਗਾਈ ਤਰਕ, ਗੁਰਮੁਖ ਸੋਇਆ ਆਪ ਉਠਾਈਆ। ਪਾਇਆ ਹਰਿ ਨਾ ਕੋਇ ਸੋਗ ਨਾ ਕੋਇ ਹਰਖ, ਹਰਿ ਕੇ ਪੌੜੇ ਦਏ ਚੜ੍ਹਾਈਆ। ਆਪਣੀ ਪੂਰਬ ਜਨਮ ਦੀ ਪੂਰੀ ਕਰੇ ਸ਼ਰਤ, ਸ਼ਰਅ ਸ਼ਰੀਅਤ ਭੁਲ ਕਦੇ ਨਾ ਜਾਈਆ। ਅੱਠ ਤੱਤ ਜੋੜ ਜੁੜੇ ਨਾ ਫੇਰ ਪਰਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਮੇਲਾ ਫੇਰ ਨਾ ਮਾਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਜਨਮ ਦੀ ਪੂਰਬ ਆਸ ਤ੍ਰਿਸਨਾ ਮੇਟ ਮਿਟਾਈਆ। ਤ੍ਰਿਸਨਾ ਮਿਟੇ ਸ਼ਰਅ ਆਬ, ਆਬ ਸ਼ਰਅ ਰੂਪ ਵਖਾਈਆ। ਉਲਟੀ ਕਰੇ ਕਵਲੀ ਨਾਭ, ਨਾਭੀ ਕਵਲ ਮੁਖ ਭਵਾਈਆ। ਜਨਮ ਜਨਮ ਦੇ ਮੇਟੇ ਪਾਪ, ਦੁਰਮਤ ਧੋਤੀ ਸ਼ਾਹੀਆ। ਦਇਆ ਕਰੀ ਹਰਿ ਆਪਣੀ ਆਪ, ਜਗਤ ਵਸੀਲਾ ਨਾ ਕੋਇ ਵਖਾਈਆ। ਲੇਖਾ ਚੁਕਾਏ ਜਿਉਂ ਪੂਤ ਮਾਈ ਬਾਪ, ਪਿਤਾ ਪੂਤ ਏਕਾ ਗੋਦ ਸੁਹਾਈਆ। ਨੌਂ ਜਨਮ ਦੀ ਮਿਟੀ ਅੰਧੇਰੀ ਰਾਤ, ਨਾਵਾਂ ਜਨਮ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਦਏ ਲਗਾਈਆ। ਲੇਖਾ ਚੁਕਿਆ ਮਿਲਿਆ ਲਹਿਣਾ, ਗੁਰ ਸਤਿਗੁਰ ਦਇਆ ਕਮਾਇੰਦਾ। ਅੱਠ ਜਨਮ ਦਾ ਕੀਤਾ ਵੇਖਿਆ ਆਪਣੇ ਨੈਣਾਂ, ਮਦਿ ਪਿਆਲਾ ਜੋ ਮੁਖ ਲਗਾਇੰਦਾ। ਨਾਵਾਂ ਜਨਮ ਹਰਿ ਕਾ ਭਾਣਾ ਸਹਿਣਾ, ਆਤਮ ਰਸ ਇਕ ਵਖਾਇੰਦਾ। ਤਨ ਬਸਤਰ ਪਾਏ ਏਕਾ ਗਹਿਣਾ, ਸੋਲਾਂ ਇਛਿਆ ਸੋਲਾਂ ਸ਼ੰਗਾਰ, ਸਾਹਿਬ ਸਤਿਗੁਰ ਕਰੇ ਪਿਆਰ, ਗੁਰਮੁਖ ਗੁਰਮੁਖ ਗੁਰਮੁਖ ਵੇਖ ਵਖਾਇੰਦਾ। ਕਾਗਦ ਕ਼ਲਮ ਰੋਵੇ ਜ਼ਾਰੋ ਜ਼ਾਰ, ਸੱਤ ਸਮੁੰਦਰ ਮਸ ਕੂਕ ਕੂਕ ਕਰੇ ਪੁਕਾਰ, ਅਠਾਰਾਂ ਭਾਰ ਬਨਾਸਪਤ ਨਾ ਕਰੇ ਕੋਇ ਵਿਚਾਰ, ਗੁਰਸਿਖ ਤੇਰਾ ਲੇਖਾ ਲਿਖਣ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਮੰਗੇ ਦੀਦਾਰ, ਕਰੋੜ ਤੇਤੀਸਾ ਕਰੇ ਨਿਮਸਕਾਰ, ਜਿਸ ਜਨ ਮਿਲੇ ਆਪ ਨਿਰੰਕਾਰ, ਲੋਕ ਪਰਲੋਕ ਦੋ ਜਹਾਨ ਏਥੇ ਓਥੇ ਵੱਜੇ ਸਦਾ ਵਧਾਈਆ। ਜੁਗ ਜੁਗ ਹਰਿਜਨ ਤੇਰਾ ਨਾਮ ਨਿਸ਼ਾਨ, ਪਸੂ ਪੰਖੀ ਪੰਛੀ ਸਾਰੇ ਗਾਣ ਹੋਏ ਵਡਿਆਈਆ। ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਮਛ ਕਛ ਸਮੁੰਦ ਸਾਗਰ ਡੂੰਘੀ ਖਾਈ ਬੈਠੇ ਧਿਆਨ ਲਗਾਈਆ। ਜਿਸ ਮਿਲਿਆ ਹਰਿ ਚੁਕਿਆ ਡਰ, ਵਸਿਆ ਘਰ ਨਾਰੀ ਨਰ, ਹਰਿ ਭਗਵੰਤ ਸੰਤ ਹੋਏ ਨਾ ਕਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣਾ ਝੋਲੀ ਪਾਈਆ। ਲਹਿਣਾ ਮੁੱਕਿਆ ਚੁੱਕਿਆ ਲੇਖਾ, ਲੇਖਾ ਲੇਖੇ ਹਰਿ ਲਗਾਈਆ। ਆਤਮ ਅੰਤਰ ਕੱਢਿਆ ਭਰਮ ਭੁਲੇਖਾ, ਭਰਮੀ ਭਰਮ ਗੜ੍ਹ ਤੁੜਾਈਆ। ਆਪਣਾ ਪੂਰਬ ਆਪੇ ਵੇਖਾ, ਕਿਰਤੀ ਕਿਰਤ ਕਰਮ ਜੋ ਕਰੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਆਪਣਾ ਵਰ, ਜੁਗ ਵਿਛੜੇ ਜਗਤ ਲਏ ਮਿਲਾਈਆ। ਜਗ ਵਿਛੋੜਾ ਦਿਤਾ ਕੱਟ, ਜਾਗਰਤ ਜੋਤ ਕਰੀ ਰੁਸ਼ਨਾਈਆ। ਪਿਛਲਾ ਲਹਿਣਾ ਪਾਇਆ ਭੱਠ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਗੰਗਾ ਰਾਮ ਲਾਹਾ ਲਿਆ ਖੱਟ, ਰਵਦਾਸ ਚਮਾਰ ਲੇਖਾ ਰਿਹਾ ਮੁਕਾਈਆ। ਪਿਛਲਾ ਕੌਲ ਵੇਖ ਗੰਗਾ ਤਟ, ਤਟ ਕਿਨਾਰਾ ਰਿਹਾ ਸਮਝਾਈਆ। ਜਨਮ ਜਨਮ ਵਟਾਇਆ ਵਾਰ ਅੱਠ, ਅੱਠ ਤੱਤ ਕਰੀ ਕੁੜਮਾਈਆ । ਪਿਛਲਾ ਲੇਖਾ ਪਹਿਲੇ ਦਿਤਾ ਦੱਸ, ਭੁਲ ਰਹੇ ਨਾ ਰਾਈਆ। ਗੁਰਸਿਖ ਜਿੰਨਾਂ ਚਿਰ ਨਾ ਕਹੇ ਬਸ ਬਸ, ਪੁਰਖ ਅਬਿਨਾਸ਼ੀ ਆਪਣਾ ਲੇਖਾ ਦਏ ਵਖਾਈਆ। ਚੋਲਾ ਬਦਲਿਆ ਹੱਸ ਹੱਸ, ਗੁਰਸਿਖ ਮਿਲਾਏ ਨੱਸ ਨੱਸ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਹਿਰਦੇ ਅੰਦਰ ਰਿਹਾ ਵਸ, ਤੀਰ ਨਿਰਾਲਾ ਮਾਰੇ ਕਸ, ਚਿੱਲਾ ਕਮਾਨ ਆਪਣੇ ਹੱਥ ਵਖਾਈਆ। ਅੰਤਰ ਜੋਤ ਕਰੇ ਪਰਕਾਸ਼ ਕੋਟਨ ਰਵ ਸਸ, ਮਿਟੇ ਰੈਣ ਅੰਧੇਰੀ ਮਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਗਾਏ ਆਪਣੇ ਲੜ, ਏਕਾ ਪੱਲੂ ਨਾਮ ਫੜਾਈਆ। ਨਾਮ ਪੱਲਾ ਹੱਥ ਫੜਾਇਆ। ਨਿਰਗੁਣ ਸਰਗੁਣ ਕਰ ਪਿਆਰ। ਕਲਜੁਗ ਜੀਵਾਂ ਦਿਸ ਨਾ ਆਇਆ, ਨਵ ਖੰਡ ਪ੍ਰਿਥਮੀ ਨਾ ਕਰੇ ਕੋਇ ਵਿਚਾਰ। ਸ਼ਬਦੀ ਸ਼ਬਦ ਬੰਧਨ ਪਾਇਆ, ਸੁਰਤ ਸੁਵਾਣੀ ਮਿਲੇ ਹਾਣੀ ਇਕ ਇਕੱਲਾ ਆਪਣੀ ਵਾਰ। ਅੰਮ੍ਰਿਤ ਆਤਮ ਠੰਡਾ ਪਾਣੀ ਦਏ ਪਿਆਇਆ, ਅਠਸਠ ਤੀਰਥ ਕਰ ਖ਼ਵਾਰ। ਘਰ ਵਿਚ ਘਰ ਦੀਪਕ ਜੋਤ ਦਏ ਜਗਾਇਆ, ਮੇਟੇ ਧੂੰਆਂਧਾਰ। ਅਨਹਦ ਸ਼ਬਦ ਦਏ ਸੁਣਾਇਆ, ਛੱਤੀ ਰਾਗ ਨਾ ਕੋਇ ਵਿਚਾਰ। ਸਾਚੇ ਮੰਦਰ ਦਏ ਬਹਾਇਆ। ਹਰਿ ਮੰਦਰ ਕਰ ਤਿਆਰ। ਆਤਮ ਸੇਜਾ ਮੇਲ ਮਿਲਾਇਆ, ਮੇਲ ਮਿਲਾਵਾ ਕੰਤ ਭਤਾਰ। ਮਿਲ ਮਿਲ ਸਖ਼ੀਆਂ ਮੰਗਲ ਗਾਇਆ, ਗੀਤ ਸੁਹਾਗੀ ਏਕੰਕਾਰ। ਤ੍ਰੈਗੁਣ ਤੇਰਾ ਸੰਗਲ ਗੁਰ ਆਪ ਤੁੜਾਇਆ, ਨਾਤਾ ਤੁਟਾ ਪੰਚ ਵਿਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਾਏ ਪਾਰ। ਪਾਰ ਕਿਨਾਰਾ ਡੂੰਘਾ ਸਾਗਰ, ਕਲਜੁਗ ਤਰਨ ਕੋਇ ਨਾ ਜਾਈਆ। ਗੁਰਮੁਖ ਵਿਰਲੇ ਕਰਮ ਕਰੇ ਉਜਾਗਰ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਵਣਜ ਕਰਾਏ ਨਾਮ ਸੌਦਾਗਰ, ਹੱਟ ਵਣਜਾਰਾ ਇਕ ਖੁਲ੍ਹਾਈਆ। ਭਾਗ ਲਗਾਏ ਕਾਇਆ ਗਾਗਰ, ਰਤਨ ਅਮੋਲਕ ਇਕ ਪਰਗਟਾਈਆ। ਰਤਨ ਅਮੋਲਕ ਹਰਿ ਕਾ ਨਾਉਂ ਰਤੀ ਰਤਨਾਗਰ, ਰਤੀ ਰਤ ਦਏ ਸੁਕਾਈਆ। ਨਿਰਮਲ ਕਰਮ ਹੋਇਆ ਉਜਾਗਰ, ਜੋ ਜਨ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਗੁਰ ਸਤਿਗੁਰ ਲਏ ਤਰਾਈਆ।
