੨੯ ਸਾਵਣ ੨੦੧੮ ਬਿਕ੍ਰਮੀ ਵਤਨ ਸਿੰਘ ਦੇ ਗ੍ਰਹਿ ਪਿੰਡ ਸਰੀਂ ਪੁਰ ਜ਼ਿਲਾ ਹੁਸ਼ਿਆਰਪੁਰ
ਸੱਚ ਦਰਬਾਰ ਲਗਾਇਆ ਮਾਤ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਏਕਾ ਬਖ਼ਸ਼ੇ ਨਾਮ ਦਾਤ, ਵਸਤ ਅਮੋਲਕ ਆਪ ਵਰਤਾਈਆ। ਨਾਤਾ ਤੋੜੇ ਜ਼ਾਤ ਪਾਤ, ਮਜ਼੍ਹਬ ਦੀਨ ਨਾ ਕੋਇ ਵਡਿਆਈਆ। ਸਤਿ ਵਖਾਏ ਏਕਾ ਘਾਟ, ਸਚ ਕਿਨਾਰਾ ਦਏ ਜਣਾਈਆ। ਜੂਠੀ ਝੂਠੀ ਮੇਟੇ ਅੰਧੇਰੀ ਰਾਤ, ਸਚ ਸੁੱਚ ਕਰੇ ਰੁਸ਼ਨਾਈਆ। ਪੁਰਖ ਅਕਾਲ ਬੰਧਾਏ ਨਾਤ, ਜਗਤ ਨਾਤਾ ਤੋੜ ਤੁੜਾਈਆ। ਸੋ ਪੁਰਖ ਨਿਰੰਜਣ ਸੁਣਾਏ ਸਾਚੀ ਗਾਥ, ਹੰ ਬ੍ਰਹਮ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਾਏ ਤੀਰਥ ਤਾਟ, ਘਰ ਸਰੋਵਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਸੋਭਾ ਪਾਈਆ। ਸਚ ਦਰਬਾਰ ਲੱਗਾ ਮਾਤ, ਹਰਿ ਨਿਰਗੁਣ ਆਪ ਲਗਾਇਆ। ਆਪੇ ਖੇਲੇ ਖੇਲ ਤਮਾਸ਼, ਰੂਪ ਅਨੂਪ ਧਰਾਇਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੋਲਾਇਆ। ਆਦਿ ਜੁਗਾਦਿ ਨਾ ਹੋਏ ਵਿਨਾਸ, ਜੁਗ ਜੁਗ ਵੇਸ ਕਰਾਇਆ। ਭੇਵ ਚੁਕਾਏ ਰਵ ਸਸ, ਜੋਤ ਨੂਰ ਨੂਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਸੁਹਾਇਆ। ਸਚ ਦਰਬਾਰ ਲਾਏ ਭਗਵਾਨ, ਏਕਾ ਭਗਤਨ ਦੇ ਵਡਿਆਈਆ। ਜੀਵਣ ਜੁਗਤ ਦੇਵੇ ਦਾਨ, ਜਗਤ ਜੁਗ ਦਇਆ ਕਮਾਈਆ। ਏਕਾ ਹੁਕਮ ਧੁਰ ਫ਼ਰਮਾਨ, ਧੁਰਦਰਗਾਹੀ ਆਪ ਸੁਣਾਈਆ। ਚਾਰ ਵਰਨ ਇਕ ਧਿਆਨ, ਇਕ ਗਿਆਨ ਦ੍ਰਿੜਾਈਆ। ਚਾਰ ਵਰਨ ਇਕ ਨਿਸ਼ਾਨ, ਚਾਰੋਂ ਕੁੰਟ ਵਖਾਈਆ। ਚਾਰ ਵਰਨ ਇਕ ਮਕਾਨ, ਏਕਾ ਮੰਦਰ ਦਏ ਸੁਹਾਈਆ। ਚਾਰ ਵਰਨ ਇਕ ਭਗਵਾਨ, ਚਾਰ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਸੋਭਾ ਪਾਈਆ। ਸਚ ਦਰਬਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਕਰੇ ਖੇਲ ਬੇਅੰਤ ਬੇਅੰਤ, ਬੇਪਰਵਾਹ ਵੇਸ ਵਟਾਇੰਦਾ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਹਰਿਜਨ ਸਾਚਾ ਆਪ ਜਗਾਇੰਦਾ। ਮੇਲ ਮਿਲਾਏ ਸਾਜਨ ਸੰਤ, ਸਤਿ ਸਤਿਵਾਦੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਆਪ ਸੁਹਾਇੰਦਾ। ਸਚ ਦਰਬਾਰ ਸੁਹਾਇਆ, ਹਰਿ ਸਾਚਾ ਸਚ ਕਮਾਇੰਦਾ। ਗੁਰਮੁਖ ਵਿਰਲਾ ਆਪ ਉਠਾਇਆ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਪ ਆਪਣੇ ਰੰਗ ਰੰਗਾਇਆ, ਰੰਗ ਰੰਗੀਲਾ ਆਪ ਹੋ ਜਾਇੰਦਾ। ਸਾਚਾ ਨਾਮ ਮਰਦੰਗ ਵਜਾਇਆ, ਆਪ ਆਪਣਾ ਨਾਦ ਸੁਣਾਇੰਦਾ। ਜਨਮ ਜਨਮ ਦੀ ਟੁੱਟੀ ਗੰਢ ਵਖਾਇਆ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਰਬਾਰਾ ਗਿਆ ਲੱਗ, ਹਰਿ ਸਾਚਾ ਆਪ ਲਗਾਇੰਦਾ। ਬਿਨ ਦੀਪਕ ਗਿਆ ਜਗ, ਜਾਗਰਤ ਜੋਤ ਜਗਤ ਵਖਾਇੰਦਾ। ਗੁਰਮੁਖਾਂ ਬੁਝਾਏ ਲੱਗੀ ਅੱਗ, ਅੰਮ੍ਰਿਤ ਮੇਘ ਬਰਸਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਹਰਿ ਭਗਤ ਆਪਣਾ ਰੂਪ ਵਟਾਇੰਦਾ। ਜੋ ਜਨ ਸਰਨਾਈ ਗਿਆ ਲੱਗ, ਤਿਸ ਸੰਸਾ ਰੋਗ ਚੁਕਾਇੰਦਾ। ਸਤਿ ਸਤਿਵਾਦੀ ਬੰਨ੍ਹੇ ਤਗ, ਸਾਚਾ ਸਗਨ ਮਨਾਇੰਦਾ। ਮਾਣਕ ਮੋਤੀ ਹੀਰਾ ਨਗ, ਗੁਰਮੁਖ ਆਪਣੇ ਤਾਜ ਸੁਹਾਇੰਦਾ। ਲੱਖ ਚੁਰਾਸੀ ਨਾਲੋਂ ਕੀਤਾ ਅੱਡ, ਆਪਣੀ ਵੰਡਣ ਆਪ ਵੰਡਾਇੰਦਾ। ਏਕਾ ਨਾਮ ਪਿਆਏ ਮਦਿ, ਮਸਤ ਪਿਆਲਾ ਹੱਥ ਰਖਾਇੰਦਾ। ਆਪਣੇ ਘਰ ਵਿਚ ਆਪੇ ਸੱਦ, ਆਪੇ ਰੰਗ ਰੰਗਾਇੰਦਾ। ਜਗਤ ਕਿਨਾਰਾ ਪਾਰ ਹੱਦ, ਏਕਾ ਵਾਰ ਟਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪ ਸਜਾਇੰਦਾ। ਸਚ ਦਰਬਾਰ ਗਿਆ ਸਜ, ਸੋ ਪੁਰਖ ਨਿਰੰਜਣ ਆਪ ਸਜਾਇਆ। ਸਚ ਸਿੰਘਾਸਣ ਨਿਰਗੁਣ ਚੜ੍ਹਿਆ ਭੱਜ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹਿਆ। ਨਾਮ ਨਗਾਰਾ ਗਿਆ ਵੱਜ, ਦੋ ਜਹਾਨਾਂ ਲਏ ਉਠਾਇਆ। ਕੂੜ ਕੁੜਿਆਰਾ ਰਿਹਾ ਤਜ, ਕਲ ਆਪਣਾ ਪੱਲੂ ਰਿਹਾ ਛੁਡਾਇਆ। ਜੋ ਘੜਿਆ ਸੋ ਰਿਹਾ ਭੱਜ, ਵੇਲਾ ਅੰਤਮ ਆਇਆ। ਕੋਇ ਨਾ ਸਕੇ ਪਰਦਾ ਕੱਜ, ਸਿਰ ਹੱਥ ਨਾ ਕੋਇ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਖੇਲ ਖਿਲਾਇਆ। ਸਚ ਦਰਬਾਰ ਸਹਿਜ ਸੁਭਾਏ, ਸੋ ਪੁਰਖ ਨਿਰੰਜਣ ਆਪ ਲਗਾਈਆ। ਵਾਰ ਥਿਤ ਨਾ ਕੋਇ ਰਖਾਏ, ਆਦਿ ਜੁਗਾਦਿ ਵਡੀ ਵਡਿਆਈਆ। ਰੁਤੜੀ ਰੁਤ ਆਪ ਸੁਹਾਏ, ਰੁਤ ਬਸੰਤੀ ਸੋਭਾ ਪਾਈਆ। ਸਚ ਸੁੱਚ ਆਪ ਵਰਤਾਏ, ਸਾਚੀ ਸਿਖਿਆ ਝੋਲੀ ਪਾਈਆ। ਕਾਇਆ ਮਾਟੀ ਭਾਂਡੇ ਕੱਚ ਭਾਗ ਲਗਾਏ, ਕੰਚਨ ਕਾਇਆ ਗੜ੍ਹ ਵਖਾਈਆ। ਤ੍ਰੈਗੁਣ ਆਂਚ ਦਏ ਬੁਝਾਏ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਦਏ ਵਡਿਆਈਆ। ਸਚ ਦਰਬਾਰ ਸੁਹੰਜਣਾ, ਹਰਿ ਪੁਰਖ ਨਿਰੰਜਣ ਆਪ ਸੁਹਾਇਆ। ਦੀਪਕ ਜਗੇ ਜੋਤ ਨਿਰੰਜਣਾ, ਨੂਰ ਨੁਰਾਨਾ ਡਗਮਗਾਇਆ। ਲੇਖਾ ਜਾਣੇ ਸਾਚਾ ਸੱਜਣਾ, ਹਰਿਜਨ ਸਾਚੇ ਵੇਖ ਵਖਾਇਆ। ਨਾ ਘੜਿਆ ਨਾ ਭੱਜਣਾ, ਜਨਮ ਮਰਨ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਦਏ ਵਖਾਇਆ। ਸਚ ਦਰਬਾਰ ਗਿਆ ਖੁਲ੍ਹ, ਹਰਿ ਸਾਚਾ ਆਪ ਖੁਲ੍ਹਾਇੰਦਾ। ਦੇਵੇ ਵਸਤ ਨਾਮ ਅਨਮੁੱਲ, ਕ਼ੀਮਤ ਕਰਤਾ ਨਾ ਕੋਇ ਲਗਾਇੰਦਾ। ਜੋ ਜਨ ਦਵਾਰੇ ਆਏ ਭੁੱਲ, ਆਪ ਆਪਣੇ ਰੰਗ ਰੰਗਾਇੰਦਾ। ਪੱਤ ਡਾਲ੍ਹੀ ਵੇਖੇ ਫੁਲਵਾੜੀ ਫੁਲ, ਕਲੀ ਕਲੀ ਆਪ ਮਹਿਕਾਇੰਦਾ। ਗੁਰਮੁਖ ਮਾਇਆ ਅੰਦਰ ਨਾ ਜਾਏ ਰੁਲ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਵਡਿਆਇੰਦਾ। ਸਚ ਦਵਾਰ ਵੱਡੀ ਵਡਿਆਈ, ਵਡ ਵੱਡਾ ਆਪ ਕਰਾਇੰਦਾ। ਗੁਰਮੁਖ ਗੁਰ ਹੋਏ ਕੁੜਮਾਈ, ਗੁਰ ਸਤਿਗੁਰ ਖੇਲ ਖਿਲਾਇੰਦਾ। ਗ੍ਰਹਿ ਮੰਦਰ ਵੱਜੇ ਵਧਾਈ, ਘਰ ਖ਼ੁਸ਼ੀਆਂ ਮੰਗਲ ਗਾਇੰਦਾ। ਚਲ ਕੇ ਆਏ ਸਾਚਾ ਰਾਹੀ, ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਸੁਹਾਇੰਦਾ। ਪਾਂਧੀ ਕਰ ਕੇ ਆਏ ਪੰਧ, ਦੂਰ ਦੁਰਾਡਾ ਫੇਰਾ ਪਾਈਆ। ਇਕ ਸੁਣਾਏ ਸੁਹਾਗੀ ਛੰਦ, ਚਾਰ ਵਰਨ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਖ਼ੁਸ਼ੀ ਕਰੇ ਬੰਦ ਬੰਦ, ਹੰ ਬ੍ਰਹਮ ਵੇਖ ਵਖਾਈਆ। ਸੋਹੰ ਦੇਵੇ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਵਰਤਾਈਆ। ਸੋਹੰ ਵਸਤ ਨਾਮ ਭੰਡਾਰ, ਹਰਿ ਚਾਰ ਵਰਨ ਵਰਤਾਇੰਦਾ। ਸਤਿਜੁਗ ਖੁਲ੍ਹੇ ਸਚ ਦਵਾਰ, ਸਤਿ ਸਤਿਵਾਦੀ ਆਪ ਖੁਲ੍ਹਾਇੰਦਾ। ਏਕਾ ਰੰਗ ਰੰਗਾਾਏ ਪੁਰਖ ਨਾਰ, ਨਾਰੀ ਪੁਰਖ ਏਕਾ ਧਾਮ ਬਹਾਇੰਦਾ। ਏਕਾ ਵਣਜ ਕਰਾਏ ਵਪਾਰ, ਸਾਚਾ ਹੱਟ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਆਪੇ ਖੜ, ਆਪਣਾ ਦਰਸ ਦਿਖਾਇੰਦਾ। ਸਚ ਦਵਾਰੇ ਖੇਲ ਕਰਤਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਕ਼ੁਦਰਤ ਕ਼ਾਦਰ ਕਰੇ ਪਿਆਰ, ਬੇਐਬ ਸੱਚਾ ਸ਼ਹਿਨਸ਼ਾਹੀਆ। ਏਕਾ ਸ਼ਬਦ ਨਾਮ ਜੈਕਾਰ, ਧੁਰ ਦੀ ਬਾਣੀ ਬਾਣ ਸੁਣਾਈਆ। ਵਰਨਾਂ ਬਰਨਾਂ ਕਰੇ ਖ਼ਬਰਦਾਰ, ਅਠਾਰਾਂ ਬਰਨ ਦਏ ਸਜ਼ਾਈਆ। ਪਰਗਟ ਹੋ ਨਰ ਨਿਰੰਕਾਰ, ਨਿਰਗੁਣ ਰੂਪ ਲਏ ਵਟਾਈਆ। ਸ਼ਕਤੀ ਖਿਚੇ ਸਰਬ ਸੰਸਾਰ, ਆਪ ਆਪਣੀ ਦਇਆ ਕਮਾਈਆ। ਭਗਤਨ ਜਾਣੇ ਇਕ ਭੰਡਾਰ, ਸਚ ਭੰਡਾਰਾ ਆਪ ਭਰਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਭਗਵੰਤ ਝੋਲੀ ਪਾਈਆ। ਸਾਚੀ ਭਗਤੀ ਗੁਰ ਚਰਨ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਸਾਹਿਬ ਸੱਚਾ ਵਸੇ ਪਾਸ, ਆਪਣਾ ਮੇਲਾ ਮੇਲ ਮਿਲਾਇੰਦਾ। ਕਰੇ ਕਰਾਏ ਬੰਦ ਖ਼ਲਾਸ, ਬੰਦੀ ਬੰਦ ਆਪ ਤੁੜਾਇੰਦਾ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਨਾ ਕੋਇ ਫਰਾਇੰਦਾ। ਪੂਰੀ ਕਰੇ ਹਰਿ ਜੂ ਆਸ, ਹਰਿ ਮੰਦਰ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਆਪ ਸੁਹਾਇੰਦਾ। ਦਰ ਦਰਬਾਰ ਸੁਹੰਜਣਾ, ਸੋਭਾਵੰਤ ਕਰਤਾਰ। ਗੁਰਮੁਖ ਗੁਰ ਗੁਰ ਮਿਲੇ ਏਕਾ ਘਰ ਸੱਜਣਾ, ਘਰ ਸੱਜਣ ਮੀਤ ਮੁਰਾਰ। ਪੀ ਅੰਮ੍ਰਿਤ ਹਰਿਜਨ ਰੱਜਣਾ, ਹੋਏ ਠੰਡਾ ਠਾਰ। ਭਾਂਡਾ ਭਰਮ ਭੌ ਭੱਜਣਾ, ਦੂਈ ਦਵੈਤੀ ਦਏ ਨਿਵਾਰ। ਚਾਰ ਵਰਨਾਂ ਏਕਾ ਘਰ ਵਸਣਾ, ਸਚ ਦਵਾਰਾ ਹਰਿ ਨਿਰੰਕਾਰਾ ਦਏ ਉਸਾਰ। ਊਚਾਂ ਨੀਚਾਂ ਹਰਿ ਹਰਿ ਹੱਸਣਾ, ਰਾਓ ਰੰਕ ਨਾ ਕੋਇ ਵਿਚਾਰ। ਏਕਾ ਸ਼ਬਦ ਗਾਏ ਰਸਨਾ, ਉਚੀ ਕੂਕ ਕੂਕ ਪੁਕਾਰ। ਕਲਜੁਗ ਮਿਟੇ ਰੈਣ ਅੰਧੇਰੀ ਮਸਣਾ, ਸਤਿਜੁਗ ਸਾਚਾ ਹੋਏ ਉਜਿਆਰ। ਲੱਖ ਚੁਰਾਸੀ ਏਕਾ ਮਾਰਗ ਦੱਸਣਾ, ਜਾਏ ਪੈਜ ਸਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚ ਦਰਬਾਰ। ਸਚ ਦਰਬਾਰ ਧੁਰ ਦਰਗਾਹ, ਲੋਕਮਾਤ ਵਡਿਆਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਈਆ। ਇਕ ਜਣਾਏ ਆਪਣਾ ਨਾਂ, ਸੋਹੰ ਕਰੇ ਪੜ੍ਹਾਈਆ। ਸੋਹੰ ਰੂਪ ਨਿਰਗੁਣ ਧਾਰ ਚਲਾ, ਸਰਗੁਣ ਲਏ ਪਰਨਾਈਆ। ਸਰਗੁਣ ਮੇਲਾ ਸਹਿਜ ਸੁਭਾ, ਨਿਰਗੁਣ ਵੇਖੇ ਚਾਈਂ ਚਾਈਂਆ। ਦੋ ਜਹਾਨਾਂ ਵਿਚੋਲਾ ਬਣ ਮਲਾਹ, ਆਪਣੀ ਖੇਲ ਖਿਲਾਈਆ। ਸਤਿ ਸਤਿਵਾਦੀ ਪੱਲੂ ਦਏ ਫੜਾ, ਏਕਾ ਪੱਲੂ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਵੱਜੇ ਵਧਾਈਆ। ਸਚ ਦਰਬਾਰ ਵੱਜੇ ਵਧਾਈ, ਸਤਿਗੁਰ ਸਾਚਾ ਆਪ ਵਜਾਇੰਦਾ। ਚਾਰ ਜੁਗ ਦੇ ਭੁੱਲੇ ਰਾਹੀ, ਫੜ ਫੜ ਰਾਹੇ ਪਾਇੰਦਾ। ਜਨਮ ਜਨਮ ਦੀ ਮੇਟੇ ਸ਼ਾਹੀ, ਦੁਰਮਤ ਮੈਲ ਧਵਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਹੀਂ, ਆਪਣੇ ਗਲੇ ਲਗਾਇੰਦਾ। ਏਕਾ ਅੱਖਰ ਰਿਹਾ ਪੜ੍ਹਾਈ, ਸਾਚੀ ਵਿਦਿਆ ਆਪ ਪਰਗਟਾਇੰਦਾ। ਹੰ ਬ੍ਰਹਮ ਰਿਹਾ ਪਰਗਟਾਈ, ਆਪਣੀ ਦਇਆ ਕਮਾਇੰਦਾ। ਪਾਰਬ੍ਰਹਮ ਦੇਵੇ ਸਰਨਾਈ, ਸਰਨਗਤ ਆਪ ਹੋ ਆਇੰਦਾ। ਦੋ ਜਹਾਨਾਂ ਮੇਲਾ ਏਕਾ ਥਾਈਂ, ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖ ਗੁਰ ਗੁਰ ਮਿਲਣ ਚਾਈਂ ਚਾਈਂ, ਜਗਤ ਵਿਛੋੜਾ ਪੰਧ ਮੁਕਾਇੰਦਾ। ਜਿਉਂ ਧੰਨੇ ਜੱਟ ਮਿਲਿਆ ਗੋਸਾਈਂ, ਸੋ ਵੇਲਾ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਜਣਾਇੰਦਾ। ਸਚ ਦਰਬਾਰ ਜਣਾਏ ਜਨ, ਜਨ ਜਨਨੀ ਲੇਖੇ ਲਾਈਆ। ਏਕਾ ਰਾਗ ਅਲਾਏ ਕੰਨ, ਕਾਨੀ ਤੀਰ ਨਿਸ਼ਾਨ ਬਣਾਈਆ। ਇਕ ਰਬਾਬ ਵਜਾਏ ਤਨ, ਤਾਰ ਸਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਵਖਾਈਆ। ਇਕ ਦਰਬਾਰਾ ਏਕੰਕਾਰਾ, ਆਦਿ ਜੁਗਾਦਿ ਰਖਾਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਜੁਗ ਕਰਤਾ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਸਚ ਸਿੰਘਾਸਣ ਕਰ ਤਿਆਰਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਆਪਣਾ ਬੰਕ ਵਡਿਆਇੰਦਾ। ਏਕਾ ਖੰਡਾ ਖੜ੍ਹਗ ਫੜ ਹੋਏ ਉਜਿਆਰਾ, ਚੰਡ ਪਰਚੰਡ ਆਪ ਚਮਕਾਇੰਦਾ। ਉਚੀ ਕੂਕ ਕਰੇ ਪੁਕਾਰਾ, ਦੋ ਜਹਾਨਾਂ ਆਪ ਸੁਣਾਇੰਦਾ। ਰੂਹ ਬੁੱਤ ਦਾ ਪਾਰ ਕਿਨਾਰਾ, ਅਬਿਨਾਸ਼ੀ ਅਚੁਤ ਆਪ ਕਰਾਇੰਦਾ। ਨੌਂ ਖੰਡ ਪ੍ਰਿਥਮੀ ਲੱਗੇ ਅਖਾੜਾ, ਸੱਤਾਂ ਦੀਪਾਂ ਆਪ ਉਠਾਇੰਦਾ। ਮਗਰ ਲਗਾਏ ਅਗੰਮੀ ਧਾੜਾ, ਸ਼ਬਦੀ ਸ਼ਬਦ ਹੁਕਮ ਸੁਣਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਚਾਰੋਂ ਕੁੰਟ ਕਰਾਏ ਹਾਹਾਕਾਰਾ, ਵਰਨ ਬਰਨ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਨਾਰਾ ਆਪ ਵਖਾਇੰਦਾ। ਸਚ ਮਨਾਰਾ ਸਚ ਮਹੱਲਾ, ਹਰਿ ਸਾਚਾ ਸਚ ਜਣਾਈਆ। ਬੈਠਾ ਰਹੇ ਇਕ ਇਕੱਲਾ, ਆਦਿ ਪੁਰਖ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਅਛਲ ਆਪ ਹੋ ਜਾਈਆ। ਆਪੇ ਧਾਰੇ ਆਪਣਾ ਬਲਾ, ਬਲ ਧਾਰੀ ਆਪ ਅਖਵਾਈਆ। ਆਪਣੀ ਸ਼ਕਤੀ ਆਪੇ ਰੱਲਾ, ਜੋਤੀ ਜਾਤਾ ਵੇਸ ਵਟਾਈਆ। ਆਪਣਾ ਫੜਿਆ ਆਪੇ ਭੱਲਾ, ਆਪਣੇ ਹੱਥ ਉਠਾਈਆ। ਆਪੇ ਕਰੇ ਆਪਣਾ ਹੱਲਾ, ਆਪਣੀ ਵਾਰ ਚੜ੍ਹਾਈਆ। ਲੱਖ ਚੁਰਾਸੀ ਕਰ ਬਿਸਮਿਲ ਏਕਾ ਨਾਅਰਾ ਲਾਏ ਬਿਸਮਿੱਲਾ, ਬਿਸਮਿਲ ਆਪਣੀ ਖੇਲ ਖਿਲਾਈਆ। ਏਕਾ ਤੀਰ ਏਕਾ ਚਿੱਲਾ, ਇਕ ਕਮਾਨ ਲਏ ਉਠਾਈਆ। ਨਾਤਾ ਤੋੜੇ ਕੱਕਾ ਬੂਰਾ ਬਿੱਲਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਬੈਠਾ ਚੜ੍ਹ, ਤਖ਼ਤ ਨਿਵਾਸੀ ਆਸਣ ਲਾਈਆ। ਸਾਚੇ ਤਖ਼ਤ ਬੈਠ ਸੁਲਤਾਨ, ਸਚ ਦਰਬਾਰਾ ਆਪ ਸੁਹਾਇੰਦਾ। ਏਕਾ ਹੁਕਮ ਇਕ ਹੁਕਮਰਾਨ, ਧੁਰ ਫ਼ਰਮਾਨਾ ਇਕ ਜਣਾਇੰਦਾ। ਏਕਾ ਵੇਖੇ ਦੋ ਜਹਾਨ, ਦੋ ਜਹਾਨ ਆਪਣਿਆਂ ਚਰਨਾਂ ਹੇਠ ਦਬਾਇੰਦਾ। ਏਕਾ ਲੇਖਾ ਜਾਣੇ ਸ੍ਰੀ ਭਗਵਾਨ, ਲੇਖਾ ਆਪਣਾ ਆਪ ਲਿਖਾਇੰਦਾ। ਪਰਗਟ ਹੋ ਗੁਣ ਨਿਧਾਨ, ਗੁਣਵੰਤਾ ਭੇਵ ਚੁਕਾਇੰਦਾ। ਕਲਜੁਗ ਅੰਤਮ ਦਿਸੇ ਝੂਠ ਮਕਾਨ, ਝੂਠਾ ਗੜ੍ਹ ਆਪ ਤੁੜਾਇੰਦਾ। ਗੁਰਮੁਖ ਵਿਰਲੇ ਦੇਵੇ ਮਾਣ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਆਤਮ ਅੰਤਰ ਬ੍ਰਹਮ ਗਿਆਨ, ਉਤਮ ਜ਼ਾਤੀ ਆਪ ਸਮਝਾਇੰਦਾ। ਕਾਇਆ ਕੁਰਾ ਵੇਖੇ ਮਾਰ ਧਿਆਨ, ਨੇਤਰ ਨੈਣ ਇਕ ਉਠਾਇੰਦਾ। ਨਾਤਾ ਤੋੜੇ ਬੇਈਮਾਨ ਪੰਜ ਸ਼ੈਤਾਨ, ਮੂੰਹ ਦੇ ਭਾਰ ਸੁਟਾਇੰਦਾ। ਏਕਾ ਰਾਗ ਸੁਣਾਏ ਕਾਨ, ਰਾਗ ਰਾਗੀ ਆਪ ਅਲਾਇੰਦਾ। ਦਰ ਦਵਾਰੇ ਦੇਵੇ ਮਾਣ, ਜਿਸ ਜਨ ਆਪਣੇ ਚਰਨ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਬਣਾਇੰਦਾ। ਸਚ ਦਰਬਾਰਾ ਬਣਿਆ ਜਗ, ਜਗਤ ਜੁਗਤ ਆਪਣੇ ਹੱਥ ਰਖਾਈਆ। ਕਰੇ ਖੇਲ ਬਿਨ ਸੂਰਜ ਚੰਨ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਕਰੇ ਪਰਕਾਸ਼ ਆਤਮ ਅੰਨ੍ਹ, ਅਗਿਆਨ ਅੰਧੇਰ ਮਿਟਾਈਆ। ਡੁੱਬਦਿਆਂ ਬੇੜਾ ਦੇਵੇ ਬੰਨ੍ਹ, ਸਿਲ ਪਾਥਰ ਦਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ।
