੩੦ ਸਾਵਣ ੨੦੧੮ ਬਿਕ੍ਰਮੀ ਧੰਨਾ ਸਿੰਘ ਦੇ ਗ੍ਰਹਿ ਕੁਲੀਆਂ ਜ਼ਿਲਾ ਹੁਸ਼ਿਆਰਪੁਰ
ਸੋ ਪੁਰਖ ਨਿਰੰਜਣ ਸਦਾ ਮਿਹਰਵਾਨ, ਹਰਿ ਵੱਡਾ ਵਡ ਵਡਿਆਈਆ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਨਿਰਵੈਰ ਕਲ ਧਰਾਈਆ। ਭਗਤ ਭਗਵੰਤ ਲਏ ਪਛਾਣ, ਲੱਖ ਚੁਰਾਸੀ ਫੋਲ ਫੋਲਾਈਆ। ਏਕਾ ਦੇਵੇ ਵਸਤ ਮਹਾਨ, ਨਾਮ ਅਮੋਲਕ ਝੋਲੀ ਪਾਈਆ। ਅੱਠੇ ਪਹਿਰ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਆਤਮ ਅੰਤਰ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਸਚ ਸੁਣਾਏ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਈਆ। ਸੋ ਪੁਰਖ ਨਿਰੰਜਣ ਸਾਜਨ ਮੀਤਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦਿ ਚਲਾਏ ਆਪਣੀ ਰੀਤਾ, ਜੁਗ ਜੁਗ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਨਾਮ ਅਨਡੀਠਾ, ਨਿਸ਼ਅੱਖਰ ਆਪ ਪੜ੍ਹਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਇ ਵਖਾਇੰਦਾ। ਕਾਇਆ ਮੰਦਰ ਅੰਦਰ ਵਖਾਏ ਗੁਰੂਦਵਾਰ ਸਚ ਮਸੀਤਾ, ਘਰ ਘਰ ਵਿਚ ਜੋਤ ਪਰਗਟਾਇੰਦਾ। ਕਰੇ ਖੇਲ ਪਤਿਤ ਪੁਨੀਤਾ, ਪਤਿਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਸੋ ਪੁਰਖ ਨਿਰੰਜਣ ਪੂਰਨ ਭਗਵੰਤ, ਪਾਰਬ੍ਰਹਮ ਵਡੀ ਵਡਿਆਈਆ। ਕਰੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਰੂਪ ਧਰਾਈਆ। ਹਰਿਜਨ ਮੇਲੇ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਏਕਾ ਮੰਤਰ ਦ੍ਰਿੜਾਏ ਮਣੀਆ ਮੰਤ, ਮੰਤਰ ਨਾਮ ਸਤਿ ਪੜ੍ਹਾਈਆ। ਗੜ੍ਹ ਤੋੜੇ ਹਉਮੇਂ ਹੰਗਤ, ਜੂਠ ਝੂਠ ਦਏ ਗਵਾਈਆ। ਨਾਤਾ ਤੋੜੇ ਭੁੱਖ ਨੰਗਤ, ਨਾਮ ਧਨ ਝੋਲੀ ਪਾਈਆ। ਕਾਇਆ ਚੋਲੀ ਚਾੜ੍ਹੇ ਰੰਗਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਪੁਰਖ ਨਿਰੰਜਣ ਦੀਨ ਦਿਆਲਾ, ਹਰਿਜਨ ਸਾਚੇ ਆਪ ਤਰਾਈਆ। ਜੁਗ ਜੁਗ ਕਰੇ ਸਦਾ ਪ੍ਰਿਤਪਾਲਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਕਲਜੁਗ ਅੰਤਮ ਕਰੇ ਖੇਲ ਨਿਰਾਲਾ, ਨਿਰਗੁਣ ਆਪਣਾ ਰੂਪ ਵਟਾਈਆ। ਗੁਰਮੁਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪਣੀ ਸੇਵ ਕਮਾਈਆ। ਤ੍ਰੈਗੁਣ ਜਗਤ ਜੰਜਾਲਾ, ਜਗਤ ਜੁਗਤ ਆਪਣੇ ਹੱਥ ਰਖਾਈਆ। ਘਰ ਵਖਾਏ ਸੱਚੀ ਧਰਮਸਾਲਾ, ਘਰ ਘਰ ਵਿਚ ਸੋਭਾ ਪਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਸੋ ਪੁਰਖ ਨਿਰੰਜਣ ਸ੍ਰੀ ਭਗਵਾਨ, ਆਪਣੀ ਖੇਲ ਖਿਲਾਇੰਦਾ। ਜਿਸ ਜਨ ਦੇਵੇ ਭਗਤੀ ਦਾਨ, ਸਾਚਾ ਮਾਰਗ ਇਕ ਵਖਾਇੰਦਾ। ਆਤਮ ਅੰਤਰ ਇਕ ਗਿਆਨ, ਇਸ਼ਟ ਦੇਵ ਇਕ ਹੋ ਆਇੰਦਾ। ਏਕਾ ਸ਼ਬਦ ਨਾਦ ਧੁੰਨਕਾਨ, ਅਨਹਦ ਸਾਚਾ ਤਾਲ ਵਜਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਇੰਦਾ। ਸਾਚੇ ਤਖ਼ਤ ਬੈਠ ਸੁਲਤਾਨ, ਤਖ਼ਤ ਨਿਵਾਸੀ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕ ਨਾਉਂ ਰਖਾਇੰਦਾ। ਲੇਖਾ ਜਾਣੇ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੋਲ ਫੋਲਾਇੰਦਾ। ਹਰਿਜਨ ਵੇਖੇ ਚਤੁਰ ਸੁਜਾਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਗ਼ਰੀਬ ਨਿਮਾਣੇ ਕਰ ਪਰਵਾਨ, ਆਪ ਆਪਣੀ ਗੋਦ ਸੁਹਾਇੰਦਾ। ਦਰਸ ਦਿਖਾਏ ਸ੍ਰੀ ਭਗਵਾਨ, ਦਰਸੀ ਦਰਸ ਆਪ ਕਰਾਇੰਦਾ। ਆਵਣ ਜਾਵਣ ਚੁੱਕੇ ਕਾਣ, ਜਮ ਕਾ ਫਾਸ ਆਪ ਕਟਾਇੰਦਾ। ਲੇਖਾ ਜਾਣੇ ਸ੍ਰੀ ਭਗਵਾਨ, ਲੇਖਾ ਆਪਣਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਏਕਾ ਨਾਮ ਵਸਤ ਵਰਤਾਇੰਦਾ। ਏਕਾ ਨਾਮ ਸਤਿ ਭੰਡਾਰਾ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਹਰਿਜਨ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਕਿਸੇ ਦਿਸ ਨਾ ਆਏ ਪਰਵਰਦਿਗਾਰਾ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਨਾ ਕੋਈ ਕਰੇ ਰਾਮ ਪਿਆਰਾ, ਰਾਮ ਰਾਮਾ ਨਾ ਕੋਇ ਸਹਾਈਆ। ਨਾ ਕੋਈ ਕ੍ਰਿਸ਼ਨਾ ਦਏ ਆਧਾਰਾ, ਮੁਕੰਦ ਮਨੋਹਰ ਲੱਖਮੀ ਨਰਾਇਣ ਗੁਣ ਅਵਗੁਣ ਨਾ ਕੋਇ ਜਣਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮਸਤਕ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਤੇਰਾ ਧਾਮ ਸੁਹੰਜਣਾ, ਸੋਭਾਵੰਤ ਕਰੇ ਕਰਤਾਰ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਦਏ ਉਤਾਰ। ਦੀਨਾਂ ਨਾਥ ਦਰਦ ਵੰਡਾਏ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਕਰੇ ਪਾਰ। ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਦਏ ਨਿਵਾਰ। ਘਰ ਬਣੇ ਸਾਚਾ ਸੱਜਣਾ, ਦਰ ਆਏ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਬੰਕ ਦਵਾਰ। ਬੰਕ ਦਵਾਰਾ ਕੁੱਲੀ ਕੱਖ, ਹਰਿ ਸਤਿਗੁਰ ਦਏ ਵਡਿਆਈਆ। ਨਿਰਗੁਣ ਸਰਗੁਣ ਹੋ ਪਰਤੱਖ, ਜੋਤੀ ਜਾਤਾ ਖੇਲ ਖਿਲਾਈਆ। ਆਪਣਾ ਮਾਰਗ ਸਾਚਾ ਦੱਸ, ਸਾਚੇ ਪੌੜ੍ਹੇ ਰਿਹਾ ਚੜ੍ਹਾਈਆ। ਤਨ ਪਹਿਨਾਏ ਸਾਚਾ ਪਟ, ਏਕਾ ਬਸਤਰ ਨਾਮ ਵਖਾਈਆ। ਜੋਤ ਜਗਾਏ ਲਟ ਲਟ, ਨੂਰ ਉਜਾਲਾ ਆਪ ਕਰਾਈਆ। ਇਕ ਵਖਾਏ ਸਾਚਾ ਹੱਟ, ਚੌਦਾਂ ਲੋਕ ਬੈਠੇ ਸੀਸ ਝੁਕਾਈਆ। ਗੁਰਸਿਖ ਮੇਲਾ ਗੁਰ ਸਮਰਥ, ਗੁਰ ਸਤਿਗੁਰ ਹੋਏ ਸਹਾਈਆ। ਦੇਵੇ ਵਸਤ ਹੱਥੋ ਹੱਥ, ਪੂਰਬ ਲਹਿਣਾ ਝੋਲੀ ਪਾਈਆ। ਆਪਣੀ ਮਹਿਮਾ ਸੁਣਾਏ ਅਕਥ, ਵੇਦ ਕਤੇਬ ਭੇਵ ਨਾ ਰਾਈਆ। ਮੇਲ ਮਿਲਾਏ ਨਠ ਨਠ, ਦੋ ਜਹਾਨਾਂ ਪੰਧ ਮੁਕਾਈਆ। ਵਸਣਹਾਰਾ ਘਟ ਘਟ, ਹਰਿਜਨ ਸਾਚੇ ਲਏ ਮਿਲਾਈਆ। ਨਾਤਾ ਤੋੜੇ ਤੀਰਥ ਅਠਸਠ, ਸਰ ਸਰੋਵਰ ਗੁਰਮੁਖ ਤੇਰੇ ਆਤਮ ਦਏ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਹਰਿਜਨ ਲਏ ਤਰਾਈਆ। ਕੁੱਲੀ ਕੱਖ ਹਰਿ ਹਰਿ ਵਾਸਾ, ਜਨ ਭਗਤਾਂ ਆਪ ਵਖਾਇੰਦਾ। ਅੱਠੇ ਪਹਿਰ ਨੂਰ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਸ਼ਬਦੀ ਸ਼ਬਦ ਦਏ ਦਿਲਾਸਾ, ਧੀਰਜ ਧੀਰ ਆਪ ਧਰਾਇੰਦਾ। ਹਰਿਜਨ ਹੋਏ ਨਾ ਕਦੇ ਨਿਰਾਸਾ, ਨਿਰਧਨ ਸਰਧਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਕੁੱਲੀ ਕੱਖ ਲੱਗਾ ਭਾਗ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਗ੍ਰਹਿ ਮੰਦਰ ਜਗੇ ਚਿਰਾਗ਼, ਜੋਤੀ ਨੂਰ ਨੂਰ ਰੁਸ਼ਨਾਈਆ। ਜਗਤ ਤ੍ਰਿਸਨਾ ਬੁਝੇ ਆਗ, ਅਗਨੀ ਤੱਤ ਨਾ ਕੋਇ ਵਖਾਈਆ। ਮਨ ਉਪਜੇ ਇਕ ਵੈਰਾਗ, ਮਨ ਮਨਸਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਹਰਿ ਦਵਾਰ, ਹਰਿ ਸੱਚਾ ਸਚ ਕਰਾਇੰਦਾ। ਨਾਤਾ ਤੋੜ ਸਰਬ ਸੰਸਾਰ, ਏਕਾ ਆਪਣਾ ਬੰਧਨ ਪਾਇੰਦਾ। ਦਿਵਸ ਰੈਣ ਕਰੇ ਗੁਫ਼ਤਾਰ, ਦੀਦ ਸ਼ੁਨੀਦ ਖੇਲ ਖਿਲਾਇੰਦਾ। ਆਦਿ ਜੁਗਾਦਿ ਕਰੇ ਪਿਆਰ, ਜੁਗ ਜੁਗ ਭਗਤਾਂ ਸੰਗ ਨਿਭਾਇੰਦਾ। ਗ਼ਰੀਬ ਨਿਮਾਣੇ ਦਏ ਆਧਾਰ, ਗ਼ੁਰਬਤ ਸਭ ਦੀ ਆਪ ਮਿਟਾਇੰਦਾ। ਸ਼ਾਹ ਸੁਲਤਾਨਾ ਕਰੇ ਖ਼ਵਾਰ, ਰਾਜ ਰਾਜਾਨਾਂ ਸੰਗ ਮਿਲਾਇੰਦਾ। ਆਪੇ ਕੂਕੇ ਆਪਣੀ ਵਾਰ, ਨੌਂ ਖੰਡ ਪ੍ਰਿਥਮੀ ਆਪ ਸੁਣਾਇੰਦਾ। ਸੱਤਾਂ ਦੀਪਾਂ ਆਈ ਹਾਰ, ਬੇੜਾ ਬੰਨ੍ਹ ਨਾ ਕੋਇ ਚਲਾਇੰਦਾ। ਚਾਰ ਜੁਗ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਤੇਈ ਅਵਤਾਰ ਕਰਨ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸੁਣੇ ਪੁਕਾਰ ਹਰਿ ਨਰਾਇਣ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਗੁਰ ਅਵਤਾਰ ਜੋ ਜੋ ਕਹਿਣ, ਸੁਣ ਸੁਣ ਆਪਣੇ ਪੇਟੇ ਪਾਈਆ। ਅੰਤਮ ਲੇਖਾ ਆਇਆ ਲੈਣ, ਲੋਕਮਾਤ ਵੱਜੀ ਵਧਾਈਆ। ਸਾਚਾ ਨਾਤਾ ਵੇਖੇ ਸਾਕ ਸੱਜਣ ਸੈਣ, ਸਗਲਾ ਸੰਗ ਕਵਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਰੂਪ ਆਪ ਧਰਾਈਆ। ਨਾ ਕੋਈ ਸੰਗ ਨਾ ਕੋਈ ਸਾਥ, ਸਗਲਾ ਸੰਗੀ ਨਾ ਕੋਇ ਅਖਵਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਮੰਤਰ ਨਾਮ ਨਾ ਕੋਇ ਅਲਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰੋਵਰ ਸਰ ਨਾ ਕੋਇ ਜਣਾਈਆ। ਨਾ ਕੋਈ ਮੰਦਰ ਨਾ ਕੋਇ ਹਾਟ, ਨਾ ਕੋਈ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇਆ, ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕਾ ਜਾਮਾ ਪਾਇਆ, ਰੂਪ ਅਨੂਪ ਅਪਾਰ । ਜੁਗ ਜੁਗ ਵਿਛੜੇ ਲਏ ਮਿਲਾਇਆ, ਗੁਰਮੁਖ ਸਾਚੇ ਲਏ ਉਧਾਰ। ਫੜ ਫੜ ਬਾਹੋਂ ਆਪ ਉਠਾਇਆ, ਆਲਸ ਨਿੰਦਰਾ ਦਏ ਨਿਵਾਰ। ਏਕਾ ਮੰਤਰ ਨਾਮ ਦ੍ਰਿੜਾਇਆ, ਸੋਹੰ ਸ਼ਬਦ ਸੱਚਾ ਜੈਕਾਰ। ਆਤਮ ਪਰਮਾਤਮ ਮੇਲ ਮਿਲਾਇਆ, ਈਸ਼ ਜੀਵ ਇਕ ਦਵਾਰ। ਬਜਰ ਕਪਾਟੀ ਪਰਦਾ ਆਪ ਤੁੜਾਇਆ, ਦੂਈ ਦਵੈਤੀ ਪਰਦਾ ਦਏ ਉਤਾਰ। ਘਰ ਸਾਚਾ ਇਕ ਵਖਾਇਆ, ਘਰ ਵਸੇ ਏਕੰਕਾਰ। ਹਉਮੇ ਸੰਸਾ ਰੋਗ ਕਟਾਇਆ, ਦੁੱਖ ਲੱਗੇ ਨਾ ਦੂਜੀ ਵਾਰ। ਜਿਸ ਜਨ ਆਪਣਾ ਦਰਸ ਕਰਾਇਆ, ਤਿਸ ਤ੍ਰਿਸਨਾ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਸੋਹੇ ਬੰਕ ਦਵਾਰ। ਬੰਕ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਘਰ ਆਇਆ ਸੱਜਣ ਕੰਤ, ਨਾਰ ਸੁਹਾਗਣ ਵੇਖ ਵਖਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਮੁਕਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚਾ ਤਾਰਨਹਾਰਾ, ਏਕਾ ਪੁਰਖ ਅਖਵਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਧਾਰ ਵਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਚਾਰ ਵੇਦ ਮੁਖ ਸ਼ਰਮਾਇੰਦਾ। ਪ੍ਰਭ ਕਾ ਭੇਵ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਆਪਣੀ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਸਾਚੇ ਘਰ, ਘਰ ਘਰ ਵਿਚ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਿਲਿਆ ਦਰ, ਦਰ ਏਕਾ ਨਜ਼ਰੀ ਆਈਆ। ਏਕਾ ਦੂਜਾ ਚੁੱਕਾ ਡਰ, ਤੀਜੇ ਨੈਣ ਹੋਏ ਰੁਸ਼ਨਾਈਆ। ਚੌਥੇ ਪਦ ਦਰਸ ਦਿਖਾਏ ਆਪੇ ਖੜ, ਪੰਚਮ ਨਾਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪਣੇ ਰੰਗ ਰੰਗਾਈਆ। ਹਰਿਜਨ ਰੰਗ ਰੰਗੇ ਮਜੀਠ, ਨਾਮ ਨਾਮਾ ਆਪ ਚੜ੍ਹਾਇੰਦਾ। ਦੇਵੇ ਵਸਤ ਇਕ ਅਨਡੀਠ, ਸਾਚੀ ਝੋਲੀ ਆਪ ਭਰਾਇੰਦਾ। ਅੱਠੇ ਪਹਿਰ ਵਸੇ ਚੀਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇੰਦਾ। ਮਾਣਸ ਜਨਮ ਗੁਰਮੁਖ ਵਿਰਲਾ ਜਾਏ ਜੀਤ, ਜਨਮ ਮਰਨ ਫੰਦ ਕਟਾਇੰਦਾ। ਕਾਇਆ ਹੋਏ ਠੰਡੀ ਸੀਤ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਕਲਜੁਗ ਅੰਤ ਅਚਰਜ ਚਲੀ ਰੀਤ, ਪੁਰਖ ਅਬਿਨਾਸ਼ੀ ਆਪ ਚਲਾਇੰਦਾ। ਸਾਚਾ ਦੇਹੁਰਾ ਮੰਦਰ ਮਸੀਤ, ਕਾਇਆ ਬੰਕ ਆਪ ਬਣਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਜ਼ਾਤ ਪਾਤ ਨਾ ਕੋਇ ਵਿਚਾਰ, ਆਤਮ ਬ੍ਰਹਮ ਸਰਬ ਜਣਾਈਆ। ਊਚ ਨੀਚ ਭੇਵ ਨਿਵਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬਹਾਏ ਇਕ ਦਵਾਰ, ਏਕਾ ਕਰੇ ਸਚ ਪੜ੍ਹਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਬੇਐਬ ਪਰਵਰਦਿਗਾਰ ਰੂਪ ਵਟਾਈਆ। ਹਰਿ ਹਰ ਘਟ ਕਰੇ ਪਸਾਰ, ਰਾਮ ਰਾਮਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਸੋਹਿਆ, ਸੋਭਾਵੰਤ ਕਰੇ ਨਿਰੰਕਾਰ। ਗੁਰ ਗੁਰਸਿਖਾਂ ਜੇਹਾ ਆਪੇ ਹੋਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਚਲੇ ਆਪਣੀ ਧਾਰ। ਗੁਰਸਿਖ ਬੀਜ ਸਾਚਾ ਬੋਇਆ, ਪਰਗਟ ਹੋਏ ਵਿਚ ਸੰਸਾਰ। ਸਤਿ ਸਤਿਵਾਦੀ ਲੈ ਕੇ ਆਏ ਢੋਆ, ਸਾਚੀ ਵਸਤ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਚ ਦਵਾਰ। ਸਚ ਦਵਾਰੇ ਹਰਿਜਨ ਮੇਲਿਆ, ਮੇਲਣਹਾਰਾ ਇਕ ਇਕੰਤ। ਏਕਾ ਘਰ ਵਸੇ ਗੁਰੂ ਗੁਰ ਚੇਲਿਆ, ਗੁਰ ਚੇਲਾ ਮਹਿਮਾ ਅਗਣਤ। ਹਰਿ ਸੱਜਣ ਸਦਾ ਸੁਹੇਲਿਆ, ਸਦਾ ਸੁਹੇਲਾ ਸ੍ਰੀ ਭਗਵੰਤ। ਕਰੇ ਖੇਲ ਇਕ ਇਕੇਲਿਆ, ਇਕ ਇਕੇਲਾ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪੂਰਨ ਸੰਤ। ਪੂਰਨ ਸੰਤ ਗੁਰਮੁਖ, ਗੁਰ ਗੁਰ ਆਪ ਵਡਿਆਈਆ। ਜਗਤ ਤ੍ਰਿਸਨਾ ਮਿਟੇ ਦੁੱਖ, ਦੁੱਖ ਦਰਦ ਨਾ ਕੋਇ ਵਖਾਈਆ। ਆਤਮ ਤ੍ਰਿਸਨਾ ਮਿਟੇ ਭੁੱਖ, ਧੀਰਜ ਧੀਰ ਧੀਰ ਧਰਾਈਆ। ਸੁਫ਼ਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਈਆ। ਮਾਤ ਗਰਭ ਨਾ ਹੋਵੇ ਉਲਟਾ ਰੁੱਖ, ਲੱਖ ਚੁਰਾਸੀ ਦਏ ਕਟਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਜਿਸ ਜਨ ਆਪਣੀ ਗੋਦੀ ਲਏ ਚੁੱਕ, ਮੜ੍ਹੀ ਗੋਰ ਨਾ ਕੋਇ ਦਬਾਈਆ। ਗੁਰਸਿਖ ਬੂਟਾ ਨਾ ਜਾਏ ਸੁੱਕ, ਸਿੰਚ ਅੰਮ੍ਰਿਤ ਹਰਾ ਕਰਾਈਆ। ਦਰਸ ਦਿਖਾਏ ਜੋ ਬੈਠਾ ਲੁਕ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਉਪਰ ਆਪੇ ਤੁਠ, ਨਾਮ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠਿਆ ਆਪਣੇ ਰੰਗ, ਸਤਿਗੁਰ ਪੂਰਾ ਆਪ ਉਠਾਈਆ। ਆਤਮ ਸੇਜ ਸੁਹਾਏ ਪਲੰਘ, ਰੰਗ ਰੰਗੀਲਾ ਸੱਚਾ ਮਾਹੀਆ। ਨਾਮ ਵਜਾਏ ਇਕ ਮਰਦੰਗ, ਰਾਗ ਅਨਾਦੀ ਨਾਦ ਅਲਾਈਆ। ਕਰੇ ਖੇਲ ਸੂਰਾ ਸਰਬੰਗ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਆਪਣੇ ਮੰਦਰ ਆਪੇ ਲੰਘ, ਆਪ ਆਪਣਾ ਵੇਖ ਵਖਾਈਆ। ਗੁਰਸਿਖ ਮੁਕਾਏ ਤੇਰਾ ਪੰਧ, ਪਾਂਧੀ ਬਣੇ ਸੱਚਾ ਮਾਹੀਆ। ਘਰ ਸੁਣਾਏ ਸੁਹਾਗੀ ਛੰਦ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਅੱਠੇ ਪਹਿਰ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਨਿਰਗੁਣ ਜੋਤ ਚੜ੍ਹਾਏ ਸਾਚਾ ਚੰਦ, ਜੋਤ ਨਿਰੰਜਣ ਕਰ ਰੁਸ਼ਨਾਈਆ। ਭਰਮਾਂ ਢਾਏ ਝੂਠੀ ਕੰਧ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਹਰਿਜਨ ਲੇਖਾ ਚੁੱਕਣਾ, ਕਲਜੁਗ ਤੇਰੀ ਅੰਤਮ ਵਾਰ। ਆਵਣ ਜਾਵਣ ਪੈਂਡਾ ਮੁੱਕਣਾ, ਲੱਖ ਚੁਰਾਸੀ ਦਏ ਨਿਵਾਰ। ਪੁਰਖ ਅਬਿਨਾਸ਼ੀ ਨਿਰਭੈ ਹੋ ਕੇ ਏਕਾ ਬੁੱਕਣਾ, ਸਿੰਘ ਰੂਪ ਹੋ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੈਜ ਸੁਆਰ। ਪੈਜ ਸੁਆਰੇ ਆਣ ਪ੍ਰਭ, ਆਪਣੀ ਦਇਆ ਕਮਾਈਆ। ਕੁੱਲੀ ਕੱਖਾਂ ਵਿਚੋਂ ਲਿਆ ਲੱਭ, ਹੀਰਾ ਮਾਣਕ ਮੋਤੀ ਅਨਮੁਲੜਾ ਲਾਲ ਆਪਣੇ ਹੱਥ ਉਠਾਈਆ। ਅੰਮ੍ਰਿਤ ਜਾਮ ਪਿਆਏ ਝੱਬ, ਸਚ ਪਿਆਲਾ ਹੱਥ ਉਠਾਈਆ। ਪੰਚ ਵਿਕਾਰਾ ਦੇਵੇ ਦੱਬ, ਉਪਰ ਆਪਣਾ ਭਾਰ ਰਖਾਈਆ। ਉਲਟਾ ਕਰੇ ਕਵਲ ਨਭ, ਝਿਰਨਾ ਝਿਰੇ ਬੇਪਰਵਾਹੀਆ। ਸਤਿਗੁਰੂ ਦਵਾਰੇ ਬਹੇ ਫਬ, ਘਰ ਮੰਦਰ ਦਏ ਵਖਾਈਆ। ਜਗਤ ਜਹਾਨੋਂ ਹੋਇਆ ਅੱਡ, ਮਿਲੀ ਸਰਨ ਸੱਚੀ ਸਰਨਾਈਆ। ਜੂਠੀ ਝੂਠੀ ਟੱਪੀ ਹੱਦ, ਪਾਰ ਕਿਨਾਰਾ ਨਜ਼ਰੀ ਆਈਆ। ਨਾਮ ਪਿਆਲਾ ਪੀਤੀ ਮਦਿ, ਅੱਠੇ ਪਹਿਰ ਖ਼ੁਮਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਰੰਗ ਰੰਗਾਈਆ। ਗੁਰਮੁਖ ਮਿਲੇ ਏਕਾ ਰੰਗ, ਨਾਮ ਧਨ ਹਰਿ ਝੋਲੀ ਪਾਇੰਦਾ। ਪੰਚ ਵਿਕਾਰਾ ਕਰੇ ਜੰਗ, ਸਾਚਾ ਖੰਡਾ ਨਾਮ ਚਮਕਾਇੰਦਾ। ਅਸਵ ਘੋੜੇ ਕਸੇ ਤੰਗ, ਸ਼ਬਦੀ ਘੋੜਾ ਆਪ ਰਖਾਇੰਦਾ। ਹਰਿਜਨ ਤੇਰੇ ਦਵਾਰੇ ਆਏ ਲੰਘ, ਔਂਦਾ ਜਾਂਦਾ ਦਿਸ ਨਾ ਆਇੰਦਾ। ਲੱਖ ਚੁਰਾਸੀ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਮਾਤ ਬਦਲਾਇੰਦਾ। ਕੋਟਨ ਕੋਟ ਬੈਠੇ ਰਹੇ ਮੰਗ, ਉਚੇ ਟਿੱਲੇ ਪਰਬਤ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਆਪਣੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਦੇਵੇ ਖੋਲ੍ਹ, ਬੰਦ ਤਾਕੀ ਆਪ ਖੁਲ੍ਹਾਈਆ। ਅੰਦਰੇ ਸੁੱਤਾ ਪਏ ਬੋਲ, ਸੁਰਤੀ ਸ਼ਬਦੀ ਨਾਦ ਸੁਣਾਈਆ। ਦਰਸ ਦਿਖਾਏ ਇਕ ਅਡੋਲ, ਅਡੁਲ ਵਡੀ ਵਡਿਆਈਆ। ਆਪਣਾ ਕਰੇ ਕੀਤਾ ਪੂਰਾ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਮਾਣ ਰਖਾਏ ਉਪਰ ਧੌਲ, ਧਰਨੀ ਧਰਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲੇ ਦਰ, ਦਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਦਇਆ ਕਰੇ ਦਇਆ ਨਿਧ ਠਾਕਰ, ਠੋਕਰ ਆਤਮ ਨਾਮ ਲਗਾਈਆ। ਦੇਵੇ ਨਾਮ ਰਤੀ ਰਤਨਾਗਰ, ਰਤੀ ਰਤ ਦਏ ਸੁਕਾਈਆ। ਨਿਰਮਲ ਕਰਮ ਕਰੇ ਉਜਾਗਰ, ਜੋ ਜਨ ਆਏ ਸਰਨਾਈਆ। ਵਣਜ ਕਰਾਏ ਸਚ ਸੌਦਾਗਰ, ਨਾਮ ਵਣਜਾਰਾ ਇਕ ਅਖਵਾਈਆ। ਭਾਗ ਲਗਾਏ ਕਾਇਆ ਗਾਗਰ, ਘਰ ਅੰਮ੍ਰਿਤ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦੇਵੇ ਇਕ ਵਡਿਆਈਆ। ਦਇਆ ਕਰੇ ਗਹਿਰ ਗੰਭੀਰਾ, ਗੁਣਵੰਤਾ ਗੁਣ ਜਣਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਨੀਰਾ, ਭਰ ਪਿਆਲਾ ਆਪ ਪਿਆਇੰਦਾ। ਤਨ ਅਗਨੀ ਸਾਂਤਕ ਸਤਿ ਕਰੇ ਸਰੀਰਾ, ਅਗਨੀ ਤੱਤ ਨਾ ਕੋਇ ਜਲਾਇੰਦਾ। ਹਉਮੇ ਹੰਗਤਾ ਕੱਢੇ ਪੀੜਾ, ਮਾਇਆ ਮਮਤਾ ਮੇਟ ਮਿਟਾਇੰਦਾ। ਲੱਖ ਚੁਰਾਸੀ ਕੱਟੇ ਜ਼ੰਜੀਰਾ, ਜਨਮ ਮਰਨ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੋਟੀ ਚਾੜ੍ਹੇ ਫੜ ਅਖ਼ੀਰਾ, ਚੜ੍ਹਿਆ ਚੋਟੀ ਉਤਰ ਕੋਇ ਨਾ ਆਇੰਦਾ। ਦਇਆ ਕਰੇ ਦੀਨ ਦਿਆਲਾ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲਾ, ਜੁਗ ਜੁਗ ਸੇਵ ਕਮਾਈਆ। ਅੱਠੇ ਪਹਿਰ ਰਹੇ ਰਖਵਾਲਾ, ਆਲਸ ਨਿੰਦਰਾ ਵਿਚ ਨਾ ਆਈਆ। ਲੇਖਾ ਜਾਣੇ ਕਾਲ ਮਹਾਕਾਲਾ, ਮਹਾਕਾਲ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਨਾਮ ਵਸਤ ਆਪ ਵਰਤਾਈਆ। ਦਇਆ ਕਰੇ ਦਇਆ ਨਿਧ, ਜੁਗ ਜੁਗ ਦਇਆ ਕਮਾਇੰਦਾ। ਜਨ ਭਗਤਾਂ ਕਾਰਜ ਕਰੇ ਸਿਧ, ਸਾਚੇ ਮਾਰਗ ਆਪੇ ਲਾਇੰਦਾ। ਆਪੇ ਜਾਣੇ ਆਪਣੀ ਬਿਧ, ਆਪ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜੇ ਨੌਂ ਨਿਧ, ਅਠਾਰਾਂ ਸਿਧ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਇਆ ਕਰ ਦੇਵੇ ਨਾਮ, ਨਾਮ ਨਾਮਾ ਝੋਲੀ ਪਾਈਆ। ਪੂਰਨ ਕਰੇ ਕਾਮ, ਪੂਰੀ ਇਛਿਆ ਆਪ ਵਖਾਈਆ। ਭਾਗ ਲੱਗੇ ਖੇੜੇ ਗਰਾਮ, ਕਾਇਆ ਬਸਤੀ ਸੋਭਾ ਪਾਈਆ। ਨਜ਼ਰੀ ਆਏ ਏਕ ਰਾਮ, ਰਮੱਯਾ ਆਪਣਾ ਰੂਪ ਵਟਾਈਆ। ਸ਼ਬਦੀ ਦੇਵੇ ਸਚ ਪੈਗ਼ਾਮ, ਸਚ ਸਨੇਹੁੜਾ ਰਿਹਾ ਸੁਣਾਈਆ। ਜੋ ਜਨ ਦਰਸ ਮੰਗੇ ਆਣ, ਤਿਸ ਦਰਸ ਦਏ ਦਿਖਾਈਆ। ਜੋ ਜਨ ਹਿਰਸ ਮੇਟੇ ਜਹਾਨ, ਤਿਸ ਹਵਸ ਦਏ ਗਵਾਈਆ। ਜੋ ਜਨ ਚਰਨ ਸਰਨ ਕਰੇ ਪਰਵਾਨ, ਤਿਸ ਆਪਣਾ ਮਾਣ ਵਖਾਈਆ। ਕਰੇ ਖੇਲ ਸ੍ਰੀ ਭਗਵਾਨ, ਦਇਆਵਾਨ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਦਇਆ ਵਿਚ ਸਮਾਈਆ। ਦਇਆ ਦਇਆ ਦਇਆ ਦੀਨਨ, ਨਿਰਗੁਣ ਨਿਰਗੁਣ ਨਿਰਗੁਣ ਆਪ ਉਪਾਇੰਦਾ। ਰੰਗ ਵਖਾਏ ਏਕਾ ਭੀਨਨ, ਬਿਨ ਰੰਗ ਰੂਪੀ ਆਪ ਚੜ੍ਹਾਇੰਦਾ। ਹਰਿਜਨ ਮੇਲਾ ਜਿਉਂ ਜਲ ਮੀਨਨ, ਸੁਰਤੀ ਸ਼ਬਦ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਿਲਾਏ ਆਪਣੇ ਘਰ, ਤਿਸ ਆਪਣਾ ਦਰਸ ਕਰਾਇੰਦਾ।
