Granth 10 Likhat 177: 30 Savan 2018 Bikarmi Khiyal Singh Pind Rupowal Jila Hoshiarpur

੩੦ ਸਾਵਣ ੨੦੧੮ ਬਿਕ੍ਰਮੀ ਖਿਆਲ ਸਿੰਘ ਪਿੰਡ ਰੂਪੋ ਵਾਲ ਜ਼ਿਲਾ ਹੁਸ਼ਿਆਰਪੁਰ

ਨਵ ਨੌਂ ਚਾਰ ਖੇਲ ਅਪਾਰਾ, ਆਦਿ ਜੁਗਾਦੀ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਹਰਿ ਪੁਰਖ ਨਿਰੰਜਣ ਵੇਸ ਧਰਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜਾ, ਸ੍ਰੀ ਭਗਵਾਨ ਸਚਖੰਡ ਦਵਾਰੇ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਕਰ ਵਰਤਾਰਾ, ਆਪਣਾ ਖੇਲ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਭੂਪਤ ਭੂਪ ਬਣ ਸ਼ਾਹ ਸਿਕਦਾਰਾ, ਧੁਰ ਫ਼ਰਮਾਨਾ ਹੁਕਮ ਜਣਾਇੰਦਾ। ਆਪਣੀ ਇਛਿਆ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਇੰਦਾ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰਾ, ਅਲਖ ਅਗੋਚਰ ਖੇਲ ਖਿਲਾਇੰਦਾ। ਆਪ ਉਪਾਏ ਥਿਰ ਘਰ ਸੱਚਾ ਦਰਬਾਰਾ, ਚਰਨ ਕਵਲ ਆਪ ਟਿਕਾਇੰਦਾ। ਆਪ ਉਪਾਏ ਸੁਤ ਦੁਲਾਰਾ, ਪੂਤ ਸਪੂਤਾ ਆਪ ਉਠਾਇੰਦਾ। ਆਪੇ ਖੇਲ ਕਰੇ ਨਿਆਰਾ, ਕਰਨੀ ਕਰਤਾ ਆਪ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸਚ ਹੁਲਾਰਾ ਇਕ ਲਗਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਪੰਜ ਤੱਤ ਕਰ ਆਕਾਰਾ, ਨਿਰਾਕਾਰਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਇੰਦਾ। ਆਪਣੀ ਖੇਲ ਖੇਲੇ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦਵਾਰੇ ਬੈਠ ਸੱਚੇ ਮਕਾਨ, ਤਖ਼ਤ ਨਿਵਾਸੀ ਸੋਭਾ ਪਾਈਆ। ਆਪੇ ਦੇਵੇ ਧੁਰ ਫ਼ਰਮਾਨ, ਹੁਕਮੀ ਹੁਕਮ ਆਪ ਚਲਾਈਆ। ਆਪੇ ਆਪਣਾ ਨਾਉਂ ਕਰੇ ਪਰਧਾਨ, ਨਾਉਂ ਨਿਰੰਕਾਰਾ ਆਪ ਰਖਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਬੇਪਰਵਾਹੀਆ। ਦੋ ਜਹਾਨ ਖੇਲ ਖਿਲਾਇਆ, ਪੁਰਖ ਅਗੰਮ ਅਗੰਮੜੀ ਕਾਰ। ਨਿਰਗੁਣ ਜੋਤ ਨੂਰ ਰੁਸ਼ਨਾਇਆ, ਜੋਤੀ ਜਾਤਾ ਹੋ ਉਜਿਆਰ। ਸਾਚਾ ਦੀਪਕ ਆਪ ਟਿਕਾਇਆ, ਆਪ ਆਪਣੀ ਕਿਰਪਾ ਧਾਰ। ਸਾਚਾ ਮੰਦਰ ਆਪ ਸੁਹਾਇਆ, ਨਾ ਕੋਈ ਦੀਸੇ ਚਾਰ ਦੀਵਾਰ। ਪੁਰਖ ਅਬਿਨਾਸ਼ੀ ਆਸਣ ਲਾਇਆ, ਸਚਖੰਡ ਸੱਚੀ ਸਰਕਾਰ। ਥਿਰ ਘਰ ਆਪਣਾ ਚਰਨ ਟਿਕਾਇਆ, ਕਰੇ ਖੇਲ ਅਪਰ ਅਪਾਰ। ਆਪਣੀ ਰਚਨਾ ਆਪ ਰਚਾਇਆ, ਵਿਸ਼ਨ ਬ੍ਰਹਮਾ ਸ਼ਿਵ ਬਣਾਏ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰੇ ਕਰਤਾ ਕਰਨੇਹਾਰ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਹਰਿ ਸਾਚਾ ਸਚ ਜਣਾਇੰਦਾ। ਵਸਤ ਅਮੋਲਕ ਝੋਲੀ ਪਾ, ਤ੍ਰੈ ਤ੍ਰੈ ਪੰਧ ਰਖਾਇੰਦਾ। ਏਕਾ ਧੰਦੇ ਦੇਵੇ ਲਾ, ਸਾਚਾ ਧੰਦਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਹਰਿ ਕਰਤਾਰ, ਆਪਣਾ ਆਪ ਜਣਾਈਆ। ਵਿਸ਼ਨ ਦੇਵੇ ਇਕ ਭੰਡਾਰ, ਬ੍ਰਹਮੇ ਬ੍ਰਹਮ ਰੂਪ ਵਖਾਈਆ। ਸ਼ੰਕਰ ਦੇਵੇ ਇਕ ਪਿਆਰ, ਸੀਸ ਜਗਦੀਸ ਹੱਥ ਟਿਕਾਈਆ। ਤਿੰਨਾਂ ਵਿਚੋਲਾ ਬਣ ਸਿਰਜਣਹਾਰ, ਸਾਚੇ ਮੰਦਰ ਸੋਭਾ ਪਾਈਆ। ਲੱਖ ਚੁਰਾਸੀ ਕਰ ਤਿਆਰ, ਘੜ ਭਾਂਡੇ ਵੇਖ ਵਖਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਸਰਗੁਣ ਨਿਰਗੁਣ ਰੂਪ ਵਟਾਈਆ। ਅੰਡਜ ਜੇਰਜ ਕਰ ਪਸਾਰ, ਉਤਭੁਜ ਸੇਤਜ ਆਪਣਾ ਰੰਗ ਰੰਗਾਈਆ। ਧਰਤ ਧਵਲ ਦਏ ਸਹਾਰ, ਜਲ ਬਿੰਬ ਦਏ ਟਿਕਾਈਆ। ਰਵ ਸਸ ਕਰ ਤਿਆਰ, ਕਿਰਨ ਕਿਰਨ ਕਿਰਨ ਚਮਕਾਈਆ। ਮੰਡਲ ਮੰਡਪ ਵੇਖ ਅਖਾੜ, ਆਪ ਆਪਣੀ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਕਰੇ ਖੇਲ ਹਰਿ ਨਿਰੰਕਾਰਾ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਦੋ ਜਹਾਨਾਂ ਵੇਸ ਵਟਾਇੰਦਾ। ਏਕੰਕਾਰਾ ਕਰ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ। ਆਦਿ ਨਿਰੰਜਣ ਜੋਤ ਉਜਿਆਰਾ, ਜੋਤ ਨਿਰੰਜਣ ਘਟ ਘਟ ਆਪ ਟਿਕਾਇੰਦਾ। ਅਬਿਨਾਸ਼ੀ ਕਰਤਾ ਇਕ ਵਖਾਏ ਠਾਂਡਾ ਦਰਬਾਰਾ, ਸ੍ਰੀ ਭਗਵਾਨ ਬੋਲ ਜੈਕਾਰਾ, ਘਰ ਅਨਹਦ ਨਾਦ ਵਜਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਵੰਡੇ ਵੰਡ ਅਪਰ ਅਪਾਰਾ, ਵੰਡ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਪਾਏ ਹਰਿ ਕਰਤਾਰ, ਡੋਰੀ ਆਪਣੇ ਹੱਥ ਰਖਾਈਆ। ਬ੍ਰਹਮੇ ਦੇਵੇ ਇਕ ਆਧਾਰ, ਆਤਮ ਬ੍ਰਹਮ ਵਡੀ ਵਡਿਆਈਆ। ਈਸ਼ ਜੀਵ ਕਰੇ ਪਿਆਰ, ਜਗਦੀਸ ਸੇਵ ਕਮਾਈਆ। ਏਕਾ ਨਾਦ ਸੁਣਾਏ ਸੱਚੀ ਧੁਨਕਾਰ, ਧੁਨ ਆਤਮਕ ਆਪ ਸੁਣਾਈਆ। ਏਕਾ ਰਾਗ ਗਾਏ ਆਪਣੀ ਵਾਰ, ਰਾਗੀ ਆਪਣਾ ਰਾਗ ਅਲਾਈਆ। ਬ੍ਰਹਮਾ ਲੇਖਾ ਜਾਣੇ ਵੇਦ ਚਾਰ, ਚਾਰ ਚਾਰ ਮੁਖ ਸਾਲਾਹੀਆ। ਚਾਰ ਕੁੰਟ ਹੋਏ ਜੈਕਾਰ, ਚਾਰ ਜੁਗ ਵੰਡ ਵੰਡਾਈਆ। ਚਾਰ ਵਰਨ ਦਏ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਆਪ ਚਲਾਈਆ। ਚਾਰ ਜੁਗ ਹਰਿ ਖੇਲ ਖਿਲਾਇਆ, ਅਚਰਜ ਬਣਤ ਬਣਾਇੰਦਾ। ਲੱਖ ਚੁਰਾਸੀ ਵੇਸ ਵਟਾਇਆ, ਘਟ ਘਟ ਆਸਣ ਲਾਇੰਦਾ। ਅੰਡਜ ਜੇਰਜ ਰੰਗ ਰੰਗਾਇਆ, ਉਤਭੁਜ ਸੇਤਜ ਵੇਖ ਵਖਾਇੰਦਾ। ਚਾਰੇ ਬਾਣੀ ਆਪੇ ਗਾਇਆ, ਆਪਣਾ ਰਾਗ ਆਪ ਸੁਣਾਇੰਦਾ। ਚਾਰੇ ਵਰਨ ਵੇਖ ਵਖਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਭੇਵ ਚੁਕਾਇੰਦਾ। ਜੁਗ ਜੁਗ ਗੇੜਾ ਆਪ ਦਿਵਾਇਆ, ਗੇੜਾ ਆਪਣਾ ਆਪ ਭਵਾਇੰਦਾ। ਗੁਰ ਅਵਤਾਰ ਸੇਵਾ ਲਾਇਆ, ਸਾਚੀ ਸੇਵਾ ਇਕ ਸਮਝਾਇੰਦਾ। ਸਾਚਾ ਨਾਮ ਝੋਲੀ ਪਾਇਆ, ਜੁਗ ਜੁਗ ਮਾਤ ਵਰਤਾਇੰਦਾ। ਰੂਪ ਅਨੂਪ ਆਪ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਇੰਦਾ। ਰੂਪ ਅਨੂਪਾ ਆਪੇ ਕਰ, ਆਪਣੀ ਖੇਲ ਖਿਲਾਈਆ। ਸਤਿਜੁਗ ਸਤਿ ਸਤਿਵਾਦੀ ਦਿਤਾ ਵਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਬੋਧ ਅਗਾਧੀ ਅੱਖਰ ਪੜ੍ਹ, ਸੋ ਪੁਰਖ ਨਿਰਜੰਣ ਕਰੇ ਪੜ੍ਹਾਈਆ। ਹੰ ਬ੍ਰਹਮ ਆਪੇ ਫੜ, ਸੋਹੰ ਧਾਰ ਚਲਾਈਆ। ਲੇਖਾ ਜਾਣੇ ਨਰਾਇਣ ਨਰ, ਨਰ ਨਾਰੀ ਦਏ ਸਮਝਾਈਆ। ਘਟ ਘਟ ਅੰਦਰ ਆਪੇ ਵੜ, ਜੋਤੀ ਜੋਤ ਕਰੇ ਰੁਸ਼ਨਾਈਆ। ਆਤਮ ਸੇਜਾ ਬੈਠਾ ਚੜ੍ਹ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਕਰੇ ਪਰਕਾਸ਼ ਬਹੱਤਰ ਨਾੜ, ਨੂਰੋ ਨੂਰ ਡਗਮਗਾਈਆ। ਨਾ ਜਨਮੇ ਨਾ ਜਾਏ ਮਰ, ਪੁਰਖ ਅਕਾਲ ਵਡੀ ਵਡਿਆਈਆ। ਸਤਿਜੁਗ ਸਾਚਾ ਮਾਤ ਧਰ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਸਾਚਾ ਖੇਲ ਕਰਨੇਯੋਗ, ਹਰਿ ਸਾਚਾ ਕਰਮ ਕਮਾਇੰਦਾ। ਨਿਰਗੁਣ ਸਰਗੁਣ ਬਣੇ ਸੰਜੋਗ, ਸਚ ਸੰਜੋਗੀ ਮੇਲ ਮਿਲਾਇੰਦਾ। ਕਾਇਆ ਵੇਖੇ ਕਿਲਾ ਕੋਟ, ਪੰਜ ਤੱਤ ਮੰਦਰ ਆਪ ਸੁਹਾਇੰਦਾ। ਤਨ ਨਗਾਰੇ ਵੱਜੇ ਚੋਟ, ਸ਼ਬਦ ਅਨਾਦੀ ਨਾਦ ਵਜਾਇੰਦਾ। ਇਕ ਵਖਾਏ ਆਪਣੀ ਓਟ, ਪੁਰਖ ਅਕਾਲ ਭੇਵ ਚੁਕਾਇੰਦਾ। ਬ੍ਰਹਮ ਮਿਲਾਏ ਪਾਰਬ੍ਰਹਮ ਜੋਤ, ਜੋਤੀ ਜਾਤਾ ਆਪ ਹੋ ਜਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਬਰਨ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਉਠਾਇੰਦਾ। ਆਪਣਾ ਭੇਵ ਦੇਵੇ ਚੁੱਕ, ਆਪਣਾ ਪਰਦਾ ਆਪ ਉਠਾਈਆ। ਬ੍ਰਹਮ ਅੰਦਰ ਪਾਰਬ੍ਰਹਮ ਬੈਠਾ ਲੁੱਕ, ਰੂਪ ਅਨੂਪ ਆਪ ਦਰਸਾਈਆ । ਗੁਰ ਰੂਪ ਹੋ ਹੋ ਪਏ ਬੁੱਕ, ਜੁਗ ਜੁਗ ਆਪਣਾ ਵੇਸ ਵਟਾਈਆ। ਪੰਚ ਵਿਕਾਰਾ ਕੱਢੇ ਕੁੱਟ, ਆਸਾ ਤ੍ਰਿਸਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਖੇਲ ਖਿਲਾਈਆ। ਜੁਗ ਕਰਤਾ ਖੇਲ ਖਿਲਾਇੰਦਾ, ਕਰਨਹਾਰ ਕਰਤਾਰ। ਸਤਿਜੁਗ ਤ੍ਰੇਤਾ ਮਾਤ ਲਗਾਇੰਦਾ, ਜੁਗ ਜੁਗ ਵੇਸ ਕਰੇ ਨਿਰੰਕਾਰ। ਆਪਣਾ ਰੂਪ ਆਪ ਧਰਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਭਗਤ ਭਗਵੰਤ ਵੇਖ ਵਖਾਇੰਦਾ, ਜਗਤ ਭਵਰੀ ਡੂੰਘੀ ਗਾਰ। ਸਾਚੇ ਸੰਤ ਮੇਲ ਮਿਲਾਇੰਦਾ, ਆਪੇ ਖੋਲ੍ਹ ਬੰਦ ਕਿਵਾੜ। ਗੁਰਮੁਖ ਸਾਚੇ ਆਪ ਜਗਾਇੰਦਾ, ਦੇਵੇ ਨਾਮ ਆਧਾਰ। ਗੁਰਸਿਖ ਸਾਚੇ ਮਾਰਗ ਲਾਇੰਦਾ, ਚਰਨ ਕਵਲ ਬਖ਼ਸ਼ੇ ਇਕ ਪਿਆਰ। ਸਤਿਜੁਗ ਤ੍ਰੇਤਾ ਪਾਰ ਕਰਾਇੰਦਾ, ਦੁਆਪਰ ਖੇਲ ਕਰੇ ਕਰਤਾਰ। ਆਪਣੀ ਰਚਨਾ ਆਪੇ ਵੇਖ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਸਤਿਜੁਗ ਤ੍ਰੇਤਾ ਉਤਰਿਆ ਘਾਟ, ਰੂਪ ਅਨੂਪ ਆਪ ਵਟਾਈਆ। ਆਪੇ ਜਾਣੇ ਆਪਣੀ ਵਾਟ, ਆਪਣਾ ਪੰਧ ਮੁਕਾਈਆ। ਕਰੇ ਖੇਲ ਪੁਰਖ ਸਮਰਾਥ, ਸਮਰਥ ਹੱਥ ਵਡਿਆਈਆ। ਦੁਆਪਰ ਪਾਈ ਆਪਣੀ ਨੱਥ, ਚਾਰੋਂ ਕੁੰਟ ਰਿਹਾ ਭਵਾਈਆ। ਗੁਰ ਅਵਤਾਰ ਰਹੇ ਨੱਚ, ਹੁਕਮੇ ਹੁਕਮ ਰਿਹਾ ਭਵਾਈਆ। ਸਭ ਦਾ ਭਾਂਡਾ ਭੰਨੇ ਮਾਟੀ ਕਾਇਆ ਕੱਚ, ਥਿਰ ਕੋਇ ਨਜ਼ਰ ਨਾ ਆਈਆ। ਏਕਾ ਨਾਮ ਆਪਣਾ ਰੱਖੇ ਸੱਚ, ਦੂਸਰ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਦੁਆਪਰ ਉਤਰੇ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਆਵੇ ਆਪਣੀ ਵਾਰਾ, ਆਪਣਾ ਬਲ ਵਖਾਈਆ। ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਜੂਠ ਝੂਠ ਕਰੇ ਵਪਾਰਾ, ਵਣਜ ਵਪਾਰ ਇਕ ਰਖਾਈਆ। ਕਾਮ ਕਰੋਧ ਕਰੇ ਪਿਆਰਾ, ਲੋਭ ਮੋਹ ਹੰਕਾਰ ਹਲਕਾਈਆ। ਈਸਾ ਮੂਸਾ ਕਰ ਸ਼ੰਗਾਰਾ, ਸੰਗ ਮੁਹੰਮਦ ਚਾਰ ਯਾਰ ਲਏ ਹੰਢਾਈਆ। ਨਾਨਕ ਨਿਰਗੁਣ ਬੋਲ ਸਤਿ ਜੈਕਾਰਾ, ਸਤਿ ਸਤਿਵਾਦੀ ਦਏ ਸੁਣਾਈਆ। ਮਹਾਂਬਲੀ ਉਤਰੇ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਚਾਰ ਵਰਨਾਂ ਪਾਵੇ ਸਾਰਾ, ਊਚ ਨੀਚ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਵਟਾਈਆ। ਜੁਗ ਜੁਗ ਰੂਪ ਵਟਾਇੰਦਾ, ਕਿਰਪਾ ਨਿਧ ਹਰਿ ਕਰਤਾਰ। ਗੋਬਿੰਦ ਸੂਰਾ ਰਾਹ ਤਕਾਇੰਦਾ, ਨੇਤਰ ਨੈਣ ਨੈਣ ਉਘਾੜ। ਪੁਰਖ ਅਬਿਨਾਸ਼ ਵੇਸ ਵਟਾਇੰਦਾ, ਸੰਬਲ ਆਏ ਧਾਮ ਨਿਆਰ। ਸ਼ਬਦ ਖੰਡਾ ਹੱਥ ਚਮਕਾਇੰਦਾ, ਦੋ ਜਹਾਨਾਂ ਮਾਰੇ ਮਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ, ਕਲਜੁਗ ਵੇਖੇ ਅੰਤਮ ਵਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਰਾਜ ਰਾਜਾਨਾਂ ਕਰੇ ਖ਼ਵਾਰ। ਨੌਂ ਖੰਡ ਪ੍ਰਿਥਮੀ ਫੋਲ ਫੋਲਾਇੰਦਾ, ਸੱਤਾਂ ਦੀਪਾਂ ਪਰਦਾ ਦਏ ਉਤਾਰ। ਏਕਾ ਆਪਣਾ ਹੁਕਮ ਵਰਤਾਇੰਦਾ, ਤਖ਼ਤ ਬੈਠ ਸੱਚੀ ਸਰਕਾਰ। ਚੌਥੇ ਜੁਗ ਦਾ ਲਹਿਣਾ ਆਪ ਮੁਕਾਇੰਦਾ, ਦੇਣਾ ਰਹੇ ਨਾ ਵਿਚ ਸੰਸਾਰ। ਨਿਹਕਲੰਕਾ ਨਾਉਂ ਰਖਾਇੰਦਾ, ਨਿਰਗੁਣ ਨੂਰ ਜੋਤੀ ਨਿਰਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਏਕੰਕਾਰ। ਏਕੰਕਾਰ ਆਦਿ ਅੰਤ, ਆਪਣਾ ਖੇਲ ਖਿਲਾਈਆ। ਗੁਰ ਅਵਤਾਰ ਜੁਗਾ ਜੁਗੰਤ, ਜੁਗ ਕਰਤਾ ਸੇਵ ਲਗਾਈਆ। ਮਹਿਮਾ ਗਣਾਏ ਆਪਣੀ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋ ਆਇਆ ਸੋ ਕਹੇ ਬੇਅੰਤ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਈਆ। ਆਪਣਾ ਬਲ ਰੱਖੇ ਬਲਵਾਨ, ਬਲਧਾਰੀ ਆਪ ਅਖਵਾਇੰਦਾ। ਆਪਣੇ ਹੱਥ ਰੱਖੇ ਨਿਸ਼ਾਨ, ਸਤਿ ਨਿਸ਼ਾਨਾ ਆਪ ਝੁਲਾਇੰਦਾ। ਆਪਣਾ ਵਸਾਏ ਸਚ ਮਕਾਨ, ਸਚਖੰਡ ਦਵਾਰਾ ਸੋਭਾ ਪਾਇੰਦਾ। ਲਹਿਣਾ ਦੇਵੇ ਧੁਰ ਫ਼ਰਮਾਨ, ਲੱਖ ਚੁਰਾਸੀ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਨੇਤਰ ਨੀਰ ਸਰਬ ਵਹਾਇੰਦਾ। ਕਰੋੜ ਤੇਤੀਸਾ ਸਰਬ ਕੁਰਲਾਣ, ਰਾਜਾ ਸੁਰਪਤ ਇੰਦ ਉਚੀ ਕੂਕ ਕੂਕ ਅਲਾਇੰਦਾ। ਸੁਣਿਆ ਇਕ ਧੁਰ ਫ਼ਰਮਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਚੌਦਾਂ ਹੱਟ ਖ਼ਾਲੀ ਕਰੇ ਦੁਕਾਨ, ਚੌਦਾਂ ਲੋਕ ਫੋਲ ਫੋਲਾਇੰਦਾ। ਚੌਦਾਂ ਤਬਕਾਂ ਮਾਰੇ ਆਣ, ਏਕਾ ਖੰਡਾ ਨਾਮ ਚਮਕਾਇੰਦਾ। ਲੱਖ ਚੁਰਾਸੀ ਨਾਤਾ ਤੁਟੇ ਪੀਣ ਖਾਣ, ਜੀਵ ਜੰਤ ਸਰਬ ਪਛਤਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਗੁਰਸਿਖ ਦੇਵੇ ਨਾਮ ਦਾਨ, ਆਤਮ ਅੰਤਰ ਇਕ ਪੜ੍ਹਾਇੰਦਾ। ਸਾਚੇ ਸੰਤ ਕਰੇ ਪਰਵਾਨ, ਸਤਿ ਸਤਿਵਾਦੀ ਆਪਣੇ ਰੰਗ ਰੰਗਾਇੰਦਾ। ਭਗਤਾਂ ਮਿਲੇ ਆਪ ਭਗਵਾਨ, ਭਗਤ ਦਵਾਰੇ ਆਪੇ ਆਇੰਦਾ। ਕਰੇ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਵੇਸ ਵਟਾਇੰਦਾ। ਸਰਬ ਜੀਆਂ ਦਾ ਏਕਾ ਕਾਹਨ, ਏਕਾ ਬੰਸਰੀ ਨਾਮ ਵਜਾਇੰਦਾ। ਕਲਜੁਗ ਚਾਰ ਕੁੰਟ ਹੋਏ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਕਲਜੁਗ ਤੇਰਾ ਪਾਏ ਬੰਧਨ, ਲੱਖ ਚੁਰਾਸੀ ਆਪ ਬੰਧਾਈਆ। ਕੋਈ ਨਾ ਤੋੜੇ ਤੇਰਾ ਤੰਦਨ, ਗੁਰ ਅਵਤਾਰ ਗਏ ਸੇਵ ਕਮਾਈਆ। ਦੋਏ ਜੋੜ ਸਰਬ ਕਰਨ ਬੰਦਨ, ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸਦਾ ਬਖ਼ਸ਼ੰਦਨ, ਤੇਰੇ ਹੱਥ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖਾ ਦੇਣਾ ਮੁਕਾਈਆ। ਕਲਜੁਗ ਲੇਖਾ ਤੇਰੇ ਹੱਥ, ਨਾਨਕ ਗੋਬਿੰਦ ਆਪ ਜਣਾਇੰਦਾ। ਵੇਦ ਵਿਆਸਾ ਰਿਹਾ ਕਥ, ਰਸਨਾ ਜੇਹਵਾ ਗਾਇੰਦਾ। ਈਸਾ ਡਾਹੇ ਅੱਗੇ ਦੋਵੇਂ ਹੱਥ, ਏਕਾ ਮੰਗ ਮੰਗਾਇੰਦਾ। ਕਲਜੁਗ ਚਲੇ ਕੂੜਾ ਰਥ, ਰਥ ਰਥਵਾਹੀ ਕੋਇ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਖੇੜਾ ਹੋਏ ਭੱਠ, ਜਗਤ ਭਠਿਆਲਾ ਭੇਵ ਨਾ ਪਾਇੰਦਾ। ਏਕਾ ਗੇੜਨੀ ਉਲਟੀ ਲੱਠ, ਕੋਹਲੂ ਚੱਕੀ ਚੱਕ ਆਪ ਭਵਾਇੰਦਾ। ਕਿਸੇ ਨਾ ਦਿਸੇ ਧੀਰਜ ਜਤ, ਸਤਿ ਸੰਤੋਖ ਨਾ ਕੋਇ ਰਖਾਇੰਦਾ। ਕੋਈ ਨਾ ਜਾਣੇ ਗੁਰਮਤ, ਮਨਮਤ ਸਰਬ ਕੁਰਲਾਇੰਦਾ। ਕੋਈ ਨਾ ਜਾਣੇ ਕਮਲਾਪਤ, ਨਾਰ ਦੁਹਾਗਣ ਜੀਵ ਸਰਬ ਅਖਵਾਇੰਦਾ। ਕੋਈ ਨਾ ਕਰੇ ਪੂਰੀ ਆਸ, ਆਸ ਨਿਰਾਸ ਨਾ ਕੋਇ ਜਣਾਇੰਦਾ। ਚਾਰੋਂ ਕੁੰਟ ਦਿਸੇ ਪਰਭਾਸ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਟਿੱਲੇ ਪਰਬਤ ਤੇਰਾ ਰਾਹ ਨਾ ਕੋਇ ਤਕਾਇੰਦਾ। ਲਹਿਣਾ ਦੇਣਾ ਚੁਕਿਆ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਮੁਖ ਛੁਪਾਇੰਦਾ। ਰਵ ਸਸ ਨਾ ਕੋਇ ਪਰਕਾਸ਼, ਨੂਰੀ ਚੰਦ ਨਾ ਕੋਇ ਚੜ੍ਹਾਇੰਦਾ। ਚੌਦਾਂ ਲੋਕ ਹੋਣ ਵਿਨਾਸ, ਥਿਰ ਕੋਇ ਰਹਿਣ ਨਾ ਪਾਇੰਦਾ। ਚੌਦਾਂ ਤਬਕਾਂ ਕਰਨਾ ਬੰਦ ਖ਼ੁਲਾਸ, ਬੰਦੀ ਤੋੜ ਆਪਣਾ ਬੰਦ ਕਟਾਇੰਦਾ। ਗੁਰਮੁਖ ਵਿਰਲੇ ਰੱਖੇ ਪਾਸ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਪਰਗਟ ਹੋਏ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨਾ ਵੇਸ ਵਟਾਇੰਦਾ। ਨਿਰਗੁਣ ਨੂਰ ਜੋਤ ਪਰਕਾਸ਼, ਦੋ ਜਹਾਨਾਂ ਡਗਮਗਾਇੰਦਾ। ਕਲਜੁਗ ਕਰੇ ਖੇਲ ਤਮਾਸ਼, ਨਿਹਕਲੰਕਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪਰਦਾ ਆਪ ਚੁਕਾਇੰਦਾ। ਨਿਹਕਲੰਕ ਨਾਉਂ ਨਿਰੰਕਾਰਾ, ਦੂਸਰ ਅਵਰ ਨਾ ਕੋਇ ਵਡਿਆਈਆ। ਸ਼ਬਦ ਨਾਦ ਸੱਚੀ ਧੁੰਨਕਾਰਾ, ਨਾਦ ਅਨਾਦੀ ਆਪ ਸੁਣਾਈਆ। ਬ੍ਰਹਿਮੰਡ ਬ੍ਰਹਿਮਾਂਡ ਪਾਵੇ ਸਾਰਾ, ਬ੍ਰਹਿਮਾਦਿ ਵੱਜੇ ਵਧਾਈਆ। ਤ੍ਰੈਗੁਣ ਕਰੇ ਪਾਰ ਕਿਨਾਰਾ, ਪੰਚਮ ਲੇਖਾ ਦਏ ਮੁਕਾਈਆ। ਕੂੜੀ ਕਿਰਿਆ ਦੇਵੇ ਜੜ੍ਹ ਉਖਾੜਾ, ਸਚ ਸੁੱਚ ਮਾਰਗ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਪੰਧ ਮੁਕਾਈਆ। ਨਵ ਨੌਂ ਚਾਰ ਮੁੱਕੇ ਪੰਧ, ਸੋ ਪੁਰਖ ਨਿਰੰਜਣ ਆਪ ਮੁਕਾਇੰਦਾ। ਸਤਿਜੁਗ ਚੜ੍ਹੇ ਸਾਚਾ ਚੰਦ, ਬੀਸ ਬੀਸਾ ਰਾਹ ਤਕਾਇੰਦਾ। ਏਕਾ ਮਾਰਗ ਲਾਏ ਨੌਂ ਖੰਡ, ਨੌਂ ਨੌਂ ਆਪਣੀ ਧਾਰ ਜਣਾਇੰਦਾ। ਚਾਰ ਵਰਨਾਂ ਏਕਾ ਨਾਮ ਵੰਡ, ਚਾਰ ਕੁੰਟ ਸੋਭਾ ਪਾਇੰਦਾ। ਨਾਤਾ ਤੋੜ ਭੇਖ ਪਖੰਡ, ਸਚ ਜੈਕਾਰਾ ਇਕ ਕਰਾਇੰਦਾ। ਜ਼ਾਤ ਪਾਤ ਕਰੇ ਖੰਡ ਖੰਡ, ਊਚ ਨੀਚ ਨਾ ਕੋਇ ਜਣਾਇੰਦਾ। ਇਕ ਵਖਾਏ ਪਰਮਾਨੰਦ, ਨਿਜਾਨੰਦ ਆਪ ਚਖਾਇੰਦਾ। ਲੱਖ ਚੁਰਾਸੀ ਏਕਾ ਛੰਦ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇੰਦਾ। ਏਕਾ ਰਾਗ ਏਕਾ ਤੰਦ, ਤੰਦੀ ਸਤਾਰ ਇਕ ਵਜਾਇੰਦਾ। ਏਕਾ ਹੋਏ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਨਾ ਕੋਈ ਖਾਏ ਮਦਿਰਾ ਮਾਸ ਗੰਦ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਲੇਖਾ ਜਾਣੇ ਬੱਤੀ ਦੰਦ, ਰਸਨਾ ਜੇਹਵਾ ਆਪ ਸਮਾਇੰਦਾ। ਭੇਵ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਮੇਲ ਮਿਲਾਇੰਦਾ। ਕਰੇ ਖੇਲ ਸੂਰਾ ਸਰਬੰਗ, ਆਪਣਾ ਰਾਹ ਚਲਾਇੰਦਾ। ਕਲਜੁਗ ਮੁੱਕਿਆ ਅੰਤਮ ਪੰਧ, ਝੂਠਾ ਪਾਂਧੀ ਕੋਇ ਰਹਿਣ ਨਾ ਪਾਇੰਦਾ। ਸਤਿਜੁਗ ਪੱਲੇ ਬੰਨ੍ਹੀ ਗੰਢ, ਸਚ ਭੰਡਾਰਾ ਨਾਮ ਲਿਆਇੰਦਾ। ਜਨ ਭਗਤਾਂ ਦੇਵੇ ਆਪੇ ਵੰਡ, ਘਰ ਘਰ ਸੇਵ ਕਮਾਇੰਦਾ। ਸੁਰਤ ਸੁਆਣੀ ਨਾ ਹੋਏ ਰੰਡ, ਕੰਤ ਸੁਹਾਗ ਸ਼ਬਦ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪੇ ਕਰ, ਜੁਗ ਕਰਤਾ ਖੇਲ ਖਿਲਾਇੰਦਾ। ਕਲਜੁਗ ਉਤਰੇ ਆਪਣੇ ਦਵਾਰ, ਜਗਤ ਦਵਾਰਾ ਦਏ ਮੁਕਾਈਆ। ਅੰਤਮ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਨਾ ਕੋਈ ਦਿਸੇ ਮਦਦਗਾਰ, ਬੈਠੇ ਮੁਖ ਛੁਪਾਈਆ। ਚਾਰ ਯਾਰ ਨਾ ਕੋਇ ਪਿਆਰ, ਸਿਰ ਪੱਲੂ ਨਾ ਕੋਇ ਧਰਾਈਆ। ਈਸਾ ਮੂਸਾ ਨਾ ਕੋਇ ਆਧਾਰ, ਦਸਤਗੀਰ ਨਾ ਕੋਇ ਅਖਵਾਈਆ। ਅੱਲਾ ਰਾਣੀ ਹੋਈ ਸ਼ਰਮਸਾਰ, ਨੇਤਰ ਨੈਣ ਨਾ ਸਕੇ ਉਠਾਈਆ। ਪਰਗਟ ਹੋਇਆ ਪਰਵਰਦਿਗਾਰ, ਅਮਾਮ ਅਮਾਮਾਂ ਆਪ ਅਖਵਾਈਆ। ਚੌਦਾਂ ਤਬਕਾਂ ਮਾਰੇ ਮਾਰ, ਮੇਰੀ ਉਮਤ ਦਏ ਰੁਲਾਈਆ। ਮੇਰਾ ਪਾਸਾ ਆਇਆ ਹਾਰ, ਜਿਤ ਨਜ਼ਰ ਨਾ ਕੋਇ ਆਇਆ। ਮੇਰਾ ਕਾਅਬਾ ਹੋਇਆ ਵੈਰਾਨ, ਹਾਜੀ ਹੱਜ ਨਾ ਕੋਇ ਕਰਾਈਆ। ਮੇਰੀ ਲੁੱਟੀ ਜਾਏ ਦੁਕਾਨ, ਨਾਲ ਰਲਿਆ ਅਬਲੀਸ ਸ਼ੈਤਾਨ, ਪੰਜ ਵਕ਼ਤ ਨਿਮਾਜ ਦਏ ਚੁਕਾਈਆ। ਮੇਰਾ ਸਯਦਾ ਨਾ ਹੋਇਆ ਪਰਵਾਨ, ਕਾਇਆ ਕੁਰਾ ਕ਼ੁਰਾਨ ਨਾ ਕੋਇ ਪੜ੍ਹਾਈਆ। ਨਿਗਹਬਾਨ ਨਾ ਹੋਇਆ ਨਿਗਹਬਾਨ, ਨਿਗਹ ਮਾਰ ਕਰੇ ਰਸਾਈਆ। ਵੇਲੇ ਅੰਤ ਸਰਬ ਪਛਤਾਣ, ਭਰਮੇ ਭੁੱਲੀ ਸਰਬ ਲੋਕਾਈਆ। ਕਰੇ ਖੇਲ ਸ੍ਰੀ ਭਗਵਾਨ, ਰਾਮ ਰਾਮਾ ਰੂਪ ਵਟਾਈਆ। ਏਕਾ ਜਾਣੇ ਜਗਤ ਗਿਆਨ, ਅਠਾਰਾਂ ਧਿਆਏ ਕਰੇ ਪੜ੍ਹਾਈਆ। ਅਠਾਰਾਂ ਪੁਰਾਨ ਕਰੇ ਵਖਾਣ, ਵੇਦ ਵਿਆਸਾ ਸੇਵ ਕਮਾਈਆ। ਚਾਰੇ ਵੇਦ ਅੰਤ ਕੁਰਲਾਣ, ਵੇਲਾ ਗਿਆ ਹੱਥ ਨਾ ਆਈਆ। ਤੇਈ ਅਵਤਾਰ ਕਰਨ ਧਿਆਨ, ਪ੍ਰਭ ਅੱਗੇ ਸੀਸ ਝੁਕਾਈਆ। ਨਾਨਕ ਗੋਬਿੰਦ ਹੋ ਪਰਧਾਨ, ਏਕਾ ਹੁਕਮ ਰਿਹਾ ਸੁਣਾਈਆ। ਅੰਤਮ ਆਇਆ ਨਿਹਕਲੰਕ ਬਲੀ ਬਲਵਾਨ, ਸਭ ਦਾ ਲੇਖਾ ਦਏ ਮੁਕਾਈਆ। ਲੁਕਿਆ ਰਹੇ ਨਾ ਕੋਇ ਵਿਚ ਜਹਾਨ, ਸਮੁੰਦ ਸਾਗਰ ਫੋਲ ਫੋਲਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤ ਦੀਪ ਆਪਣਾ ਰੰਗ ਰੰਗਾਈਆ। ਉੱਤਰ ਪੱਛਮ ਪੂਰਬ ਦੱਖਣ ਆਪੇ ਹੋਇਆ ਜਾਣੀ ਜਾਣ, ਦਹਿ ਦਿਸ਼ਾ ਵੰਡ ਵੰਡਾਈਆ। ਰਵ ਸਸ ਸਰਬ ਕੁਰਲਾਣ, ਨੂਰ ਨੂਰ ਨਾ ਕੋਇ ਵਡਿਆਈਆ। ਅੰਤਮ ਮਿਟਣਾ ਸਭ ਨਿਸ਼ਾਨ, ਜਿਸ ਘੜਿਆ ਭੰਨ ਵਖਾਈਆ। ਵਿਸ਼ਨੂੰ ਦਰ ਕਰੇ ਪਰਵਾਨ, ਪ੍ਰਭ ਅੱਗੇ ਸੀਸ ਝੁਕਾਈਆ। ਬ੍ਰਹਮਾ ਬੋਲੇ ਮੇਰਾ ਤੁਟਾ ਮਾਣ, ਤੇਰੀ ਵੇਖ ਵਡੀ ਵਡਿਆਈਆ । ਸ਼ੰਕਰ ਮੰਗੇ ਇਕ ਧਿਆਨ, ਹੱਥ ਤ੍ਰਿਸੂਲ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਵ ਨੌਂ ਚਾਰ ਲੇਖਾ ਦਏ ਚੁਕਾਈਆ। ਲੇਖਾ ਜਾਏ ਚੁੱਕ, ਹਰਿ ਚੁਕਾਇੰਦਾ। ਜੁਗ ਚੌਕੜੀ ਪੰਧ ਜਾਏ ਮੁੱਕ, ਪੁਰਖ ਅਬਿਨਾਸ਼ੀ ਆਪ ਮੁਕਾਇੰਦਾ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪੁਰਖ ਅਬਿਨਾਸ਼ੀ ਕਲਜੁਗ ਜੂਹ ਵਿਚ ਰਿਹਾ ਬੁੱਕ, ਸ਼ੇਰ ਆਪਣਾ ਨਾਉਂ ਪਰਗਟਾਇੰਦਾ। ਤੀਰਥ ਤਟਾਂ ਪਾਣੀ ਜਾਏ ਸੁੱਕ, ਅੰਮ੍ਰਿਤ ਸਰੋਵਰ ਨਾ ਕੋਇ ਵਹਾਇੰਦਾ। ਚੌਥੇ ਜੁਗ ਜੜ੍ਹ ਦੇਵੇ ਪੁੱਟ, ਲੋਕਮਾਤ ਨਾ ਕੋਇ ਲਗਾਇੰਦਾ। ਬਿਨ ਗੁਰਸਿਖ ਅੰਮ੍ਰਿਤ ਦੇਵੇ ਨਾ ਕਿਸੇ ਘੁੱਟ, ਲੱਖ ਚੁਰਾਸੀ ਜੀਵ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਜੁਗਾ ਜੁਗੰਤਰ ਆਪਣਾ ਵੇਸ ਵਟਾਇੰਦਾ। ਜੁਗਾ ਜੁਗੰਤਰ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਵਸਣਹਾਰਾ ਜਲਾ ਥਲਾ, ਜਲ ਥਲ ਮਹੀਅਲ ਰਿਹਾ ਸਮਾਈਆ। ਸਚ ਸੰਦੇਸ ਏਕਾ ਘੱਲਾ, ਦੋ ਜਹਾਨ ਰਿਹਾ ਸੁਣਾਈਆ। ਆਪਣੇ ਦੀਪ ਆਪੇ ਬਲਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਪਣਾ ਫੜਾਏ ਆਪੇ ਪੱਲਾ, ਏਕਾ ਪੱਲੂ ਨਾਮ ਬਨ੍ਹਾਈਆ। ਮਨਮੁਖ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਖੇਲ ਖਿਲਾਈਆ। ਹਰਿਜਨ ਜੋਤੀ ਸ਼ਬਦੀ ਆਪੇ ਰਲਾ ਆਤਮ ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਸਚ ਸਿੰਘਾਸਣ ਏਕਾ ਮੱਲਾ, ਗੁਰਮੁਖ ਸੱਚਾ ਸੋਭਾ ਪਾਈਆ। ਪੰਚ ਵਿਕਾਰ ਨਾ ਕਰੇ ਹੱਲਾ, ਦੇਵੇ ਦਰ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਦਰਸ ਦਿਖਾਈਆ। ਜਿਸ ਜਨ ਵਖਾਏ ਦਰਸ ਗੁਰਦੇਵ, ਏਕਾ ਇਸ਼ਟ ਜਣਾਈਆ। ਪਰਗਟ ਹੋਏ ਅਲਖ ਅਭੇਵ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਕਥਨੀ ਕਥ ਨਾ ਸਕੇ ਰਸਨਾ ਜਿਹਵ, ਕਥਨੀ ਕਥ ਕਥ ਨਾ ਕੋਇ ਸੁਣਾਈਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਆਪਣੇ ਧਾਮ ਦਏ ਵਡਿਆਈਆ। ਗੁਰਮੁਖਾਂ ਦੇਵੇ ਏਕਾ ਮੇਵ, ਅੰਮ੍ਰਿਤ ਨਾਉਂ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਨਾਮ ਵਸਤ ਅਤੋਲ, ਸਤਿਗੁਰ ਪੂਰਾ ਝੋਲੀ ਪਾਇੰਦਾ। ਏਥੇ ਓਥੇ ਰੱਖੇ ਅਡੋਲ, ਦੋ ਜਹਾਨਾਂ ਦਇਆ ਕਮਾਇੰਦਾ। ਘਰ ਘਰ ਵਿਚ ਸੁਣਾਏ ਆਪਣਾ ਬੋਲ, ਸ਼ਬਦ ਅਨਾਦੀ ਬੋਲ ਬੁਲਾਇੰਦਾ। ਆਪਣੇ ਕੰਡੇ ਤੋਲੇ ਤੋਲ, ਸਾਚਾ ਤੋਲ ਆਪ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚੇ ਪਾਰ ਕਿਨਾਰਾ, ਅਧਵਿਚਕਾਰ ਨਾ ਕੋਇ ਰੁੜ੍ਹਾਈਆ। ਅੱਗੇ ਮਿਲੇ ਮੀਤ ਮੁਰਾਰਾ, ਸਤਿਗੁਰ ਪੂਰਾ ਸੱਚਾ ਸ਼ਹਿਨਸ਼ਾਹੀਆ। ਸਤਿ ਸਤਿਵਾਦੀ ਕਰੇ ਪਿਆਰਾ, ਪੀਆ ਪ੍ਰੀਤਮ ਪ੍ਰੇਮ ਇਕ ਵਖਾਈਆ। ਸਾਚਾ ਸੱਯਾ ਦਏ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦਏ ਵਖਾਈਆ। ਘਰ ਵਖਾਏ ਹਰਿ ਗੋਬਿੰਦ, ਗੁਰਮੁਖ ਚਿੰਤਾ ਆਪ ਮਿਟਾਇੰਦਾ। ਕਰੇ ਖੇਲ ਗੁਣੀ ਗਹਿੰਦ, ਗੁਣ ਆਪਣਾ ਆਪ ਜਣਾਇੰਦਾ। ਹਰਿਜਨ ਬਣਾਏ ਸਾਚੀ ਬਿੰਦ, ਸੁਤ ਨਾਦੀ ਨਾਉਂ ਧਰਾਇੰਦਾ। ਤਖ਼ਤੋਂ ਲਾਹੇ ਸੁਰਪਤ ਰਾਜਾ ਇੰਦ, ਗੁਰਮੁਖ ਸਾਚੇ ਮਾਣ ਦਿਵਾਇੰਦਾ। ਸ਼ੰਕਰ ਤੇਰੀ ਮਿਟੇ ਚਿੰਦ, ਤੇਰਾ ਅੰਤਮ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਤੇਰਾ ਸਚ ਟਿਕਾਣਾ, ਸਤਿਗੁਰ ਪੂਰਾ ਆਪ ਬਣਾਈਆ। ਸ਼ਬਦ ਸਰੂਪੀ ਦੇ ਬਬਾਣਾ, ਸਚ ਬਬਾਣੇ ਲਏ ਚੜ੍ਹਾਈਆ। ਕਿਸੇ ਹੱਥ ਨਾ ਆਏ ਰਾਜਾ ਰਾਣਾ, ਕੋਟਨ ਕੋਟ ਬੈਠੇ ਰਾਹ ਤਕਾਈਆ। ਜਿਸ ਜਨ ਮੰਨਾਏ ਆਪਣਾ ਭਾਣਾ, ਤਿਸ ਭਾਣੇ ਵਿਚ ਰਖਾਈਆ। ਚਰਨ ਕਵਲ ਬਖ਼ਸ਼ੇ ਇਕ ਧਿਆਨਾ, ਧਿਆਨ ਧਿਆਨ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲਾ ਸਾਚੇ ਘਰ, ਸਤਿਗੁਰ ਪੂਰਾ ਆਪ ਕਰਾਇੰਦਾ। ਆਦਿ ਜੁਗਾਦੀ ਦੇਵੇ ਵਰ, ਜੁਗ ਜੁਗ ਵੇਖ ਵਖਾਇੰਦਾ। ਨਾਮ ਭੰਡਾਰਾ ਆਪੇ ਭਰ, ਸਾਚੀ ਦਾਤ ਆਪ ਵਰਤਾਇੰਦਾ। ਕਰਨੀ ਕਰਤਾ ਆਪੇ ਕਰ, ਕ਼ੁਦਰਤ ਖੇਲ ਖਿਲਾਇੰਦਾ। ਸੰਤ ਸੁਹੇਲੇ ਆਪੇ ਫੜ, ਆਪਣੇ ਦਰ ਬਹਾਇੰਦਾ। ਡੂੰਘੀ ਕੰਦਰ ਉਚੀ ਚੋਟੀ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖਾਂ ਆਪ ਪੜ੍ਹਾਇੰਦਾ। ਨਾ ਜਨਮੇ ਨਾ ਜਾਏ ਮਰ, ਸਤਿਗੁਰ ਪੂਰਾ ਸੋ ਅਖਵਾਇੰਦਾ। ਜੁਗਾ ਜੁਗੰਤਰ ਖੇਲ ਕਰ, ਕਲਜੁਗ ਅੰਤਮ ਪਾਰ ਕਰਾਇੰਦਾ। ਲੱਖ ਚਾਰ ਬੱਤੀ ਹਜ਼ਾਰ ਟੁੱਟਾ ਗੰਢ, ਆਪਣੇ ਹੁਕਮ ਆਪ ਤੁੜਾਇੰਦਾ। ਕਲਜੁਗ ਜੀਵ ਆਪਣਾ ਕੀਤਾ ਲੈਣਾ ਭਰ, ਕਰਮ ਕੁਕਰਮ ਨਾ ਕੋਇ ਬਚਾਇੰਦਾ । ਮਾਂ ਪੁੱਤਰ ਸੇਜ ਪਗ ਰਹੇ ਧਰ, ਧੀਰਜ ਜਤ ਨਾ ਕੋਇ ਰਖਾਇੰਦਾ। ਨਾਰੀ ਨਰ ਭੁੱਲਿਆ ਨਰਾਇਣ ਨਰ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪੀ ਹਰਿ ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮਿਲਿਆ ਮੇਲਾ, ਸੋ ਪੁਰਖ ਨਿਰੰਜਣ ਆਪ ਮਿਲਾਈਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਖੇਲ ਖਿਲਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਵੇਦ ਪੁਰਾਨ ਭੇਵ ਨਾ ਰਾਈਆ। ਕਰੇ ਖੇਲ ਇਕ ਇਕੇਲਾ, ਅਕਲ ਕਲ ਰੂਪ ਵਟਾਈਆ। ਵਸਣਹਾਰਾ ਸਦ ਨਵੇਲਾ, ਗੁਰਸਿਖ ਤੇਰੇ ਮੰਦਰ ਰਿਹਾ ਸੁਹਾਈਆ। ਆਵਣ ਜਾਵਣ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਮੰਤ ਜਣਾਈਆ। ਏਕਾ ਮੰਤ ਸ਼ਬਦ ਗਿਆਨਾ, ਗੁਰਮੁਖ ਗੁਰ ਆਪ ਜਣਾਇੰਦਾ। ਏਕਾ ਨੂਰ ਸ੍ਰੀ ਭਗਵਾਨਾ, ਜੁਗ ਜੁਗ ਰੂਪ ਵਟਾਇੰਦਾ। ਏਕਾ ਰਾਮ ਰਮੱਯਾ ਰਾਮਾ, ਆਪਣੀ ਖੇਲ ਖਿਲਾਇੰਦਾ। ਏਕਾ ਗੋਪੀ ਏਕਾ ਕਾਹਨਾ, ਏਕਾ ਨਾਚ ਨਚਾਇੰਦਾ। ਏਕਾ ਈਸਾ ਮੂਸਾ ਦਏ ਪੈਗ਼ਾਮਾ, ਸਚ ਸੰਦੇਸ ਸੁਣਾਇੰਦਾ। ਏਕਾ ਮੁਹੰਮਦ ਪੜ੍ਹਾਏ ਕਲਾਮਾ, ਇਲਾਹੀ ਕਲਾਮ ਇਕ ਜਣਾਇੰਦਾ। ਇਕ ਵਜਾਏ ਸਚ ਦਮਾਮਾ, ਸਚ ਨੌਬਤ ਹੱਥ ਰਖਾਇੰਦਾ। ਏਕਾ ਨਾਨਕ ਦੇਵੇ ਧੁਰ ਫ਼ਰਮਾਨਾ, ਸਤਿ ਨਾਮ ਆਪ ਪੜ੍ਹਾਇੰਦਾ। ਏਕਾ ਗੋਬਿੰਦ ਹੋਏ ਜਾਣੀ ਜਾਣਾ, ਜਾਨਣਹਾਰ ਖੇਲ ਖਿਲਾਇੰਦਾ। ਏਕਾ ਫ਼ਤਿਹ ਡੰਕ ਵਜਾਣਾ, ਵਾਹ ਵਾ ਗੁਰ ਆਪ ਸਮਝਾਇੰਦਾ। ਏਕਾ ਓਟ ਹਰਿ ਰਖਾਣਾ, ਪੁਰਖ ਅਕਾਲ ਇਕ ਮਨਾਇੰਦਾ। ਅੰਤਮ ਸਭ ਦੇ ਸਿਰ ਤੇ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਿਹਕਲੰਕ ਬਲੀ ਬਲਵਾਨਾ ਪਹਿਰੇ ਆਪਣਾ ਬਾਣਾ, ਜੋਤੀ ਜੋਤ ਜੋਤ ਜਗਾਇੰਦਾ। ਸੰਬਲ ਨਗਰ ਇਕ ਟਿਕਾਣਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਆਪੇ ਵਸੇ ਸਾਚਾ ਰਾਣਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸਾਚਾ ਖੰਡਾ ਇਕ ਚਮਕਾਨਾ, ਨੌਂ ਖੰਡਾਂ ਮੇਟ ਮਿਟਾਇੰਦਾ। ਲੱਖ ਚੁਰਾਸੀ ਦੇਵੇ ਬ੍ਰਹਮ ਗਿਆਨਾ, ਏਕਾ ਨਾਮ ਸ਼ਬਦ ਪਰਗਟਾਇੰਦਾ। ਹਿੰਦੂ ਮੁਸਲਿਮ ਸਿੱਖ ਈਸਾਈ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਦਰ ਬਹਾਣਾ, ਊਚ ਨੀਚ ਨਾ ਕੋਇ ਰਖਾਈਆ। ਸ਼ਾਹ ਭੂਪਤ ਭੂਪ ਇਕ ਅਖਵਾਨਾ, ਸੀਸ ਜਗਦੀਸ ਤਾਜ ਟਿਕਾਈਆ। ਸਤਿਜੁਗ ਸਾਚਾ ਮਾਰਗ ਲਾਣਾ, ਸਤਿ ਸਤਿਵਾਦੀ ਸਤਿ ਕਰੇ ਪੜ੍ਹਾਈਆ। ਗੁਰਮੁਖ ਬੂਟਾ ਮਾਤ ਲਗਾਣਾ, ਫੁਲ ਫੁਲਵਾੜੀ ਆਪ ਮਹਿਕਾਈਆ। ਸਾਚਾ ਬੀਜ ਆਪ ਬਿਜਾਣਾ, ਅੰਮ੍ਰਿਤ ਫਲ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਆਪੇ ਫੜ, ਸ਼ਬਦ ਸਰੂਪੀ ਬੰਨ੍ਹੇ ਲੜ, ਬੱਧਾ ਲੜ ਛੁੱਟ ਕਦੇ ਨਾ ਜਾਈਆ।