੨੯ ਸਾਵਣ ੨੦੧੮ ਬਿਕ੍ਰਮੀ ਸ਼ੰਕਰ ਸਿੰਘ ਦੇ ਗ੍ਰਹਿ ਸ਼ਰੀਂ ਪੁਰ ਜ਼ਿਲਾ ਹੁਸਿਆਰ ਪੁਰ
ਮੁਖ਼ਤਿਆਰ ਹੋਇਆ ਮੁਖ਼ਤਿਆਰ, ਸੌਦਾ ਮੁਫ਼ਤ ਨਾਮ ਵਿਕਾਈਆ। ਮੁਰਦਾਰ ਵੇਖੇ ਮੁਰਦਾਰ, ਮੁਰਦਾ ਜ਼ਿੰਦਾ ਦਏ ਕਰਾਈਆ। ਮਿਕਦਾਰ ਵੇਖੇ ਮਿਕਦਾਰ, ਸਚ ਪੈਮਾਨਾ ਹੱਥ ਉਠਾਈਆ। ਸ਼ਹਿਨਸ਼ਾਹ ਬਣ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਖੇਲ ਖਿਲਾਈਆ। ਲੋਕਮਾਤ ਲਾਏ ਸਚ ਦਰਬਾਰ, ਦਰ ਦਰਬਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਆਦਿ ਪੁਰਖ ਨਿਰੰਜਣ ਆਪ ਅਖਵਾਇੰਦਾ। ਅਗੰਮ ਅਗੰਮੜੇ ਵਸੇ ਥਾਂ, ਧਾਮ ਅਵੱਲੜਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਹਰਿ ਪੁਰਖ ਨਿਰੰਜਣ ਰਾਹ ਚਲਾਇੰਦਾ। ਏਕੰਕਾਰਾ ਦੇਵੇ ਸਚ ਸਲਾਹ, ਸਿਫ਼ਤ ਸਲਾਹੀ ਆਪ ਸਮਝਾਇੰਦਾ। ਆਦਿ ਨਿਰੰਜਣ ਨੂਰ ਧਰਾ, ਅੰਧ ਅੰਧੇਰ ਮੇਟ ਮਿਟਾਇੰਦਾ। ਅਬਿਨਾਸ਼ੀ ਕਰਤਾ ਲਏ ਮਿਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਸ੍ਰੀ ਭਗਵਾਨ ਹੋਏ ਸਹਾ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਬ੍ਰਹਮ ਦਏ ਜਣਾ, ਆਤਮ ਸਾਚਾ ਰੰਗ ਰੰਗਾਇੰਦਾ। ਸਾਚੇ ਮੰਦਰ ਦਏ ਬਹਾ, ਸਚ ਦਵਾਰਾ ਆਪ ਸੁਹਾਇੰਦਾ। ਏਕਾ ਜੋਤ ਦਏ ਜਗਾ, ਜੋਤੀ ਜਾਤਾ ਡਗਮਗਾਇੰਦਾ। ਕਾਇਆ ਕਿਲਾ ਕੋਟ ਦਏ ਵਸਾ, ਘਰ ਘਰ ਵਿਚ ਸੋਭਾ ਪਾਇੰਦਾ। ਰਾਗ ਅਗੰਮੀ ਦਏ ਅਲਾ, ਤਾਰ ਸਤਾਰ ਨਾ ਕੋਇ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਇੰਦਾ। ਸੋ ਪੁਰਖ ਨਿਰੰਜਣ ਸਾਚਾ ਰੰਗ, ਘਰ ਸਾਚੇ ਆਪ ਜਣਾਈਆ। ਆਤਮ ਸੇਜਾ ਬੈਠ ਪਲੰਘ, ਆਪਣੀ ਖ਼ੁਸ਼ੀ ਮਨਾਈਆ। ਨਾਮ ਸੁਣਾਏ ਸਚ ਮਰਦੰਗ, ਮਰਦੰਗਾ ਇਕ ਵਜਾਈਆ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਵੱਡ ਵਡਿਆਈਆ। ਇਕ ਉਪਜਾਏ ਪਰਮਾਨੰਦ, ਪਰਮ ਪੁਰਖ ਬੇਪਰਵਾਹੀਆ। ਦਰਸ ਦਿਖਾਏ ਜੋ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਲਏ ਬਦਲਾਈਆ। ਚਰਨਾਂ ਹੇਠ ਵਖਾਏ ਕੋਟਨ ਕੋਟ ਬ੍ਰਹਿਮੰਡ, ਬੇਅੰਤ ਆਪਣੀ ਧਾਰ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣੀ ਬੂਝ ਬੁਝਾਈਆ। ਸੋ ਪੁਰਖ ਨਿਰੰਜਣ ਰਾਜ ਰਾਜਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨਾ, ਆਦਿ ਜੁਗਾਦੀ ਵੇਸ ਵਟਾਇੰਦਾ। ਏਕੰਕਾਰਾ ਖੇਲ ਮਹਾਨਾ, ਖੇਲਣਹਾਰਾ ਦਿਸ ਨਾ ਆਇੰਦਾ। ਆਦਿ ਨਿਰੰਜਣ ਲੇਖਾ ਜਾਣੇ ਦੋ ਜਹਾਨਾਂ, ਜੋਤੀ ਜਾਤਾ ਜੋਤੀ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਸਚ ਮਕਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸ੍ਰੀ ਭਗਵਾਨ ਗੁਣ ਨਿਧਾਨਾ, ਗੁਣ ਆਪਣਾ ਆਪਣੇ ਵਿਚ ਛੁਪਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਆਪਣੀ ਰਚਨਾ ਆਪ ਰਚਾਇੰਦਾ। ਬੰਕ ਦਵਾਰਾ ਇਕ ਸੁਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲ ਆਪਣੇ ਹੱਥ ਰਖਾਇੰਦਾ। ਸਚਖੰਡ ਮਕਾਨ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਸਚਖੰਡ ਦਵਾਰਾ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਕਰੇ ਖੇਲ ਨਾਰੀ ਕੰਤ, ਨਰ ਨਰਾਇਣ ਆਪਣੀ ਸੇਜ ਹੰਢਾਈਆ। ਆਪੇ ਆਦਿ ਆਪੇ ਅੰਤ, ਮਧ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਦਏ ਵਸਾਈਆ। ਸਚ ਮਹੱਲਾ ਸਚ ਦਵਾਰਾ, ਹਰਿ ਸਾਚਾ ਸਚ ਵਸਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਹੁਕਮੀ ਹੁਕਮ ਵਰਤੇ ਵਰਤਾਰਾ, ਆਪਣਾ ਹੁਕਮ ਆਪ ਵਰਤਾਈਆ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਵਡੀ ਵਡਿਆਈਆ। ਆਪ ਉਪਜਾਏ ਸੁਤ ਦੁਲਾਰਾ, ਸ਼ਬਦੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੁਤ ਦੁਲਾਰਾ ਦੇਵੇ ਦਾਤ, ਜਨ ਜਨਨੀ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ ਪਿਤਾ ਮਾਤ, ਆਪਣੀ ਗੋਦ ਸੁਹਾਇੰਦਾ। ਨਿਰਗੁਣ ਬੱਧਾ ਨਿਰਗੁਣ ਨਾਤ, ਨਿਰਗੁਣ ਜੋੜ ਜੁੜਾਇੰਦਾ। ਨਿਰਗੁਣ ਦੇਵੇ ਸਾਚੀ ਦਾਤ, ਨਿਰਗੁਣ ਝੋਲੀ ਪਾਇੰਦਾ। ਨਿਰਗੁਣ ਸੇਜਾ ਨਿਰਗੁਣ ਖਾਟ, ਨਿਰਗੁਣ ਆਸਣ ਲਾਇੰਦਾ। ਨਿਰਗੁਣ ਪੁੱਛੇ ਨਿਰਗੁਣ ਵਾਤ, ਨਿਰਗੁਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ। ਘਰ ਸਾਚਾ ਆਪ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਬਣ ਦਾਈ ਦਾਇਆ ਸੇਵ ਕਮਾਇਆ, ਕਰੇ ਸੇਵ ਸ੍ਰੀ ਭਗਵਾਨ। ਆਦਿ ਜੁਗਾਦਿ ਸੁਤ ਸ਼ਬਦੀ ਨਾਉਂ ਧਰਾਇਆ, ਪਰਗਟ ਕਰੇ ਹੋ ਮਿਹਰਵਾਨ। ਆਪਣੀ ਇਛਿਆ ਆਪ ਪਰਗਟਾਇਆ, ਆਪੇ ਹੋਇਆ ਦਇਆਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਗੁਣ ਨਿਧਾਨ। ਗੁਣ ਨਿਧਾਨ ਖੇਲ ਖਿਲਾਇੰਦਾ, ਕਿਰਪਾ ਨਿਧ ਗਹਿਰ ਗੁਣ ਠਾਕਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਜਾਣੇ ਆਪਣਾ ਨਾਉਂ ਰਤੀ ਰਤਨਾਗਰ। ਆਪਣੇ ਮੰਦਰ ਆਪ ਵਸਾਇੰਦਾ, ਆਪੇ ਬਣੇ ਸਚ ਸੌਦਾਗਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ ਆਪਣਾ ਆਪ ਕਰੇ ਉਜਾਗਰ। ਆਪਣਾ ਨਾਉਂ ਆਪੇ ਰੱਖ, ਆਪਣੀ ਖੇਲ ਖਿਲਾਈਆ। ਸਚਖੰਡ ਦਵਾਰੇ ਹੋ ਪਰਤੱਖ, ਘਰ ਸਾਚੇ ਵੱਜੀ ਵਧਾਈਆ। ਆਪ ਆਪਾ ਕੀਤਾ ਵੱਖ, ਨਿਰਗੁਣ ਨਿਰਗੁਣ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਏਕਾ ਜਾਈਆ। ਸ਼ਬਦ ਸੁਤ ਸਚ ਦੁਲਾਰਾ, ਹਰਿ ਹਰਿ ਆਪ ਉਪਾਇਆ। ਕਰੇ ਖੇਲ ਅਪਰ ਅਪਾਰਾ, ਲੇਖਾ ਲਿਖਤ ਵਿਚ ਨਾ ਆਇਆ। ਕਾਗਦ ਕ਼ਲਮ ਨਾ ਲਿਖਣਹਾਰਾ, ਰਸਨਾ ਜਿਹਵਾ ਨਾ ਕੋਇ ਸਾਲਾਹਿਆ। ਕਰੇ ਖੇਲ ਏਕੰਕਾਰਾ, ਆਪ ਆਪਣੀ ਧਾਰ ਚਲਾਇਆ। ਆਪਣੀ ਇਛਿਆ ਭਰ ਭੰਡਾਰਾ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਲਏ ਪਰਗਟਾਇਆ। ਸਚਖੰਡ ਅੰਦਰ ਸਾਚਾ ਘਰ, ਥਿਰ ਘਰ ਆਪ ਖੁਲ੍ਹਾਇੰਦਾ। ਨਿਰਗੁਣ ਆਪੇ ਬੈਠਾ ਵੜ, ਆਪਣਾ ਆਸਣ ਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤਤਵ ਤਤ ਨਾ ਕੋਇ ਜਣਾਇੰਦਾ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਵਿਚ ਨਾ ਆਇੰਦਾ। ਆਪ ਸੁਹਾਏ ਬੰਕ ਦਵਾਰ, ਬੰਕ ਦਵਾਰੀ ਵੇਸ ਵਟਾਇੰਦਾ। ਸੁਤ ਦੁਲਾਰੇ ਦੇਵੇ ਵਰ, ਸਾਚੀ ਵਸਤ ਅਮੋਲਕ ਝੋਲੀ ਪਾਇੰਦਾ। ਆਦਿ ਜੁਗਾਦੀ ਖੇਲ ਕਰ, ਸਾਚੀ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਬੈਠਾ ਚੜ੍ਹ, ਏਕਾ ਹੁਕਮ ਸੁਣਾਇੰਦਾ। ਨਿਰਗੁਣ ਭੂਪ ਬਣ ਬਣ ਰਾਣਾ, ਕਰੇ ਸੱਚੀ ਸ਼ਹਿਨਸ਼ਾਹੀਆ। ਦਰ ਦਰਵੇਸ਼ ਬਣੇ ਦਰਬਾਨਾ, ਦਰ ਆਪਣੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਲੇਖਾ ਆਪਣੇ ਹੱਥ ਰਖਾਈਆ। ਸੁਤ ਦੁਲਾਰੇ ਦੇਵੇ ਵਰ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਇਕ ਭੰਡਾਰਾ ਦੇਵੇ ਭਰ, ਅਤੋਟ ਅਤੁਟ ਰਖਾਇਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸ਼ ਸ੍ਰੀ ਭਗਵਾਨ ਹਰਿ ਸ਼ਬਦੀ ਸ਼ਬਦ ਸੁਣਾਈਆ। ਨਿਰਗੁਣ ਨਿਰਗੁਣ ਕਰ ਪਰਵਾਨ, ਨਿਰਗੁਣ ਮੇਲਾ ਮੇਲ ਮਿਲਾਈਆ। ਨਿਰਗੁਣ ਵੇਖੇ ਸਚ ਨਿਸ਼ਾਨ, ਨਿਰਗੁਣ ਹੱਥ ਫੜਾਈਆ। ਨਿਰਗੁਣ ਉਪਰ ਨਿਰਗੁਣ ਹੋਏ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਨਿਰਗੁਣ ਆਪਣਾ ਬੰਧਨ ਪਾ, ਆਪਣਾ ਹੁਕਮ ਜਣਾਇੰਦਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਸਾਚਾ ਅਦਲ ਕਮਾਇੰਦਾ। ਸੁਤ ਦੁਲਾਰਾ ਸੇਵਾ ਲਾ, ਏਕਾ ਰਾਹ ਵਖਾਇੰਦਾ। ਆਪਣੀ ਰਚਨਾ ਲਏ ਰਚਾ, ਰਚ ਰਚ ਆਪੇ ਵੇਖ ਵਖਾਇੰਦਾ। ਆਪਣੀ ਗੋਦੀ ਲਏ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਆਪਣਾ ਮਾਰਗ ਆਪੇ ਲੌਣਾ, ਆਪਣੀ ਦਇਆ ਕਮਾਈਆ। ਆਪਣਾ ਮੇਲ ਆਪ ਮਿਲੌਣਾ, ਮੇਲ ਮਿਲਾਵਾ ਆਪ ਕਰਾਈਆ। ਆਪਣੀ ਸੇਜ ਆਪ ਹੰਢੌਣਾ, ਆਪ ਆਪਣੇ ਰੰਗ ਸਮਾਈਆ। ਆਪਣਾ ਬੀਜ ਆਪ ਬਜੌਣਾ, ਫੁਲ ਫੁਲਵਾੜੀ ਆਪ ਜਣਾਈਆ। ਆਪਣੇ ਅੰਦਰ ਆਪ ਰਖੌਣਾ, ਆਪੇ ਵੇਖ ਵਖਾਈਆ। ਆਪਣੀ ਧਾਰ ਆਪ ਪਰਗਟੌਣਾ, ਨੂਰ ਨੂਰ ਡਗਮਗਾਈਆ। ਆਪੇ ਮਾਤ ਪਿਤਾ ਅਖਵੌਣਾ, ਆਪੇ ਹੋਏ ਜਣੇਂਦੀ ਮਾਈਆ। ਆਪਣਾ ਰੂਪ ਆਪ ਧਰੌਣਾ, ਰੂਪ ਅਨੂਪ ਆਪ ਹੋ ਜਾਈਆ। ਆਪੇ ਵਿਸ਼ਵ ਵੇਸ ਵਟੌਣਾ, ਵਿਸ਼ਨੂੰ ਆਪਣਾ ਅੰਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾਈਆ। ਆਪੇ ਵਿਸ਼ਨੂੰ ਵਿਸ਼ਵ ਧਾਰ, ਹਰਿ ਸਾਚਾ ਖੇਲ ਖਿਲਾਇੰਦਾ। ਆਪੇ ਜੋਤ ਨਿਰਾਕਾਰ, ਨਿਰਗੁਣ ਰੂਪ ਵਟਾਇੰਦਾ। ਆਪੇ ਵਸੇ ਸਚ ਦਵਾਰ, ਸਾਚੇ ਮੰਦਰ ਸੋਭਾ ਪਾਇੰਦਾ। ਆਪੇ ਹੁਕਮ ਆਪ ਵਰਤਾਰ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਭਰੇ ਸਚ ਭੰਡਾਰ, ਸਾਚੀ ਵਸਤ ਆਪ ਵਰਤਾਇੰਦਾ। ਚਰਨ ਚਰਨ ਨਾਲ ਕਰੇ ਪਿਆਰ, ਚਰਨ ਚਰਨੋਦਕ ਆਪ ਪਰਗਟਾਇੰਦਾ। ਵਿਸ਼ਨੂੰ ਦੇਵੇ ਇਕ ਸਹਾਰ, ਆਤਮ ਅੰਤਰ ਆਪ ਧਰਾਇੰਦਾ। ਨਾਭੀ ਕਵਲ ਕਰ ਪਸਾਰ, ਅੰਮ੍ਰਿਤ ਰਸ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦੀ ਬੰਧਨ ਪਾਇੰਦਾ। ਅੰਮ੍ਰਿਤ ਰਸ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਉਪਾਈਆ। ਸਾਚੇ ਮੰਦਰ ਕਰ ਪਸਾਰਾ, ਆਪਣੀ ਬਣਤ ਬਣਾਈਆ। ਨਾ ਕੋਈ ਵੇਖੇ ਵੇਖਣਹਾਰਾ, ਨੇਤਰ ਨੈਣ ਦਿਸ ਕਿਸੇ ਨਾ ਆਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਆਪੇ ਵਸਤ ਬਣੇ ਹਰਿ ਥਾਰਾ, ਆਪੇ ਦਏ ਵਰਤਾਈਆ। ਸਾਚਾ ਸ਼ਬਦ ਸਚ ਪਸਾਰਾ, ਹਰਿ ਸਾਚਾ ਸਚ ਕਰਾਈਆ। ਆਪੇ ਵਿਸ਼ਨ ਬ੍ਰਹਮ ਦਏ ਆਧਾਰਾ, ਆਪਣਾ ਰੰਗ ਰੰਗਾਈਆ। ਆਪੇ ਸਾਜਣ ਮੀਤ ਮੁਰਾਰਾ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਆਪੇ ਵਿਸ਼ਨ ਬ੍ਰਹਮਾ ਪਾਏ ਪੰਧ, ਅਚਰਜ ਖੇਲ ਖਿਲਾਇੰਦਾ। ਆਪੇ ਸੁੰਨ ਅਗੰਮੀ ਵਸੇ ਧੁੰਦ, ਧੁੰਦੂਕਾਰ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਖੇਲੇ ਖੇਲ ਖੇਲਣਹਾਰਾ ਆਪਣੀ ਦਇਆ ਕਮਾਈਆ। ਕਰੇ ਕਾਰ ਕਰਤਾ ਪੁਰਖ ਕਰਨੇਹਾਰਾ, ਆਪਣੀ ਕਰਨੀ ਆਪ ਕਰਾਈਆ। ਆਪੇ ਸ਼ੰਕਰ ਦਏ ਹੁਲਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਇਕ ਵਰਤਾਰਾ, ਏਕਾ ਰਿਹਾ ਸਮਝਾਈਆ। ਏਕਾ ਮੰਦਰ ਇਕ ਦਵਾਰਾ, ਏਕਾ ਰਿਹਾ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਿਤਾ ਵਰ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਗੋਦ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਜਾ, ਆਪਣਾ ਬੰਸ ਸੁਹਾਇਆ। ਏਕਾ ਹੁਕਮ ਦਏ ਵਰਤਾ, ਏਕਾ ਰਾਗ ਅਲਾਇਆ। ਏਕਾ ਮੰਦਰ ਦਏ ਵਖਾ, ਏਕਾ ਘਰ ਵਡਿਆਇਆ। ਏਕਾ ਰੂਪ ਲਏ ਪਰਗਟਾ, ਏਕਾ ਨਜ਼ਰੀ ਆਇਆ। ਏਕਾ ਇਸ਼ਟ ਲਏ ਮਨਾ, ਏਕਾ ਸੀਸ ਝੁਕਾਇਆ। ਏਕਾ ਦ੍ਰਿਸ਼ਟ ਦਏ ਖੁਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਨਿਰਗੁਣ ਵੇਸ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਆਪਣੀ ਖੇਲ ਕਰੇ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਲਾਈਆ। ਸਚਖੰਡ ਵਸਾਏ ਆਪ ਮਹੱਲਾ, ਥਿਰ ਘਰ ਸਾਚੇ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਏਕਾ ਪੱਲੂ ਹੱਥ ਰਖਾਈਆ। ਸਚ ਸੰਦੇਸ ਏਕਾ ਘੱਲਾ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਜੋਤੀ ਸ਼ਬਦੀ ਆਪੇ ਰੱਲਾ, ਸ਼ਬਦ ਸ਼ਬਦੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਖੇਲ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਹਰਿ ਸਾਚਾ ਖੇਲ ਖਿਲਾਇੰਦਾ। ਸ਼ਾਹ ਪਾਤਸ਼ਾਹ ਬਣ ਸੱਚੀ ਸਰਕਾਰ, ਸੀਸ ਆਪਣੇ ਤਾਜ ਟਿਕਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਿਰਗੁਣ ਨਿਰਗੁਣ ਸੁਣਾਏ ਗ਼ੁਫ਼ਤਾਰ, ਰਸਨਾ ਜੇਹਵਾ ਨਾ ਕੋਇ ਹਿਲਾਇੰਦਾ। ਸਾਚੇ ਮੰਦਰ ਕਰੇ ਸਚ ਪਿਆਰ, ਸਾਚੀ ਸਿਖਿਆ ਇਕ ਸਮਝਾਇੰਦਾ। ਵੇਖੇ ਵਿਗਸੇ ਕਰੇ ਵਿਚਾਰ, ਆਪੇ ਵੇਖੇ ਨਜ਼ਰ ਨਾ ਆਇੰਦਾ। ਨਾ ਕੋਈ ਸੂਰਜ ਚੰਨ ਉਜਿਆਰ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਨਾ ਕੋਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਸਾਗਰ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਨਾ ਕੋਇ ਅਖਾੜ, ਘੜ ਭਾਂਡੇ ਨਾ ਕੋਇ ਵਖਾਇੰਦਾ। ਨਾ ਕੋਈ ਗੁਰੂ ਨਾ ਅਵਤਾਰ, ਸਾਧ ਸੰਤ ਨਜ਼ਰ ਕੋਇ ਨਾ ਆਇੰਦਾ। ਏਕਾ ਸ਼ਬਦ ਕਰ ਤਿਆਰ, ਨਾਦ ਅਨਾਦੀ ਆਪ ਪਰਗਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਇਕ ਸਹਾਰ, ਆਪ ਆਪਣੀ ਓਟ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਕਰਤਾਰਾ, ਆਪਣਾ ਆਪ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਸਤਿ ਸਤਿਵਾਦੀ ਕਰੇ ਸਤਿ ਪੜ੍ਹਾਈਆ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕਾ ਵਾਰ ਸੁਣਾਈਆ। ਨਰ ਨਰੇਸ਼ ਸ੍ਰੀ ਭਗਵਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਪੇ ਹੋਏ ਸਾਚਾ ਕਾਹਨ, ਸਾਚੇ ਦਰ ਸੋਭਾ ਪਾਇੰਦਾ। ਆਪੇ ਦੇਵੇ ਧੁਰ ਫ਼ਰਮਾਨ, ਧੁਰ ਦੀ ਬਾਣੀ ਆਪ ਅਲਾਇੰਦਾ। ਆਪੇ ਹੋਏ ਜਾਣੀ ਜਾਣ, ਆਪਣਾ ਪਰਦਾ ਆਪ ਚੁਕਾਇੰਦਾ। ਆਪੇ ਬਖ਼ਸ਼ੇ ਸਾਚਾ ਮਾਣ, ਸੀਸ ਜਗਦੀਸ ਹੱਥ ਰਖਾਇੰਦਾ। ਸਾਚੀ ਸੇਵਾ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਮੁਖ਼ਤਿਆ ਮੁਖ਼ਤਿਆਰ ਬਣੇ ਆਪ ਮਿਹਰਵਾਨ, ਮੁਫ਼ਤ ਆਪਣੀ ਵਸਤ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਦਇਆ ਕਰੇ ਦੀਨ ਦਿਆਲਾ, ਆਪਣੀ ਦਇਆ ਕਮਾਈਆ। ਆਪਣਾ ਮਾਰਗ ਇਕ ਸੁਖਾਲਾ, ਤਿੰਨਾਂ ਦਏ ਜਣਾਈਆ। ਮੇਰਾ ਰੂਪ ਸਦਾ ਨਿਰਾਲਾ, ਨੂਰ ਮੇਰਾ ਸਰਬ ਸਮਾਈਆ। ਸਾਚਾ ਮੰਦਰ ਸੱਚੀ ਧਰਮਸਾਲਾ, ਘਰ ਸਾਚਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਵਰਤਾਈਆ। ਏਕਾ ਹੁਕਮ ਕਰੇ ਵਰਤਾਰਾ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨੂੰ ਤੇਰਾ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਭਰਾਇੰਦਾ। ਬ੍ਰਹਮਾ ਤੇਰਾ ਬ੍ਰਹਮ ਪਸਾਰਾ, ਪਾਰਬ੍ਰਹਮ ਆਪ ਕਰਾਇੰਦਾ। ਸ਼ੰਕਰ ਤੇਰਾ ਅੰਤ ਨਗਾਰਾ, ਨਿਰਗੁਣ ਸਰਗੁਣ ਆਪ ਵਜਾਇੰਦਾ। ਕਰੇ ਖੇਲ ਵਿਚ ਸੰਸਾਰਾ, ਲੋਕਮਾਤ ਰਚਨ ਰਚਾਇੰਦਾ। ਲੱਖ ਚੁਰਾਸੀ ਲੱਗੇ ਅਖਾੜਾ, ਤ੍ਰੈਗੁਣ ਵਸਤ ਆਪ ਵਰਤਾਇੰਦਾ। ਪੰਜ ਤੱਤ ਦਏ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਕਰੇ ਵਿਚਾਰਾ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਮਨ ਮਤ ਬੁਧ ਦਏ ਸਹਾਰਾ, ਜੋਤੀ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਆਪ ਜਣਾਇੰਦਾ। ਵਿਸ਼ਨ ਸੁਣਿਆ ਹਰਿ ਫ਼ਰਮਾਨ, ਪ੍ਰਭ ਅੱਗੇ ਸੀਸ ਝੁਕਾਇਆ। ਤੂੰ ਸਾਹਿਬ ਸੱਚਾ ਸੁਲਤਾਨ, ਹਉਂ ਸੇਵਕ ਸੇਵ ਕਮਾਇਆ। ਤੂੰ ਦਾਤਾ ਗੁਣ ਨਿਧਾਨ, ਹਉਂ ਮੰਗਣ ਦਰ ਤੇ ਆਇਆ। ਏਕਾ ਦੇਣਾ ਸਾਚਾ ਦਾਨ, ਅਤੋਟ ਅਤੁਟ ਰਖਾਇਆ। ਆਦਿ ਜੁਗਾਦਿ ਨਾ ਆਵੇ ਹਾਣ, ਸਦਾ ਸਦ ਤੇਰੀ ਓਟ ਤਕਾਇਆ। ਮੇਰਾ ਤੇਰਾ ਇਕ ਮਕਾਨ, ਵਿਛੜ ਕਦੇ ਨਾ ਜਾਇਆ। ਤੂੰ ਮੇਰਾ ਮੈਂ ਤੇਰੀ ਕਰਾਂ ਪਛਾਣ, ਤੇਰਾ ਮੇਰਾ ਏਕਾ ਅੰਕ ਦੂਜਾ ਅੰਕ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਭੁਲ ਭੁਲ ਕਦੇ ਨਾ ਜਾਇਆ। ਦੇਵੇ ਵਰ ਸ੍ਰੀ ਭਗਵਾਨਾ, ਆਪਣੀ ਦਇਆ ਕਮਾਈਆ। ਤੇਰਾ ਝੁਲਾਏ ਸਚ ਨਿਸ਼ਾਨਾ, ਦੋ ਜਹਾਨ ਵੱਜੇ ਵਧਾਈਆ। ਆਦਿ ਜੁੁਗਾਦਿ ਤੇਰਾ ਰੰਗ ਰੰਗੇ ਹੋ ਮਿਹਰਵਾਨਾ, ਰੰਗ ਰੰਗੀਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਏਕਾ ਗੁਣ ਸਮਝਾਇੰਦਾ, ਪਾਰਬ੍ਰਹਮ ਬੇਅੰਤ। ਵਿਸ਼ਨੂੰ ਆਪਣੇ ਅੰਗ ਲਗਾਇੰਦਾ, ਆਪ ਬਣਾਈ ਸਾਚੀ ਬਣਤ। ਤੇਰੀ ਸਾਚੀ ਸੇਵ ਜਣਾਇੰਦਾ, ਜੁਗ ਜੁਗ ਸੇਵਾ ਲਾਏ ਆਦਿ ਅੰਤ। ਵਿਛੜ ਕਦੇ ਨਾ ਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵੰਤ। ਸ੍ਰੀ ਭਗਵਾਨ ਸਚ ਜਣਾਇਆ, ਆਪਣਾ ਪਰਦਾ ਖੋਲ੍ਹ। ਨਿਰਗੁਣ ਸਰਗੁਣ ਤੇਰਾ ਰੂਪ ਰਖਾਇਆ, ਅਗੰਮ ਅਗੰਮੜਾ ਤੋਲੇ ਤੋਲ। ਲੱਖ ਚੁਰਾਸੀ ਲਏ ਉਪਾਇਆ, ਤੇਰਾ ਭੰਡਾਰ ਰੱਖੇ ਅਡੋਲ। ਜੁਗਾ ਜੁਗੰਤਰ ਲਏ ਵਰਤਾਇਆ, ਸਚ ਵਸਤ ਰੱਖੇ ਤੇਰੇ ਕੋਲ। ਤੈਨੂੰ ਮੁਖ਼ਤਿਆਰ ਇਕ ਬਣਾਇਆ, ਵਿਸ਼ਨੂੰ ਕੀਤਾ ਹਰਿ ਹਰਿ ਕੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜੋਤ ਆਪੇ ਸ਼ਬਦ ਆਪੇ ਰਿਹਾ ਆਪਣੇ ਅੰਦਰ ਮੌਲ। ਬਣ ਮੁਖ਼ਤਿਆਰ ਖ਼ੁਸ਼ੀ ਮਨਾਏ, ਹਰਿ ਸਾਚੇ ਹੁਕਮ ਜਣਾਇਆ। ਜੋ ਮਿਲਿਆ ਘਰ ਲਏ ਟਿਕਾਏ, ਆਪਣੇ ਹੱਥ ਰਖਾਇਆ। ਮੇਰਾ ਤੇਰਾ ਮੇਲਾ ਸਹਿਜ ਸੁਭਾਏ, ਘਰ ਸਾਚੇ ਵੱਜੇ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਜਣਾਇਆ। ਵਿਸ਼ਨੂੰ ਕਰੇ ਪੁਕਾਰ, ਏਕਾ ਵਾਰ ਜਣਾਈਆ। ਤੂੰ ਸਾਹਿਬ ਸੱਚਾ ਦਾਤਾਰ, ਤੇਰੀ ਮੇਰੀ ਇਕ ਸਰਨਾਈਆ। ਆਦਿ ਜੁਗਾਦਿ ਤੂੰ ਇਕ ਰਹੇਂ ਮੁਖ਼ਤਿਆਰ, ਤੁਧ ਬਿਨ ਮੁਖ਼ਤਿਆਰੀ, ਹੱਥ ਕਿਸੇ ਨਾ ਆਈਆ। ਤੂੰ ਮੇਰਾ ਕੀਤਾ ਆਕਾਰ, ਨਿਰਾਕਾਰ ਤੇਰੀ ਵਡਿਆਈਆ। ਮੈਂ ਤੇਰੇ ਅੱਗੇ ਝੋਲੀ ਬੈਠਾ ਪਸਾਰ, ਮੇਰੀ ਝੋਲੀ ਦੇ ਭਰਾਈਆ। ਕਵਣ ਵੇਲਾ ਕਵਣ ਵਕ਼ਤ ਕਰੇਂ ਪਿਆਰ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਸਮਝਾਈਆ। ਆਪਣਾ ਗੁਣ ਹਰਿ ਸਮਝਾਇਆ, ਵਿਸ਼ਨ ਦਏ ਆਧਾਰ। ਆਮ ਮੁਖ਼ਤਿਆਰ ਤੈਨੂੰ ਬਣਾਇਆ, ਦਿਤਾ ਹੁਕਮ ਸੱਚੀ ਸਰਕਾਰ। ਨੌਂ ਸੌ ਚੁਰਾਨਵੇ ਜੁਗ ਤੇਰੀ ਸੇਵਾ ਲਾਇਆ, ਜੁਗ ਚੌਕੜੀ ਬੀਤੇ ਵਾਰੋ ਵਾਰ। ਅੰਤਮ ਅੰਤ ਲਏ ਮਿਲਾਇਆ, ਨਿਰਗੁਣ ਨਿਰਗੁਣ ਹੋ ਉਜਿਆਰ। ਤੇਰਾ ਪੰਧ ਦਏ ਮੁਕਾਇਆ, ਪਾਂਧੀ ਬਣ ਬਣ ਸਿਰਜਣਹਾਰ। ਤੇਰਾ ਲੇਖਾ ਵੇਖ ਵਖਾਇਆ। ਆਪੇ ਖੋਲ੍ਹੇ ਆਪਣਾ ਸਚ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੱਸੇ ਸਚ ਵਿਹਾਰ। ਆਮ ਮੁਖ਼ਤਿਆਰ ਬਣਾਇਆ ਹਰਿ, ਹਰਿ ਅਵਾਮ ਦਏ ਸਲਾਹੀਆ। ਸਰਬ ਜੀਆਂ ਦਾ ਏਕਾ ਯਾਰ, ਯਾਰ ਯਾਰੀ ਰਿਹਾ ਨਿਭਾਈਆ। ਦੋ ਜਹਾਨਾਂ ਪਾਵੇ ਸਾਰ, ਬੇਅੰਤ ਬੇਪਰਵਾਹੀਆ। ਭੁਲ ਨਾ ਜਾਏ ਬਣ ਗਵਾਰ, ਅਭੁਲ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਦੇਵੇ ਸਚ ਸਲਾਹੀਆ । ਸਚ ਸਲਾਹ ਦੇਵੇ ਨਿਰੰਕਾਰਾ, ਆਪਣੀ ਖੇਲ ਖਿਲਾਇਆ। ਤੇਰਾ ਮੇਰਾ ਇਕ ਪਿਆਰਾ, ਸਚ ਵਿਹਾਰਾ ਦਏ ਸਮਝਾਇਆ। ਲੱਖ ਚੁਰਾਸੀ ਦੇ ਭੰਡਾਰਾ, ਸਚ ਭੰਡਾਰੀ ਹੱਥ ਫੜਾਇਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਉਤਰੇ ਪਾਰਾ, ਕਲਜੁਗ ਅੰਤਮ ਰੰਗ ਵਖਾਇਆ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਸਕੇ ਨਾ ਕੋਇ ਸ਼ਾਹਿਆ । ਆਪਣੇ ਖੇਲ ਆਪਣੇ ਹੱਥ ਰੱਖੇ ਕਰਤਾਰਾ, ਕਰਨੀ ਕਿਰਤ ਆਪ ਕਮਾਇਆ। ਵਿਸ਼ਨੂੰ ਸੁਣੇ ਸੁਣਨੇਹਾਰਾ, ਹਰਿ ਸਾਚੇ ਸ਼ਬਦ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਦਏ ਸਮਝਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕੌਣਾ, ਹਰਿ ਸਾਚਾ ਸਚ ਜਣਾਈਆ। ਨਿਰਗੁਣ ਨਿਰਗੁਣ ਜਾਮਾ ਪੌਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਚਾਰ ਜੁਗ ਚੌਕੜੀ ਵੇਖ ਵਖੌਣਾ, ਜੁਗ ਚੌਕੜੀ ਪਰਦਾ ਲਾਹੀਆ। ਆਪਣਾ ਡੰਕਾ ਇਕ ਵਜੌਣਾ, ਤੇਰੀ ਮੇਰੀ ਧਾਰ ਚਲਾਈਆ। ਸੋ ਪੁਰਖ ਨਿਰੰਜਣ ਆਪ ਅਖਵੌਣਾ, ਹੰ ਬ੍ਰਹਮ ਤੇਰੀ ਵੇਖੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਚੁਕਾਈਆ। ਆਪਣਾ ਪਰਦਾ ਲਏ ਉਠਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਆਪਣਾ ਰੂਪ ਲਏ ਪਰਗਟਾ, ਨਿਰਵੈਰ ਆਪਣੀ ਖੇਲ ਖਿਲਾਇੰਦਾ। ਅਜੂਨੀ ਰਹਿਤ ਹੋਏ ਸਹਾ, ਜੂਨ ਅਜੂਨੀ ਖੇਲ ਕਰਾਇੰਦਾ। ਮੂਰਤ ਅਕਾਲ ਡਗਮਗਾ, ਜੋਤ ਉਜਾਲਾ ਆਪ ਪਰਗਟਾਇੰਦਾ। ਵਸਣਹਾਰਾ ਹਰ ਘਟ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਆਪਣਾ ਕੀਤਾ ਕੌਲ ਲਏ ਨਿਭਾ, ਕੀਤਾ ਕੌਲ ਭੁਲ ਨਾ ਜਾਇੰਦਾ। ਜਗਤ ਵਿਦਿਆ ਵਿਚ ਲੇਖਾ ਸਕੇ ਨਾ ਕੋਇ ਗਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਆਪਣੀ ਧਾਰ ਚਲਾਇੰਦਾ। ਨਵ ਨੌਂ ਚਾਰ ਮਿਲੀ ਮੁਖ਼ਤਿਆਰੀ, ਨਵ ਨੌਂ ਚਾਰ ਸੇਵ ਕਮਾਈਆ। ਨਵ ਨੌਂ ਚਾਰ ਬਣ ਭੰਡਾਰੀ, ਨਵ ਨੌਂ ਚਾਰ ਦਏ ਵਰਤਾਈਆ। ਨਵ ਨੌਂ ਚਾਰ ਕਰੇ ਸੱਚੀ ਯਾਰੀ, ਨਵ ਨੌਂ ਚਾਰ ਸਚ ਯਾਰੜਾ ਵੇਖ ਵਖਾਈਆ। ਨਵ ਨੌਂ ਚਾਰ ਮਿਲੀ ਸਿਕਦਾਰੀ, ਸ਼ਾਹ ਪਾਤਸ਼ਾਹ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੁਖ਼ਤਿਆਰੀ ਆਪ ਸਮਝਾਈਆ। ਸਚ ਮੁਖ਼ਤਿਆਰ ਬ੍ਰਹਮ ਬ੍ਰਹਿਮਾਦਿ, ਹਰਿ ਬ੍ਰਹਮਾ ਪਾਰਬ੍ਰਹਮ ਉਪਾਇਆ। ਇਕ ਸੁਣਾਇਆ ਸਾਚਾ ਨਾਦ, ਅਨਾਦੀ ਨਾਦ ਵਜਾਇਆ। ਭੇਵ ਖੁਲ੍ਹਾਇਆ ਬੋਧ ਅਗਾਧ, ਬੋਧ ਅਗਾਧਾ ਹੁਕਮ ਵਰਤਾਇਆ। ਧੁਰ ਫ਼ਰਮਾਨਾ ਆਪੇ ਕਾਢ, ਸਾਚਾ ਲੇਖ ਜਣਾਇਆ। ਲੇਖਾ ਜਾਣੇ ਚਾਰ ਵੇਦ, ਵੇਦ ਵੇਦਾਂਤਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਜਣਾਇਆ। ਆਤਮ ਬ੍ਰਹਮ ਬ੍ਰਹਮ ਪਸਾਰਾ, ਪਾਰਬ੍ਰਹਮ ਵਡਿਆਈਆ। ਈਸ਼ ਜੀਵ ਕਰ ਉਜਿਆਰਾ, ਜਗਦੀਸ ਖ਼ੁਸ਼ੀ ਮਨਾਈਆ। ਨਿਰਗੁਣ ਤ੍ਰੈਗੁਣ ਮਾਇਆ ਤੱਤ ਵਿਚਾਰਾ, ਰਜੋ ਤਮੋ ਸਤੋ ਨਾਲ ਮਿਲਾਈਆ। ਪੰਚਮ ਪੰਚ ਹੋਏ ਉਜਿਆਰਾ, ਦਸ ਦਸ ਆਪਣਾ ਰੰਗ ਵਟਾਈਆ। ਕਰੇ ਖੇਲ ਆਪ ਕਰਤਾਰਾ, ਕ਼ਾਦਰ ਕ਼ੁਦਰਤ ਰੂਪ ਵਟਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਪਸਾਰਾ, ਚਾਰੇ ਖਾਣੀ ਵਣਜ ਵਖਾਈਆ। ਏਕਾ ਨਾਮ ਸੱਚਾ ਜੈਕਾਰਾ, ਚਾਰੇ ਬਾਣੀ ਲਏ ਪਰਗਟਾਈਆ। ਪਰਾ ਪਸੰਤੀ ਮਧਮ ਬੈਖਰੀ ਆਪੇ ਗਾਏ ਆਪਣੀ ਵਾਰਾ, ਵਾਰ ਆਪਣੀ ਆਪ ਸੁਣਾਈਆ। ਚਾਰੇ ਜੁਗ ਦਏ ਸਹਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਧਨ ਪਾਈਆ। ਚਾਰ ਵਰਨ ਕਰੇ ਉਜਿਆਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾਲ ਰਲਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਲੱਖ ਚੁਰਾਸੀ ਦਏ ਮਿਲਾਈਆ। ਘਰ ਮੰਦਰ ਕਰ ਤਿਆਰਾ, ਘਰ ਘਰ ਵਿਚ ਲਏ ਛੁਪਾਈਆ। ਡੂੰਘੀ ਕੰਦਰ ਖੇਲ ਨਿਆਰਾ, ਨਿਰਗੁਣ ਸਰਗੁਣ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਬ੍ਰਹਮੇ ਤੇਰੀ ਬ੍ਰਹਮ ਵਡਿਆਈਆ। ਪਾਰਬ੍ਰਹਮ ਬ੍ਰਹਮ ਬਣਾਇਆ ਮੀਤ ਮੁਰਾਰ, ਆਪਣਾ ਮੇਲ ਮਿਲਾਈਆ। ਆਤਮ ਪਰਮਾਤਮ ਬਣਿਆ ਸਾਚਾ ਯਾਰ, ਸਗਲਾ ਸੰਗ ਨਿਭਾਈਆ। ਕਰੇ ਖੇਲ ਸੱਚੀ ਸਰਕਾਰ, ਸਾਖਿਆਤ ਜੋਤੀ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਬਣਿਆ ਨਾਰੀ ਕੰਤ, ਹਰਿ ਸਾਚੀ ਸੇਜ ਹੰਢਾਇੰਦਾ। ਆਪੇ ਮਣੀਆ ਆਪੇ ਮੰਤ, ਆਪੇ ਆਪਣਾ ਨਾਉਂ ਦ੍ਰਿੜਾਇੰਦਾ। ਆਪ ਉਪਾਏ ਆਪਣੇ ਜੰਤ, ਆਪੇ ਵੇਖ ਵਖਾਇੰਦਾ। ਆਪੇ ਸਾਧ ਆਪੇ ਸੰਤ, ਆਪੇ ਸਤਿਗੁਰ ਰੂਪ ਵਟਾਇੰਦਾ। ਆਪੇ ਭੁੱਖਾ ਆਪੇ ਨੰਗਤ, ਆਪੇ ਸ਼ਾਹ ਪਾਤਸ਼ਾਹ ਆਪਣਾ ਹੁਕਮ ਅਲਾਇੰਦਾ। ਆਪੇ ਦਰ ਦਰਵੇਸ਼ ਬਣੇ ਮੰਗਤ, ਆਪੇ ਸਾਚੀ ਵਸਤ ਝੋਲੀ ਪਾਇੰਦਾ। ਆਪੇ ਚਾੜ੍ਹੇ ਸਾਚੀ ਰੰਗਤ, ਆਪੇ ਰੰਗ ਵਾਂਗ ਕਾਫ਼ੂਰ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਸਚ ਭੰਡਾਰਾ ਆਪ ਵਰਤਾਇੰਦਾ। ਬ੍ਰਹਮੇ ਤੇਰਾ ਬ੍ਰਹਮ ਭੰਡਾਰਾ, ਸਾਚਾ ਸਚ ਵਰਤਾਈਆ। ਲੱਖ ਚੁਰਾਸੀ ਕਰ ਪਸਾਰਾ, ਘਾੜਤ ਘੜਤ ਘੜਾਈਆ। ਘਰ ਘਰ ਨਾਦ ਵੱਜੇ ਧੁਨਕਾਰਾ, ਅਨਹਦ ਸ਼ਬਦ ਸੁਣਾਈਆ। ਘਰ ਘਰ ਸਖ਼ੀਆਂ ਮੰਗਲਚਾਰਾ, ਗੀਤ ਗੋਬਿੰਦ ਅਲਾਈਆ। ਘਰ ਘਰ ਮਿਲੇ ਠਾਕਰ ਪਿਆਰਾ, ਠੋਕਰ ਨਾਮ ਲਗਾਈਆ। ਘਰ ਘਰ ਚਤੁਰਭੁਜ ਦਏ ਸਹਾਰਾ, ਰੂਪ ਅਨੂਪ ਵਟਾਈਆ। ਘਰ ਘਰ ਆਦਿ ਸ਼ਕਤ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਤੇਰਾ ਦਰ ਸੁਹਾਈਆ। ਬ੍ਰਹਮੇ ਸੋਹੇ ਤੇਰਾ ਬੰਕ, ਹਰਿ ਸਾਚਾ ਆਪ ਸੁਹਾਇੰਦਾ। ਏਕਾ ਰੰਗ ਰੰਗਾਏ ਰਾਓ ਰੰਕ, ਊਚ ਨੀਚ ਨਾ ਕੋਇ ਵਖਾਇੰਦਾ। ਜਿਸ ਜਨ ਫੇਰੇ ਮਨ ਕਾ ਮਣਕ, ਮਨ ਕਾ ਮਣਕਾ ਆਪ ਭਵਾਇੰਦਾ। ਜੋਤੀ ਸ਼ਬਦੀ ਲਾਏ ਤਨਕ, ਏਕਾ ਘਰ ਵਖਾਇੰਦਾ। ਅੱਠੇ ਪਹਿਰ ਵੱਜੇ ਡੰਕ, ਡੰਕਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਪਣੀ ਧਾਰ ਚਲਾਇੰਦਾ। ਬ੍ਰਹਮ ਧਾਰ ਹਰਿ ਗੋਬਿੰਦ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਆਪੇ ਸਾਗਰ ਆਪੇ ਸਿੰਧ, ਆਪੇ ਨੀਰ ਵਹਾਈਆ। ਆਪੇ ਰਕਤ ਆਪੇ ਬੂੰਦ, ਆਪੇ ਮੇਲ ਮਿਲਾਈਆ। ਆਪੇ ਭੁੱਲਾ ਆਪੇ ਲਏ ਢੂੰਡ, ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਲ ਆਪ ਵਰਤਾਈਆ। ਸਾਚੀ ਕਲ ਕਰੇ ਵਰਭੰਡ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਬ੍ਰਹਮੇ ਦਿਤਾ ਏਕਾ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸੁਣਾਏ ਭਗਵਾਨ, ਏਕਾ ਵਾਰ ਜਣਾਇਆ। ਬ੍ਰਹਮ ਮੁਖ਼ਤਿਆਰ ਬਣਾਏ ਸਚ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇਆ। ਲੱਖ ਚੁਰਾਸੀ ਅੰਤਰ ਇਕ ਪਿਆਰ, ਪ੍ਰੇਮੀ ਪਿਆਰ ਆਪ ਜਣਾਇਆ। ਨੇਮ ਨਿਭੇ ਵਿਚ ਸੰਸਾਰ, ਨਾ ਕੋਇ ਤੋੜੇ ਤੋੜ ਤੁੜਾਇਆ। ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਇਆ। ਬ੍ਰਹਮੇ ਬਣਨਾ ਸੇਵਾਦਾਰ, ਸਾਚਾ ਹੁਕਮ ਸੁਣਾਇਆ। ਕਰੇ ਖੇਲ ਆਪ ਕਰਤਾਰ, ਕਰਨੀ ਕਰਤਾ ਕਿਰਤ ਕਮਾਇਆ। ਲੱਖ ਚੁਰਾਸੀ ਕਰੇ ਉਜਿਆਰ, ਨਿਰਗੁਣ ਜੋਤ ਦੀਪ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇੜਾ ਦਏ ਵਸਾਇਆ। ਤੇਰਾ ਖੇੜਾ ਜਾਏ ਵਸ, ਨਵ ਨੌਂ ਵੱਜੇ ਵਧਾਈਆ। ਚਾਰ ਚਾਰ ਮੇਲਾ ਹੱਸ ਹੱਸ, ਚਾਰ ਚਾਰ ਹੋਏ ਕੁੜਮਾਈਆ। ਨਵ ਨੌਂ ਦੇਵੇ ਏਕਾ ਰਸ, ਚਾਰ ਚਾਰ ਖ਼ੁਸ਼ੀ ਮਨਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਵਖਾਈਆ। ਤੇਰੇ ਮੰਦਰ ਜਾਏ ਵਸ, ਸਾਚਾ ਮੰਦਰ ਆਪ ਸੁਹਾਈਆ। ਤੇਰੀ ਕਰੇ ਪੂਰੀ ਆਸ, ਆਸਾ ਆਸਾ ਵਿਚ ਸਮਾਈਆ। ਆਦਿ ਜੁਗਾਦਿ ਇਕ ਪਰਕਾਸ਼, ਜੁਗ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੁਖ਼ਤਿਆਰੀ ਦਏ ਵਡਿਆਈਆ। ਮਿਲੀ ਮੁਖ਼ਤਿਆਰੀ ਲੱਖ ਚੁਰਾਸੀ, ਪਾਰਬ੍ਰਹਮ ਬ੍ਰਹਮ ਸਮਝਾਇਆ। ਤੇਰਾ ਮੰਡਲ ਤੇਰੀ ਰਾਸੀ, ਤੇਰਾ ਨਾਚ ਨਚਾਇਆ। ਤੇਰੀ ਪ੍ਰਿਥਮੀ ਤੇਰਾ ਆਕਾਸ਼ੀ, ਪ੍ਰਿਥਮੀ ਆਕਾਸ਼ ਤੇਰਾ ਵੇਸ ਵਟਾਇਆ। ਤੇਰਾ ਦਾਸ ਤੇਰੀ ਦਾਸੀ, ਤੇਰੇ ਦਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਣਜ ਦਏ ਵਖਾਇਆ। ਮਿਲਿਆ ਮੁਖ਼ਤਿਆਰ ਦਿਤਾ ਪਰਵਾਨਾ, ਪਰਵਾਨਗੀ ਸਚ ਜਣਾਈਆ। ਮੇਰਾ ਹੁਕਮ ਸੱਚਾ ਫ਼ਰਮਾਨਾ, ਭੁਲ ਕਦੇ ਨਾ ਜਾਈਆ। ਮੇਰਾ ਖੇਲ ਦੋ ਜਹਾਨਾਂ, ਕਿਲਾ ਕੋਟ ਨਾ ਕੋਇ ਵਡਿਆਈਆ। ਤੇਰਾ ਮੰਦਰ ਵੇਖਾਂ ਸਚ ਮਕਾਨਾ, ਲੱਖ ਚੁਰਾਸੀ ਅੰਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਚੁਕਾਈਆ। ਸੁਣਿਆ ਫ਼ਰਮਾਨ ਹੋਇਆ ਨਿਮਾਣਾ, ਪ੍ਰਭ ਅੱਗੇ ਸੀਸ ਝੁਕਾਇਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਹਉਂ ਦਰ ਦਰਬਾਨ ਸੇਵ ਕਮਾਇਆ। ਲੱਖ ਚੁਰਾਸੀ ਤੇਰਾ ਮਾਣਾ, ਮੇਰਾ ਮੈਂ ਰਹੇ ਨਾ ਰਾਇਆ। ਏਕਾ ਦੱਸਣਾ ਆਪਣਾ ਆਵਣ ਜਾਣਾ, ਕਵਣ ਵੇਲਾ ਵਕ਼ਤ ਸੁਹਾਇਆ। ਕਵਣ ਘਰ ਕਰਾਂ ਪਛਾਣਾ, ਆਪ ਆਪਣਾ ਪਰਦਾ ਲਾਹਿਆ। ਸਦ ਮੰਨਾਂ ਤੇਰਾ ਭਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲਾ ਅੰਤ ਦਏ ਜਣਾਇਆ। ਵੇਲਾ ਅੰਤ ਦੱਸੇ ਭਗਵਾਨ, ਪਾਰਬ੍ਰਹਮ ਦਇਆ ਕਮਾਈਆ। ਬ੍ਰਹਮੇ ਸੁਣ ਸਚ ਫ਼ਰਮਾਨ, ਹਰਿ ਸਾਚਾ ਸਚ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਫੁਲ ਫੁਲਵਾੜੀ ਫੁੱਲੇ ਵਿਚ ਜਹਾਨ, ਨੌਂ ਖੰਡ ਪ੍ਰਿਥਮੀ ਪਤ ਡਾਲ੍ਹੀ ਆਪ ਮਹਿਕਾਈਆ। ਅੰਤਮ ਵੇਖੇ ਹਰਿ ਜੂ ਆਣ, ਜੁਗ ਚੌਕੜੀ ਪੰਧ ਮੁਕਾਈਆ। ਤੇਰਾ ਲਹਿਣਾ ਕਰੇ ਪਰਵਾਨ, ਦੇਣਾ ਕੋਇ ਰਹਿਣ ਨਾ ਪਾਈਆ। ਮੁਖ਼ਤਿਆਰੀ ਵੇਖੇ ਜਗਤ ਜਹਾਨ, ਯਾਰੀ ਯਾਰਾਂ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਜਣਾਈਆ। ਸਾਚਾ ਹੁਕਮ ਸ਼ੰਕਰ ਧਾਰ, ਹਰਿ ਸਾਚਾ ਆਪ ਉਪਾਇੰਦਾ। ਭੋਲੇ ਨਾਥ ਕਰ ਪਿਆਰ, ਅਭੁਲ ਆਪਣਾ ਰੰਗ ਵਖਾਇੰਦਾ। ਜਟਾ ਜੂਟ ਦਏ ਆਧਾਰ, ਜੋਗ ਆਪਣਾ ਹਰਿ ਜਣਾਇੰਦਾ। ਤਨ ਭਿਬੂਤ ਦੇਵੇ ਛਾਰ, ਆਪਣੀ ਚਰਨ ਧੂੜੀ ਟਿੱਕਾ ਲਾਇੰਦਾ। ਹੱਥ ਤ੍ਰਿਸੂਲ ਇਕ ਆਪਾਰ, ਵਿਸ਼ਨ ਬ੍ਰਹਮਾ ਸ਼ਿਵ ਮੇਲ ਮਿਲਾਇੰਦਾ। ਤਿੰਨਾਂ ਮੇਲਾ ਇਕ ਦਵਾਰ, ਸਾਚਾ ਡੰਡਾ ਹੱਥ ਫੜਾਇੰਦਾ। ਲੱਖ ਚੁਰਾਸੀ ਦਾ ਬਣਾਇਆ ਮੁਖ਼ਤਿਆਰ, ਆਪਣਾ ਸੌਦਾ ਮੁਫ਼ਤ ਵਰਤਾਇੰਦਾ। ਮੈਂ ਬਣੌਦਾ ਰਿਹਾ ਬਣ ਠਠਿਆਰ, ਲੱਖ ਚੁਰਾਸੀ ਘਾੜਨ ਮਾਤ ਘੜਾਇੰਦਾ। ਤੂੰ ਭੰਨਣਾ ਆਪਣੀ ਵਾਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਤੇਰਾ ਮੇਲਾ ਧੁਰ ਦਰਬਾਰ, ਤੇਰੀ ਕੀਤੀ ਨਾ ਕੋਇ ਉਲਟਾਇੰਦਾ। ਤੇਰਾ ਮੇਰਾ ਇਕ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਰਖਾਇੰਦਾ। ਭੋਲਾ ਨਾਥ ਮਾਰੇ ਕੂਕ, ਸਚਖੰਡ ਦਵਾਰੇ ਆਪ ਸੁਣਾਈਆ। ਜੋ ਉਪਜੇ ਸੋ ਦੇਵਾਂ ਫੂਕ, ਬਚਿਆ ਕੋਇ ਰਹਿਣ ਨਾ ਪਾਈਆ। ਮੇਰੇ ਅੱਗੇ ਨਾ ਚੁੱਕੇ ਕੋਈ ਚੂਕ, ਚੁੱਕ ਚੁੱਕ ਖਾਤੇ ਦਿਆਂ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਮਿਲੇ ਤੇਰੀ ਸਰਨਾਈਆ। ਸਚ ਸਰਨਾਈ ਹਰਿ ਜਣਾਇੰਦਾ, ਨਿਸ਼ਅੱਖਰ ਆਪੇ ਬੋਲ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਖੇਲ ਖਿਲਾਇੰਦਾ, ਤੋਲੇ ਸਾਚਾ ਤੋਲ। ਜੁਗ ਜੁਗ ਵੇਸ ਵਟਾਇੰਦਾ, ਪੂਰਾ ਕਰੇ ਕੌਲ। ਗੁਰ ਅਵਤਾਰ ਰੰਗ ਰੰਗਾਇੰਦਾ, ਮਾਣ ਦਿਵਾਏ ਉਪਰ ਧਰਤ ਧੌਲ। ਸਾਚਾ ਹੁਕਮ ਆਪ ਸੁਣਾਇੰਦਾ, ਆਦਿ ਜੁਗਾਦਿ ਰਹੇ ਅਡੋਲ। ਭਗਤ ਭਗਵੰਤ ਆਪ ਜਗਾਇੰਦਾ, ਆਪਣੀ ਕਰਨੀ ਆਪੇ ਮੌਲ। ਸਾਚੇ ਸੰਤ ਸੰਗ ਨਿਭਾਇੰਦਾ, ਦੇਵੇ ਵਸਤ ਨਾਮ ਅਨਮੋਲ। ਗੁਰਮੁਖ ਆਪਣੀ ਗੋਦ ਬਹਾਇੰਦਾ, ਵਸੇ ਸਦਾ ਕੋਲ। ਗੁਰਸਿਖਾਂ ਏਕਾ ਘਰ ਵਖਾਇੰਦਾ, ਨਿਰਗੁਣ ਸਰਗੁਣ ਕਰੇ ਚੋਲ੍ਹ। ਜੁਗ ਚੌਕੜੀ ਪੰਧ ਮੁਕਾਇੰਦਾ, ਲੱਖ ਚੁਰਾਸੀ ਵੇਖੇ ਘੋਲ। ਕਲਜੁਗ ਵੇਲਾ ਅੰਤ ਜਣਾਇੰਦਾ, ਪੁਰਖ ਅਬਿਨਾਸ਼ੀ ਪਰਦਾ ਖੋਲ੍ਹ। ਨਿਰਗੁਣ ਆਪਣਾ ਰੂਪ ਵਟਾਇੰਦਾ, ਨਾ ਕੋਈ ਜਾਣੇ ਕਲਾ ਸੋਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪੇ ਰਿਹਾ ਮੌਲ। ਬਣਿਆ ਮੁਖ਼ਤਿਆਰ ਮਿਲਿਆ ਹੱਥ, ਹਕ਼ੀਕ਼ਤ ਵੇਖੇ ਸਰਬ ਲੋਕਾਈਆ। ਲਾਸ਼ਰੀਕ ਰਿਹਾ ਤੱਕ, ਬੇਐਬ ਇਕ ਖ਼ੁਦਾਈਆ। ਨਵ ਨੌਂ ਚਾਰ ਪੰਧ ਰਿਹਾ ਮੁੱਕ, ਵੇਲਾ ਆਪਣਾ ਵਕ਼ਤ ਲੰਘਾਈਆ। ਲੱਖ ਚੁਰਾਸੀ ਫਲ ਰਿਹਾ ਪੱਕ, ਚਾਰੋਂ ਕੁੰਟ ਕਲਜੁਗ ਆਪਣੀ ਲਾਲੀ ਰਿਹਾ ਚੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਰਾਹ ਰਹੇ ਤੱਕ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਹੋਏ ਪਰਗਟ, ਨਿਰਗੁਣ ਨਿਰਵੈਰ ਸੱਚਾ ਮਾਹੀਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਮੇਟੇ ਫੱਟ, ਦੂਈ ਆਪਣੀ ਦਏ ਮਿਟਾਈਆ। ਇਕ ਵਖਾਏ ਸਾਚਾ ਹੱਟ, ਦਰ ਦਵਾਰ ਦਏ ਵਡਿਆਈਆ। ਮੇਲ ਮਿਲਾਏ ਨੱਠ ਨੱਠ, ਆਪਣਾ ਪੰਧ ਮੁਕਾਈਆ। ਸਰਨ ਸਰਨਾਈ ਜਾਈਏ ਢੱਠ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਨ ਦੇਣਾ ਅੰਤਮ ਵਾਰ, ਏਕਾ ਮੰਗ ਮੰਗਾਈਆ। ਜਗਤ ਮੁਖ਼ਤਿਆਰੀ ਚਾਰ ਦਿਨ, ਚਾਰ ਜੁਗ ਸੇਵ ਕਮਾਇਆ। ਵਕ਼ਤ ਲੰਘਾਇਆ ਗਿਣ ਗਿਣ, ਕੋਟੀ ਕੋਟ ਕਾਲ ਬਿਤਾਇਆ। ਪੈਂਡਾ ਮੁਕਿਆ ਨਾ ਮਿਣ ਮਿਣ, ਕ਼ਦਮੀ ਕ਼ਦਮ ਚਲਾਇਆ। ਤੇਰਾ ਵੇਖਿਆ ਨਾ ਸਾਚਾ ਚਿਨ੍ਹ, ਲੱਖ ਚੁਰਾਸੀ ਜੂਠ ਝੂਠ ਨਾਲ ਭਰਾਇਆ। ਦਰਸ ਵਖੌਣਾ ਪਰਗਟ ਹੋ ਕੇ ਛਿੰਨ, ਛਿੰਨ ਭੰਗਰ ਤੇਰੀ ਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵੇਲਾ ਅੰਤਮ ਆਇਆ। ਤੇਰੀ ਮੁਖ਼ਤਿਆਰੀ ਤੇਰੇ ਅੱਗੇ ਦੇਈਏ ਸੁੱਟ, ਤੇਰੇ ਹੁਕਮ ਸਦਾ ਰਜ਼ਾਈਆ। ਤੇਰਾ ਅੰਮ੍ਰਿਤ ਪੀਏ ਘੁਟ, ਤੂੰ ਅਮਰ ਤੇਰੀ ਵਡਿਆਈਆ। ਤੇਰੀ ਵੇਖੀਏ ਸਾਚੀ ਰੁੱਤ, ਲੋਕਮਾਤ ਹੋਏ ਰੁਸ਼ਨਾਈਆ। ਨਿਰਗੁਣ ਆਏ ਅਬਿਨਾਸ਼ੀ ਅਚੁਤ, ਸਰਗੁਣ ਧੀਰ ਦਏ ਧਰਾਈਆ। ਏਕਾ ਵਾਰ ਪਈਂ ਤੁਠ, ਬੇਅੰਤ ਬੇਪਰਵਾਹੀਆ। ਆਪ ਮਿਲੌਣੇ ਆਪਣੇ ਸੁੱਤ, ਜੋ ਜੁਗ ਜੁਗ ਵਿਛੜੇ ਰਹੇ ਧਿਆਈਆ। ਭਾਗ ਲਗੌਣਾ, ਕਾਇਆ ਬੁੱਤ, ਪੰਜ ਤੱਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲੌਣਾ ਸਾਚੇ ਘਰ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਮੁਖ਼ਤਿਆਰਨਾਮਾ ਦਿਤਾ ਪਾੜ, ਵੇਲਾ ਅੰਤਮ ਆਇਆ। ਦਿਵਸ ਸੁਹਾਇਆ ਸਤਾਰਾਂ ਹਾੜ, ਸਭ ਦਾ ਲੇਖਾ ਰਿਹਾ ਚੁਕਾਇਆ। ਲਹਿਣਾ ਦੇਣਾ ਮੰਗੇ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਆਏ ਸੇਵ ਕਮਾਇਆ। ਭਗਤਾਂ ਵੇਖੇ ਭਗਤ ਆਧਾਰ, ਕਬੀਰ ਜੁਲਾਹਾ ਦਰ ਮੰਗਾਇਆ। ਈਸਾ ਮੂਸਾ ਖੋਲ੍ਹੇ ਕਿਵਾੜ, ਮੁਖ ਨਕ਼ਾਬੀ ਪਰਦਾ ਲਾਹਿਆ। ਕਰਨੀ ਵੇਖੇ ਮੁਹੰਮਦ ਯਾਰ, ਚਾਰ ਯਾਰੀ ਲਏ ਉਠਾਇਆ। ਨਾਨਕ ਗੋਬਿੰਦ ਕਰ ਵਿਚਾਰ, ਏਕਾ ਮੰਤਰ ਰਹੇ ਸੁਣਾਇਆ। ਚਾਰ ਜੁਗ ਚਾਰ ਵਰਨ ਚੌਥੇ ਜੁਗ ਚਾਰ ਕੁੰਟ ਕਰਨ ਪੁਕਾਰ, ਹਾਹਾਕਾਰ ਕਰ ਸਰਬ ਕੁਰਲਾਇਆ। ਹਿੰਦੂ ਮੁਸਲਿਮ ਸਿੱਖ ਈਸਾਈ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇਆ। ਕੋਈ ਨਾ ਬਣੇ ਸੱਚਾ ਮੁਖ਼ਤਿਆਰ, ਬੈਠੇ ਮੁਖ ਭਵਾਇਆ। ਜਿਸ ਦਾ ਕਲਮਾ ਪੜ੍ਹਦੇ ਰਹੇ ਕਰ ਪੁਕਾਰ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਸੋ ਪਰਗਟ ਹੋਇਆ ਪਰਵਰਦਿਗਾਰ, ਜਿਸ ਦਾ ਕਾਅਬਾ ਨਜ਼ਰ ਕਿਸੇ ਨਾ ਆਇਆ। ਮੁਖ਼ਤਿਆਰੀ ਦੇਵੇ ਸੱਚੇ ਯਾਰ, ਜਿਸ ਜਨ ਆਪਣਾ ਹੁਕਮ ਸੁਣਾਇਆ। ਮੱਮਾ ਖੱਖਾ ਨਾ ਕੋਇ ਵਿਚਾਰ, ਤੱਤਾ ਤ੍ਰੈਗੁਣ ਨਾਤਾ ਤੋੜ ਤੁੜਾਇਆ। ਯੱਯਾ ਰਾਰਾ ਖੇਲ ਕਰੇ ਆਪ ਕਰਤਾਰ, ਨਾਮ ਅਮੋਲਾ ਝੋਲੀ ਪਾਇਆ। ਰਾਰਾ ਰੰਗ ਰੰਗੇ ਅਪਾਰ, ਉਤਰ ਕਦੇ ਨਾ ਜਾਇਆ। ਵਿਸ਼ਨ ਬ੍ਰਹਮਾ ਸ਼ਿਵ ਦਏ ਵਖਾਲ, ਘਰ ਬੈਠੇ ਆਸਣ ਲਾਇਆ। ਫੇਰ ਉਪਰ ਲਏ ਉਠਾਲ, ਪ੍ਰਭ ਆਪਣੀ ਉਂਗਲੀ ਲਾਇਆ। ਥਿਰ ਘਰ ਵਖਾਏ ਸੱਚੀ ਧਰਮਸਾਲ, ਨਿਰਗੁਣ ਜੋਤ ਨੂਰ ਰੁਸ਼ਨਾਇਆ। ਆਪਣਾ ਦੀਪਕ ਆਪੇ ਬੈਠਾ ਬਾਲ, ਨਾ ਕੋਈ ਦੂਜਾ ਸੰਗ ਵਖਾਇਆ। ਜਿਸ ਨਾਉਂ ਰੱਖੇ ਮੁਖ਼ਤਿਆਰ, ਤਿਸ ਕਾਲ ਨੇੜ ਨਾ ਆਇਆ। ਜਮ ਡੰਡ ਨਾ ਮਾਰੇ ਮਾਰ, ਰਾਏ ਧਰਮ ਨਾ ਦਏ ਸਜ਼ਾਇਆ। ਚਿਤਰ ਗੁਪਤ ਲੇਖਾ ਨਾ ਦਏ ਵਖਾਲ, ਲਾੜੀ ਮੌਤ ਨਾ ਲਏ ਪਰਨਾਇਆ। ਹਰਿ ਭਗਤ ਨਾ ਹੋਏ ਬੇਹਾਲ, ਜਿਸ ਜਨ ਆਪਣੀ ਦਇਆ ਕਮਾਇਆ। ਹੋ ਮੁਖ਼ਤਿਆਰ ਕਰੇ ਹੱਲ ਸਵਾਲ, ਦੋ ਜਹਾਨਾਂ ਸਵਾਲ ਅੱਗੇ ਅੜ ਨਾ ਸਕੇ ਕੋਇ ਰਾਇਆ। ਆਪਣੇ ਹੱਥ ਰੱਖੇ ਕਾਲ ਮਹਾਕਾਲ, ਦਿਆਲ ਕਾਲ ਆਪਣਾ ਖੇਲ ਖਿਲਾਇਆ। ਤਿਸ ਜਨ ਨਾ ਹੋਏ ਜ਼ਵਾਲ, ਜੋ ਜਨ ਸਰਨਾਈ ਆਇਆ। ਜ਼ੇਰ ਜ਼ਬਰ ਵਖਾਏ ਬਣ ਦਲਾਲ, ਨੁਕਤਾ ਨੂਨ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਦੂਜਾ ਦਰ ਨਾ ਮੰਗਣ ਜਾਇਆ। ਆਇਆ ਵਕ਼ਤ ਅਖ਼ੀਰ ਦਾ ਸੁਣ ਲੈਣਾ, ਸਾਚਾ ਸਚ ਹੀ ਸਚ ਜਣਾਇੰਦਾ ਏ। ਚਾਰ ਜੁਗ ਦਾ ਮੁੱਕਣਾ ਅੰਤ ਲਹਿਣਾ, ਲਹਿਣੇਦਾਰ ਬਣ ਝੋਲੀ ਪਾਇੰਦਾ ਏ। ਕਲਜੁਗ ਨਾ ਮਾਤ ਦੇ ਵਿਚ ਰਹਿਣਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ ਏ। ਲੱਖ ਚਾਰ ਬੱਤੀ ਹਜ਼ਾਰ ਡੂੰਘੇ ਖਾਤ ਪੈਣਾ, ਪੂਰੀ ਔਧ ਨਾ ਕੋਈ ਕਰਾਇੰਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਇੰਦਾ ਏ। ਕਲਜੁਗ ਆਈ ਅੰਤਮ ਵਾਰ, ਹਰਿ ਸਾਚਾ ਖੇਲ ਖਿਲਾਇੰਦਾ। ਵੇਦ ਵਿਆਸਾ ਬਣ ਲਿਖਾਰ, ਲੇਖਾ ਲੇਖ ਲਿਖਾਇੰਦਾ। ਉਚੇ ਟਿੱਲੇ ਪਰਬਤ ਪਾਏ ਸਾਰ, ਦਿਸ ਕਿਸੇ ਨਾ ਆਇੰਦਾ। ਜੁਗ ਚੌਕੜੀ ਕਰੇ ਖ਼ਵਾਰ, ਜੁਗ ਜੁਗ ਗੇੜਾ ਆਪ ਦਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਚਲਾਇੰਦਾ। ਆਪਣੀ ਧਾਰ ਚਲੇ ਨਿਰੰਕਾਰ, ਆਦਿ ਪੁਰਖ ਵਡੀ ਵਡਿਆਈਆ। ਜੁਗ ਜੁਗ ਲਏ ਮਾਤ ਅਵਤਾਰ, ਵੇਸ ਅਨੇਕਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੋ ਤਿਆਰ, ਤੇਈ ਧਾਰਾ ਰਿਹਾ ਚਲਾਈਆ। ਲੇਖਾ ਜਾਣੇ ਦਸ ਗੁਰ ਅਵਤਾਰ, ਭਗਤ ਭਗਵੰਤ ਸੰਤ ਆਪਣਾ ਸੰਗ ਨਿਭਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ, ਕਾਲਾ ਸੂਸਾ ਤਨ ਸ਼ੰਗਾਰ, ਏਕਾ ਅਲਫ਼ੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਨਰ, ਨਰ ਨਰਾਇਣ ਵਡੀ ਵਡਿਆਈਆ। ਖੇਲ ਕਰਨ ਆਇਆ ਕਰਤਾਰਾ, ਵੀਹ ਸੌ ਬਿਕ੍ਰਮੀ ਜੋਤ ਜਗਾਈਆ। ਵੀਹ ਸੌ ਇਕ ਹੋਇਆ ਤਿਆਰਾ, ਵੀਹ ਸੌ ਦੋ ਵੱਜੀ ਵਧਾਈਆ। ਵੀਹ ਸੌ ਤਿੰਨ ਲਾਇਆ ਅਖਾੜਾ, ਵੀਹ ਸੌ ਚਾਰ ਮਿਲੇ ਵਡਿਆਈਆ। ਬੀਸ ਪੰਜ ਕਰੇ ਆਪਣੀ ਕਾਰਾ, ਬੀਸ ਛੇ ਛਹਿਬਰ ਨਾਮ ਲਗਾਈਆ। ਵੀਹ ਸੱਤ ਬੋਲ ਜੈਕਾਰਾ, ਬੀਸ ਅੱਠ ਅੱਠਾਂ ਤੱਤਾਂ ਦਏ ਉਠਾਈਆ। ਬੀਸ ਨੌਂ ਭੇਵ ਚੁਕਾਏ ਨੌਂ ਦਵਾਰਾ, ਬੀਸ ਦਸ ਸਾਚੀ ਕਰਨੀ ਮਾਤ ਕਮਾਈਆ। ਛੋਟਾ ਬਾਲਾ ਕਰ ਤਿਆਰਾ, ਆਪਣੀ ਰਚਨਾ ਦਏ ਸਮਝਾਈਆ। ਇੰਦ ਇੰਦਰਾਸਣ ਪਾਰ ਕਿਨਾਰਾ, ਸੁਰਪਤ ਇੰਦ ਰਹਿਣ ਨਾ ਪਾਈਆ। ਕਰੇ ਖੇਲ ਅਪਰ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਸਾਢੇ ਤਿੰਨ ਹੱਥ ਬਣਾਏ ਇਕ ਮਨਾਰਾ, ਲੱਖ ਚੁਰਾਸੀ ਜੀਵਾਂ ਜੰਤਾਂ ਦਏ ਸਮਝਾਈਆ। ਕਰੇ ਖੇਲ ਹਰਿ ਸਿਰਜਣਹਾਰਾ, ਇਕ ਇਕ ਨਾਲ ਮੇਲ ਮਿਲਾਈਆ। ਨਿਰਗੁਣ ਸਰਗੁਣ ਲੱਗਾ ਅਖਾੜਾ, ਵੀਹ ਸੌ ਯਾਰਾਂ ਵੱਜੀ ਵਧਾਈਆ। ਕਰੇ ਖੇਲ ਹਰਿ ਸਿਰਜਣਹਾਰਾ, ਆਪ ਆਪਣਾ ਪਰਦਾ ਦਏ ਉਠਾਈਆ। ਜਗਤ ਜਗਦੀਸਾ ਦਏ ਹੁਲਾਰਾ, ਸਾਚੇ ਪੌੜੇ ਦਏ ਚੜ੍ਹਾਈਆ। ਸ਼ੰਕਰ ਤੇਰਾ ਢਹੇ ਮੁਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਏਥੇ ਆਏ ਸੁਤ ਦੁਲਾਰਾ, ਜਿਸ ਮਿਲੇ ਮਾਤ ਵਡਿਆਈਆ। ਨੌਂ ਦਵਾਰੇ ਖੋਲ੍ਹ ਕਿਵਾੜਾ, ਸਚ ਦਰਬਾਰ ਦਏ ਜਣਾਈਆ। ਏਕਾ ਦੋਆ ਕਰ ਪਸਾਰਾ, ਆਪ ਆਪਣੀ ਖੇਲ ਖਿਲਾਈਆ। ਸੱਤ ਰੰਗ ਨਿਸ਼ਾਨਾ ਚਾੜ੍ਹੇ ਵਿਚ ਸੰਸਾਰਾ, ਸਤਿ ਸਤਿਵਾਦੀ ਸਾਚਾ ਸੰਗ ਨਿਭਾਈਆ। ਲਖਣ ਪੁਸ਼ਕਰ ਦੀਪ ਹੋਏ ਉਜਿਆਰਾ, ਕਰੋਚ ਆਪਣਾ ਖੇਲ ਖਿਲਾਈਆ। ਜੰਬੂ ਬੋਲੇ ਇਕ ਲਲਕਾਰਾ, ਸਲਮਲ ਆਪਣੀ ਧਾਰ ਬਣਾਈਆ। ਸਾਨ ਦੀਪ ਕਰੇ ਖ਼ਵਾਰਾ, ਕੁਸ਼ਾ ਆਪਣਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਰੰਗ ਨਿਸ਼ਾਨਾ ਦਏ ਝੁਲਾਈਆ। ਵੀਹ ਸੌ ਤੇਰਾਂ ਹੋਇਆ ਖ਼ਬਰਦਾਰ, ਆਪਣਾ ਬਲ ਰਖਾਇੰਦਾ। ਸਾਧਾਂ ਸੰਤਾਂ ਦਏ ਹੁਲਾਰ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਰਾਸ਼ਟਰਪਤ ਖੋਲ੍ਹੇ ਜਾ ਕਿਵਾੜ, ਸਤਿ ਸਤਿਵਾਦੀ ਫੇਰਾ ਪਾਇੰਦਾ। ਪੰਚਮ ਮੁਖ ਤਾਜ ਕਰ ਤਿਆਰ, ਸਾਚੀ ਬਣਤ ਆਪ ਬਣਾਇੰਦਾ। ਸੰਤ ਰੰਗ ਨਿਸ਼ਾਨਾ ਦਏ ਵਖਾਲ, ਸਤਿ ਸਤਿਵਾਦੀ ਆਪ ਰੰਗਾਇੰਦਾ। ਪੰਜ ਪੰਜ ਕਰ ਤਿਆਰ, ਪੰਚਮ ਪੰਚਮ ਤਨ ਸੁਹਾਇੰਦਾ। ਸ਼ਬਦ ਡੰਡਾ ਅਪਰ ਅਪਾਰ, ਏਕਾ ਹੱਥ ਵਖਾਇੰਦਾ। ਪੈਰ ਜੋੜਾ ਸੱਚੀ ਸਰਕਾਰ, ਰਾਮ ਰਾਮ ਨਜ਼ਰੀ ਆਇੰਦਾ। ਕਲਜੁਗ ਅੰਤਮ ਕਰੇ ਖ਼ਵਾਰ, ਲੇਖਾ ਸਭ ਦਾ ਆਪ ਮੁਕਾਇੰਦਾ। ਲਹਿਣਾ ਚੁੱਕੇ ਚਾਰ ਲੱਖ ਬੱਤੀ ਹਜ਼ਾਰ, ਲੱਖ ਲੱਖ ਗੇੜਾ ਆਪਣੇ ਵਿਚ ਸਮਾਇੰਦਾ। ਕਰਮ ਕੁਕਰਮਾਂ ਮਾਰੇ ਮਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਦਸ ਪੰਜ ਰਿਹਾ ਪੁਕਾਰ, ਪੰਜ ਪੰਜ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸੰਮਤ ਚੌਦਾਂ ਚੜ੍ਹਿਆ ਚਾ, ਵੀਹ ਸੌ ਬਿਕ੍ਰਮੀ ਨਾਲ ਰਲਾਈਆ। ਗੁਰਮੁਖਾਂ ਵੇਖੇ ਥਾਂ ਥਾਂ, ਏਕਾ ਬੰਧਨ ਪਾਈਆ। ਏਕਾ ਇਕੀ ਗੰਢ ਦਵਾ, ਨਾ ਕੋਈ ਖੋਲ੍ਹ ਖੁਲ੍ਹਾਈਆ। ਸਾਚੀ ਸਿਖੀ ਮਾਤ ਬਣਾ, ਊਚ ਨੀਚ ਭੇਵ ਚੁਕਾਈਆ। ਜ਼ਾਤ ਪਾਤ ਦਏ ਖਪਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਆਤਮ ਬ੍ਰਹਮ ਦਏ ਜਣਾ, ਏਕਾ ਕਰੇ ਪੜ੍ਹਾਈਆ। ਚੌਦਾਂ ਲੋਕ ਡੇਰਾ ਦੇਵੇ ਢਾਹ, ਚੌਦਾਂ ਤਬਕ ਕਰੇ ਸਫ਼ਾਈਆ। ਮੁਹੰਮਦ ਮੰਗੇ ਅੰਤ ਪਨਾਹ, ਦੋਏ ਜੋੜ ਪਿਆ ਸਰਨਾਈਆ। ਈਸਾ ਮੂਸਾ ਕਹੇ ਤੂੰ ਖ਼ੁਦਾ, ਬੇਐਬ ਤੇਰੀ ਖ਼ੁਦਾਈਆ। ਕਲਮਾ ਕਲਾਮ ਇਕ ਪੜ੍ਹਾ, ਸਾਚੀ ਸਿਖਿਆ ਇਕ ਸਮਝਾਈਆ। ਅਮਾਮ ਅਮਾਮਾਂ ਸਿਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੂੰ ਅਖਵਾਈਆ। ਤੂੰ ਬਖ਼ਸ਼ੇ ਸਦ ਗੁਨਾਹ, ਰਹਿਮਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਲ ਚੌਧਵਾਂ ਖੇਲ ਖਿਲਾਈਆ। ਸਾਲ ਪੰਦਰਵਾਂ ਗਿਆ ਚੜ੍ਹ, ਹਰਿ ਸਾਚਾ ਖੇਲ ਖਿਲਾਇੰਦਾ। ਵੀਹ ਸੌ ਬਿਕ੍ਰਮੀ ਬੱਧਾ ਲੜ, ਆਪਣਾ ਖੇਲ ਖਿਲਾਇੰਦਾ। ਤੀਰਥ ਤੱਟਾਂ ਅੰਦਰ ਗਿਆ ਵੜ, ਜਮਨਾ ਸੁਰਸਤੀ ਗੰਗਾ ਆਪਣੇ ਨਾਲ ਪਰਨਾਇੰਦਾ। ਦਰਸ ਦਿਖਾਏ ਅੱਗੇ ਖੜ੍ਹ, ਆਪਣਾ ਖੇਲ ਖਿਲਾਇੰਦਾ। ਗੋਦਾਵਰੀ ਸਰਨ ਗਈ ਪੜ, ਸੀਸ ਜਗਦੀਸ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕ਼ੁਦਰਤ ਖੇਲ ਖਿਲਾਇੰਦਾ। ਅਠਸਠ ਤੀਰਥ ਵੇਖੇ ਵਾਰੋ ਵਾਰ, ਰਾਮੇਸ਼ਵਰ ਚਰਨ ਟਿਕਾਇੰਦਾ। ਸ਼ਾਹ ਭਬੀਖਣ ਚੁੱਕੇ ਡਰ, ਏਕਾ ਹੁਕਮ ਸੁਣਾਇੰਦਾ। ਰਾਮ ਰਾਮਾ ਮਿਲਿਆ ਘਰ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਅੰਦਰ ਵੜ, ਡੂੰਘੀ ਕੰਦਰ ਫੋਲ ਫੋਲਾਇੰਦਾ। ਡੂੰਘੀ ਕੰਦਰ ਵੇੇਖੇ ਸਾਗਰ, ਉਚੇ ਟਿੱਲੇ ਪਰਬਤ ਵੇਖ ਵਖਾਈਆ। ਆਪਣਾ ਨਾਮ ਕਰੇ ਉਜਾਗਰ, ਚਾਰ ਕੁੰਟ ਸੁਣਾਈਆ। ਏਕਾ ਵਣਜ ਕਰਾਏ ਹਰਿ ਸੌਦਾਗਰ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਖ਼ੁਸ਼ੀ ਮਨਾਈਆ। ਵੀਹ ਸੌ ਸੋਲਾਂ ਸੰਮਤ ਆਇਆ, ਲੋਕਮਾਤ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਿਹਕਲੰਕ ਨਾਉਂ ਧਰਾਇਆ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਾਚੇ ਟਿੱਲੇ ਆਸਣ ਲਾਇਆ, ਬਜਰ ਕਪਾਟੀ ਉਪਰ ਬੈਠਾ ਸੱਚਾ ਮਾਹੀਆ। ਪਾਰਬ੍ਰਹਮ ਬ੍ਰਹਿਮਣ ਗੌੜ ਨਾਮ ਧਰਾਇਆ, ਬ੍ਰਹਮ ਸੁਤ ਆਪਣਾ ਮੇਲ ਮਿਲਾਈਆ। ਹਰਿ ਕਾ ਭੇਵ ਕਿਸੇ ਨਾ ਪਾਇਆ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਦਏ ਕਰਾਈਆ। ਸਚ ਵਿਹਾਰਾ ਸਚ ਭੰਡਾਰਾ, ਹਰਿ ਸਾਚਾ ਸਚ ਵਰਤਾਇੰਦਾ। ਚਾਰ ਵਰਨਾਂ ਕਰ ਪਿਆਰਾ, ਏਕਾ ਘਰ ਬਹਾਇੰਦਾ। ਰਾਓ ਰੰਕਾਂ ਕਰੇ ਖ਼ਵਾਰਾ, ਜੋ ਜਨ ਹਰਿ ਹਰਿ ਹਰਿ ਭੁਲਾਇੰਦਾ। ਖੰਡਾ ਫੜ ਤੇਜ਼ ਕਟਾਰਾ, ਦੋ ਜਹਾਨਾਂ ਆਪ ਚਮਕਾਇੰਦਾ। ਲੋਆਂ ਪੁਰੀਆਂ ਕਰੇ ਖ਼ਵਾਰਾ, ਬ੍ਰਹਿਮੰਡਾਂ ਖੰਡਾਂ ਆਪ ਉਠਾਇੰਦਾ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਆਪ ਵਡਿਆਇੰਦਾ। ਸਾਚੀ ਧਾਰਾ ਮਸਤੂਆਨਾ, ਹਰਿ ਮਸਤਕ ਲੇਖ ਲਿਖਾਇਆ। ਫੜ ਕੇ ਲਿਆਏ ਨੌਂ ਸੌ ਨੜਿਨਵਾਂ ਰਾਜਾ ਰਾਣਾ, ਸ਼ਬਦ ਡੋਰੀ ਬੰਧਨ ਪਾਇਆ। ਸਾਚਾ ਮਾਰਗ ਇਕ ਵਖਾਣਾ, ਨੌਂ ਖੰਡ ਪ੍ਰਿਥਮੀ ਦਏ ਸਮਝਾਇਆ। ਸੱਤਾਂ ਦੀਪਾਂ ਦੇਵੇ ਇਕ ਫ਼ਰਮਾਨਾ, ਏਕਾ ਰਾਗ ਅਲਾਇਆ। ਲੱਖ ਚੁਰਾਸੀ ਰੱਖੇ ਆਪਣੇ ਭਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸੰਮਤ ਸਤਾਰਾਂ ਆਇਆ, ਹਰਿ ਖੇਲੇ ਬੇਪਰਵਾਹ। ਸੀਸ ਆਪਣੇ ਤਾਜ ਟਿਕਾਇਆ, ਪੰਚਮ ਮੁਖ ਰੂਪ ਬਣਾ। ਸੋਹੰ ਅੱਖਰ ਵਿਚ ਲਿਖਾਇਆ, ਹੰ ਬ੍ਰਹਮ ਮੇਲ ਮਿਲਾ। ਨਿਰਗੁਣ ਸਰਗੁਣ ਧਾਰ ਚਲਾਇਆ, ਮਹਾਰਾਜ ਸ਼ੇਰ ਸਿੰਘ ਬਣ ਮਲਾਹ। ਵਿਸ਼ਨੂੰ ਵੇਖੇ ਸਹਿਜ ਸੁਭਾਇਆ, ਭਗਵਨ ਖੇਲ ਰਿਹਾ ਕਰਾ। ਜੈ ਜੈਕਾਰਾ ਇਕ ਲਗਾਇਆ, ਹਿੰਦੂ ਮੁਸਲਿਮ ਸਿੱਖ ਆਪ ਸੁਣਾ। ਰਾਜ ਰਾਜਾਨਾਂ ਦਏ ਖਪਾਇਆ, ਸ਼ਾਹ ਸੁਲਤਾਨਾਂ ਤਖ਼ਤੋਂ ਦੇਵੇ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਸੰਮਤ ਸਤਾਰਾਂ ਸਤਿ ਸਤਿਵਾਦ, ਆਪਣਾ ਹੁਕਮ ਜਣਾਈਆ। ਬੀਸ ਬਿਕ੍ਰਮੀ ਰੱਖਣੀ ਯਾਦ, ਹਰਿ ਲੇਖਾ ਰਿਹਾ ਮੁਕਾਈਆ। ਕਲਜੁਗ ਮੁੱਕਣੀ ਅੰਤ ਮਨਿਆਦ, ਨਾ ਸਕੇ ਕੋਇ ਬਚਾਈਆ। ਕਿਸੇ ਨਾ ਦੇਵੇ ਕੋਈ ਦਾਦ, ਸਭ ਬੈਠਣ ਮੁਖ ਭਵਾਈਆ। ਮਾਤ ਪਿਤ ਨਾ ਕੋਇ ਲਾਡ, ਬਾਲਕ ਗੋਦ ਨਾ ਕੋਇ ਸੁਹਾਈਆ। ਨਾ ਕੋਈ ਸੰਤ ਨਾ ਕੋਈ ਸਾਧ, ਸਿਦਕ ਸਬੂਰੀ ਨਾ ਕੋਇ ਰਖਾਈਆ। ਕਰੇ ਖੇਲ ਇਕ ਇਕੱਲਾ ਮੋਹਣ ਮਾਧਵ ਮਾਧ, ਮੋਹਣੀ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸ਼ਾਹ ਪਾਤਸ਼ਾਹ ਸੱਚਾ ਹਰਿ ਰਾਜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਲੋਕਮਾਤ ਰਚਿਆ ਕਾਜਾ, ਆਪਣਾ ਸਾਹ ਸੁਧਾਇੰਦਾ। ਆਪਣੇ ਘਰ ਵਜਾਏ ਆਪਣਾ ਵਾਜਾ, ਆਪਣਾ ਰਾਗ ਸੁਣਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਔਂਦਾ ਜਾਂਦਾ ਦਿਸ ਨਾ ਆਇੰਦਾ। ਭੂਪਤ ਭੂਪ ਬਣ ਨਵਾਬਾ, ਸ਼ਾਹ ਨਵਾਬਾ ਰੂਪ ਵਟਾਇੰਦਾ। ਚਰਨ ਘੋੜੇ ਦੇ ਰਕਾਬਾ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ ਤਾਜ ਸੁਹਾਇੰਦਾ। ਸੀਸ ਜਗਦੀਸ ਰੱਖ ਤਾਜ, ਆਪਣਾ ਹੁਕਮ ਜਣਾਈਆ। ਸ਼ਬਦ ਅਗੰਮੀ ਇਕ ਆਵਾਜ਼, ਸ਼ਾਹ ਪਾਤਸ਼ਾਹ ਸੁਣਾਈਆ। ਕਲਜੁਗ ਝੂਠਾ ਮੇਟੇ ਰਾਜ, ਦੁੱਖ ਰੱਯਤ ਨਾ ਕੋਇ ਉਠਾਈਆ। ਪੰਜੇ ਵਕ਼ਤ ਜੋ ਪੜ੍ਹਦੇ ਰਹੇ ਨਿਮਾਜ਼, ਨਿਮਾਜ਼ੀ ਬਣਿਆ ਨਾ ਕੋਇ ਰਾਹੀਆ। ਮੱਕਾ ਮਦੀਨਾ ਕਰਦੇ ਰਹੇ ਹੱਜ, ਕਾਇਆ ਹੱਜ ਨਾ ਕੋਇ ਕਰਾਈਆ। ਮਹਿਰਾਬੇ ਸੁਣਦੇ ਰਹੇ ਬਾਂਗ, ਘਰ ਸਦਾ ਨਾ ਕੋਇ ਲਗਾਈਆ। ਉਮਤ ਉਮਤੀ ਲੈਂਦੇ ਰਹੇ ਖ਼ਵਾਬ, ਸਾਚਾ ਮਿਲਿਆ ਨਾ ਸੱਚਾ ਮਾਹੀਆ। ਅੰਤਮ ਲੇਖਾ ਪੁੱਛੇ ਆਪ, ਅਭੁਲ ਭੁਲ ਕਦੇ ਨਾ ਜਾਈਆ। ਕਿਸੇ ਨਾ ਪੱਲੇ ਕੋਈ ਸਵਾਬ, ਸਚ ਧਨ ਨਾ ਕੋਇ ਵਖਾਈਆ। ਚਾਰੋਂ ਕੁੰਟ ਪੱਲੂ ਭਰਿਆ ਪਾਪ, ਅੱਲਾ ਰਾਣੀ ਮੁਖ ਸ਼ਰਮਾਈਆ। ਸਦੀ ਚੌਧਵੀਂ ਰਹੀ ਕਾਂਪ, ਧੀਰਜ ਧੀਰ ਨਾ ਕੋਇ ਧਰਾਈਆ। ਚੌਦਾਂ ਤਬਕਾਂ ਪਰਦਾ ਸਕੇ ਨਾ ਕੋਈ ਢਾਕ, ਪਰਵਰਦਿਗਾਰ ਪਰਦਾ ਆਪ ਉਠਾਈਆ। ਜਿਸ ਨੂੰ ਈਸਾ ਕਹਿੰਦਾ ਰਿਹਾ ਬਾਪ, ਸੋ ਆਇਆ ਸੱਚਾ ਸ਼ਹਿਨਸ਼ਾਹੀਆ। ਬੀਸ ਬਿਕ੍ਰਮੀ ਮੇਟੇ ਸਰਬ ਸੰਤਾਪ, ਸਤਿਆ ਸਭ ਦੀ ਦਏ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਸੱਤਰਾਂ ਆਪਣਾ ਹੁਕਮ ਜਣਾਈਆ। ਵੀਹ ਸੌ ਅਠਾਰਾਂ ਆਇਆ ਵਿਚ ਸੰਸਾਰ, ਪਹਿਲੀ ਚੇਤਰ ਰੁੱਤ ਸੁਹਾਇਆ। ਸ਼ਾਹ ਭਬੀਖਣ ਲਿਆ ਉਠਾਲ, ਰਾਸ਼ਟਰਪਤ ਹੁਕਮ ਜਣਾਇਆ। ਪਰਗਟ ਹੋਇਆ ਦੀਨ ਦਿਆਲ, ਨਿਰਗੁਣ ਆਪਣਾ ਰੂਪ ਵਟਾਇਆ। ਲਹਿਣਾ ਦੇਣਾ ਮੁਕਾਏ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਵੇਖ ਵਖਾਇਆ। ਅੰਤਮ ਕਲਜੁਗ ਖਾਏ ਕਾਲ, ਕਲਜੁਗ ਵੇਲਾ ਅੰਤਮ ਆਇਆ। ਨੌਂ ਖੰਡ ਪ੍ਰਿਥਮੀ ਹੋਏ ਬੇਹਾਲ, ਨਾ ਕੋਈ ਸਕੇ ਧੀਰ ਧਰਾਇਆ। ਨਾ ਕੋਈ ਕਰੇ ਕਿਸੇ ਪ੍ਰਿਤਪਾਲ, ਸਿਆਸਤ ਵਰਾਸਤ ਆਪਣੀ ਬੈਠੀ ਧਨ ਲੁਟਾਇਆ। ਕਿਸੇ ਪੱਤ ਨਾ ਰਹਿਣਾ ਡਾਲ, ਖ਼ਿਜ਼ਾਂ ਰੁੱਤ ਆਪ ਬਣਾਇਆ। ਨਾ ਕੋਈ ਸਕੇ ਸੁਰਤ ਸੰਭਾਲ, ਸ਼ਾਹ ਸੁਲਤਾਨ ਖ਼ਾਕ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਜਣਾਇਆ। ਧੁਰ ਫ਼ਰਮਾਨਾ ਆਇਆ ਦੱਸ, ਹੁਕਮੀ ਹੁਕਮ ਸੁਣਾਈਆ। ਕਿਸੇ ਦਾ ਚਲਣਾ ਨਾ ਕੋਇ ਵਸ, ਪਰਧਾਨ ਮੰਤਰੀ ਬੈਠਣ ਮੁਖ ਸ਼ਰਮਾਈਆ। ਕਲਜੁਗ ਪੈਂਡਾ ਮੁੱਕਿਆ ਨੱਸ ਨੱਸ, ਅੰਤਮ ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਖਲਾਈਆ। ਖੇਲ ਕਰਾਏ ਪੁਰਖ ਸਮਰਥਾ, ਸਮਰਥ ਹੱਥ ਵਡਿਆਈਆ। ਵੀਹ ਸੌ ਅਠਾਰਾਂ ਬਿਕ੍ਰਮੀ ਹਾੜ ਸਤਾਰਾਂ ਗੁਰੂ ਅਵਤਾਰ ਕਰ ਇਕੱਠਾ, ਪੂਰਬ ਲੇਖਾ ਪੁੱਛ ਪੁਛਾਈਆ। ਈਸਾ ਮੂਸਾ ਤਿੰਨ ਕਰਮ ਪਿਛੇ ਢੱਠਾ, ਨਿਉਂ ਨਿਉਂ ਸੀਸ ਝੁਕਾਈਆ। ਦਸ ਕਰਮ ਮੁਹੰਮਦ ਹਟਾ, ਆਪਣੀ ਭੁਲ ਰਿਹਾ ਬਖ਼ਸ਼ਾਈਆ। ਅੱਲਾ ਰਾਣੀ ਤਾਪ ਚੜ੍ਹਿਆ ਮੱਠਾ, ਹੱਡ ਪੈਰ ਰਹੇ ਤੁੜਾਈਆ। ਪਰਵਰਦਿਗਾਰ ਆਇਆ ਨੱਠਾ, ਨੂਰ ਨੁਰਾਨਾ ਨੂਰ ਇਲਾਹੀਆ। ਆਦਿ ਜੁਗਾਦਿ ਹੱਟਾ ਕੱਟਾ, ਬਿਰਧ ਬਾਲ ਨਾ ਰੂਪ ਵਟਾਈਆ। ਜਿਸ ਜਨ ਮਾਰੇ ਆਪਣੀ ਸੱਟਾ, ਸੋ ਸਕੇ ਨਾ ਸੀਸ ਉਠਾਈਆ। ਮੇਰੇ ਸਿਰ ਪਾਏ ਮੇਰੀ ਖ਼ਾਕ ਮਿੱਟਾ, ਮੇਰੀ ਮੀਂਢੀ ਮਾਤ ਰੁਲਾਈਆ। ਮੇਰੇ ਹੱਥ ਨਾ ਦਿਸੇ ਮੌਲੀ ਅੱਟਾ, ਸਚ ਤੰਦ ਕਵਣ ਬੰਧਾਈਆ। ਮੇਰੇ ਖ਼ਾਲੀ ਹੋਏ ਚੌਦਾਂ ਹੱਟਾ, ਚੌਦਾਂ ਤਬਕ ਪਈ ਲੜਾਈਆ। ਇਲਾਹੀ ਨੂਰ ਏਕਾ ਫਟਾ, ਫੁੱਟ ਮੇਰੀ ਦਏ ਮਿਟਾਈਆ। ਮੇਰਾ ਵਸਦਾ ਘਰ ਜਾਏ ਲੁੱਟਾ, ਲੁਟ ਆਪਣੀ ਰਿਹਾ ਮਚਾਈਆ। ਤੀਰ ਨਿਰਾਲਾ ਏਕਾ ਛੁੱਟਾ, ਨਾ ਕੋਈ ਸਕੇ ਮਾਤ ਅਟਕਾਈਆ। ਲੱਖ ਚੁਰਾਸੀ ਟੰਗੇ ਫੜ ਕੇ ਪੁੱਠਾ, ਪੁੱਠੀ ਖਲ ਦਏ ਲੁਹਾਈਆ। ਜਿਸ ਨੇ ਖਾਧਾ ਰਸਨਾ ਕੁੱਠਾ, ਤਿਸ ਕੁਠ ਕੁਠ ਦਏ ਮੁਕਾਈਆ। ਮੁਰਸ਼ਦ ਮੁਰੀਦ ਵਿਰਲੇ ਉਪਰ ਤੁਠਾ, ਮਰਦਨ ਮਰਦ ਦਏ ਕਰਾਈਆ। ਸੰਮਤ ਅਠਾਰਾਂ ਸੁਹਾਈ ਰੁੱਤਾ, ਰੁੱਤ ਰੁੱਤੜੀ ਵੇਖ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਰਿਹਾ ਸੁੱਤਾ, ਕਲਜੁਗ ਅੰਤਮ ਲਏ ਅੰਗੜਾਈਆ। ਜਿਸ ਦੀ ਕਰਦੇ ਰਹੇ ਪੂਜਾ ਪਾਠਾ, ਸੋ ਪਰਗਟ ਹੋਇਆ ਸੱਚਾ ਸ਼ਹਿਨਸ਼ਾਹੀਆ। ਜਿਸ ਬਣਾਇਆ ਤੀਰਥ ਤਾਟਾ, ਗੰਗਾ ਗੋਦਾਵਰੀ ਧਾਰ ਵਹਾਈਆ। ਜਿਸ ਬਣਾਈ ਦਿਵਸ ਰਾਤਾ, ਸੂਰਜ ਚੰਦ ਕਰ ਰੁਸ਼ਨਾਈਆ। ਜਿਸ ਨੂੰ ਕਹਿੰਦੇ ਆਦਿ ਸ਼ਕਤ ਸਾਚੀ ਮਾਤਾ, ਸੋ ਭਵਾਨੀ ਰੂਪ ਵਟਾਈਆ। ਜਿਸ ਦੀ ਪੜ੍ਹ ਪੜ੍ਹ ਸੁਣੌਂਦੇ ਰਹੇ ਗਾਥਾ, ਸੋ ਆਪਣੀ ਗਾਥਾ ਰਿਹਾ ਸੁਣਾਈਆ। ਜਿਸ ਨੂੰ ਕਹਿੰਦੇ ਤ੍ਰਿਲੋਕੀ ਨਾਥਾ, ਕੋਟਨ ਕੋਟ ਤ੍ਰਿਲੋਕੀ ਨਾਥ ਆਪਣੇ ਸੰਗ ਰਖਾਈਆ। ਜਿਸ ਨੂੰ ਕਹਿੰਦੇ ਰਾਮ ਬੇਟਾ ਦਸਰਾਥਾ, ਸੋ ਰਾਮ ਘਟ ਘਟ ਰਿਹਾ ਸਮਾਈਆ। ਜਿਸ ਨੂੰ ਈਸਾ ਮੂਸਾ ਸਯਦਾ ਕਰ ਕਰ ਟੇਕਦੇ ਰਹੇ ਮਾਥਾ, ਸੋ ਸਹੀ ਸਲਾਮਤ ਫੇਰਾ ਪਾਈਆ। ਜਿਸ ਕੋਲੋਂ ਮੁਹੰਮਦ ਮੰਗਦਾ ਰਿਹਾ ਦਾਤਾ, ਦੇਵਣਹਾਰਾ ਆਇਆ ਆਪ ਖ਼ੁਦਾਈਆ। ਜਿਸ ਦੀ ਨਾਨਕ ਗੋਬਿੰਦ ਜਣੌਂਦੇ ਰਹੇ ਜ਼ਾਤਾ, ਅਜੂਨੀ ਰਹਿਤ ਵਡੀ ਵਡਿਆਈਆ। ਕਲਜੁਗ ਅੰਤਮ ਆਇਆ ਪੁਰਖ ਸਮਰਾਥਾ, ਨਿਰਗੁਣ ਆਪਣਾ ਰੂਪ ਵਟਾਈਆ। ਕਲਜੁਗ ਆਇਆ ਆਪਣੇ ਘਾਟਾ, ਜਗਤ ਕਿਨਾਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣਾ ਖੇਲ ਵਖਾਈਆ। ਸਾਚਾ ਖੇਲ ਹਰਿ ਵਖੌਣਾ, ਸੰਮਤ ਵੀਹ ਸੌ ਉਨੀ ਰਾਹ ਤਕਾਇੰਦਾ। ਚਾਰ ਜੁਗ ਦੀ ਜਗਤ ਅਪੀਲ ਪੰਧ ਮੁਕੌਣਾ, ਦਲੀਲ ਅਵਰ ਨਾ ਕੋਇ ਰਖਾਇੰਦਾ। ਦੀਦ ਸ਼ੁਨੀਦ ਇਕ ਕਰੌਣਾ, ਲਾਸ਼ਰੀਕ ਪਰਦਾ ਲਾਹਿੰਦਾ। ਗੋਬਿੰਦ ਢੋਲਾ ਏਕਾ ਗੌਣਾ, ਏਕਾ ਬਚਨ ਜਣਾਇੰਦਾ। ਮੁਹੰਮਦ ਫ਼ਤਵਾ ਫੇਰ ਲੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਰਤਾਇੰਦਾ। ਆਪਣਾ ਭਾਣਾ ਹਰਿ ਵਰਤਾਏ, ਵੀਹ ਸੌ ਉਨੀ ਬਿਕ੍ਰਮੀ ਦਏ ਦੁਹਾਈਆ। ਅੱਠਾਂ ਤੱਤਾਂ ਖ਼ਾਕ ਮਿਲਾਏ, ਅੱਠ ਗ੍ਰਹਿ ਦਏ ਵਡਿਆਈਆ। ਅੱਠਾਂ ਗ੍ਰਹਿਆਂ ਅੱਡ ਅੱਡ ਝੋਲੀ ਪਾਏ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਰਲਾਈਆ। ਆਪਣਾ ਵਿਕਾਸ ਆਪ ਕਰਾਏ, ਆਪਣੀ ਧਾਰ ਆਪ ਵਹਾਈਆ । ਆਪਣਾ ਰਾਕਟ ਆਪ ਚੜ੍ਹਾਏ, ਦਿਸ ਕਿਸੇ ਨਾ ਆਈਆ। ਨਾਮ ਐਟਮ ਇਕ ਬਣਾਏ, ਜਗਤ ਐਟਮ ਦਏ ਖਪਾਈਆ। ਹਾਇਡਰੋਜਨ ਆਪਣਾ ਹੁਕਮ ਸੁਣਾਏ, ਆਪਣੀ ਹਾਈਟ ਕਿਸੇ ਨਜ਼ਰ ਨਾ ਪਾਈਆ। ਆਪਣੀ ਫ਼ਾਈਟ ਆਪ ਕਰਾਏ, ਬਿਨ ਤੀਰ ਤਲਵਾਰ ਜੰਗ ਮਚਾਈਆ। ਕਲਜੁਗ ਝੂਠਾ ਖੇੜਾ ਦੇਵੇ ਢਾਹੇ, ਏਕਾ ਵਾਰ ਜੜ੍ਹ ਉਖੜਾਈਆ। ਈਸਾ ਮੂਸਾ ਪੰਧ ਮੁਕਾਏ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਵੀਹ ਸੌ ਬੀਸ ਬਿਕ੍ਰਮੀ ਰਾਹ ਤਕਾਏ, ਪੰਦਰਾਂ ਕੱਤਕ ਨਾਲ ਰਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਘਟ ਘਟ ਅੰਦਰ ਨਜ਼ਰੀ ਆਏ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਿਹਕਲੰਕ ਆਪ ਅਖਵਾਏ, ਪੰਜ ਤੱਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਉਨੀ ਸੌ ਬਾਹਠ, ਲੱਖ ਚੁਰਾਸੀ ਉਤਾਰੇ ਆਪਣੇ ਘਾਟ, ਗੁਰਮੁਖ ਵਿਰਲਾ ਲਏ ਬਚਾਈਆ। ਗੁਰਮੁਖ ਵਿਰਲਾ ਜਾਏ ਬਚ, ਜਿਸ ਹਰਿ ਹਰਿ ਨਾਮ ਧਿਆਇਆ। ਅੱਗੇ ਮਾਰਗ ਲਾਏ ਸੱਚ, ਸਤਿ ਸਤਿਵਾਦੀ ਸਾਚਾ ਰਾਹ ਵਖਾਇਆ। ਨੌਂ ਖੰਡ ਪ੍ਰਿਥਮੀ ਆਪੇ ਰਚ, ਆਪਣੀ ਰਚਨਾ ਦਏ ਸਮਝਾਇਆ। ਹਰ ਘਟ ਹਿਰਦੇ ਜਾਏ ਵਸ, ਹਰਿ ਆਪਣਾ ਰੂਪ ਧਰਾਇਆ। ਕਲਜੁਗ ਮਿਟੇ ਰੈਣ ਅੰਧੇਰੀ ਮਸ, ਸਤਿਜੁਗ ਸਾਚਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਘਰ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਨਿਰਗੁਣ ਧਾਰ ਚਲਾਇਆ।
