੨੧ ਭਾਦਰੋਂ ੨੦੧੮ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਗੁੜੇ ਜ਼ਿਲਾ ਲੁਧਿਆਣਾ
ਸੋ ਪੁਰਖ ਨਿਰੰਜਣ ਹਰਿ ਮਿਹਰਵਾਨਾ, ਇਕ ਇਕੱਲਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸਾਚੇ ਤਖ਼ਤ ਸੋਭਾ ਪਾਇੰਦਾ। ਏਕੰਕਾਰਾ ਰੂਪ ਮਹਾਨਾ, ਰੂਪ ਅਨੂਪ ਆਪ ਧਰਾਇੰਦਾ। ਆਦਿ ਨਿਰੰਜਣ ਜੋਤੀ ਜੋਤ ਡਗਮਗਾਨਾ, ਜੋਤ ਉਜਾਲਾ ਆਪ ਕਰਾਇੰਦਾ। ਅਬਿਨਾਸ਼ੀ ਕਰਤਾ ਨਿਰਗੁਣ ਖੇਲ ਕਰੇ ਮਹਾਨਾ, ਨਿਰਵੈਰ ਆਪਣੀ ਧਾਰ ਚਲਾਇੰਦਾ। ਸ੍ਰੀ ਭਗਵਾਨ ਆਪ ਝੁਲਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਬਣਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਆਪਣਾ ਬਲ ਆਪ ਧਰਾਇੰਦਾ। ਅਲਖ ਅਗੋਚਰ ਅਗੰਮ ਅਥਾਹ ਬੇਅੰਤ ਨੌਜਵਾਨਾ, ਏਕਾ ਰੰਗ ਸਮਾਇੰਦਾ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਵਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਪਰਗਟਾਇੰਦਾ। ਆਦਿ ਪੁਰਖ ਪੁਰਖ ਅਬਿਨਾਸ਼ਾ, ਆਪਣਾ ਰੂਪ ਆਪ ਧਰਾਈਆ। ਅਜੂਨੀ ਰਹਿਤ ਨਿਰਾਕਾਰ ਆਪੇ ਜਾਣੇ ਆਪਣਾ ਖੇਲ ਤਮਾਸ਼ਾ, ਏਕਾ ਰਾਸ ਆਪ ਰਚਾਈਆ। ਆਪਣੇ ਨੂਰ ਆਪਣੀ ਜੋਤ ਆਪਣੀ ਧਾਰ ਆਪ ਪਰਕਾਸ਼ਾ, ਅਨਭਵ ਪਰਕਾਸ਼ ਕਰਾਈਆ। ਆਪ ਨਿਭਾਏ ਆਪਣਾ ਸਾਥਾ, ਸਗਲਾ ਸੰਗ ਆਪ ਹੋ ਜਾਈਆ। ਆਪੇ ਹੋਏ ਸਰਬ ਕਲਾ ਸਮਰਾਥਾ, ਸਮਰਥ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਪਰਦਾ ਆਪ ਉਠਾਈਆ। ਆਦਿ ਪੁਰਖ ਏਕਾ ਧਾਰ, ਆਪਣੀ ਆਪ ਪਰਗਟਾਇੰਦਾ। ਆਪਣਾ ਖੇਲ ਕਰ ਕਰਤਾਰ, ਆਪਣੀ ਕਰਨੀ ਵੇਖ ਵਖਾਇੰਦਾ। ਆਪਣੀ ਇਛਿਆ ਆਪ ਵਿਚਾਰ, ਆਪੇ ਹਰਿ ਵਰਤਾਇੰਦਾ। ਆਪੇ ਦਰ ਦਰਵੇਸ਼ ਬਣ ਭਿਖਾਰ, ਆਪਣੀ ਝੋਲੀ ਅੱਗੇ ਡਾਹਿੰਦਾ। ਏਕਾ ਵਸਤ ਰੱਖੇ ਸੰਭਾਲ, ਆਪ ਆਪਣੇ ਅੰਗ ਲਗਾਇੰਦਾ। ਕਰੇ ਖੇਲ ਦੀਨ ਦਿਆਲ, ਦਇਆਨਿਧ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਲ ਆਪ ਧਰਾਇੰਦਾ। ਸੋ ਪੁਰਖ ਨਿਰੰਜਣ ਆਦਿ, ਆਦਿ ਆਪਣੀ ਧਾਰ ਚਲਾਈਆ। ਆਪ ਵਜਾਏ ਆਪਣਾ ਨਾਦ, ਆਪੇ ਰਿਹਾ ਸੁਣਾਈਆ। ਆਪ ਆਪਣਾ ਆਪੇ ਲਾਧ, ਆਪੇ ਵੇਖੇ ਚਾਈਂ ਚਾਈਂਆ। ਆਪਣੇ ਅੰਦਰ ਹੋ ਵਿਸਮਾਦ, ਆਪ ਆਪਣਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਵੇਸ ਵਟਾਏ ਇਕ ਇਕੱਲਾ, ਆਪਣੀ ਖੇਲ ਖਿਲਾਇੰਦਾ। ਆਪ ਫੜਾਏ ਆਪਣਾ ਪੱਲਾ, ਆਪਣਾ ਸੰਗ ਨਿਭਾਇੰਦਾ। ਵਸਣਹਾਰਾ ਨਿਹਚਲ ਧਾਮ ਉਚ ਅਟੱਲਾ, ਧਾਮ ਅਵੱਲੜਾ ਆਪ ਰਖਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸ਼ਾਹੋ ਭੂਪ ਆਸਣ ਲਾਇੰਦਾ। ਆਪਣੀ ਜੋਤ ਆਪੇ ਰੱਲਾ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪ ਆਪਣਾ ਆਪ ਧਰਾਇੰਦਾ। ਆਪਣਾ ਆਪ ਆਪੇ ਧਰ, ਆਪੇ ਵੇਖ ਵਖਾਈਆ । ਕਰੇ ਖੇਲ ਸਾਚਾ ਹਰਿ, ਰੂਪ ਰੰਗ ਰੇਖ ਨਾ ਕੋਇ ਜਣਾਈਆ । ਆਪਣੀ ਇਛਿਆ ਭੰਡਾਰ ਭਰ, ਆਪੇ ਲਏ ਪਰਗਟਾਈਆ। ਆਪੇ ਦੇਵਣਹਾਰਾ ਵਰ, ਆਪੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਨੂਰ ਨੂਰ ਰੁਸ਼ਨਾਈਆ। ਨਿਰਗੁਣ ਜੋਤ ਜੋਤ ਅਕਾਲਾ, ਅਕਲ ਕਲਾ ਅਖਵਾਇੰਦਾ। ਆਪੇ ਪਰਗਟ ਹੋ ਪੁਰਖ ਅਕਾਲਾ, ਆਪਣੀ ਧਾਰ ਚਲਾਇੰਦਾ। ਆਪ ਉਪਾਏ ਆਪਣੀ ਧਰਮਸਾਲਾ, ਸਚਖੰਡ ਸਾਚਾ ਆਪ ਬਣਾਇੰਦਾ। ਦੀਪਕ ਜੋਤ ਏਕਾ ਬਾਲਾ, ਤੇਲ ਬਾਤੀ ਨਾ ਕੋਇ ਰਖਾਇੰਦਾ। ਆਪੇ ਬਣਿਆ ਸ਼ਾਹ ਕੰਗਾਲਾ, ਸ਼ਾਹੋ ਭੂਪ ਆਪਣਾ ਨਾਉਂ ਧਰਾਇੰਦਾ। ਸਚ ਸਿੰਘਾਸਣ ਇਕ ਸੁਹਾਨਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਆਪ ਜਣਾਏ ਧੁਰ ਫ਼ਰਮਾਨਾ, ਹੁਕਮ ਹਾਕਮ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਪਰਗਟਾਇੰਦਾ। ਆਪਣਾ ਰੂਪ ਆਪੇ ਰੱਖ, ਆਪੇ ਵੇਖ ਵਖਾਈਆ। ਨਿਰਗੁਣ ਨਿਰਗੁਣ ਹੋ ਪਰਤੱਖ, ਨਿਰਾਕਾਰ ਖੇਲ ਖਿਲਾਈਆ। ਸਰਬ ਕਲਾ ਆਪੇ ਸਮਰਥ, ਅਕਲ ਕਲ ਆਪ ਅਖਵਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਵੇਖ ਵਖਾਈਆ। ਆਪਣੇ ਅੰਦਰ ਆਪੇ ਵਸ, ਘਰ ਸਾਚਾ ਆਪ ਸੁਹਾਈਆ। ਆਪ ਆਪਣਾ ਹੋ ਹੋ ਦਾਸ, ਸੇਵਕ ਸੇਵਾ ਸੇਵ ਕਮਾਈਆ। ਆਪ ਆਪਣੇ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਖੇਲ ਖਿਲਾਈਆ। ਇਕ ਇਕੱਲਾ ਹਰਿ ਨਿਰੰਕਾਰਾ, ਆਪਣੀ ਖੇਲ ਖਿਲਾਇੰਦਾ। ਆਦਿ ਪੁਰਖ ਹੋ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸੀਸ ਤਾਜ ਇਕ ਟਿਕਾਇੰਦਾ। ਜਗਤ ਜਗਦੀਸ ਖੇਲ ਨਿਆਰਾ, ਨਰ ਨਰੇਸ਼ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਚੜ੍ਹ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਖੇਲ ਕਰਾਏ ਨਾਰ ਕੰਤ, ਨਰ ਨਰਾਇਣ ਬੇਪਰਵਾਹੀਆ। ਆਪੇ ਗਾਏ ਆਪਣਾ ਨਾਉਂ ਮੰਤ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਾਚੇ ਦਏ ਵਡਿਆਈਆ। ਸਚਖੰਡ ਸਾਚਾ ਸਚ ਸੁਹੰਜਣਾ, ਸੋਭਾਵੰਤ ਆਪ ਸੁਹਾਇੰਦਾ। ਦੀਪਕ ਜਗਾਏ ਇਕ ਨਿਰੰਜਣਾ, ਆਦਿ ਨਿਰੰਜਣ ਡਗਮਗਾਇੰਦਾ। ਆਦਿ ਆਦਿ ਆਪ ਆਪਣਾ ਦਰਦ ਦੁੱਖ ਭੈ ਭੰਜਨਾ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਕਰੇ ਆਪਣਾ ਮਜਨਾ, ਆਪਣੇ ਸਰੋਵਰ ਆਪੇ ਨਹਾਇੰਦਾ। ਆਪੇ ਹੋਏ ਪਰਦਾ ਕੱਜਣਾ, ਸਾਚਾ ਪਰਦਾ ਆਪੇ ਪਾਇੰਦਾ। ਆਪੇ ਘੜਿਆ ਆਪ ਭੱਜਣਾ, ਘੜਨ ਭੰਨਣਹਾਰ ਖੇਲ ਖਿਲਾਇੰਦਾ। ਆਪੇ ਸਚਖੰਡ ਦਵਾਰੇ ਬਹਿ ਬਹਿ ਸਜਣਾ, ਦੂਸਰ ਨਾਲ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸਾਚੇ ਘਰ, ਦਰ ਦਵਾਰਾ ਆਪ ਸੁਹਾਇੰਦਾ। ਸਚਖੰਡ ਸਾਚਾ ਦਰ ਦਰਵਾਜ਼ਾ, ਦਰ ਦਰਵੇਸ਼ ਆਪ ਸੁਹਾਈਆ। ਆਪੇ ਵਸੇ ਗ਼ਰੀਬ ਨਿਵਾਜ਼ਾ, ਇਕ ਇਕੱਲਾ ਆਸਣ ਲਾਈਆ। ਸ਼ਾਹੋ ਭੂਪ ਰਾਜਨ ਰਾਜਾ, ਸ਼ਹਿਨਸ਼ਾਹ ਆਪ ਅਖਵਾਈਆ । ਆਪੇ ਜਾਣੇ ਆਪਣਾ ਕਾਜਾ, ਕਰਤਾ ਪੁਰਖ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਆਪ ਵਡਿਆਈਆ। ਸਚਖੰਡ ਦਵਾਰੇ ਸਾਜਨ ਮੀਤ, ਹਰਿ ਸਾਚਾ ਸੋਭਾ ਪਾਇੰਦਾ। ਆਦਿ ਆਦਿ ਰਹੇ ਅਤੀਤ, ਅਨੰਤ ਆਪਣੀ ਕਲ ਜਣਾਇੰਦਾ। ਆਪੇ ਜਾਣੇ ਆਪਣੀ ਰੀਤ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਰਾਹ ਆਪ ਵਖਾਇੰਦਾ। ਆਪ ਚਲਾਏ ਆਪਣਾ ਰਾਹ, ਆਪਣੀ ਬਣਤ ਬਣਾਈਆ। ਸਚਖੰਡ ਨਿਵਾਸੀ ਬਣ ਮਲਾਹ, ਖੇਵਟ ਖੇਟਾ ਸੇਵ ਕਮਾਈਆ। ਸਿਫ਼ਤੀ ਸਿਫ਼ਤ ਦਏ ਸਾਲਾਹ, ਆਪਣਾ ਭੇਵ ਚੁਕਾਈਆ। ਏਕਾ ਘਰ ਲਵਾਂ ਵਸਾ, ਛੱਪਰ ਛੰਨ ਨਾ ਕੋਇ ਛੁਹਾਈਆ। ਨਿਰਗੁਣ ਜੋਤ ਦੀਪ ਟਿਕਾ, ਆਦਿ ਜੁਗਾਦਿ ਰੁਸ਼ਨਾਈਆ। ਸਚ ਸਿੰਘਾਸਣ ਇਕ ਸੁਹਾ, ਸੋਭਾਵੰਤ ਡੇਰਾ ਲਾਈਆ। ਹੁਕਮੀ ਹੁਕਮ ਇਕ ਜਣਾ, ਧੁਰ ਫ਼ਰਮਾਨਾ ਆਪ ਅਲਾਈਆ। ਨਾਰੀ ਕੰਤ ਰੂਪ ਵਟਾ, ਸ੍ਰੀ ਭਗਵੰਤ ਵੇਸ ਵਟਾਈਆ। ਜੋੜੀ ਜੋੜ ਸਹਿਜ ਸੁਭਾ, ਨਿਰਗੁਣ ਨਿਰਗੁਣ ਅੰਗ ਲਗਾਈਆ। ਏਕਾ ਸੇਜਾ ਦਏ ਸੁਹਾ, ਆਪ ਆਪਣੇ ਰੰਗ ਰੰਗਾਈਆ। ਗੁਰ ਗੁਰ ਰੂਪ ਆਪ ਅਖਵਾ, ਆਪ ਆਪਣਾ ਸੀਸ ਝੁਕਾਈਆ। ਜਨਨੀ ਜਨ ਬਣੇ ਬੇਪਰਵਾਹ, ਦਾਈ ਦਾਇਆ ਨਾਉਂ ਰਖਾ, ਆਪਣੀ ਸੇਵ ਆਪ ਕਮਾਈਆ। ਸੁਤ ਦੁਲਾਰਾ ਲਏ ਜਾ, ਸ਼ਬਦੀ ਨਾਉਂ ਧਰਾਈਆ। ਆਪਣੀ ਗੋਦ ਲਏ ਸੁਹਾ, ਪਾਰਬ੍ਰਹਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪਣਾ ਰੰਗ ਰੰਗਾਈਆ। ਸਚਖੰਡ ਦਵਾਰਾ ਏਕਾ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਇੰਦਾ। ਆਪਣੀ ਸੇਜਾ ਬੈਠ ਪਲੰਘ, ਸਚ ਸਿੰਘਾਸਣ ਇਕ ਆਪ ਸੁਹਾਇੰਦਾ। ਆਪੇ ਜਾਣੇ ਆਪਣਾ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਆਪ ਉਪਜਾਏ ਆਪਣਾ ਸੁਤ ਦੁਲਾਰਾ ਸਾਚਾ ਚੰਦ, ਸ਼ਬਦੀ ਗੋਦ ਬਹਾਇੰਦਾ। ਆਪੇ ਪਾਏ ਆਪਣਾ ਬੰਧ, ਏਕਾ ਡੋਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਆਪੇ ਜਣ, ਜਨ ਜਨਨੀ ਵੇਸ ਵਟਾਇੰਦਾ। ਜਨਨੀ ਜਨ ਹਰਿ ਨਿਰੰਕਾਰ, ਸਾਚਾ ਸੁਤ ਉਪਾਈਆ। ਦਾਈ ਦਾਇਆ ਅਪਰ ਅਪਾਰ, ਸਾਚੀ ਸੇਵ ਕਮਾਈਆ। ਸੁਤ ਦੁਲਾਰੇ ਕਰੇ ਪਿਆਰ, ਸ਼ਬਦੀ ਗੋਦ ਸੁਹਾਈਆ। ਸਤਿ ਸਤਿ ਭਰ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਸਾਚੀ ਗੋਲਕ ਕਰ ਤਿਆਰ, ਨਿਰਵੈਰ ਪੁਰਖ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਿਤਾ ਵਰ, ਪੁਰਖ ਅਕਾਲ ਹੋਏ ਸਹਾਈਆ। ਹੋਏ ਸਹਾਈ ਪੁਰਖ ਅਕਾਲਾ, ਆਪਣੀ ਕਲ ਜਣਾਇੰਦਾ। ਸੁਤ ਦੁਲਾਰੇ ਤੇਰੀ ਕਰਾਂ ਸਦਾ ਪ੍ਰਿਤਪਾਲਾ, ਨਿਤ ਨਵਿਤ ਵੇਖ ਵਖਾਇੰਦਾ। ਤੇਰਾ ਧਾਮ ਬਣਾਵਾਂ ਇਕ ਨਿਰਾਲਾ, ਨਿਰਗੁਣ ਆਪਣੀ ਇਛਿਆ ਆਪ ਪਰਗਟਾਇੰਦਾ। ਥਿਰ ਘਰ ਬਣੇ ਸੱਚੀ ਧਰਮਸਾਲਾ, ਦਰ ਦਰਵਾਜ਼ਾ ਨਾ ਕੋਇ ਰਖਾਇੰਦਾ। ਕਰੇ ਖੇਲ ਹਰਿ ਗੋਪਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਬੰਕ ਸੁਹਾਇੰਦਾ। ਸ਼ਬਦੀ ਬੰਕ ਬੰਕ ਦਵਾਰਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜਾ, ਥਿਰ ਘਰ ਸਾਚਾ ਦਏ ਵਖਾਈਆ। ਏਕੰਕਾਰ ਕਰ ਪਿਆਰਾ, ਏਕਾ ਰੰਗ ਰੰਗਾਈਆ। ਆਦਿ ਨਿਰੰਜਣ ਕਰ ਉਜਿਆਰਾ, ਏਕਾ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਆਦਿ ਅੰਤ ਪਾਵੇ ਸਾਰਾ, ਸਗਲਾ ਸੰਗ ਹੋ ਜਾਈਆ। ਪਾਰਬ੍ਰਹਮ ਬਣੇ ਵਣਜਾਰਾ, ਤੇਰਾ ਸਾਚਾ ਵਣਜ ਕਰਾਈਆ। ਵਸਣਹਾਰਾ ਸਚਖੰਡ ਦਵਾਰਾ, ਥਿਰ ਘਰ ਵੇਖੇ ਚਾਈਂ ਚਾਈਂਆ। ਪਿਤਾ ਪੂਤ ਕਰੇ ਪਿਆਰਾ, ਆਪ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਦਿਤਾ ਵਰ, ਦੂਸਰ ਨਾਲ ਨਾ ਕੋਇ ਰਲਾਈਆ। ਸੁਤ ਦੁਲਾਰਾ ਇਕ ਇਕਾਂਤ, ਏਕਾ ਘਰ ਉਪਾਇਆ। ਪੁਰਖ ਅਬਿਨਾਸ਼ੀ ਕਰ ਕਰ ਸ਼ਾਂਤ, ਆਪਣੇ ਰੰਗ ਰੰਗਾਇਆ। ਦਰਸ ਦਿਖਾਏ ਬੌਹ ਬਿਧ ਭਾਂਤ, ਸਵੱਛ ਸਰੂਪ ਵਟਾਇਆ। ਸਚਖੰਡ ਦਵਾਰੇ ਵੇਖੇ ਮਾਰ ਝਾਤ, ਥਿਰ ਘਰ ਸਾਚੇ ਸੋਭਾ ਪਾਇਆ। ਆਦਿ ਜੁਗਾਦਿ ਪੁਛੇ ਵਾਤ, ਅਭੁਲ ਭੁਲ ਕਦੇ ਨਾ ਜਾਇਆ। ਪਿਤਾ ਪੂਤ ਬੱਧਾ ਨਾਤ, ਨਾ ਕੋਈ ਤੋੜੇ ਤੋੜ ਤੁੜਾਇਆ। ਨਾਮ ਜਣਾਏ ਸਾਚੀ ਗਾਥ, ਨਾਉਂ ਨਿਰੰਕਾਰਾ ਆਪ ਸੁਣਾਇਆ। ਨਿਰਗੁਣ ਚਲਾਏ ਤੇਰਾ ਰਾਥ, ਨਿਰਵੈਰ ਸੇਵ ਕਮਾਇਆ। ਆਦਿ ਜੁਗਾਦਿ ਸਗਲ ਵਿਸੂਰੇ ਜਾਇਣ ਲਾਥ, ਨੇਤਰ ਨੈਣਾਂ ਦਰਸਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦਿਤਾ ਏਕਾ ਵਰ, ਏਕਾ ਗੁਣ ਸਮਝਾਇਆ। ਏਕਾ ਗੁਣ ਹਰਿ ਨਿਰੰਕਾਰ, ਏਕਾ ਏਕ ਜਣਾਈਆ। ਕਰਾਂ ਖੇਲ ਅਗੰਮ ਅਪਾਰ, ਭੇਵ ਕੋਇ ਨਾ ਆਈਆ। ਅਲਖ ਅਲਖਨਾ ਬੋਲ ਜੈਕਾਰ, ਏਕਾ ਅਲਖ ਰਿਹਾ ਸੁਣਾਈਆ। ਸਚਖੰਡ ਹੋਏ ਜੈ ਜੈਕਾਰ, ਥਿਰ ਘਰ ਸਾਚੇ ਵੱਜੇ ਵਧਾਈਆ। ਕਰੇ ਖੇਲ ਆਪ ਨਿਰੰਕਾਰ, ਦੂਸਰ ਵੇਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸਾਚੇ ਲਏ ਜਗਾਈਆ। ਸੁਤ ਉਠਿਆ ਸੁਤ ਜਾਗਿਆ, ਹਰਿ ਸ਼ਬਦੀ ਸ਼ਬਦ ਬਲਵਾਨ। ਸੁਤ ਹੋਏ ਵਡ ਵਡ ਭਾਗਿਆ, ਘਰ ਮਿਲੇ ਮੇਲ ਭਗਵਾਨ। ਘਰ ਉਪਜੇ ਇਕ ਵੈਰਾਗਿਆ, ਆਦਿ ਜੁਗਾਦਿ ਧਿਆਨ। ਜਿਸ ਤੇਰਾ ਸਾਜਣ ਸਾਜਿਆ, ਹੋਏ ਸਦਾ ਮਿਹਰਵਾਨ। ਤੇਰਾ ਰਚੇ ਆਪੇ ਕਾਜਿਆ, ਪਾਰਬ੍ਰਹਮ ਸ੍ਰੀ ਭਗਵਾਨ। ਤੇਰਾ ਚਲਾਏ ਸਚ ਜਹਾਜ਼ਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਧੁਰ ਫ਼ਰਮਾਨ। ਹਰਿਜਨ ਆਪਣਾ ਭੇਵ ਚੁਕਾਇੰਦਾ, ਸ਼ਬਦੀ ਸੁਤ ਸੇਵ ਲਗਾ। ਏਕਾ ਸੇਵ ਵਖਾਇੰਦਾ, ਬ੍ਰਹਿਮੰਡ ਖੰਡ ਰਚਨ ਰਚਾ। ਲੋਆਂ ਪੁਰੀਆਂ ਤੇਰੀ ਗੋਦ ਸੁਹਾਇੰਦਾ, ਆਪਣਾ ਨੂਰ ਤੇਰੇ ਵਿਚ ਦਿਆਂ ਧਰਾ। ਨੂਰ ਨੂਰ ਨਾਲ ਮਿਲਾਇੰਦਾ, ਪਰਕਾਸ਼ ਪਰਕਾਸ਼ ਦਿਆਂ ਵਖਾ। ਪਰਕਾਸ਼ ਪਰਕਾਸ਼ ਖੇਲ ਖਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਜਣਾਇੰਦਾ। ਸਚ ਜਣਾਇਆ ਹਰਿ ਹਰਿ, ਆਪਣੀ ਬੂਝ ਬੁਝਾਈਆ। ਆਪੇ ਦੇਵੇ ਵਰ ਵਰ, ਵਰ ਦਾਤਾ ਆਪ ਹੋ ਜਾਈਆ। ਆਪੇ ਪੁਰਖ ਨਾਰੀ ਨਰ ਨਰ, ਨਾਰੀ ਕੰਤ ਆਪ ਹੰਢਾਈਆ। ਆਪੇ ਸਚਖੰਡ ਬੈਠਾ ਚੜ੍ਹ ਚੜ੍ਹ, ਆਪੇ ਥਿਰ ਘਰ ਫੇਰਾ ਪਾਈਆ। ਆਪੇ ਸੁਤ ਦੁਲਾਰਾ ਫੜ ਫੜ, ਸ਼ਬਦੀ ਸੇਵ ਸਮਝਾਈਆ। ਆਪੇ ਘਾੜਨ ਘੜ ਘੜ, ਵੇਖਣਹਾਰਾ ਆਪ ਹੋ ਜਾਈਆ। ਆਪੇ ਨਿਰਗੁਣ ਅੰਦਰ ਨਿਰਗੁਣ ਵੜ ਵੜ, ਨਿਰਗੁਣ ਨਿਰਾਕਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪੇ ਰਿਹਾ ਰਚਾਈਆ। ਆਪਣੀ ਰਚਨਾ ਆਪੇ ਰਚ, ਸ਼ਬਦੀ ਸੇਵ ਕਮਾਇੰਦਾ। ਏਕਾ ਨਾਉਂ ਧਰਾਏ ਸੱਚ, ਸਚ ਸਚ ਦ੍ਰਿੜਾਇੰਦਾ। ਆਪਣੇ ਅੰਤਰ ਆਪੇ ਰਚ, ਆਪਣਾ ਮੇਲ ਮਿਲਾਇੰਦਾ। ਕਰੇ ਖੇਲ ਪੁਰਖ ਸਮਰਥ, ਸਾਚਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦੇਵੇ ਸਾਚਾ ਵਰ, ਸਾਚਾ ਹੁਕਮ ਆਪ ਜਣਾਇੰਦਾ। ਸ਼ਬਦ ਸੁਣਾਇਆ ਸ਼ਬਦੀ ਢੋਲਾ, ਹਰਿ ਹਰਿ ਆਪੇ ਗਾਇੰਦਾ। ਨਿਰਗੁਣ ਨਿਰਗੁਣ ਬਣ ਵਿਚੋਲਾ, ਆਪਣਾ ਖੇਲ ਖਿਲਾਇੰਦਾ। ਨਿਰਗੁਣ ਨਿਰਗੁਣ ਬਣ ਬਣ ਤੋਲਾ, ਸਾਚਾ ਤੋਲ ਤੁਲਾਇੰਦਾ। ਨਿਰਗੁਣ ਅੰਦਰ ਨਿਰਗੁਣ ਮੌਲਾ, ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਪਰਦਾ ਨਿਰਗੁਣ ਉਹਲਾ, ਨਿਰਗੁਣ ਪਰਗਟ ਹੋ ਹੋ ਆਇੰਦਾ। ਨਿਰਗੁਣ ਨਿਰਗੁਣ ਸਦ ਵਸੇ ਕੋਲਾ, ਏਕਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਮੇਲਾ ਆਪਣੇ ਘਰ, ਆਪੇ ਆਪ ਕਰਾਇੰਦਾ। ਸ਼ਬਦ ਸੁਤ ਉਠ ਜਵਾਨ, ਬਾਲੀ ਬੁਧ ਦੇ ਤਜਾਈਆ। ਏਕਾ ਹੁਕਮ ਸ੍ਰੀ ਭਗਵਾਨ, ਇਕ ਇਕੱਲਾ ਰਿਹਾ ਸੁਣਾਈਆ। ਤੇਰਾ ਮੰਦਰ ਸਚ ਮਕਾਨ, ਥਿਰ ਘਰ ਵੱਜਦੀ ਰਹੇ ਵਧਾਈਆ। ਤੇਰਾ ਨਾਉਂ ਹੋਏ ਪਰਧਾਨ, ਪੁਰਖ ਅਕਾਲ ਇਕ ਕਰਾਈਆ। ਤੇਰਾ ਕਰਾਂ ਖੇਲ ਮਹਾਨ, ਤੇਰਾ ਰੂਪ ਅਨੂਪ ਧਰਾਈਆ। ਆਪੇ ਹੋਵਾਂ ਬੇਪਹਿਚਾਨ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਗੁਣ ਰਿਹਾ ਜਣਾਈਆ। ਗੁਣ ਜਣਾਏ ਗੁਣਵੰਤ, ਗੁਣਕਾਰੀ ਆਪ ਸੁਣਾਇੰਦਾ। ਆਪਣਾ ਖੇਲ ਖੇਲੇ ਸ੍ਰੀ ਭਗਵੰਤ, ਖੇਲਣਹਾਰ ਆਪ ਹੋ ਜਾਇੰਦਾ। ਆਪੇ ਆਦਿ ਆਪੇ ਅੰਤ, ਆਦਿ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਸਾਚਾ ਘਰ, ਥਿਰ ਘਰ ਸਾਚਾ ਆਪ ਵਡਿਆਇੰਦਾ। ਥਿਰ ਘਰ ਵਸੇ ਸਚ ਦਵਾਰਾ, ਸੋ ਪੁਰਖ ਨਿਰੰਜਣ ਆਪ ਵਸਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਆਪੇ ਨੂਰ ਕਰੇ ਰੁਸ਼ਨਾਈਆ। ਆਪੇ ਵੇਖੇ ਸਚ ਅਖਾੜਾ, ਦਰ ਘਰ ਸਾਚਾ ਵੇਖ ਵਖਾਈਆ। ਆਪੇ ਜਾਣੇ ਆਪਣਾ ਸਤਿ ਵਿਹਾਰਾ, ਨਿਹਕਰਮੀ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦੇਵੇ ਸਾਚਾ ਵਰ, ਏਕਾ ਵਸਤ ਵਰਤਾਈਆ। ਸ਼ਬਦ ਸੁਤ ਬਾਲੀ ਬਾਲਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਦੀਨ ਦਿਆਲਾ, ਹਉਂ ਏਕਾ ਮੰਗ ਮੰਗਾਇੰਦਾ। ਦਰ ਸੋਹੇ ਤੇਰਾ ਸਚਖੰਡ ਸੱਚੀ ਧਰਮਸਾਲਾ, ਆਦਿ ਜੁਗਾਦਿ ਵੇਖ ਵਖਾਇੰਦਾ। ਏਕਾ ਦੇਣਾ ਨੂਰ ਉਜਾਲਾ, ਨਿਤ ਨਵਿਤ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਵਿਛੋੜਾ ਮੋਹੇ ਨਾ ਭਾਇੰਦਾ। ਮੰਗੇ ਮੰਗ ਬਣ ਭਿਖਾਰ, ਸ਼ਬਦੀ ਸ਼ਬਦ ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਦਾਤਾ ਇਕ ਦਾਤਾਰ, ਦੇਵਣਹਾਰ ਅਖਵਾਈਆ। ਆਦਿ ਜੁਗਾਦਿ ਮੈਂ ਬਣਾਂ ਸੇਵਾਦਾਰ, ਤੇਰੀ ਸਾਚੀ ਸੇਵ ਕਮਾਈਆ। ਤੂੰ ਕਿਰਪਾ ਕਰ ਅਪਰ ਅਪਾਰ, ਸਿਰ ਮੇਰੇ ਹੱਥ ਟਿਕਾਈਆ। ਏਕਾ ਵਸਤ ਸਚ ਭੰਡਾਰ, ਏਕਾ ਗੁਣ ਝੋਲੀ ਪਾਈਆ। ਨਿਰਗੁਣ ਮੰਗਾਂ ਤੇਰਾ ਦਰਸ ਦੀਦਾਰ, ਆਪ ਆਪਣਾ ਨੈਣ ਉਠਾਈਆ। ਏਕਾ ਕਰਨਾ ਸਚ ਇਕ਼ਰਾਰ, ਕਵਣ ਵੇਲਾ ਲਏਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਪਰਦਾ ਰਿਹਾ ਉਠਾਈਆ। ਸ਼ਬਦ ਸੁਤ ਸੁਣ ਦੁਲਾਰੇ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਕਰਾਂ ਖੇਲ ਅਗੰਮ ਅਪਾਰੇ, ਅਗੰਮ ਅਗੰਮੜੀ ਕਾਰ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਵਾਂ ਤੇਰੇ ਦੁਲਾਰੇ, ਤੇਰੀ ਧਾਰ ਚਲਾਇੰਦਾ। ਤੇਰੀ ਇਛਿਆ ਤ੍ਰੈਗੁਣ ਭੰਡਾਰੇ, ਤ੍ਰੈਗੁਣ ਅਤੀਤਾ ਆਪ ਵਰਤਾਇੰਦਾ। ਤੇਰੀ ਵਡਿਆਈ ਵੇਦ ਚਾਰੇ, ਮੁਖੀ ਮੁਖ ਸਾਲਾਹਿੰਦਾ। ਤੇਰਾ ਨਾਉਂ ਕਰਾਂ ਜੈਕਾਰੇ, ਪੰਜ ਤੱਤ ਕਾਇਆ ਬੰਕ ਸੁਹਾਇੰਦਾ। ਤੇਰੀ ਬੰਨ੍ਹਾਂ ਸਾਚੀ ਧਾਰੇ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਤੇਰਾ ਨੂਰ ਕਰਾਂ ਉਜਿਆਰੇ, ਰਵ ਸਸ ਕਿਰਨ ਕਿਰਨ ਚਮਕਾਇੰਦਾ। ਤੇਰਾ ਵੇਖਾਂ ਸਚ ਅਖਾੜੇ, ਬ੍ਰਹਿਮੰਡ ਖੰਡ ਆਪ ਉਪਾਇੰਦਾ। ਤੇਰਾ ਜਾਣੇ ਪਾਰ ਕਿਨਾਰੇ, ਜਲ ਜਲ ਆਪਣਾ ਰੂਪ ਸਮਾਇੰਦਾ। ਧਰਤ ਧਵਲ ਦੇ ਸਹਾਰੇ, ਤੇਰਾ ਬੰਧਨ ਪਾਇੰਦਾ। ਲੱਖ ਚੁਰਾਸੀ ਘਾੜਨ ਘੜ ਬਣ ਠਠਿਆਰੇ, ਚਾਰੇ ਖਾਣੀ ਵੰਡ ਵੰਡਾਇੰਦਾ। ਉਤਭੁਜ ਸੇਤਜ ਜੇਰਜ ਅੰਡ ਕਰ ਪਸਾਰੇ, ਆਪਣਾ ਆਸਣ ਲਾਇੰਦਾ। ਤੇਰਾ ਅੱਖਰ ਬੋਲ ਜੈਕਾਰੇ, ਨਿਸ਼ਅੱਖਰ ਆਪ ਪੜ੍ਹਾਇੰਦਾ। ਪਰਾ ਪਸੰਤੀ ਮਧਮ ਬੈਖਰੀ ਵਾਰੋ ਵਾਰੇ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਤਿ ਦੇਵੇ ਵਰ, ਆਪਣਾ ਪਰਦਾ ਆਪ ਚੁਕਾਇੰਦਾ। ਸਾਚੇ ਸ਼ਬਦ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਝੁਲਾਵਾਂ ਇਕ ਨਿਸ਼ਾਨ, ਦੋਏ ਦੋਏ ਆਪਣੀ ਧਾਰ ਵਖਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਲੱਖ ਚੁਰਾਸੀ ਵਿਚ ਸਮਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਮਕਾਨ, ਕਾਇਆ ਬੰਕ ਦਏ ਵਡਿਆਈਆ। ਨੌਂ ਦਵਾਰੇ ਖੋਲ੍ਹ ਦੁਕਾਨ, ਆਸਾ ਆਸਾ ਵਿਚ ਮਿਲਾਈਆ। ਡੂੰਘੀ ਕੰਦਰ ਵੇਖੇ ਮਾਰ ਧਿਆਨ, ਨੈਣ ਨੈਣ ਨੈਣ ਖੁਲ੍ਹਾਈਆ। ਨਿਰਗੁਣ ਜੋਤ ਜੋਤ ਮਹਾਨ, ਜੋਤ ਨਿਰੰਜਣ ਡਗਮਗਾਈਆ। ਅੰਮ੍ਰਿਤ ਸਰੋਵਰ ਕਰ ਪਰਵਾਨ, ਨਿਝਰ ਝਿਰਨਾ ਇਕ ਝਿਰਾਈਆ। ਕਾਇਆ ਮੰਦਰ ਸਚ ਮਕਾਨ, ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸੁਣਾਈਆ। ਸੁਣ ਸੁਤ ਹਰਿ ਸਾਚਾ ਜਣਾਏ, ਭੁਲ ਕਦੇ ਨਾ ਜਾਇੰਦਾ। ਲੱਖ ਚੁਰਾਸੀ ਰਚਨ ਰਚਾਏ, ਘਟ ਘਟ ਆਸਣ ਲਾਇੰਦਾ। ਆਪਣਾ ਪਰਦਾ ਆਪ ਚੁਕਾਏ, ਦਿਸ ਕਿਸੇ ਨਾ ਆਇੰਦਾ। ਤੇਰੀ ਇਛਿਆ ਲਏ ਪਰਗਟਾਏ, ਤੇਰੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹਰਿ ਕਾ ਭੇਵ ਜਾਏ ਖੁਲ੍ਹ, ਹਰਿ ਸਾਚਾ ਆਪ ਖੁਲ੍ਹਾਈਆ। ਸ਼ਬਦੀ ਕੰਡੇ ਜਾਣਾ ਤੁਲ, ਏਕਾ ਕੰਡਾ ਰਿਹਾ ਵਖਾਈਆ। ਆਦਿ ਜੁਗਾਦਿ ਰਹਿਣਾ ਅਡੋਲ, ਅਡੁਲ ਡੁਲ ਕਦੇ ਨਾ ਜਾਈਆ। ਆਪਣੇ ਅੰਦਰ ਆਪੇ ਜਾਣਾ ਮੌਲ, ਨਿਰਗੁਣ ਨਿਰਗੁਣ ਖੇਲ ਕਰਾਈਆ। ਤੇਰੇ ਨਾਲ ਕਰਾਂ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਸਰਗੁਣ ਬਣ ਬਣ ਆਵਾਂ ਉਪਰ ਧੌਲ, ਧਰਨ ਧਰਨੀ ਧਰਤ ਦਇਆ ਕਮਾਈਆ। ਆਪਣਾ ਰੱਖਾਂ ਪਰਦਾ ਉਹਲ, ਪੰਜ ਤੱਤ ਚੋਲਾ ਆਪ ਹੰਢਾਈਆ। ਤੇਰਾ ਨਾਉਂ ਜੈਕਾਰਾ ਬੋਲ, ਏਕਾ ਗੁਣ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਸਾਚਾ ਭੇਵ ਹਰਿ ਖੁਲ੍ਹੌਣਾ, ਮਹਿਮਾ ਅਕਥ ਕਥੀ ਨਾ ਜਾਈਆ । ਸ਼ਬਦੀ ਤੇਰਾ ਸੰਗ ਨਿਭੌਣਾ, ਜੁਗ ਜੁਗ ਵੇਸ ਵਟਾਈਆ। ਚਾਰ ਜੁਗ ਗੇੜਾ ਇਕ ਰਖੌਣਾ, ਗੇੜਾ ਗੇੜੇ ਵਿਚ ਭਵਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗੌਣਾ, ਰੰਗ ਰੰਗੇ ਸਾਚਾ ਮਾਹੀਆ। ਨਾਮ ਮਰਦੰਗ ਇਕ ਵਜੌਣਾ, ਬ੍ਰਹਿਮੰਡ ਖੰਡ ਸੁਣਾਈਆ। ਲੋਆਂ ਪੁਰੀਆਂ ਡੰਕ ਵਜੌਣਾ, ਲੋਕਮਾਤ ਵੱਜੇ ਵਧਾਈਆ। ਭਗਤ ਭਗਵੰਤ ਆਪ ਉਠੌਣਾ, ਸਿਰ ਆਪਣਾ ਹੱਥ ਟਿਕਾਈਆ। ਸਾਚੇ ਸੰਤਾਂ ਮੇਲ ਮਿਲੌਣਾ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਗੁਰਮੁਖ ਪਰਦਾ ਆਪ ਉਠੌਣਾ, ਬਜਰ ਕਪਾਟੀ ਤੋੜ ਤੁੜਾਈਆ। ਗੁਰਸਿਖ ਸਾਚੀ ਹਾਟੀ ਆਪ ਵਿਕੌਣਾ, ਗੁਰ ਕਰਤਾ ਕ਼ੀਮਤ ਪਾਈਆ। ਵੇਸ ਅਨੇਕ ਆਪ ਧਰੌਣਾ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਸੁਲਤਾਨਾ, ਏਕਾ ਹੁਕਮ ਜਣਾਇੰਦਾ। ਜੁਗ ਜੁਗ ਬੰਨ੍ਹਾਂ ਏਕਾ ਗਾਨਾ, ਏਕਾ ਤੰਦ ਵਖਾਇੰਦਾ। ਪਰਗਟ ਹੋ ਹੋ ਵਿਚ ਜਹਾਨਾ, ਦੋ ਜਹਾਨਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੇਵਾਂ ਆਪੇ ਦਾਨਾ, ਸਾਚੀ ਦਾਤ ਆਪ ਵਰਤਾਇੰਦਾ। ਦੁਆਪਰ ਖੇਲ ਕਰਾਂ ਮਹਾਨਾ, ਆਪ ਆਪਣਾ ਬਲ ਜਣਾਇੰਦਾ। ਕਲਜੁਗ ਦੇਵਾਂ ਇਕ ਨਿਸ਼ਾਨਾ, ਕੂੜ ਕੁੜਿਆਰ ਡੰਕ ਵਜਾਇੰਦਾ। ਈਸਾ ਮੂਸਾ ਕਰ ਪਰਧਾਨਾ, ਕਾਲਾ ਸੂਸਾ ਤਨ ਛੁਹਾਇੰਦਾ। ਕਲਮਾ ਅਮਾਮ ਇਕ ਤਰਾਨਾ, ਏਕਾ ਰਾਗ ਸੁਣਾਇੰਦਾ। ਮੁਕਾਮੇ ਹੱਕ ਖੇਲ ਮਹਾਨਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਬੇਐਬ ਪਰਵਰਦਿਗਾਰ ਨੌਜਵਾਨਾ, ਨੂਰੋ ਨੂਰ ਡਗਮਗਾਇੰਦਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਵਸਣਹਾਰਾ ਸਚ ਮਕਾਨਾ, ਦਰਗਹਿ ਸਾਚੀ ਆਪ ਸੁਹਾਇੰਦਾ। ਤਾਲਬ ਤੁਲਬਾ ਵੇਖੇ ਦੋ ਜਹਾਨਾਂ, ਸ਼ਰਅ ਸ਼ਰੀਅਤ ਆਪ ਜਣਾਇੰਦਾ। ਕਾਇਨਾਤ ਵੇਖੇ ਮਾਰ ਧਿਆਨਾ, ਆਪਣਾ ਪਰਦਾ ਆਪ ਉਠਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਸ੍ਰੀ ਭਗਵਾਨਾ, ਸ਼ਬਦੀ ਸ਼ਬਦ ਢੋਲਾ ਗਾਇੰਦਾ। ਸਚ ਮੁਹੰਮਦ ਦੇ ਪੈਗ਼ਾਮਾ, ਇਜ਼ਰਾਈਲ ਮੇਕਾਈਲ ਜਬਰਾਈਲ ਅਸਰਾਫ਼ੀਲ ਸੇਵਾ ਲਾਇੰਦਾ। ਰਾਣੀ ਅੱਲਾ ਬਾਲੀ ਬੁੱਧ ਨਿਦਾਨਾ, ਨੈਣ ਨੈਣ ਖੁਲ੍ਹਾਇੰਦਾ। ਆਪੇ ਬੰਨ੍ਹੇ ਸਗਨੀ ਗਾਨਾ, ਮੌਲੀ ਤੰਦ ਬੰਨ੍ਹਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਸਮਝਾਇੰਦਾ। ਲੋਕਮਾਤ ਵਸੇ ਖੇੜਾ, ਹਰਿ ਜੂ ਆਪ ਵਸਾਈਆ। ਜੁਗ ਜੁਗ ਕਰੇ ਹੱਕ ਨਬੇੜਾ, ਭੁਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਰਿਹਾ ਜਣਾਈਆ । ਆਪ ਲਗਾਏ ਆਪਣਾ ਉਖੇੜਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਆਪੇ ਮੇਟੇ ਕਲਜੁਗ ਝੇੜਾ, ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਰਨੀ ਆਪ ਕਰਾਇੰਦਾ। ਨਾਮ ਨਾਮਾ ਬੋਲ ਜੈਕਾਰਾ, ਅਨਾਦੀ ਦਏ ਸਮਝਾਈਆ। ਦੁਸ਼ਟ ਹੰਕਾਰੀ ਮਾਰੇ ਮਾਰਾ, ਏਕਾ ਖੰਡਾ ਨਾਮ ਚਮਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਰਨੀ ਆਪ ਕਰਾਈਆ। ਜੁਗ ਜੁਗ ਬੇੜਾ ਲੋਕਮਾਤ, ਹਰਿ ਸਚਾ ਆਪ ਚਲਾਇੰਦਾ । ਲੱਖ ਚੁਰਾਸੀ ਵੇਖੇ ਮਾਰ ਝਾਤ, ਘਟ ਘਟ ਆਸਣ ਲਾਇੰਦਾ। ਕਲਜੁਗ ਸੁਣਾਏ ਆਪਣੀ ਗਾਥ, ਆਪਣਾ ਨਾਦ ਆਪ ਅਲਾਇੰਦਾ। ਨੌਂ ਖੰਡ ਪ੍ਰਿਥਮੀ ਆਏ ਘਾਟ, ਹਰਿ ਕਾ ਘਾਟਾ ਪੂਰਾ ਨਾ ਕੋਇ ਕਰਾਇੰਦਾ। ਅੰਤਮ ਗੇੜਾ ਆਏ ਲੋਕਮਾਤ, ਨਾਨਕ ਨਾਉਂ ਧਰਾਇੰਦਾ। ਉਤਮ ਰੱਖੇ ਆਪਣੀ ਜ਼ਾਤ, ਜ਼ਾਤ ਜ਼ਾਤ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦੀ ਸ਼ਬਦ ਆਪ ਸੁਣਾਇੰਦਾ। ਸ਼ਬਦ ਬਣਾਇਆ ਆਪਣੀ ਧਾਰ, ਆਪੇ ਵੇਖ ਵਖਾਈਆ। ਕਰੇ ਖੇਲ ਹਰਿ ਕਰਨੇਹਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਪੰਜ ਤੱਤ ਕਰੇ ਪਿਆਰ, ਆਪ ਆਪਣਾ ਮੇਲ ਮਿਲਾਈਆ। ਏਕਾ ਹੱਟ ਖੋਲ੍ਹ ਵਣਜਾਰ, ਆਪਣਾ ਵਣਜ ਆਪ ਕਰਾਈਆ। ਏਕਾ ਹੁਕਮੀ ਹੁਕਮ ਵਰਤੇ ਵਰਤਾਰ, ਹੁਕਮ ਹਾਕਮ ਆਪ ਜਣਾਈਆ। ਏਕਾ ਨਾਮ ਬੋਲ ਜੈਕਾਰ, ਸਤਿ ਸਤਿ ਰਿਹਾ ਸਮਝਾਈਆ। ਏਕਾ ਤੱਤ ਬ੍ਰਹਮ ਵਿਚਾਰ, ਏਕਾ ਗੁਣ ਸਮਝਾਈਆ। ਬ੍ਰਹਮ ਮਤ ਰਾਹ ਸੁਖਾਲ, ਸਾਚਾ ਬੀਜ ਗਿਆ ਬਿਜਾਈਆ। ਸ਼ਬਦੀ ਸ਼ਬਦ ਬਣ ਦਲਾਲ, ਗੁਰਮੁਖ ਸਾਚੇ ਲਏ ਤਰਾਈਆ। ਨੇੜ ਨਾ ਆਏ ਕਾਲ ਮਹਾਕਾਲ, ਦਰ ਦਵਾਰੇ ਦਏ ਬਹਾਈਆ। ਦੋ ਜਹਾਨਾਂ ਵੱਜੇ ਤਾਲ, ਜਿਸ ਜਨ ਆਪਣੀ ਦਇਆ ਕਮਾਈਆ। ਕਾਇਆ ਬੰਕ ਵਖਾਏ ਸੱਚੀ ਧਰਮਸਾਲ, ਸਚ ਦਵਾਰਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦਿਤਾ ਵਰ, ਏਕਾ ਵਸਤ ਰਿਹਾ ਵਰਤਾਈਆ। ਅੰਤਮ ਮੇਲਾ ਹਰਿ ਮਿਲਾ, ਏਕਾ ਘਰ ਵਸਾਈਆ। ਗੁਰ ਗੁਰ ਚੇਲਾ ਰੂਪ ਵਟਾ, ਲੋਕਮਾਤ ਵੇਖ ਵਖਾਈਆ। ਸੱਜਣ ਸੁਹੇਲਾ ਬਣ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਰੰਗ ਰੰਗਾਈਆ। ਏਕਾ ਨਾਉਂ ਦਏ ਪਰਗਟਾ, ਦੋ ਜਹਾਨਾਂ ਕਰੇ ਸ਼ਨਵਾਈਆ। ਪਿਛਲਾ ਲਹਿਣਾ ਦਏ ਚੁਕਾ, ਬਾਕੀ ਕੋਇ ਰਹੇ ਨਾ ਰਾਈਆ। ਬ੍ਰਹਮਾ ਜੋਤ ਲਏ ਮਿਲਾ, ਵਿਸ਼ਨੂੰ ਲਹਿਣਾ ਰਿਹਾ ਚੁਕਾਈਆ। ਸ਼ੰਕਰ ਲੇਖਾ ਦਏ ਮੁਕਾ, ਥਿਰ ਕੋਇ ਨਜ਼ਰ ਨਾ ਆਈਆ। ਸੁਰਪਤ ਰਾਜਾ ਤਖ਼ਤੋਂ ਲਾਹ, ਕਰੋੜ ਤੇਤੀਸਾ ਨਾਉਂ ਸੁਣਾਈਆ। ਲੱਖ ਚੁਰਾਸੀ ਲਏ ਜਗਾ, ਨੇਤਰ ਨੈਣ ਖੁਲ੍ਹਾਈਆ। ਸ਼ਾਹ ਸੁਲਤਾਨਾਂ ਤਖ਼ਤੋਂ ਲਾਹ, ਖ਼ਾਕੀ ਖ਼ਾਕ ਮਿਲਾਈਆ। ਜ਼ਾਤ ਪਾਤ ਕਰ ਸਫ਼ਾ, ਵਰਨ ਗੋਤ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਆਪਣਾ ਰਿਹਾ ਦਰਸਾਈਆ। ਅੰਤ ਦਰਸਾਏ ਹਰਿ ਜੂ ਹਰਿ, ਆਪਣਾ ਭੇਵ ਖੁਲ੍ਹਾਇੰਦਾ। ਜੁਗ ਚੌਕੜੀ ਜਾਇਣ ਹਰ, ਗੇੜਾ ਗੇੜ ਸਰਬ ਮੁਕਾਇੰਦਾ। ਨਿਰਭੌ ਵਖਾਏ ਸਰਬ ਡਰ, ਭੈ ਆਪਣਾ ਆਪ ਜਣਾਇੰਦਾ। ਅਜੂਨੀ ਰਹਿਤ ਪੁਰਖ ਅਕਾਲ ਖੇਲ ਕਰ, ਆਪਣੀ ਕਲ ਵਰਤਾਇੰਦਾ। ਧਰਨੀ ਧਰਤ ਧਵਲ ਆਏ ਚਲ, ਸਚ ਸਿੰਘਾਸਣ ਆਸਣ ਲਾਇੰਦਾ। ਸੰਬਲ ਨਗਰ ਬਹੇ ਮੱਲ, ਗੋਬਿੰਦ ਖੇੜਾ ਇਕ ਸੁਹਾਇੰਦਾ। ਲੱਖ ਚੁਰਾਸੀ ਵੇਖੇ ਫਲ, ਪੱਤ ਡਾਲ੍ਹੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਆਪਣੇ ਹੱਥ ਰਖਾਇੰਦਾ। ਅੰਤਮ ਅੰਤ ਹਰਿ ਕਾਰ ਕਮਾਏ, ਕਰਮ ਕਾਂਡ ਨਾ ਕੋਇ ਜਣਾਈਆ। ਜੁਗ ਜੁਗ ਲਹਿਣਾ ਦਏ ਮੁਕਾਏ, ਜੁਗ ਚੌਕੜੀ ਪਾਰ ਮੁਕਾਈਆ। ਅੰਧ ਅੰਧੇਰਾ ਦਏ ਮਿਟਾਏ, ਸਾਚਾ ਚੰਦ ਚੜ੍ਹਾਈਆ। ਸਾਚਾ ਮਾਰਗ ਇਕ ਲਗਾਏ, ਸਤਿਜੁਗ ਸਾਚੇ ਜਨਮ ਦਵਾਈਆ। ਧਰਤ ਮਾਤ ਦੀ ਗੋਦ ਬਹਾਏ, ਰੁਤੜੀ ਰੁਤ ਆਪ ਸੁਹਾਈਆ। ਹਉਮੇ ਰੋਗ ਦਏ ਮਿਟਾਏ, ਸਚ ਸੰਜੋਗ ਆਪ ਕਰਾਈਆ। ਚੌਦਾਂ ਲੋਕ ਰਹੇ ਕੁਰਲਾਏ, ਚੌਦਾਂ ਤਬਕ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਲਮੀਨ ਇਕ ਖ਼ੁਦਾਈਆ। ਚੌਦਾਂ ਤਬਕ ਡੇਰਾ ਢਾਹ, ਏਕਾ ਚੌਕਾ ਖੇਲ ਖਿਲਾਇੰਦਾ। ਇਕ ਇਕੱਲਾ ਬੇਪਰਵਾਹ, ਚੌਥਾ ਜੁਗ ਪਾਰ ਕਰਾਇੰਦਾ। ਚਾਰੇ ਖਾਣੀ ਦਏ ਖਪਾ, ਚਾਰੇ ਬਾਣੀ ਆਪਣੇ ਵਿਚ ਮਿਲਾਇੰਦਾ। ਇਕ ਇਕੱਲਾ ਸ਼ਹਿਨਸ਼ਾਹ, ਏਕੰਕਾਰਾ ਹੁਕਮ ਸੁਣਾਇੰਦਾ। ਚਾਰੇ ਵੇਦਾਂ ਪੰਧ ਮੁਕਾ, ਚਾਰੇ ਵਰਨਾਂ ਝੋਲੀ ਪਾਇੰਦਾ। ਇਕ ਇਕੱਲਾ ਨਾਉਂ ਧਰਾ, ਆਪਣਾ ਨਾਉਂ ਧਰਾਇੰਦਾ। ਏਕਾ ਚੌਕਾ ਮੇਲ ਮਿਲਾ, ਆਪਣਾ ਪੰਧ ਮੁਕਾਇੰਦਾ। ਚੌਦਾਂ ਚੌਦਾਂ ਸੱਥਰ ਸੱਥਰ ਦਏ ਵਿਛਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਚੌਦਾਂ ਚੌਦਾਂ ਖੇਲ ਅਪਾਰਾ, ਹਰਿ ਸਾਚਾ ਆਪ ਕਰਾਈਆ। ਚਾਰ ਚਾਰ ਦਏ ਹੁਲਾਰਾ, ਏਕਾ ਧੱਕਾ ਲਾਈਆ। ਚੌਦਾਂ ਚੌਦਾਂ ਪਾਰ ਕਿਨਾਰਾ, ਅਧਵਿਚਕਾਰ ਨਾ ਕੋਇ ਰਖਾਈਆ। ਚਾਰ ਚਾਰ ਲੱਗੇ ਅਖਾੜਾ, ਇਕ ਇਕੱਲਾ ਆਪ ਲਗਾਈਆ। ਨਵ ਨੌਂ ਉਠੇ ਧਾੜਾ, ਸੱਤ ਸੱਤ ਫੇਰਾ ਪਾਈਆ। ਕਰੇ ਖੇਲ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੋਲਾਈਆ। ਪਰਦਾ ਲਾਹੇ ਸਮੁੰਦ ਸਾਗਰ ਡੂੰਘੀ ਗਾਰਾ, ਜਲ ਥਲ ਆਪਣਾ ਖੇਲ ਖਿਲਾਈਆ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਵੇਦ ਵਿਆਸਾ ਗੋਦ ਬਹਾਈਆ। ਪੂਤ ਸਪੂਤਾ ਕਰ ਪਿਆਰਾ, ਉਚੇ ਟਿੱਲੇ ਪਰਬਤ ਬ੍ਰਹਿਮਣ ਗੌੜਾ ਸੋਭਾ ਪਾਈਆ। ਮੁਹੰਮਦ ਮੰਗੇ ਇਕ ਸਹਾਰਾ, ਏਕਾ ਓਟ ਤਕਾਈਆ। ਅੰਤਰ ਤੇਰਾ ਸਚ ਦਰਬਾਰਾ, ਵੇਖਾਂ ਚਾਈਂ ਚਾਈਂਆ। ਚੌਦਾਂ ਚੌਦਾਂ ਪਾਰ ਕਿਨਾਰਾ, ਨੱਯਾ ਤੇਰੇ ਹੱਥ ਫੜਾਈਆ। ਸਾਚਾ ਸੱਯਾ ਬਣ ਵਿਚ ਸੰਸਾਰਾ, ਹਰਿ ਹਰਿ ਮੇਰੇ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਅੰਤ ਮੇਲਾ ਲਏ ਮਿਲਾਈਆ। ਸ਼ਬਦੀ ਤੇਰਾ ਮੇਲ ਮਿਲਾਵਾ, ਹਰਿ ਸਾਚਾ ਸਚ ਕਰਾਇੰਦਾ। ਅੰਤ ਮਿਲਣ ਦਾ ਰੱਖਣਾ ਦਾਅਵਾ, ਏਕਾ ਹੁਕਮ ਸੁਣਾਇੰਦਾ। ਤੇਰੇ ਦਵਾਰੇ ਆਵਾਂ ਜਾਵਾਂ, ਜੁਗ ਜੁਗ ਵੇਸ ਵਟਾਇੰਦਾ। ਨਾਉਂ ਨਿਰੰਕਾਰ ਆਪਣਾ ਨਾਉਂ ਰਖਾਵਾਂ, ਏਕਾ ਡੰਕਾ ਸ਼ਬਦ ਵਜਾਇੰਦਾ। ਨਿਥਾਵਿਆਂ ਦੇਵਾਂ ਸਾਚੀ ਥਾਂਵਾਂ, ਦਰਗਹਿ ਧਾਮ ਸੁਹਾਇੰਦਾ। ਗ਼ਰੀਬ ਨਿਮਾਣਿਆਂ ਪਕੜਾਂ ਬਾਂਹਵਾਂ, ਆਪਣੇ ਗਲੇ ਲਗਾਇੰਦਾ। ਰਾਜ ਰਾਜਾਨਾਂ ਖ਼ਾਕ ਮਿਲਾਵਾਂ, ਧੂੜੀ ਧੂੜ ਆਪ ਰਲਾਇੰਦਾ। ਸੰਬਲ ਨਗਰੀ ਡੇਰਾ ਲਾਵਾਂ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਗੋਬਿੰਦ ਆਪਣੇ ਘਰ ਬਹਾਵਾਂ, ਆਪਣੀ ਗੋਦ ਸੁਹਾਇੰਦਾ। ਨਾਮ ਖੰਡਾ ਇਕ ਚਮਕਾਵਾਂ, ਤਿੱਖੀ ਧਾਰ ਰਖਾਇੰਦਾ। ਚੰਡ ਪਰਚੰਡ ਮਾਰ ਮੁਕਾਵਾਂ, ਬ੍ਰਹਿਮੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪੇ ਦੱਸ, ਆਪੇ ਮੇਲੇ ਹੱਸ ਹੱਸ, ਤੇਰੇ ਅੰਦਰ ਵਸ ਵਸ, । ਤੇਰੇ ਅੰਦਰ ਹਰਿ ਜੂ ਵੜਨਾ, ਨਿਰਗੁਣ ਨਿਰਗੁਣ ਰੂਪ ਵਟਾਈਆ। ਤੇਰੇ ਪੌੜੇ ਹਰਿ ਜੂ ਚੜ੍ਹਨਾ, ਆਉਂਦਾ ਜਾਂਦਾ ਦਿਸ ਨਾ ਆਈਆ। ਤੇਰਾ ਅੱਖਰ ਏਕਾ ਪੜ੍ਹਨਾ, ਲੱਖ ਚੁਰਾਸੀ ਕਰੇ ਪੜ੍ਹਾਈਆ। ਮੜ੍ਹੀ ਗੋਰ ਕਦੇ ਨਾ ਵੜਨਾ, ਅਗਨੀ ਹਵਨ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾਓ ਹੋਏ ਸੁਭਾਗਾ, ਹਰਿ ਹਰਿ ਮੇਲ ਮਿਲਾਵਨਾ। ਚੌਥੇ ਜੁਗ ਧੋਵੇ ਦਾਗ਼ਾ, ਦੁਰਮਤ ਮੈਲ ਧੁਆਵਣਾ। ਸ਼ਬਦ ਸੁਣਾਏ ਇਕ ਅਨਰਾਗਾ, ਨਾਦ ਸਾਜ ਨਾ ਕੋਇ ਵਜਾਵਣਾ। ਹੰਸ ਬਣਾਏ ਫੜ ਫੜ ਕਾਗਾ, ਸੋਹੰ ਹੰਸਾ ਮੋਤੀ ਚੋਗ ਚੁਗਾਵਣਾ। ਅੱਠੇ ਪਹਿਰ ਵਜਾਏ ਅਨਹਦ ਵਾਜਾ, ਤਾਰ ਸਿਤਾਰ ਨਾ ਕੋਇ ਹਿਲਾਵਣਾ। ਦਰਸ ਦਿਖਾਏ ਗ਼ਰੀਬ ਨਿਵਾਜਾ, ਆਪਣਾ ਰੂਪ ਵਟਾਵਣਾ। ਸੀਸ ਪਹਿਨਾਏ ਏਕਾ ਤਾਜਾ, ਏਕਾ ਹੁਕਮ ਸੁਣਾਵਨਾ। ਦੋ ਜਹਾਨਾ ਬਣ ਬਣ ਰਾਜਾ, ਸਾਚੀ ਰਈਅਤ ਵੇਖ ਵਖਾਵਣਾ। ਕਲਜੁਗ ਅੰਤ ਭਾਗ ਲਗਾਉਣਾ ਦੇਸ ਮਾਝਾ, ਸੰਬਲ ਨਗਰ ਧਾਮ ਆਪ ਸੁਹਾਵਣਾ। ਆਪੇ ਰਚੇ ਆਪਣਾ ਕਾਜਾ, ਆਪੇ ਸਾਹ ਸੁਧਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਕਰਾਵਣਾ। ਕਲਜੁਗ ਅੰਤਮ ਆਏ ਕਲ, ਕਲਕਾਤੀ ਵੇਖ ਵਖਾਈਆ। ਨਿਰਗੁਣ ਸਰਗੁਣ ਜਾਏ ਛਲ, ਅਛਲ ਅਛੱਲ ਰੂਪ ਵਟਾਈਆ। ਸਚ ਸਿੰਘਾਸਣ ਬਹੇ ਮੱਲ, ਏਕਾ ਆਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਾਕਾਰ ਸਾਕਾਰ ਦਏ ਵਡਿਆਈਆ। ਕਲਜੁਗ ਬੇਟ ਡੂੰਘਾ ਗਾਰਾ, ਕੱਲਰ ਕੰਧ ਇਕ ਵਖਾਈਆ। ਚਿਕੜ ਭਰਿਆ ਨਰ ਨਾਰਾ, ਸਚ ਸੁੱਚ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਕਰੇ ਕਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਮਾਰਿਆ ਨਾਅਰਾ, ਤਖ਼ਤ ਪੁਰਖ ਅਕਾਲ ਹਿਲਾਈਆ। ਧਰਨੀ ਰੋਵੇ ਜ਼ਾਰੋ ਜ਼ਾਰਾ, ਖੁਲ੍ਹੜੇ ਕੇਸ ਰਹੀ ਵਖਾਈਆ। ਮਾਂ ਪੁੱਤ ਨਾ ਕਰੇ ਕੋਈ ਪਿਆਰਾ, ਭੈਣ ਭਾਈ ਨਾ ਕੋਇ ਵਡਿਆਈਆ। ਚਾਰੋਂ ਕੁੰਟ ਹੋਇਆ ਵਿਭਚਾਰਾ, ਤੇਰਾ ਨਾਉਂ ਨਜ਼ਰ ਨਾ ਆਈਆ। ਸਾਧ ਸੰਤ ਹੋਇਆ ਹੈਂਸਿਆਰਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹੇ ਹੰਢਾਈਆ। ਕੋਈ ਨਾ ਦਿਸੇ ਪਾਰ ਕਿਨਾਰਾ, ਸਾਚੇ ਬੇੜੇ ਨਾ ਕੋਇ ਚੜ੍ਹਾਈਆ। ਹਲ ਵਾਹ ਵਾਹ ਥੱਕੇ ਜੱਟ ਗਵਾਰਾ, ਅੰਤਮ ਹਾਲਾ ਲੈਣ ਵਾਲੀ ਝੂਠੀ ਸ਼ਾਹੀਆ। ਨਾ ਕੋਈ ਮੀਤ ਨਾ ਮੁਰਾਰਾ, ਸਾਚਾ ਸੰਗ ਨਾ ਕੋਇ ਨਿਭਾਈਆ। ਕਿਰਪਾ ਕਰੇ ਆਪ ਗਿਰਧਾਰਾ, ਗਿਰਵਰ ਆਪਣਾ ਰੂਪ ਵਟਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰਾ, ਚਾਰੇ ਕੂਟਾਂ ਫੋਲ ਫੁਲਾਈਆ। ਦਹਿ ਦਿਸ਼ਾ ਗ਼ਰੀਬ ਨਿਮਾਣਿਆਂ ਦਏ ਸਹਾਰਾ, ਏਕਾ ਓਟ ਪੁਰਖ ਅਕਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਦਾ ਸਹਾਈਆ। ਕਲਜੁਗ ਬੇਟ ਬਾਲੂ ਰੇਤ, ਆਪਣਾ ਬਲ ਰਖਾਈਆ। ਬਿਨ ਹਰਿ ਨਾਮੇ ਉਜੜਿਆ ਖੇਤ, ਸਚ ਕਿਰਸਾਣਾ ਨਜ਼ਰ ਕੋਇ ਨਾ ਆਈਆ। ਰੁੱਤ ਬਸੰਤ ਨਾ ਹੋਏ ਚੇਤ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਹਰਿ ਕਾ ਜਾਣੇ ਨਾ ਕੋਈ ਭੇਤ, ਕਵਣ ਰੂਪ ਖੇਲ ਰਿਹਾ ਕਰਾਈਆ। ਸੁਣੇ ਪੁਕਾਰ ਨੇਤਨ ਨੇਤ, ਦੂਰ ਦੁਰਾਡਾ ਨੇੜੇ ਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗ਼ਰੀਬ ਨਿਮਾਣਿਆਂ ਨਾਲ ਕਰੇ ਹੇਤ, ਰਾਵਣ ਗੜ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਬੇਟ ਡੂੰਘੀ ਗਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਦਿਵਸ ਰੈਣ ਲੁੱਟਣ ਠਗ ਚੋਰ ਯਾਰ, ਨਾ ਸਕੇ ਕੋਇ ਬਚਾਇਆ। ਘਰ ਘਰ ਬੈਠੇ ਰੋਵਣ ਜ਼ਾਰੋ ਜ਼ਾਰ, ਨਿਰਧਨ ਹਰਿ ਹਰਿ ਧਿਆਨ ਲਗਾਇਆ। ਕਵਣ ਵੇਲਾ ਮਿਲੇ ਮੀਤ ਮੁਰਾਰ, ਜੁਗ ਜੁਗ ਮਿਲਦਾ ਆਇਆ। ਵੇਲੇ ਅੰਤ ਪਾਵੇ ਸਾਰ, ਡੁੱਬਦਾ ਬੇੜਾ ਲਏ ਤਰਾਇਆ। ਚੱਪੂ ਲਾਏ ਨਾਮ ਅਪਾਰ, ਸਾਚਾ ਵੰਝ ਨਜ਼ਰ ਕਿਸੇ ਨਾ ਆਇਆ। ਗੁਰਮੁਖ ਫੜ ਫੜ ਲਏ ਚਾੜ੍ਹ, ਆਪ ਆਪਣੀ ਸੇਵ ਕਮਾਇਆ। ਕਲਜੁਗ ਝੂਠੀ ਸ਼ਾਹੀ ਮਿਟੇ ਧਾੜ, ਥਿਰ ਕੋਇ ਰਹਿਣ ਨਾ ਪਾਇਆ। ਖੇਤੀ ਖਾਏ ਕੰਡਿਆਂ ਵਾੜ, ਬੇਲੀ ਕੋਇ ਨਜ਼ਰ ਨਾ ਆਇਆ। ਸੰਮਤ ਉਨੀ ਲੇਖਾ ਮੰਗੇ ਸਤਾਰਾਂ ਹਾੜ, ਆਪ ਆਪਣਾ ਹੁਕਮ ਸੁਣਾਇਆ। ਸ਼ਾਹ ਸੁਲਤਾਨਾਂ ਦੇਵੇ ਝਾੜ, ਏਕਾ ਸ਼ਬਦੀ ਡੰਡਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਾਚਾ ਹੁਕਮ ਆਪ ਵਰਤਾਇਆ। ਗੁਰਸਿਖ ਬੇਟ ਕਾਇਆ ਮੰਦਰ, ਦਿਵਸ ਰੈਣ ਗੁਲਜ਼ਾਰ। ਪੁਰਖ ਅਬਿਨਾਸ਼ੀ ਤੋੜੇ ਜੰਦਰ, ਬਜਰ ਕਪਾਟੀ ਕਰੇ ਪਾਰ। ਮਨ ਪੰਛੀ ਨਾ ਭਵੇ ਬੰਦਰ, ਸ਼ਬਦ ਡੋਰੀ ਦਵੇ ਡਾਰ। ਕਰੇ ਪਰਕਾਸ਼ ਅੰਧੇਰੀ ਕੰਦਰ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੇਟ ਦਏ ਵਖਾਲ। ਬੇਟ ਅੰਦਰ ਦੱਭ ਕਾਹੀ, ਕਾਇਆ ਅੰਦਰ ਹਰਿ ਕਾ ਨਾਉਂ। ਬੇਟ ਅੰਦਰ ਧੁੱਪ ਛਾਈਂ, ਕਾਇਆ ਮੰਦਰ ਸਦਾ ਛਾਉਂ। ਬੇਟ ਅੰਦਰ ਨਾਤਾ ਭੈਣ ਭਾਈ, ਕਾਇਆ ਅੰਦਰ ਮਿਲੇ ਬੇਪਰਵਾਹੋ। ਬੇਟ ਅੰਦਰ ਪਿਆਰ ਚਾਚੀ ਤਾਈ, ਕਾਇਆ ਅੰਦਰ ਪੁਰਖ ਅਬਿਨਾਸ਼ੀ ਬਣੇ ਪਿਤਾ ਮਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪ ਵਸਾਏ ਸਾਚੇ ਥਾਉਂ। ਬੇਟ ਅੰਦਰ ਕਣਕ ਦਾਲ, ਕਾਇਆ ਅੰਦਰ ਰਾਮ ਰਸ। ਬੇਟ ਅੰਦਰ ਜਗਤ ਪ੍ਰੀਤੀ ਨਿਭੇ ਨਾਲ, ਕਾਇਆ ਅੰਦਰ ਹਰਿ ਜੂ ਹੋਵੇ ਵਸ। ਬੇਟ ਅੰਦਰ ਮਿੱਟੀ ਗਾਰਾ ਧਰਮਸਾਲ, ਕਾਇਆ ਅੰਦਰ ਨਿਰਗੁਣ ਜੋਤ ਹੋਏ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਹੋਵੇ ਆਪ ਕਿਰਪਾਲ। ਦੇਵੇ ਨਾਮ ਸੱਚਾ ਧਨ ਮਾਲ, ਆਦਿ ਅੰਤ ਜੁਗਾ ਜੁਗੰਤ ਕਰੇ ਬੰਦ ਖ਼ਲਾਸ਼। ਇਕ ਲੱਖ ਅੱਸੀ ਹਜ਼ਾਰ, ਭੂਤ ਪ੍ਰੇਤਾਂ ਕਰੇ ਸ਼ਬਦੀ ਮਾਰ। ਨਾਮ ਖੰਡਾ ਤੇਜ਼ ਕਟਾਰ, ਹਾਕਣ ਡਾਕਣ ਕਰੇ ਖੁਆਰ। ਅੰਚਣੀ ਕੰਚਣੀ ਕਲਾ ਸੋਦਰੀ ਰੋਵੇ ਜ਼ਾਰੋ ਜ਼ਾਰ, ਕਾਲਖੀ ਕੁਲੱਖਣੀ ਸਲਮੀ ਪਲਮੀ ਕਰੇ ਗਿਰਿਆ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਕਰੇ ਖੁਆਰ। ਬੀਰ ਅਠਾਰਾਂ ਦੇਵੇ ਬੰਨ੍ਹ। ਬਵਿੰਜਾ ਬਵਿੰਜਾ ਕਹੇ ਧੰਨ ਧੰਨ। ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਦੋਏ ਫੜਣ ਕੰਨ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਦੇਵੇ ਡੰਨ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਕਹਿਣਾ ਜਾਏ ਮੰਨ।
